1. ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਸੱਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 18 ਅਪ੍ਰੈਲ 2018 ਨੂੰ ਉੱਥੋਂ ਦੀ ਸਰਕਾਰ ਦੇ ਮਹਿਮਾਨ ਵਜੋਂ ਇੰਗਲੈਂਡ (ਯੂ ਕੇ) ਦਾ ਦੌਰਾ ਕੀਤਾ।ਦੋਹਾਂ ਆਗੂਆਂ ਨੇ ਵਿਸਤ੍ਰਿਤ ਪੱਧਰ ਦੀ ਅਤੇ ਉਸਾਰੂ ਗੱਲਬਾਤ ਕੀਤੀ ਅਤੇ ਰਣਨੀਤਕ ਭਾਈਵਾਲੀ ਅਤੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਉੱਤੇ ਵਧ ਰਹੇ ਮੇਲ ਮਿਲਾਪ ਬਾਰੇ ਚਰਚਾ ਕੀਤੀ।ਪ੍ਰਧਾਨ ਮੰਤਰੀ ਮੋਦੀ 19-20 ਅਪ੍ਰੈਲ 2018 ਨੂੰ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ ਦੀ ਲੰਡਨ ਵਿੱਚ ਹੋ ਰਹੀ ਮੀਟਿੰਗ ਵਿੱਚ ਵੀ ਹਿੱਸਾ ਲੈਣਗੇ।
2. ਇੰਗਲੈਂਡ ਅਤੇ ਭਾਰਤ ਦੀ ਇੱਕ ਕੁਦਰਤੀ ਖਾਹਿਸ਼ ਹੈ ਕਿ ਆਪਣੀ ਰਣਨੀਤਕ ਭਾਈਵਾਲੀ, ਜੋ ਕਿ ਸਾਂਝੀਆਂ ਕਦਰਾਂ ਕੀਮਤਾਂ, ਸਾਂਝੇ ਕਾਨੂੰਨ ਅਤੇ ਸੰਸਥਾਵਾਂ ਉੱਤੇ ਅਧਾਰਤ ਹੈ ਅਤੇ ਵਿਸ਼ਵ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਲੋਕਤੰਤਰ ਦੇ ਰੂਪ ਵਿੱਚ ਹੈ, ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇ।ਅਸੀਂ ਰਾਸ਼ਟਰਮੰਡਲ ਦੇ ਵਚਨਬੱਧ ਮੈਂਬਰ ਹਾਂ।ਅਸੀਂ ਕੌਮਾਂਤਰੀ ਨਜ਼ਰੀਏ ਅਤੇ ਨਿਯਮ ਅਧਾਰਤ ਕੌਮਾਂਤਰੀ ਢਾਂਚੇ ਪ੍ਰਤੀ ਵਚਨਬੱਧ ਹਾਂ ਜੋ ਤਾਕਤ ਜਾਂ ਜ਼ੋਰ ਜ਼ਬਰਦਸਤੀ ਦੀ ਵਰਤੋਂ ਕਰਕੇ ਇੱਕ ਤਰਫਾ ਕਾਰਵਾਈ ਕਰਨ ਦਾ ਘੋਰ ਵਿਰੋਧੀ ਹੈ ।ਅਸੀਂ ਦੋਹਾਂ ਦੇਸ਼ਾਂ ਦਰਮਿਆਨ ਉਨ੍ਹਾਂ ਅਣਗਿਣਤ ਨਿਜੀ ਅਤੇ ਵਿਵਸਾਇੱਕ ਸੰਬੰਧਾਂ ਦੇ ਜਿਊੁਂਦੇ ਪੁਲ (ਲਿਵਿੰਗ ਬ੍ਰਿਜ ) ਦੇ ਹਮਾਇਤੀ ਹਾਂ।
3. ਇੰਗਲੈਂਡ ਅਤੇ ਭਾਰਤ ਸਾਰੇ ਰਾਸ਼ਟਰਮੰਡਲ ਮੈਂਬਰ ਦੇਸ਼ਾਂ, ਰਾਸ਼ਟਮੰਡਲ ਸਕੱਤਰੇਤ ਅਤੇ ਹੋਰ ਭਾਈਵਾਲ ਸੰਗਠਨਾਂ ਨਾਲ ਮਿਲ ਕੇ ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਾਂਗੇ ਅਤੇ ਉਨ੍ਹਾਂ ਨੂੰ ਹੱਲ ਕਰਾਂਗੇ।ਅਸੀਂ ਰਾਸ਼ਟਰਮੰਡਲ ਨੂੰ ਮੁੜ ਸ਼ਕਤੀ ਪ੍ਰਦਾਨ ਕਰਨ, ਵਿਸ਼ੇਸ਼ ਤੌਰ ‘ਤੇ ਛੋਟੇ ਤੇ ਨਾਜ਼ੁਕ ਦੇਸ਼ਾਂ ਨਾਲ ਅਤੇ ਆਪਣੇ ਨੌਜਵਾਨਾਂ, ਜੋ ਕਿ ਰਾਸ਼ਟਰਮੰਡਲ ਦੀ ਅਬਾਦੀ ਦਾ 60 % ਹਿੱਸਾ ਹਨ, ਨਾਲ ਸਬੰਧ ਕਾਇਮ ਕਰਨ ਲਈ ਵਚਨਬੱਧ ਹਾਂ।ਰਾਸ਼ਟਰਮੰਡਲ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ ਇਨ੍ਹਾਂ ਚੁਣੌਤੀਆਂ ਦੇ ਨਿਪਟਾਰੇ ਲਈ ਇੱਕ ਅਹਿਮ ਮੌਕਾ ਹੈ ਅਤੇ ਅਸੀਂ ਸਾਰੇ ਸਿਖਰ ਸੰਮੇਲਨ ਦੇ ਨਾਗਰਿਕਾਂ ਟੀਚੇ ‘ਸਾਂਝੇ ਭੱਵਿਖ ਵੱਲ’ ਲਈ ਮਿਲ ਕੇ ਇਕੱਠੇ ਹੋਏ ਹਾਂ।ਵਿਸ਼ੇਸ਼ ਤੌਰ ਤੇ ਇੰਗਲੈਂਡ ਅਤੇ ਭਾਰਤ ਮਿਲ ਕੇ ਸਾਰੇ ਰਾਸ਼ਟਰਮੰਡਲ ਨਾਗਰਿਕਾਂ ਲਈ ਵਧੇਰੇ ਕਾਇਮ ਰਹਿਣਯੋਗ, ਖੁਸ਼ਹਾਲ , ਸੁਰੱਖਿਅਤ ਅਤੇ ਵਧੀਆ ਭਵਿੱਖ ਦੇ ਵਾਅਦੇ ਪੂਰੇ ਕਰਨ ਲਈ ਕੰਮ ਕਰਨਗੇ।ਦੋਵੇਂ ਮਿਲ ਕੇ ਹੇਠ ਲਿਖੇ ਅਨੁਸਾਰ ਕਾਰਵਾਈ ਕਰਨਗੇ—
ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਤਾਲਮੇਲ ਭਰੀ ਵਿਸ਼ਵ ਕਾਰਵਾਈ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰਮੰਡਲ ਰਾਹੀਂ ਯਤਨ ਹੋਣਗੇ ਅਤੇ ਇਸ ਵਿੱਚ ਭਾਰਤ ਦੀ ਭੂਮਿਕਾ ਵਿਸ਼ਵ ਵਾਤਾਵਰਣ ਦਿਵਸ 2018 ਦੇ ਮੇਜ਼ਬਾਨ ਵਜੋਂ ਹੋਵੇਗੀ,
ਰਾਸ਼ਟਰਮੰਡਲ ਮੈਂਬਰ ਦੇਸ਼ਾਂ ਨੂੰ ਸਾਈਬਰ ਸੁਰੱਖਿਆ ਸਮਰੱਥਾ ਵਧਾਉਣ ਲਈ ਪ੍ਰੈਕਟੀਕਲ ਸਹਾਇਤਾ ਦਿੱਤੀ ਜਾਵੇਗੀ,
