Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਸਾਮ ਵਿੱਚ ਮਹੱਤਵਪੂਰਨ ਤੇਲ ਤੇ ਗੈਸ ਪ੍ਰੋਜੈਕਟਾਂ ਅਤੇ ਇੰਜੀਨੀਅਰਿੰਗ ਕਾਲਜਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਅਸਾਮ ਵਿੱਚ ਮਹੱਤਵਪੂਰਨ ਤੇਲ ਤੇ ਗੈਸ ਪ੍ਰੋਜੈਕਟਾਂ ਅਤੇ ਇੰਜੀਨੀਅਰਿੰਗ ਕਾਲਜਾਂ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਧੇਮਾਜੀ ਤੋਂ ਦੂਰ ਤੋਂ ਹੀ ਇੰਡੀਅਨ ਆਇਲ ਦੀ ਬੰਗਾਈਗਾਓਂ ਰਿਫਾਇਨਰੀ ਵਿਖੇ INDMAX ਯੂਨਿਟ, ਮਧੂਬਨ, ਡਿਬਰੂਗੜ੍ਹ ਵਿਖੇ ਆਇਲ ਇੰਡੀਆ ਲਿਮਿਟਿਡ ਦਾ ਸੈਕੰਡਰੀ ਟੈਂਕ ਫਾਰਮ ਅਤੇ ਹੇਬੇਦਾ ਪਿੰਡ, ਮਕੁਮ, ਤਿਨਸੁਖੀਆ ਵਿੱਚ ਇੱਕ ਗੈਸ ਕੰਪ੍ਰੈਸਰ ਸਟੇਸ਼ਨ, ਦੇਸ਼ ਨੂੰ ਸਮਰਪਿਤ ਕੀਤਾ। ਉਨ੍ਹਾਂ ਧੇਮਾਜੀ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਵੀ ਕੀਤਾ ਅਤੇ ਅਸਾਮ ਦੇ ਸੁਆਲਕੁਚੀ ਇੰਜੀਨੀਅਰਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ।

 

ਇਸ ਮੌਕੇ ਅਸਾਮ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਵੀ ਮੌਜੂਦ ਸਨ।

 

ਇਸ ਸਮਾਗਮ ਵਿੱਚ ਜਨਤਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪੂਰਬ ਭਾਰਤ ਦਾ ਨਵਾਂ ਵਿਕਾਸ ਇੰਜਣ ਹੋਵੇਗਾ ਅਤੇ ਉਹ ਅਸਾਮ ਦੇ ਲੋਕਾਂ ਲਈ ਵਧੇਰੇ ਕੰਮ ਕਰਨ ਲਈ ਪ੍ਰੇਰਿਤ ਹਨ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਬ੍ਰਹਮਪੁੱਤਰ ਵਿੱਚ ਉੱਤਰੀ ਤਟ ਨੇ ਅੱਠ ਦਹਾਕੇ ਪਹਿਲਾਂ ਫਿਲਮ ਜੋਯਮੋਤੀ ਨਾਲ ਅਸਾਮੀ ਸਿਨੇਮਾ ਨੂੰ ਜਨਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਖੇਤਰ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਪੈਦਾ ਕੀਤੀਆਂ ਹਨ ਜਿਨ੍ਹਾਂ ਨੇ ਅਸਾਮ ਦੇ ਸੱਭਿਆਚਾਰ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਸਾਮ ਦੇ ਸੰਤੁਲਿਤ ਵਿਕਾਸ ਲਈ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਇਸ ਦਾ ਵੱਡਾ ਅਧਾਰ ਰਾਜ ਦਾ ਬੁਨਿਆਦੀ ਢਾਂਚਾ ਹੈ।

 

ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰੀ ਬੈਂਕ ਵਿੱਚ ਵੱਡੀਆਂ ਸੰਭਾਵਨਾਵਾਂ ਦੇ ਬਾਵਜੂਦ ਪਹਿਲੀਆਂ ਸਰਕਾਰਾਂ ਨੇ ਇਸ ਖੇਤਰ ਨੂੰ ਮਤਰੇਈ ਮਾਂ ਵਾਲਾ ਸਲੂਕ ਦਿੱਤਾ ਅਤੇ ਇਸ ਖੇਤਰ ਲਈ ਸੰਪਰਕ, ਹਸਪਤਾਲਾਂ, ਸਿੱਖਿਆ ਸੰਸਥਾਵਾਂ, ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਤਰਜੀਹ ਨਹੀਂ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’ ਦੇ ਮੰਤਰ ‘ਤੇ ਕੰਮ ਕਰ ਰਹੀ ਹੈ ਅਤੇ ਇਸ ਵਿਤਕਰੇ ਨੂੰ ਦੂਰ ਕਰ ਚੁੱਕੀ ਹੈ। ਉਨ੍ਹਾਂ ਅਸਾਮ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸੂਚੀ ਗਿਣਾਈ ਜਿਨ੍ਹਾਂ ਦਾ ਉਦਘਾਟਨ ਸਰਕਾਰ ਨੇ ਕੀਤਾ ਹੈ।

