ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ‘ਟਾਈਮਜ਼ ਨਾਓ’ ਨਾਲ ਇੱਕ ਇੰਟਰਵਿਊ ਦੌਰਾਨ ਅਨੇਕਾਂ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਅਰਨਬ ਗੋਸਵਾਮੀ ਨਾਲ ਪ੍ਰਧਾਨ ਮੰਤਰੀ ਦੇ ਇਸ ਇੰਟਰਵਿਊ ਦਾ ਪੂਰਾ ਉਤਾਰਾ
ਇੱਥੇ ਦਿੱਤਾ ਜਾ ਰਿਹਾ ਹੈ।
ਅਰਨਬ: ਪ੍ਰਧਾਨ ਮੰਤਰੀ ਮੋਦੀ, ਇਸ ਇੰਟਰਵਿਊ ਲਈ ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਬਹੁਤ ਧੰਨਵਾਦ।
ਪ੍ਰਧਾਨ ਮੰਤਰੀ ਮੋਦੀ: ਸਮੂਹ ਜਨਤਾ ਨੂੰ ਮੇਰੀਆਂ ਸ਼ੁਭਕਾਮਨਾਵਾਂ।
ਅਰਨਬ: ਤੁਹਾਡੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸੇ ਨਿਜੀ ‘ਨਿਊਜ਼ ਚੈਨਲ’ ਨਾਲ ਇਹ ਤੁਹਾਡਾ ਪਹਿਲਾ ਇੰਟਰਵਿਊ ਹੈ। ਅਤੇ ਜੇ ਮੈਂ ਗ਼ਲਤੀ ਨਹੀਂ ਕਰ ਰਿਹਾ, ਤਾਂ ਭਾਰਤ ਦੇ ਕਿਸੇ ਮੌਜੂਦਾ ਪ੍ਰਧਾਨ ਮੰਤਰੀ ਦਾ ਦੇਸ਼ ਦੇ ਕਿਸੇ ਨਿਜੀ ਟੀ.ਵੀ. ‘ਨਿਊਜ਼ ਚੈਨਲ’ ਨਾਲ ਵੀ ਇਹ ਪਹਿਲਾ ਹੀ ਇੰਟਰਵਿਊ ਹੈ। ਇਸੇ ਲਈ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਤੇ ਇਹ ਮੌਕਾ ਦੇਣ ਲਈ ਮੈਂ ਬਹੁਤ ਧੰਨਵਾਦੀ ਹਾਂ।
ਪ੍ਰਧਾਨ ਮੰਤਰੀ ਮੋਦੀ: ਮੀਡੀਆ ਦਾ ਸੰਸਾਰ ਹੁਣ ਇੰਨਾ ਵਿਆਪਕ ਹੋ ਗਿਆ ਹੈ ਕਿ ਹਰੇਕ ਨੂੰ ਇਸ ਨਾਲ ਆਪਣੇ-ਆਪ ਨੂੰ ਜੋੜਨਾ ਹੀ ਪੈਂਦਾ ਹੈ।
ਅਰਨਬ: ਮੈਂ ਬਹੁਤ ਧੰਨਵਾਦੀ ਹਾਂ ਤੇ ਸ੍ਰੀਮਾਨ ਮੋਦੀ ਸਾਡੇ ਦਰਸ਼ਕ ਵੀ ਬਹੁਤ ਧੰਨਵਾਦੀ ਹੋਣਗੇ ਕਿਉਂਕਿ ਉਹ ਅਨੇਕਾਂ ਵਿਸ਼ਿਆਂ ਉੱਤੇ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਨ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਮੈਂ ਤੁਹਾਨੂੰ ਪਿਛਾਂਹ 20 ਮਈ, 2014 ਤੱਕ ਲਿਜਾ ਕੇ ਸ਼ੁਰੂਆਤ ਕਰਨੀ ਚਾਹਾਂਗਾ। ਨਤੀਜੇ 16 ਮਈ ਨੂੰ ਆਏ ਸਨ। ਚਾਰ ਦਿਨਾਂ ਬਾਅਦ, ਤੁਸੀਂ ਸੰਸਦ ਦੇ ਕੇਂਦਰੀ ਹਾੱਲ ਵਿੱਚ ਇੱਕ ਇਤਿਹਾਸਕ ਭਾਸ਼ਣ ਦਿੱਤਾ ਸੀ ਅਤੇ ਤੁਸੀਂ ਸੰਸਦ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸੀ। ਤੁਸੀਂ ਚੋਣ ਨਤੀਜਿਆਂ ਤੋਂ ਚਾਰ ਦਿਨਾਂ ਬਾਅਦ ਆਖਿਆ ਸੀ ਕਿ ਜ਼ਿੰਮੇਵਾਰੀ ਦੇ ਇੱਕ ਜੁੱਗ ਦੀ ਸ਼ੁਰੂਆਤ ਹੋ ਗਈ ਹੈ। ਅਤੇ ਤੁਸੀਂ ਇਹ ਕਿਹਾ ਸੀ ਕਿ 2019 ‘ਚ ਚੋਣਾਂ ਤੋਂ ਪਹਿਲਾਂ, ਮੈਂ ਇਸ ਸੰਸਦ ਵਿੱਚ ਵਾਪਸ ਆਵਾਂਗਾ, ਮੈਂ ਸੰਸਦ ਮੈਂਬਰਾਂ ਕੋਲ ਪਰਤਾਂਗਾ ਤੇ ਮੈਂ ਆਪਣਾ ਰਿਪੋਰਟ ਕਾਰਡ ਦੇਵਾਂਗਾ। ਤੁਹਾਡੇ ਕਾਰਜਕਾਲ ਦਾ 40 %,ਹੁਣ ਬੀਤ ਚੁੱਕਾ ਹੈ, ਤੁਸੀਂ ਹੁਣ ਤੱਕ ਆਪਣੇ ਖ਼ੁਦ ਦੇ ਕਿੰਨੇ ਕੁ ਨਿਸ਼ਾਨੇ ਹਾਸਲ ਕਰ ਲਏ ਹਨ?
ਪ੍ਰਧਾਨ ਮੰਤਰੀ ਮੋਦੀ: ਜਦੋਂ ਮੈਂ ਪਹਿਲੀ ਵਾਰ ਇੱਕ ਐੱਮ.ਪੀ. ਵਜੋਂ ਕੇਂਦਰੀ ਹਾੱਲ ‘ਚ ਗਿਆ ਸਾਂ, ਤੇ ਮੈਂ ਉਦੋਂ ਕੇਂਦਰੀ ਹਾੱਲ ਪਹਿਲੀ ਵਾਰ ਵੇਖਿਆ ਸੀ। ਪਹਿਲਾਂ ਮੈਂ ਕਦੇ ਉੱਥੇ ਨਹੀਂ ਗਿਆ ਸਾਂ। ਇਸੇ ਲਈ ਮੈਂ ਉਦੋਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਬਣਨ ਦਾ ਮਤਲਬ ਕੇਵਲ ਕੋਈ ਅਹੁਦਾ ਹਾਸਲ ਕਰ ਲੈਣਾ ਹੀ ਨਹੀਂ ਹੁੰਦਾ, ਸਗੋਂ ਪ੍ਰਧਾਨ ਮੰਤਰੀ ਬਣ ਕੇ ਉਹ ਜ਼ਿੰਮੇਵਾਰੀਆਂ ਨਿਭਾਉਣਾ ਤੇ ਸਬੰਧਤ ਕੰਮ ਕਰਨਾ ਹੁੰਦਾ ਹੈ। ਮੈਂ ਇਹ ਵੀ ਕਿਹਾ ਸੀ ਕਿ ਮੇਰੀ ਸਰਕਾਰ ਗ਼ਰੀਬਾਂ ਪ੍ਰਤੀ ਪ੍ਰਤੀਬੱਧ ਹੋਵੇਗੀ। ਮੈਂ ਉਸ ਕੰਮ ਵਿੱਚ ਬਿਲਕੁਲ ਨਵਾਂ ਸਾਂ। ਦਿੱਲੀ ਸ਼ਹਿਰ ਮੇਰੇ ਲਈ ਨਵਾਂ ਸੀ। ਦਿੱਲੀ ਦਾ ਮਾਹੌਲ ਮੇਰੇ ਲਈ ਨਵਾਂ ਸੀ। ਭਾਰਤ ਸਰਕਾਰ ਦਾ ਕੰਮ ਵੀ ਮੇਰੇ ਲਈ ਨਵਾਂ ਸੀ। ਪਰ ਇਸ ਦੇ ਬਾਵਜੂਦ, ਥੋੜ੍ਹੇ ਜਿਹੇ ਸਮੇਂ ‘ਚ ਹੀ ਦੇਸ਼ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧਿਆ ਹੈ ਤੇ ਉਹ ਵੀ ਕੇਵਲ ਇੱਕ ਖੇਤਰ ਵਿੱਚ ਨਹੀਂ। ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਦਾ ਕੋਈ ਵੀ ਪੱਖ ਲੈ ਲਵੋ, ਅਤੇ ਜੇ ਤੁਸੀਂ ਪਿਛਲੀਆਂ ਸਰਕਾਰਾਂ ਨਾਲ ਤੁਲਨਾ ਕਰੋਂ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿਸੇ ਵੀ ਮੁੱਦੇ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਗਿਆ ਹੈ। ਹਰੇਕ ਖੇਤਰ ਵਿੱਚ ਕੁਝ ਨਵਾਂ ਲਿਆਉਣ ਦਾ ਜਤਨ ਕੀਤਾ ਗਿਆ ਹੈ। ਹਰੇਕ ਖੇਤਰ ਵਿੱਚ ਤਬਦੀਲੀ ਲਿਆਉਣ ਦਾ ਜਤਨ ਕੀਤਾ ਗਿਆ ਹੈ। ਇੱਕ ਵੱਡੀ ਚੁਣੌਤੀ ਤਾਂ ਇਹੋ ਸੀ ਕਿ ਮੈਨੂੰ ਇਸ ਜਗ੍ਹਾ ਦਾ ਕੋਈ ਤਜਰਬਾ ਨਹੀਂ ਸੀ, ਮੈਂ ਤਾਂ ਕਦੇ ਐੱਮ.ਪੀ. ਵੀ ਨਹੀਂ ਬਣਿਆ ਸਾਂ। ਦਫ਼ਤਰ ਨਵਾਂ ਸੀ, ਪੁੱਛੇ ਜਾਣ ਵਾਲੇ ਪ੍ਰਸ਼ਨ ਵੀ ਨਵੇਂ ਸਨ। ਪਰ ਜਦੋਂ ਮੈਂ ਦੂਜੀ ਸਭ ਤੋਂ ਵੱਡੀ ਚੁਣੌਤੀ ਵੱਲ ਵੇਖਿਆ, ਤਾਂ ਸਾਨੂੰ ਉਹ ਦਿਨ ਚੇਤੇ ਕਰਨੇ ਚਾਹੀਦੇ ਹਨ, ਜਦੋਂ ਦੇਸ਼ ਹਰ ਪਾਸਿਓਂ ਨਿਰਾਸ਼ਾ ਨਾਲ ਘਿਰਿਆ ਹੋਇਆ ਸੀ। ਰੋਜ਼ਾਨਾ ਖ਼ਬਰ ਆਉਂਦੀ ਸੀ ਕਿ ਪਤਾ ਨਹੀਂ ਸੱਤ ਦਿਨਾਂ ਬਾਅਦ ਬਿਜਲੀ ਉਤਪਾਦਨ ਹੋਵੇਗਾ ਕਿ ਨਹੀਂ, ਪਤਾ ਨਹੀਂ ਕੋਲੇ ਦੀ ਸਪਲਾਈ ਹੋਵੇਗੀ ਜਾਂ ਨਹੀਂ। ਤਦ ਅਜਿਹੀ ਹਾਲਤ ਬਣੀ ਹੋਈ ਸੀ। ਸਮੁੱਚੀ ਪ੍ਰਣਾਲੀ ਹੀ ਨਿਰਾਸ਼ਾ ਵਿੱਚ ਘਿਰੀ ਹੋਈ ਸੀ। ਵੱਡੀ ਚੁਣੌਤੀ ਇਹ ਸੀ ਕਿ ਪ੍ਰਣਾਲੀ ਵਿੱਚ ਇੱਕ ਨਵਾਂ ਵਿਸ਼ਵਾਸ ਭਰਿਆ ਜਾਵੇ ਤੇ ਨਾਗਰਿਕਾਂ ਵਿੱਚ ਭਰੋਸਾ ਪੈਦਾ ਕੀਤਾ ਜਾਵੇ। ਬਾਹਰੋਂ ਅਜਿਹਾ ਮੁੱਲਾਂਕਣ ਕਰਨਾ ਬਹੁਤ ਔਖਾ ਹੈ ਪਰ ਮੈਂ ਇਨ੍ਹਾਂ ਸਭ ਦੀ ਤਹਿ ਵਿੱਚ ਗਿਆ ਹਾਂ। ਪਰ ਅੱਜ ਮੈਂ ਬਹੁਤ ਜ਼ਿਆਦਾ ਤਸੱਲੀ ਨਾਲ ਆਖ ਸਕਦਾ ਹਾਂ ਕਿ ਹੁਣ ਕਿਤੇ ਕੋਈ ਨਿਰਾਸ਼ਾ ਨਹੀਂ ਹੈ। ਕੁਝ ਕਰਨ ਦੀ ਇੱਛਾ ਸਭ ਨੂੰ ਵਿਖਾਈ ਦਿੰਦੀ ਹੈ। ਅਜਿਹਾ ਕੇਵਲ ਸ਼ਬਦਾਂ ‘ਚ ਹੀ ਨਹੀਂ ਹੈ, ਸਗੋਂ ਅਸਲ ਪ੍ਰਾਪਤੀਆਂ ਵੀ ਹੋਈਆਂ ਹਨ। ਮੈਂ ਆਖਿਆ ਸੀ ਕਿ ਇੱਕ ਨਿਰਧਾਰਤ ਸਮਾਂ-ਸੀਮਾ ਦੌਰਾਨ, ਅਸੀਂ ਗ਼ਰੀਬਾਂ ਲਈ ਬੈਂਕ ਖਾਤੇ ਖੋਲ੍ਹਾਂਗੇ। ਉਹ ਚੀਜ਼ ਜਿਹੜੀ ਪਿਛਲੇ 60 ਸਾਲਾਂ ਵਿੱਚ ਕਦੇ ਨਹੀਂ ਕੀਤੀ ਗਈ ਸੀ, ਉਸ ਲਈ ਇੱਕ ਸਮਾਂ-ਸੀਮਾ ਤੈਅ ਕਰਨਾ ਆਪਣੇ-ਆਪ ਵਿੱਚ ਹੀ ਇੱਕ ਜੋਖਮ ਸੀ। ਪਰ ਕਿਉਂਕਿ ਪ੍ਰਣਾਲੀ ਵਿੱਚ ਇੱਕ ਵਿਸ਼ਵਾਸ ਪੈਦਾ ਹੋ ਗਿਆ ਸੀ ਕਿ ਅਜਿਹਾ ਕੁਝ ਜ਼ਰੂਰ ਹੋ ਸਕਦਾ ਹੈ। ਇੰਝ ਮੈਂ ਭਰੋਸਾ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਅਤੇ ਅੱਜ ਤੁਸੀਂ ਹਰੇਕ ਖੇਤਰ ਵਿੱਚ ਵੇਖ ਸਕਦੇ ਹੋ ਕਿ ਬਦਲੇ ਹੋਏ ਹਾਲਾਤ ਵੇਖੇ ਜਾ ਸਕਦੇ ਹਨ। ਇਸ ਸਰਕਾਰ ਦੀ ਕਾਰਗੁਜ਼ਾਰੀ ਦਾ ਮੁੱਲਾਂਕਣ ਕਰਦੇ ਸਮੇਂ, ਇਹ ਗੱਲ ਕਦੇ ਨਾ ਭੁੱਲੋ ਕਿ ਤੁਸੀਂ ਇਹ ਮੁੱਲਾਂਕਣ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੀ ਤੁਲਨਾ ‘ਚ ਕਰਨਾ ਹੈ। ਕੇਵਲ ਤਦ ਹੀ ਤੁਹਾਨੂੰ ਪਤਾ ਲੱਗੇਗਾ ਕਿ ਉਦੋਂ ਅਸੀਂ ਕਿੱਥੇ ਸਾਂ ਤੇ ਹੁਣ ਅਸੀਂ ਕਿੱਥੇ ਹਾਂ। ਸਾਨੂੰ ਇਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਕਿ ਸਾਡੇ ਕੀ ਨਿਸ਼ਾਨੇ ਹਨ। ਕਿਉਂਕਿ ਹੁਣ ਤੁਸੀਂ ਵਰਤਮਾਨ ਦਾ ਮੁੱਲਾਂਕਣ ਹਾਲ ਹੀ ਵਿੱਚ ਲੰਘ ਕੇ ਗਏ ਸਮੇਂ ਦੇ ਮੁਕਾਬਲੇ ‘ਚ ਕਰਨਾ ਹੈ ਅਤੇ ਤੁਹਾਨੂੰ ਸਾਹਮਣੇ ਇੱਕ ਰੋਸ਼ਨ ਭਵਿੱਖ ਵਿਖਾਈ ਦੇਵੇਗਾ।
ਅਰਨਬ:ਸ੍ਰੀਮਾਨ ਮੋਦੀ, ਮੈਂ ਹੁਣ ਵਿਦੇਸ਼ ਨੀਤੀ ਦਾ ਮੁੱਦਾ ਛੋਹਣਾ ਚਾਹੁੰਦਾ ਹਾਂ। ਵਿਦੇਸ਼ ਨੀਤੀ ਦੇ ਖੇਤਰ ਵਿੱਚ, ਤੁਸੀਂ ਬਹੁਤ ਜ਼ਿਆਦਾ ਨਿਜੀ ਦਿਲਚਸਪੀ ਲਈ ਹੈ। ਵਿਦੇਸ਼ ਨੀਤੀ ਵਿੱਚ ਤੁਸੀਂ ਜਿੰਨੀ ਦਿਲਚਸਪੀ ਵਿਖਾਈ ਹੈ, ਸ਼ਾਇਦ ਪਿਛਲੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਇੰਨੀ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ। ਤੁਹਾਡੀ ਪਹੁੰਚ ਸਰਗਰਮੀ-ਭਰਪੂਰ ਹੈ। ਮੈਨੂੰ ਤੁਹਾਡੀ ਵਿਦੇਸ਼ ਨੀਤੀ ਬਾਰੇ ਜਿਹੜੀ ਗੱਲ ਦਿਲਚਸਪ ਲਗਦੀ ਹੈ, ਉਹ ਇਹ ਹੈ ਕਿ ਤੁਸੀਂ ਵੱਖ-ਵੱਖ ਸ਼ਕਤੀਆਂ ਅਤੇ ਵੱਖ-ਵੱਖ ਹਿਤਾਂ ਵਿੱਚ ਸੰਤੁਲਨ ਕਾਇਮ ਕੀਤਾ ਹੈ। ਇੱਕ ਪਾਸੇ, ਅਮਰੀਕਾ ਨਾਲ ਤੁਹਾਡੇ ਸਬੰਧਾਂ ਦੇ ਮਾਮਲੇ ਵਿੱਚ ਤੁਸੀਂ ਇਹ ਯਕੀਨੀ ਬਣਾਇਆ ਕਿ ਭਾਰਤ ਉਨ੍ਹਾਂ ਨਾਲ ਮਿਸਾਈਲ ਕੰਟਰੋਲ ਤਕਨਾਲੋਜੀ ਦੇ ਖੇਤਰ ਵਿੱਚ ਦਾਖ਼ਲ ਹੋਵੇਗਾ। ਇੱਕ ਹਫ਼ਤਾ ਪਹਿਲਾਂ ਤੁਸੀਂ ਇਰਾਨ ਨਾਲ ਇਤਿਹਾਸਕ ਚਾਬਹਾਰ ਬੰਦਰਗਾਹ ਸਮਝੌਤੇ ਉੱਤੇ ਵੀ ਹਸਤਾਖਰ ਕੀਤੇ ਹਨ। ਇੰਝ
ਤੁਸੀਂ ਬਹੁਤ ਹੀ ਭਿੰਨ ਕਿਸਮ ਦੀਆਂ ਤਾਕਤਾਂ ਦਾ ਸੰਤੁਲਨ ਬਣਾਇਆ ਹੈ। ਇਸ ਮਾਮਲੇ ਬਾਰੇ ਮੇਰਾ ਪ੍ਰਸ਼ਨ ਇਹ ਹੈ ਕਿ ਕੀ ਇੱਕ ਭਾਰਤੀ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇੰਝ ਕਰਨਾ ਅਸਾਨ ਹੈ? ਦੂਜੇ, ਐੱਨ.ਐੱਸ.ਜੀ. ਦੇ ਮੁੱਦੇ ‘ਚ ਤੁਸੀਂ ਬਹੁਤ ਜ਼ਿਆਦਾ ਨਿਜੀ ਦਿਲਚਸਪੀ ਵਿਖਾਈ, ਨਿਜੀ ਤੌਰ ‘ਤੇ ਜ਼ੋਰ ਲਾਇਆ, ਤੁਸੀਂ ਦੂਜੇ ਮੈਂਬਰ ਦੇਸ਼ਾਂ ਨੂੰ ਸਰਗਰਮੀ ਨਾਲ ਪ੍ਰੇਰਿਆ। ਅਸੀਂ ਐੱਨ.ਐੱਸ.ਜੀ. ਸੀਟ ਲੈਣ ਦੇ ਕਿੰਨੇ ਕੁ ਨੇੜੇ ਹਾਂ?