ਰਾਸ਼ਟਰਮੰਡਲ ਮੈਂਬਰ ਦੇਸ਼ਾਂ ਨੂੰ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਵਪਾਰ ਸਹੂਲਤ ਸਮਝੌਤਾ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ ਅਤੇ ਰਾਸ਼ਟਰ ਮੰਡਲ ਛੋਟੇ ਦੇਸ਼ਾਂ ਦੇ ਦਫਤਰਾਂ ਨੂੰ ਸਹਾਇਤਾ ਵਿੱਚ ਵਾਧਾ ਕੀਤਾ ਜਾਵੇਗਾ।
ਟੈਕਨੋਲੋਜੀ ਭਾਈਵਾਲੀ
4. ਇੱਕ ਯੂਕੇ-ਭਾਰਤ ਟੈਕਨੋਲੋਜੀ ਭਾਈਵਾਲੀ ਨੂੰ ਕੇਂਦਰ ਵਿੱਚ ਰੱਖਿਆ ਜਾਵੇਗਾ ਤਾਂ ਕਿ ਸਾਡਾ ਸਾਂਝਾ ਸੁਪਨਾ ਅਤੇ ਸਾਡੀ ਸਾਂਝੀ ਖੁਸ਼ਹਾਲੀ ਅੱਜ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਪੂਰੀ ਹੋ ਸਕੇ।ਅਸੀਂ ਆਪਣੇ ਗਿਆਨ ਨੂੰ ਸਾਂਝਾ ਕਰਾਂਗੇ, ਖੋਜ ਵਿੱਚ ਸਹਿਯੋਗ ਕਰਾਂਗੇ ਅਤੇ ਵਿਸ਼ਵ ਪੱਧਰ ਦੇ ਖੋਜ ਕਲਸਟਰਾਂ ਲਈ ਭਾਈਵਾਲੀਆਂ ਕਾਇਮ ਕਰਾਂਗੇ।ਅਸੀਂ ਆਪਣੀਆਂ ਕੰਪਲੀਮੈਂਟਰੀ ਟੈਕਨੋਲੋਜੀਕਲ ਤਾਕਤਾਂ ਨੂੰ ਤੈਨਾਤ ਕਰਾਂਗੇ ਤਾਂ ਕਿ ਉੱਚ ਪੱਧਰ ਦੀਆਂ ਨੌਕਰੀਆਂ ਪੈਦਾ ਹੋ ਸਕਣ, ਉਤਪਾਦਕਤਾ ਵਿੱਚ ਵਾਧਾ ਹੋ ਸਕੇ, ਵਪਾਰ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਮਿਲ ਸਕੇ ਅਤੇ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ।
5. ਦੋਵੇਂ ਧਿਰਾਂ ਫਿਊਚਰ ਟੈੱਕ ਦੇ ਮਾਮਲੇ ਵਿੱਚ ਸਹਿਯੋਗ ਨੂੰ ਵਧਾਉਣਗੇ ਤਾਂ ਕਿ ਆਪਣੀਆਂ ਵਿਸ਼ਵ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ।ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਡਿਜੀਟਲ ਆਰਥਿਕਤਾ, ਸਿਹਤ ਟੈਕਨੋਲੋਜੀਆਂ, ਸਾਈਬਰ ਸੁਰੱਖਿਆ ਦੀ ਸਮਰੱਥਾ ਦਾ ਲਾਭ ਉਠਾਇਆ ਜਾ ਸਕੇ ਅਤੇ ਸਵੱਛ ਵਿਕਾਸ, ਸਮਾਰਟ ਸ਼ਹਿਰੀਕਰਨ ਅਤੇ ਭਵਿੱਖ ਦੀ ਮੋਬਿਲਿਟੀ ਨੂੰ ਭਵਿੱਖ ਦੀ ਸਕਿੱਲਜ਼ ਅਤੇ ਸਾਡੇ ਨੌਜਵਾਨਾਂ ਦੀ ਯੋਗਤਾ ਨੂੰ ਵਿਕਸਿਤ ਕੀਤਾ ਜਾ ਸਕੇ।
6. ਭਾਰਤ ਸਰਕਾਰ ਇੰਗਲੈਂਡ ਵਲੋਂ ਯੂ ਕੇ-ਇੰਡੀਆ ਟੈੱਕ ਹੱਬ ਭਾਰਤ ਵਿੱਚ ਸਥਾਪਿਤ ਕਰਨ ਦੀ ਪਹਿਲਕਦਮੀ ਦਾ ਸਵਾਗਤ ਕਰਦੀ ਹੈ।ਇਹ ਕਾਰਵਾਈ ਸਾਡੀ ਦੋ ਪੱਖੀ ਟੈਕਨੋਲੋਜੀਕਲ ਭਾਈਵਾਲੀ ਨੂੰ ਵਿਕਸਿਤ ਕਰਨ ਦੇ ਹਿੱਸੇ ਵਜੋਂ ਹੈ।ਇਹ ਟੈੱਕ- ਹੱਬ ਦੋਹਾਂ ਦੇਸ਼ਾਂ ਦੀਆਂ ਹਾਈਟੈੱਕ ਕੰਪਨੀਆਂ ਨੂੰ ਇਕੱਠਾ ਕਰੇਗੀ ਤਾਂ ਕਿ ਨਿਵੇਸ਼ ਅਤੇ ਬਰਾਮਦ ਦੇ ਮੌਕੇ ਪੈਦਾ ਹੋ ਸਕਣ ਅਤੇ ਇੱਕ ਨਵਾਂ ਪਲੇਟਫਾਰਮ ਤਿਆਰ ਹੋ ਸਕੇ ਜਿਥੇ ਕਿ ਨਵੀਆਂ ਟੈਕਨੋਲੋਜੀਆਂ ਸਾਂਝੀਆਂ ਹੋ ਸਕਣਗੀਆਂ ਅਤੇ ਪੇਸ਼ਗੀ ਨੀਤੀ ਸਹਿਯੋਗ ਹੋ ਸਕੇਗਾ ਜਿਸ ਵਿੱਚ ਕਿ ਭਵਿੱਖ ਦੀ ਮੋਬਿਲਿਟੀ, ਪੇਸ਼ਗੀ ਨਿਰਮਾਣ ਅਤੇ ਸਿਹਤ ਸੰਭਾਲ ਜੋ ਕਿ ਭਾਰਤ ਦੇ ਖਾਹਿਸ਼ੀ ਜ਼ਿਲਾ ਪ੍ਰੋਗਰਾਮ ਅਧੀਨ ਹੋਵੇਗਾ।ਅਸੀਂ ਇੰਗਲੈਂਡ, ਖੇਤਰੀ ਦੇਸ਼ਾਂ ਅਤੇ ਭਾਰਤ ਦਰਮਿਆਨ ਨਵੀਆਂ ਭਾਈਵਾਲੀਆਂ ਦੀ ਲੜੀ ਟੈੱਕ ਕਲਸਟਰਜ਼ ਅਧੀਨ ਸਥਾਪਿਤ ਕਰਾਂਗੇ ਤਾਂ ਕਿ ਸਾਂਝੀ ਖੋਜ ਅਤੇ ਵਿਕਾਸ ਦੀ ਮੁਹਿੰਮ ਚਲ ਸਕੇ।ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਮਦਦ ਦੇ ਨਾਲ ਅਸੀਂ ਇੰਡੀਆ-ਯੂਕੇ ਟੈੱਕ ਸੀਈਓ ਅਲਾਇੰਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਅਧੀਨ ਯੂਕੇ / ਨੈਸਕਾਮ ਸਮਝੌਤਾ ਕੀਤਾ ਗਿਆ ਹੈ ਜਿਸ ਵਿੱਚ ਮੁੱਖ ਧਿਆਨ ਮੁਹਾਰਤ ਅਤੇ ਨਵੀਆਂ ਟੈਕਨੋਲੋਜੀਆਂ ਉੱਤੇ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਸਨਅਤ ਦੀ ਅਗਵਾਈ ਵਾਲੀਆਂ ਸਹਾਇਤਾ ਸਕੀਮਾਂ ਸ਼ਾਮਲ ਹਨ, ਨਾਲ ਹੀ ਯੂਕੇ-ਫਿਨਟੈੱਕ ਰਾਕੇਟਸ਼ਿਪ ਅਵਾਰਡਜ਼ ਸ਼ੁਰੂ ਕੀਤੇ ਗਏ ਹਨ ਤਾਂ ਕਿ ਭਾਰਤ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਫਿਨਟੈੱਕ ਨਾਲ ਸਹਿਯੋਗ ਚਲ ਸਕੇ।
7. ਦੋਵੇਂ ਧਿਰਾਂ ਵਿਗਿਆਨ, ਖੋਜ ਅਤੇ ਟੈਕਨੋਲੋਜੀ ਵਿੱਚ ਸਭ ਤੋਂ ਵਧੀਆ ਮੁਹਾਰਤ ਨੂੰ ਤੈਨਾਤ ਕਰ ਰਹੀਆਂ ਹਨ ਤਾਂ ਕਿ ਪਹਿਲ ਵਾਲੀਆਂ ਵਿਸ਼ਵ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ।ਇੰਗਲੈਂਡ ਭਾਰਤ ਦਾ ਦੂਜਾ ਸਭ ਤੋਂ ਵੱਡਾ ਕੌਮਾਂਤਰੀ ਖੋਜ ਭਾਈਵਾਲ ਹੈ।ਇੰਗਲੈਂਡ-ਭਾਰਤ ਨਿਊਟਨ-ਭਾਬਾ ਪ੍ਰੋਗਰਾਮ ਵੱਲੋਂ ਸਾਂਝੀ ਖੋਜ ਪੁਰਸਕਾਰ 2008 ਤੋਂ ਸ਼ੁਰੂ ਕੀਤੇ ਗਏ ਹਨ ਅਤੇ 2021 ਤੱਕ ਇਹ 400 ਮਿਲੀਅਨ ਪੌਂਡ ਦੇ ਪੁਰਸਕਾਰ ਵੰਡੇ ਜਾਣਗੇ।ਅਸੀਂ ਸਿਹਤ ਦੇ ਮਾਮਲੇ ਵਿੱਚ ਆਪਣੇ ਸਹਿਯੋਗ ਨੂੰ ਸਾਂਝੇ ਯਤਨਾਂ ਅਧੀਨ ਤੇਜ਼ ਕਰਾਂਗੇ ਤਾਂ ਕਿ ਇੰਗਲੈਂਡ ਅਤੇ ਭਾਰਤ ਰਹਿਣ ਲਈ ਸੁਰੱਖਿਅਤ ਅਤੇ ਸਿਹਤਮੰਦ ਸਥਾਨ ਬਣ ਸਕਣ ਅਤੇ ਇਨ੍ਹਾਂ ਵਿੱਚ ਡਿਜੀਟਲ ਸਿਹਤ ਟੈਕਨੋਲੋਜੀਆਂ ਦਾ ਦਰਜਾ ਵਧ ਸਕੇ।
ਵਪਾਰ, ਨਿਵੇਸ਼ ਅਤੇ ਵਿੱਤ
8. ਦੋਵੇਂ ਆਗੂ ਨਵੀਂ ਇੰਗਲੈਂਡ -ਭਾਰਤ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ ਅਤੇ ਨਾਲ ਹੀ ਨਵੇਂ ਵਪਾਰ ਸਮਝੌਤੇ ਵਿਕਸਿਤ ਕਰਨ ਲਈ ਸਹਿਮਤ ਹੋਏ ਕਿਉਂਕਿ ਇੰਗਲੈਂਡ ਨੇ ਆਪਣੀ ਸੁਤੰਤਰ ਵਪਾਰ ਨੀਤੀ ਦੀ ਜ਼ਿੰਮੇਵਾਰੀ ਸੰਭਾਲੀ ਹੈ।ਦੋਵੇਂ ਧਿਰਾਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਈਆਂ।ਹਾਲ ਹੀ ਵਿੱਚ ਮੁਕੰਮਲ ਹੋਏ ਇੰਗਲੈਂਡ-ਭਾਰਤ ਸਾਂਝੇ ਵਪਾਰ ਜਾਇਜ਼ੇ ਦੀਆਂ ਸਿਫਾਰਸ਼ਾਂ ਦੇ ਅਧਾਰ ਉੱਤੇ ਅਸੀਂ ਸੈਕਟਰ ਅਧਾਰਤ ਰੋਡ ਮੈਪ ਤਿਆਰ ਕਰਨ, ਵਪਾਰ ਦੀਆਂ ਬੰਦਸ਼ਾਂ ਨੂੰ ਘਟਾਉਣ, ਦੋਹਾਂ ਦੇਸ਼ਾਂ ਵਿੱਚ ਵਪਾਰ ਦੇ ਕੰਮ ਨੂੰ ਸੁਖਾਲਾ ਬਣਾਉਣ ਅਤੇ ਦੋਪੱਖੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੰਗਲੈਂਡ ਦੇ ਈਯੂ ਵਿੱਚੋਂ ਬਾਹਰ ਆਉਣ ਤੋਂ ਬਾਅਦ ਸਹਿਮਤ ਹੋਏ।ਅਸੀਂ ਇਹ ਯਕੀਨੀ ਬਣਾਵਾਂਗੇ ਕਿ ਈਯੂ-ਭਾਰਤ ਸਮਝੌਤੇ ਇੰਗਲੈਂਡ ਵਿੱਚ ਵੀ ਆਪਣੇ ਮਿੱਥੇ ਸਮੇਂ ਤੱਕ ਲਾਗੂ ਰਹਿਣ।
9. ਦੋਹਾਂ ਆਗੂਆਂ ਨੇ ਨਿਯਮ ਅਧਾਰਤ ਦੁਵੱਲੇ ਵਪਾਰ ਸਿਸਟਮ ਵਿੱਚ ਆਪਣੀ ਅਹਿਮ ਭੂਮਿਕਾ ਨੂੰ ਦੁਹਰਾਇਆ ਅਤੇ ਨਾਲ ਹੀ ਸੁਤੰਤਰ, ਨਿਰਪੱਖ ਅਤੇ ਖੁਲ੍ਹੇ ਵਪਾਰ ਵਿੱਚ ਤੇਜ਼ੀ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਤਾਂ ਕਿ ਵਿਕਾਸ ਅਤੇ ਨਿਰੰਤਰ ਵਾਧਾ ਹਾਸਲ ਕੀਤਾ ਜਾ ਸਕੇ।ਦੋਹਾਂ ਨੇ ਡਬਲਿਊਟੀਓ ਦੇ ਸਾਰੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਅਤੇ ਵਪਾਰ ਬਾਰੇ ਸਾਂਝੇ ਕਾਰਜ ਗਰੁੱਪ ਵਿੱਚ ਗੱਲਬਾਤ ਨੂੰ ਅੱਗੇ ਵਧਾਉਣ ਉੱਤੇ ਸਹਿਮਤੀ ਜਤਾਈ ਜਿਸ ਨਾਲ ਵਿਸ਼ਵ ਨਿਯਮ ਅਧਾਰਤ ਸਿਸਟਮ ਪ੍ਰਤੀ ਵਾਅਦੇ ਨੂੰ ਹਮਾਇਤ ਦਿੱਤਾ ਜਾਵੇਗੀ।
10. ਇੰਗਲੈਂਡ ਭਾਰਤ ਵਿੱਚ ਸਭ ਤੋਂ ਵੱਡਾ ਜੀ-20 ਨਿਵੇਸ਼ਕ ਦੇਸ਼ ਪਿਛਲੇ 10 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਅਤੇ ਭਾਰਤ ਇੰਗਲੈਂਡ ਵਿੱਚ ਚੌਥਾ ਵੱਡਾ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਵਾਲਾ ਦੇਸ਼ ਹੈ।ਅਸੀਂ ਨਿਵੇਸ਼ ਲਈ ਇੱਕ ਨਵੀਂ ਗੱਲਬਾਤ ਸ਼ੁਰੂ ਕਰਾਂਗੇ ਤਾਂ ਕਿ ਪਹਿਲਾਂ ਅਸੀਂ ਸਾਂਝੀ ਸਹਿਮਤੀ ਵਧਾ ਸਕੀਏ ਅਤੇ ਸਹਿਯੋਗ ਲਈ ਭਵਿੱਖ ਦੇ ਮੌਕਿਆਂ ਦਾ ਜਾਇਜ਼ਾ ਲਿਆ ਜਾ ਸਕੇ।
