ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਜੂਨ , 2018 ਨੂੰ ਦੇਹਰਾਦੂਨ ਵਿੱਚ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਅਗਵਾਈ ਕਰਨਗੇ।
ਪ੍ਰਧਾਨ ਮੰਤਰੀ ਉਨ੍ਹਾਂ ਹਜ਼ਾਰਾਂ ਵਲੰਟੀਅਰਾਂ ਵਿੱਚ ਸ਼ਾਮਲ ਹੋਣਗੇ ਜੋ ਹਿਮਾਲਿਆ ਦੀ ਗੋਦ ਵਿੱਚ ਸਥਿਤ ਵਣ ਖੋਜ ਸੰਸਥਨ, ਦੇਹਰਾਦੂਨ ਦੇ ਖੁੱਲ੍ਹੇ ਮੈਦਾਨ ਵਿੱਚ ਯੋਗ ਆਸਣ ਕਰ ਰਹੇ ਹਨ। ਇਸ ਅਵਸਰ ਨੂੰ ਮਨਾਉਣ ਲਈ ਯੋਗ ਨਾਲ ਸਬੰਧਤ ਸਰਗਰਮੀਆਂ ਦੀ ਇੱਕ ਲੜੀ ਵਿਸ਼ਵ ਭਰ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਪਹਿਲਾਂ 2015 ਵਿੱਚ ਨਵੀਂ ਦਿੱਲੀ ਦੇ ਰਾਜਪਥ, 2016 ਵਿੱਚ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਅਤੇ 2017 ਵਿੱਚ ਲਖਨਊ ਦੇ ਰਾਮਾਬਾਈ ਅੰਬੇਡਕਰ ਸਭਾ ਸਥਲ ਵਿਖੇ ਯੋਗ ਸਮਾਰੋਹਾਂ ਵਿੱਚ ਹਿੱਸਾ ਲੈ ਚੁੱਕੇ ਹਨ।
ਇਸ ਮੌਕੇ `ਤੇ ਵਿਸ਼ਵ ਦੇ ਯੋਗ ਉਤਸ਼ਾਹੀ ਲੋਕਾਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਭਾਰਤੀ ਪ੍ਰਾਚੀਨ ਸੰਤਾਂ ਵੱਲੋਂ ਮਾਨਵਤਾ ਨੂੰ ਦਿੱਤਾ ਗਿਆ ਇੱਕ ਵਡਮੁੱਲਾ ਤੋਹਫ਼ਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ, ” ਯੋਗ ਕੇਵਲ ਕਸਰਤਾਂ ਦਾ ਸਮੂਹ ਨਹੀਂ ਜੋ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਇਹ ਸਿਹਤ ਨੂੰ ਯਕੀਨੀ ਬਣਾਉਣ ਦਾ ਪਾਸਪੋਰਟ ਹੈ, ਫਿਟਨੈੱਸ ਅਤੇ ਵੈੱਲਨੈੱਸ ਦੀ ਕੁੰਜੀ ਹੈ। ਯੋਗ ਕੇਵਲ ਉਹ ਅਭਿਆਸ ਨਹੀਂ ਹੈ ਜੋ ਤੁਸੀਂ ਸਵੇਰ ਵੇਲੇ ਕਰਦੇ ਹੋ। ਆਪਣੀਆਂ ਰੋਜ਼ ਮੱਰਾ ਦੀਆਂ ਗਤੀਵਿਧੀਆਂ ਨੂੰ ਪੂਰੀ ਮੁਸ਼ੱਕਤ ਅਤੇ ਜਾਗਰੂਕਤਾ ਨਾਲ ਕਰਨਾ ਵੀ ਇੱਕ ਤਰ੍ਹਾਂ ਦਾ ਯੋਗ ਹੀ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅਸੰਜਮ ਦੀ ਦੁਨੀਆ ਵਿੱਚ ਯੋਗ, ਸੰਜਮ ਅਤੇ ਸੰਤੁਲਨ ਦਾ ਯਕੀਨ ਦਿਵਾਉਂਦਾ ਹੈ, ਮਾਨਸਿਕ ਤਣਾਅ ਤੋ ਪੀੜਤ ਦੁਨੀਆ ਲਈ ਸ਼ਾਂਤੀ ਯਕੀਨੀ ਬਣਾਉਂਦਾ ਹੈ, ਵਿਚਲਤ ਸੰਸਾਰ ਨੂੰ ਫੋਕਸ ਕਰਨ ਵਿੱਚ ਸਹਾਇਤਾ ਕਰਦਾ ਹੈ। ਯੋਗ ਡਰ ਦੀ ਦੁਨੀਆ ਨੂੰ ਉਮੀਦ, ਸ਼ਕਤੀ ਅਤੇ ਸਾਹਸ ਦਾ ਵਾਅਦਾ ਕਰਦਾ ਹੈ।”
ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਹੋਰ ਉਤਸ਼ਾਹ ਭਰਨ ਲਈ ਅਤੇ ਵੱਖ-ਵੱਖ ਯੋਗ ਆਸਣਾਂ ਦੀਂ ਪੇਚੀਦਗੀਆਂ ਨੂੰ ਸਾਂਝਾ ਕਰਨ ਲਈ ਪ੍ਰਧਾਨ ਮੰਤਰੀ ਇਸ ਨੂੰ ਸੋਸ਼ਲ ਮੀਡੀਆ `ਤੇ ਲੈ ਆਏ ਹਨ। ਉਨ੍ਹਾਂ ਨੇ ਵਿਸ਼ਵ ਭਰ ਦੇ ਵੱਖ-ਵੱਖ ਸਥਾਨਾਂ `ਤੇ ਯੋਗ ਕਰ ਰਹੇ ਲੋਕਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
***
ਏਕੇਟੀ/ਐੱਸਬੀਪੀ