ਪ੍ਰਧਾਨ ਮੰਤਰੀ ਮੋਦੀ: ਪਹਿਲਾਂ ਵਿਦੇਸ਼ ਨੀਤੀ ਦੀ ਗੱਲ ਕਰਦੇ ਹਾਂ, ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਹੜੀ ਗੱਲ ਨੇ ਸਾਡੀ ਵਿਦੇਸ਼ ਨੀਤੀ ਨੂੰ ਮਜ਼ਬੂਤ ਬਣਾਇਆ ਹੈ। ਪਿਛਲੇ 30 ਵਰ੍ਹਿਆਂ ਤੋਂ, ਸਾਡੇ ਦੇਸ਼ ‘ਚ ਅਸਥਿਰ ਸਰਕਾਰ ਕਾਇਮ ਹੁੰਦੀ ਰਹੀ ਸੀ। 30 ਸਾਲਾਂ ਤੋਂ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸਪੱਸ਼ਟ ਫ਼ਤਵਾ ਨਹੀਂ ਮਿਲ ਸਕਿਆ ਸੀ। ਸਮੁੱਚਾ ਵਿਸ਼ਵ ਕਿਸੇ ਰਾਸ਼ਟਰ ਦੀ ਸਰਕਾਰ ਨੂੰ ਉਸ ਦੀ ਸਥਿਤੀ ਦੇ ਅਧਾਰ ‘ਤੇ ਨਾਪਦਾ ਹੈ, ਕਿ ਕਿਸੇ ਦੇਸ਼ ਵਿੱਚ ਉਸ ਦੀ ਸਰਕਾਰ ਕਿੰਨੇ ਕੁ ਵਾਅਦੇ ਨਿਭਾਉਂਦੀ ਹੈ। ਮੈਂ ਇਸ ਦੇਸ਼ ਦੀ ਜਨਤਾ ਦਾ ਧੰਨਵਾਦੀ ਹਾਂ ਕਿ 30 ਸਾਲਾਂ ਬਾਅਦ, ਉਨ੍ਹਾਂ ਪੂਰਨ ਬਹੁਮੱਤ ਨਾਲ ਇੱਕ ਸਰਕਾਰ ਨੂੰ ਚੁਣਿਆ ਅਤੇ ਇਸ ਦਾ ਅਸਰ ਵਿਸ਼ਵ ਸਿਆਸਤ ‘ਤੇ ਪਿਆ। ਦੂਜੇ ਦੇਸ਼ਾਂ ਤੇ ਵਿਸ਼ਵ ਦੇ ਆਗੂਆਂ ਦਾ ਭਾਰਤ ਪ੍ਰਤੀ ਨਜ਼ਰੀਆ ਹੀ ਬਦਲ ਗਿਆ ਹੈ। ਇਹ ਸਭ ਤੋਂ ਵੱਡਾ ਲਾਭ ਹੈ। ਦੂਜੇ, ਵਿਸ਼ਵ ਮੈਨੂੰ ਜਾਣਦਾ ਨਹੀਂ ਸੀ। ਵਿਸ਼ਵ ਇਹ ਜਾਣਨਾ ਚਾਹੁੰਦਾ ਹੁੰਦਾ ਹੈ ਕਿ ਕਿਸੇ ਦੇਸ਼ ਦਾ ਮੁਖੀ ਕੌਣ ਹੈ। ਜੇ ਕੋਈ ਮੋਦੀ ਨੂੰ ਮੀਡੀਆ ਦੀਆਂ ਨਜ਼ਰਾਂ ਨਾਲ ਜਾਣਨਾ ਚਾਹੇਗਾ, ਤਾਂ ਉਹ ਕੁਝ ਭਰਮ ਵਿੱਚ ਪੈ ਜਾਵੇਗਾ ਕਿ ਕਿਹੜਾ ਮੋਦੀ ਅਸਲੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਦੇਸ਼ ਨੂੰ ਨੁਕਸਾਨ ਹੋਵੇਗਾ। ਮੋਦੀ ਦੀ ਸ਼ਖ਼ਸੀਅਤ ਵਿਸ਼ਵ ਲਈ ਕੋਈ ਅਜਿਹੀ ਰੁਕਾਵਟ ਨਹੀਂ ਬਣਨੀ ਚਾਹੀਦੀ ਕਿ ਉਹ ਭਾਰਤ ‘ਤੇ ਭਰੋਸਾ ਹੀ ਨਾ ਕਰੇ। ਪਰ ਉਸ ਲਈ ਮੈਂ ਜਦੋਂ ਤੱਕ ਉਨ੍ਹਾਂ ਆਗੂਆਂ ਨੂੰ ਇੱਕ-ਇੱਕ ਕਰ ਕੇ ਮਿਲ ਨਹੀਂ ਲੈਂਦਾ ਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕਰਦਾ, ਉਹ ਭਾਰਤ ਸਰਕਾਰ ਦੇ ਮੁਖੀ ਬਾਰੇ ਕੁਝ ਨਹੀਂ ਜਾਣ ਸਕਣਗੇ, ਇੰਝ ਇਹ ਗੱਲ ਮੇਰੇ ਵਾਸਤੇ ਬਹੁਤ ਅਹਿਮ ਸੀ ਕਿਉਂਕਿ ਮੈਂ ਕਿਸੇ ਸਿਆਸੀ ਪਰਿਵਾਰ ਨਾਲ ਸਬੰਧਤ ਨਹੀਂ ਹਾਂ। ਮੈਨੂੰ ਪਹਿਲਾਂ ਕਦੇ ਵਿਸ਼ਵ ਆਗੂਆਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਸੀ।
ਅਰਨਬ: ਤੁਸੀਂ ਵਿਦੇਸ਼ ਨੀਤੀ ਵਿੱਚ ਇੱਕ ਅਗਿਆਤ ਇਕਾਈ ਸੀ।
ਪ੍ਰਧਾਨ ਮੰਤਰੀ ਮੋਦੀ: ਵਿਦੇਸ਼ ਨੀਤੀ ਨਾਲੋਂ ਇਹ ਵਿਦੇਸ਼ੀ ਸਬੰਧ ਸਨ। ਹਾਂ, ਇਸ ਮਾਮਲੇ ‘ਚ ਮੈਂ ਨਵਾਂ ਸਾਂ। ਇਸੇ ਲਈ ਮੇਰੇ ਵਾਸਤੇ ਵਧੇਰੇ ਸਰਗਰਮ ਹੋਣਾ ਲਾਜ਼ਮੀ ਸੀ। ਤੀਜੇ, ਅਸੀਂ ਇੱਕ ਟੀਮ ਵਜੋਂ ਕੰਮ ਕਰਦੇ ਹਾਂ। ਵਿਦੇਸ਼ ਮੰਤਰਾਲਾ, ਪ੍ਰਧਾਨ ਮੰਤਰੀ ਦਾ ਦਫ਼ਤਰ, ਵਣਜ ਮੰਤਰਾਲਾ, ਵਿੱਤ ਮੰਤਰਾਲਾ, ਰੱਖਿਆ ਮੰਤਰੀ ਹਰ ਕੋਈ ਇੱਕ ਟੀਮ ਵਜੋਂ ਕੰਮ ਕਰਦਾ ਹੈ, ਵੱਖੋ-ਵੱਖੋ ਟੁਕੜਿਆਂ ਦੇ ਤੌਰ ‘ਤੇ ਨਹੀਂ। ਇਸ ਦਾ ਅਸਰ ਹੁਣ ਵਿਖਾਈ ਦਿੰਦਾ ਹੈ, ਕੇਵਲ ਮੋਦੀ ਕਰ ਕੇ ਨਹੀਂ, ਸਗੋਂ ਅਜਿਹਾ ਟੀਮ ਕਾਰਨ ਹੈ। ਸਾਰੀਆਂ ਟੀਮਾਂ ਇੱਕ ਖ਼ਾਸ ਦਿਸ਼ਾ ਵਿੱਚ ਕੰਮ ਕਰਦੀਆਂ ਹਨ। ਇਹੋ ਕਾਰਨ ਹੈ ਕਿ ਅਸਰ ਵਿਖਾਈ ਦਿੰਦਾ ਹੈ, ਪਹਿਲਾਂ ਇਹ ਟੀਮਾਂ ਖਿੰਡੀਆਂ-ਪੁੰਡੀਆਂ ਪਈਆਂ ਸਨ। ਅਸੀਂ ਇਸ ਗੱਲ ਦੀਆਂ ਮਿਸਾਲਾਂ ਪਹਿਲਾਂ ਵੇਖ ਚੁੱਕੇ ਹਾਂ, ਜਦੋਂ ਪਾਰਟੀ ਦਾ ਬਿਆਨ ਕੋਈ ਹੋਰ ਹੁੰਦਾ ਸੀ ਤੇ ਪ੍ਰਧਾਨ ਮੰਤਰੀ ਕੁਝ ਹੋਰ ਆਖਦਾ ਸੀ, ਪਰ ਆਗੂ ਕੁਝ ਹੋਰ ਹੀ ਆਖ ਰਹੇ ਹੁੰਦੇ ਸਨ। ਏਕਤਾ ਦੀ ਉਸ ਘਾਟ ਕਾਰਨ ਹੀ ਨਾਂਹ-ਪੱਖੀ ਅਸਰ ਪੈ ਰਿਹਾ ਸੀ। ਤੀਜੇ, ਸਾਨੂੰ ਇਹ ਸਮਝਣ ਦੀ ਵੀ ਲੋੜ ਹੈ ਕਿ ਪਹਿਲਾਂ ਵਿਸ਼ਵ ਦੋ-ਧਰੁਵੀ ਹੁੰਦਾ ਸੀ। ਵਿਦੇਸ਼ ਨੀਤੀ ਦੋ ਵੱਡੀਆਂ ਤਾਕਤਾਂ ਦੁਆਲੇ ਕੇਂਦ੍ਰਿਤ ਰਹਿੰਦੀ ਸੀ। ਭਾਰਤ ਨੂੰ ਇਸ ਗੱਲ ਦਾ ਅਹਿਸਾਸ ਕੁਝ ਦੇਰੀ ਨਾਲ ਹੋਇਆ ਕਿ ਦੋ-ਧਰੁਵਾਂ ਵਾਲੀ ਇਹ ਸਥਿਤੀ ਕੇਵਲ ਨਾਂਅ ਨੂੰ ਹੀ ਸੀ। ਹੁਣ ਸਮੁੱਚਾ ਵਿਸ਼ਵ ਬਿਲਕੁਲ ਹੀ ਬਦਲੇ ਹੋਏ ਹਾਲਾਤ ਵਿੱਚ ਹੈ, ਖ਼ਾਸ ਕਰ ਕੇ 21ਵੀਂ ਸਦੀ ਵਿੱਚ, ਇਹ ਵਧੇਰੇ ਅੰਤਰ-ਨਿਰਭਰ ਹੈ ਤੇ ਆਪਸ ਵਿੱਚ ਜੁੜਿਆ ਹੋਇਆ ਹੈ। ਪਹਿਲਾਂ ਵਿਦੇਸ਼ ਨੀਤੀ ਸਰਕਾਰਾਂ ਵਿਚਾਲੇ ਸੰਭਵ ਹੁੰਦੀ ਸੀ, ਪਰ ਅੱਜ ਇਹ ਕੇਵਲ ਸਰਕਾਰਾਂ ਵਿਚਾਲੇ ਹੀ ਸੰਭਵ ਨਹੀਂ ਹੈ। ਸਰਕਾਰੀ ਸਬੰਧ ਮਹੱਤਵਪੂਰਨ ਹੁੰਦੇ ਹਨ ਪਰ ਜਨਤਾ ਤੋਂ ਜਨਤਾ ਦੇ ਆਪਸੀ ਸੰਪਰਕ ਵੀ ਓਨੇ ਹੀ ਅਹਿਮ ਹਨ। ਇਸ ਸ਼ਬਦ-ਰੂਪਾਵਲੀ ਵਿੱਚ ਤਬਦੀਲੀ ਆਈ ਹੈ। ਮੇਰੇ ਕੋਲ ਕਿਉਂਕਿ ਪਹਿਲਾਂ ਦਾ ਕੋਈ ਸਾਮਾਨ ਨਹੀਂ ਸੀ, ਕਿ ਮੇਰੀ ਸਲੇਟ ਤਾਂ ਬਿਲਕੁਲ ਸਾਫ਼ ਪਈ ਸੀ, ਇਸੇ ਲਈ ਮੈਂ ਹਰ ਚੀਜ਼ ਸ਼ੁਰੂ ਤੋਂ ਲਿਖਦਾ ਹਾਂ ਤੇ ਉਸ ਦਾ ਲਾਭ ਹੁੰਦਾ ਹੈ। ਅੱਜ ਅਸੀਂ ਸਮੁੱਚੇ ਵਿਸ਼ਵ ਦੇ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰ ਰਹੇ ਹਾਂ। ਜਿੰਨੇ ਆਦਰ ਤੇ ਸਤਿਕਾਰ ਨਾਲ ਮੈਂ ਸਊਦੀ ਅਰਬ ਨੂੰ ਮਿਲਦਾ ਹਾਂ, ਓਨੀ ਹੀ ਇੱਜ਼ਤ ਨਾਲ ਮੈਂ ਇਰਾਨ ਨਾਲ ਗੱਲ ਕਰਦਾ ਹਾਂ। ਅਮਰੀਕਾ ਨਾਲ ਗੱਲ ਕਰਦੇ ਸਮੇਂ ਸਤਿਕਾਰ ਦੀ ਜਿੰਨੀ ਮਾਤਰਾ ਮੇਰੇ ਵਿੱਚ ਹੁੰਦੀ ਹੈ, ਓਨੀ ਹੀ ਮਾਤਰਾ ਰੂਸ ਨਾਲ ਗੱਲ ਕਰਦੇ ਸਮੇਂ ਵੀ ਹੁੰਦੀ ਹੈ। ਇਸ ਲਈ, ਸਾਨੂੰ ਇਹ ਸਮਝਣ ਦੀ ਲੋੜ ਹੈ। ਸਾਨੂੰ ਇਹ ਸਮਝਣ ਦੀ ਵੀ ਜ਼ਰੂਰਤ ਹੈ ਕਿ ਸਾਨੂੰ ਛੋਟੇ ਦੇਸ਼ਾਂ ਨੂੰ ਘੱਟ ਮਹੱਤਵਪੂਰਨ ਨਹੀਂ ਜਾਣਨਾ ਚਾਹੀਦਾ। ਮੈਂ ਇਸ ਸਿਧਾਂਤ ਦੀ ਪਾਲਣਾ ਕਰਦਾ ਹਾਂ। ਵਿਸ਼ਵ ਦੇ ਛੋਟੇ ਦੇਸ਼ ਵੀ ਵੱਡੇ ਰਾਸ਼ਟਰਾਂ ਵਾਂਗ ਹੀ ਅਹਿਮ ਹਨ। ਅਸੀਂ ਪਹਿਲਾਂ ਇਹ ਮੰਨਿਆ ਹੋਇਆ ਸੀ ਕਿ ਛੋਟੇ ਦੇਸ਼ਾਂ ਨਾਲ ਸਬੰਧ ਵੱਡੇ ਰਾਸ਼ਟਰਾਂ ਦੇ ਪਰਛਾਵੇਂ ਹੇਠ ਹੀ ਵਿਕਸਤ ਹੋਣਗੇ। ਮੈਂ ਇਸ ਵਿੱਚ ਤਬਦੀਲੀ ਲਿਆਂਦੀ। ਤੁਸੀਂ ਜ਼ਰੂਰ ਵੇਖਿਆ ਹੋਣਾ ਹੈ ਕਿ ਮੈਂ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂ ਦੇਸ਼ਾਂ ਲਈ ਇੱਕ ਫੋਰਮ ਕਾਇਮ ਕੀਤੀ ਸੀ। ਅਸੀਂ ਦੋ ਮੀਟਿੰਗਾਂ ਕੀਤੀਆਂ ਹਨ। ਮੈਂ ਉੱਥੇ ਇੱਕ ਵਾਰ ਗਿਆ ਸਾਂ ਤੇ ਉਹ ਇੱਕ ਵਾਰ ਇੱਥੇ ਆਏ ਸਨ। 10 ਲੱਖ ਜਾਂ 20 ਲੱਖ ਦੀ ਅਬਾਦੀ ਵਾਲੇ ਕਈ ਛੋਟੇ ਦੇਸ਼ ਹਨ। ਪਰ ਇਹ ਛੋਟੇ ਟਾਪੂ ਦੇਸ਼ ‘ਸੰਸਾਰਕ ਤਪਸ਼’ (ਗਲੋਬਲ ਵਾਰਮਿੰਗ) ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹਨ। ਜਦੋਂ ਭਾਰਤ ਨੇ ਕੌਮਾਂਤਰੀ ਸੋਲਰ ਮਿਸ਼ਨ ਦਾ ਮੁੱਦਾ ਚੁੱਕਿਆ ਅਤੇ 122 ਰਾਸ਼ਟਰ ਇਸ ਵਿੱਚ ਸ਼ਾਮਲ ਹੋ ਗਏ, ਟਾਪੂ ਦੇਸ਼ਾਂ ਨੂੰ ਇਸ ਤੋਂ ਸਭ ਤੋਂ ਵੱਧ ਲਾਭ ਪੁੱਜਾ ਹੈ। ਹੁਣ ਉਨ੍ਹਾਂ ਦੀ ਗਿਣਤੀ 50 ਹੈ। 50 ਰਾਸ਼ਟਰਾਂ ਦਾ ਇੱਕ ਸਮੂਹ ਹੁਣ ਭਾਰਤ ਦੇ ਇਸ ਦ੍ਰਿਸ਼ਟੀਕੋਣ ਨਾਲ ਸੁਰੱਖਿਅਤ ਮਹਿਸੂਸ ਕਰਦਾ ਹੈ। ਜੇ ਅਸੀਂ ਇਹ ਤਬਦੀਲੀ ਸਮਝਣ ਦਾ ਜਤਨ ਕਰਦੇ ਹਾਂ, ਤਦ ਅਸੀਂ ਮਹਿਸੂਸ ਕਰਾਂਗੇ ਕਿ ਵਿਸ਼ਵ ਵਿੱਚ, ਕੁਝ ਦਿਨ ਪਹਿਲਾਂ, ਮੈਂ ਸਾਡੀਆਂ ਵਿਦੇਸ਼ ਸੇਵਾਵਾਂ ਦੇ ਅਧਿਕਾਰੀਆਂ ਨਾਲ ਬੈਠਾ ਸਾਂ, ਅਸੀਂ ਗੱਲਾਂ ਕਰਦੇ ਰਹੇ, ਬਹੁਤ ਹੀ ਸ਼ਾਇਰਾਨਾ ਅੰਦਾਜ਼ ਵਿੱਚ ਮੈਂ ਉਨ੍ਹਾਂ ਨੂੰ ਦੱਸਿਆ ਕਿ ਉਹ ਵੇਲਾ ਵੀ ਹੁੰਦਾ ਸੀ, ਜਦੋਂ ਅਸੀਂ ਸਮੁੰਦਰ ਕੰਢੇ ਬੈਠ ਕੇ ਲਹਿਰਾਂ ਗਿਣਦੇ ਹੁੰਦੇ ਸਾਂ, ਪਰ ਹੁਣ ਸਮਾਂ ਬਦਲ ਗਿਆ ਹੈ, ਲਹਿਰਾਂ ਅਸੀਂ ਗਿਣ ਚੁੱਕੇ ਹਾਂ, ਹੁਣ ਆਪਣੇ-ਆਪ ਨੂੰ ਅਗਾਂਹ ਲਿਜਾਣ, ਲਹਿਰਾਂ ਉੱਤੇ ਸਵਾਰੀ ਕਰ ਕੇ ਆਪਣੀ ਦਿਸ਼ਾ ਬਾਰੇ ਫੈਸਲਾ ਲੈਣ, ਇੱਕ ਰਫ਼ਤਾਰ ਨਾਲ ਟਿਕਾਣੇ ‘ਤੇ ਪੁੱਜਣ ਦਾ ਵੇਲਾ ਹੈ।
ਅਰਨਬ: ਉਹ ਸਪੱਸ਼ਟ ਹੈ। ਤੁਹਾਡੀ ਵਿਦੇਸ਼ ਨੀਤੀ ਬਹੁਤ ਉੱਦਮਸ਼ੀਲ ਹੈ। ਪਰ ਮੇਰਾ ਦੂਜਾ ਸੁਆਲ ਇਹ ਸੀ ਕਿ ਤੁਸੀਂ ਐੱਨ.ਐੱਸ.ਜੀ. ਮੈਂਬਰਸ਼ਿਪ ਲਈ ਬਹੁਤ ਜ਼ਿਆਦਾ ਜ਼ੋਰ ਲਾਇਆ। ਮੇਰਾ ਸੁਆਲ ਸੀ, ਕਿ ਅਸੀਂ ਐੱਨ.ਐੱਸ.ਜੀ. ਮੈਂਬਰਸ਼ਿਪ ਦੇ ਕਿੰਨੇ ਕੁ ਨੇੜੇ ਹਾਂ ਅਤੇ ਕੀ ਤੁਹਾਨੂੰ ਇਸ ਗੱਲ ਤੋਂ ਨਿਰਾਸ਼ਾ ਹੋਈ ਹੈ ਕਿ ਅਸੀਂ ਚੀਨ ਦੇ ਵਿਰੋਧ ਕਾਰਨ ਇਸ ਦੇ ਅੰਤ ਤੱਕ ਨਾ ਪੁੱਜ ਸਕੇ।
ਪ੍ਰਧਾਨ ਮੰਤਰੀ ਮੋਦੀ: ਪਹਿਲੀ ਗੱਲ ਇਹ ਵੇਖੋ ਕਿ ਭਾਰਤ ਲਗਾਤਾਰ ਇਹ ਜਤਨ ਕਰ ਰਿਹਾ ਹੈ, ਇਹ ਕੋਈ ਮੁੱਦਾ ਨਹੀਂ ਕਿ ਕਿਹੜੀ ਸਰਕਾਰ ਦੀ ਹਕੂਮਤ ਸੀ। ਭਾਵੇਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੈਂਬਰਸ਼ਿਪ ਦਾ ਮਾਮਲਾ ਹੋਵੇ ਜਾਂ ਐੱਸ.ਸੀ.ਓ. ਮੈਂਬਰਸ਼ਿਪ ਜਾਂ ਐੱਮ.ਟੀ.ਸੀ.ਆਰ. ਮੈਂਬਰਸ਼ਿਪ ਜਾਂ ਐੱਨ.ਐੱਸ.ਜੀ. ਮੈਂਬਰਸ਼ਿਪ ਦਾ ਮੁੱਦਾ ਹੋਵੇ। ਹਰੇਕ ਸਰਕਾਰ ਨੇ ਜਤਨ ਕੀਤਾ ਹੈ। ਅਜਿਹਾ ਨਹੀਂ ਹੈ ਕਿ ਕੇਵਲ ਇਹੋ ਸਰਕਾਰ ਇਹ ਜਤਨ ਕਰ ਰਹੀ ਹੈ, ਅਜਿਹਾ ਲਗਾਤਾਰ ਹੁੰਦਾ ਰਿਹਾ ਹੈ। ਪਰ ਸਾਡੇ ਕਾਰਜਕਾਲ ਦੌਰਾਨ ਸਾਨੂੰ ਐੱਸ.ਸੀ.ਓ. ਮੈਂਬਰਸ਼ਿਪ ਮਿਲੀ, ਸਾਨੂੰ ਐੱਮ.ਟੀ.ਸੀ.ਆਰ. ਮੈਂਬਰਸ਼ਿਪ ਵੀ ਮਿਲੀ। ਮੈਨੂੰ ਪੂਰਾ ਭਰੋਸਾ ਹੈ ਕਿ ਹੁਣ ਅਸੀਂ ਐੱਨ.ਐੱਸ.ਜੀ. ਮੈਂਬਰਸ਼ਿਪ ਲਈ ਵੀ ਪੂਰੇ ਤਾਲਮੇਲ ਨਾਲ ਜਤਨ ਅਰੰਭ ਕਰ ਦਿੱਤੇ ਹਨ। ਇਹ ਪ੍ਰਕਿਰਿਆ ਪੂਰੇ ਹਾਂ-ਪੱਖੀ ਮਾਹੌਲ ‘ਚ ਸ਼ੁਰੂ ਹੋਈ ਹੈ। ਹਰੇਕ ਚੀਜ਼ ਦੇ ਆਪਣੇ ਨਿਯਮ ਹੁੰਦੇ ਹਨ ਤੇ ਉਸੇ ਹਿਸਾਬ ਨਾਲ ਕੰਮ ਹੁੰਦਾ ਹੈ ਤੇ ਅੱਗੇ ਵਧਿਆ ਜਾਂਦਾ ਹੈ।
ਅਰਨਬ: ਕੀ ਚੀਨ ਨਾਲ ਵਿਚਾਰਧਾਰਾ ਦੀ ਕੋਈ ਸਮੱਸਿਆ ਸੀ? ਨਰੇਂਦਰ ਮੋਦੀ ਸਰਕਾਰ ਤੇ ਚੀਨ ਸਰਕਾਰ ਵਿਚਾਲੇ ਵੱਖ-ਵੱਖ ਪੱਧਰਾਂ ‘ਤੇ 13 ਵਾਰ ਗੱਲਬਾਤ ਹੋ ਚੁੱਕੀ ਹੈ। ਅਜਿਹੀ ਤਾਜ਼ਾ ਗੱਲਬਾਤ ਉਦੋਂ ਹੋਈ ਸੀ, ਜਦੋਂ ਤੁਸੀਂ ਤਾਸ਼ਕੰਦ ਗਏ ਸੀ। ਤੁਸੀਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੁਝ ਸਮਾਂ ਬਿਤਾਇਆ ਸੀ। ਪਰ ਇਹ ਵੇਖਿਆ ਗਿਆ ਸੀ ਕਿ ਮਸੂਦ ਅਜ਼ਹਰ ਦੇ ਮਾਮਲੇ ਵਿੱਚ, ਉਸ ਉੱਤੇ ਪਾਬੰਦੀ ਲਾਉਣ ਲਈ ਸੰਯੁਕਤ ਰਾਸ਼ਟਰ ਵਿੱਚ ਭਾਰਤ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਚੀਨ ਨੇ ਰੋਕ ਦਿੱਤਾ ਸੀ। ਹੁਣ ਉਨ੍ਹਾਂ ਨੇ ਭਾਰਤ ਦੀ ਐੱਨ.ਐੱਸ.ਜੀ. ਕੋਸ਼ਿਸ਼ ਰੋਕ ਦਿੱਤੀ ਹੈ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਤੁਹਾਡੇ ਵੱਲੋਂ ਨਿਜੀ ਤੌਰ ਉੱਤੇ ਤੁਹਾਡੀ ਸਰਕਾਰ ਵੱਲੋਂ ਚੁੱਕੇ ਗਏ ਸਰਗਰਮ ਕਦਮਾਂ ਦੇ ਬਾਵਜੂਦ ਚੀਨ ਵਾਰ-ਵਾਰ ਸਾਨੂੰ ਰੋਕ ਕਿਉਂ ਰਿਹਾ ਹੈ?
