ਮਾਲਦੀਵ ਦੇ ਰਾਸ਼ਟਰਪਤੀ ਮਾਣਯੋਗ ਇਬਰਾਹਿਮ ਮੁਹੰਮਦ ਸੋਲਿਹ ਨੇ ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਨਰੇਂਦਰ ਮੋਦੀ ਦਾ ਰਾਸ਼ਟਰਪਤੀ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮਾਲਦੀਵ ਆਉਣ ‘ਤੇ ਸੁਆਗਤ ਅਤੇ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਸਮਾਰੋਹ ਵਿੱਚ ਉਨ੍ਹਾਂ ਨੂੰ ਬੁਲਾਉਣ ਦੀ ਵਿਸ਼ੇਸ਼ ਭਾਵਨਾ ਲਈ ਰਾਸ਼ਟਰਪਤੀ ਸੋਲਿਹ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤ ਦੇ ਲੋਕਾਂ ਵੱਲੋਂ ਮਾਲਦੀਵ ਦੇ ਲੋਕਾਂ ਨੂੰ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਲਈ ਜ਼ਰੂਰੀ ਲੋਕਤੰਤਰ ਦੇ ਮਜ਼ਬੂਤੀਕਰਨ ‘ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮਾਲਦੀਵ ਦਰਮਿਆਨ ਸਬੰਧਾਂ ਦੀ ਲਚਕ ਨੂੰ ਧਿਆਨ ਵਿੱਚ ਰੱਖਦਿਆਂ, ਸ਼੍ਰੀ ਸੋਲਿਹ ਦੇ ਮਾਲਦੀਵ ਦੇ ਰਾਸ਼ਟਰਪਤੀ ਬਣਨ ‘ਤੇ, ਸਹਿਯੋਗ ਅਤੇ ਦੋਸਤੀ ਦੇ ਨਜ਼ਦੀਕੀ ਬੰਧਨਾਂ ਨੂੰ ਨਵਿਆਉਣ ਵਿੱਚ ਵਿਸ਼ਵਾਸ ਪ੍ਰਗਟ ਕੀਤਾ।
ਮੀਟਿੰਗ ਦੌਰਾਨ ਦੋਵੇਂ ਨੇਤਾ ਹਿੰਦ ਮਹਾਸਾਗਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਅਤੇ ਖੇਤਰ ਦੀ ਸਥਿਰਤਾ ਲਈ ਇੱਕ ਦੂਜੇ ਦੇ ਸਰੋਕਾਰਾਂ ਅਤੇ ਅਕਾਂਖਿਆਵਾਂ ਪ੍ਰਤੀ ਜਾਗਰੂਕ ਰਹਿਣ ਦੇ ਮਹੱਤਵ ‘ਤੇ ਸਹਿਮਤ ਹੋਏ।
ਦੋਹਾਂ ਨੇਤਾਵਾਂ ਨੇ ਖੇਤਰ ਅਤੇ ਹੋਰ ਸਥਾਨਾਂ ‘ਤੇ ਆਤੰਕਵਾਦ ਦਾ ਮੁਕਾਬਲਾ ਕਰਨ ਵਿੱਚ ਵਧੇ ਸਹਿਯੋਗ ਲਈ ਆਪਣੀ ਦਿੜ੍ਹ ਪ੍ਰਤੀਬੱਧਤਾ ਅਤੇ ਸਮਰਥਨ ਪ੍ਰਗਟ ਕੀਤੇ।
ਰਾਸ਼ਟਰਪਤੀ ਸੋਲਿਹ ਨੇ ਵੀ ਚਾਰਜ ਸੰਭਾਲਣ ਸਮੇਂ ਦੇਸ਼ ਦੀ ਗੰਭੀਰ ਆਰਥਕ ਸਥਿਤੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਖੇਪ ਜਾਣਕਾਰੀ ਦਿੱਤੀ। ਦੋਹਾਂ ਨੇਤਾਵਾਂ ਨੇ ਚਰਚਾ ਕੀਤੀ ਕਿ ਕਿਹੜੇ ਤਰੀਕਿਆਂ ਨਾਲ ਭਾਰਤ ਵਿਕਾਸ ਭਾਈਵਾਲੀ ਜਾਰੀ ਰੱਖ ਸਕਦਾ ਹੈ, ਖਾਸ ਕਰਕੇ ਨਵੀਂ ਸਰਕਾਰ ਦੇ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਕੇ, ਜੋ ਉਸ ਨੇ ਮਾਲਦੀਵ ਦੇ ਲੋਕਾਂ ਨਾਲ ਕੀਤੇ ਸਨ। ਵਿਸ਼ੇਸ਼ ਰੂਪ ਵਿੱਚ, ਰਾਸ਼ਟਰਪਤੀ ਸੋਲਿਹ ਨੇ ਆਵਾਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਬਾਹਰੀ ਟਾਪੂਆਂ ਵਿੱਚ ਜਲ ਅਤੇ ਸੀਵਰੇਜ ਸਿਸਟਮ ਦੀ ਸਥਾਪਨਾ ਦੀ ਜ਼ਰੂਰਤ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਟਿਕਾਊ ਸਮਾਜਕ ਅਤੇ ਆਰਥਕ ਵਿਕਾਸ ਹਾਸਲ ਕਰਨ ਵਿੱਚ ਮਾਲਦੀਵ ਦੀ ਸਹਾਇਤਾ ਕਰਨ ਲਈ, ਭਾਰਤ ਦੀ ਦ੍ਰਿੜ੍ਹ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਹਰ ਸੰਭਵ ਤਰੀਕੇ ਨਾਲ ਸਹਾਇਤਾ ਵਧਾਉਣ ਲਈ, ਭਾਰਤ ਦੀ ਇੱਛਾ ਪ੍ਰਗਟਾਈ ਅਤੇ ਸੁਝਾਅ ਦਿੱਤਾ ਕਿ ਮਾਲਦੀਵ ਦੀਆਂ ਜ਼ਰੂਰਤਾਂ ਅਨੁਸਾਰ ਵੇਰਵੇ ਤਿਆਰ ਕਰਨ ਲਈ ਦੋਹਾਂ ਧਿਰਾਂ ਨੂੰ ਛੇਤੀ ਹੀ ਮਿਲਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਦੋਹਾਂ ਦੇਸ਼ਾਂ ਦੇ ਆਪਸੀ ਲਾਭ ਲਈ ਮਾਲਦੀਵ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰਤੀ ਕੰਪਨੀਆਂ ਵੱਲੋਂ ਨਿਵੇਸ਼ ਦੇ ਵਧਦੇ ਅਵਸਰਾਂ ਦਾ ਵੀ ਸੁਆਗਤ ਕੀਤਾ। ਦੋਹਾਂ ਦੇਸ਼ਾਂ ਦਰਮਿਆਨ ਇਨ੍ਹਾਂ ਦੇ ਨਾਗਰਿਕਾਂ ਵੱਲੋਂ ਵੱਡੇ ਪੈਮਾਨੇ ‘ਤੇ ਹੁੰਦੀਆਂ ਯਾਤਰਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਨੇਤਾਵਾਂ ਨੇ ਅਸਾਨ ਤੇ ਸੁਵਿਧਾਜਨਕ ਵੀਜ਼ਾ ਪ੍ਰਕਿਰਿਆਵਾਂ ਦੀ ਜ਼ਰੂਰਤ ‘ਤੇ ਸਹਿਮਤੀ ਪ੍ਰਗਟਾਈ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਸਰਕਾਰੀ ਦੌਰੇ ਲਈ ਰਾਸ਼ਟਰਪਤੀ ਸੋਲਿਹ ਨੂੰ ਸੱਦਾ ਦਿੱਤਾ ਜਿਸ ਨੂੰ ਰਾਸ਼ਟਰਪਤੀ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ।
ਅਗਲੇਰੀ ਚਰਚਾ ਅਤੇ ਰਾਸ਼ਟਰਪਤੀ ਸੋਲਿਹ ਦੇ ਭਾਰਤ ਵਿਖੇ ਸਰਕਾਰੀ ਦੌਰੇ ਦੀ ਤਿਆਰੀ ਲਈ ਮਾਲਦੀਵ ਦੇ ਵਿਦੇਸ਼ ਮੰਤਰੀ 26 ਨਵੰਬਰ ਨੂੰ ਭਾਰਤ ਦਾ ਸਰਕਾਰੀ ਦੌਰਾ ਕਰਨਗੇ।
ਰਾਸ਼ਟਰਪਤੀ ਸੋਲਿਹ ਨੇ ਆਸ ਪ੍ਰਗਟਾਈ ਕਿ ਨੇੜ ਭਵਿੱਖ ਵਿੱਚ ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦਾ ਸਰਕਾਰੀ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਧੰਨਵਾਦ ਸਹਿਤ ਸੱਦਾ ਮਨਜ਼ੂਰ ਕਰ ਲਿਆ।
****
ਏਕੇਟੀ/ਐੱਸਐੱਚ
PM @narendramodi and President @ibusolih held talks in Malé.
— PMO India (@PMOIndia) November 17, 2018
This meeting happened just after Mr. Ibrahim Mohamed Solih was sworn in as the President of the Maldives. @presidencymv pic.twitter.com/v1XqvtRaAr
Had productive discussions with President @ibusolih. pic.twitter.com/AI4pyYvvnI
— Narendra Modi (@narendramodi) November 17, 2018