ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੀ ਸਾਇਂਸ, ਟੈਕਨੋਲੋਜੀ ਅਤੇ ਇਨੋਵੇਸ਼ਨ ਸਲਾਹਕਾਰੀ ਪਰਿਸ਼ਦ (ਪੀਐੱਮ-ਐੱਸਟੀਆਈਏਸੀ) ਦੇ ਮੈਂਬਰਾਂ ਨਾਲ ਮਿਲ ਕੇ ਗੱਲਬਾਤ ਕੀਤੀ। ਇਹ ਪਰਿਸ਼ਦ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਨਾਲ ਸਬੰਧਤ ਮਾਮਲਿਆਂ ’ਤੇ ਸਲਾਹ ਪ੍ਰਦਾਨ ਕਰਦੀ ਹੈ ਅਤੇ ਇਨ੍ਹਾਂ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਲਾਗੂਕਰਨ ਦੀ ਨਿਗਰਾਨੀ ਕਰਦੀ ਹੈ।
ਪਰਿਸ਼ਦ ਮੈਂਬਰਾਂ ਨੇ, ਸਾਇੰਸ ਅਤੇ ਟੈਕਨੋਲੋਜੀ ਦੇ ਪ੍ਰਮੁੱਖ ਖੇਤਰਾਂ ਵਿੱਚ ਇਨੋਵੇਸ਼ਨ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਨ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਬਾਰੇ ਪ੍ਰਧਾਨ ਮੰਤਰੀ ਨੂੰ ਸੰਖੇਪ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਲਾਭ ਜਨ ਸਧਾਰਨ ਤੱਕ ਪਹੁੰਚਣਾ ਚਾਹੀਦਾ ਹੈ, ਰੋਜ਼ ਮੱਰਾ ਦੀਆਂ ਆਮ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਭਾਰਤ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਸਹਾਈ ਹੋਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਪਰਿਸ਼ਦ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਵਿੱਦਿਅਕ ਸੰਸਥਾਵਾਂ, ਆਰ ਐੱਡ ਡੀ ਲੈਬਸ, ਉਦਯੋਗ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦਰਮਿਆਨ ਮਜ਼ਬੂਤ ਸੰਪਰਕ ਸਥਾਪਤ ਕਰਨ ਲਈ ਕੰਮ ਕਰਨਾ। ਉਨ੍ਹਾਂ ਨੇ ਅਕੈਡਮਿਕ ਅਤੇ ਖੋਜ ਸੰਸਥਾਨਾਂ ਵਿਚਲੇ ਸਿਲੋਜ਼ (Siloa) ਨੂੰ ਸਮਾਪਤ ਕਰਨ ਦੀ ਜ਼ਰੂਰਤ ਨੂੰ ਦੋਹਰਾਇਆ।
ਪ੍ਰਧਾਨ ਮੰਤਰੀ ਨੇ ਉਚਿਤ ਮੰਚ ਅਤੇ ਤੰਤਰ ਦੇ ਵਿਕਾਸ ਲਈ ਸੱਦਾ ਦਿੱਤਾ ਜੋ ਸਕੂਲੀ ਬੱਚਿਆਂ ਵਿੱਚ ਵਿਗਿਆਨਕ ਹੁਨਰ ਦੀ ਪਛਾਣ ਕਰਕੇ ਉਸ ਨੂੰ ਉਤਸ਼ਾਹਿਤ ਕਰ ਸਕਣ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਅਤੇ ਖੇਤਰੀ ਪੱਧਰਾਂ ’ਤੇ ਅਟਲ ਟਿੰਕਰਿੰਗ ਲੈਬਜ਼ ਨਾਲ ਜੋੜਨ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਖੋਜ ਦੇ ਕੁਝ ਪ੍ਰਾਥਮਿਕਤਾ ਵਾਲੇ ਖੇਤਰਾਂ ਦਾ ਜ਼ਿਕਰ ਕੀਤਾ ਜਿਵੇਂ ਕਿ ਖੇਤੀਬਾੜੀ ਆਮਦਨ ਵਧਾਉਣਾ, ਸਿਕਲ ਸੈੱਲ ਅਨੀਮੀਆ ਵਰਗੀਆਂ ਕਰੋਨਿਕ ਅਤੇ ਜੈਨੇਟਿਕ ਬਿਮਾਰੀਆਂ, ਕਚਰਾ ਪ੍ਰਬੰਧਨ ਅਤੇ ਸਾਈਬਰ ਸਕਿਓਰਿਟੀ ਲਈ ਸਮਾਧਾਨ।
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਕੇ. ਵਿਜੈ ਰਾਘਵਨ, ਪਰਿਸ਼ਦ ਦੇ ਮੈਂਬਰਾਂ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
***
ਏਕੇਟੀ/ਕੇਪੀ/ਐੱਸਕੇ