ਪ੍ਰਧਾਨ ਮੰਤਰੀ ਮੋਦੀ: ਪਹਿਲੀ ਚੀਜ਼ ਇਹ ਹੈ ਕਿ ਅਸੀਂ ਚੀਨ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਤੇ ਇਹ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਵਿਦੇਸ਼ ਨੀਤੀ ਵਿੱਚ, ਗੱਲਬਾਤ ਕਰਨ ਲਈ ਇੱਕੋ ਜਿਹੇ ਵਿਚਾਰਾਂ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ। ਵਿਚਾਰਾਂ ਵਿੱਚ ਭਾਵੇਂ ਮਤਭੇਦ ਹੋਣ, ਅੱਗੇ ਵਧਣ ਦਾ ਢੰਗ ਗੱਲਬਾਤ ਹੀ ਹੁੰਦਾ ਹੈ ਤੇ ਸਮੱਸਿਆਵਾਂ ਆਪਸੀ ਵਿਚਾਰ-ਵਟਾਂਦਰੇ ਦੁਆਰਾ ਹੀ ਹੱਲ ਹੁੰਦੀਆਂ ਹਨ। ਚੀਨ ਨਾਲ ਸਾਡੀ ਕੋਈ ਇੱਕ ਸਮੱਸਿਆ ਨਹੀਂ ਹੈ, ਚੀਨ ਨਾਲ ਸਾਡੀਆਂ ਅਨੇਕਾਂ ਸਮੱਸਿਆਵਾਂ ਮੁਲਤਵੀ ਪਈਆਂ ਹਨ। ਅਜਿਹੇ ਮੁੱਦਿਆਂ ਨੂੰ ਹੌਲੀ-ਹੌਲੀ ਅਤੇ ਸਥਿਰਤਾ ਨਾਲ, ਗੱਲਬਾਤ ਰਾਹੀਂ ਹੱਲ ਕਰਨ ਅਤੇ ਉਨ੍ਹਾਂ ਨੂੰ ਘੱਟ ਮੁਸ਼ਕਿਲ ਬਣਾਉਣ ਦਾ ਜਤਨ ਜਾਰੀ ਹੈ। ਮੈਂ ਆਖ ਸਕਦਾ ਹਾਂ ਕਿ ਚੀਨ ਇਨ੍ਹਾਂ ਮਾਮਲਿਆਂ ਦੇ ਹੱਲ ਲੱਭਣ ਲਈ ਭਾਰਤ ਨੂੰ ਸਹਿਯੋਗ ਦੇ ਰਿਹਾ ਹੈ। ਕੁਝ ਮੁੱਦਿਆਂ ‘ਤੇ ਉਨ੍ਹਾਂ ਲਈ ਸਿਧਾਂਤਾਂ ਦਾ ਸੁਆਲ ਹੈ। ਕੁਝ ਮੁੱਦਿਆਂ ‘ਤੇ, ਸਾਡੇ ਲਈ ਸਿਧਾਂਤਾਂ ਦਾ ਪ੍ਰਸ਼ਨ ਹੈ। ਕੁਝ ਮੁੱਦਿਆਂ ‘ਤੇ ਉਨ੍ਹਾਂ ਦੇ ਸਾਡੇ ਨਾਲ ਮਤਭੇਦ ਹਨ ਅਤੇ ਕੁਝ ਮੁੱਦੇ ਅਜਿਹੇ ਹਨ, ਜਿਨ੍ਹਾਂ ਬਾਰੇ ਸਾਡੇ ਵਿਚਾਰ ਉਨ੍ਹਾਂ ਤੋਂ ਵੱਖ ਹਨ। ਇੱਥੇ ਕੁਝ ਬੁਨਿਆਦੀ ਫ਼ਰਕ ਹਨ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਚੀਨ ਦੀ ਅੱਖ ਨਾਲ ਅੱਖ ਮਿਲਾ ਕੇ ਗੱਲਬਾਤ ਕਰ ਸਕਦੇ ਹਾਂ ਅਤੇ ਬਹੁਤ ਸਪੱਸ਼ਟ ਢੰਗ ਨਾਲ ਭਾਰਤ ਦੇ ਹਿਤਾਂ ਨੂੰ ਅੱਗੇ ਰੱਖ ਸਕਦੇ ਹਾਂ। ਅਸੀਂ ਇੱਕ ਅਜਿਹੀ ਸਰਕਾਰ ਹਾਂ, ਜੋ ਭਾਰਤ ਦੇ ਹਿਤਾਂ ਦਾ ਖ਼ਿਆਲ ਰਖਦੀ ਹੈ। ਅਸੀਂ ਇਸ ਮਾਮਲੇ ‘ਚ ਕੋਈ ਸਮਝੌਤਾ ਨਹੀਂ ਕਰਦੇ। ਤਿੰਨ ਦਿਨ ਪਹਿਲਾਂ, ਮੈਂ ਚੀਨ ਦੇ ਰਾਸ਼ਟਰਪਤੀ ਨੂੰ ਮਿਲਿਆ ਸਾਂ। ਮੈਂ ਉਨ੍ਹਾਂ ਨੂੰ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਭਾਰਤ ਦੇ ਹਿਤਾਂ ਤੋਂ ਜਾਣੂ ਕਰਵਾਇਆ ਸੀ। ਉਹ ਇੱਕ ਵੱਖਰਾ ਦੇਸ਼ ਹਨ, ਅਸੀਂ ਇੱਕ ਵੱਖਰਾ ਦੇਸ਼ ਹਾਂ।
ਅਰਨਬ:ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਐੱਨ.ਐੱਸ.ਜੀ. ਮੈਂਬਰਸ਼ਿਪ ਦੇ ਮੁੱਦੇ ‘ਤੇ ਉਨ੍ਹਾਂ ਦੇ ਵਿਚਾਰ ਬਦਲ ਸਕੋਗੇ?
ਪ੍ਰਧਾਨ ਮੰਤਰੀ ਮੋਦੀ: ਵੇਖੋ, ਵਿਦੇਸ਼ ਨੀਤੀ ਕਿਸੇ ਦੇ ਵਿਚਾਰ ਨਹੀਂ ਬਦਲਿਆ ਕਰਦੀ। ਵਿਦੇਸ਼ ਨੀਤੀ ਤਾਂ ਮਿਲਣ ਦੇ ਕੋਈ ਸਾਂਝੇ ਨੁਕਤੇ ਲੱਭਣ ਬਾਰੇ ਹੁੰਦੀ ਹੈ। ਸਾਡੇ ਹਿਤਾਂ ਦੀ ਪੂਰਤੀ ਕਿੱਥੇ ਹੁੰਦੀ ਹੈ ਤੇ ਕਿੰਨੀ ਹੁੰਦੀ ਹੈ? ਸਾਨੂੰ ਬੈਠਣਾ ਪੈਂਦਾ ਹੈ ਅਤੇ ਹਰੇਕ ਦੇਸ਼ ਨਾਲ ਗੱਲ ਵੀ ਕਰਨੀ ਪੈਂਦੀ ਹੈ। ਇਹ ਸਾਡਾ ਨਿਰੰਤਰ ਚੱਲਣ ਵਾਲਾ ਜਤਨ ਰਹਿੰਦਾ ਹੈ।
ਅਰਨਬ: ਤੁਸੀਂ ਜਿਹੜਾ ਬਿਆਨ ਹੁਣੇ ਦਿੱਤਾ ਹੈ, ਇਹ ਅਮਰੀਕਾ ਦੇ ਸੰਦਰਭ ਵਿੱਚ ਵੀ ਮੁਨਾਸਬ ਹੈ, ਜਿੱਥੇ ਤੁਸੀਂ ਅਮਰੀਕੀ ਸੰਸਦ ਵਿੱਚ ਭਾਸ਼ਣ ਦਿੱਤਾ ਸੀ। ਉਂਝ, ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਉਹ ਭਾਸ਼ਣ ਬਹੁਤ ਵਧੀਆ ਸੀ।
ਪ੍ਰਧਾਨ ਮੰਤਰੀ ਮੋਦੀ: ਤੁਹਾਡਾ ਧੰਨਵਾਦ।
ਅਰਨਬ: ਉੱਥੇ ਕਾਫ਼ੀ ਹਾਸਾ ਵੀ ਪਿਆ ਸੀ। ਤੁਸੀਂ ਹੱਸ ਰਹੇ ਸੀ ਅਤੇ ਤੁਸੀਂ ਆਪਣਾ ਭਾਸ਼ਣ ਦਿੰਦੇ ਸਮੇਂ ਲਤੀਫ਼ੇ ਸੁਣਾ ਰਹੇ ਸੀ, ਜੋ ਬਹੁਤ ਵਿਲੱਖਣ ਸੀ। ਉਨ੍ਹਾਂ ਨੇ ਵੀ ਇਸ ਦੀ ਸ਼ਲਾਘਾ ਕੀਤੀ ਸੀ। ਕੀ ਉਹ ਭਾਸ਼ਣ ਤਦਵਕਤੀ ਸੀ?
ਪ੍ਰਧਾਨ ਮੰਤਰੀ ਮੋਦੀ: ਮੈਨੂੰ ਹਾਸਾ-ਮਜ਼ਾਕ ਵੀ ਪਸੰਦ ਹੈ ਪਰ ਅੱਜ-ਕੱਲ੍ਹ ਹਾਸਾ-ਠੱਠਾ ਜੋਖਮ ਭਰਿਆ ਹੋ ਸਕਦਾ ਹੈ।
ਅਰਨਬ: ਤੁਸੀਂ ਇੰਝ ਕਿਉਂ ਆਖ ਰਹੇ ਹੋ?
ਪ੍ਰਧਾਨ ਮੰਤਰੀ ਮੋਦੀ: 24 ਘੰਟੇ ਚੱਲਣ ਵਾਲੇ ਨਿਊਜ਼ ਚੈਨਲਾਂ ਦੇ ਇਸ ਜੁੱਗ ਵਿੱਚ, ਕੋਈ ਵੀ ਤੁਹਾਡੇ ਕਿਸੇ ਨਿੱਕੇ ਜਿਹੇ ਸ਼ਬਦ ਨੂੰ ਚੁੱਕ ਸਕਦਾ ਹੈ ਤੇ ਉਸ ਤੋਂ ਕੋਈ ਵੱਡਾ ਮੁੱਦਾ ਖੜ੍ਹਾ ਕਰ ਸਕਦਾ ਹੈ। ਪਰ ਮੈਂ ਤੁਹਾਨੂੰ ਸੱਚ ਦੱਸਾਂਗਾ ਕਿ ਜਨਤਕ ਜੀਵਨ ਵਿੱਚੋਂ ਹਾਸੇ-ਮਜ਼ਾਕ ਦੇ ਗ਼ਾਇਬ ਹੋਣ ਪਿੱਛੇ ਇਹੋ ਡਰ ਹੈ। ਮੈਂ ਖ਼ੁਦ ਬੜਾ ਡਰਦਾ ਹਾਂ। ਪਹਿਲਾਂ ਜਦੋਂ ਮੈਂ ਭਾਸ਼ਣ ਦਿੰਦਾ ਸਾਂ, ਮੈਂ ਉਸ ਵਿੱਚ ਹਾਸਾ ਜੋੜ ਦਿੰਦਾ ਸਾਂ ਪਰ ਕਦੇ ਕੋਈ ਮੁੱਦਾ ਨਹੀਂ ਬਣਿਆ ਸੀ।
ਅਰਨਬ: ਕੀ ਹੁਣ ਤੁਸੀਂ ਵਧੇਰੇ ਚੇਤੰਨ ਹੋ ਗਏ ਹੋ?
ਪ੍ਰਧਾਨ ਮੰਤਰੀ ਮੋਦੀ: ਮੈਂ ਚੇਤੰਨ ਨਹੀਂ ਹਾਂ। ਮੈਂ ਡਰਿਆ ਹੋਇਆ ਹਾਂ, ਜਨਤਕ ਜੀਵਨ ਵਿੱਚ ਇਸੇ ਡਰ ਕਾਰਨ ਕੋਈ ਹਾਸਾ-ਮਜ਼ਾਕ ਨਹੀਂ ਬਚਿਆ। ਹਰ ਕੋਈ ਡਰਦਾ ਹੈ। ਮੈਂ ਵੀ ਡਰਦਾ ਹਾਂ। ਮੇਰੇ ਭਾਸ਼ਣ ਤਾਂ ਬਹੁਤ ਹਾਸੇ-ਮਜ਼ਾਕ ਵਾਲੇ ਹੁੰਦੇ ਸਨ। ਮੈਂ ਵੇਖਿਆ ਹੈ ਕਿ ਸੰਸਦ ਵਿੱਚੋਂ ਵੀ ਹਾਸਾ-ਠੱਠਾ ਖ਼ਤਮ ਹੋ ਚੁੱਕਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਮੈਂ ਇੱਕ ਕਹਾਵਤ ਬੋਲਾਂਗਾ।
ਅਰਨਬ: ਹਾਂ, ਬੋਲੋ।
ਪ੍ਰਧਾਨ ਮੰਤਰੀ ਮੋਦੀ: ਜੇ ਤੁਸੀਂ ਕੋਈ ਕਹਾਵਤ ਵੀ ਬੋਲਦੇ ਹੋ, ਤਾਂ ਉਹ ਉਸ ਨੂੰ ਕਿਸੇ ਹੋਰ ਮਾਮਲੇ ਨਾਲ ਜੋੜ ਦੇਣਗੇ ਤੇ ਫਿਰ ਉਸ ਉੱਤੇ ਵਿਚਾਰ-ਚਰਚਾ ਸ਼ੁਰੂ ਹੋ ਜਾਵੇਗੀ। ਜਿਹੜਾ ਉਹ ਕਹਾਵਤ ਬੋਲ ਰਿਹਾ ਹੈ, ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਅਜਿਹਾ ਕਿਸ ਲਈ ਬੋਲ ਰਿਹਾ ਹੈ।
ਅਰਨਬ: ਪਰ ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਤੁਹਾਨੂੰ ਹਾਸੇ-ਮਜ਼ਾਕ ਦੇ ਆਪਣੇ ਸੁਭਾਅ ਨੂੰ ਗੁਆਉਣਾ ਨਹੀਂ ਚਾਹੀਦਾ।
ਪ੍ਰਧਾਨ ਮੰਤਰੀ ਮੋਦੀ: ਪਰ ਇਹ ਸੱਚ ਹੈ ਕਿ ਅਮਰੀਕਾ ਦੀ ਮੇਰੀ ਯਾਤਰਾ, ਉਨ੍ਹਾਂ ਦੀ ਸੰਸਦ ਵਿੱਚ ਮੇਰਾ ਭਾਸ਼ਣ ਅਤੇ ਭਾਰਤ ਪ੍ਰਤੀ ਵਿਖਾਏ ਸਤਿਕਾਰ ਦੀ ਬਹੁਤ ਜ਼ਿਆਦਾ ਚਰਚਾ ਹੋਈ। ਜੇ ਉਸ ਦੀ ਇੰਨੀ ਚਰਚਾ ਨਾ ਹੁੰਦੀ, ਤਾਂ ਐੱਨ.ਐੱਸ.ਜੀ. ਦੇ ਮੁੱਦੇ ਦੀ ਇੰਨੀ ਜ਼ਿਆਦਾ ਆਲੋਚਨਾ ਨਹੀਂ ਹੋਣੀ ਸੀ। ਸਰਕਾਰ ਦੀ ਆਲੋਚਨਾ ਇਸ ਕਰ ਕੇ ਨਹੀਂ ਹੋ ਰਹੀ ਕਿ ਐੱਨ.ਐੱਸ.ਜੀ. ਦਾ ਮੁੱਦਾ ਸਹੀ ਤਰੀਕੇ ਨਾਲ ਸੰਭਾਲਿਆ ਨਹੀਂ ਗਿਆ, ਸਗੋਂ ਇਸ ਕਰ ਕੇ ਹੋ ਰਹੀ ਹੈ ਕਿਉਂਕਿ ਅਸੀਂ ਉੱਥੇ (ਅਮਰੀਕਾ ਵਿੱਚ) ਇੰਨੇ ਜ਼ਿਆਦਾ ਸਫ਼ਲ ਰਹੇ ਸਾਂ।
ਅਰਨਬ: ਕੀ ਚੀਨ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਤੁਸੀਂ ਅਮਰੀਕਾ ਨਾਲ ਦੋਸਤੀ ਵਧਾ ਰਹੇ ਹੋ?
ਪ੍ਰਧਾਨ ਮੰਤਰੀ ਮੋਦੀ: ਮੈਂ ਉਸ ਬਾਰੇ ਗੱਲ ਕਰ ਰਿਹਾ ਹਾਂ, ਜੋ ਇੱਥੇ ਵਾਪਰ ਰਿਹਾ ਹੈ।
ਅਰਨਬ: ਪਰ ਜਦੋਂ ਤੁਸੀਂ ਅਮਰੀਕਾ ਦੇ ਸੰਦਰਭ ਵਿੱਚ ਉਹ ਭਾਸ਼ਣ ਦਿੱਤਾ ਸੀ, ਤੁਸੀਂ ਇੱਕ ਬਹੁਤ ਦਿਲਚਸਪ ਕਹਾਵਤ ਵਰਤੀ ਸੀ। ਤੁਸੀਂ ਆਖਿਆ ਸੀ,”ਸਾਨੂੰ ਇਤਿਹਾਸ ਦੀਆਂ ਝਿਜਕਾਂ ਤੋਂ ਅਗਾਂਹ ਨਿਕਲਣਾ ਹੋਵੇਗਾ।” ਮੇਰੀ ਹਿੰਦੀ ਇੰਨੀ ਵਧੀਆ ਨਹੀਂ ਹੈ। ਜਿਵੇਂ ਇਤਿਹਾਸ ਦੀਆਂ ਝਿਜਕਾਂ। ਪਰ ਤੁਹਾਨੂੰ ਮੇਰਾ ਸੁਆਲ ਇਹ ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਅਸੀਂ ਅਮਰੀਕਾ ਦੇ ਕਿੰਨਾ ਕੁ ਨੇੜੇ ਹੋ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਭਾਰਤੀਆਂ ਦਾ ਇਹ ਮੰਨਣਾ ਹੈ ਕਿ ਅਮਰੀਕਾ ਹਾਲੇ ਵੀ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਹੈ, ਉਨ੍ਹਾਂ ਨੂੰ ਫ਼ੌਜੀ ਸਹਾਇਤਾ ਦੇ ਰਿਹਾ ਹੈ। ਅਸੀਂ ਕਿੰਨਾ ਕੁ ਨੇੜੇ ਹੋ ਸਕਦੇ ਹਾਂ? ਅਸੀਂ ਕਿਹੜੇ ਨੁਕਤੇ ਉੱਤੇ ਜਾ ਕੇ ਰੁਕਾਂਗੇ ਕਿ ਸਾਨੂੰ ਕੋਈ ਅਮਰੀਕਾ ਦਾ ਭਾਈਵਾਲ ਨਾ ਕਹਿਣ ਲੱਗ ਪਵੇ? ਇਸ ਮੁੱਦੇ ਉੱਤੇ ਤੁਹਾਡਾ ਆਪਣਾ ਕੀ ਵਿਸ਼ਵ-ਵਿਚਾਰ ਹੈ?
ਪ੍ਰਧਾਨ ਮੰਤਰੀ ਮੋਦੀ: ਮੈਂ ਖ਼ਾਸ ਤੌਰ ‘ਤੇ ਆਪਣੇ ਦੇਸ਼ ਦੇ ਮੀਡੀਆ ਨੂੰ ਅਪੀਲ ਕਰਨੀ ਚਾਹਾਂਗਾ ਕਿ ਸਾਨੂੰ ਭਾਰਤ ਵਿੱਚ ਹਰੇਕ ਚੀਜ਼ ਪਾਕਿਸਤਾਨ ਦੇ ਪ੍ਰਿਜ਼ਮ ਵਿੱਚੋਂ ਵੇਖਣੀ ਬੰਦ ਕਰਨੀ ਚਾਹੀਦੀ ਹੈ। ਭਾਰਤ ਇੱਕ ਅਜ਼ਾਦ ਦੇਸ਼ ਹੈ। ਇਹ 125 ਕਰੋੜ ਲੋਕਾਂ ਦਾ ਦੇਸ਼ ਹੈ। ਜਦੋਂ ਵੀ ਕਦੇ ਇਹ ਕਿਸੇ ਹੋਰ ਦੇਸ਼ ਤੱਕ ਆਪਣੀ ਪਹੁੰਚ ਕਾਇਮ ਕਰੇਗਾ, ਤਾਂ ਇਸ ਨੂੰ ਕੇਵਲ ਆਪਣੇ ਹਿਤਾਂ ਦੀ ਚਿੰਤਾ ਹੋਵੇਗੀ। ਇਹ ਸਾਡੀ ਸਭ ਤੋਂ ਵੱਡੀ ਘਾਟ ਤੇ ਗ਼ਲਤੀ ਰਹੀ ਹੈ ਕਿ ਅਸੀਂ ਅਸੀਂ ਆਪਣੇ-ਆਪ ਨੂੰ ਕਿਸੇ ਹੋਰ ਦੇਸ਼ ਨਾਲ ਜੋੜ ਕੇ ਵੇਖਦੇ ਰਹੇ ਹਾਂ ਤੇ ਉਸੇ ਤਰ੍ਹਾਂ ਚੀਜ਼ਾਂ ਕਰਨ ਦੇ ਜਤਨ ਕਰਦੇ ਰਹੇ ਹਾਂ। ਅਸੀਂ ਇੱਕ ਅਜ਼ਾਦ ਦੇਸ਼ ਹਾਂ, ਸਾਡੀਆਂ ਆਪਣੀਆਂ ਖ਼ੁਦ ਦੀਆਂ ਨੀਤੀਆਂ ਹਨ ਤੇ ਸਾਡਾ ਆਪਣਾ ਭਵਿੱਖ ਹੈ। ਸਾਨੂੰ ਆਪਣੀ 125 ਕਰੋੜ ਜਨਤਾ ਦੇ ਭਵਿੱਖ ਬਾਰੇ ਸੋਚਣਾ ਹੋਵੇਗਾ। ਸਾਡੇ ਹਿਤਾਂ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਅਮਰੀਕਾ ਨਾਲ ਸਾਡੇ ਸਬੰਧ ਵਿੱਚ ਇਨ੍ਹਾਂ ਬੁਨਿਆਦੀ ਨੁਕਤਿਆਂ ਦੇ ਸੰਦਰਭ ਵਿੱਚ ਹੀ ਹਨ।
ਅਰਨਬ: ਅਸੀਂ ਉਨ੍ਹਾਂ ਦੇ ਕਿੰਨਾ ਕੁ ਨੇੜੇ ਹੋ ਸਕਦੇ ਹਾਂ?
ਪ੍ਰਧਾਨ ਮੰਤਰੀ ਮੋਦੀ: ਸਾਡੇ ਸਬੰਧ ਵਿੱਚ ਨਿੱਘ ਰਿਹਾ ਹੈ। ਉਸ ਦੇਸ਼ ਵਿੱਚ ਮੇਰੇ ਦੌਰੇ ਤੋਂ ਬਾਅਦ ਤੁਸੀਂ ਅਮਰੀਕੀ ਅਖ਼ਬਾਰਾਂ ਦੀਆਂ ਸੰਪਾਦਕੀਆਂ ਜ਼ਰੂਰ ਵੇਖੀਆਂ ਹੋਣਗੀਆਂ। ਉਨ੍ਹਾਂ ਸੰਪਾਦਕੀਆਂ ਵਿੱਚ ਇੱਕ ਨੁਕਤਾ ਜਿਹੜਾ ਵਰਣਨ ਕੀਤਾ ਗਿਆ ਸੀ, ਉਹ ਇਹ ਸੀ ਕਿ ਭਾਰਤ ਨਾਲ ਨਿੱਘਾ ਸਬੰਧ ਹੀ ਓਬਾਮਾ ਦੀ ਵਿਦੇਸ਼ ਨੀਤੀ ਦੀ ਸਫ਼ਲਤਾ ਹੈ। ਅਜਿਹਾ ਆਖਿਆ ਗਿਆ ਹੈ
ਅਰਨਬ: ਤੁਸੀਂ ਇਹ ਆਖ ਰਹੇ ਹੋ ਮੋਦੀ ਜੀ ਕਿ ਅਸੀਂ ਅਮਰੀਕਾ ਦੇ ਵਧੇਰੇ ਨੇੜੇ ਹੋ ਸਕਦੇ ਹਾਂ ਪਰ ਕੀ ਸਾਨੂੰ ਉਸ ਦਾ ਭਾਈਵਾਲ ਬਣਨ ਦੀ ਲੋੜ ਹੈ ਜਾਂ ਕੀ ਸਾਨੂੰ ਉਸ ਦੇ ਭਾਈਵਾਲ ਵਜੋਂ ਵੇਖਿਆ ਜਾ ਸਕਦਾ ਹੈ?
