ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੈਨੇਟਰ ਜੌਨ ਕੌਰਨਾਇਨ ਦੀ ਅਗਵਾਈ ਹੇਠਲੇ ਅਮਰੀਕੀ ਸੰਸਦ ਦੇ ਵਫ਼ਦ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਸੈਨੇਟਰ ਮਾਈਕਲ ਕ੍ਰੈਪੋ, ਸੈਨੇਟਰ ਥਾਮਸ ਟਿਊਬਰਵਿਲੇ, ਸੈਨੇਟਰ ਮਾਈਕਲ ਲੀਅ, ਸੰਸਦ ਮੈਂਬਰ ਟਨੀ ਗੌਂਜ਼ਾਲੇਸ ਤੇ ਸੰਸਦ ਮੈਂਬਰ ਜੌਨ ਕੇਵਿਨ ਐਲਿਜ਼ੀ ਸੀਨੀਅਰ ਮੌਜੂਦ ਸਨ। ਸੈਨੇਟਰ ਜੌਨ ਕੌਰਨਾਇਨ ਭਾਰਤ ਤੇ ਭਾਰਤੀ–ਅਮਰੀਕਨਾਂ ਦੀ ਸੈਨੇਟ ’ਚ ਕੌਕਸ (ਗਰੁੱਪ ਜਾਂ ਸਮੂਹ) ਦੇ ਸਹਿ–ਬਾਨੀ ਤੇ ਸਹਿ–ਚੇਅਰਮੈਨ ਹਨ।
ਸੰਸਦੀ ਵਫ਼ਦ ਨੇ ਕਿਹਾ ਕਿ ਇੰਨੀ ਵਿਸ਼ਾਲ ਤੇ ਵਿਵਿਧਤਾਵਾਂ ਨਾਲ ਭਰਪੂਰ ਆਬਾਦੀ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ’ਚ ਕੋਵਿਡ ਦੀ ਸਥਿਤੀ ਨਾਲ ਸ਼ਾਨਦਾਰ ਤਰੀਕੇ ਨਿਪਟਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਤਾਂਤਰਿਕ ਸਦਾਚਾਰ ਦੇ ਅਧਾਰ ’ਤੇ ਲੋਕਾਂ ਦੀ ਸ਼ਮੂਲੀਅਤ ਨੇ ਪਿਛਲੀ ਇੱਕ ਸਦੀ ਦੀ ਸਭ ਤੋਂ ਭੈੜੀ ਮਹਾਮਾਰੀ ਨਾਲ ਨਿਪਟਣ ’ਚ ਪ੍ਰਮੁੱਖ ਭੂਮਿਕਾ ਨਿਭਾਈ ਸੀ।
ਪ੍ਰਧਾਨ ਮੰਤਰੀ ਨੇ ਭਾਰਤ–ਅਮਰੀਕਾ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ ਨੂੰ ਗਹਿਨ ਬਣਾਉਣ ਵਿੱਚ ਅਮਰੀਕੀ ਸੰਸਦ ਦੇ ਨਿਰੰਤਰ ਸਮਰਥਨ ਅਤੇ ਰਚਨਾਤਮਕ ਭੂਮਿਕਾ, ਜੋ ਸਾਂਝੀਆਂ ਲੋਕਤਾਂਤਰਿਕ ਕਦਰਾਂ–ਕੀਮਤਾਂ ’ਤੇ ਅਧਾਰਿਤ ਹੈ, ਦੀ ਸ਼ਲਾਘਾ ਕੀਤੀ।
ਦੱਖਣੀ ਏਸ਼ੀਆ ਤੇ ਹਿੰਦ–ਪ੍ਰਸ਼ਾਂਤ ਖੇਤਰ ਨਾਲ ਸਬੰਧਿਤ ਮੁੱਦਿਆਂ ਦੇ ਨਾਲ–ਨਾਲ ਆਪਸੀ ਹਿਤਾਂ ਵਾਲੇ ਖੇਤਰੀ ਮਸਲਿਆਂ ਬਾਰੇ ਨਿੱਘੇ ਮਾਹੌਲ ’ਚ ਖੁੱਲ੍ਹ ਕੇ ਵਿਚਾਰ–ਚਰਚਾ ਹੋਈ। ਪ੍ਰਧਾਨ ਮੰਤਰੀ ਤੇ ਮੁਲਾਕਾਤੀ ਵਫ਼ਦ ਨੇ ਦੋਵੇਂ ਰਣਨੀਤਕ ਭਾਈਵਾਲਾਂ ਵਿਚਾਲੇ ਰਣਨੀਤਕ ਹਿਤਾਂ ਦੀ ਵਧਦੀ ਕੇਂਦਰਮੁਖਤਾ ਨੂੰ ਨੋਟ ਕੀਤਾ ਤੇ ਵਿਸ਼ਵ–ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਹਿਯੋਗ ਨੂੰ ਹੋਰ ਵਧਾਉਣ ਦੀ ਇੱਛਾ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਅਤੇ ਦਹਿਸ਼ਤਗਰਦੀ, ਜਲਵਾਯੂ ਪਰਿਵਰਤਨ ਤੇ ਅਹਿਮ ਟੈਕਨੋਲੋਜੀਆਂ ਲਈ ਭਰੋਸੇਯੋਗ ਸਪਲਾਈ–ਚੇਨਾਂ ਜਿਹੇ ਸਮਕਾਲੀ ਵਿਸ਼ਵ ਮੁੱਦਿਆਂ ਉੱਤੇ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕੀਤਾ।
*****
ਡੀਐੱਸ/ਏਕੇਜੇ