Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਦਿਵਸ 2019 ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿੱਚ ਸਵੱਛ ਭਾਰਤ ਦਿਵਸ 2019 ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਲਈ ਡਾਕ ਟਿਕਟ ਅਤੇ ਚਾਂਦੀ ਦਾ ਸਿੱਕਾ ਜਾਰੀ ਕੀਤੇ। ਉਨ੍ਹਾਂ ਨੇ ਜੇਤੂਆਂ ਨੂੰ ਸਵੱਛ ਭਾਰਤ ਪੁਰਸਕਾਰ ਵੀ ਵੰਡੇ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਅੱਜ ਸਾਬਰਮਤੀ ਆਸ਼ਰਮ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਮਗਨ ਨਿਵਾਸ (ਚਰਖਾ ਗੈਲਰੀ) ਦਾ ਦੌਰਾ ਕੀਤਾ ਅਤੇ ਉੱਥੇ ਬੱਚਿਆਂ ਨਾਲ ਮੁਲਾਕਾਤ ਕੀਤੀ।

‘ਸਵੱਛ ਭਾਰਤ ਦਿਵਸ’ ਪ੍ਰੋਗਰਾਮ ਵਿੱਚ ਹਾਜ਼ਰ ਸਰਪੰਚਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੀ ਹੈ। ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਨੇ ਗਾਂਧੀ ਜੀ ’ਤੇ ਡਾਕ ਟਿਕਟ ਜਾਰੀ ਕਰਦੇ ਇਸ ਆਯੋਜਨ ਨੂੰ ਹੋਰ ਵੀ ਯਾਦਗਾਰੀ ਬਣ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਜੀਵਨਕਾਲ ਵਿੱਚ ਉਨ੍ਹਾਂ ਨੂੰ ਕਈ ਵਾਰ ਸਾਬਰਮਤੀ ਆਸ਼ਰਮ ਆਉਣ ਦਾ ਅਵਸਰ ਮਿਲਿਆ ਅਤੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਇੱਥੋਂ ਉਨ੍ਹਾਂ ਨੂੰ ਨਵੀਂ ਊਰਜਾ ਮਿਲੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਪਿੰਡ ਖੁਦ ਨੂੰ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਐਲਾਨ ਕਰ ਰਹੇ ਹਨ। ਉਨ੍ਹਾਂ ਨੇ ਹਰੇਕ ਦੇਸ਼ਵਾਸੀ, ਖਾਸਤੌਰ ’ਤੇ ਪਿੰਡਾਂ ਵਿੱਚ ਰਹਿਣ ਵਾਲਿਆਂ, ਸਰਪੰਚਾਂ ਅਤੇ ‘ਸਵੱਛਤਾ’ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਇਸ ਦੇ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਮਰ, ਸਮਾਜਿਕ ਅਤੇ ਆਰਥਿਕ ਸਥਿਤੀ ‘ਤੇ ਵਿਚਾਰ ਕੀਤੇ ਬਿਨਾ , ਸਾਰਿਆਂ ਨੇ ਸਵੱਛਤਾ, ਗਰਿਮਾ (ਮਾਣ) ਅਤੇ ਸਨਮਾਨ ਦੀ ਇਸ ਪ੍ਰਤਿੱਗਿਆ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਸਾਡੀ ਇਸ ਸਫ਼ਲਤਾ ਤੋਂ ਅਚੰਭਿਤ ਹੈ ਅਤੇ ਉਸਦੇ ਲਈ ਸਾਨੂੰ ਪੁਰਸਕਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਹੈਰਾਨ ਹੈ ਕਿ ਭਾਰਤ ਨੇ 60 ਮਹੀਨੇ ਵਿੱਚ 11 ਕਰੋੜ ਤੋਂ ਜ਼ਿਆਦਾ ਪਖਾਨਿਆਂ ਦਾ ਨਿਰਮਾਣ ਕਰਵਾ ਕੇ 60 ਕਰੋੜ ਤੋਂ ਜ਼ਿਆਦਾ ਅਬਾਦੀ ਨੂੰ ਪਖਾਨਿਆਂ ਦੀ ਸੁਵਿਧਾ ਉਪਲੱਬਧ ਕਰਵਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਭਾਗੀਦਾਰੀ ਅਤੇ ਸਵੈਇਛੁੱਕਤਾ ਸਵੱਛ ਭਾਰਤ ਅਭਿਯਾਨ ਦੀ ਪਹਿਚਾਣ ਅਤੇ ਇਸ ਦੀ ਸਫਲਤਾ ਦਾ ਕਾਰਨ ਰਹੇ ਹਨ। ਉਨ੍ਹਾਂ ਨੇ ਇਸ ਮਿਸ਼ਨ ਨੂੰ ਖੁੱਲ੍ਹੇ ਦਿਲ ਤੋਂ ਸਮਰਥਨ ਦੇਣ ਲਈ ਪੂਰੇ ਦੇਸ਼ ਦਾ ਧੰਨਵਾਦ ਕੀਤਾ। ਜਨ ਭਾਗੀਦਾਰੀ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਅਤੇ 2022 ਤੱਕ ਇੱਕ ਵਾਰ ਇਸਤੇਮਾਲ ਹੋਣ ਵਾਲੇ (ਸਿੰਗਲ ਯੂਜ਼)ਪਲਾਸਟਿਕ ਦੇ ਖਾਤਮੇ ਜਿਹੀਆਂ ਮਹੱਤਵਪੂਰਨ ਸਰਕਾਰੀ ਪਹਿਲਾਂ ਦੀ ਸਫ਼ਲਤਾ ਲਈ ਸਮੂਹਿਕ ਪ੍ਰਯਤਨ ਜ਼ਰੂਰੀ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਪ੍ਰਤੀਬੱਧ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਆਤਮਨਿਰਭਰਤਾ ਸੁਨਿਸ਼ਚਿਤ ਕਰਨ, ਅਸਾਨ ਜੀਵਨ ਉਪਲੱਬਧ ਕਰਵਾਉਣ ਅਤੇ ਵਿਕਾਸ ਨੂੰ ਅੰਤਿਮ ਮੀਲ ਤੱਕ ਲਿਜਾਣ ਦੀਆਂ ਸਰਕਾਰ ਦੀਆਂ ਪਹਿਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਜਨਤਾ ਨੂੰ ਰਾਸ਼ਟਰ ਦੀ ਭਲਾਈ ਲਈ ਸੰਕਲਪ ਲੈਣ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ 130 ਕਰੋੜ ਲੋਕਾਂ ਦਾ ਸੰਕਲਪ ਵਿਆਪਕ ਬਦਲਾਅ ਲਿਆ ਸਕਦੇ ਹਨ।

******

ਵੀਆਰਆਰਕੇ/ਏਕੇ