ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗਲੋਬਲ ਤੇਲ ਅਤੇ ਗੈਸ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਅਤੇ ਮਾਹਿਰਾਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਪਿਛਲੇ ਸੱਤ ਸਾਲਾਂ ਵਿੱਚ ਤੇਲ ਅਤੇ ਗੈਸ ਸੈਕਟਰ ਵਿੱਚ ਕੀਤੇ ਗਏ ਸੁਧਾਰਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ, ਜਿਸ ਵਿੱਚ ਖੋਜ ਅਤੇ ਲਾਇਸੈਂਸਿੰਗ ਨੀਤੀ, ਗੈਸ ਮਾਰਕੀਟਿੰਗ, ਕੋਲਾ ਬੈੱਡ ਮੀਥੇਨ ਬਾਰੇ ਨੀਤੀਆਂ, ਕੋਲਾ ਗੈਸੀਫਿਕੇਸ਼ਨ ਅਤੇ ਭਾਰਤੀ ਗੈਸ ਐਕਸਚੇਂਜ ਵਿੱਚ ਹਾਲ ਹੀ ਦੇ ਸੁਧਾਰ ਸ਼ਾਮਲ ਹਨ, ਉਨ੍ਹਾਂ ਕਿਹਾ ਕਿ ਅਜਿਹੇ ਸੁਧਾਰ ਭਾਰਤ ਨੂੰ ਤੇਲ ਅਤੇ ਗੈਸ ਸੈਕਟਰ ਵਿੱਚ ਆਤਮਨਿਰਭਰ ਬਣਾਉਣ ਦੇ ਲਕਸ਼ ਨਾਲ ਜਾਰੀ ਰਹਿਣਗੇ।
ਤੇਲ ਖੇਤਰ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਹੁਣ ਫੋਕਸ ‘ਮਾਲੀਏ‘ ਤੋਂ ਵੱਧ ਤੋਂ ਵੱਧ ‘ਉਤਪਾਦਨ‘ ਕਰਨ ਵੱਲ ਤਬਦੀਲ ਹੋ ਗਿਆ ਹੈ। ਉਨ੍ਹਾਂ ਕੱਚੇ ਤੇਲ ਲਈ ਭੰਡਾਰਨ ਸੁਵਿਧਾਵਾਂ ਵਧਾਉਣ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਅੱਗੇ ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੀ ਕੁਦਰਤੀ ਗੈਸ ਦੀ ਮੰਗ ਬਾਰੇ ਬੋਲਿਆ। ਉਨ੍ਹਾਂ ਨੇ ਮੌਜੂਦਾ ਅਤੇ ਸੰਭਾਵਤ ਗੈਸ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਪਾਈਪਲਾਈਨਾਂ, ਸਿਟੀ ਗੈਸ ਦੀ ਵੰਡ ਅਤੇ ਐੱਲਐੱਨਜੀ ਰੀਗੈਸੀਫਿਕੇਸ਼ਨ ਟਰਮੀਨਲਾਂ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 2016 ਤੋਂ, ਇਨ੍ਹਾਂ ਮੀਟਿੰਗਾਂ ਵਿੱਚ ਦਿੱਤੇ ਗਏ ਸੁਝਾਅ ਤੇਲ ਅਤੇ ਗੈਸ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣ ਵਿੱਚ ਬਹੁਤ ਲਾਭਦਾਇਕ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਖੁੱਲ੍ਹੇਪਣ, ਆਸ਼ਾਵਾਦ ਅਤੇ ਮੌਕਿਆਂ ਦੀ ਧਰਤੀ ਹੈ ਅਤੇ ਨਵੇਂ ਵਿਚਾਰਾਂ, ਦ੍ਰਿਸ਼ਟੀਕੋਣਾਂ ਅਤੇ ਨਵੀਨਤਾਕਾਰੀ ਨਾਲ ਭਰਪੂਰ ਹੈ। ਉਨ੍ਹਾਂ ਨੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਅਤੇ ਮਾਹਿਰਾਂ ਨੂੰ ਭਾਰਤ ਵਿੱਚ ਤੇਲ ਅਤੇ ਗੈਸ ਸੈਕਟਰ ਦੀ ਖੋਜ ਅਤੇ ਵਿਕਾਸ ਵਿੱਚ ਭਾਰਤ ਦੇ ਨਾਲ ਭਾਈਵਾਲੀ ਦਾ ਸੱਦਾ ਦਿੱਤਾ।
ਇਸ ਗੱਲਬਾਤ ਵਿੱਚ ਦੁਨੀਆ ਭਰ ਦੇ ਉਦਯੋਗ ਦੇ ਲੀਡਰਾਂ ਨੇ ਹਿੱਸਾ ਲਿਆ, ਜਿਸ ਵਿੱਚ ਡਾ. ਇਗੋਰ ਸੇਚਿਨ, ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਰੋਸਨੇਫਟ; ਸ਼੍ਰੀ ਅਮੀਨ ਨਾਸਰ, ਪ੍ਰਧਾਨ ਅਤੇ ਸੀਈਓ, ਸਾਊਦੀ ਅਰਾਮਕੋ; ਮਿਸਟਰ ਬਰਨਾਰਡ ਲੂਨੀ, ਸੀਈਓ, ਬ੍ਰਿਟਿਸ਼ ਪੈਟਰੋਲੀਅਮ; ਡਾ. ਡੈਨੀਅਲ ਯੇਰਗਿਨ, ਵਾਈਸ ਚੇਅਰਮੈਨ, ਆਈਐੱਚਐੱਸ ਮਾਰਕਿਟ; ਮਿਸਟਰ ਓਲੀਵੀਅਰ ਲੇ ਪੀਚ, ਸੀਈਓ, ਸ਼ਲੰਬਰਗਰ ਲਿਮਿਟਿਡ; ਸ਼੍ਰੀ ਮੁਕੇਸ਼ ਅੰਬਾਨੀ, ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ, ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ; ਸ਼੍ਰੀ ਅਨਿਲ ਅਗਰਵਾਲ, ਚੇਅਰਮੈਨ, ਵੇਦਾਂਤਾ ਲਿਮਿਟਿਡ ਅਤੇ ਹੋਰ ਸ਼ਾਮਲ ਸਨ।
ਉਨ੍ਹਾਂ ਨੇ ਊਰਜਾ ਦੀ ਪਹੁੰਚ, ਊਰਜਾ ਸਮਰੱਥਾ ਅਤੇ ਊਰਜਾ ਸੁਰੱਖਿਆ ਵਿੱਚ ਸੁਧਾਰ ਲਈ ਸਰਕਾਰ ਦੀਆਂ ਹਾਲੀਆ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਦੂਰਦਰਸ਼ੀ ਅਤੇ ਅਭਿਲਾਸ਼ੀ ਟੀਚਿਆਂ ਰਾਹੀਂ ਭਾਰਤ ਵਿੱਚ ਸਵੱਛ ਊਰਜਾ ਵਿੱਚ ਤਬਦੀਲੀ ਵੱਲ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਸਵੱਛ ਊਰਜਾ ਟੈਕਨੋਲੋਜੀ ਦੇ ਨਵੇਂ ਰੂਪਾਂ ਦੇ ਨਾਲ ਤੇਜ਼ੀ ਨਾਲ ਢਲ ਰਿਹਾ ਹੈ ਅਤੇ ਵਿਸ਼ਵਵਿਆਪੀ ਊਰਜਾ ਸਪਲਾਈ ਚੇਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਟਿਕਾਊ ਅਤੇ ਬਰਾਬਰ ਊਰਜਾ ਪਰਿਵਰਤਨ ਨੂੰ ਯਕੀਨੀ ਬਣਾਉਣ ਬਾਰੇ ਗੱਲ ਕੀਤੀ ਅਤੇ ਸਾਫ਼-ਸੁਥਰੇ ਵਿਕਾਸ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਵੀ ਦਿੱਤੇ।
************
ਡੀਐੱਸ/ਐੱਸਐੱਚ