Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ (22-23 ਅਗਸਤ, 2019) ਬਾਰੇ ਭਾਰਤ-ਫਰਾਂਸ ਦਾ ਸਾਂਝਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਵਿੱਚ 22 ਅਤੇ 23 ਅਗਸਤ, 2019 ਨੂੰ ਦੁਵੱਲੇ ਸਿਖ਼ਰ ਸੰਮੇਲਨ ਲਈ ਅਤੇ ਜੀ-7 ਦੀ ਫਰਾਂਸੀਸੀ ਪ੍ਰੈਜ਼ੀਡੈਂਸੀ ਤਹਿਤ, ਬਿਆਰਰਿਜ ਵਿੱਚ 25 ਅਤੇ 26 ਅਗਸਤ, 2019 ਨੂੰ ਜੀ- 7 ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਇਮੈਨੁਅਲ ਮੈਕਰੋਂ ਦੇ ਸੱਦੇ ਉੱਤੇ ਫਰਾਂਸ ਦਾ ਸਰਕਾਰੀ ਦੌਰਾ ਕੀਤਾ।

2. ਭਾਰਤ ਅਤੇ ਫਰਾਂਸ ਸਾਲ 1998 ਵਿੱਚ ਰਣਨੀਤਕ ਸਾਂਝੇਦਾਰ ਬਣ ਗਏ ਅਤੇ ਇਹ ਪਰੰਪਰਿਕ ਸਬੰਧ ਚਿਰਸਥਾਈ, ਭਰੋਸੇਮੰਦ, ਵਿਆਪਕ ਅਤੇ ਸਮਾਨ ਵਿਚਾਰਧਾਰਾ ਵਾਲਾ ਹੈ। ਭਾਰਤ-ਫਰਾਂਸ ਸਬੰਧ ਅਜਿਹੇ ਦੋ ਰਣਨੀਤਕ ਸਾਂਝੇਦਾਰਾਂ ਦਰਮਿਆਨ ਆਪਸੀ ਵਿਸ਼ਵਾਸ ‘ਤੇ ਅਧਾਰਿਤ ਹੈ ਜੋ ਹਮੇਸ਼ਾ ਇੱਕ-ਦੂਜੇ ਦਾ ਸਾਥ ਦਿੰਦੇ ਆਏ ਹਨ। ਇਹ ਸਬੰਧ, ਦੁਵੱਲੇ ਪੱਧਰ ਦੇ ਨਾਲ-ਨਾਲ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਵੀ ਇੱਕ ਢਾਂਚਾਗਤ ਸਾਂਝੇਦਾਰੀ ਵਿੱਚ ਵਿਕਸਿਤ ਹੋ ਗਿਆ ਹੈ। ਭਾਰਤ ਅਤੇ ਫਰਾਂਸ ਨੇ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਖੋਲ੍ਹ ਕੇ ਇਸ ਸਾਂਝੇਦਾਰੀ ਨੂੰ ਇੱਕ ਨਵੀਂ ਆਕਾਂਖਿਆ ਦੇਣ ਦਾ ਨਿਰਣਾ ਲਿਆ ਹੈ ।

3. ਦੋਹਾਂ ਪੱਖਾਂ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਦੇ ਨਾਲ-ਨਾਲ ਦੁਵੱਲਾ ਵਪਾਰ ਵਧਾਉਣ ਦੀ ਦਿਸ਼ਾ ਵਿੱਚ ਜ਼ਿਕਰਯੋਗ ਪ੍ਰਗਤੀ ਹੁੰਦੀ ਰਹੀ ਹੈ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ-ਫਰਾਂਸ ਪ੍ਰਸ਼ਾਸਕੀ ਆਰਥਿਕ ਅਤੇ ਵਪਾਰ ਕਮੇਟੀ (ਐੱਈਟੀਸੀ) ਦੁਵੱਲੇ ਵਪਾਰ ਅਤੇ ਨਿਵੇਸ਼ ਵਧਾਉਣ ਦੇ ਨਾਲ- ਨਾਲ ਆਰਥਿਕ ਸੰਚਾਲਕਾਂ ਦੇ ਹਿਤ ਵਿੱਚ ਬਜ਼ਾਰ ਪਹੁੰਚ ਨਾਲ ਜੁੜੇ ਮਸਲੇ ਛੇਤੀ ਸੁਲਝਾਉਣ ਦੇ ਤਰੀਕੇ ਦੱਸਣ ਲਈ ਇੱਕ ਸਮੁਚਿਤ ਰੂਪਰੇਖਾ ਉਪਲੱਬਧ ਕਰਾਉਂਦੀ ਹੈ। ਇਸ ਸਬੰਧ ਵਿੱਚ ਫਰਾਂਸੀਸੀ ਅਤੇ ਭਾਰਤੀ ਕੰਪਨੀਆਂ ਨਾਲ ਜੁੜੇ ਵਪਾਰ ਅਤੇ ਨਿਵੇਸ਼ ਦੇ ਮੁੱਦਿਆਂ ਨੂੰ ਸੁਲਝਾਉਣ ਦੇ ਕਾਰਜ ਨੂੰ ਸੰਯੁਕਤ ਰੂਪ ਵਿੱਚ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦੋਹਾਂ ਰਾਜ ਨੇਤਾਵਾਂ ਨੇ ਸੰਯੁਕਤ ਰੂਪ ਨੂੰ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਉੱਚ ਪੱਧਰੀ ਫਰਾਂਸ-ਭਾਰਤ ਆਰਥਿਕ ਅਤੇ ਵਿੱਤੀ ਸੰਵਾਦ ਨੂੰ ਨਵੇਂ ਸਿਰੇ ਤੋਂ ਤੁਰੰਤ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

4 . ਮਾਰਚ, 2018 ਵਿੱਚ ਰਾਸ਼ਟਰਪਤੀ ਮੈਕਰੋਂ ਦੀ ਭਾਰਤ ਦੀ ਸਰਕਾਰੀ ਯਾਤਰਾ ਦੌਰਾਨ ਅਪਣਾਏ ਗਏ ਸੰਯੁਕਤ ਵਿਜ਼ਨ ਦੇ ਅਨੁਰੂਪ ਫਰਾਂਸ ਅਤੇ ਭਾਰਤ ਨੇ ਪੁਲਾੜ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਦੀ ਇੱਛਾ ਜਤਾਈ ਹੈ, ਤਾਕਿ ਨਵੀਆਂ ਚੁਣੌਤੀਆਂ ਦਾ ਸਾਹਮਣਾ ਮਿਲ-ਜੁਲ ਕੇ ਕੀਤਾ ਜਾ ਸਕੇ, ਚਾਹੇ ਉਹ ਗ੍ਰਹਿਆਂ ਦੀ ਖੋਜ ਜਾਂ ਮਨੁੱਖ ਦੀ ਪੁਲਾੜ ਉਡਾਨ ਨਾਲ ਹੀ ਕਿਉਂ ਨਾ ਜੁੜੀ ਹੋਈ ਹੋਵੇ । ਇਸ ਨੂੰ ਧਿਆਨ ਵਿੱਚ ਰੱਖਦਿਆਂ ਫਰਾਂਸ ਅਤੇ ਭਾਰਤ ਨੇ ਉਨ੍ਹਾਂ ਭਾਰਤੀ ਪੁਲਾੜ ਯਾਤਰੀਆਂ ਲਈ ਮੈਡੀਕਲ ਸਪੋਰਟ ਪ੍ਰਸੋਨਲ (ਸਹਾਇਕ ਚਿਕਿਤਸਾ ਕਰਮੀਆਂ) ਨੂੰ ਸਿਖਲਾਈ ਦੇਣ ਦਾ ਨਿਰਣਾ ਲਿਆ ਹੈ, ਜੋ ਸਾਲ 2022 ਤੱਕ ਭਾਰਤ ਦੇ ਮਾਨਵਯੁਕਤ ਪੁਲਾੜ ਮਿਸ਼ਨ ਦਾ ਹਿੱਸਾ ਹੋਣਗੇ । ਇਹ ਸਿਖਲਾਈ ਫਰਾਂਸ ਦੇ ਨਾਲ-ਨਾਲ ਭਾਰਤ ਵਿੱਚ ਵੀ ਦਿੱਤੀ ਜਾਵੇਗੀ ।