11. ਭਾਰਤ ਨੇ ਇੰਗਲੈਂਡ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਕਿ ਇੱਕ ਸਾਂਝਾ ਫਾਸਟ ਟਰੈਕ ਢਾਂਚਾ ਇੰਗਲੈਂਡ ਵਿੱਚ ਭਾਰਤੀ ਨਿਵੇਸ਼ ਲਈ ਕਾਇਮ ਕੀਤਾ ਜਾ ਸਕੇ ਜਿਸ ਨਾਲ ਕਿ ਭਾਰਤੀ ਵਪਾਰੀਆਂ ਨੂੰ ਵਧੇਰੇ ਮਦਦ ਮਿਲ ਸਕੇ।ਤਕਨੀਕੀ ਸਹਿਯੋਗ ਬਾਰੇ ਇੱਕ ਪ੍ਰੋਗਰਾਮ ਨਾਲ ਰੈਗੂਲੇਟਰੀ ਮਾਹੌਲ ਨੂੰ ਸੁਧਾਰਨ ਵਿੱਚ ਮਦਦ ਮਿਲੇਗੀ।ਦੋਵੇਂ ਧਿਰਾਂ ਵਪਾਰਕ ਭਾਈਚਾਰੇ ਦੀਆਂ ਪਹਿਲਕਦਮੀਆਂ ਦੀ ਹਮਾਇਤ ਕਰਨਗੀਆਂ।ਇਨ੍ਹਾਂ ਪਹਿਲਕਦਮੀਆਂ ਵਿੱਚ ਯੂਕੇ-ਇੰਡੀਆ ਸੀਈਓ ਫੋਰਮ, ਜਿਸ ਦੀ ਅੱਜ ਮੀਟਿੰਗ ਹੋ ਰਹੀ ਹੈ, ਵੱਲੋਂ ਪ੍ਰਸਤਾਵਿਤ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਹੋਣਗੀਆਂ ਤਾਂ ਕਿ ਭਾਰਤ ਅਤੇ ਇੰਗਲੈਂਡ ਵਿੱਚ ਸਾਂਝੇ ਤੌਰ ‘ਤੇ ਖੁਸ਼ਹਾਲੀ ਹਾਸਲ ਕੀਤੀ ਜਾ ਸਕੇ।
12. ਦੋਹਾਂ ਧਿਰਾਂ ਨੇ ਲੰਡਨ ਸ਼ਹਿਰ ਵੱਲੋਂ ਵਿਸ਼ਵ ਫਾਇਨਾਂਸ ਅਤੇ ਨਿਵੇਸ਼ ਵਿੱਚ ਨਿਭਾਈ ਗਈ ਭੂਮਿਕਾ ਦਾ ਸਵਾਗਤ ਕੀਤਾ।ਰੂਪੇ ਅਧਾਰਤ”ਮਸਾਲਾ ਬਾਂਡਜ਼” ਵਿੱਚੋਂ 75% ਲੰਡਨ ਸਟਾਕ ਐਕਸਚੇਂਜ ਵੱਲੋਂ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚੋ ਇੱਕ ਤਿਹਾਈ ਗ੍ਰੀਨ ਬਾਂਡ ਵੱਜੋਂ ਜਾਰੀ ਹੋਣਗੇ।
13. ਗਰੀਨ ਗਰੋਥ ਇੱਕਵਿਟੀ ਫੰਡ (ਜੀਜੀਈਐਫ), ਜੋ ਕਿ ਭਾਰਤ ਸਰਕਾਰ ਅਤੇ ਇੰਗਲੈਂਡ ਸਰਕਾਰ ਦੀ ਸਾਂਝੀ ਪਹਿਲਕਦਮੀ ਅਧੀਨ ਭਾਰਤ ਵਿੱਚ ਨੈਸ਼ਨਲ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ ਅਧੀਨ ਚਲ ਰਿਹਾ ਹੈ, ਵੱਲੋਂ ਭਾਰਤ ਦੇ ਤੇਜ਼ੀ ਨਾਲ ਉੱਭਰ ਰਹੇ ਅਖੁੱਟ ਊਰਜਾ ਖੇਤਰ ਵਿੱਚ ਪੈਸਾ ਲੱਗੇਗਾ।ਹਰ ਧਿਰ ਵੱਲੋਂ ਇਸ ਵਿੱਚ 120 ਮਿਲੀਅਨ ਪੌਂਡ ਲਗਾਉਣ ਦਾ ਵਾਅਦਾ ਕੀਤਾ ਗਿਆ ਹੈ।ਜੀਜੀਈਐਫ ਵੱਲੋਂ ਸੰਸਥਾਗਤ ਨਿਵੇਸ਼ਕਾਂ ਤੋਂ 500 ਮਿਲੀਅਨ ਪੌਂਡ ਇਕੱਠੇ ਕੀਤੇ ਜਾਣ ਦੀ ਆਸ ਹੈ।ਜੀਜੀਈਐਫ ਵੱਲੋਂ 175 ਜੀਡਬਲਿਊ ਅਖੁੱਟ ਊਰਜਾ ਸਮਰੱਥਾ ਦਾ ਟੀਚਾ 2022 ਤੱਕ ਹਾਸਲ ਕਰਨ ਦੇ ਯਤਨਾਂ ਵਿੱਚ ਮਦਦ ਕੀਤੀ ਜਾਵੇਗੀ।ਉਸ ਵੱਲੋਂ ਇਸ ਤੋਂ ਇਲਾਵਾ ਟ੍ਰਾਂਸਪੋਰਟੇਸ਼ਨ, ਪਾਣੀ ਅਤੇ ਕਚਰਾ ਪ੍ਰਬੰਧਨ ਵਿੱਚ ਵੀ ਪੈਸਾ ਲਗਾਇਆ ਜਾਵੇਗਾ।ਸਾਨੂੰ ਉਮੀਦ ਹੈ ਕਿ ਊਰਜਾ ਅਤੇ ਢਾਂਚਾ ਨੀਤੀ ਦੇ ਖੇਤਰ ਵਿੱਚ ਸਹਿਯੋਗ ਵਧੇਗਾ ਅਤੇ ਦੋਵਾਂ ਧਿਰਾਂ ਨੇ ਸਮਾਰਟ ਸ਼ਹਿਰੀਕਰਨ ਲਈ ਮਿਲ ਕੇ ਕੰਮ ਕਰਨ ਦਾ ਵੀ ਫੈਸਲਾ ਕੀਤਾ ਹੈ।
14. ਅਸੀਂ ਦੋ ਦੇਸ਼ਾਂ ਦਰਮਿਆਨ ਫਿਨਟੈੱਕ ਗੱਲਬਾਤ ਦੀ ਸ਼ੁਰੂਆਤ ਦਾ ਸਵਾਗਤ ਕਰਦੇ ਹਾਂ।ਇਸ ਵਿੱਚ ਪ੍ਰਸਤਾਵਿਤ ਨਵਾਂ ਰੈਗੂਲੇਟਰੀ ਸਮਝੌਤਾ ਵੀ ਸ਼ਾਮਿਲ ਹੈ।ਸਾਡਾ ਵਿੱਤੀ ਸੇਵਾਵਾਂ ਦਾ ਸਹਿਯੋਗ ਉਸ ਵੇਲੇ ਵਧੇਗਾ ਜਦੋਂ ਤਕਨੀਕੀ ਸਹਿਯੋਗ ਬਾਰੇ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ।ਇਸ ਪ੍ਰੋਗਰਾਮ ਅਧੀਨ ਇਨਸਾਲਵੈਂਸੀ, ਪੈਂਸ਼ਨ ਅਤੇ ਇੰਸ਼ੋਰੈਂਸ ਦੇ ਖੇਤਰ ਵਿੱਚ ਮਾਰਕੀਟ ਵਿਕਸਿਤ ਕੀਤੀ ਜਾਵੇਗੀ।ਇਸ ਤੋਂ ਇਲਾਵਾ ਵਿੱਤ ਮੰਤਰੀਆਂ ਦੀ ਜਦੋਂ ਇਸ ਸਾਲ ਬਾਅਦ ਵਿੱਚ ਆਰਥਿਕ ਅਤੇ ਵਿੱਤੀ ਗੱਲਬਾਤ ਲਈ ਮੀਟਿੰਗ ਹੋਵੇਗੀ, ਉਸ ਵਿੱਚ ਹੋਰ ਸਹਿਯੋਗ ਦੇ ਖੇਤਰਾਂ ਬਾਰੇ ਚਰਚਾ ਹੋਵੇਗੀ।