ਪ੍ਰਧਾਨ ਮੰਤਰੀ ਮੋਦੀ: ਪਹਿਲੀ ਚੀਜ਼ ਤਾਂ ਇਹੋ ਹੈ ਕਿ ਹੁਣ ਇਹ ਵਿਸ਼ਵ ਦੋ-ਧਰੁਵੀ ਨਹੀਂ ਰਿਹਾ। ਸਮੁੱਚਾ ਵਿਸ਼ਵ ਆਪਸ ਵਿੱਚ ਜੁੜਿਆ ਹੋਇਆ ਹੈ ਅਤੇ ਇੱਕ-ਦੂਜੇ ਉੱਤੇ ਨਿਰਭਰ ਹੈ। ਤੁਹਾਨੂੰ ਇੱਕੋ ਸਮੇਂ ਹਰੇਕ ਨਾਲ ਜੁੜਨਾ ਪਵੇਗਾ। ਭਾਵੇਂ ਇੱਕ-ਦੂਜੇ ਦੇ ਦੋ ਵਿਰੋਧੀ ਦੇਸ਼ ਹੀ ਕਿਉਂ ਨਾ ਹੋਣ, ਉਨ੍ਹਾਂ ਨੂੰ ਦੋਸਤ ਬਣਨਾ ਹੋਵੇਗਾ। ਹੁਣ ਸਮੇਂ ਬਦਲ ਗਏ ਹਨ।
ਅਰਨਬ: ਸ੍ਰੀਮਾਨ ਮੋਦੀ ਜੀ, 8 ਮਈ, 2014 ਨੂੰ, ਮੈਨੂੰ ਤੁਹਾਡਾ ਇੰਟਰਵਿਊ ਲੈਣ ਦਾ ਮੌਕਾ ਮਿਲਿਆ ਸੀ, ਉਹ ਇੰਟਰਵਿਊ ਅਹਿਮਦਾਬਾਦ ‘ਚ ਹੋਇਆ ਸੀ, ਮੇਰੇ ਖ਼ਿਆਲ ‘ਚ ਚੋਣਾਂ ਦਾ ਆਖ਼ਰੀ ਗੇੜ ਹਾਲੇ ਹੋਣਾ ਰਹਿੰਦਾ ਸੀ। ਅਸੀਂ ਪਾਕਿਸਤਾਨ ਦੇ ਮੁੱਦੇ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਾਂ। ਤਦ ਪਾਕਿਸਤਾਨ ਪ੍ਰਤੀ ਤੁਹਾਡੀ ਪਹੁੰਚ ਇਹੋ ਸੀ ਕਿ ਉਸ ਨਾਲ ਕਿਸੇ ਹਾਲਤ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਦਾ। ਦੋ ਦਿਨ ਪਹਿਲਾਂ, ਲਸ਼ਕਰ-ਏ-ਤੋਇਬਾ ਨੇ ਇੱਕ ਹਮਲਾ ਕਰ ਕੇ ਸੀ.ਆਰ.ਪੀ.ਐੱਫ਼. ਦੇ 8 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਅੱਠ ਮਈ ਦੇ ਇੰਟਰਵਿਊ ਦੌਰਾਨ, ਤੁਸੀਂ ਇੱਕ ਦਿਲਚਸਪ ਗੱਲ ਆਖੀ ਸੀ, ਤੁਸੀਂ ਕਿਹਾ ਸੀ,”ਕੀ ਬੰਬਾਂ, ਬੰਦੂਕਾਂ ਤੇ ਪਿਸਤੌਲਾਂ ਦੇ ਰੌਲ਼ੇ ‘ਚ ਕੋਈ ਗੱਲਬਾਤ ਸੁਣ ਸਕਦੀ ਹੈ?” ਤਦ ਤੁਸੀਂ ਇਹ ਆਖਿਆ ਸੀ। ਕੀ ਤੁਸੀਂ ਇਹ ਮੰਨਦੇ ਹੋ ਕਿ ਅਸੀਂ ਪਾਕਿਸਤਾਨ ਪ੍ਰਤੀ ਬਹੁਤ ਦਿਆਲੂ ਹੋ ਗਏ ਹਾਂ?
ਪ੍ਰਧਾਨ ਮੰਤਰੀ ਮੋਦੀ: ਇੱਥੇ ਦੋ ਗੱਲਾਂ ਹਨ। ਪਹਿਲੀ – ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਨਾਲ ਸਦਾ ਦੋਸਤਾਨਾ ਸਬੰਧ ਚਾਹੇ ਹਨ, ਇਸ ਮਾਮਲੇ ‘ਤੇ ਕੋਈ ਬਹਿਸ ਨਹੀਂ ਹੋ ਸਕਦੀ। ਅਸੀਂ ਇੱਕਸੁਰਤਾ ਅਤੇ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਾਂ। ਅਤੇ ਮੈਂ ਇਹ ਗੱਲ ਕਈ ਵਾਰ ਆਖ ਚੁੱਕਾ ਹਾਂ ਕਿ ਭਾਰਤ ਨੂੰ ਗ਼ਰੀਬੀ ਨਾਲ ਲੜਨਾ ਪੈਂਦਾ ਹੈ, ਪਾਕਿਸਤਾਨ ਨੂੰ ਵੀ ਗ਼ਰੀਬੀ ਨਾਲ ਲੜਨਾ ਪੈਂਦਾ ਹੈ, ਅਸੀਂ ਗ਼ਰੀਬੀ ਨਾਲ ਲੜਨ ਲਈ ਇੱਕਜੁਟ ਕਿਉਂ ਨਹੀਂ ਹੋ ਜਾਂਦੇ? ਮੈਂ ਇਹ ਗੱਲ ਚੋਣਾਂ ਤੋਂ ਪਹਿਲਾਂ ਤੇ ਚੋਣ ਮੁਹਿੰਮਾਂ ਦੌਰਾਨ ਆਖੀ ਸੀ। ਮੈਂ ਆਪਣੇ ਸਹੁੰ-ਚੁਕਾਈ ਸਮਾਰੋਹ ਦੌਰਾਨ ਸਾਰਕ ਦੇਸ਼ਾਂ ਦੇ ਆਗੂਆਂ ਨੂੰ ਸੱਦਿਆ ਸੀ ਤੇ ਉਹ ਸਾਰੇ ਪੁੱਜੇ ਵੀ ਸਨ। ਇੰਝ, ਸਾਡੀ ਮਨਸ਼ਾ, ਸਾਡੇ ਵਿਚਾਰਾਂ ਤੇ ਸਾਡੇ ਮੌਜੂਦਾ ਵਿਵਹਾਰ ਵਿੱਚ ਕੋਈ ਤਬਦੀਲੀ ਨਹੀਂ ਆਈ। ਨੰਬਰ ਦੋ – ਜਿਨ੍ਹਾਂ ਨੂੰ ਮੇਜ਼ ‘ਤੇ ਕੰਮ ਕਰਨਾ ਪੈਂਦਾ ਹੈ, ਉਹ ਮੇਜ਼ ‘ਤੇ ਹੀ ਕੰਮ ਕਰਨਗੇ ਅਤੇ ਜਿਨ੍ਹਾਂ ਨੂੰ ਸਰਹੱਦ ‘ਤੇ ਕੰਮ ਕਰਨਾ ਪੈਂਦਾ ਹੈ, ਉਹ ਸਰਹੱਦ ਉੱਤੇ ਪੂਰੀ ਤਾਕਤ ਨਾਲ ਕੰਮ ਕਰਨਗੇ। ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਏਗਾ। ਅਤੇ ਸਾਡੇ ਜਵਾਨ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਇਹ ਸੱਚ ਹੈ ਕਿ ਦਹਿਸ਼ਤਗਰਦਾਂ ਉੱਤੇ ਦਬਾਅ ਵਧਿਆ ਹੈ, ਉਨ੍ਹਾਂ ਦੀਆਂ ਯੋਜਨਾਵਾਂ ਨਾਕਾਮ ਸਿੱਧ ਹੋ ਰਹੀਆਂ ਹਨ। ਉਹ ਜਿਹੜੀ ਮਨਸ਼ਾ ਨਾਲ ਅੱਗੇ ਵਧਦੇ ਹਨ, ਉਹ ਨਾਕਾਮ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਨਿਰਾਸ਼ਾ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਸਾਡੇ ਜਵਾਨ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਦੇਸ਼ ਦੀ ਰਾਖੀ ਕਰਦੇ ਹਨ। ਸਾਨੂੰ ਆਪਣੇ ਜਵਾਨਾਂ ਉੱਤੇ ਬਹੁਤ ਮਾਣ ਹੈ।
ਅਰਨਬ: ਜਦੋਂ ਤੁਹਾਡੀ ਵਿਦੇਸ਼ ਨੀਤੀ ਦਾ ਅਧਿਐਨ ਕੀਤਾ ਜਾਂਦਾ ਹੈ, ਤਦ ਨਿਗਰਾਨ ਉਸ ਗੱਲ ਦਾ ਵਿਸ਼ਲੇਸ਼ਣ ਕਰਦੇ ਹਨ, ਜੋ ਕੁਝ ਵਾਪਰ ਰਿਹਾ ਹੈ ਤੇ ਜੋ ਵਾਪਰ ਨਹੀਂ ਰਿਹਾ। ਜੇ ਤੁਸੀਂ ਮੈਨੂੰ ਮੌਕਾ ਦੇਵੋ, ਤਾਂ ਮੈਂ ਕੁਝ ਵਿਸ਼ਲੇਸ਼ਣ ਕਰਨੇ ਚਾਹੁੰਦਾ ਹਾਂ। ਅਕਤੂਬਰ, ਨਵੰਬਰ ਅਤੇ ਦਸੰਬਰ ਮਹੀਨਿਆਂ ਦੌਰਾਨ ਪਾਕਿਸਤਾਨ ਨਾਲ ਬਹੁਤ ਤੇਜ਼ ਰਫ਼ਤਾਰ ਨਾਲ ਗੱਲਬਾਤ ਹੁੰਦੀ ਰਹੀ ਸੀ। 30 ਨਵੰਬਰ ਨੂੰ ਤੁਸੀਂ ਪੈਰਿਸ ‘ਚ ਸੰਯੁਕਤ ਰਾਸ਼ਟਰ ਦੇ ਜਲਵਾਯੂ ਸਿਖ਼ਰ ਸੰਮੇਲਨ ਦੇ ਚੱਲਦਿਆਂ ਨਵਾਜ਼ ਸ਼ਰੀਫ਼ ਨੂੰ ਮਿਲੇ ਸੀ। ਤੁਸੀਂ ਦੋਵੇਂ ਸੋਫ਼ੇ ‘ਤੇ ਬੈਠੇ ਸੀ ਤੇ ਇੱਕ-ਦੂਜੇ ਨਾਲ ਗੱਲਬਾਤ ਕਰ ਰਹੇ ਸੀ। ਬਹੁਤ ਸਾਰੇ ਲੋਕ ਤੁਹਾਡੀ ਉਸ ਗੱਲਬਾਤ ਦੇ ਵਿਸ਼ਿਆਂ ਬਾਰੇ ਆਪੋ-ਆਪਣੇ ਅਨੁਮਾਨ ਲਾ ਰਹੇ ਸਨ। ਉਦੋਂ ਜਲਵਾਯੂ ਸਿਖ਼ਰ ਸੰਮੇਲਨ ਚੱਲ ਰਿਹਾ ਸੀ। ਉਸ ਤੋਂ ਬਾਅਦ, ਸੱਤ ਦਿਨਾਂ ਦੇ ਅੰਦਰ ਅਚਾਨਕ ਐੱਨ.ਐੱਸ.ਏ. ਪੱਧਰ ਦੀ ਗੱਲਬਾਤ ਹੋਈ ਸੀ ਅਤੇ ਅਜੀਤ ਡੋਵਾਲ ਨੇ ਬੈਂਕਾਕ ‘ਚ ਨਾਸਿਰ ਜੰਜੂਆ ਨਾਲ ਗੱਲਬਾਤ ਕੀਤੀ ਸੀ। ਅਤੇ ਉਸ ਤੋਂ ਬਾਅਦ ਮੁੜ ਤੁਸੀਂ ਅਫ਼ਗ਼ਾਨਿਸਤਾਨ ਵਿੱਚੋਂ ਦੀ ਹੁੰਦੇ ਹੋਏ ਰੂਸ ਗਏ ਸੀ, ਤੁਸੀਂ ਲਾਹੌਰ ‘ਚ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ ਸੀ, ਜਦ ਕਿ ਕਿਸੇ ਨੂੰ ਵੀ ਉਸ ਮੁਲਾਕਾਤ ਦੀ ਕੋਈ ਆਸ ਨਹੀਂ ਸੀ। ਉਹ ਇੱਕ ਨਿਜੀ ਦੌਰਾ ਸੀ ਪਰ ਫਿਰ ਵੀ ਉਸ ਦੀ ਕੁਝ ਹੱਦ ਤੱਕ ਅਹਿਮੀਅਤ ਸੀ। ਅੱਠ ਦਿਨਾਂ ਬਾਅਦ, ਪਾਕਿਸਤਾਨੀ ਦਹਿਸ਼ਤਗਰਦਾਂ ਨੇ ਪਠਾਨਕੋਟ ਉੱਤੇ ਹਮਲਾ ਕਰ ਦਿੱਤਾ ਸੀ। ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਕਿ ਕੀ ਪਾਕਿਸਤਾਨ ਉਦੋਂ ਅਕਤੂਬਰ, ਨਵੰਬਰ ਤੇ ਦਸੰਬਰ ਮਹੀਨਿਆਂ ਵਿੱਚ ਵਾਪਰੀਆਂ ਘਟਨਾਵਾਂ ਦਾ ਕੁਝ ਵਧੇਰੇ ਸਰਗਰਮੀ ਨਾਲ ਜਵਾਬ ਦੇ ਰਿਹਾ ਸੀ? ਕੀ ਪਠਾਨਕੋਟ ਦੇ ਦਹਿਸ਼ਤਗਰਦ ਹਮਲੇ ਨੇ ਹਾਲਤ ਬਦਲ ਦਿੱਤੀ ਹੈ? ਕੀ ਇਹ ਸੱਚ ਹੈ ਕਿ ਪਾਕਿਸਤਾਨ ਉਨ੍ਹਾਂ ਤਿੰਨ ਮਹੀਨਿਆਂ ਦੌਰਾਨ ਕੁਝ ਵਧੇਰੇ ਹੀ ਹਿੱਲਜੁੱਲ ਕਰ ਰਿਹਾ ਸੀ?
ਪ੍ਰਧਾਨ ਮੰਤਰੀ ਮੋਦੀ: ਵੇਖੋ, ਪਾਕਿਸਤਾਨ ਵਿੱਚ ਵੱਖੋ-ਵੱਖਰੀ ਕਿਸਮ ਦੀਆਂ ਤਾਕਤਾਂ ਕੰਮ ਕਰ ਰਹੀਆਂ ਹਨ। ਪਰ ਸਰਕਾਰ ਕੇਵਲ ਜਮਹੂਰੀ ਤੌਰ ‘ਤੇ ਚੁਣੀ ਪ੍ਰਣਾਲੀ ਨਾਲ ਹੀ ਅੱਗੇ ਵਧਦੀ ਹੈ। ਉਸ ਗੱਲਬਾਤ ਲਈ ਸਾਡਾ ਜਤਨ ਜਾਰੀ ਹੈ। ਪਰ ਸਾਡਾ ਸਰਬਉੱਚ ਉਦੇਸ਼ ਸ਼ਾਂਤੀ ਹੈ। ਸਾਡਾ ਸਰਬਉੱਚ ਉਦੇਸ਼ ਭਾਰਤ ਦੇ ਹਿਤਾਂ ਦੀ ਰਾਖੀ ਕਰਨਾ ਹੈ। ਅਸੀਂ ਉਸ ਉਦੇਸ਼ ਦੀ ਪੂਰਤੀ ਲਈ ਜਤਨ ਜਾਰੀ ਰੱਖ ਰਹੇ ਹਾਂ ਅਤੇ ਕੁਝ ਵਾਰ ਸਾਡੇ ਜਤਨ ਸਫ਼ਲ ਹੁੰਦੇ ਹਨ। ਜਿੱਥੋਂ ਤੱਕ ਮੁਲਾਕਾਤਾਂ ਤੇ ਗੱਲਬਾਤ ਦਾ ਸਬੰਧ ਹੈ, ਮੈਂ ਜਿਸ ਦਿਨ ਸਹੁੰ ਚੁੱਕੀ ਸੀ, ਅਸੀਂ ਉਸੇ ਦਿਨ ਤੋਂ ਸੰਕੇਤ ਦੇ ਰਹੇ ਹਾਂ ਅਤੇ ਅਸੀਂ ਸਹੁੰ-ਚੁੱਕ ਸਮਾਰੋਹ ਲਈ ਸੱਦੇ ਭੇਜੇ ਸਨ, ਤੇ ਆਖਿਆ ਸੀ ਕਿ ਅਸੀਂ ਦੋਸਤਾਨਾ ਸਬੰਧ ਚਾਹੁੰਦੇ ਹਾਂ ਪਰ ਆਪਣੇ ਹਿਤਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਇਸੇ ਲਈ ਮੈਂ ਆਖਿਆ ਹੈ ਕਿ ਮੇਰੇ ਦੇਸ਼ ਦੇ ਫ਼ੌਜੀ ਜਵਾਨਾਂ ਨੂੰ ਬਿਲਕੁਲ ਉਸੇ ਤਰੀਕੇ ਜਵਾਬੀ ਕਾਰਵਾਈ ਕਰਨ ਦੀ ਪੂਰੀ ਅਜ਼ਾਦੀ ਹੈ, ਜਿਵੇਂ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਇੰਝ ਕਰਨਾ ਜਾਰੀ ਰੱਖਣਗੇ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਪਾਕਿਸਤਾਨ ਦੇ ਮਾਮਲੇ ‘ਚ ਤੁਸੀਂ ਕਿਹੜੀ ‘ਲਕਸ਼ਮਣ ਰੇਖਾ’ ਖਿੱਚਣੀ ਚਾਹੋਗੇ। ਇਸ ਵਿਸ਼ੇ ਨੂੰ ਲੈ ਕੇ ਕੁਝ ਭੰਬਲਭੂਸਾ ਹੈ। ਮੈਂ ਚਾਹਾਂਗਾ ਕਿ ਤੁਸੀਂ ਥੋੜ੍ਹਾ ਖੁੱਲ੍ਹ ਕੇ ਜਵਾਬ ਦੇਵੋਂ। ਸਾਲ 2014 ‘ਚ, ਇਹ ਸਮਝਿਆ ਗਿਆ ਸੀ ਕਿ ਜੇ ਗੱਲਬਾਤ ਹੋਵੇ, ਤਾਂ ਉਹ ਦੋ ਦੇਸ਼ਾਂ ਵਿਚਾਲੇ ਹੋਣੀ ਚਾਹੀਦੀ ਹੈ ਤੇ ਅਜਿਹੀ ਕੋਈ ਗੱਲਬਾਤ ਹੁਰੀਅਤ ਨਾਲ ਨਹੀਂ ਹੋਣੀ ਚਾਹੀਦੀ। ਇਹ ਗੱਲਬਾਤ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਵਿਚਾਲੇ ਹੋਣੀ ਚਾਹੀਦੀ ਹੈ। ਇੱਕ ਹੋਰ ‘ਲਕਸ਼ਮਣ ਰੇਖਾ’ ਇਹ ਹੈ ਕਿ ਤੁਹਾਨੂੰ 26/11 ਦੇ ਮਾਮਲੇ ਵਿੱਚ ਜ਼ਰੂਰ ਕੁਝ ਕਰਨਾ ਚਾਹੀਦਾ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਤੀਜੀ ਗੱਲ ਇਹ ਕਿ ਪਠਾਨਕੋਟ ਹਮਲੇ ਦੇ ਮਾਮਲੇ ਵਿੱਚ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਹੁਣ ਦੀ ‘ਲਕਸ਼ਮਣ ਰੇਖਾ’ ਕੀ ਹੈ ਅਤੇ ਜੇ ਇਨ੍ਹਾਂ ਹੱਦਾਂ ਵਿੱਚ ਰਹਿੰਦਾ ਹੈ, ਤਾਂ ਸਿਆਸੀ ਪੱਧਰ ‘ਤੇ ਗੱਲਬਾਤ ਹੋ ਸਕਦੀ ਹੈ ਜਾਂ ਕਿ ਇਸ ਦਾ ਕੋਈ ਹੋਰ ਵੀ ਪੱਧਰ ਹੈ?
ਪ੍ਰਧਾਨ ਮੰਤਰੀ ਮੋਦੀ: ਪਹਿਲੀ ਗੱਲ ਤਾਂ ਇਹ ਹੈ ਕਿ ‘ਲਕਸ਼ਮਣ ਰੇਖਾ’ ਬਾਰੇ ਫੈਸਲਾ ਕਰਨ ਲਈ ਪਾਕਿਸਤਾਨ ‘ਚ ਅਸੀਂ ਕਿਸ ਨਾਲ ਗੱਲ ਕਰੀਏ। ਕੀ ਇਹ ਗੱਲਬਾਤ ਚੁਣੀ ਹੋਈ ਸਰਕਾਰ ਨਾਲ ਹੋਣੀ ਚਾਹੀਦੀ ਹੈ ਕਿ ਜਾਂ ਉੱਥੇ ਸਰਗਰਮ ਹੋਰ ਤਾਕਤਾਂ ਨਾਲ ਹੋਵੇ? ਇਸੇ ਲਈ ਭਾਰਤ ਨੂੰ ਹਰ ਵੇਲੇ ਚੌਕਸ ਰਹਿਣਾ ਹੋਵੇਗਾ। ਭਾਰਤ ਨੂੰ ਹਰ ਤਿਣ ਚੌਕਸ ਰਹਿਣਾ ਹੋਵੇਗਾ। ਇਸ ਮਾਮਲੇ ‘ਚ ਕਦੇ ਕੋਈ ਢਿੱਲ-ਮੱਠ ਨਹੀਂ ਹੋ ਸਕਦੀ। ਪਰ ਮੇਰੀ ਲਾਹੌਰ ਫੇਰੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਭਾਰਤ ਆਉਣ ਦਾ ਸੱਦਾ ਦੇਣ ਜਿਹੇ ਮੇਰੇ ਨਿਰੰਤਰ ਜਤਨਾਂ ਸਦਕਾ ਇੱਕ ਨਤੀਜਾ ਸਾਹਮਣੇ ਆਇਆ ਹੈ। ਹੁਣ ਮੈਨੂੰ ਦੁਨੀਆ ਸਾਹਮਣੇ ਭਾਰਤ ਦੀ ਸਥਿਤੀ ਸਪੱਸ਼ਟ ਕਰਨ ਦੀ ਕੋਈ ਲੋੜ ਨਹੀਂ ਹੈ। ਸਮੁੱਚਾ ਵਿਸ਼ਵ ਸਰਬਸੰਮਤੀ ਨਾਲ ਭਾਰਤ ਦੇ ਸਟੈਂਡ ਦੀ ਸ਼ਲਾਘਾ ਕਰ ਰਿਹਾ ਹੈ। ਅਤੇ ਵਿਸ਼ਵ ਵੇਖ ਰਿਹਾ ਹੈ ਕਿ ਪਾਕਿਸਤਾਨ ਨੂੰ ਜਵਾਬ ਦੇਣ ਵਿੱਚ ਔਖ ਮਹਿਸੂਸ ਹੋ ਰਹੀ ਹੈ। ਜੇ ਅਸੀਂ ਕੋਈ ਅੜਿੱਕਾ ਬਣੇ ਹੁੰਦੇ, ਤਾਂ ਸਾਨੂੰ ਦੁਨੀਆ ਨੂੰ ਇਸ ਗੱਲ ਦੀ ਵਿਆਖਿਆ ਕਰ ਕੇ ਸਮਝਾਉਣਾ ਪੈਣਾ ਸੀ ਕਿ ਅਸੀਂ ਕੋਈ ਰੁਕਾਵਟ ਨਹੀਂ ਹਾਂ। ਹੁਣ ਸਾਨੂੰ ਕਿਸੇ ਕਿਸਮ ਦੀ ਕੋਈ ਵਿਆਖਿਆ ਕਰਨ ਦੀ ਲੋੜ ਨਹੀਂ ਹੈ। ਵਿਸ਼ਵ ਸਾਡੀ ਮਨਸ਼ਾ ਨੂੰ ਜਾਣਦਾ ਹੈ। ਜਿਵੇਂ ਦਹਿਸ਼ਤਗਰਦੀ ਦੇ ਮੁੱਦੇ ‘ਤੇ, ਵਿਸ਼ਵ ਨੇ ਦਹਿਸ਼ਤਗਰਦੀ ਬਾਰੇ ਭਾਰਤ ਦਾ ਸਿਧਾਂਤ ਕਦੇ ਨਹੀਂ ਖ਼ਰੀਦਿਆ। ਉਨ੍ਹਾਂ ਨੇ ਕੁਝ ਵਾਰ ਇਹੋ ਆਖ ਕੇ ਮਾਮਲੇ ਨੂੰ ਰੱਦ ਕੀਤਾ ਕਿ ਇਹ ਤਾਂ ਤੁਹਾਡੀ ਆਪਣੀ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਹੈ। ਅੱਜ ਵਿਸ਼ਵ ਨੂੰ ਉਹ ਸਭ ਪ੍ਰਵਾਨ ਕਰਨਾ ਪੈਣਾ ਹੈ, ਭਾਰਤ ਜੋ ਦਹਿਸਤਗਰਦੀ ਬਾਰੇ ਆਖ ਰਿਹਾ ਹੈ। ਦਹਿਸ਼ਤਗਰਦੀ ਬਾਰੇ ਭਾਰਤ ਦੀ ਗੱਲਬਾਤ, ਦਹਿਸ਼ਤਗਰਦੀ ਕਾਰਨ ਭਾਰਤ ਦੇ ਬਹੁਤ ਜ਼ਿਆਦਾ ਨੁਕਸਾਨ ਹੋਏ ਹਨ, ਮਨੁੱਖਤਾ ਨੂੰ ਡਾਢੇ ਨੁਕਸਾਨ ਹੋਏ ਹਨ, ਹੁਣ ਸਮੁੱਚਾ ਵਿਸ਼ਵ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਦਾ ਹੈ। ਇਸੇ ਲਈ ਮੈਂ ਮੰਨਦਾ ਹਾਂ ਕਿ ਸਾਨੂੰ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਹੋਵੇਗਾ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਮੈਂ ਹੁਣ ਅਰਥ ਵਿਵਸਥਾ ਨਾਲ ਸਬੰਧਤ ਪ੍ਰਸ਼ਨਾਂ ਵੱਲ ਜਾਣਾ ਚਾਹਾਂਗਾ। ਪਿਛਲੇ ਦੋ ਸਾਲਾਂ ਦੌਰਾਨ, ਤੁਸੀਂ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਜੇ ਅਸੀਂ ਵਿੱਤੀ ਸ਼ਮੂਲੀਅਤ ਲਈ ‘ਜਨ ਧਨ ਯੋਜਨਾ’,ਫਸਲ ਬੀਮਾ ਲਈ ‘ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ’, ਸਵੱਛ ਭਾਰਤ, ਸਕਿੱਲ ਇੰਡੀਆ, ਮੇਕ ਇਨ ਇੰਡੀਆ ਦੇ ਵਿਸ਼ਿਆਂ ਵੱਲ ਵੇਖੀਏ। ਜੇ ਅਸੀਂ ਇਨ੍ਹਾਂ ਯੋਜਨਾਵਾਂ ਦੇ ਮੂਲ ਵਿਸ਼ਿਆਂ ਨੂੰ ਵੇਖੀਏ, ਤਾਂ ਕੀ ਤੁਹਾਡੇ ਨਿਜੀ ਆਰਥਿਕ ਫ਼ਲਸਫ਼ੇ ਦੇ ਧੁਰੇ ਵਿੱਚ ਤੁਹਾਡਾ ਸਮਾਜਕ ਏਜੰਡਾ, ਸਮਾਜਕ ਤਬਦੀਲੀ ਹੈ? ਕੀ ਪ੍ਰਧਾਨ ਮੰਤਰੀ ਵਜੋਂ ਤੁਹਾਡੇ ਆਰਥਿਕ ਫ਼ਲਸਫ਼ੇ ਦੇ ਧੁਰੇ ਵਿੱਚ ਸਮਾਜਕ ਏਜੰਡਾ ਹੈ?