5. ਦੋਵੇਂ ਦੇਸ਼ ਡਿਜੀਟਲ ਖੇਤਰ ਵਿੱਚ ਉਸ ਖੁੱਲ੍ਹੇ, ਸੁਰੱਖਿਅਤ ਅਤੇ ਸ਼ਾਂਤੀਪੂਰਨ ਸਾਈਬਰਸਪੇਸ ਦੇ ਜ਼ਰੀਏ ਆਰਥਿਕ ਅਤੇ ਸਾਮਾਜਿਕ ਵਿਕਾਸ ਨੂੰ ਜ਼ਰੂਰੀ ਸਹਿਯੋਗ ਦਿੰਦੇ ਹਨ, ਜਿੱਥੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਹੁੰਦਾ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਹਾਂ ਨੇਤਾਵਾਂ ਨੇ ਇੱਕ ਸਾਈਬਰ ਸੁਰੱਖਿਆ ਅਤੇ ਡਿਜੀਟਲ ਟੈਕਨੋਲੋਜੀ ਰੋਡਮੈਪ ਨੂੰ ਅਪਣਾਇਆ ਹੈ ਜਿਸ ਦਾ ਉਦੇਸ਼ ਖ਼ਾਸ ਤੌਰ ‘ਤੇ ਉੱਚ ਪ੍ਰਦਰਸ਼ਨ ਯੁਕਤ ਕੰਪਿਊਟਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਣਨੀਤਕ ਖੇਤਰਾਂ ਵਿੱਚ ਭਾਰਤ – ਫਰਾਂਸ ਦੁਵੱਲੇ ਸਹਿਯੋਗ ਨੂੰ ਵਧਾਉਣਾ ਹੈ। ਇਸ ਦਾ ਟੀਚਾ ਦੋਹਾਂ ਦੇਸ਼ਾਂ ਦੇ ਸਟਾਰਟ-ਅੱਪ ਪਰਿਵੇਸ਼ ਨੂੰ ਇੱਕ-ਦੂਜੇ ਦੇ ਕਰੀਬ ਲਿਆਉਣਾ ਹੈ।

6. ਦੋਹਾਂ ਨੇਤਾਵਾਂ ਨੇ ਭਾਰਤ ਵਿੱਚ 6 ਪਰਮਾਣੁ ਊਰਜਾ ਰਿਐਕਟਰਾਂ ਦੇ ਨਿਰਮਾਣ ਲਈ ਜੈਤਾਪੁਰ, ਮਹਾਰਾਸ਼ਟਰ ਵਿੱਚ ਸਾਲ 2018 ਵਿੱਚ ਦੋਹਾਂ ਪੱਖਾਂ ਦਰਮਿਆਨ ‘ਇੰਡਸਟ੍ਰੀਅਲ ਵੇ ਫਾਰਵਰਡ ਐਗਰੀਮੈਂਟ’ ਹੋਣ ਤੋਂ ਬਾਅਦ ਐੱਨਪੀਸੀਆਈਐੱਲ ਅਤੇ ਈਡੀਐੱਫ ਦਰਮਿਆਨ ਗੱਲਬਾਤ ਵਿੱਚ ਹੋਈ ਪ੍ਰਗਤੀ ‘ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਇਹ ਗੱਲ ਵੀ ਨੋਟ ਕੀਤੀ ਕਿ ਟੈਕਨੋ-ਕਮਰਸ਼ੀਅਲ ਪੇਸ਼ਕਸ਼ ਦੇ ਨਾਲ-ਨਾਲ ਪ੍ਰੋਜੈਕਟ ਦੇ ਵਿੱਤ ਪੋਸ਼ਣ ‘ਤੇ ਗੱਲਬਾਤ ਫ਼ਿਲਹਾਲ ਜਾਰੀ ਹੈ। ਇਸ ਦੇ ਇਲਾਵਾ ਭਾਰਤ ਵਿੱਚ ਨਿਰਮਾਣ ਦੇ ਰਾਹੀਂ ਸਥਾਨੀਕਰਨ ਵਧਾਉਣ ਦੇ ਤਰੀਕਿਆਂ ਅਤੇ ਦੋਹਾਂ ਪੱਖਾਂ ਵਿਚਕਾਰ ਸੀਐੱਲਐੱਨਡੀ ਅਧਿਨਿਯਮ ’ਤੇ ਆਪਸੀ ਸਮਝ ਵਧਾਉਣ ਲਈ ਵੀ ਵਿਚਾਰ-ਚਰਚਾ ਜਾਰੀ ਹੈ। ਦੋਹਾਂ ਪੱਖਾਂ ਨੇ ਫਿਰ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਗੱਲਬਾਤ ਨੂੰ ਸਰਗਰਮੀ ਨਾਲ ਜਾਰੀ ਰੱਖਣ ਲਈ ਸੰਕਲਪਬੱਧ ਹਨ, ਤਾਕਿ ਇਨ੍ਹਾਂ ਨੂੰ ਛੇਤੀ ਪੂਰਾ ਕੀਤਾ ਜਾ ਸਕੇ । ਉਨ੍ਹਾਂ ਨੇ ‘ਪ੍ਰਮਾਣੂ ਊਰਜਾ ਸਾਂਝੇਦਾਰੀ ਲਈ ਗਲਬੋਲ ਕੇਂਦਰ’ ਦੇ ਨਾਲ ਸਹਿਯੋਗ ਹੇਤੁ ਪਰਮਾਣੂ ਊਰਜਾ ਵਿਭਾਗ ਅਤੇ ਫਰੈਂਚ ਅਲਟਰਨੇਟਿਵ ਐੱਨਰਜੀਜ਼ ਅਤੇ ਪਰਮਾਣੂ ਊਰਜਾ ਆਯੋਗ (ਸੀਓ) ਦਰਮਿਆਨ ਸਹਿਮਤੀ ਪੱਤਰ ਨੂੰ ਜਨਵਰੀ, 2019 ਵਿੱਚ 5 ਸਾਲ ਹੋਰ ਵਧਾਉਣ ਦਾ ਸੁਆਗਤ ਕੀਤਾ।

7. ਦੁਵੱਲਾ ਸਹਿਯੋਗ ਮੁੱਖ ਰੂਪ ਵਿੱਚ ਰੱਖਿਆ ਖੇਤਰ ਵਿੱਚ ਮਹੱਤਵਪੂਰਨ ਸਾਂਝੇਦਾਰੀ ‘ਤੇ ਅਧਾਰਿਤ ਹੈ। ਵਰੁਣ ਨੌਸੈਨਾ ਅਤੇ ਗਰੁੜ ਹਵਾਈ ਅਭਿਆਸ ਦੇ 2019 ਸੰਸਕਰਣਾਂ ਦੀ ਸਫ਼ਲਤਾ ਦੀ ਸ਼ਲਾਘਾ ਕਰਦੇ ਹੋਏ ਫਰਾਂਸ ਅਤੇ ਭਾਰਤ ਨੇ ਆਪਣੇ ਹਥਿਆਰਬੰਦ ਬਲਾਂ ਦਰਮਿਆਨ ਸਹਿਯੋਗ ਨੂੰ ਹੋਰ ਅਧਿਕ ਵਧਾਉਣ ਦਾ ਸੰਕਲਪ ਪ੍ਰਗਟ ਕੀਤਾ । ਦੋਤਰਫਾ ਲੌਜਿਸਟਿਕਸ ਸਹਾਇਤਾ ਦੀ ਵਿਵਸਥਾ ਨਾਲ ਸਬੰਧਤ ਸਮਝੌਤੇ ‘ਤੇ ਹਸਤਾਖਰ ਕੀਤੇ ਜਾਣੇ ਇਸ ਪ੍ਰਯਤਨ ਦਾ ਸੰਕੇਤ ਹਨ।