 

ਉਨ੍ਹਾਂ ਕਿਹਾ, ਅੱਜ ਇਸ ਖੇਤਰ ਵਿੱਚ ਊਰਜਾ ਅਤੇ ਸਿੱਖਿਆ ਢਾਂਚੇ ਦੇ 3000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਲਾਂਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਊਰਜਾ ਅਤੇ ਸਿੱਖਿਆ ਦੇ ਇੱਕ ਕੇਂਦਰ ਵਜੋਂ ਖੇਤਰ ਦੀ ਪਹਿਚਾਣ ਨੂੰ ਮਜ਼ਬੂਤ ਕਰਨਗੇ ਅਤੇ ਅਸਾਮ ਦੇ ਪ੍ਰਤੀਕ ਵਜੋਂ ਕੰਮ ਕਰਨਗੇ।

 

ਪ੍ਰਧਾਨ ਮੰਤਰੀ ਨੇ ਆਪਣੀ ਤਾਕਤ ਅਤੇ ਸਮਰੱਥਾ ਵਧਾਉਣ ਲਈ ਭਾਰਤ ਨੂੰ ਨਿਰੰਤਰ ਆਤਮ ਨਿਰਭਰ ਬਣਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਲਾਂ ਦੌਰਾਨ, ਭਾਰਤ ਵਿੱਚ ਤੇਲ ਸ਼ੁੱਧ ਕਰਨ ਦੀ ਸਮਰੱਥਾ ਵਿੱਚ ਬਹੁਤ ਵਾਧਾ ਹੋਇਆ ਹੈ, ਖ਼ਾਸ ਕਰਕੇ ਬੋਂਗਾਗਾਓਂ ਰਿਫਾਇਨਰੀ ਵਿੱਚ।

 

ਉਨ੍ਹਾਂ ਕਿਹਾ ਕਿ ਅੱਜ ਲਾਂਚ ਕੀਤਾ ਗਿਆ ਗੈਸ ਯੂਨਿਟ ਪਲਾਂਟ ਐੱਲਪੀਜੀ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਜਾ ਰਿਹਾ ਹੈ ਅਤੇ ਅਸਾਮ ਅਤੇ ਉੱਤਰ-ਪੂਰਬ ਵਿੱਚ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਏਗਾ। ਇਹ ਇਸ ਖੇਤਰ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਾਏਗਾ। 

 

ਉਨ੍ਹਾਂ ਕਿਹਾ ਕਿ ਉੱਜਵਲਾ ਯੋਜਨਾ ਦੇ ਜ਼ਰੀਏ ਸਰਕਾਰ ਨੇ ਗ਼ਰੀਬ ਭੈਣਾਂ ਅਤੇ ਧੀਆਂ ਨੂੰ ਉਨ੍ਹਾਂ ਦੁੱਖਾਂ ਤੋਂ ਮੁਕਤ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਰਸੋਈ ਵਿਚ ਲੱਕੜ ਦੇ ਧੂੰਏਂ ਕਾਰਨ ਸਹਾਰਨੇ ਪੈਂਦੇ ਸੀ। ਉਨ੍ਹਾਂ ਕਿਹਾ, ਅੱਜ ਅਸਾਮ ਵਿੱਚ ਗੈਸ ਕਨੈਕਟੀਵਿਟੀ ਤਕਰੀਬਨ 100 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਉਨ੍ਹਾਂ ਦਸਿਆ ਕਿ ਕੇਂਦਰੀ ਬਜਟ ਵਿੱਚ ਇਸ ਵਾਰ 1 ਕਰੋੜ ਗ਼ਰੀਬ ਭੈਣਾਂ ਨੂੰ ਮੁਫਤ ਉੱਜਵਲਾ ਰਸੋਈ ਗੈਸ ਕਨੈਕਸ਼ਨ ਦੇਣ ਦੀ ਵਿਵਸਥਾ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬ ਲੋਕ ਗੈਸ ਕਨੈਕਸ਼ਨ, ਬਿਜਲੀ ਕਨੈਕਸ਼ਨ ਅਤੇ ਖਾਦ ਦੀ ਘਾਟ ਕਾਰਨ ਸਭ ਤੋਂ ਵੱਧ ਦੁੱਖ ਝੱਲਦੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ, ਜਿਹੜੇ 18,000 ਪਿੰਡਾਂ ਵਿੱਚ ਬਿਜਲੀ ਨਹੀਂ ਸੀ ਉਨ੍ਹਾਂ ਵਿੱਚੋਂ ਜ਼ਿਆਦਾਤਰ, ਅਸਾਮ ਅਤੇ ਉੱਤਰ-ਪੂਰਬ ਦੇ ਸਨ ਅਤੇ ਸਰਕਾਰ ਨੇ ਇਸ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ।