15. ਭਾਰਤ ਅਤੇ ਇੰਗਲੈਂਡ ਅੱਜ ਦੀ ਵਿਸ਼ਵ ਪੱਧਰੀ ਦੁਨੀਆ ਵਿੱਚ ਕੁਨੈਕਟੀਵਿਟੀ ਦੀ ਅਹਿਮੀਅਤ ਨੂੰ ਮਾਨਤਾ ਦਿੰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕੁਨੈਕਟੀਵਿਟੀ ਪਹਿਲਕਦਮੀਆਂ ਚੰਗੇ ਪ੍ਰਬੰਧਨ, ਕਾਨੂੰਨ ਦੇ ਨਿਯਮ, ਖੁਲ੍ਹੇਪਨ ਅਤੇ ਪਾਰਦਰਸ਼ਤਾ ਉੱਤੇ ਅਧਾਰਤ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਵੱਲੋ ਸਮਾਜਿਕ ਅਤੇ ਵਾਤਾਵਰਣ ਮਿਆਰਾਂ, ਵਿੱਤੀ ਜ਼ਿੰਮੇਵਾਰੀ ਦੇ ਸਿਧਾਂਤਾਂ, ਜਵਾਬਦੇਹ, ਕਰਜ਼ਾ, ਫਾਇਨਾਂਸਿੰਗ ਢੰਗਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਅਜਿਹੇ ਢੰਗ ਅਪਣਾਉਣੇ ਚਾਹੀਦੇ ਹਨ ਜੋ ਕਿ ਕੌਮਾਂਤਰੀ ਕਦਰਾਂ ਕੀਮਤਾਂ, ਮਿਆਰਾਂ ਅਨੁਸਾਰ ਹੋਣ।
ਜ਼ਿੰਮੇਵਾਰ ਵਿਸ਼ਵ ਲੀਡਰਸ਼ਿਪ
16. ਦੋਹਾਂ ਆਗੂਆਂ ਨੇ ਜਲਵਾਯੂ ਪਰਿਵਰਤਨ ਸਬੰਧੀ ਜੰਗ ਦੀ ਅਗਵਾਈ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।ਦੋਹਾਂ ਧਿਰਾਂ ਨੇ ਨੋਟ ਕੀਤਾ ਕਿ ਇਹ ਮੌਸਮ ਤਬਦੀਲੀ ਨਾਲ ਨਜਿੱਠਣ ਅਤੇ ਸੁਰੱਖਿਅਤ, ਪਹੁੰਚਯੋਗ ਅਤੇ ਨਿਰੰਤਰ ਜਾਰੀ ਰਹਿਣ ਯੋਗ ਊਰਜਾ ਦੀ ਸਪਲਾਈ ਪ੍ਰਮੁੱਖ ਸਾਂਝੀਆਂ ਪਹਿਲਾਂ ਹਨ।ਦੋਵੇਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਕਿ ਵਿਕਾਸ ਦੀ ਲਾਗਤ ਘਟਾਉਣ ਅਤੇ ਟੈਕਨੋਲੋਜੀ ਖੋਜ, ਗਿਆਨ ਸਾਂਝਾ ਕਰਨ, ਸਮਰੱਥਾ ਦੇ ਵਿਕਾਸ, ਵਪਾਰ ਅਤੇ ਨਿਵੇਸ਼ ਅਤੇ ਪ੍ਰੋਜੈਕਟ ਸਥਾਪਨਾ ਰਾਹੀਂ ਸਵੱਛ ਊਰਜਾ ਦੀ ਤੈਨਾਤੀ ਦੇ ਪ੍ਰੋਜੈਕਟ ਲਾਗੂ ਕਰਨੇ ਜ਼ਰੂਰੀ ਹਨ।
17. ਇੰਗਲੈਂਡ ਨੇ ਭਾਰਤ ਵੱਲੋਂ ਕੌਮਾਂਤਰੀ ਸੂਰਜੀ ਗੱਠਜੋੜ (ਆਈਐੱਸਏ) ਦੀ ਸਥਾਪਨਾ ਲਈ ਚੁੱਕੇ ਗਏ ਪ੍ਰੋਐਕਟਿਵ ਕਦਮਾਂ ਦਾ ਸਵਾਗਤ ਕੀਤਾ।ਦੋਹਾਂ ਆਗੂਆਂ ਨੇ ਨੋਟ ਕੀਤਾ ਕਿ ਆਈਐੱਸਏ ਅਤੇ ਲੰਡਨ ਸਟਾਕ ਐਕਚੇਂਜ (ਐਲਐਸਈ) ਵੱਲੋਂ ਦੋਹਾਂ ਸਰਕਾਰਾਂ ਦੇ ਸਹਿਯੋਗ ਨਾਲ ਸਾਂਝੇ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਗਿਆ।ਇਹ ਪ੍ਰੋਗਰਾਮ ਰਾਸ਼ਟਰ ਮੰਡਲ ਰਾਜਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਇਸ ਹਫਤੇ ਹੋਣ ਵਾਲੀ ਮੀਟਿੰਗ ਦੇ ਸਬੰਧ ਵਿੱਚ ਕੀਤਾ ਗਿਆ।ਇਸ ਸਮਾਰੋਹ ਰਾਹੀਂ ਇੰਗਲੈਂਡ ਨੇ ਅਲਾਇੰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਇਸ ਨਾਲ ਇੰਗਲੈਂਡ ਅਤੇ ਆਈਐਸਏ ਦਰਮਿਆਨ ਸੂਰਜੀ ਫਾਇਨਾਂਸਿੰਗ, ਅਗਲੀ ਪੀੜ੍ਹੀ ਦੀ ਸੂਰਜੀ ਟੈਕਨੋਲੋਜੀ ਵਿਕਸਿਤ ਕੀਤੇ ਜਾਣ ਅਤੇ ਇੰਗਲੈਂਡ ਦੀ ਸੂਰਜੀ ਵਪਾਰਕ ਮੁਹਾਰਤ ਦਾ ਪ੍ਰਦਰਸ਼ਨ ਹੋਇਆ।ਇਸ ਸਮਾਰੋਹ ਨੇ ਐਲਐਸਈ ਦੀ ਇੱਕ ਵਿੱਤੀ ਸੰਗਠਨ ਵੱਜੋਂ ਭੂਮਿਕਾ ਨੂੰ ਸਾਹਮਣੇ ਲਿਆਂਦਾ ਜੋ ਕਿ ਆਈਐਸਏ ਦੇ 1000 ਬਿਲੀਅਨ ਅਮਰੀਕੀ ਡਾਲਰ ਦੇ 2030 ਤੱਕ ਸੂਰਜੀ ਊਰਜਾ ਵਿੱਚ ਨਿਵੇਸ਼ ਦੇ ਟੀਚਿਆਂ ਨੂੰ ਅਗਾਂਹ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