8. ਰੱਖਿਆ ਉਦਯੋਗ ਵਿੱਚ ਸਹਿਯੋਗ ਭਾਰਤ ਅਤੇ ਫਰਾਂਸ ਦਰਮਿਆਨ ਸਾਮਰਿਕ (ਰਣਨੀਤਕ) ਸਾਂਝੇਦਾਰੀ ਦਾ ਇੱਕ ਮੁੱਖ ਅਧਾਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਅਤੇ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਨੇ ਹਸਤਾਖਰ ਕੀਤੇ ਸਮਝੌਤਿਆਂ ਦੇ ਲਾਗੂਕਰਨ, ਵਿਸ਼ੇਸ਼ ਤੌਰ ‘ਤੇ ਇਸ ਸਾਲ ਤੋਂ ਪਹਿਲਾਂ ਰਾਫੇਲ ਲੜਾਕੂ ਜਹਾਜ਼ ਦੀ ਡਿਲੀਵਰੀ ਕਰਨ ਦੀ ਦਿਸ਼ਾ ਵਿੱਚ ਹੋਈ ਤਰੱਕੀ ‘ਤੇ ਕਾਫ਼ੀ ਤਸੱਲੀ ਪ੍ਰਗਟ ਕੀਤੀ । ਦੋਹਾਂ ਪੱਖਾਂ ਨੇ ਬੜੀ ਤਸੱਲੀ ਦੇ ਨਾਲ ਇਹ ਗੱਲ ਰੇਖਾਂਕਿਤ ਕੀਤੀ ਕਿ ਭਾਰਤ ਦੇ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਬੜੀ ਤੇਜ਼ੀ ਨਾਲ ਫਰਾਂਸ ਦੇ ਰੱਖਿਆ ਅਤੇ ਐਰੋਸਪੇਸ ਓਈਐੱਮਜ਼ ਦੀ ਗਲੋਬਲ ਆਪੂਰਤੀ ਚੇਨ ਦਾ ਹਿੱਸਾ ਬਣਦੇ ਜਾ ਰਹੇ ਹਨ । ਦੋਹਾਂ ਪੱਖਾਂ ਨੇ ਇਸ ਰੁਝਾਨ ਨੂੰ ਅੱਗੇ ਵੀ ਜਾਰੀ ਰੱਖਣ ਦੀ ਪ੍ਰਤੀਬੱਧਤਾ ਜਤਾਈ।

9 . ਫਰਾਂਸ ਅਤੇ ਭਾਰਤ ਨੇ ਦੋਹਾਂ ਦੇਸ਼ਾਂ ਦੀ ਜਨਤਾ ਦਰਮਿਆਨ ਸੰਪਰਕ ਵਧਾਉਣ ਦੇ ਨਾਲ- ਨਾਲ ਸਭਿਆਚਾਰਕ ਅਦਾਨ-ਪ੍ਰਦਾਨ ਵਧਾਉਣ ‘ਤੇ ਵੀ ਸਹਿਮਤੀ ਜਤਾਈ । ਵਣਜ ਦੂਤਾਵਾਸ ਨਾਲ ਸਬੰਧਤ ਮੁੱਦਿਆਂ ‘ਤੇ ਨਿਯਮਿਤ ਸੰਵਾਦ ਸ਼ੁਰੂ ਕਰਨ ‘ਤੇ ਰਜ਼ਾਮੰਦੀ ਪ੍ਰਗਟ ਕੀਤੀ ਗਈ ਜਿਸ ਦੇ ਨਾਲ ਆਦਾਨ-ਪ੍ਰਦਾਨ ਅਤੇ ਗਤੀਸ਼ੀਲਤਾ ਵਿੱਚ ਸਹੂਲਤ ਹੋਵੇਗੀ । ਇੱਕ-ਦੂਜੇ ਦੇ ਦੇਸ਼ਾਂ ਵਿੱਚ ਯਾਤਰੀਆਂ ਨੂੰ ਪ੍ਰਾਥਮਿਕਤਾ ਦੇਣ ਦਾ ਸੁਆਗਤ ਕੀਤਾ ਗਿਆ । ਸਾਲ 2018 ਵਿੱਚ 7 ਲੱਖ ਭਾਰਤੀ ਸੈਲਾਨੀ ਫਰਾਂਸ ਘੁੰਮਣ ਗਏ ਜੋ ਸਾਲ 2017 ਦੀ ਤੁਲਨਾ ਵਿੱਚ 17 %ਅਧਿਕ ਹੈ । ਇਸੇ ਤਰ੍ਹਾਂ ਫਰਾਂਸ ਤੋਂ ਢਾਈ ਲੱਖ ਤੋਂ ਵੀ ਅਧਿਕ ਸੈਲਾਨੀ ਭਾਰਤ ਆਏ ।

10 . ਸਿੱਖਿਆ ਵੀ ਸਹਿਯੋਗ ਦਾ ਇੱਕ ਮਹੱਤਵਪੂਰਨ ਖੇਤਰ ਹੈ । ਦੋਹਾਂ ਪੱਖਾਂ ਨੇ ਭਾਰਤ ਅਤੇ ਫਰਾਂਸ ਦਰਮਿਆਨ ਵਿਦਿਆਰਥੀਆਂ ਦੀ ਆਵਾਜਾਈ ਦੀ ਮੌਜੂਦਾ ਹਾਲਤ ‘ਤੇ ਤਸੱਲੀ ਪ੍ਰਗਟ ਕੀਤੀ। ਭਾਰਤ ਵਿੱਚ ਫ੍ਰੈਂਚ (ਫ੍ਰਾਂਸੀਸੀ) ਭਾਸ਼ਾ ਦੀ ਪੜ੍ਹਾਈ ਦੀ ਸੁਵਿਧਾ ਦੇ ਨਾਲ- ਨਾਲ ਫਰਾਂਸ ਵਿੱਚ ਉਤਕ੍ਰਿਸ਼ਟਤਾ ਲਈ ਸਕੂਲਾਂ ਦੇ ਨੈੱਟਵਰਕ ਨੂੰ ਬਣਾਉਣ ਨਾਲ ਇਸ ਵਿੱਚ ਮਦਦ ਮਿਲੀ ਹੈ। ਸਾਲ 2018 ਵਿੱਚ ਮਿੱਥੇ 10, 000 ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਦੇ ਟੀਚੇ ਨੂੰ ਇਸ ਸਾਲ ਪੂਰਾ ਕਰ ਲਿਆ ਜਾਵੇਗਾ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਹਾਂ ਪੱਖਾਂ ਨੇ ਇਸ ਟੀਚੇ ਨੂੰ ਵਧਾਕੇ ਸਾਲ 2025 ਤੱਕ 20, 000 ਵਿਦਿਆਰਥੀ ਕਰਨ ਦਾ ਨਿਰਣਾ ਲਿਆ ਹੈ।

11 . ਉਨ੍ਹਾਂ ਨੇ ਅਕਤੂਬਰ , 2019 ਵਿੱਚ ਫਰਾਂਸ ਦੇ ਲਿਓਨ ਵਿੱਚ ਦੂਜਾ ਗਿਆਨ ਸਿਖ਼ਰ ਸੰਮੇਲਨ ਆਯੋਜਿਤ ਕਰਨ ਦਾ ਸਵਾਗਤ ਕੀਤਾ। ਇਸ ਸਿਖ਼ਰ ਸੰਮੇਲਨ ਨਾਲ ਐਰੋਸਪੇਸ, ਅਖੁੱਟ ਊਰਜਾ, ਸਮਾਰਟ ਸਿਟੀ, ਖੇਤੀਬਾੜੀ, ਸਮੁੰਦਰੀ ਵਿਗਿਆਨ ਅਤੇ ਆਰਟੀਫੀਸ਼ਲ ਇੰਟੈਲੀਜੇਂਸ ਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਕਾਰਪੋਰੇਟ ਇਕਾਈਆਂ ਦੇ ਨਾਲ ਅਕੈਡਮਿਕ ਅਤੇ ਵਿਗਿਆਨਿਕ ਸਾਂਝੇਦਾਰੀਆਂ ਕਰਨ ਵਿੱਚ ਮਦਦ ਮਿਲੇਗੀ । ਕੌਸ਼ਲ ਵਿਕਾਸ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਲਈ ਫਰਾਂਸ ਅਤੇ ਭਾਰਤ ਨੇ ਇੱਕ ਸਹਿਮਤੀ ਪੱਤਰ