ਪ੍ਰਧਾਨ ਮੰਤਰੀ ਮੋਦੀ: ਸਾਡੇ ਫ਼ਲਸਫ਼ੇ ਦਾ ਪਹਿਲਾ ਨੁਕਤਾ ਹੈ, ਕਤਾਰ ਵਿੱਚ ਖੜ੍ਹੇ ਆਖ਼ਰੀ ਵਿਅਕਤੀ ਤੱਕ ਪੁੱਜਣਾ। ਪੰਡਤ ਦੀਨਦਿਆਲ ਉਪਾਧਿਆਏ ਦਾ ਫ਼ਲਸਫ਼ਾ ਹੀ ਸਾਡੀ ਸਿਆਸੀ, ਆਰਥਿਕ ਅਤੇ ਸਮਾਜਕ ਵਿਚਾਰਧਾਰਾ ਦਾ ਧੁਰਾ ਹੈ। ਅਤੇ ਮਹਾਤਮਾ ਗਾਂਧੀ ਵੀ ਅਕਸਰ ਇਹੋ ਆਖਿਆ ਕਰਦੇ ਸਨ ਕਿ ਉੱਥੇ ਖੜ੍ਹੇ ਉਸ ਆਖ਼ਰੀ ਵਿਅਕਤੀ ਲਈ ਕੀ-ਕੁਝ ਹੈ? ਇਸ ਤਰ੍ਹਾਂ ਵਿਕਾਸ ਦਾ ਮੇਰਾ ਮਾਪਦੰਡ ਬਹੁਤ ਹੀ ਸਾਧਾਰਣ ਹੈ। ਇਹ ਇਸ ਬਾਰੇ ਹੀ ਹੈ ਕਿ ਵਿਕਾਸ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਕਿਵੇਂ ਲਾਭ ਪੁੱਜ ਸਕਦਾ ਹੈ। ਮੇਰੇ ਆਰਥਿਕ ਏਜੰਡਾ ਦਾ ਕੇਂਦਰੀ ਧੁਰਾ ਗ਼ਰੀਬ ਵਿਅਕਤੀ ਹੈ। ਗ਼ਰੀਬ ਵਿਅਕਤੀ ਕੁਝ ਇਸ ਤਰੀਕੇ ਨਾਲ ਮਜ਼ਬੂਤ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਵਿੱਚ ਗ਼ਰੀਬੀ ਨੂੰ ਹਰਾਉਣ ਦੀ ਇੱਛਾ ਜਾਗੇ। ਗ਼ਰੀਬੀ ਵਿੱਚ ਰਹਿੰਦੇ ਗ਼ਰੀਬਾਂ ਨੂੰ ਗੁਜ਼ਾਰਾ ਕਰਨ ਵਿੱਚ ਮਦਦ ਕਰਨਾ ਵੀ ਇੱਕ ਤਰੀਕਾ ਹੈ। ਮੈਂ ਗ਼ਲਤ ਜਾਂ ਠੀਕ ਨਹੀਂ ਆਖ ਰਿਹਾ, ਪਰ ਇਹ ਇੱਕ ਤਰੀਕਾ ਜ਼ਰੂਰ ਹੈ। ਪਰ ਅੱਜ ਦੇਸ਼ ਦੀ ਹਾਲਤ ਅਜਿਹੀ ਹੈ ਕਿ ਸਾਨੂੰ ਗ਼ਰੀਬਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ, ਤਾਂ ਜੋ ਉਹ ਗ਼ਰੀਬੀ ਨੂੰ ਹਰਾਉਣ ਵਿੱਚ ਸਾਡੇ ਭਾਈਵਾਲ ਬਣ ਸਕਣ। ਇਹ ਸਾਰੀਆਂ ਯੋਜਨਾਵਾਂ ਗ਼ਰੀਬਾਂ ਨੂੰ ਮਜ਼ਬੂਤ ਬਣਾਉਣ ਅਤੇ ਜੀਵਨ ਮਿਆਰ ਵਿੱਚ ਤਬਦੀਲੀ ਲਿਆਉਣ ਲਈ ਹੀ ਹਨ। ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਕੇਵਲ ਗ਼ਰੀਬਾਂ ਦੇ ਬੈਂਕ ਖਾਤੇ ਖੋਲ੍ਹਣ ਨਾਲ ਹੀ ਸਬੰਧਤ ਨਹੀਂ ਹੈ। ਇਸ ਕਾਰਨ ਗ਼ਰੀਬਾਂ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਉਹ ਦੇਸ਼ ਦੀ ਆਰਥਿਕ ਪ੍ਰਣਾਲੀ ਦਾ ਇੱਕ ਹਿੱਸਾ ਬਣ ਰਹੇ ਹਨ। ਉਹ ਬੈਂਕ, ਜਿਸ ਨੂੰ ਉਹ ਕਦੇ ਦੂਰੋਂ ਖਲੋ ਕੇ ਵੇਖਿਆ ਕਰਦਾ ਸੀ, ਹੁਣ ਉਹ ਆਪ ਬੈਂਕ ਦੇ ਅੰਦਰ ਜਾਣ ਦੇ ਯੋਗ ਹੈ। ਇਸ ਨਾਲ ਮਨੋਵਿਗਿਆਨਕ ਤਬਦੀਲੀ ਆਉਂਦੀ ਹੈ। ਇਸੇ ਗੱਲ ਨੂੰ ਥੋੜ੍ਹਾ ਹੋਰ ਢੰਗ ਨਾਲ ਵੇਖੀਏ, ਕੀ ਤੁਸੀਂ ਕਦੇ ਕਲਪਨਾ ਵੀ ਕੀਤੀ ਸੀ ਕਿ ਦੇਸ਼ ਦੇ ਗ਼ਰੀਬ ਇਸ ਤਰ੍ਹਾਂ ਬੈਂਕਿੰਗ ਪ੍ਰਣਾਲੀ ਵਿੱਚ 40 ਹਜ਼ਾਰ ਕਰੋੜ ਰੁਪਏ ਜਮ੍ਹਾ ਕਰਵਾਉਣਗੇ। ਜਿਹੜੇ ਗ਼ਰੀਬਾਂ ਦੇ ਕਦੇ ਬੈਂਕ ਖਾਤੇ ਨਹੀਂ ਸਨ, ਉਨ੍ਹਾਂ ਨੇ 100 ਰੁਪਏ, 50 ਰੁਪਏ ਜਾਂ 200 ਰੁਪਏ ਜਮ੍ਹਾ ਕਰਵਾਏ। ਇਸ ਦਾ ਮਤਲਬ ਹੈ ਕਿ ਗ਼ਰੀਬ ਵਿਅਕਤੀ ਨੇ ਉਹ 100 ਰੁਪਏ ਬਚਾਏ ਤੇ ਉਸ ਦੀ ਜ਼ਿੰਦਗੀ ਵਿੱਚ ਤਬਦੀਲੀ ਸ਼ੁਰੂ ਹੋ ਗਈ। ਅਸੀਂ ਪਖਾਨਿਆਂ ਦਾ ਨਿਰਮਾਣ ਸ਼ੁਰੂ ਕਰਵਾਇਆ ਹੈ। ਮੈਂ ਛੱਤੀਸਗੜ੍ਹ ਗਿਆ ਸਾਂ ਅਤੇ ਉੱਥੇ ਮੈਨੂੰ ਇੱਕ ਮਾਂ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਇੱਕ ਆਦਿਵਾਸੀ ਮਾਂ ਨੇ ਜਦੋਂ ਪਖਾਨਿਆਂ ਦੀ ਉਸਾਰੀ ਨਾਲ ਸਬੰਧਤ ਯੋਜਨਾ ਬਾਰੇ ਸੁਣਿਆ। ਉਸ ਨੇ ਆਪਣੀਆਂ ਚਾਰ ਬੱਕਰੀਆਂ ਵੇਚ ਦਿੱਤੀਆਂ ਤੇ ਇੱਕ ਪਖਾਨਾ ਬਣਵਾਇਆ। ਨੱਬੇ ਵਰ੍ਹਿਆਂ ਦੀ ਉਹ ਮਾਂ ਇੱਕ ਸੋਟੀ ਦੇ ਸਹਾਰੇ ਚਲਦੀ ਹੈ ਤੇ ਆਪਣੇ ਕਬਾਇਲੀ ਪਿੰਡ ਦੇ 30 ਜਾਂ 40 ਪਿੰਡਾਂ ਵਿੱਚ ਉਸੇ ਦੀ ਮਦਦ ਨਾਲ ਚਲਦੀ-ਫਿਰਦੀ ਹੈ; ਉਹ ਪਖਾਨਿਆਂ ਦੀ ਉਸਾਰੀ ਦਾ ਸੁਨੇਹਾ ਫੈਲਾ ਰਹੀ ਹੈ। ਇਹੋ ਤਬਦੀਲੀ ਜੀਵਨ-ਮਿਆਰ ਨੂੰ ਬਦਲਣ ਦਾ ਕਾਰਨ ਬਣ ਰਹੀ ਹੈ। ਮੈਂ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਹੈ। ਇੱਕ ਅਨੁਮਾਨ ਅਨੁਸਾਰ ਇੱਕ ਵਿਅਕਤੀ ਆਪਣੇ ਰੋਗਾਂ ਦੇ ਇਲਾਜ ਉੱਤੇ ਹਰ ਸਾਲ ਔਸਤਨ 7,000 ਰੁਪਏ ਖ਼ਰਚ ਕਰਦਾ ਹੈ। ਉਸ ਦੀ ਬੀਮਾਰੀ ਦਾ ਮੁੱਖ ਕਾਰਨ ਹੈ ਗੰਦਗੀ। ਇਸ ਗੰਦਗੀ ਤੋਂ ਸਭ ਤੋਂ ਵੱਧ ਪ੍ਰਭਾਵਤ ਗ਼ਰੀਬ ਹੀ ਹੁੰਦੇ ਹਨ। ਜੇ ਇੱਕ ਗ਼ਰੀਬ ਬੀਮਾਰ ਹੁੰਦਾ ਹੈ, ਤਾਂ ਉਹ ਦਿਨਾਂ ਲਈ ਆਪਣਾ ਰਿਕਸ਼ਾ ਨਹੀਂ ਚਲਾ ਸਕੇਗਾ ਤੇ ਉਸ ਦੇ ਬੱਚੇ ਓਨਾ ਸਮਾਂ ਭੁੱਖੇ ਰਹਿਣਗੇ। ਤਾਂ ਅਸੀਂ ਗ਼ਰੀਬਾਂ ਦੇ ਜੀਵਨਾਂ ਵਿੱਚ ਤਬਦੀਲੀ ਲਿਆਉਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ? ਹੁਣ ਦੇਸ਼ ਵਿੱਚ ਇੱਕ ਨਵ-ਮੱਧ ਵਰਗ ਹੈ ਅਤੇ ਇੱਕ ਮੱਧ ਵਰਗ ਹੈ। ਨੌਜਵਾਨਾਂ ਦੀਆਂ ਆਪਣੀਆਂ ਇੱਛਾਵਾਂ ਹਨ। ਤੁਸੀਂ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਬੰਦਰਗਾਹ ਗਤੀਵਿਧੀ, ਪੋਰਟ ਗਤੀਵਿਧੀ, ਰੇਲਵੇ ਵਿਸਥਾਰ, ਰੇਲਵੇ ਸਟੇਸ਼ਨ ਅਪਗ੍ਰੇਡੇਸ਼ਨ ਜਿਹੀਆਂ ਮੇਰੀਆਂ ਨੀਤੀਆਂ ਦਾ ਇੱਕ ਹੋਰ ਪੱਖ ਵੀ ਜ਼ਰੂਰ ਵੇਖਿਆ ਹੋਵੇਗਾ। ਇਹ ਸਾਰੀਆਂ ਤਬਦੀਲੀਆਂ ਮੱਧ ਵਰਗ ਨੂੰ ਸਿੱਧੇ ਤੌਰ ‘ਤੇ ਪ੍ਰਭਾਵਤ ਕਰਦੀਆਂ ਹਨ। ਮੱਧ ਵਰਗ ਦੀਆਂ ਆਪਣੀਆਂ ਇੱਛਾਵਾਂ ਹੁੰਦੀਆਂ ਹਨ। ਅਸੀਂ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਹਨ। ਨੌਕਰੀਆਂ ਦੇ ਮੌਕੇ ਕਿਵੇਂ ਪੈਦਾ ਹੋਣਗੇ? ਜਦੋਂ ਤੱਕ ਮੈਂ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਨਿਵੇਸ਼ ਨਹੀਂ ਕਰਦਾ, ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਣਗੇ। ਤੁਸੀਂ ਇਹ ਜ਼ਰੂਰ ਵੇਖਿਆ ਹੋਵੇਗਾ ਕਿ ਅਜ਼ਾਦੀ ਦੇ ਬਾਅਦ ਤੋਂ ਸਭ ਤੋਂ ਵੱਧ ਬਿਜਲੀ ਉਤਪਾਦਨ ਇਸ ਵਰ੍ਹੇ ਹੋਇਆ ਹੈ। ਸਭ ਤੋਂ ਵੱਧ ਕੋਲਾ, ਖਾਣਾਂ ਵਿੱਚੋਂ ਇਸ ਵਰ੍ਹੇ ਕੱਢਿਆ ਗਿਆ ਹੈ। ਰੋਜ਼ਾਨਾ ਵੱਧ ਤੋਂ ਵੱਧ ਲੰਬਾਈ ਵਿੱਚ ਸੜਕਾਂ ਦਾ ਨਿਰਮਾਣ ਵੀ ਇਸੇ ਵਰ੍ਹੇ ਹੋਇਆ ਹੈ। ਸਮੁੰਦਰੀ ਬੰਦਰਗਾਹਾਂ ਉੱਤੇ ਸਟੀਮਰਾਂ ‘ਚ ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਮਾਲ ਦੀ ਲਦਵਾਈ ਤੇ ਲੁਹਾਈ ਇਸੇ ਵਰ੍ਹੇ ਤੋਂ ਹੋਣ ਲੱਗੀ ਹੈ। ਇਨ੍ਹਾਂ ਸਾਰੀਆਂ ਤਬਦੀਲੀਆਂ ਨਾਲ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ ਆਦਿ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਉਦਾਹਰਣ ਵਜੋਂ, ਸਟੈਂਡ ਅੱਪ ਇੰਡੀਆ ਦੇ ਮਾਮਲੇ ਵਿੱਚ, ਮੈਂ ਕਿਹਾ ਹੈ ਕਿ ਹਰੇਕ ਬੈਂਕ ਨੂੰ ਘੱਟੋ-ਘੱਟ ਇੱਕ ਇਸਤ੍ਰੀ, ਇੱਕ ਦਲਿਤ ਜਾਂ ਇੱਕ ਕਬਾਇਲੀ ਵਿਅਕਤੀ ਨੂੰ ਉੱਦਮੀ ਬਣਨ ਦਾ ਆਰਥਿਕ ਮੌਕਾ ਦੇਣਾ ਚਾਹੀਦਾ ਹੈ। ਇਸ ਨਾਲ ਰੋਜ਼ਗਾਰ ਦੇ ਬਹੁਤ ਮੌਕੇ ਪੈਦਾ ਹੋਣਗੇ। ਇਸ ਪ੍ਰਕਾਰ ਇਹ ਮੇਰੇ ਆਰਥਿਕ ਫ਼ਲਸਫ਼ੇ ਦਾ ਅਧਾਰ ਹੈ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਮੈਂ ਇੱਥੇ ਤੁਹਾਨੂੰ ਟੋਕਣਾ ਚਾਹਾਂਗਾ। ਇੱਕ ਪਾਸੇ ਤਾਂ ਲੋਕਾਂ ਦੀਆਂ ਆਸਾਂ ਹਨ ਅਤੇ ਦੂਜੇ ਪਾਸੇ ਤੁਹਾਡਾ ਦ੍ਰਿਸ਼ਟੀਕੋਣ ਹੈ। ਜਿਹੜੇ ਵੀ ਪ੍ਰੋਗਰਾਮਾਂ ਦਾ ਵਰਣਨ ਤੁਸੀਂ ਕੀਤਾ ਹੈ, ਤੁਸੀਂ ਉਨ੍ਹਾਂ ਵਿੱਚ ਕੈਲੰਡਰ ਦੀ ਕੋਈ ਤਾਰੀਖ਼ ਨਹੀਂ ਪਾ ਸਕਦੇ ਪਰ ਉਨ੍ਹਾਂ ਦਾ ਤੁਰੰਤ ਕੋਈ ਪ੍ਰਭਾਵ ਵੇਖਣ ਨੂੰ ਨਹੀਂ ਮਿਲ ਰਿਹਾ। ਹੋ ਸਕਦਾ ਹੈ ਕਿ ਉਨ੍ਹਾਂ ਦੇ ਨਤੀਜੇ 3, 4, 5 ਜਾਂ 5 ਸਾਲਾਂ ਤੋਂ ਵੀ ਬਾਅਦ ਵੇਖਣ ਨੂੰ ਮਿਲਣ। ਹਾਲੇ ਤਾਂ ਚੁਣੌਤੀਆਂ ਹੀ ਚੁਣੌਤੀਆਂ ਹਨ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਤੁਹਾਨੂੰ ਹੋਰ ਕਿਸੇ ਵੀ ਵਿਅਕਤੀ ਤੋਂ ਵੱਧ ਜਾਣਕਾਰੀ ਹੈ ਕਿ ਲੋਕ ਹੁਣ ਤੱਤਫਟ ਨਤੀਜੇ ਚਾਹੁੰਦੇ ਹਨ। ਹੁਣ ਤੁਸੀਂ ਰੋਜ਼ਗਾਰ ਸਿਰਜਣ ਦੀ ਗੱਲ ਕੀਤੀ। ਪਹਿਲੀ ਗੱਲ ਇਹ ਹੈ ਕਿ ਇੱਕ ਪ੍ਰਾਪਤੀ ਵਜੋਂ ਤੁਸੀਂ ਅਰਥ ਵਿਵਸਥਾ ਦੀ ਰਫ਼ਤਾਰ 7.5 %,’ਤੇ ਲਿਆਉਣ ਵਿੱਚ ਸਫ਼ਲ ਰਹੇ ਹੋ, ਜਦ ਕਿ ਵਿਸ਼ਵ ਆਰਥਿਕ ਮਾਹੌਲ ਬਹੁਤ ਕਮਜ਼ੋਰ ਹੈ। ਤੁਸੀਂ ਵੀ ਇਸ ਬਾਰੇ ਗੱਲ ਕੀਤੀ ਹੈ। ਤੁਸੀਂ ਵਿੱਤੀ ਘਾਟਿਆਂ ਦੇ ਨਿਸ਼ਾਨਿਆਂ ਨੂੰ ਪੂਰਿਆ ਹੈ, ਸਿੱਧੇ ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ ਵਧਿਆ ਹੈ ਪਰ ਲੋਕ ਆਖ ਰਹੇ ਹਨ ਕਿ ਰੋਜ਼ਗਾਰ ਦੇ ਮੋਕਿਆਂ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਤੁਸੀਂ ਬੁਨਿਆਦੀ ਢਾਂਚੇ ਦੀ ਗੱਲ ਕੀਤੀ ਹੈ ਪਰ ਬੇਰੋਜ਼ਗਾਰੀ ਦੀ ਮੌਜੂਦਾ ਦਰ ਨੂੰ ਵੇਖੋ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਕੀ ਕਿਰਤ ਬਿਊਰੋ ਦੇ ਤਾਜ਼ਾ ਅੰਕੜੇ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹਨ?