 

ਉਨ੍ਹਾਂ ਕਿਹਾ ਕਿ ਖਿੱਤੇ ਵਿੱਚ ਖਾਦ ਦੇ ਕਈ ਉਦਯੋਗ ਗੈਸ ਦੀ ਘਾਟ ਕਾਰਨ ਜਾਂ ਤਾਂ ਬੰਦ ਹੋ ਗਏ ਸਨ ਜਾਂ ਬਿਮਾਰ ਐਲਾਨੇ ਗਏ ਸਨ, ਜਿਸ ਕਾਰਨ ਗ਼ਰੀਬ, ਲੋੜਵੰਦ ਅਤੇ ਮੱਧ ਵਰਗ ਪ੍ਰਭਾਵਿਤ ਹੋ ਰਿਹਾ ਸੀ।

 

ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਦੇ ਤਹਿਤ ਪੂਰਬੀ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਗੈਸਪਾਈਪਲਾਈਨ ਨੈੱਟਵਰਕ ਨਾਲ ਜੋੜਿਆ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਦਾ ਇੱਕ ਮਜ਼ਬੂਤ ਪ੍ਰਤਿਭਾ ਪੂਲ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ। ਪਿਛਲੇ ਸਾਲਾਂ ਵਿੱਚ, ਅਸੀਂ ਦੇਸ਼ ਵਿੱਚ ਇੱਕ ਮਾਹੌਲ ਬਣਾਉਣ ਲਈ ਕੰਮ ਕਰ ਰਹੇ ਸੀ, ਜਿੱਥੇ ਦੇਸ਼ ਦੇ ਨੌਜਵਾਨ ਮੁਸ਼ਕਲਾਂ ਨੂੰ ਸਟਾਰਟ-ਅੱਪਸ ਦੇ ਨਾਲ ਹੱਲ ਕਰ ਸਕਦੇ ਹਨ। ਅੱਜ, ਪੂਰੀ ਦੁਨੀਆ ਭਾਰਤ ਦੇ ਇੰਜੀਨੀਅਰਾਂ ਨੂੰ ਮਾਨਤਾ ਦੇ ਰਹੀ ਹੈ। ਅਸਾਮ ਦੇ ਨੌਜਵਾਨਾਂ ਵਿੱਚ ਸ਼ਾਨਦਾਰ ਸੰਭਾਵਨਾ ਹੈ। ਰਾਜ ਸਰਕਾਰ ਇਸ ਸਮਰੱਥਾ ਨੂੰ ਵਧਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਅਸਾਮ ਸਰਕਾਰ ਦੇ ਯਤਨਾਂ ਸਦਕਾ ਅੱਜ ਰਾਜ ਵਿੱਚ 20 ਤੋਂ ਵੱਧ ਇੰਜੀਨੀਅਰਿੰਗ ਕਾਲਜ ਹਨ। ਅੱਜ, ਧੇਮਾਜੀ ਇੰਜੀਨੀਅਰਿੰਗ ਕਾਲਜ ਦੇ ਉਦਘਾਟਨ ਅਤੇ ਸੁਆਲਕੁਚੀ ਇੰਜੀਨੀਅਰਿੰਗ ਕਾਲਜ ਦੇ ਨੀਂਹ ਪੱਥਰ ਨਾਲ ਇਹ ਸਥਿਤੀ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਐਲਾਨ ਕੀਤਾ ਕਿ ਤਿੰਨ ਹੋਰ ਇੰਜੀਨੀਅਰਿੰਗ ਕਾਲਜਾਂ ‘ਤੇ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਾਮ ਸਰਕਾਰ ਜਲਦੀ ਤੋਂ ਜਲਦੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਅਸਾਮ ਦੇ ਲੋਕਾਂ, ਖ਼ਾਸ ਕਰਕੇ ਚਾਹ ਬਾਗਾਨ ਵਰਕਰਾਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਬੱਚਿਆਂ ਨੂੰ ਲਾਭ ਮਿਲੇਗਾ ਕਿਉਂਕਿ ਸਿੱਖਿਆ ਦਾ ਮਾਧਿਅਮ ਸਥਾਨਕ ਭਾਸ਼ਾ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਚਾਹ, ਹੈਂਡਲੂਮ ਅਤੇ ਟੂਰਿਜ਼ਮ ਲਈ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਆਤਮਨਿਰਭਰਤਾ ਅਸਾਮ ਦੇ ਲੋਕਾਂ ਦੀ ਤਾਕਤ ਅਤੇ ਯੋਗਤਾਵਾਂ ਨੂੰ ਵਧਾਏਗੀ। ਚਾਹ ਉਤਪਾਦਨ ਇੱਕ ਆਤਮਨਿਰਭਰ ਅਸਾਮ ਦੇ ਸੰਕਲਪ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਅਜਿਹੀ ਸਥਿਤੀ ਵਿੱਚ, ਜਦੋਂ ਇੱਥੋਂ ਦੇ ਨੌਜਵਾਨ ਸਕੂਲ ਅਤੇ ਕਾਲਜ ਵਿੱਚ ਖ਼ੁਦ ਇਹ ਹੁਨਰ ਸਿੱਖਣਗੇ ਤਾਂ ਇਸਦਾ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ, ਆਦਿਵਾਸੀ ਖੇਤਰਾਂ ਵਿੱਚ ਸੈਂਕੜੇ ਨਵੇਂ ਏਕਲਵਿਆ ਮਾਡਲ ਸਕੂਲ ਖੋਲ੍ਹਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਅਸਾਮ ਨੂੰ ਵੀ ਲਾਭ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਅਸਾਮ ਦੇ ਕਿਸਾਨਾਂ ਦੀਆਂ ਸੰਭਾਵਨਾਵਾਂ ਅਤੇ ਉਨ੍ਹਾਂ ਦੀ ਆਮਦਨੀ ਵਧਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦੇ ਖੇਤਰ ਵਿੱਚ ਕਿਸਾਨਾਂ ਲਈ 20000 ਕਰੋੜ ਰੁਪਏ ਦੀ ਇੱਕ ਵੱਡੀ ਯੋਜਨਾ ਵੀ ਬਣਾਈ ਗਈ ਹੈ, ਜਿਸ ਨਾਲ ਅਸਾਮ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸਾਮ ਵਿੱਚ ਕਿਸਾਨਾਂ ਦੀ ਪੈਦਾਵਾਰ ਅੰਤਰਰਾਸ਼ਟਰੀ ਮਾਰਕਿਟ ਵਿੱਚ ਪਹੁੰਚਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉੱਤਰੀ ਤੱਟ ਦੇ ਚਾਹ ਬਾਗਾਨ ਵੀ ਅਸਾਮ ਦੀ ਅਰਥਵਿਵਸਥਾ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ।

 

ਉਨ੍ਹਾਂ ਛੋਟੇ ਚਾਹ ਉਤਪਾਦਕਾਂ ਨੂੰ ਜ਼ਮੀਨ ਲੀਜ਼ ‘ਤੇ ਦੇਣ ਲਈ ਮੁਹਿੰਮ ਸ਼ੁਰੂ ਕਰਨ ਲਈ ਅਸਾਮ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਹੁਣ ਅਸਾਮ ਵਿੱਚ ਲੋਕਾਂ ਦੀ ਜ਼ਰੂਰਤ ਵਿਕਾਸ ਅਤੇ ਪ੍ਰਗਤੀ ਦੇ ਦੋਹਰੇ ਇੰਜਣ ਨੂੰ ਮਜ਼ਬੂਤ ਕਰਨ ਦੀ ਹੈ।

 

 

                   ***********

 

ਡੀਐੱਸ / ਏਕੇ