‘ਤੇ ਹਸਤਾਖ਼ਰ ਕੀਤੇ।

12 . ਦੋਹਾਂ ਨੇਤਾਵਾਂ ਨੇ ਸੱਭਿਆਚਾਰ ਦੇ ਖੇਤਰ ਵਿੱਚ ਭਾਰਤ-ਫਰਾਂਸ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਦੀ ਸ਼ਲਾਘਾ ਕੀਤੀ ਜਿਸ ਨੂੰ ਇੱਕ-ਦੂਜੇ ਦੇ ਪ੍ਰਮੁੱਖ ਸੱਭਿਆਚਾਰਕ ਆਯੋਜਨਾਂ ਵਿੱਚ ਸਾਂਝੇਦਾਰੀ ਦੇ ਜ਼ਰੀਏ ਸਾਕਾਰ ਕੀਤਾ ਜਾਵੇਗਾ । ਇਹ ਨਿਰਣਾ ਲਿਆ ਗਿਆ ਕਿ ਪੈਰਿਸ ਅੰਤਰਰਾਸ਼ਟਰੀ ਪੁਸਤਕ ਮੇਲੇ ‘ਲਿਵਰੇ ਪੈਰਿਸ’ ਦੇ 2020 ਸੰਸਕਰਣ ਵਿੱਚ ਭਾਰਤ ‘ਕੰਟਰੀ ਆਵ੍ ਆਨਰ’ ਹੋਵੇਗਾ, ਦਿੱਲੀ ਸਥਿਤ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ, ਜਨਵਰੀ, 2020 ਵਿੱਚ ਭਾਰਤ ਵਿੱਚ ਫਰਾਂਸੀਸੀ ਕਲਾਕਾਰ ਗੇਗਰਡ ਗਾਰੋਉਸਤੇ ਦੀ ਪਹਿਲੀ ਪ੍ਰਦਰਸ਼ਨੀ ਆਯੋਜਿਤ ਕਰੇਗੀ। ਇਸੇ ਤਰ੍ਹਾਂ ਭਾਰਤ ਸਾਲ 2021-22 ਵਿੱਚ ‘ਨਮਸਤੇ ਫਰਾਂਸ’ ਦਾ ਪ੍ਰਬੰਧ ਕਰੇਗਾ। ਦੋਵੇਂ ਦੇਸ਼ ਸਾਲ 2019 ਦੇ ਅਖੀਰ ਵਿੱਚ ਇੱਕ ਕਾਰਜ ਯੋਜਨਾ ਨੂੰ ਅਪਣਾਉਣਗੇ ਜਿਸ ਦਾ ਉਦੇਸ਼ ਸਿਨੇਮਾ, ਵੀਡੀਓ ਗੇਮ ਅਤੇ ਵਰਚੁਅਲ ਰਿਅਲਟੀ ਦੇ ਖੇਤਰਾਂ ਵਿੱਚ ਸਹਿ- ਉਤਪਾਦਿਤ ਪ੍ਰੋਜੈਕਟਾਂ ਦੀ ਗਿਣਤੀ ਅਤੇ ਸਿਖਲਾਈ ਵਿੱਚ ਵਾਧਾ ਕਰਨਾ ਹੈ। ਫਰਾਂਸ ਅਤੇ ਭਾਰਤ ਨੇ ਦੋਹਾਂ ਦੇਸ਼ਾਂ ਵਿੱਚ ਫਿਲਮਾਂ ਦੀ ਸ਼ੂਟਿੰਗ ਵਿੱਚ ਸਹਿਯੋਗ ਕਰਨ ‘ਤੇ ਸਹਿਮਤੀ ਜਤਾਈ।

13. ਪ੍ਰਿਥਵੀ ਲਈ ਆਪਣੀ ਸਾਂਝੇਦਾਰੀ ਦੀ ਰੂਪ-ਰੇਖਾ ਦੇ ਤਹਿਤ, ਫਰਾਂਸ ਅਤੇ ਭਾਰਤ ਨੇ ਜਲਵਾਯੂ ਪਰਿਵਰਤਨ ਅਤੇ ਜੈਵ ਵਿਵਿਧਤਾ ਦੇ ਨੁਕਸਾਨ ਦੀ ਸਮੱਸਿਆ ਨਾਲ ਕਾਰਗਰ ਢੰਗ ਨਾਲ ਨਿਪਟਣ ਲਈ ਆਪਣੀ ਸਾਂਝੀ ਪ੍ਰਤਿਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ।

14 . ਬਹੁਪੱਧਰੀ ਯਾਨੀ, ਰਾਸ਼ਟਰੀ, ਖੇਤਰੀ ਅਤੇ ਗਲੋਬਲ ਪੱਧਰ ‘ਤੇ ਕਾਰਵਾਈ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹੋਏ ਫਰਾਂਸ ਅਤੇ ਭਾਰਤ ਨੇ ਸਾਰੇ ਹਿਤਧਾਰਕਾਂ ਨਾਲ 23 ਸਤੰਬਰ, 2019 ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ‘ਕਲਾਈਮੇਟ ਐਕਸ਼ਨ ਸਮਿਟ’ ਦੀ ਸਫਲਤਾ ਦੇ ਨਾਲ-ਨਾਲ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਿਪਟਣ ਲਈ ਗਲੋਬਲ ਪ੍ਰਯਤਨਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਯੋਗਦਾਨ ਦੇਣ ਦੀ ਬੇਨਤੀ ਕੀਤੀ।

15 . ਭਾਰਤ ਅਤੇ ਫਰਾਂਸ ਨੇ ਯੂਐੱਨਐੱਫਸੀਸੀਸੀ ਅਤੇ ਪੈਰਿਸ ਸਮਝੌਤੇ ਦੇ ਤਹਿਤ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਅਹਿਮੀਅਤ ਦੀ ਫਿਰ ਤੋਂ ਪੁਸ਼ਟੀ ਕੀਤੀ ਅਤੇ ਇਸ ਦੇ ਨਾਲ ਹੀ ਸਾਰੇ ਵਿਕਸਿਤ ਦੇਸ਼ਾਂ ਨੂੰ ਆਪਣੀਆਂ-ਆਪਣੀਆਂ ਪ੍ਰਤੀਬੱਧਤਾਵਾਂ ਦੇ ਅਨੁਰੂਪ ਆਪਣੇ ਪਹਿਲੇ ਪਰਿਪੂਰਨਤਾ ਚੱਕਰ ਦੇ ਤਹਿਤ ‘ਗਰੀਨ ਕਲਾਈਮੇਟ ਫੰਡ’ ਵਿੱਚ ਆਪਣਾ ਅੰਸ਼ਦਾਨ ਵਧਾਉਣ ਦੀ ਬੇਨਤੀ ਕੀਤੀ। ਪੈਰਿਸ ਸਮਝੌਤੇ ਦੇ ਟੀਚਿਆਂ ਦੇ ਨਾਲ-ਨਾਲ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਦੇ ਸੰਦਰਭ ਵਿੱਚ ਗਲੋਬਲ ਵਾਰਮਿੰਗ (1.5 ਡਿਗਰੀ ਸੈਲਸੀਅਸ) ਦੇ ਅਸਰ ਉੱਤੇ ਜਲਵਾਯੂ ਪਰਿਵਰਤਨ ਸਬੰਧੀ ਅੰਤਰ-ਸਰਕਾਰੀ ਪੈਨਲ ਦੀ ਵਿਸ਼ੇਸ਼ ਰਿਪੋਰਟ ਦੇ ਹਾਲੀਆ ਨਤੀਜਿਆਂ ਅਤੇ ਜਲਵਾਯੂ ਪਰਿਵਰਤਨ ਅਤੇ ਭੂਮੀ ‘ਤੇ ਆਈਪੀਸੀਸੀ ਦੀ ਵਿਸ਼ੇਸ਼ ਰਿਪੋਰਟ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਅਤੇ ਫਰਾਂਸ ਸਾਲ 2020 ਤੱਕ ਗਰੀਨਹਾਊਸ ਗੈਸ (ਜੀਐੱਚਜੀ) ਦੇ ਘੱਟ ਉਤਸਰਜਨ ਲਈ ਆਪਣੀਆਂ ਦੀਰਘਕਾਲੀ ਮਿਆਦ ਰਣਨੀਤੀਆਂ ਵਿਕਸਿਤ ਕਰਨਗੇ।