ਪ੍ਰਧਾਨ ਮੰਤਰੀ ਮੋਦੀ: ਪਹਿਲੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿੱਚ 80 ਕਰੋੜ ਵਿਅਕਤੀਆਂ ਦੀ ਉਮਰ 35 ਸਾਲ ਤੋਂ ਘੱਟ ਹੈ। ਸਾਨੂੰ ਇਹ ਮੰਨਣਾ ਹੋਵੇਗਾ ਕਿ ਨੌਕਰੀਆਂ ਦੀ ਮੰਗ ਬਹੁਤ ਜ਼ਿਆਦਾ ਹੈ। ਪਰ ਉਨ੍ਹਾਂ ਨੂੰ ਰੋਜ਼ਗਾਰ ਕਿੱਥੋਂ ਮਿਲੇਗਾ? ਪੂੰਜੀ ਨਿਵੇਸ਼ ਹੋਣਗੇ। ਉਨ੍ਹਾਂ ਦੀ ਵਰਤੋਂ ਬੁਨਿਆਦੀ ਢਾਂਚੇ ਦੇ ਖੇਤਰ, ਨਿਰਮਾਣ ਤੇ ਸੇਵਾਵਾਂ ਦੇ ਖੇਤਰ ਵਿੱਚ ਕੀਤੀ ਜਾਵੇਗੀ। ਅਸੀਂ ਅਜਿਹੀ ਪਹਿਲਕਦਮੀ ਕੀਤੀ ਹੈ, ਅਸੀਂ ‘ਮੁਦਰਾ ਯੋਜਨਾ’ ਸ਼ੁਰੂ ਕੀਤੀ ਹੈ। ਅਸੀਂ ਧੋਬੀਆਂ, ਨਾਈਆਂ, ਦੋਧੀਆਂ, ਅਖ਼ਬਾਰ ਵੇਚਣ ਵਾਲਿਆਂ, ਰੇਹੜੀਆਂ-ਫੜੀਆਂ ਆਦਿ ਜਿਹੇ ਕੰਮ ਕਰਨ ਵਾਲੇ ਤਿੰਨ ਕਰੋੜ ਤੋਂ ਵੀ ਵੱਧ ਲੋਕਾਂ ਨੂੰ ਬਿਨਾ ਕਿਸੇ ਗਰੰਟੀ ਦੇ 1.25 ਲੱਖ ਕਰੋੜ ਰੁਪਏ ਦਿੱਤੇ ਹਨ। ਹੁਣ ਇਨ੍ਹਾਂ ਲੋਕਾਂ ਨੇ ਇਹ ਧਨ ਕਿਉਂ ਲਿਆ ਹੈ? ਆਪਣੇ ਕੰਮਾਂ ਦਾ ਵਿਸਥਾਰ ਕਰਨ ਲਈ। ਜਦੋਂ ਅਜਿਹਾ ਕੋਈ ਵਿਅਕਤੀ ਆਪਣੇ ਕੰਮ ਦਾ ਵਿਸਥਾਰ ਕਰਦਾ ਹੈ, ਤਾਂ ਜੇ ਇਸ ਵੇਲੇ ਉਸ ਕੋਲ ਇੱਕ ਵਿਅਕਤੀ ਕੰਮ ਕਰਦਾ ਹੈ, ਤਾਂ ਹੁਣ ਉਸ ਨੂੰ ਆਪਣੇ ਵਧੇ ਹੋਏ ਕੰਮ ਲਈ ਦੋ ਜਣਿਆਂ ਨੂੰ ਨੌਕਰੀ ਉੱਤੇ ਰੱਖਣਾ ਹੋਵੇਗਾ। ਜੇ ਪਹਿਲਾਂ ਉਸ ਕੋਲ ਦੋ ਵਿਅਕਤੀ ਕੰਮ ਕਰਦੇ ਸਨ, ਤਾਂ ਹੁਣ ਉਸ ਨੂੰ ਤਿੰਨ ਰੱਖਣੇ ਪੈਣੇ ਹਨ। ਹੁਣ ਰਤਾ ਸੋਚੋ, ਜਦੋਂ ਇਨ੍ਹਾਂ 3 ਕਰੋੜ ਛੋਟੇ ਕਾਰੋਬਾਰਾਂ ਵਿੱਚ ਇਹ ਪੂੰਜੀ ਲੱਗੀ ਹੈ, ਉਨ੍ਹਾਂ ਸਾਰੇ ਕਾਰੋਬਾਰਾਂ ਦਾ ਵਿਸਥਾਰ ਹੋਵੇਗਾ। ਹੁਣ ਇਹ ਸਭ ਤਾਂ ਕਿਰਤ ਵਿਭਾਗ ਦੇ ਰਜਿਸਟਰਾਂ ਵਿੱਚ ਮੌਜੂਦ ਨਹੀਂ ਹੈ। ਤਿੰਨ ਕਰੋੜ ਵਿਅਕਤੀਆਂ ਨੇ ਆਪਣੇ ਕੰਮ ਵਧਾਏ ਹਨ। ਅਸੀਂ ਇੱਕ ਹੋਰ ਛੋਟਾ ਫੈਸਲਾ ਲਿਆ ਹੈ। ਦੇਸ਼ ਦੇ ਵੱਡੇ ਮਾੱਲ ਸਾਲ ਵਿੱਚ ਰੋਜ਼ਾਨਾ 365 ਦਿਨ ਚਲਦੇ ਹਨ ਪਰ ਛੋਟੀਆਂ ਦੁਕਾਨਾਂ ਨੂੰ ਛੁੱਟੀ ਵਾਲੇ ਦਿਨ ਆਪਣਾ ਕਾਰੋਬਾਰ ਬੰਦ ਰੱਖਣਾ ਪੈਂਦਾ ਹੈ। ਅਸੀਂ ਬਜਟ ਵਿੱਚ ਐਲਾਨ ਕੀਤਾ ਸੀ ਕਿ ਇੱਕ ਛੋਟਾ ਦੁਕਾਨਦਾਰ ਵੀ ਆਪਣੀ ਦੁਕਾਨ ਦੇਰ ਰਾਤ ਤੱਕ ਖੋਲ੍ਹ ਕੇ ਰੱਖ ਸਕੇਗਾ ਤੇ ਉਹ ਹਫ਼ਤੇ ਦੇ ਸਾਰੇ ਸੱਤ ਦਿਨ। ਜੇ ਸ਼ਾੱਪਿੰਗ ਮਾੱਲਜ਼ ਉੱਤੇ ਕੋਈ ਪਾਬੰਦੀਆਂ ਨਹੀਂ ਹਨ, ਤਾਂ ਛੋਟੇ ਦੁਕਾਨਦਾਰਾਂ ਉੱਤੇ ਵੀ ਪਾਬੰਦੀਆਂ ਕਿਉਂ ਹੋਣੀਆਂ ਚਾਹੀਦੀਆਂ ਹਨ। ਇੰਝ ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਹਫ਼ਤੇ ਦੇ ਸੱਤ ਦਿਨ ਦੇਰ ਰਾਤ ਤੱਕ ਖੋਲ੍ਹਦਾ ਹੈ, ਤਾਂ ਜੇ ਪਹਿਲਾਂ ਉਸ ਕੋਲ ਇੱਕ ਵਿਅਕਤੀ ਕੰਮ ਕਰਦਾ ਸੀ, ਤਾਂ ਹੁਣ ਉਸ ਨੂੰ ਦੋ ਵਿਅਕਤੀਆਂ ਨੂੰ ਰੋਜ਼ਗਾਰ ਦੇਣਾ ਹੋਵੇਗਾ। ਕੀ ਇੰਝ ਰੋਜ਼ਗਾਰ ਵਿੱਚ ਵਾਧਾ ਨਹੀਂ ਹੋਵੇਗਾ?
ਅਰਨਬ: ਤਾਂ ਕੀ ਤੁਹਾਡਾ ਧਿਆਨ ਉੱਦਮਸ਼ੀਲਤਾ ਉੱਤੇ ਕੇਂਦ੍ਰਿਤ ਹੈ?
ਪ੍ਰਧਾਨ ਮੰਤਰੀ ਮੋਦੀ: ਸਾਡਾ ਧਿਆਨ ਸਾਰੇ ਪੱਖਾਂ ਉੱਤੇ ਹੀ ਕੇਂਦ੍ਰਿਤ ਹੈ। ਹੁਣ ਅਸੀਂ ਆਖ ਰਹੇ ਹਾਂ ਕਿ ਸਾਲ 2022 ਤੱਕ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰੇਕ ਵਿਅਕਤੀ ਕੋਲ ਇੱਕ ਘਰ ਹੋਵੇ। ਮਕਾਨ ਉਸਾਰੀ ਦੇ ਖੇਤਰ ਵਿੱਚ ਰੋਜ਼ਗਾਰ ਸਿਰਜਣ ਦੀਆਂ ਸੰਭਾਵਨਾਵਾਂ ਸਭ ਤੋਂ ਵੱਧ ਹੁੰਦੀਆਂ ਹਨ। ਮਕਾਨਾਂ ਦੀ ਉਸਾਰੀ ਇੰਨੀ ਜ਼ਿਆਦਾ ਗਿਣਤੀ ਵਿੱਚ ਹੋਵੇਗੀ, ਤਾਂ ਕਿੰਨੇ ਲੋਕਾਂ ਨੂੰ ਉਸ ਤੋਂ ਰੋਜ਼ਗਾਰ ਮਿਲੇਗਾ? ਤੁਸੀਂ ਇਹ ਜ਼ਰੂਰ ਵੇਖਿਆ ਹੋਵੇਗਾ ਕਿ ਪਿਛਲੇ ਵਰ੍ਹੇ ਅਸੀਂ ਕੱਪੜਾ ਨੀਤੀ ਲਿਆਂਦੀ ਸੀ। ਇਸ ਕੱਪੜਾ ਨੀਤੀ ਅਧੀਨ, ਉਨ੍ਹਾਂ ਸਾਰੇ ਉੱਦਮੀਆਂ ਨੂੰ ਆਮਦਨ ਟੈਕਸ ਦੇ ਲਾਭ ਮਿਲਣਗੇ, ਜੋ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ। ਜਿੰਨਾ ਵੱਧ ਕੋਈ ਉੱਦਮੀ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ, ਓਨੇ ਹੀ ਜ਼ਿਆਦਾ ਉਸ ਨੂੰ ਟੈਕਸ ਲਾਭ ਮਿਲਣਗੇ। ਪਹਿਲੀ ਵਾਰ ਰੋਜ਼ਗਾਰ ਵਾਧੇ ਨੂੰ ਟੈਕਸ ਨਾਲ ਜੋੜਿਆ ਗਿਆ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੇ ਰੋਜ਼ਗਾਰ ਵਧਾਉਣਾ ਹੈ ਅਤੇ ਸਾਡਾ ਧਿਆਨ ਆਮ ਨਾਗਰਿਕ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਉੱਤੇ ਕੇਂਦ੍ਰਿਤ ਹੈ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਅਨਾਜ ਦੀ ਮਹਿੰਗਾਈ ਬਾਰੇ ਵੀ ਪ੍ਰਸ਼ਨ ਕੀਤੇ ਜਾ ਰਹੇ ਹਨ ਕਿਉਂਕਿ ਉਸ ਵਿੱਚ ਹਾਲੇ ਤੱਕ ਕੋਈ ਕਮੀ ਨਹੀਂ ਆਈ ਹੈ। ਆਸ ਇਹੋ ਕੀਤੀ ਜਾ ਰਹੀ ਸੀ ਕਿ ਭੋਜਨ ਪਦਾਰਥਾਂ ਦੀ ਮਹਿੰਗਾਈ ਘਟੇਗੀ। ਜਨਤਾ ਨੇ ਪ੍ਰਧਾਨ ਮੰਤਰੀ ਉੱਤੇ ਆਪਣੀਆਂ ਆਸਾਂ ਰੱਖੀਆਂ ਸਨ ਕਿ ਉਹ ਕੀਮਤਾਂ ਘਟਾਉਣਗੇ। ਇਸ ਮੁੱਦੇ ਦਾ ਸਿਆਸੀ ਅਤੇ ਸਮਾਜਕ ਦੋਵੇਂ ਪਾਸੇ ਅਸਰ ਪੈਂਦਾ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ, ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਕੁਝ ਥਾਵਾਂ ‘ਤੇ ਅਰਹਰ ਦਾਲ ਦੀ ਕੀਮਤ 150 ਰੁਪਏ ਤੱਕ ਪੁੱਜ ਗਈ ਹੈ ਅਤੇ ਹੋਰ ਦਾਲਾਂ ਦੀ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਚਲੀ ਗਈ ਹੈ। ਟਮਾਟਰਾਂ ਦੀ ਕੀਮਤ ਵੀ ਵਧ ਰਹੀ ਸੀ। ਕੀ ਇਹ ਕੇਵਲ ਮੌਸਮੀ ਹੈ ਕਿਉਂਕਿ ਭੋਜਨ ਪਦਾਰਥਾਂ ਦੀਆਂ ਕੀਮਤਾਂ ਹਰ ਸਾਲ 7.5 %,ਦੀ ਦਰ ਨਾਲ ਵਧ ਰਹੀਆਂ ਹਨ। ਵਿਸ਼ਵ ਵਿੱਚ ਤੇਲ ਕੀਮਤਾਂ ਘਟ ਗਈਆਂ ਹਨ। ਕੀ ਤੁਸੀਂ ਸੋਚਦੇ ਹੋ ਕਿ ਇਸ ਨਾਲ ਤੁਹਾਡੀ ਸਰਕਾਰ ਨੂੰ ਮਹਿਸੂਸ ਕਰਨ ਲਈ ਕੁਝ ਮੁੱਦੇ ਮਿਲਦੇ ਹਨ?
ਪ੍ਰਧਾਨ ਮੰਤਰੀ ਮੋਦੀ: ਤੁਸੀਂ ਮਹਿੰਗਾਈ ਨੂੰ ਕਿਸੇ ਅਹਿਸਾਸ ਦੇ ਮੁੱਦੇ ਵਜੋਂ ਨਹੀਂ ਵੇਖ ਸਕਦੇ। ਮਹਿੰਗਾਈ ਨੂੰ ਇੱਕ ਹਕੀਕਤ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਖਪਤਕਾਰ ਲਈ ਕੀ ਉਪਲਬਧ ਹੈ, ਉਸ ਨੂੰ ਉਵੇਂ-ਜਿਵੇਂ ਹੀ ਵੇਖਿਆ ਜਾਣਾ ਚਾਹੀਦਾ ਹੈ। ਕੀਮਤਾਂ ਵਿੱਚ ਵਾਧੇ ਨੂੰ ਕਿਸੇ ਗੱਲ ਦਾ ਅਹਿਸਾਸ ਕਰਨ ਦੇ ਮੁੱਦੇ ਅਤੇ ਇਸ ਸਚਾਈ ਤੋਂ ਬਚਣ ਦੇ ਕਿਸੇ ਸਾਧਨ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ। ਸਾਨੂੰ ਸਚਾਈ ਤਾਂ ਪ੍ਰਵਾਨ ਕਰਨੀ ਹੀ ਪੈਣੀ ਹੈ। ਤੁਸੀਂ ਵੇਖੋ ਕਿ ਪਿਛਲੇ ਸਰਕਾਰ ਦੇ ਕਾਰਜਕਾਲ ਦੌਰਾਨ ਜਿੰਨੀ ਤੇਸ਼ੀ ਨਾਲ ਕੀਮਤਾਂ ਵਧ ਰਹੀਆਂ ਸਨ, ਉਸ ਤੇਸ਼ੀ ਦੀ ਰਫ਼ਤਾਰ ਵਿੱਚ ਹੁਣ ਬਹੁਤ ਜ਼ਿਆਦਾ ਕਮੀ ਆਈ ਹੈ। ਤੁਸੀਂ ਅੰਕੜੇ ਵੇਖ ਸਕਦੇ ਹੋ, ਤੁਹਾਨੂੰ ਉੱਥੋਂ ਸਾਰੀ ਜਾਣਕਾਰੀ ਮਿਲ ਜਾਵੇਗੀ। ਦੂਜੇ, ਦੇਸ਼ ਦੋ ਸਾਲਾਂ ਤੋਂ ਲਗਾਤਾਰ ਸੋਕੇ ਦੀ ਮਾਰ ਹੇਠ ਚੱਲ ਰਿਹਾ ਹੈ। ਸੋਕੇ ਦਾ ਸਿੱਧਾ ਅਸਰ ਸਬਜ਼ੀਆਂ, ਭੋਜਨ ਤੇ ਦਾਲਾਂ ਦੀਆਂ ਕੀਮਤਾਂ ਉੱਤੇ ਪੈਂਦਾ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਧਰਤੀ ਵਿੱਚੋਂ ਹੀ ਪੈਦਾ ਹੁੰਦੀਆਂ ਹਨ। ਹੁਣ ਜਦੋਂ ਇੰਨਾ ਵੱਡਾ ਸੋਕਾ ਪਿਆ ਹੋਵੇ, ਤਦ ਅਜਿਹੀ ਹਾਲਤ ਤਾਂ ਕਿਸੇ ਦੇ ਵੀ ਹੱਥ ‘ਚ ਨਹੀਂ ਹੈ। ਅਜਿਹੀ ਹਾਲਤ ਵਿੱਚ ਦੂਜਾ ਵਿਕਲਪ ਦਰਾਮਦਾਂ ਹੈ। ਭਾਰਤ ਸਰਕਾਰ ਨੇ ਦਾਲਾਂ ਭਾਰੀ ਮਾਤਰਾਵਾਂ ਵਿੱਚ ਦਰਾਮਦ ਕੀਤੀਆਂ ਹਨ। ਤੀਜੇ, ਇਹ ਸੂਬਾ ਅਤੇ ਕੇਂਦਰ ਸਰਕਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਹ ਕੇਵਲ ਸੂਬੇ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਇਹ ਕੇਵਲ ਕੇਂਦਰ ਦੀ ਹੀ ਜ਼ਿੰਮੇਵਾਰੀ ਵੀ ਨਹੀਂ ਹੈ। ਇਹ ਸੂਬਾ ਤੇ ਕੇਂਦਰ ਦੋਵੇਂ ਹੀ ਸਰਕਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਹ ਦੂਸ਼ਣਬਾਸ਼ੀ ਦਾ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ ਕਿ ਸੂਬਾ ਸਰਕਾਰ ਨੇ ਕੋਈ ਖ਼ਾਸ ਚੀਜ਼ਾਂ ਨਹੀਂ ਕੀਤਾ ਤੇ ਕੇਂਦਰ ਉਹ ਨਹੀਂ ਕੀਤਾ। ਪਰ ਸਾਨੂੰ ਇਸ ਗੱਲ ‘ਤੇ ਸਹਿਮਤ ਹੋਣਾ ਹੋਵੇਗਾ ਕਿ ਇਹ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਹੋ ਕਾਰਨ ਹੈ ਕਿ ਕੇਂਦਰ ਨੇ ਸੂਬਿਆਂ ਨੂੰ ਸਖ਼ਤ ਕਾਨੂੰਨ ਬਣਾਉਣ ਦੇ ਅਧਿਕਾਰ ਦਿੱਤੇ ਹਨ। ਕਿੰਨੇ ਸਟਾੱਕ ਰੱਖਣੇ ਹਨ ਅਤੇ ਕਿੰਨੇ ਨਹੀਂ ਰੱਖਣੇ, ਅਜਿਹੇ ਫ਼ੈਸਲੇ ਸੂਬੇ ਲੈ ਸਕਦੇ ਹਨ। ਅਜਿਹੇ ਸਾਰੇ ਅਧਿਕਾਰ ਸੂਬਿਆਂ ਨੂੰ ਦੇ ਦਿੱਤੇ ਗਏ ਹਨ। ਕੁਝ ਸੂਬਿਆਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ, ਕੁਝ ਸੂਬੇ ਕੋਸ਼ਿਸ਼ ਕਰ ਰਹੇ ਹਨ। ਪਰ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਮਾਮਲੇ ‘ਚ ਮਿਲ ਕੇ ਕੰਮ ਕਰਨ ਦੇ ਜਤਨ ਕਰ ਰਹੀਆਂ ਹਨ। ਮੇਰਾ ਮੰਨਣਾ ਹੈ ਕਿ ਜਿਸ ਰਫ਼ਤਾਰ ਨਾਲ ਕੀਮਤਾਂ ਉਦੋਂ (ਯੂ.ਪੀ.ਏ. ਅਧੀਨ) ਵਧ ਰਹੀਆਂ ਸਨ, ਤਾਂ ਹੁਣ ਕੀ ਵਾਪਰਨਾ ਸੀ, ਜੇ ਕੀਮਤਾਂ ਉਸੇ ਰਫ਼ਤਾਰ ਨਾਲ ਵਧਦੀਆਂ ਰਹਿੰਦੀਆਂ; ਸਾਨੂੰ ਇਸ ਮਾਮਲੇ ਵਿੱਚ ਸਫ਼ਲਤਾ ਮਿਲੀ ਹੈ। ਅਸੀਂ ਕੀਮਤਾਂ ਵਿੱਚ ਤੇਜ਼ ਰਫ਼ਤਾਰ ਵਾਧੇ ਨੂੰ ਰੋਕਣ ਵਿੱਚ ਸਫ਼ਲ ਰਹੇ ਹਾਂ। ਪਰ ਜਿੱਥੋਂ ਤੱਕ ਦਾਲਾਂ ਦਾ ਸਬੰਧ ਹੈ, ਭਾਰਤ ਵਿੱਚ ਇਨ੍ਹਾਂ ਦਾ ਉਤਪਾਦਨ ਬਹੁਤ ਘੱਟ ਰਿਹਾ ਹੈ। ਬਹੁਤ ਸਾਰੇ ਜਿਹੜੇ ਕਿਸਾਨ ਪਹਿਲਾਂ ਦਾਲਾਂ ਦੀ ਖੇਤੀ ਕਰਦੇ ਸਨ, ਉਨ੍ਹਾਂ ਨੇ ਹੁਣ ਗੰਨਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਹ ਵੀ ਚਿੰਤਾ ਦਾ ਵਿਸ਼ਾ ਹੈ। ਅਸੀਂ ਦਾਲ ਉਤਪਾਦਕਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਦੇ ਰਹੇ ਹਾਂ। ਅਸੀਂ ਦਾਲਾਂ ਲਈ ਇੱਕ ਵੱਖਰਾ ‘ਘੱਟੋ-ਘੱਟ ਸਮਰਥਨ’ ਮੁੱਲ ਤੈਅ ਕਰਨ ਦਾ ਜਤਨ ਕੀਤਾ ਹੈ। ਅਸੀਂ ਕਿਸਾਨਾਂ ਤੋਂ ਬੋਨਸ ਸਮੇਤ ਦਾਲਾਂ ਖ਼ਰੀਦਣ ਲਈ ਕਦਮ ਚੁੱਕੇ ਹਨ। ਸਾਡਾ ਧਿਆਨ ਦਾਲਾਂ ਦੇ ਉਤਪਾਦਨ ਵਿੱਚ ਵਾਧਾ ਕਰਨ ਉੱਤੇ ਕੇਂਦ੍ਰਿਤ ਹੈ। ਅਸੀਂ ਹੋਰਨਾਂ ਦੇਸ਼ਾਂ ਤੋਂ ਦਾਲਾਂ ਦੀ ਦਰਾਮਦ ਕਰ ਕੇ ਭੰਡਾਰ ਰੱਖਣ ਉੱਤੇ ਵੀ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਇਸ ਤਰ੍ਹਾਂ ਸਰਬਪੱਖੀ ਜਤਨ ਕੀਤੇ ਜਾ ਰਹੇ ਹਨ ਅਤੇ ਮੇਰਾ ਮੰਨਣਾ ਹੈ ਕਿ ਕਿਸੇ ਨੂੰ ਵੀ ਇਸ ਸਰਕਾਰ ਦੀ ਸੁਹਿਰਦਤਾ ਪ੍ਰਤੀ ਕੋਈ ਸ਼ੱਕ ਨਹੀਂ ਹੈ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਰਘੂਰਾਮ ਰਾਜਨ ਦੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਅਹੁਦੇ ਤੋਂ ਲਾਂਭੇ ਹੋਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਬਾਰੇ ਤੁਹਾਡਾ ਕੀ ਵਿਚਾਰ ਹੈ? ਇਸ ਬਾਰੇ ਬਹੁਤ ਕੁਝ ਆਖਿਆ ਗਿਆ ਹੈ। ਅਜਿਹੀ ਵਿਆਖਿਆ ਵੀ ਕੀਤੀ ਗਈ ਸੀ ਕਿ ਇਸ ਨਾਲ ਵਿਸ਼ਵ ਅਰਥਚਾਰੇ ‘ਚ ਭਾਰਤ ਦਾ ਅਕਸ ਪ੍ਰਭਾਵਤ ਹੋ ਸਕਦਾ ਹੈ। ਰਘੂਰਾਮ ਰਾਜਨ ਦੇ ਜਾਣ ਨਾਲ ਸਬੰਧਤ ਵਿਵਾਦ ਬਾਰੇ ਤੁਹਾਡਾ ਆਪਣਾ ਕੀ ਵਿਚਾਰ ਹੈ?