18. ਮਜ਼ਬੂਤ ਲੋਕਰਾਜਾਂ ਵਜੋਂ ਸਾਡੀ ਇਹ ਇੱਛਾ ਹੈ ਕਿ ਅਸੀਂ ਉਨ੍ਹਾਂ ਸਭ ਨਾਲ ਮਿਲ ਕੇ ਕੰਮ ਕਰੀਏ ਜੋ ਕਿ ਸਾਡੇ ਉਸ ਟੀਚੇ ਨਾਲ ਸਹਿਮਤ ਹਨ ਕਿ ਨਿਯਮ ਅਧਾਰਤ ਕੌਮਾਂਤਰੀ ਢਾਂਚਾ ਤਿਆਰ ਹੋਵੇ ਜੋ ਕਿ ਕੌਮਾਂਤਰੀ ਨਿਯਮਾਂ, ਵਿਸ਼ਵ ਸ਼ਾਂਤੀ ਅਤੇ ਸਥਿਰਤਾ ਦੇ ਟੀਚੇ ਉੱਤੇ ਪੂਰਾ ਉਤਰੇ।ਭਾਰਤ ਅਤੇ ਇੰਗਲੈਂਡ ਮਿਲ ਕੇ ਇਸ ਅਨਿਸ਼ਚਿਤਤਾ ਵਾਲੀ ਦੁਨੀਆ ਵਿੱਚ ਚੰਗੇ ਲਈ ਕੰਮ ਕਰਨ ਵਾਲੀਆਂ ਤਾਕਤਾਂ ਹਨ।ਅਸੀਂ ਆਪਣਾ ਤਜਰਬਾ ਅਤੇ ਗਿਆਨ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝਾ ਕਰਨ ਲਈ ਤਿਆਰ ਹਾਂ।ਭਾਰਤ ਦਾ ਬਾਇਓ-ਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਇੰਗਲੈਂਡ ਕੈਂਸਰ ਰਿਸਰਚ ਯੂ ਕੇ 10 ਮਿਲੀਅਨ ਪੌਂਡ ਦੀ ਲਾਗਤ ਵਾਲੀ ਇੱਕ ਖੋਜ ਪਹਿਲਕਦਮੀ ਸ਼ੁਰੂ ਕਰਨ ਵਾਲੇ ਹਨ ਜੋ ਕਿ ਮੁੱਖ ਤੌਰ ਤੇ ਸਸਤੀ ਲਾਗਤ ਵਾਲੇ ਕੈਂਸਰ ਦੇ ਇਲਾਜ ਵੱਲ ਧਿਆਨ ਕੇਂਦ੍ਰਿਤ ਕਰੇਗੀ।ਇੰਗਲੈਂਡ ਦੀ ਬਾਇਓਟੈਕਨਾਲੋਜੀ ਐਂਡ ਬਾਇਓਲਾਜੀਕਲ ਸਾਇੰਸਿਜ਼ ਰਿਸਰਚ ਕੌਂਸਲ ਅਤੇ ਡੀਬੀਟੀ ਮਿਲ ਕੇ ”ਫਾਰਮਰ ਜ਼ੋਨ” ਦੀ ਪਹਿਲਕਦਮੀ ਦੀ ਅਗਵਾਈ ਕਰਨਗੀਆਂ।ਇਹ ਇੱਕ ਖੁਲ੍ਹਾ ਸੋਮਾ ਡਾਟਾ ਪਲੇਟਫਾਰਮ ਸਮਾਰਟ ਖੇਤੀ ਲਈ ਹੈ ਜਿਸ ਵਿੱਚ ਬਾਇਓਲਾਜੀਕਲ ਖੋਜ ਡਾਟਾ ਦੀ ਵਰਤੋਂ ਕਰਕੇ ਦੁਨੀਆ ਭਰ ਦੇ ਛੋਟੇ ਅਤੇ ਸੀਮਾਂਤੀ ਕਿਸਾਨਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕੀਤਾ ਜਾਵੇਗਾ।ਡੀਬੀਟੀ ਵੱਲੋਂ ਇੰਗਲੈਂਡ ਦੀ ਨੈਚੁਰਲ ਇਨਵਾਇਰਨਮੈਂਟਲ ਰਿਸਰਚ ਕੌਂਸਲ (ਐੱਨਈਆਰਸੀ) ਨਾਲ ਭਾਈਵਾਲੀ ਕੀਤੀ ਜਾਵੇਗੀ ਜਿਸ ਨੂੰ ਕਿ ਇੱਕ ਟੁਵਾਰਡਜ਼ ਏ ਸਸਟੇਨੇਬਲ ਅਰਥ ਪਹਿਲਕਦਮੀ (ਐੱਨਈਆਰਸੀ) ਵਜੋਂ ਜਾਣਿਆ ਜਾਵੇਗਾ।ਇਸ ਵਿੱਚ ਕਾਇਮ ਰਹਿਣ ਯੋਗ ਮਨੁੱਖੀ ਵਿਕਾਸ ਬਾਰੇ ਖੋਜਾਂ ਕੀਤੀਆਂ ਜਾਣਗੀਆਂ।
19. ਅਸੀਂ ਵਿਸ਼ਵ ਵਿਕਾਸ ਬਾਰੇ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਾਂਗੇ ਤਾਂ ਕਿ 2030 ਤੱਕ ਅੱਤ ਦੀ ਗਰੀਬੀ ਦੇ ਖਾਤਮੇ ਦੇ ਪ੍ਰੋਗਰਾਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ।ਅਸੀਂ ਇਹ ਯਕੀਨੀ ਬਣਾਵਾਂਗੇ ਕਿ ਵੱਧ ਰਹੇ ਵਿੱਤ, ਨਵੀਆਂ ਮਾਰਕੀਟਾਂ, ਵਪਾਰ, ਨਿਵੇਸ਼, ਕੁਨੈਕਟੀਵਿਟੀ ਅਤੇ ਆਰਥਿਕ ਸੰਗਠਨ ਦੇ ਲਾਭ ਵੱਧ ਤੋਂ ਵੱਧ ਦੇਸ਼, ਜਿਨ੍ਹਾਂ ਵਿੱਚ ਬਹੁਤ ਗਰੀਬ ਅਤੇ ਸੀਮਾਂਤੀ ਵੀ ਸ਼ਾਮਲ ਹਨ, ਉਠਾ ਸਕਣ ਤਾਂ ਕਿ ਵਧੇਰੇ ਖੁਸ਼ਹਾਲ ਅਤੇ ਸੁਰੱਖਿਅਤ ਭਵਿੱਖ ਤਿਆਰ ਹੋ ਸਕੇ।
ਰੱਖਿਆ ਅਤੇ ਸਾਈਬਰ ਸੁਰੱਖਿਆ
20. 2015 ਵਿੱਚ ਅਸੀਂ ਇੱਕ ਨਵੀਂ ਰੱਖਿਆ ਅਤੇ ਕੌਮਾਂਤਰੀ ਸੁਰੱਖਿਆ ਭਾਈਵਾਲੀ (ਡੀਆਈੇਐੱਸਪੀ) ਵਿਕਸਿਤ ਕਰਨ ਦਾ ਤਹੱਈਆ ਕੀਤਾ ਹੈ ਤਾਂ ਕਿ ਸੁਰੱਖਿਆ ਅਤੇ ਰੱਖਿਆ ਨੂੰ ਆਪਣੇ ਸਬੰਧਾਂ ਦਾ ਇੱਕ ਅਹਿਮ ਅਧਾਰ ਬਣਾ ਸਕੀਏ।ਜਿਸ ਤਰ੍ਹਾਂ ਦੀਆਂ ਸੁਰੱਖਿਆ ਧਮਕੀਆਂ ਸਾਨੂੰ ਮਿਲ ਰਹੀਆਂ ਹਨ, ਉਨ੍ਹਾਂ ਵਿੱਚ ਤਬਦੀਲੀ ਆ ਰਹੀ ਹੈ ਇਸ ਲਈ ਸਾਨੂੰ ਉਨ੍ਹਾਂ ਪ੍ਰਤੀ ਹੁੰਗਾਰਾ ਭਰਨ ਲਈ ਨਵੀਆਂ ਖੋਜਾਂ ਦਾ ਸਹਾਰਾ ਲੈਣਾ ਪਵੇਗਾ।ਅਸੀਂ ਅਜਿਹੀਆਂ ਟੈਕਨੋਲੋਜੀਆਂ ਦਾ ਡਿਜ਼ਾਈਨ ਤਿਆਰ ਕਰਨ, ਉਨ੍ਹਾਂ ਨੂੰ ਵਿਕਸਿਤ ਅਤੇ ਤਿਆਰ ਕਰਾਂਗੇ ਜੋ ਕਿ ਇਨ੍ਹਾਂ ਚੁਣੌਤੀਆਂ ਨਾਲ ਨਜਿੱਠ ਸਕੇ।ਸਾਡੀਆਂ ਸੁਰੱਖਿਆ ਅਤੇ ਮਿਲਟਰੀ ਫੋਰਸਾਂ ਅਜਿਹੀਆਂ ਟੈਕਨੋਲੋਜੀਆਂ, ਸਮੱਰਥਾਵਾਂ ਅਤੇ ਸਾਜ਼ੋ ਸਮਾਨ ਨੂੰ ਸਾਂਝਾ ਕਰਨਗੀਆਂ।
21. ਇੱਕ ਸੁਰੱਖਿਅਤ, ਸੁਤੰਤਰ, ਖੁੱਲ੍ਹਾ ਅਤੇ ਖੁਸ਼ਹਾਲ ਮਾਹੌਲ ਭਾਰਤ, ਇੰਗਲੈਂਡ ਅਤੇ ਕੌਮਾਂਤਰੀ ਭਾਈਚਾਰੇ ਦੇ ਹਿਤ ਵਿੱਚ ਹੈ।ਇੰਗਲੈਂਡ ਅਤੇ ਭਾਰਤ ਮਿਲ ਕੇ ਅਜਿਹੀਆਂ ਚੁਣੌਤੀਆਂ, ਜਿਵੇਂ ਕਿ ਚੋਰੀ ਰੋਕਣ ਅਤੇ ਨੇਵੀਗੇਸ਼ਨ ਦੀ ਸੁਰੱਖਿਆ ਦੀ ਰਾਖੀ ਲਈ ਕੰਮ ਕਰਨਗੇ।