16 . ਬਿਆਰਰਿਜ਼ ਵਿੱਚ ਜੀ-7 ਸਿਖ਼ਰ ਸੰਮੇਲਨ ਅਤੇ 23 ਸਤੰਬਰ, 2019 ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਕਲਾਈਮੇਟ ਐਕਸ਼ਨ ਸਮਿਟ ਦੀ ਰੂਪਰੇਖਾ ਦੇ ਤਹਿਤ ਫਰਾਂਸ ਅਤੇ ਭਾਰਤ ਉਨ੍ਹਾਂ ਨਵੀਆਂ ਪਹਿਲਾਂ ਨੂੰ ਜ਼ਰੂਰੀ ਸਹਿਯੋਗ ਦੇਣਗੇ ਜਿਨ੍ਹਾਂ ਦਾ ਟੀਚਾ ਗਰੀਨਹਾਊਸ ਗੈਸ ਦੇ ਉਤਸਰਜਨ ਵਿੱਚ ਕਮੀ ਲਿਆਉਣਾ ਹੈ ਅਤੇ ਜੋ ਜਲਵਾਯੂ ਪਰਿਵਰਤਨ ਦੇ ਲਿਹਾਜ਼ ਤੋਂ ਉਪਯੁਕਤ ਹੈ। ਇਸ ਟੀਚੇ ਦੀ ਪੂਰਤੀ ਮੁੱਖ ਰੂਪ ਵਿੱਚ ਵਿੱਤੀ ਪ੍ਰਵਾਹ ਦੇ ਜ਼ਰੀਏ ਕੀਤੀ ਜਾਵੇਗੀ, ਜੋ ਪੈਰਿਸ ਸਮਝੌਤੇ ਦੇ ਉਦੇਸ਼ਾਂ ਦੇ ਅਨੁਰੂਪ ਵੀ ਹੋਵੇਗਾ । ਫਰਾਂਸ ਅਤੇ ਭਾਰਤ ਨੇ ਜੀ-20 ਸਿਖ਼ਰ ਸੰਮੇਲਨ ਦੇ ਦੌਰਾਨ ਕੀਤੀਆਂ ਗਈਆਂ ਪ੍ਰਤੀਬੱਧਤਾਵਾਂ ਨੂੰ ਦੁਹਰਾਇਆ ਜਿਸ ਵਿੱਚ ਦਰਮਿਆਨੀ ਰੈਸ਼ਨੇਲਾਈਜੇਸ਼ਨ ਅਵਧੀ (ਪ੍ਰਮਾਣੀਕਰਨ) ਅਤੇ ਜੀਵਾਸ਼ਮ ਈਂਧਣ ‘ਤੇ ਦਿੱਤੀ ਜਾਣ ਵਾਲੀ ਵਿਅਰਥ ਸਬਸਿਡੀ ਨੂੰ ਚਰਣਬੱਧ ਢੰਗ ਨਾਲ ਖ਼ਤਮ ਕਰਨ ਦੀ ਚਰਚਾ ਕੀਤੀ ਗਈ ਹੈ। ਇਸ ਵਿੱਚ ਸਭ ਤੋਂ ਅਸੁਰੱਖਿਅਤ ਨੂੰ ਟੀਚਾਗਤ ਸਹਾਇਤਾ ਦੇਣ ਅਤੇ ਉੱਚ ਸਮੀਖਿਆ ਵਿੱਚ ਮਿਲ-ਜੁਲ ਕੇ ਭਾਗ ਲੈਣ ਦਾ ਵੀ ਜ਼ਿਕਰ ਕੀਤਾ ਗਿਆ ਹੈ।

17. ਦੋਹਾਂ ਦੇਸ਼ਾਂ ਨੇ ਵਿਕਾਸ ਅਤੇ ਅਖੁੱਟ ਊਰਜਾ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਦੋਹਾਂ ਦੇਸ਼ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਰਾਹੀਂ ਮੈਂਬਰ ਦੇਸ਼ਾਂ ਵਿੱਚ ਸਮਰੱਥਾ ਨਿਰਮਾਣ ਨੂੰ ਸੰਤੋਸ਼ਜਨਕ ਦੱਸਿਆ। ਦੋਹਾਂ ਦੇਸ਼ਾਂ ਨੇ ਭਾਰਤ ਸੌਰ ਊਰਜਾ ਨਿਗਮ (ਐੱਸਈਸੀਆਈ) ਵੱਲੋਂ ਭੁਗਤਾਨ ਸੁਰੱਖਿਆ ਵਿਵਸਥਾ (ਪੀਐੱਸਐੱਮ) ਦੇ ਲਾਗੂਕਰਨ ਦੀ ਸ਼ਲਾਘਾ ਕੀਤੀ । ਦੋਹਾਂ ਦੇਸ਼ਾਂ ਨੇ ਸੌਰ ਜੋਖਮ ਘਟਾਉਣ ਪਹਿਲ (ਐੱਸਆਰਐੱਮਆਈ) ਦੇ ਸੰਦਰਭ ਵਿੱਚ ਵਿਸ਼ਵ ਬੈਂਕ ਅਤੇ ਫਰਾਂਸ ਵਿਕਾਸ ਏਜੰਸੀ ਦੀਆਂ ਉਪਲੱਬਧੀਆਂ ਦੀ ਸ਼ਲਾਘਾ ਕੀਤੀ । ਦੋਹਾਂ ਦੇਸ਼ਾਂ ਨੇ ਹਾਈਡ੍ਰੋਜਨ ਊਰਜਾ ਦੇ ਖੇਤਰ ਵਿੱਚ ਐੱਨਆਈਐੱਸਈ ਅਤੇ ਸੀਈਏ ਦਰਮਿਆਨ ਹੋਏ ਸਮਝੌਤੇ ਦਾ ਸੁਆਗਤ ਕੀਤਾ । ਭਾਰਤ ਅਤੇ ਫਰਾਂਸ, ਅਫ਼ਰੀਕਾ ਵਿੱਚ ਟਿਕਾਊ ਵਿਕਾਸ ਦੀ ਪ੍ਰਕਿਰਿਆ ਵਿੱਚ ਯੋਗਦਾਨ ਦੇ ਰਹੇ ਹਨ। ਦੋਹਾਂ ਦੇਸ਼ਾਂ ਨੇ ਇਸ ਮਹਾਦੀਪ ਵਿੱਚ ਸੰਯੁਕਤ ਪ੍ਰੋਜੈਕਟ ਲਾਗੂ ਕਰਨ ਵਿੱਚ ਆਪਸੀ ਸਹਿਯੋਗ ਦੀ ਇੱਛਾ ਪ੍ਰਗਟ ਕੀਤੀ। ਅਫ਼ਰੀਕਾ ਵਿੱਚ ਸੌਰ ਊਰਜਾ, ਸਿੰਚਾਈ ਅਤੇ ਗ੍ਰਾਮੀਣ ਵਿਕਾਸ ਖੇਤਰਾਂ ਵਿੱਚ ਤ੍ਰੈ-ਪੱਖੀ ਪ੍ਰੋਜੈਕਟਾਂ ਲਈ ਵਿਚਾਰ–ਵਟਾਂਦਰਾ ਜਾਰੀ ਹੈ। ਅਫ਼ਰੀਕਾ ਦੇ ਚਾਡ ਵਿੱਚ ਸੌਰ ਫੋਟੋਵੋਲਟਿਕ ਖੇਤਰ ਵਿੱਚ ਕੌਸ਼ਲ ਸਿਖਲਾਈ ਲਈ ਵੀ ਤ੍ਰੈ-ਪੱਖੀ ਸਮਝੌਤੇ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

18. ਜੈਵ ਵਿਭਿੰਨਤਾ ਵਿੱਚ ਗਿਰਾਵਟ ਅਤੇ ਫਰਾਂਸ ਵਿੱਚ ਆਯੋਜਿਤ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਦੇ ਜੈਵ ਵਿਵਿਧਤਾ ਚਾਰਟਰ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ 2020 ਵਿੱਚ ਆਯੋਜਿਤ ਹੋਣ ਵਾਲੇ ਪ੍ਰਮੁੱਖ ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਆਪਣੇ ਸਥਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਕਲਪਾਂ ਨੂੰ ਗਤੀ ਦੇਵੇਗਾ । ਇਨ੍ਹਾਂ ਸੰਮੇਲਨਾਂ ਵਿੱਚੋਂ ਆਈਯੂਸੀਐੱਨ ਵਰਲਡ ਸੁਰੱਖਿਆ ਸੰਮੇਲਨ, ਮਾਰਸਿਲੀ ਅਤੇ ਜੈਵ ਵਿਭਿੰਨਤਾ ‘ਤੇ ਕੌਪ-15 ਸੰਮੇਲਨ ਪ੍ਰਮੁੱਖ ਹਨ। ਸੰਸਾਰਿਕ ਜੈਵ ਵਿਭਿੰਨਤਾ ਰਣਨੀਤੀ ਦਾ ਸਫ਼ਲ ਲਾਗੂਕਰਨ ਸੰਸਾਧਨਾਂ ਦੀ ਵਿਵਸਥਾ ਕਰਨ ‘ਤੇ ਆਧਾਰਿਤ ਹੈ। ਚੁਣੌਤੀਆਂ ਦੇ ਅਨੁਸਾਰ ਵਿੱਤੀ ਸੰਸਾਧਨ ਜੁਟਾਏ ਜਾਣੇ ਚਾਹੀਦੇ ਹਨ। ਹੈਦਰਾਬਾਦ ਟੀਚਾ 2012 ਵਿੱਚ ਤੈਅ ਕੀਤਾ ਗਿਆ ਸੀ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਜੈਵ ਵਿਭਿੰਨਤਾ ਸੁਰੱਖਿਆ ਲਈ ਅੰਤਰਰਾਸ਼ਟਰੀ ਵਿੱਤੀ ਸੰਸਾਧਨਾਂ ਦੀ ਐਲੋਕੇਸ਼ਨ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।