ਪ੍ਰਧਾਨ ਮੰਤਰੀ ਮੋਦੀ: ਮਈ 2014 ‘ਚ ਜਦੋਂ ਮੇਰੀ ਸਰਕਾਰ ਕਾਇਮ ਹੋਈ ਸੀ, ਤੁਸੀਂ ਮਈ, ਜੂਨ, ਜੁਲਾਈ 2014 ਦੇ ਅਖ਼ਬਾਰ ਲੈ ਲਵੋ ਤੇ ਉਸ ਸਮੇਂ ਦੌਰਾਨ ਟੈਲੀਵਿਜ਼ਨ ਉੱਤੇ ਹੋਈਆਂ ਬਹਿਸਾਂ ਚੈੱਕ ਕਰ ਲਵੋ। ਉਦੋਂ ਟੈਲੀਵਿਜ਼ਨ ਉੱਤੇ ਹੋਣ ਵਾਲੀਆਂ ਬਹਿਸਾਂ ਦਾ ਵਿਸ਼ਾ ਇਹੋ ਹੁੰਦਾ ਸੀ – ਕੀ ਨਵੀਂ ਸਰਕਾਰ ਰਘੂਰਾਮ ਰਾਜਨ ਨੂੰ ਆਪਣੇ ਅਹੁਦੇ ‘ਤੇ ਕਾਇਮ ਰਹਿਣ ਦੇਵੇਗੀ? ਜਾਂ ਕੀ ਨਵੀਂ ਸਰਕਾਰ ਰਘੂਰਾਮ ਰਾਜਨ ਨੂੰ ਬਰਖ਼ਾਸਤ ਕਰ ਦੇਵੇਗੀ? ਅਤੇ ਉਦੋਂ ਵੱਧ ਜਾਂ ਘੱਟ ਇਹੋ ਆਮ ਸਹਿਮਤੀ ਬਣਦੀ ਸੀ ਕਿ ਉਨ੍ਹਾਂ ਦੀ ਨਿਯੁਕਤੀ ਕਿਉਂਕਿ ਪਿਛਲੀ ਸਰਕਾਰ ਨੇ ਕੀਤੀ ਸੀ ਤੇ ਇਸੇ ਲਈ ਮੋਦੀ ਉਸ ਨੂੰ ਆਪਣਾ ਕਾਰਜਕਾਲ ਮੁਕੰਮਲ ਨਹੀਂ ਕਰਨ ਦੇਣਗੇ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦੇਣਗੇ। ਤੁਸੀਂ ਵੇਖਿਆ ਹੈ ਕਿ ਉਨ੍ਹਾਂ ਨੇ ਆਪਣਾ ਸਾਰਾ ਕਾਰਜਕਾਲ ਮੁਕੰਮਲ ਕੀਤਾ ਹੈ। ਪਿਛਲੀ ਸਰਕਾਰ ਨੇ ਉਨ੍ਹਾਂ ਨੂੰ ਜਿੰਨੇ ਸਮੇਂ ਲਈ ਨਿਯੁਕਤ ਕੀਤਾ ਸੀ, ਉਹ ਆਪਣਾ ਸਾਰਾ ਕਾਰਜਕਾਲ ਮੁਕੰਮਲ ਕਰ ਰਹੇ ਹਨ। ਇੰਝ ਉਹ ਸਾਰੀਆਂ ਗ਼ਲਤ ਧਾਰਨਾਵਾਂ ਰੱਦ ਹੋ ਗਈਆਂ ਹਨ। ਦੂਜੇ, ਸਰਕਾਰ ਵਿੱਚ ਮੇਰੇ ਦੋ ਸਾਲਾਂ ਦੇ ਤਜਰਬੇ ਮੁਤਾਬਕ, ਜਿਹੜੇ ਹੁਣ ਵਿਵਾਦ ਪੈਦਾ ਕਰ ਰਹੇ ਹਨ, ਉਹ ਰਘੂਰਾਮ ਰਾਜਨ ਨਾਲ ਨਾਇਨਸਾਫ਼ੀ ਕਰ ਰਹੇ ਹਨ।
ਅਰਨਬ: ਅਜਿਹਾ ਕਿਉਂ?
ਪ੍ਰਧਾਨ ਮੰਤਰੀ ਮੋਦੀ: ਮੈਂ ਤੁਹਾਨੂੰ ਦੱਸਾਂਗਾ। ਜੋ ਇਹ ਆਖਦੇ ਹਨ… ਮੇਰਾ ਮੰਨਣਾ ਹੈ ਕਿ ਰਘੂਰਾਮ ਰਾਜਨ ਦੀ ਦੇਸ਼ ਭਗਤੀ ਸਾਡੇ ਵਿੱਚੋਂ ਕਿਸੇ ਨਾਲੋਂ ਵੀ ਘੱਟ ਨਹੀਂ ਹੈ। ਇਹ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ, ਜੇ ਕੋਈ ਇਹ ਕਹਿੰਦਾ ਹੈ ਕਿ ਉਹ ਕੇਵਲ ਤਦ ਹੀ ਦੇਸ਼ ਦੀ ਸੇਵਾ ਕਰਨਗੇ, ਜੇ ਉਹ ਕਿਸੇ ਖ਼ਾਸ ਅਹੁਦੇ ਉੱਤੇ ਨਿਯੁਕਤ ਰਹਿਣਗੇ। ਮੈਂ ਜਿੰਨਾ ਕੁ ਰਘੂਰਾਮ ਰਾਜਨ ਨੂੰ ਜਾਣਦਾ ਹਾਂ, ਉਨ੍ਹਾਂ ਦਾ ਅਹੁਦਾ ਭਾਵੇਂ ਕੋਈ ਵੀ ਹੋਵੇ, ਉਹ ਕਿਤੇ ਮਰਸ਼ੀ ਰਹਿਣ, ਉਹ ਅਜਿਹੇ ਵਿਅਕਤੀ ਹਨ ਕਿ ਉਹ ਸਦਾ ਹੀ ਦੇਸ਼ ਦੀ ਸੇਵਾ ਕਰਦੇ ਰਹਿਣਗੇ। ਉਹ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੇ ਵਿਅਕਤੀ ਹਨ। ਅਜਿਹਾ ਨਹੀਂ ਹੋਵੇਗਾ ਕਿ ਰਾਸ਼ਟਰ ਰਘੂਰਾਮ ਰਾਜਨ ਦੀਆਂ ਸੇਵਾਵਾਂ ਨਹੀਂ ਲਵੇਗਾ। ਰਘੂਰਾਮ ਰਾਜਨ ਇਸ ਕਿਸਮ ਦੇ ਵਿਅਕਤੀ ਨਹੀਂ ਹਨ। ਉਹ ਦੇਸ਼ ਨੂੰ ਪਿਆਰ ਕਰਨ ਵਾਲੇ ਵਿਅਕਤੀ ਹਨ। ਜੋ ਅਜਿਹੀ ਭਾਸ਼ਾ ਬੋਲਦੇ ਹਨ, ਉਹ ਉਨ੍ਹਾਂ ਨਾਲ ਨਾਇਨਸਾਫ਼ੀ ਕਰ ਰਹੇ ਹਨ। ਉਨ੍ਹਾਂ ਨਾਲ ਮੇਰਾ ਅਨੁਭਵ ਵਧੀਆ ਰਿਹਾ ਹੈ। ਉਨ੍ਹਾਂ ਜੋ ਵੀ ਕੰਮ ਕੀਤਾ ਹੈ, ਮੈਂ ਉਸ ਦੀ ਸ਼ਲਾਘਾ ਕਰਦਾ ਹਾਂ। ਮੇਰੀਆਂ ਸ਼ੁਭ ਇੱਛਾਵਾਂ ਸਦਾ ਉਨ੍ਹਾਂ ਨਾਲ ਰਹਿਣਗੀਆਂ।
ਅਰਨਬ: ਪ੍ਰਧਾਨ ਮੰਤਰੀ ਮੋਦੀ ਜੀ, ਇਸ ਨਾਲ ਸਬੰਧਤ ਇੱਕ ਪ੍ਰਸ਼ਨ ਹੈ। ਕਾਰਜਕਾਰੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਤੁਸੀਂ ‘ਸ’ ਅੱਖਰ ਨਾਲ ਸ਼ੁਰੂ ਹੋਣ ਵਾਲੇ 7 ਸ਼ਬਦ ਦੱਸੇ ਸਨ – ‘ਸੇਵਾ ਭਾਵ’, ਸੰਤੁਲਨ, ‘ਸੰਯਮ’ (ਸੰਜਮ), ‘ਸੰਵਾਦ’ (ਗੱਲਬਾਤ), ‘ਸਮਨਵੈ’ (ਤਾਲਮੇਲ), ‘ਸਕਾਰਾਤਮਕ’ (ਹਾਂ-ਪੱਖੀ) ਅਤੇ ‘ਸੰਵੇਦਨਾ’ (ਭਾਵੁਕਤਾ)। ਮੈਂ ਰਘੂਰਾਮ ਰਾਜਨ ਦੇ ਸੰਦਰਭ ਵਿੱਚ ਪ੍ਰਸ਼ਨ ਪੁੱਛਾਂਗਾ ਕਿਉਂਕਿ ਤੁਸੀਂ ਇਨ੍ਹਾਂ ਸ਼ਬਦਾਂ ਦੀ ਵਰਤੋਂ 14 ਜੂਨ ਨੂੰ ਇਲਾਹਾਬਾਦ ਵਿਖੇ ਕਾਰਜਕਾਰੀ ਅਧਿਕਾਰੀਆਂ ਦੀ ਰਾਸ਼ਟਰੀ ਮੀਟਿੰਗ ਦੌਰਾਨ ਕੀਤੀ ਸੀ। ਤੁਸੀਂ ਆਖਿਆ ਸੀ,”ਸਾਡੇ ਪਾਰਟੀ ਆਗੂਆਂ ਤੇ ਪਾਰਟੀ ਕਾਰਕੁੰਨਾਂ ਨੂੰ ਆਪਣੇ ਰੋਜ਼ਮੱਰਾ ਦੇ ਕੰਮਕਾਜ ਅਤੇ ਆਪਣੇ ਵਿਵਹਾਰਾਂ ਵਿੱਚ ਇਹ ਸਾਰੇ ਗੁਣ ਸ਼ਾਮਲ ਕਰ ਲੈਣੇ ਚਾਹੀਦੇ ਹਨ।” ਪ੍ਰਧਾਨ ਮੰਤਰੀ ਜੀ, ਰਘੂਰਾਮ ਰਾਜਨ ਦੇ ਸੰਦਰਭ ਵਿੱਚ, ਰਾਜ ਸਭਾ ਦੇ ਤੁਹਾਡੇ ਇੱਕ ਐੱਮ.ਪੀ. ਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਹਨ। ਬਾਅਦ ‘ਚ ਉਸ ਨੇ ਸੀਨੀਅਰ ਅਧਿਕਾਰੀਆਂ ਵਿਰੁੱਧ ਵੀ ਕੁਝ ਗੰਭੀਰ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਹਨ। ਮੇਰਾ ਸੁਆਲ ਹੈ, ਕੀ ਤੁਸੀਂ ਇਹ ਸਭ ਠੀਕ ਸਮਝਦੇ ਹੋ? ਜਦੋਂ ਅਸੀਂ ‘ਸੰਯਮ’ (ਸੰਜਮ) ਅਤੇ ‘ਸੰਤੁਲਨ’ ਦੀ ਗੱਲ ਕਰਦੇ ਹਾਂ, ਤਾਂ ਕੀ ਇਹ ਦਰੁਸਤ ਹੈ?
ਪ੍ਰਧਾਨ ਮੰਤਰੀ ਮੋਦੀ: ਕੋਈ ਭਾਵੇਂ ਮੇਰੀ ਪਾਰਟੀ ਨਾਲ ਸਬੰਧਤ ਹੈ ਜਾਂ ਨਹੀਂ, ਮੇਰਾ ਮੰਨਣਾ ਹੈ ਕਿ ਅਜਿਹੀਆਂ ਚੀਜ਼ਾਂ ਗ਼ੈਰ-ਵਾਜਬ ਹਨ। ਫੋਕੀ ਸ਼ੋਹਰਤ ਲਈ ਕੀਤੀਆਂ ਅਜਿਹੀਆਂ ਕੋਸ਼ਿਸ਼ਾਂ ਨਾਲ ਦੇਸ਼ ਨੂੰ ਕੋਈ ਲਾਭ ਨਹੀਂ ਹੋਣਾ। ਆਪਣੇ ਆਚਾਰ-ਵਿਹਾਰ ਦੇ ਮਾਮਲੇ ਵਿੱਚ ਹਰੇਕ ਵਿਅਕਤੀ ਨੂੰ ਵਧੇਰੇ ਜ਼ਿੰਮੇਵਾਰ ਬਣਨਾ ਚਾਹੀਦਾ ਹੈ। ਜੇ ਕੋਈ ਇਹ ਸਮਝਦਾ ਹੈ ਕਿ ਉਹ ਸਿਸਟਮ ਤੋਂ ਵੀ ਵੱਡਾ ਹੈ, ਤਾਂ ਉਹ ਗ਼ਲਤ ਹੈ।
ਅਰਨਬ: ਇਹ ਤਾਂ ਬਹੁਤ ਸਪੱਸ਼ਟ ਸੁਨੇਹਾ ਹੈ।
ਪ੍ਰਧਾਨ ਮੰਤਰੀ ਮੋਦੀ: ਮੇਰਾ ਸੁਨੇਹਾ ਬਹੁਤ ਸਪੱਸ਼ਟ ਹੈ। ਇਸ ਬਾਰੇ ਮੇਰੀਆਂ ਦੋ ਧਾਰਨਾਵਾਂ ਨਹੀਂ ਹਨ।
ਅਰਨਬ: ਅਤੇ ਸ੍ਰੀ ਮਾਨ ਪ੍ਰਧਾਨ ਮੰਤਰੀ ਜੀ, ਜੇ ਮੈਂ ਇਹ ਆਖ ਸਕਦਾ ਹਾਂ, 8 ਮਈ ਅਤੇ ਹੁਣ ਤੱਕ ਦੇ ਵਿਚਕਾਰ, ਤੁਸੀਂ ਓਨਾ ਹੀ ਸਪੱਸ਼ਟ ਬੋਲ ਰਹੇ ਹੋ, ਜਿੰਨਾ ਤੁਸੀਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਬੋਲਦੇ ਸੀ। ਮੇਰੇ ਖ਼ਿਆਲ ਅਨੁਸਾਰ ਤੁਹਾਡਾ ਜਵਾਬ ਮੈਨੂੰ ਅਗਲੇ ਵਿਸ਼ੇ ਤੱਕ ਲੈ ਜਾਂਦਾ ਹੈ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਉਹ ਮੁੱਦਾ ਹੈ ਕਾਲੇ ਧਨ ਦਾ। ਤੁਸੀਂ ਬਹੁਤ ਹੀ ਦਿਲਚਸਪ ਢੰਗ ਨਾਲ ਆਖਿਆ ਸੀ ਕਿ ਕੀਮਤਾਂ ਨੂੰ ਕੋਈ ਅਹਿਸਾਸ ਕਰਨ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਇਹ ਆਖਿਆ ਜਾ ਸਕਦਾ ਹੈ ਕਿ ਕਾਲੇ ਧਨ ਜਿਹੇ ਮੁੱਦੇ ਨੂੰ ਵੀ ਕੋਈ ਸੋਝੀ ਲੈਣ ਦੀਆਂ ਮੱਦਾਂ ਵਿੱਚ ਨਹੀਂ ਵੇਖਿਆ ਜਾਣਾ ਚਾਹੀਦਾ, ਪਰ ਇਸ ਤੋਂ ਸੋਝੀ ਮਿਲਦੀ ਹੈ। ਇਸ ਮੁੱਦੇ ‘ਤੇ ਸਿਆਸੀ ਬਹਿਸਾਂ ਹੋ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕਾਲੇ ਧਨ ਦੀ ਅਰਥ ਵਿਵਸਥਾ ਸੁੰਗੜ ਗਈ ਹੈ, ਜ਼ਮੀਨਾਂ ਦੇ ਸੌਦਿਆਂ ਅਤੇ ਹੋਰਨਾਂ ਚੀਜ਼ਾਂ ਰਾਹੀਂ 10 ਤੋਂ 15 %,ਅਰਥ ਵਿਵਸਥਾ ਸੁੰਗੜ ਗਈ ਹੈ। ਤੁਸੀਂ ਕਾਲੇ ਧਨ ਨਾਲ ਸਬੰਧਤ ਬਿਲ ਪਾਸ ਕੀਤਾ ਹੈ, ਤੁਸੀਂ ਟੈਕਸ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਬਣਾਇਆ ਹੈ, ਤੁਸੀਂ ਹੋਰਨਾਂ ਦੇਸ਼ਾਂ ਨਾਲ ਸੂਚਨਾ ਤੇ ਜਾਣਕਾਰੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਹੈ, ਤੁਸੀਂ ਅਨੇਕਾਂ ਕਦਮ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਮੋਦੀ ਜੀ, ਜਨਤਾ ਨੂੰ ਹਾਲੇ ਵੀ ਆਸ ਹੈ ਕਿ 25 ਲੱਖ ਕਰੋੜ ਰੁਪਏ ਵਾਪਸ ਲਿਆਂਦੇ ਜਾਣਗੇ ਅਤੇ ਉਹ ਸਾਰਾ ਧਨ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਇਆ ਜਾਵੇਗਾ। ਤੁਸੀਂ ਅਜਿਹੀਆਂ ਆਸਾਂ ਬਾਰੇ ਕੀ ਆਖਣਾ ਚਾਹੋਗੇ? ਕਾਲੇ ਧਨ ਦੇ ਮੁੱਦੇ ‘ਤੇ ਲੋਕਾਂ ਦੀਆਂ ਆਸਾਂ ਬਾਰੇ ਤੁਸੀਂ ਕੀ ਕਹੋਗੇ?
ਪ੍ਰਧਾਨ ਮੰਤਰੀ ਮੋਦੀ: ਕਾਲੇ ਧਨ ਦਾ ਮੁੱਦਾ ਕਿਵੇਂ ਉੱਠਿਆ ਸੀ ਤੇ ਇਹ ਇੰਨਾ ਗੰਭੀਰ ਮੁੱਦਾ ਕਿਵੇਂ ਬਣਿਆ ਸੀ? ਸਾਨੂੰ ਇਸ ਦੇ ਪਿਛੋਕੜ ਉੱਤੇ ਝਾਤ ਪਾਉਣੀ ਪਵੇਗੀ। ਆਮ ਵਿਅਕਤੀ ਦੇ ਮਨਾਂ ਵਿੱਚ ਇਹੋ ਗੱਲ ਵਸੀ ਹੋਈ ਹੈ ਕਿ ਜਿਹੜੇ ਲੋਕ ਧਨ ਚੋਰੀ ਕਰਦੇ ਹਨ, ਉਹ ਆਪਣਾ ਉਹ ਧਨ ਵਿਦੇਸ਼ਾਂ ਵਿੱਚ ਜਾ ਕੇ ਲੁਕਾਉਂਦੇ ਹਨ। ਇਹੋ ਆਮ ਧਾਰਨਾ ਹੈ। ਜੇ ਮੈਂ ਵੀ ਆਮ ਵਿਅਕਤੀ ਦੇ ਪਰਿਪੇਖ ਤੋਂ ਵੇਖਾਂ, ਤਾਂ ਮੈਨੂੰ ਵੀ ਹੈਰਾਨੀ ਹੋਵੇਗੀ ਕਿ ਅਜਿਹਾ ਸਾਰਾ ਧਨ ਆਖ਼ਰ ਜਾਂਦਾ ਕਿੱਥੇ ਹੈ? ਸੰਸਦ ਵਿੱਚ ਇਸ ਮੁੱਦੇ ਉੱਤੇ ਕਦੇ ਕੋਈ ਫੈਸਲਾ ਨਹੀਂ ਹੋ ਸਕਿਆ। ਜਦੋਂ ਇਹ ਮਾਮਲਾ ਸੁਪਰੀਮ ਕੋਰਟ ‘ਚ ਪੁੱਜਾ, ਤਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਇੱਕ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ; ਫਿਰ ਵੀ ਪਿਛਲੀ ਸਰਕਾਰ ਨੇ ਇਸ ਨੂੰ 2011 ਤੋਂ ਲੈ ਕੇ 2014 ਭਾਵ ਤਿੰਨ ਸਾਲਾਂ ਤੱਕ ਰੋਕੀ ਰੱਖਿਆ। ਉਸ ਤੋਂ ਬਾਅਦ ਹੀ ਸਿਆਸੀ ਪਾਰਟੀਆਂ, ਮੀਡੀਆ ਅਤੇ ਆਮ ਆਦਮੀ ਇਹ ਸਮਝਣ ਲੱਗ ਪਿਆ ਕਿ ਜ਼ਰੂਰ ਕੁਝ ਨਾ ਕੁਝ ਗੜਬੜ ਹੈ। ਫਿਰ ਕਾਲਾ ਧਨ ਇੱਕ ਏਜੰਡਾ ਬਣ ਗਿਆ। ਅੱਜ ਵੀ ਮੈਂ ਇਹ ਆਖ ਸਕਦਾ ਹਾਂ… ਕਿ ਹਾਂ, ਜਦੋਂ ਵੀ ਵਿਦੇਸ਼ੀ ਖਾਤਿਆਂ ਵਿੱਚ ਧਨ ਪਏ ਹੋਣ ਦੀ ਗੱਲ ਤੁਰਦੀ ਹੈ, ਤਾਂ ਇਸ ਮੁੱਦੇ ਉੱਤੇ ਦੂਜੇ ਦੇਸ਼ਾਂ ਨਾਲ ਕੁਝ ਨੇਮਾਂ ਦੇ ਅਧਾਰ ‘ਤੇ ਹੀ ਗੱਲਬਾਤ ਹੁੰਦੀ ਹੈ। ਪਰ 2011 ਤੋਂ 2014 ਦੇ ਵਿਚਕਾਰ, ਇਨ੍ਹਾਂ ਲੋਕਾਂ ਨੂੰ ਆਪਣਾ ਧਨ ਇੱਧਰ-ਉੱਧਰ ਕਰ ਲੈਣ ਦਾ ਮੌਕਾ ਦਿੱਤਾ ਗਿਆ ਸੀ।
