Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ‘ਤੇ ਤਾਲਮੇਲ ਕਮੇਟੀ ਦੀ ਨੌਵੀਂ ਬੈਠਕ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਡਾ. ਪੀ.ਕੇ. ਮਿਸ਼ਰਾ ਨੇ 30 ਅਗਸਤ 2023 ਨੂੰ ਜੀ20 ਤਾਲਮੇਲ ਕਮੇਟੀ ਦੀ 9ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਪ੍ਰਮੁੱਖ ਸਕੱਤਰ ਨੇ ਜੀ20 ਨਵੀਂ ਦਿੱਲੀ ਲੀਡਰਸ ਸਮਿਟ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਜਿਸ ਵਿੱਚ ਲੌਜਿਸਟਿਕਲ, ਪ੍ਰੋਟੋਕੋਲ, ਸੁਰੱਖਿਆ ਅਤੇ ਮੀਡੀਆ ਨਾਲ ਸਬੰਧਿਤ ਪ੍ਰਬੰਧ ਸ਼ਾਮਲ ਹਨ। ਬੈਠਕ ਵਿੱਚ ਜੀ20 ਸਕੱਤਰੇਤ ਅਤੇ ਵਿਦੇਸ਼ ਮੰਤਰਾਲੇ, ਗ੍ਰਹਿ, ਸੱਭਿਆਚਾਰ, ਸੂਚਨਾ ਤੇ ਪ੍ਰਸਾਰਣ ਅਤੇ ਦੂਰਸੰਚਾਰ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। 

 

ਇਹ ਨੋਟ ਕੀਤਾ ਗਿਆ ਕਿ ਭਾਰਤ ਮੰਡਪਮ (Bharat Mandapam) ਵਿਖੇ ਜ਼ਮੀਨੀ ਪੱਧਰ ‘ਤੇ ਅਤੇ ਸਾਈਟ ‘ਤੇ ਕੰਮ ਤਸੱਲੀਬਖਸ਼ ਢੰਗ ਨਾਲ ਚਲ ਰਿਹਾ ਹੈ। ਇੱਕ ਵਿਲੱਖਣ ਭਾਰਤੀ ਅਨੁਭਵ ਲਈ, ਭਾਰਤ ਮੰਡਪਮ ਵਿੱਚ ਸੱਭਿਆਚਾਰ ਅਤੇ ‘ਮਦਰ ਆਵੑ ਡੈਮੋਕਰੇਸੀ’ ‘ਤੇ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਪ੍ਰਮੁੱਖ ਸਕੱਤਰ ਨੇ ਆਯੋਜਨ ਸਥਲ ‘ਤੇ ਨਟਰਾਜ ਦੀ ਪ੍ਰਤਿਮਾ ਦੀ ਸਥਾਪਨਾ ਅਤੇ ਆਉਣ ਵਾਲੇ ਲੀਡਰਾਂ ਦੇ ਜੀਵਨ ਸਾਥੀਆਂ ਲਈ ਪ੍ਰੋਗਰਾਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ, ਜੋ ਵਿਸ਼ੇਸ਼ ਤੌਰ ‘ਤੇ ਮਹਿਮਾਨਾਂ ਲਈ ਤਿਆਰ ਕੀਤਾ ਗਿਆ ਹੈ। 

 

ਪਹਿਲੀ ਵਾਰ, ਜੀ20 ਲਈ ਇੱਕ ਮੋਬਾਈਲ ਐਪ ਬਣਾਈ ਗਈ ਹੈ, ਜਿਸ ਦਾ ਨਾਮ ‘ਜੀ20 ਇੰਡੀਆ’ ਹੈ ਜੋ ਹੁਣ ਐਂਡਰੌਇਡ ਅਤੇ ਆਈਓਐੱਸ (Android and iOS) ਦੋਹਾਂ ‘ਤੇ ਡਾਊਨਲੋਡ ਕਰਨ ਲਈ ਉਪਲਬਧ ਹੈ। ਜੀ20 ਡੈਲੀਗੇਟ ਅਤੇ ਮੀਡੀਆ ਦੇ ਮੈਂਬਰ ਭਾਰਤ ਮੰਡਪਮ ਵਿਖੇ ਸਥਾਪਿਤ ਕੀਤੇ ਜਾ ਰਹੇ ‘ਇਨੋਵੇਸ਼ਨ ਹੱਬ’ ਅਤੇ ‘ਡਿਜੀਟਲ ਇੰਡੀਆ ਐਕਸਪੀਰੀਐਂਸ਼ੀਅਲ ਹੱਬ’ (‘Digital India Experiential Hub’) ਦੇ ਜ਼ਰੀਏ ਪ੍ਰਤੱਖ ਰੂਪ ਵਿੱਚ ਡਿਜੀਟਲ ਇੰਡੀਆ ਨੂੰ ਵੀ ਦੇਖਣਗੇ। 