19. ਭਾਰਤ ਅਤੇ ਫਰਾਂਸ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਕਿ ਮਹਾਸਾਗਰ, ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰਨ, ਜੈਵ ਵਿਭਿੰਨਤਾ ਦੀ ਸੁਰੱਖਿਆ ਕਰਨ ਅਤੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਦੋਵੇ ਦੇਸ਼ ਸਮੁੰਦਰੀ ਖੇਤਰ ਵਿੱਚ ਸਹਿਯੋਗ ਵਧਾਉਣ ‘ਤੇ ਸਹਿਮਤ ਹੋਏ। ਸਮੁੰਦਰੀ ਸੰਸਾਧਨਾਂ ਦੇ ਟਿਕਾਊ ਉਪਯੋਗ ਲਈ ਮਹਾਸਾਗਰ ਪ੍ਰਸ਼ਾਸਨ, ਨੀਲੀ ਅਰਥਵਿਵਸਥਾ ਅਤੇ ਤਟੀ ਸੁਰੱਖਿਆ, ਭਾਰਤ ਅਤੇ ਫਰਾਂਸ ਦੇ ਪ੍ਰਾਥਮਿਕਤਾ ਵਾਲੇ ਖੇਤਰ ਹਨ। ਹਿੰਦ ਮਹਾਸਾਗਰ ਸਮੇਤ ਸਾਰੇ ਮਹਾਸਾਗਰਾਂ ਦੀ ਬਿਹਤਰ ਸਮਝ ਲਈ ਦੋਵੇਂ ਪੱਖ ਸਮੁੰਦਰੀ ਵਿਗਿਆਨ ਖੋਜ ਵਿੱਚ ਸਮਝੌਤੇ ਦੀ ਸੰਭਾਵਨਾ ‘ਤੇ ਵਿਚਾਰ ਕਰਨਗੇ।

20. ਜੂਨ, 1994 ਵਿੱਚ ਪੈਰਿਸ ਵਿੱਚ ਆਯੋਜਿਤ ਸੰਮੇਲਨ ਦੇ ਸਿਲਵਰ ਜੁਬਲੀ ਸਮਾਰੋਹ ਦੇ ਅੰਤਰਗਤ ਮਾਰੂਥਲੀਕਰਨ ‘ਤੇ 14ਵਾਂ ਸੰਯੁਕਤ ਰਾਸ਼ਟਰ ਸੰਮੇਲਨ ਨਵੀਂ ਦਿੱਲੀ ਵਿੱਚ 2-13 ਸਤੰਬਰ, 2019 ਨੂੰ ਆਯੋਜਿਤ ਕੀਤਾ ਜਾਵੇਗਾ । ਫਰਾਂਸ ਅਤੇ ਭਾਰਤ ਨੇ ‘ਮਦਰ ਅਰਥ’ ਦੇ ਟਿਕਾਊ ਉਪਯੋਗ ਦੀ ਲੋੜ ‘ਤੇ ਬਲ ਦਿੱਤਾ । ਇੱਕ ਤਰਫ ਗ਼ਰੀਬੀ, ਅਸਮਾਨਤਾ ਅਤੇ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰਨ ਲਈ ਅਤੇ ਦੂਜੇ ਪਾਸੇ ਜਲਵਾਯੂ ਪਰਿਵਰਤਨ ਦੇ ਕੁਪ੍ਰਭਾਵਾਂ ਨੂੰ ਘੱਟ ਕਰਨ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਕਰਨ ਲਈ ਦੋਹਾਂ ਪੱਖਾਂ ਨੇ ਭੂਮੀ ਸੁਰੱਖਿਆ ਵਿੱਚ ਯੋਗਦਾਨ ਦੇ ਪ੍ਰਤੀ ਇੱਛਾ ਪ੍ਰਗਟ ਕੀਤੀ। ਇਹ ਉਪਾਅ ਲੈਂਡ ਡੀਗ੍ਰਡੇਸ਼ਨ ‘ਤੇ ਆਈਪੀਬੀਈਐੱਸ ਦੀ ਸਪੈਸ਼ਲ ਰਿਪੋਰਟ ਅਤੇ ਜਲਵਾਯੂ ਪਰਿਵਰਤਨ ਉੱਤੇ ਅਗਸਤ 2019 ਨੂੰ ਜਨੇਵਾ ਵਿੱਚ ਹੋਈ ਰਿਪੋਰਟ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਨਿਰਧਾਰਿਤ ਕੀਤੇ ਜਾਣਗੇ ।

21. ਇਸ ਭਾਵਨਾ ਦੇ ਤਹਿਤ ਭਾਰਤ ਅਤੇ ਫਰਾਂਸ, ਮੈਟ੍ਜ ਵਿੱਚ ਆਯੋਜਿਤ ਜੀ-7 ਵਾਤਾਵਰਣ ਮੰਤਰੀਆਂ ਦੀ ਬੈਠਕ ਵਿੱਚ ਲਏ ਗਏ ਨਿਰਣਿਆਂ ਨੂੰ ਉਤਸ਼ਾਹਿਤ ਕਰਨਗੇ । ਇਸ ਦੇ ਤਹਿਤ ਖੇਤੀਬਾੜੀ ਉਤਪਾਦਾਂ ਦੀ ਸਪਲਾਈ ਦੀ ਵਿਵਸਥਾ ਹੈ ਜਿਸ ਦੇ ਨਾਲ ਵਣਾਂ ਦੀ ਕਟਾਈ ਦੇ ਕੁਪ੍ਰਭਾਵ ਘੱਟ ਹੋਣਗੇ।

22. ਦੋਹਾਂ ਨੇਤਾਵਾਂ ਨੇ ਭਾਰਤ ਅਤੇ ਫਰਾਂਸ ਵਿੱਚ ਸੀਮਾ ਪਾਰਲੇ ਆਤੰਕਵਾਦ ਅਤੇ ਆਤੰਕਵਾਦੀ ਘਟਨਾਵਾਂ ਸਮੇਤ ਸਾਰੇ ਪ੍ਰਕਾਰ ਦੇ ਆਤੰਕਵਾਦ ਦੇ ਰੂਪਾਂ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ । ਦੋਹਾਂ ਨੇਤਾਵਾਂ ਨੇ ਕਿਹਾ ਕਿ ਕਿਸੇ ਵੀ ਅਧਾਰ ‘ਤੇ ਆਤੰਕਵਾਦ ਨੂੰ ਨਿਆਂਸੰਗਤ ਨਹੀਂ ਠਹਿਰਾਈਆ ਜਾ ਸਕਦਾ ਅਤੇ ਇਸ ਨੂੰ ਕਿਸੇ ਵੀ ਧਰਮ, ਜਾਤ, ਰਾਸ਼ਟਰੀਅਤਾ ਜਾਂ ਭਾਈਚਾਰੇ ਨਾਲ ਜੋੜਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ।

23 . ਜਨਵਰੀ, 2016 ਵਿੱਚ ਦੋਹਾਂ ਦੇਸ਼ਾਂ ਵੱਲੋਂ ਆਤੰਕਵਾਦ ‘ਤੇ ਜਾਰੀ ਸੰਯੁਕਤ ਬਿਆਨ ਨੂੰ ਯਾਦ ਕਰਦੇ ਹੋਏ ਦੋਹਾਂ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਆਤੰਕਵਾਦ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਸੰਕਲਪ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤਾਕੀਦ ਕੀਤੀ ਆਤੰਕਵਾਦ ਨਾਲ ਲੜਨ ਅਤੇ ਉਨ੍ਹਾਂ ਦੀ ਵਿੱਤੀ ਸਹਾਇਤਾ ਨੂੰ ਰੋਕਣ ਦੇ ਪ੍ਰਯਤਨਾਂ ਨੂੰ ਮਜ਼ਬੂਤ ਕੀਤਾ ਜਾਵੇ। ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਆਤੰਕਵਾਦ ਵਿੱਤੀ ਸਹਾਇਤਾ ਵਿਰੁੱਧ ਲੜਨ ਲਈ ਯੂਐੱਨਐੱਸਸੀ ਸੰਕਲਪ-2462 ਨੂੰ ਲਾਗੂ ਕਰਨਾ ਚਾਹੀਦਾ ਹੈ। ਦੋਹਾਂ ਨੇਤਾਵਾਂ ਨੇ ਇਸ ਵਿਸ਼ੇ ‘ਤੇ 7-8 ਨਵੰਬਰ ਨੂੰ ਮੈਲਬੋਰਨ ਵਿੱਚ ਆਯੋਜਿਤ ਹੋਣ ਵਾਲੀ ‘ਨੋ ਮਨੀ ਫਾਰ ਟੇਰਰ’, ਅਪ੍ਰੈਲ, 2018 ਨੂੰ ਪੈਰਿਸ ਵਿੱਚ ਆਯੋਜਿਤ ਸੰਮੇਲਨ ਤੇ ਅਧਾਰਿਤ ਹੈ ਅਤੇ ਪੈਰਿਸ ਏਜੇਂਡਾ ਦਾ ਸੁਆਗਤ ਕੀਤਾ। ਦੋਹਾਂ ਰਾਜ ਨੇਤਾਵਾਂ ਨੇ ਆਤੰਕਵਾਦ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਦੁਆਰਾ ਪ੍ਰਸਤਾਵਿਤ ਅੰਤਰਰਾਸ਼ਟਰੀ ਸੰਮੇਲਨ ਦੇ ਜਲਦੀ ਪ੍ਰਬੰਧ ‘ਤੇ ਸਹਿਮਤੀ ਪ੍ਰਗਟ ਕੀਤੀ ।

