Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਗਰਾ ਮੈਟਰੋ ਪ੍ਰੋਜੈਕਟ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਆਗਰਾ ਮੈਟਰੋ ਪ੍ਰੋਜੈਕਟ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਆਗਰਾ ਮੈਟਰੋ ਪ੍ਰੋਜੈਕਟ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਪਤਵੰਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਦੇ ਖੇਤਰ ਦੀ ਇੱਕ ਵੱਡੀ ਸਮੱਸਿਆ ਇਹ ਰਹੀ ਹੈ ਕਿ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ, ਲੇਕਿਨ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਕਿ ਪੈਸਾ ਕਿੱਥੋਂ ਆਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਵੇਲੇ ਹੀ ਲੋੜੀਂਦੇ ਫੰਡਾਂ ਨੂੰ ਯਕੀਨੀ ਬਣਾਇਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰੋਜੈਕਟ ਤਹਿਤ 100 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ। ਮਲਟੀ-ਮੋਡਲ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ਮਾਸਟਰ ਪਲਾਨ ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵਿਸ਼ਵ ਭਰ ਤੋਂ ਨਿਵੇਸ਼ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

 

ਟੂਰਿਜ਼ਮ ਨੂੰ ਇੱਕ ਸੈਕਟਰ ਕਰਾਰ ਦਿੰਦੇ ਹੋਏ ਜਿੱਥੇ ਸਭ ਲਈ ਕਮਾਈ ਦੇ ਸਾਧਨ ਹੁੰਦੇ ਹਨ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਨਾ ਸਿਰਫ਼ ਈ-ਵੀਜ਼ਾ ਸਕੀਮ ਅਧੀਨ ਆਉਣ ਵਾਲੇ ਦੇਸ਼ਾਂ ਦੀ ਗਿਣਤੀ ਵਧਾ ਦਿੱਤੀ ਹੈ, ਇਸ ਨਾਲ ਹੋਟਲ ਦੇ ਕਮਰਿਆਂ ਦੇ ਟੈਰਿਫ ਤੇ ਟੈਕਸ ਵੀ ਕਾਫ਼ੀ ਘੱਟ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਜਿਹੀਆਂ ਯੋਜਨਾਵਾਂ ਜ਼ਰੀਏ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਸਰਕਾਰ ਦੇ ਯਤਨਾਂ ਸਦਕਾ ਹੁਣ ਟ੍ਰੈਵਲ ਅਤੇ ਟੂਰਿਜ਼ਮ ਪ੍ਰਤੀਯੋਗਿਤਾ ਇੰਡੈਕਸ ਵਿੱਚ ਭਾਰਤ 34ਵੇਂ ਨੰਬਰ ਤੇ ਹੈ। 2013 ਵਿੱਚ ਭਾਰਤ ਇਸ ਇੰਡੈਕਸ ਵਿੱਚ 65ਵੇਂ ਨੰਬਰ ਉੱਤੇ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਜਿਵੇਂ ਜਿਵੇਂ ਕੋਰੋਨਾ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ, ਜਲਦੀ ਹੀ ਟੂਰਿਜ਼ਮ ਖੇਤਰ ਦੀ ਰੌਣਕ ਵੀ ਵਾਪਸ ਆ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰ ਹੁਣ ਥੋੜ੍ਹੇ-ਥੋੜ੍ਹੇ ਕਰਨ ਦੀ ਬਜਾਏ ਸਮੁੱਚੇ ਢੰਗ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਸ਼ਹਿਰਾਂ ਦੇ ਵਿਕਾਸ ਲਈ 4 ਪੱਧਰਾਂ ਤੇ ਕੰਮ ਕੀਤਾ ਜਾ ਚੁੱਕਾ ਹੈ- ਲੰਬੇ ਸਮੇਂ ਤੋਂ ਖੜ੍ਹੀਆਂ ਮੁਸ਼ਕਿਲਾਂ ਦਾ ਹੱਲ, ਰਹਿਣ-ਸਹਿਣ ਦੀ ਸੁਵਿਧਾ, ਵੱਧ ਤੋਂ ਵੱਧ ਨਿਵੇਸ਼, ਆਧੁਨਿਕ ਟੈਕਨੋਲੋਜੀ ਦੀ ਵਧੇਰੇ ਵਰਤੋਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਲਡਰਾਂ ਅਤੇ ਘਰਾਂ ਦੇ ਖਰੀਦਦਾਰਾਂ ਵਿੱਚ ਵਿਸ਼ਵਾਸ ਦਾ ਪਾੜਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਗਲਤ ਇਰਾਦਿਆਂ ਵਾਲੇ ਲੋਕ ਸਾਰੇ ਰੀਅਲ ਇਸਟੇਟ ਸੈਕਟਰ ਨੂੰ ਬਦਨਾਮ ਕਰ ਕੇ ਸਾਡੇ ਮੱਧ ਵਰਗ ਨੂੰ ਪਰੇਸ਼ਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਰੇਰਾ ਦਾ ਕਾਨੂੰਨ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਅੱਗੇ ਕਿਹਾ, ਕੁਝ ਹਾਲੀਆ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਸ ਕਾਨੂੰਨ ਤੋਂ ਬਾਅਦ ਮੱਧ ਵਰਗੀ ਘਰਾਂ ਦੇ ਕੰਮ ਤੇਜ਼ੀ ਨਾਲ ਪੂਰੇ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਲਈ ਆਧੁਨਿਕ ਜਨਤਕ ਆਵਾਜਾਈ ਤੋਂ ਲੈ ਕੇ ਆਵਾਸ ਤੱਕ ਸਰਬਪੱਖੀ ਵਿਕਾਸ ਜਾਰੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਉਦਘਾਟਨ ਆਗਰਾ ਤੋਂ ਕੀਤਾ ਗਿਆ ਸੀ ਅਤੇ ਇਸ ਯੋਜਨਾ ਤਹਿਤ ਸ਼ਹਿਰੀ ਗਰੀਬਾਂ ਲਈ 1 ਕਰੋੜ ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸ਼ਹਿਰ ਦੇ ਮੱਧ ਵਰਗ ਲਈ ਪਹਿਲੀ ਵਾਰ ਮਕਾਨ ਖਰੀਦਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 12 ਲੱਖ ਤੋਂ ਵੱਧ ਸ਼ਹਿਰੀ ਮੱਧਵਰਗੀ ਪਰਿਵਾਰਾਂ ਨੂੰ ਮਕਾਨ ਖਰੀਦਣ ਲਈ ਤਕਰੀਬਨ 28000 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੁਤ (AMRUT) ਮਿਸ਼ਨ ਤਹਿਤ ਕਈ ਸ਼ਹਿਰਾਂ ਵਿੱਚ ਪਾਣੀ, ਸੀਵਰੇਜ ਵਰਗੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਸ਼ਹਿਰਾਂ ਵਿੱਚ ਜਨਤਕ ਪਖਾਨੇ ਬਿਹਤਰ ਬਣਾਉਣ ਅਤੇ ਕੂੜਾ ਪ੍ਰਬੰਧਨ ਦੀ ਆਧੁਨਿਕ ਪ੍ਰਣਾਲੀ ਨੂੰ ਲਾਗੂ ਕਰਨ ਲਈ ਸਥਾਨਕ ਸੰਸਥਾਵਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਬਾਅਦ 450 ਕਿਲੋਮੀਟਰ ਦੀ ਮੈਟਰੋ ਲਾਈਨ ਚਾਲੂ ਹੋ ਗਈ ਹੈ ਜਦਕਿ ਉਸ ਤੋਂ ਪਹਿਲਾਂ ਸਿਰਫ਼ 225 ਕਿਲੋਮੀਟਰ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 1000 ਕਿਲੋਮੀਟਰ ਲੰਬੀਆਂ ਮੈਟਰੋ ਲਾਈਨਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਦੇਸ਼ ਦੇ 27 ਸ਼ਹਿਰਾਂ ਵਿੱਚ ਇਹ ਕੰਮ ਚਲ ਰਿਹਾ ਹੈ।