 

ਲੌਜਿਸਟਿਕਸ ਸਬੰਧੀ ਅਭਿਆਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਡਰੈਸ ਰਿਹਰਸਲ ਦੀ ਯੋਜਨਾ ਬਣਾਈ ਗਈ ਹੈ। ਪ੍ਰਮੁੱਖ ਸਕੱਤਰ ਨੂੰ ਸਬੰਧਿਤ ਅਧਿਕਾਰੀਆਂ ਦੁਆਰਾ ਸੁਰੱਖਿਆ ਪਹਿਲੂਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਲੋਕਾਂ ਲਈ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪ੍ਰਮੁੱਖ ਸਕੱਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਵੇਂ ਸੁਰੱਖਿਆ ਅਤੇ ਪ੍ਰੋਟੋਕੋਲ ਕਾਰਨਾਂ ਕਰਕੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਪਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ, ਟ੍ਰੈਫਿਕ ਪਾਬੰਦੀਆਂ ਬਾਰੇ ਸੰਚਾਰ ਨੂੰ ਵਧੇਰੇ ਉਪਭੋਗਤਾ-ਅਨੁਕੂਲ ਬਣਾਇਆ ਜਾਵੇ। 

 

ਸਮਿਟ ਲਈ ਮੀਡੀਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ। ਹੁਣ ਤੱਕ ਵਿਦੇਸ਼ੀ ਮੀਡੀਆ ਸਮੇਤ 3600 ਤੋਂ ਵੱਧ ਬੇਨਤੀਆਂ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਮਾਨਤਾ ਪੱਤਰ ਜਾਰੀ ਕੀਤੇ ਜਾ ਰਹੇ ਹਨ। ਭਾਰਤ ਮੰਡਪਮ ਵਿਖੇ ਮੀਡੀਆ ਸੈਂਟਰ ਇਸ ਹਫਤੇ ਦੇ ਅੰਤ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। 

 

ਪ੍ਰਮੁੱਖ ਸਕੱਤਰ ਨੇ ਸਾਰੇ ਸਬੰਧਿਤ ਅਧਿਕਾਰੀਆਂ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਨੁਕਸ ਰਹਿਤ ਸਮਿਟ ਦੀ ਮੇਜ਼ਬਾਨੀ ਲਈ ਹਰ ਸੰਭਵ ਪ੍ਰਯਾਸ ਕਰਨ ਦੇ ਨਿਰਦੇਸ਼ ਦਿੱਤੇ। ਵਿਭਿੰਨ ਏਜੰਸੀਆਂ ਦੇ ਦਰਮਿਆਨ ਸੁਚਾਰੂ ਤਾਲਮੇਲ ਲਈ, ਇਹ ਫ਼ੈਸਲਾ ਕੀਤਾ ਗਿਆ ਕਿ ਭਾਰਤ ਮੰਡਪਮ ਵਿਖੇ ਇੱਕ ਮਲਟੀ-ਏਜੰਸੀ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ। ਪ੍ਰਮੁੱਖ ਸਕੱਤਰ ਅਗਲੇ ਕੁਝ ਦਿਨਾਂ ਵਿੱਚ ਜ਼ਮੀਨੀ ਪੱਧਰ ‘ਤੇ ਤਿਆਰੀ ਦੀ ਸਥਿਤੀ ਦੀ ਜਾਂਚ ਕਰਨ ਲਈ ਫੀਲਡ ਅਤੇ ਸਾਈਟ ਦਾ ਦੌਰਾ ਕਰਨਗੇ। 

 

 ********

 

ਡੀਐੱਸ