24 . ਦੋਹਾਂ ਨੇਤਾਵਾਂ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਆਤੰਕਵਾਦ ਨੂੰ ਸ਼ਰਨ ਦੇਣ ਵਾਲੇ ਖੇਤਰਾਂ, ਅਤੇ ਇਸ ਦੇ ਬੁਨਿਆਦੀ ਢਾਂਚੇ ਨੂੰ ਜੜ੍ਹ ਤੋਂ ਖ਼ਤਮ ਕਰਨਾ ਚਾਹੀਦਾ ਹੈ। ਆਤੰਕਵਾਦ ਦੇ ਨੈੱਟਵਰਕ ਅਤੇ ਉਨ੍ਹਾਂ ਦੀ ਵਿੱਤੀ ਸਹਾਇਤਾ ਨੂੰ ਵੀ ਜੜ੍ਹ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਅਲਕਾਇਦਾ, ਦਾਏਸ਼/ ਆਈਐੱਸਆਈਐੱਸ, ਜੈਸ਼-ਏ-ਮੋਹੰਮਦ, ਹਿਜ਼ਬੁਲ ਮੁਜਾਹਿਦੀਨ, ਲਸ਼ਕਰ-ਏ-ਤੈਇਬਾ ਅਤੇ ਇਨ੍ਹਾਂ ਦੇ ਸਹਿਯੋਗੀ ਸੰਗਠਨਾਂ ਨਾਲ ਜੁੜੇ ਆਤੰਕਵਾਦੀਆਂ ਦੀ ਸੀਮਾ ਪਾਰ ਆਵਾਜਾਈ ‘ਤੇ ਰੋਕ ਲਗਾਈ ਜਾਣੀ ਚਾਹੀਦੀ ਹੈ, ਜੋ ਦੱਖਣ ਏਸ਼ੀਆ ਅਤੇ ਸਾਹੇਲ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਹੈ।

25 . ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੀਆਂ ਨੋਡਲ ਏਜੇਂਸੀਆਂ ਅਤੇ ਜਾਂਚ ਏਜੇਂਸੀਆਂ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ । ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਔਨਲਾਈਨ ਰੈਡਿਕਲਾਇਜੇਸ਼ਨ ਦਾ ਸਾਹਮਣਾ ਕਰਨ ਲਈ ਆਪਸੀ ਸਹਿਯੋਗ ਵਧਾਉਣਗੇ।

26. ਦੋਹਾਂ ਨੇਤਾਵਾਂ ਨੇ 15 ਮਈ ਨੂੰ ਪੈਰਿਸ ਵਿੱਚ ਆਯੋਜਿਤ ਕ੍ਰਾਈਸਟਚਰਚ ਕਾਲ ਟੂ ਐਕਸ਼ਨ ਨੂੰ ਲਾਗੂ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਦੀ ਪੁਸ਼ਟੀ ਕੀਤੀ। ਇਸ ਦੇ ਤਹਿਤ ਆਤੰਕਵਾਦ ਅਤੇ ਹਿੰਸਕ ਅਤਿਵਾਦ ਨਾਲ ਜੁੜੀ ਔਨਲਾਇਨ ਸਮੱਗਰੀ ਨੂੰ ਖਤਮ ਕਰਨ ਦੀ ਵਿਵਸਥਾ ਹੈ । ਦੋਹਾਂ ਰਾਜ ਨੇਤਾਵਾਂ ਨੇ ਯੂਐੱਨ, ਜੀਸੀਟੀਐੱਫ, ਐੱਫਏਟੀਐੱਫ, ਜੀ-20 ਆਦਿ ਬਹੁਪੱਖੀ ਅੰਤਰਰਾਸ਼ਟਰੀ ਮੰਚਾਂ ‘ਤੇ ਆਤੰਕਵਾਦ ਵਿਰੋਧੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਸੰਯੁਕਤ ਮੈਂਬਰ ਦੇਸ਼ਾਂ ਨਾਲ ਯੂਐੱਨਐੱਸਸੀ ਸੰਕਲਪ- 1267 ਅਤੇ ਹੋਰ ਪ੍ਰਸਤਾਵਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ । ਦੋਹਾਂ ਰਾਜ ਨੇਤਾਵਾਂ ਨੇ ਯੂਐੱਨ ਵਿੱਚ ਅੰਤਰਰਾਸ਼ਟਰੀ ਆਤੰਕਵਾਦ ‘ਤੇ ਵਿਆਪਕ ਸੰਮੇਲਨ (ਸੀਸੀਆਈਟੀ) ਨੂੰ ਛੇਤੀ ਕਰਵਾਉਣ ਕਰਨ ਲਈ ਨਾਲ ਮਿਲਕੇ ਕੰਮ ਕਰਨ ਉੱਤੇ ਸਹਿਮਤੀ ਪ੍ਰਗਟ ਕੀਤੀ।

27 . ਭਾਰਤ ਅਤੇ ਫਰਾਂਸ, ਭਾਰਤ- ਪ੍ਰਸ਼ਾਂਤ ਖੇਤਰ ਸਮੇਤ ਸਾਰੇ ਮਹਾਸਾਗਰਾਂ ਵਿੱਚ ਆਵਾਗਮਨ ਦੀ ਸੁਤੰਤਰਤਾ ਬਣਾਈ ਰੱਖਣ ਲਈ ਪ੍ਰਤੀਬੱਧ ਹਨ। ਮਾਰਚ, 2018 ਵਿੱਚ ਫਰਾਂਸ ਦੇ ਰਾਸ਼ਟਰਪਤੀ ਸ਼੍ਰੀ ਮੈਕਰੋਂ ਦੀ ਭਾਰਤ ਦੀ ਯਾਤਰਾ ਦੌਰਾਨ ਭਾਰਤੀ ਮਹਾਸਾਗਰ ਖੇਤਰ ਵਿੱਚ ਭਾਰਤ-ਫਰਾਂਸ ਸਹਿਯੋਗ ਉੱਤੇ ਸੰਯੁਕਤ ਰਣਨੀਤਕ ਦ੍ਰਿਸ਼ਟੀਕੋਣ ‘ਤੇ ਸਹਿਮਤੀ ਬਣੀ ਸੀ। ਫਰਾਂਸ ਅਤੇ ਭਾਰਤ ਨੇ ਇਸ ਕੋਸ਼ਿਸ਼ ਦੇ ਤੁਰੰਤ ਲਾਗੂਕਰਨ ਦਾ ਸਵਾਗਤ ਕੀਤਾ ।

28 . ਭਾਰਤ ਅਤੇ ਫਰਾਂਸ ਨੇ ਵਾਈਟ ਸ਼ਿਪਿੰਗ ਐਗਰੀਮੈਂਟ ਦੇ ਲਾਗੂਕਰਨ ਲਈ ਗੁਰੂਗ੍ਰਾਮ ਦੇ ਇਨਫਰਮੇਸ਼ਨ ਫਿਊਜ਼ਨ ਸੈਂਟਰ-ਇੰਡੀਅਨ ਓਸ਼ਨ ਰੀਜਨ (ਆਈਐੱਫਸੀ-ਆਈਓਆਰ) ਵਿੱਚ ਫਰਾਂਸੀਸੀ ਅਧਿਕਾਰੀ ਦੀ ਨਿਯੁਕਤੀ ਦਾ ਸਵਾਗਤ ਕੀਤਾ ।