 

ਆਗਰਾ ਮੈਟਰੋ ਪ੍ਰੋਜੈਕਟ ਵਿੱਚ 2 ਕੌਰੀਡੋਰ ਹਨ ਜਿਨ੍ਹਾਂ ਦੀ ਕੁੱਲ ਲੰਬਾਈ 29.4 ਕਿਲੋਮੀਟਰ ਹੈ ਅਤੇ ਤਾਜ ਮਹਿਲ, ਆਗਰਾ ਕਿਲਾ, ਸਿਕੰਦਰਾ ਜਿਹੇ ਟੂਰਿਜ਼ਮ ਸਥਲਾਂ ਨੂੰ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਨਾਲ ਜੋੜਦਾ ਹੈ। ਇਸ ਪ੍ਰੋਜੈਕਟ ਨਾਲ ਆਗਰਾ ਸ਼ਹਿਰ ਦੀ 26 ਲੱਖ ਆਬਾਦੀ ਨੂੰ ਲਾਭ ਮਿਲੇਗਾ ਅਤੇ ਹਰ ਸਾਲ ਆਗਰਾ ਆਉਣ ਵਾਲੇ 60 ਲੱਖ ਤੋਂ ਵੱਧ ਸੈਲਾਨੀਆਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਏਗਾ। ਇਹ ਆਗਰਾ ਦੇ ਇਤਿਹਾਸਿਕ ਸ਼ਹਿਰ ਨੂੰ ਵਾਤਾਵਰਣ ਦੇ ਅਨੁਕੂਲ ਮਾਸ ਰੈਪਿਡ ਟ੍ਰਾਂਜ਼ਿਟ ਸਿਸਟਮ ਪ੍ਰਦਾਨ ਕਰੇਗਾ। ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 8,379.62 ਕਰੋੜ ਰੁਪਏ ਹੋਵੇਗੀ ਜੋ ਕਿ 5 ਸਾਲਾਂ ਵਿੱਚ ਮੁਕੰਮਲ ਹੋ ਜਾਵੇਗੀ।

 

ਇਸ ਤੋਂ ਪਹਿਲਾਂ 8 ਮਾਰਚ 2019 ਨੂੰ ਪ੍ਰਧਾਨ ਮੰਤਰੀ ਨੇ ਸੀਸੀਐੱਸ ਹਵਾਈ ਅੱਡੇ ਤੋਂ ਮੁੰਸ਼ੀਪੁਲਿਆਤੱਕ ਪੂਰੇ 23 ਕਿਲੋਮੀਟਰ ਲੰਬੇ ਉੱਤਰ-ਦੱਖਣ ਕੌਰੀਡੋਰ ਤੇ ਲਖਨਊ ਮੈਟਰੋ ਦਾ ਵਪਾਰਕ ਸੰਚਾਲਨ ਸ਼ੁਰੂ ਕਰਨ ਦੇ ਨਾਲ ਨਾਲ ਆਗਰਾ ਮੈਟਰੋ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ।

 

 

***

 

 

ਡੀਐੱਸ/ਏਕੇ