22. ਅਸੀਂ ਇਸ ਗੱਲ ਲਈ ਸਹਿਮਤ ਹੋਏ ਕਿ ਸਾਈਬਰ ਸਪੇਸ ਵਿੱਚ ਕੌਮਾਂਤਰੀ ਸੁਰੱਖਿਆ ਅਤੇ ਸਥਿਰਤਾ ਲਈ ਮਿਲ ਕੇ ਕੰਮ ਕੀਤਾ ਜਾਵੇ।ਅਜਿਹਾ ਕੰਮ ਇੱਕ ਅਜਿਹੇ ਢਾਂਚੇ ਅਧੀਨ ਕੀਤਾ ਜਾਵੇ ਜੋ ਕਿ ਖੁੱਲ੍ਹੇ, ਸੁਤੰਤਰ ਅਤੇ ਸ਼ਾਂਤੀਪੂਰਨ ਅਤੇ ਸੁਰੱਖਿਅਤ ਸਾਈਬਰ ਸਪੇਸ ਲਈ ਰਾਜ ਦੇ ਵਤੀਰੇ ਪ੍ਰਤੀ ਕੌਮਾਂਤਰੀ ਕਾਨੂੰਨ ਨੂੰ ਲਾਗੂ ਕਰਨ ਨੂੰ ਮਾਨਤਾ ਦਿੰਦਾ ਹੋਵੇ।
ਦਹਿਸ਼ਤਵਾਦ ਦਾ ਮੁਕਾਬਲਾ
23. ਦੋਹਾਂ ਆਗੂਆਂ ਨੇ ਸਭ ਤਰ੍ਹਾਂ ਦੇ ਦਹਿਸ਼ਤਵਾਦ ਦੀ ਭਾਰੀ ਨਿੰਦਾ ਦੇ ਆਪਣੇ ਸਟੈਂਡ ਨੂੰ ਦੁਹਰਾਇਆ, ਜਿਸ ਵਿੱਚ ਭਾਰਤ ਅਤੇ ਇੰਗਲੈਂਡ ਵਿੱਚ ਚਲ ਹਾ ਅਤੇ ਦਹਿਸ਼ਤ ਸਬੰਧਤ ਘਟਨਾਵਾਂ ਸ਼ਾਮਲ ਹਨ।ਦੋਹਾਂ ਆਗੂਆਂ ਨੇ ਕਿਹਾ ਕਿ ਦਹਿਸ਼ਤਵਾਦ ਨੂੰ ਕਿਸੇ ਵੀ ਅਧਾਰ ਉੱਤੇ ਨਿਆਂਪੂਰਨ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਹ ਕਿਸੇ ਧਰਮ, ਜਾਤ, ਰਾਸ਼ਟ੍ਰੀਅਤਾ ਅਤੇ ਨਸਲ ਨਾਲ ਸਬੰਧਤ ਨਹੀਂ ਹੁੰਦਾ।
24. ਆਗੂਆਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਦਹਿਸ਼ਤਵਾਦੀ ਅਤੇ ਅੱਤਿਵਾਦੀ ਸੰਗਠਨਾਂ ਨੂੰ ਬੇਦੋਸ਼ੇ ਲੋਕਾਂ ਉੱਤੇ ਹਮਲਿਆਂ ਨੂੰ ਗਰਮਖਿਆਲਤਾ ਦਾ ਰੂਪ ਦੇਣ, ਭਰਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਇਸ ਦੇ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਦਹਿਸ਼ਤਵਾਦੀ ਢਾਂਚੇ ਨੂੰ ਨਸ਼ਟ ਕਰਨ, ਉਸ ਲਈ ਪੈਸੇ ਦਾ ਪ੍ਰਬੰਧ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ।
25. ਆਗੂ ਸਹਿਮਤ ਹੋਏ ਕਿ ਵਿਸ਼ਵ ਪੱਧਰੀ ਅੱਤਿਵਾਦੀਆਂ ਪ੍ਰਤੀ ਸਾਂਝੀ ਕਾਰਵਾਈ ਕਰਨ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਯਤਨ ਹੋਣੇ ਚਾਹੀਦੇ ਹਨ ਤਾਂ ਕਿ ਆਪਣੇ ਸ਼ਹਿਰੀਆਂ ਦੀ ਰਾਖੀ ਹੋ ਸਕੇ।ਇਨ੍ਹਾਂ ਅੱਤਿਵਾਦੀ ਸੰਗਠਨਾਂ ਵਿੱਚ ਲਸ਼ਕਰੇ-ਤਾਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ-ਮੁਜਾਹਦੀਨ, ਹੱਕਾਨੀਨੈੱਟਵਰਕ, ਅਲਕਾਇਦਾ, ਆਈਐਸਆਈਐਸ ਅਤੇ ਉਨ੍ਹਾਂ ਦੇ ਸਹਾਇੱਕ ਸੰਗਠਨ ਸ਼ਾਮਲ ਹਨ।ਇਸ ਤੋਂ ਇਲਾਵਾ ਆਨਲਾਈਨ ਅੱਤਿਵਾਦੀ ਤਿਆਰ ਕਰਨ ਵਿਰੁੱਧ ਅਤੇ ਉਨ੍ਹਾਂ ਦੇ ਹਿੰਸਕ ਅੱਤਿਵਾਦ ਨਾਲ ਨਜਿੱਠਣ ਲਈ ਸਹਿਯੋਗ ਹੋਣਾ ਚਾਹੀਦਾ ਹੈ।
26. ਸਾਲਿਸਬਰੀ ਵਿੱਚ ਜੋ ਭਿਆਨਕ ਰਸਾਇਣਕ ਅੱਤਿਵਾਦੀ ਹਮਲਾ ਹੋਇਆ ਸੀ, ਉਸ ਸੰਦਰਭ ਵਿੱਚ ਭਾਰਤ ਅਤੇ ਇੰਗਲੈਂਡ ਨੇ ਨਿਸ਼ਸਤਰੀਕਰਨ ਅਤੇ ਅਪ੍ਰਸਾਰ ਨੂੰ ਮਜ਼ਬੂਤ ਕਰਨ ਦਾ ਆਪਣਾ ਸਟੈਂਡ ਦੁਹਰਾਇਆ ਅਤੇ ਰਸਾਇਣਕ ਹਥਿਆਰਾਂ ਦੇ ਪ੍ਰਸਾਰ ਅਤੇ ਇਨ੍ਹਾਂ ਦੀ ਵਰਤੋਂ ਨੂੰ ਰੋਕਣ ਦਾ ਵਾਅਦਾ ਕੀਤਾ।ਉਨ੍ਹਾਂ ਨੇ ਸੀਰੀਅਨ ਅਰਬ ਰਿਪਬਲਿਕ ਵਿੱਚ ਰਸਾਇਣਕ ਹਥਿਆਰਾਂ ਦੀ ਹੋ ਰਹੀ ਵਰਤੋਂ ਉੱਤੇ ਚਿੰਤਾ ਪ੍ਰਗਟਾਈ।ਦੋਹਾਂ ਨੇ ਕਿਸੇ ਵੀ ਥਾਂ ਉੱਤੇ, ਕਿਸੇ ਵੀ ਸਮੇਂ, ਕਿਸੇ ਵੀ ਵਿਅਕਤੀ ਵੱਲੋਂ, ਕਿਸੇ ਵੀ ਸਥਿਤੀ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੇ ਜਾਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਰਸਾਇਣਕ ਹਥਿਆਰਾਂ ਬਾਰੇ ਕਨਵੈਨਸ਼ਨ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਚਨਬੱਧ ਹਨ।ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅਜਿਹੀ ਵਰਤੋਂ ਦੇ ਮਾਮਲਿਆਂਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ ਅਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਬਾਰੇ ਕੋਈ ਵੀ ਜਾਂਚ ਕਨਵੈਨਸ਼ਨ ਦੀਆਂ ਧਾਰਾਵਾਂ ਅਧੀਨ ਹੋਣੀ ਚਾਹੀਦੀ ਹੈ।
ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਤੱਕ
27. ਅਸੀਂ ਇੰਗਲੈਂਡ ਵਿੱਚ ਵਧੀਆ ਅਤੇ ਵਧੇਰੇ ਹੁਸ਼ਿਆਰ ਵਿਦਿਆਰਥੀਆਂ ਦੇ ਅਧਿਅਨ ਅਤੇ ਕੰਮ ਕਰਨ ਦਾ ਸਵਾਗਤ ਕਰਦੇ ਹਾਂ, ਖਾਸ ਤੌਰ ‘ਤੇ ਉਨ੍ਹਾਂ ਵਿਸ਼ਿਆਂ ਅਤੇ ਸੈਕਟਰਾਂ ਵਿੱਚ ਜੋ ਕਿ ਨਿਪੁੰਨਤਾ ਅਤੇ ਸਮਰੱਥਾ ਵਿਕਸਿਤ ਕਰਦੇ ਹਨ, ਜਿਸ ਨਾਲ ਦੋਹਾਂ ਦੇਸ਼ਾਂ ਦੀ ਖੁਸ਼ਹਾਲੀ ਵਿੱਚ ਵਾਧਾ ਹੋ ਸਕਦਾ ਹੈ।
28. ਦੋਹਾਂ ਆਗੂਆਂ ਨੇ ਭਾਰਤ-ਇੰਗਲੈਂਡ ਸੱਭਿਆਚਾਰਕ ਵਰ੍ਹੇ2017 ਦੀ ਸਫਲਤਾ ਨਾਲ ਸਮਾਪਤੀ ਦੀ ਪ੍ਰਸ਼ੰਸਾ ਕੀਤੀ।ਇੱਕ ਸਾਲ ਦੇ ਇਸ ਪ੍ਰੋਗਰਾਮ ਵਿੱਚ ਦੋਹਾਂ ਦੇਸ਼ਾਂ ਵੱਲੋਂ ਕਈ ਉੱਚ ਪੱਧਰ ਦੀਆਂ ਸੱਭਿਆਚਾਰਕ, ਕਲਾਤਮਕ ਅਤੇ ਸਾਹਿਤਕ ਰਵਾਇਤਾਂ ਦੀ ਪਾਲਣਾ ਹੋਈ ਅਤੇ ਡੂੰਘੇ ਸੱਭਿਆਚਾਰਕ ਵਟਾਂਦਰੇ ਹੋਏ ਜਿਸ ਨੇ ਭਾਰਤ ਅਤੇ ਇੰਗਲੈਂਡ ਦੇ ਸਬੰਧਾਂ ਨੂੰ ਮਜ਼ਬੂਤ ਕੀਤਾ।
29. ਦੋਹਾਂ ਆਗੂਆਂ ਨੇ ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਦੀ 70ਵੀਂ ਵਰ੍ਹੇਗੰਢ ਦਾ ਸਵਾਗਤ ਕੀਤਾ ਅਤੇ ਇਸ ਵੱਲੋਂ ਅਧਿਆਪਕਾਂ ਨੂੰ ਟਰੇਨਿੰਗ ਦੇਣ, ਨੌਜਵਾਨਾਂ ਨੂੰ ਨਿਪੁੰਨਤਾ ਪ੍ਰੋਗਰਾਮ ਮੁਹੱਈਆ ਕਰਵਾਉਣ ਅਤੇ ਸੱਭਿਆਚਾਰਕ ਆਦਾਨ ਪ੍ਰਦਾਨ ਦੀ ਹਮਾਇਤ ਕਰਨ ਦਾ ਵੀ ਸਵਾਗਤ ਕੀਤਾ।
30. ਦੋਵੇਂ ਆਗੂ ਸਹਿਮਤ ਸਨ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਇੱਕ ਜਿਊਂਦੇ ਪੁਲ ਵਾਂਗ ਹੈ ਜਿਸ ਨੇ ਕਿ ਵੱਡਾ ਆਸ਼ਾਵਾਦ ਪ੍ਰਦਾਨ ਕੀਤਾ ਹੈ ਕਿ ਭਾਰਤ ਅਤੇ ਇੰਗਲੈਂਡ ਦੀ ਅਗਲੀ ਪੀੜ੍ਹੀ ਇੱਕ ਵਧੇਰੇ ਮਜ਼ਬੂਤ ਵਟਾਂਦਰਾ ਅਤੇ ਰੁਝਾਨ ਪੈਦਾ ਕਰੇਗੀ।ਦੋਵੇਂ ਆਗੂ ਸਹਿਮਤ ਸਨ ਕਿ ਅਜਿਹੇ ਲਿਵਿੰਗ ਬ੍ਰਿਜ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਸਿੱਟਾ
31. ਅਸੀਂ ਇਸ ਨੂੰ ਰਣਨੀਤਿਕ ਭਾਈਵਾਲੀ ਵਿੱਚ ਬਦਲਣ ਲਈ ਵਚਨਬੱਧ ਹਾਂ, ਜੋ ਕਿ ਦੁਨੀਆ ਅਤੇ ਸਦੀ ਲਈ ਹੋਵੇ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਡੇ ਵਿਸ਼ੇਸ਼ ਸਬੰਧ ਹੋਰ ਮਜ਼ਬੂਤ ਹੋਣ। ਅਸੀਂ ਆਪਣੇ ਵਪਾਰਕ, ਸੱਭਿਆਚਾਰਰਕ ਅਤੇ ਬੁੱਧੀਜੀਵੀ ਆਗੂਆਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਦੇ ਹਾਂ ਕਿ ਭਾਰਤ ਅਤੇ ਇੰਗਲੈਂਡ ਦਰਮਿਆਨ ਜੋ ਲੱਖਾਂ -ਅੰਤਰ ਸੰਬਧ ਕਾਇਮ ਹੋਏ ਹਨ, ਪਰਿਵਾਰ ਤੋਂ ਵਿੱਤ, ਵਪਾਰ ਤੋਂ ਬਾਲੀਵੁੱਡ, ਖੇਡਾਂ ਤੋਂ ਵਿਗਿਆਨ, ਉਨ੍ਹਾਂ ਦੀ ਵਰਤੋਂ ਕਰਨ ਤਾਂਕਿ ਭਾਰਤ ਅਤੇ ਬ੍ਰਿਟੇਨ ਦਰਮਿਆਨ ਲੱਖਾਂ ਹੋਰ ਵਟਾਂਦਰੇ ਯਾਤਰਾ, ਵਪਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਹੋ ਸਕਣ।
32. ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਅਤੇ ਇੰਗਲੈਂਡ ਦੀ ਸਰਕਾਰ ਦਾ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫਦ ਨੂੰ ਹਾਸਲ ਹੋਈ ਨਿੱਘੀ ਮੇਜ਼ਬਾਨੀ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਆਗਾਮੀ ਭਾਰਤ ਦੌਰੇ ਸਮੇਂ ਉਨ੍ਹਾਂ ਦੇ ਸਵਾਗਤ ਦੀ ਤਾਂਘ ਪ੍ਰਗਟਾਈ ।
***
ਏਕੇਟੀ/ਐੱਸਐੱਚ/ਵੀਕੇ
Release ID 178767