29 . ਭਾਰਤ ਅਤੇ ਫਰਾਂਸ ਨੇ ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ (ਆਈਓਆਰਏ) ਵਿੱਚ ਸਹਿਯੋਗ ਦੀ ਇੱਛਾ ਪ੍ਰਗਟ ਕੀਤੀ। ਫਰਾਂਸ, ਇੰਡੀਅਨ ਓਸ਼ਨ ਨੇਵਲ ਸਿੰਪੋਜੀਅਮ (ਆਈਓਐੱਨਐੱਸ) ਵਿੱਚ ਭਾਰਤ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ ਅਤੇ ਫਰਾਂਸ 2020 – 22 ਤੱਕ ਇਸ ਦੀ ਪ੍ਰਧਾਨਗੀ ਕਰੇਗਾ ।

30. ਫਰਾਂਸ ਅਤੇ ਭਾਰਤ ਲੋਕਤੰਤਰੀ ਸਮਾਜ ਹਨ, ਜੋ ਬਹੁਲਤਾਵਾਦ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹੈ। ਡਿਜੀਟਲ ਟਰਾਂਸਫਰਮੇਸ਼ਨ, ਜਲਵਾਯੂ ਪਰਿਵਰਤਨ ਅਤੇ ਜੈਵ ਵਿਭਿੰਨਤਾ ਵਿੱਚ ਕਮੀ ਜਿਹੀਆਂ ਚੁਣੌਤੀਆਂ ਦਾ ਬਿਹਤਰ ਸਾਹਮਣਾ ਕਰਨ ਲਈ ਫਰਾਂਸ ਜੀ-7 ਸਿਖ਼ਰ ਸੰਮੇਲਨ ਵਿੱਚ ਭਾਰਤ ਨੂੰ ਜੋੜਨਾ ਚਾਹੁੰਦਾ ਹੈ । ਫਰਾਂਸ ਅਤੇ ਭਾਰਤ ਚਾਹੁੰਦੇ ਹਨ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਕੀਤਾ ਜਾਵੇ ਅਤੇ ਭਾਰਤ ਨੂੰ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ । ਦੋਵੇਂ ਦੇਸ਼ ਚਾਹੁੰਦੇ ਹਨ ਕਿ ਜੂਨ, 2020 ਵਿੱਚ ਆਯੋਜਿਤ ਹੋਣ ਵਾਲੇ 12ਵੇਂ ਮੰਤਰੀ ਪੱਧਰ ਦੇ ਸੰਮੇਲਨ ਸਮੇਤ ਵਿਸ਼ਵ ਵਪਾਰ ਸੰਗਠਨ ਦਾ ਆਧੁਨਿਕੀਕਰਨ ਕੀਤਾ ਜਾਣਾ ਚਾਹੀਦਾ ਹੈ । ਸੰਗਠਨ ਦੇ ਨਿਯਮਾਂ ਅਤੇ ਕਾਰਜਪ੍ਰਣਾਲੀ ਨੂੰ ਅੱਪਡੇਟ ਕੀਤਾ ਜਾਣਾ ਚਾਹੀਦਾ ਹੈ। ਵਿਕਾਸ ਲਈ ਬਹੁਪੱਖੀ ਵਪਾਰ ਪ੍ਰਣਾਲੀ ਜ਼ਰੂਰੀ ਹੈ। ਇਸ ਦੇ ਲਈ ਉਚਿਤ ਪਾਰਦਰਸ਼ੀ ਅਤੇ ਨਿਯਮ ਅਧਾਰਿਤ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਵਿਵਾਦ – ਸਮਾਧਾਨ ਪ੍ਰਣਾਲੀ ਨੂੰ ਬਿਹਤਰ ਅਤੇ ਆਧੁਨਿਕ ਬਣਾਇਆ ਜਾਣਾ ਚਾਹੀਦਾ ਹੈ।

31 . ਯੂਰਪੀ ਸੰਘ ਇਸ ਦੁੱਵਲੇ ਸਬੰਧ ਦੀ ਕਦਰ ਵਧਾਉਂਦਾ ਹੈ, ਇਸ ਗੱਲ ਤੋਂ ਜਾਗਰੂਕ ਫਰਾਂਸ ਅਤੇ ਭਾਰਤ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਅਤੇ ਯੂਰਪੀ ਸੰਘ ਦਰਮਿਆਨ ਵਪਾਰ, ਨਿਵੇਸ਼ ਅਤੇ ਇਨੋਵੇਸ਼ਨ ਅਤੇ ਰਣਨੀਤਕ ਅਤੇ ਬਹੁਪੱਖੀ ਮਾਮਲਿਆਂ ਵਿੱਚ ਸਬੰਧ ਹੋਰ ਡੂੰਘੇ ਹੋਣਗੇ ।

32. ਫਰਾਂਸ ਅਤੇ ਭਾਰਤ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਵਿੱਚ ਪ੍ਰਮੁੱਖਤਾ ਨਾਲ ਸਹਿਯੋਗ ਪ੍ਰਦਾਨ ਕਰਦੇ ਹਨ। ਦੋਵੇਂ ਦੇਸ਼ ਅਫ਼ਗਾਨਿਸਤਾਨ ਵਿੱਚ ਸਮਾਵੇਸ਼ੀ ਸ਼ਾਂਤੀ ਅਤੇ ਆਪਸੀ ਵਿਚਾਰ-ਵਟਾਂਦਰੇ ਦਾ ਸਮਰਥਨ ਕਰਦੇ ਹਨ। ਸ਼ਾਂਤੀ ਪ੍ਰਕਿਰਿਆ ਅਫ਼ਗਾਨ ਦੀ ਅਗਵਾਈ ਵਿੱਚ ਅਤੇ ਅਫ਼ਗਾਨ ਦੇ ਕਾਬੂ ਵਿੱਚ ਹੋਣੀ ਚਾਹੀਦੀ ਹੈ। ਇਸ ਨਾਲ ਰਾਜਨੀਤਕ ਸਮਾਧਾਨ ਸਥਾਈ ਹੋਵੇਗਾ। ਪਿਛਲੇ 18 ਸਾਲ ਵਿੱਚ ਪ੍ਰਾਪਤ ਸੰਵਿਧਾਨਕ ਵਿਵਸਥਾ, ਮਾਨਵ ਅਧਿਕਾਰ, ਮਹਿਲਾਵਾਂ ਦੇ ਅਧਿਕਾਰ ਅਤੇ ਸੁਤੰਤਰਤਾ ਦੀ ਸੁਰੱਖਿਆ ਸੰਭਵ ਹੋ ਸਕੇਗੀ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਲਈ ਸਮੇਂ ‘ਤੇ ਰਾਸ਼ਟਰਪਤੀ ਚੋਣ, ਆਤੰਕਵਾਦੀ ਹਿੰਸਾ ਦਾ ਅੰਤ ਅਤੇ ਆਤੰਕਵਾਦੀਆਂ ਨੂੰ ਸ਼ਰਨ ਦੇਣ ਵਾਲੇ ਖੇਤਰਾਂ ਨੂੰ ਖਤਮ ਕਰਨ ਦਾ ਸੱਦਾ ਦਿੱਤਾ।

33 . ਫਰਾਂਸ ਅਤੇ ਭਾਰਤ ਨੇ ਇਰਾਨ ਨਿਊਕਲੀਅਰ ਪ੍ਰੋਗਰਾਮ ‘ਤੇ ਸੰਯੁਕਤ ਵਿਆਪਕ ਕਾਰਜ ਯੋਜਨਾ (ਜੇਸੀਪੀਓਏ) ਦੇ ਪੂਰਨ ਲਾਗੂਕਰਨ ‘ਤੇ ਸਹਿਮਤੀ ਜਤਾਈ। ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸੰਕਲਪ- 2231 ਦਾ ਲਾਗੂਕਰਨ ਜ਼ਰੂਰੀ ਹੈ। ਆਪਸ ਵਿੱਚ ਗੱਲਬਾਤ ਰਾਹੀਂ ਵਰਤਮਾਨ ਵਿਵਾਦਾਂ ਦਾ ਸਮਾਧਾਨ ਕੀਤਾ ਜਾਣਾ ਚਾਹੀਦਾ ਹੈ।
34. ਆਪਸ ਵਿੱਚ ਸਹਿਯੋਗ ਦੀ ਵਰਤਮਾਨ ਸਥਿਤੀ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਦੋਹਾਂ ਪੱਖਾਂ ਨੇ ਖੇਤਰੀ ਅਤੇ ਆਲਸੀ ਮਹੱਤਵ ਦੇ ਵਿਸ਼ਿਆਂ ‘ਤੇ ਆਪਸੀ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ।

***

ਵੀਆਰਆਰਕੇ/ਐੱਸਐੱਚ/ਏਕੇ