ਅਰਨਬ: ਅਤੇ ਤੁਸੀਂ ਇਸ ਮੁੱਦੇ ਬਾਰੇ 17 ਫ਼ਰਵਰੀ, 2015 ਨੂੰ ਇਹ ਆਖਿਆ ਸੀ ਕਿ ਤਤਕਾਲੀਨ ਕਾਨੂੰਨ ਮੰਤਰੀ ਕੇਵਲ ਫੋਕੀ ਬਿਆਨਬਾਸ਼ੀ ਕਰਦੇ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ: ਨਤੀਜਾ ਇਹੋ ਨਿਕਲਿਆ ਕਿ ਲੋਕਾਂ ਨੂੰ ਆਪਣੇ ਧਨ ਦੇ ਗ਼ੈਰ-ਕਾਨੂੰਨੀ ਤਰੀਕੇ ਨਾਲ ਲੈਣ-ਦੇਣ ਕਰਨ ਦੇ ਕਈ ਮੌਕੇ ਮਿਲ ਗਏ। ਦੂਜੇ, ਸਾਡੀ ਸਰਕਾਰ ਕਾਇਮ ਹੋਣ ਤੋਂ ਬਾਅਦ, ਸਾਡੀ ਕੈਬਿਨੇਟ ਨੇ ਪਹਿਲਾ ਫੈਸਲਾ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦਾ ਹੀ ਲਿਆ ਸੀ; ਜਦ ਕਿ ਇਹ ਫੈਸਲਾ 2011 ‘ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਮੁਲਤਵੀ ਪਿਆ ਸੀ। ਇਸ ਗੱਲ ਤੋਂ ਹੀ ਸਾਡੀ ਸੁਹਿਰਦਤਾ ਵਿਖਾਈ ਦਿੰਦੀ ਹੈ। ਉਸ ਤੋਂ ਬਾਅਦ ਤਾਂ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਾਲਾ ਧਨ ਲਿਆਉਣ ਲਈ ਕਾਨੂੰਨ ਕਿੰਨੇ ਸਖ਼ਤ ਬਣਾ ਦਿੱਤੇ ਗਏ ਹਨ ਅਤੇ ਜਿਹੜਾ ਇਸ ਦੇ ਘੇਰੇ ਵਿੱਚ ਆਉਂਦਾ ਹੈ, ਉਹੀ ਦੱਸ ਸਕਦਾ ਹੈ ਕਿ ਇਹ ਕਾਨੂੰਨ ਕਿੰਨਾ ਸਖ਼ਤ ਹੈ। ਤੀਜੇ, ਮੈਂ ਜੀ-20 ਦੇਸ਼ਾਂ ਦੇ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਇਆ। ਜੀ-20 ਫੋਰਮ ਉੱਤੇ ਪਹਿਲਾਂ ਕਦੇ ਵੀ ਕਾਲੇ ਧਨ ਦੇ ਮੁੱਦੇ ‘ਤੇ ਵਿਚਾਰ-ਚਰਚਾ ਨਹੀਂ ਹੋਈ ਸੀ। ਮੈਂ ਪਹਿਲੀ ਵਾਰ ਜੀ-20 ਸਿਖ਼ਰ ਸੰਮੇਲਨ ਵਿੱਚ ਭਾਗ ਲਿਆ ਸੀ, ਪਹਿਲੀ ਵਾਰ ਮੈਂ ਵਿਸ਼ਵ ਦੇ ਆਗੂਆਂ ਨੂੰ ਮਿਲ ਰਿਹਾ ਸਾਂ। ਅਤੇ ਜੀ-20 ਸਿਖ਼ਰ ਸੰਮੇਲਨ ‘ਚ ਪਹਿਲੀ ਵਾਰ ਕਾਲੇ ਧਨ ਬਾਰੇ ਅਤੇ ਬੇਹਿਸਾਬੇ ਧਨ ਬਾਰੇ ਇੱਕ ਪੈਰ੍ਹਾ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਵਿਸ਼ਵ ਨੂੰ ਕਾਲੇ ਧਨ ਦੇ ਮਾਮਲੇ ‘ਚ ਸਹਿਯੋਗ ਦੇਣਾ ਚਾਹੀਦਾ ਹੈ। ਗੰਦੇ ਧਨ, ਕਾਲੇ ਧਨ ਨੂੰ ਦਹਿਸ਼ਤਗਰਦੀ ਨਾਲ ਵੀ ਜੋੜਿਆ ਗਿਆ ਸੀ, ਵਿਸ਼ਵ ਪੱਧਰ ਦੀ ਆਮ ਸਹਿਮਤੀ ਦਾ ਇੱਕ ਮਾਹੌਲ ਪੈਦਾ ਹੋਇਆ ਸੀ। ਅਸੀਂ ਇੱਕ ਤੋਂ ਬਾਅਦ ਦੂਜੇ ਵੱਖੋ-ਵੱਖਰੇ ਦੇਸ਼ਾਂ ਨਾਲ ਸਮਝੋਤਿਆਂ ਉੱਤੇ ਹਸਤਾਖਰ ਕਰ ਰਹੇ ਹਾਂ ਕਿ ਅਜਿਹਾ ਸਹੀ ਸਮਾਂ ਆਵੇਗਾ, ਜਦੋਂ ਭਾਰਤ ਨਾਲ ਅਜਿਹੀਆਂ ਜਾਣਕਾਰੀਆਂ ਆਪਣੇ-ਆਪ ਸਾਂਝੀਆਂ ਕੀਤੀਆਂ ਜਾਇਆ ਕਰਨਗੀਆਂ। ਮੈਂ ਪਿੱਛੇ ਜਿਹੇ ਸਵਿਟਜ਼ਰਲੈਂਡ ਗਿਆ ਸਾਂ ਅਤੇ ਇਸ ਮੁੱਦੇ ਉੱਤੇ ਥੋੜ੍ਹਾ ਵਿਚਾਰ-ਵਟਾਂਦਰਾ ਹੋਇਆ ਸੀ। ਪਰ ਮੇਰੇ ਵਾਪਸ ਆਉਣ ਤੋਂ ਬਾਅਦ, ਸਵਿਟਜ਼ਰਲੈਂਡ ਦਾ ਇੱਕ ਵੱਡਾ ਵਫ਼ਦ ਭਾਰਤ ਆਇਆ ਸੀ ਤੇ ਉਨ੍ਹਾਂ ਨੇ ਭਾਰਤ ਸਰਕਾਰ ਨਾਲ ਮੀਟਿੰਗ ਕੀਤੀ ਸੀ ਅਤੇ ਵਿਚਾਰ-ਚਰਚਾ ਕੀਤੀ ਸੀ … ਕਿਉਂਕਿ ਕਈ ਸਾਲਾਂ ਤੋਂ, ਅਸੀਂ ਇਹੋ ਮੰਨਦੇ ਆਏ ਹਾਂ ਕਿ ਸਵਿਟਜ਼ਰਲੈਂਡ ਹੀ ਉਹ ਜਗ੍ਹਾ ਹੈ, ਜਿੱਥੇ ਕਾਲਾ ਧਨ ਲੁਕਾਇਆ ਜਾਂਦਾ ਹੈ, ਉਹ ਦੇਸ਼ ਹੁਣ ਇਸ ਮੁੱਦੇ ਉੱਤੇ ਆਮ ਸਹਿਮਤੀ ਕਾਇਮ ਕਰਨ ਲਈ ਵਿਚਾਰ-ਵਟਾਂਦਰਾ ਕਰ ਰਿਹਾ ਹੈ ਕਿ ਕਾਲੇ ਧਨ ਬਾਰੇ ਜਾਣਕਾਰੀ ਆਪਣੇ-ਆਪ ਹੀ ਮਿਲ ਜਾਇਆ ਕਰੇ ਅਤੇ ਜੇ ਸਾਡੀ ਆਮ ਸਹਿਮਤੀ ਕਾਇਮ ਹੋ ਜਾਂਦੀ ਹੈ, ਤਾਂ ਇਹ ਇੱਕ ਵੱਡੀ ਪ੍ਰਾਪਤੀ ਹੋਵੇਗੀ। ਤੀਜੇ, ਤੁਸੀਂ ਇਹ ਜ਼ਰੂਰ ਵੇਖਿਆ ਹੋਵੇਗਾ ਕਿ ਮਾਰੀਸ਼ਸ ਰੂਟ ਲਗਭਗ ਹਰੇਕ ਚੀਜ਼ ਵਿੱਚ ਆਉਂਦਾ ਹੈ। ਇਹ ਆਖਿਆ ਗਿਆ ਸੀ ਕਿ ਭਾਰਤ ਤੋਂ ਧਨ ਕੇਵਲ ਮਾਰੀਸ਼ਸ ਰੂਟ ਰਾਹੀਂ ਹੀ ਆਉਂਦਾ ਅਤੇ ਜਾਂਦਾ ਹੈ। ਪਰ ਸਾਡੀ ਸਰਕਾਰ ਨੇ ਮਾਰੀਸ਼ਸ ਸਰਕਾਰ ਨਾਲ ਗੱਲਬਾਤ ਕੀਤੀ, ਪੁਰਾਣੀ ਸੰਧੀ ਵਿੱਚ ਤਬਦੀਲੀਆਂ ਕੀਤੀਆਂ। ਅਤੇ ਅਸੀਂ ਮਾਰੀਸ਼ਸ ਰੂਟ ਰਾਹੀਂ ਆਉਣ ਵਾਲੇ ਧਨ ਨੂੰ ਰੋਕਣ ਲਈ ਇੱਕ ਸੰਧੀ ਕੀਤੀ ਹੈ ਅਤੇ ਬਹੁਤ ਛੇਤੀ ਅਜਿਹੇ ਧਨ ਦੀ ਆਮਦ ਖ਼ਤਮ ਹੋ ਜਾਵੇਗੀ। ਅਜਿਹੇ ਸਾਰੇ ਫ਼ੈਸਲੇ ਕਾਲੇ ਧਨ ਦੀ ਸਮੱਸਿਆ ਨਾਲ ਨਿਪਟਣ ਲਈ ਹੀ ਲਏ ਗਏ ਸਨ। ਇਹ ਕੋਈ ਇੱਕ-ਤਰਫ਼ਾ ਲੜਾਈ ਨਹੀਂ ਹੈ। ਦੂਜੇ, ਸਰਕਾਰ ਇਹ ਗੱਲ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਭਾਰਤ ਵਿੱਚ ਨਾ ਤਾਂ ਕਾਲਾ ਧਨ ਪੈਦਾ ਹੋਵੇ ਅਤੇ ਨਾ ਹੀ ਬਾਹਰੋਂ ਕਿਤੋਂ ਕਾਲਾ ਧਨ ਭਾਰਤ ਆਵੇ, ਤੁਸੀਂ ਇਸ ਸਭ ਦੇ ਨਤੀਜੇ ਵੇਖ ਸਕਦੇ ਹੋ।
ਅਰਨਬ: ਜਦੋਂ ਵਿਰੋਧੀ ਧਿਰ 15 ਲੱਖ ਰੁਪਏ ਦਾ ਮੁੱਦਾ ਉਠਾਉਂਦੀ ਹੈ।
ਪ੍ਰਧਾਨ ਮੰਤਰੀ ਮੋਦੀ: ਵਿਰੋਧੀ ਧਿਰ ਚੋਣਾਂ ਦੌਰਾਨ ਕੋਈ ਨਾ ਕੋਈ ਮੁੱਦਾ ਤਾਂ ਉਠਾਉਂਦੀ ਹੀ ਹੈ। ਉਨ੍ਹਾਂ ਲਈ ਗੱਲ ਕਰਨ ਵਾਸਤੇ ਕੋਈ ਮੁੱਦਾ ਤਾਂ ਛੱਡ ਦੇਣਾ ਚਾਹੀਦਾ ਹੈ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਪਿਛਲੇ ਦੋ ਵਰ੍ਹਿਆਂ ਦੌਰਾਨ ਤੁਹਾਡੇ ਕਾਰਜਕਾਲ ਵਿੱਚ ਕੋਈ ਵੱਡਾ ਵਿੱਤੀ ਭ੍ਰਿਸ਼ਟਾਚਾਰ ਜਾਂ ਘੁਟਾਲਾ ਨਹੀਂ ਹੋਇਆ। ਹੁਣ ਮੁੜ ਅਜਿਹਾ ਅਹਿਸਾਸ ਪਾਇਆ ਜਾਂਦਾ ਹੈ, ਲੋਕ ਆਖਦੇ ਹਨ ਕਿ ਕਿਉਂਕਿ ਤੁਸੀਂ ਸਰਕਾਰ ਉੱਤੇ ਬਹੁਤ ਸਖ਼ਤ ਕੰਟਰੋਲ ਰੱਖਿਆ ਹੋਇਆ ਹੈ ਪਰ ਸੁਆਲ ਇਹ ਹੈ ਕਿ ਕੀ ਕੋਈ ਅਜਿਹੇ ਲੋਕ ਹਨ ਜੋ ਜਾਣਬੁੱਝ ਕੇ ਗ਼ਲਤੀਆਂ ਕਰਦੇ ਹਨ, ਆਰਥਿਕ ਅਪਰਾਧ ਕਰਦੇ ਹਨ, ਜੋ ਦੇਸ਼ ਵਿੱਚੋਂ ਬਹੁਤ ਜ਼ਿਆਦਾ ਧਨ ਬਾਹਰ ਲੈ ਕੇ ਜਾਂਦੇ ਹਨ, ਵਿਦੇਸ਼ਾਂ ਨੂੰ ਜਾਂਦੇ ਹਨ, ਉਹ ਨਿਯਮਾਂ ਦੀ ਵਰਤੋਂ ਕਰਦੇ ਹਨ, ਵਕੀਲਾਂ ਨੂੰ ਵਰਤਦੇ ਹਨ, ਅਤੇ ਉਹ ਭਾਰਤ ਵਾਪਸ ਨਹੀਂ ਆਉਂਦੇ। ਅਤੇ ਲੋਕ ਹੁਣ ਪੁੱਛ ਰਹੇ ਹਨ, ਕੀ ਨਰੇਂਦਰ ਮੋਦੀ ਸਰਕਾਰ ਅਜਿਹੇ ਜਾਣਬੁੱਝ ਕੇ ਗ਼ਲਤੀਆਂ ਕਰਨ ਵਾਲਿਆਂ ਅਤੇ ਆਰਥਿਕ ਅਪਰਾਧੀਆਂ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਦ੍ਰਿੜ੍ਹ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰਕਪੂਰਨ ਨਤੀਜੇ ਤੱਕ ਪਹੁੰਚਾਇਆ ਜਾ ਸਕੇ।
ਪ੍ਰਧਾਨ ਮੰਤਰੀ ਮੋਦੀ: ਪਹਿਲੀ ਗੱਲ ਤਾਂ ਇਹ ਕਿ ਇਹ ਪ੍ਰਸ਼ਨ ਲੋਕਾਂ ਦੇ ਮਨਾਂ ਵਿੱਚ ਨਹੀਂ ਹੈ। ਭਾਰਤ ਦੀ ਜਨਤਾ ਵਿੱਚ ਇਹ ਭਰੋਸਾ ਹੈ ਕਿ ਜੇ ਇਹ ਸਭ ਕੋਈ ਕਰ ਸਕਦਾ ਹੈ, ਤਾਂ ਉਹ ਨਰੇਂਦਰ ਮੋਦੀ ਹੈ ਅਤੇ ਉਹ, ਇਹ ਸਭ ਕਰੇਗਾ। ਦੇਸ਼ ਦੇ ਨਾਗਰਿਕਾਂ ਨੂੰ ਪੂਰਾ ਭਰੋਸਾ ਹੈ।
ਅਰਨਬ: ਕੀ ਤੁਹਾਨੂੰ ਚਿੰਤਾ ਹੈ ਕਿ ਲੋਕਾਂ ਨੇ ਕਾਨੂੰਨ ਦੀ ਦੁਰਵਰਤੋਂ ਕੀਤੀ ਹੈ?
ਪ੍ਰਧਾਨ ਮੰਤਰੀ ਮੋਦੀ: ਮੈਂ ਇਸ ਨੂੰ ਇੱਕ ਮੌਕੇ ਵਜੋਂ ਲੈਂਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਇਹ ਵਿਖਾ ਦੇਵਾਂਗਾ ਕਿ ਕਾਨੂੰਨ ਕੀ ਹੁੰਦਾ ਹੈ।
ਅਰਨਬ: ਸ੍ਰੀਮਾਨ ਮੋਦੀ ਜੀ, ਪਿਛਲੀ ਸਰਕਾਰ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਅਨੇਕਾਂ ਮਾਮਲੇ ਸਨ, ਜਿਹੜੇ ਹੁਣ ਬਾਹਰ ਆਏ ਹਨ। ਜਿਵੇਂ ਆੱਗਸਤਾ ਵੈਸਟਲੈਂਡ ਹੈ, ਰੱਖਿਆ ਵਿਭਾਗ ਨਾਲ ਸਬੰਧਤ ਬਹੁਤ ਘੁਟਾਲੇ ਹਨ ਤੇ ਇਸ ਵਿਭਾਗ ‘ਚ ਹੋਏ ਕਈ ਵਿੱਤੀ ਲੈਣ-ਦੇਣ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਕੈਗ (CAG)ਦੀਆਂ ਰਿਪੋਰਟਾਂ ਵਿੱਚ ਜਿਹੜੇ ਮਾਮਲੇ ਉਜਾਗਰ ਹੋਏ ਸਨ, ਪਰ ਉਨ੍ਹਾਂ ਨੂੰ ਅੱਖੋਂ ਪ੍ਰੋਖੇ ਕਰ ਦਿੱਤਾ ਗਿਆ ਸੀ, ਹੁਣ ਉਹ ਸਭ ਜੱਗ ਜ਼ਾਹਿਰ ਹੋ ਰਹੇ ਹਨ। ਇਹ ਪ੍ਰਸ਼ਨ ਅਹਿਮ ਹੈ ਕਿਉਂਕਿ ਇਹ ਮਾਮਲਾ ਵਿੱਤੀ ਭ੍ਰਿਸ਼ਟਾਚਾਰ ਦਾ ਨਹੀਂ ਹੈ, ਸਗੋਂ ਇਹ ਪ੍ਰਸ਼ਨ ਸਿੱਧੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨਾਲ ਜਾ ਜੁੜਦੇ ਹਨ। ਕੀ ਤੁਸੀਂ ਸਮਝਦੇ ਹੋ, ਜਦੋਂ ਉਹ ਆਖਦੇ ਹਨ ਕਿ ਨਰੇਂਦਰ ਮੋਦੀ ਸਰਕਾਰ ਉਨ੍ਹਾਂ ਤੋਂ ਜਾਣਬੁੱਝ ਕੇ ਸਿਆਸੀ ਬਦਲਾ ਲੈ ਰਹੀ ਹੈ, ਕੀ ਤੁਸੀਂ ਸਮਝਦੇ ਹੋ ਕਿ ਅਜਿਹੇ ਸਾਰੇ ਮਾਮਲੇ ਸਿਆਸੀ ਸਰਪ੍ਰਸਤੀ ਤੋਂ ਬਗ਼ੈਰ ਹੋ ਸਕਦੇ ਸਨ?
ਪ੍ਰਧਾਨ ਮੰਤਰੀ ਮੋਦੀ: ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਵਿਖਾਈ ਨਹੀਂ ਦਿੰਦੀਆਂ। ਕੋਈ ਉਸ ਔਖਿਆਈ ਬਾਰੇ ਸੋਚ ਵੀ ਨਹੀਂ ਆ ਸਕਦਾ, ਜਿਸ ਦਾ ਸਾਹਮਣਾ ਮੈਨੂੰ ਗੰਦਗੀ ਵਿੱਚੋਂ ਚੀਜ਼ਾਂ ਬਾਹਰ ਕਢਦੇ ਸਮੇਂ ਕਰਨਾ ਪੈ ਰਿਹਾ ਹੈ। ਜੋ ਵਿਅਕਤੀ ਕੰਮ ਕਰ ਰਿਹਾ ਹੈ, ਉਸ ਨੂੰ ਪਤਾ ਹੈ ਕਿ ਕਿੰਨੀ ਗੰਦਗੀ ਮੌਜੂਦ ਹੈ ਅਤੇ ਕਿਵੇਂ ਕੁਝ ਖ਼ਾਸ ਚੀਜ਼ਾਂ ਜਾਲ ਵਿੱਚ ਫਸੀਆਂ ਹਨ। ਇਸ ਦੇ ਪਿੱਛੇ ਕੁਝ ਖ਼ਾਸ ਤਾਕਤਾਂ ਹਨ। ਆੱਗਸਤਾ ਹੈਲੀਕਾੱਪਟਰਾਂ ਦਾ ਮਾਮਲਾ ਹੈ। ਮੈਂ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਅਤੇ ਮੇਰਾ ਮੰਨਣਾ ਹੈ ਕਿ ਸਾਨੂੰ ਇਹ ਸ਼ੱਕ ਕਰਨ ਦਾ ਅਧਿਕਾਰ ਹੈ ਕਿ ਇਸ ਸਭ ਦੇ ਪਿੱਛੇ ਮੌਜੂਦ ਲੋਕ ਬਹੁਤ ਤਜਰਬੇਕਾਰ ਹਨ। ਉਨ੍ਹਾ ਨੂੰ ਗ਼ਲਤ ਕੰਮ ਕਰਨ ਦੀ ਕਲਾ ਦਾ ਮੁਕੰਮਲ ਅਭਿਆਸ ਹੈ। ਉਹ ਬਹੁਤ ਤਜਰਬੇਕਾਰ ਹਨ ਤੇ ਉਨ੍ਹਾਂ ਨੂੰ ਬਹੁਤ ਗਿਆਨ ਹੈ। ਅਤੇ ਕੋਈ ਇਹ ਅਨੁਮਾਨ ਵੀ ਸਹਿਜੇ ਹੀ ਲਾ ਸਕਦਾ ਹੈ ਕਿ ਬਿਨਾ ਸ਼ਹਿ ਜਾਂ ਸਰਪ੍ਰਸਤੀ ਦੇ ਅਜਿਹਾ ਕੁਝ ਨਹੀਂ ਕੀਤਾ ਜਾ ਸਕਦਾ। ਹੁਣ ਏਜੰਸੀਆਂ ਜਾਂਚ ਕਰ ਰਹੀਆਂ ਹਨ। ਆਓ ਵੇਖਦੇ ਹਾਂ ਕਿ ਜਾਂਚ ਕਿੰਨੀ ਕੁ ਲੰਮੀ ਚਲਦੀ ਹੈ। ਜਦੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ, ਤਦ ਜਾਂਚ ਉਸ ਦਿਸ਼ਾ ਵਿੱਚ ਅੱਗੇ ਨਹੀਂ ਵਧਣੀ ਚਾਹੀਦੀ, ਨਾ ਹੀ ਮੇਰੀ ਸਰਕਾਰ ਨੇ ਕਿਸੇ ਨੂੰ ਨਿਸ਼ਾਨਾ ਬਣਾਇਆ ਹੈ। ਪਾਪ ਤਾਂ ਹੋਇਆ ਹੈ, ਪਰ ਕਿੰਨਾ ਕੁ ਹੋਇਆ ਹੈ, ਕਿਵੇਂ ਕੀਤਾ ਗਿਆ ਸੀ? ਕਿਸ ਨੇ ਕੀਤਾ, ਜਾਂਚ ਏਜੰਸੀਆਂ ਇਸ ਸਭ ਬਾਰੇ ਪੇਸ਼ੇਵਰਾਨਾ ਢੰਗ ਨਾਲ ਪਤਾ ਲਾ ਲੈਣਗੀਆਂ। ਅਖ਼ੀਰ ਵਿੱਚ ਸਭ ਕੁਝ ਸਾਹਮਣੇ ਆ ਹੀ ਜਾਣਾ ਹੈ।
ਅਰਨਬ: ਪ੍ਰਧਾਨ ਮੰਤਰੀ ਜੀ, ਸੰਸਦ ਵਿੱਚ ਤੁਹਾਡੇ ਭਾਸ਼ਣ ਅਤੇ ਉੱਥੇ ਤੁਹਾਡੇ ਵੱਲੋਂ ਕੀਤੇ ਗਏ ਹਾਸੇ-ਮਜ਼ਾਕ ਦੀ ਗੱਲ ਕਰਦੇ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਉਸ ਵਿੱਚੋਂ ਕੁਝ ਤਾਂ ਸਹਿਜ ਸੁਭਾਵਕ ਸੀ, ਭਾਵ ਆਪਣੇ-ਆਪ ਹੀ ਹੋਇਆ ਸੀ। ਪਰ ਅਮਰੀਕੀ ਨਾਗਰਿਕ ਉਸ ਸਭ ਨੂੰ ਜੋੜਨ ਦੇ ਯੋਗ ਹੋਏ ਸਨ, ਜੋ ਕੁਝ ਤੁਸੀਂ ਆਖਿਆ ਸੀ, ਮੈਨੂੰ ਸਹੀ ਸ਼ਬਦ ਚੇਤੇ ਨਹੀਂ ਹਨ, ਤੁਸੀਂ ਆਖਿਆ ਸੀ ਕਿ ਮੈਨੂੰ ਦੱਸਿਆ ਗਿਆ ਹੈ ਕਿ ਅਮਰੀਕੀ ਸੰਸਦ ਦਾ ਕੰਮ ਕਰਨ ਦਾ ਢੰਗ ਇੱਕਸਾਰਤਾ ਵਾਲਾ ਹੈ। ਅਤੇ ਫਿਰ ਤੁਸੀਂ ਇੱਕ ਛਿਣ ਲਈ ਰੁਕੇ ਸੀ ਅਤੇ ਲੋਕ ਹੱਸ ਰਹੇ ਸਨ। ਫਿਰ ਤੁਸੀਂ ਆਖਿਆ ਸੀ,”ਮੈਨੂੰ ਦੱਸਿਆ ਗਿਆ ਹੈ” – ਤੁਸੀਂ ਜ਼ੋਰ ਦੇ ਕੇ ਆਖਿਆ ਸੀ,”ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੀਆਂ ਦੋਵੇਂ ਪਾਰਟੀਆਂ ਆਮ ਸਹਿਮਤੀ ਬਣਾ ਕੇ ਚਲਦੀਆਂ ਹਨ।” ਫਿਰ ਤਾਂ ਹੋਰ ਵੀ ਜ਼ਿਆਦਾ ਤਾੜੀਆਂ ਵੱਜੀਆਂ ਸਨ। ਅਤੇ ਫਿਰ ਤੁਸੀਂ ਆਖਿਆ ਸੀ,”ਤੁਸੀਂ ਇਕੱਲੇ ਨਹੀਂ ਹੋ। ਮੈਂ ਭਾਰਤੀ ਸੰਸਦ ਵਿੱਚ ਵੀ ਅਜਿਹੀ ਭਾਵਨਾ ਕਈ ਵਾਰ ਵੇਖੀ ਹੈ।” ਤੁਸੀਂ ਇੱਕ ਗੰਭੀਰ ਵਿਸ਼ੇ ਬਾਰੇ ਬਹੁਤ ਦਿਲਚਸਪ ਤਰੀਕੇ ਨਾਲ ਗੱਲ ਕੀਤੀ ਸੀ। ਤੁਸੀਂ ਉੱਪਰਲੇ ਸਦਨ ਦਾ ਹਵਾਲਾ ਦਿੱਤਾ ਸੀ। ਉਸ ਗੱਲ ਨੂੰ ਵੀ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਸੀ। ਤੁਹਾਡੇ ਹਾਸੇ-ਮਜ਼ਾਕ ਦੀ ਸੱਚਮੁਚ ਸ਼ਲਾਘਾ ਕੀਤੀ ਗਈ ਸੀ ਅਤੇ ਮੈਂ ਸਮਝਦਾਾ ਹਾਂ ਕਿ ਉਹ ਇੱਕ ਅਦਭੁਤ ਛਿਣ ਸੀ, ਜਦੋਂ ਤੁਸੀਂ ਉੱਥੇ ਬੋਲ ਰਹੇ ਸੀ। ਪਰ ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਜਦੋਂ ਤਸੀਂ ਪਿਛਾਂਹ ਸੰਸਦ ਵੱਲ ਵੇਖਦੇ ਹੋ, ਇਹ ਪ੍ਰਸ਼ਨ ਬਹੁਤੇ ਲੋਕਾਂ ਦੇ ਮਨਾਂ ਵਿੱਚ ਆਉਂਦਾ ਹੈ, ਕੀ ਸੰਸਦ ਦੀ ਕਾਰਵਾਈ ਲਗਾਤਾਰ ਚੱਲਣ ਨਾ ਦੇਣ ਕਰ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਤੋਂ ਰੋਕ ਦਿੱਤਾ ਗਿਆ ਹੈ। ਇਸ ਗੱਲ ਨੇ ਪ੍ਰਧਾਨ ਮੰਤਰੀ ਨੂੰ ਅੱਗੇ ਵਧਣ ਤੋਂ ਕਿੰਨਾ ਕੁ ਰੋਕਿਆ ਹੈ? ਕੀ ਤੁਸੀਂ ਇਸ ਹਾਲਤ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰਦੇ ਹੋਏ ਇਹ ਮਹਿਸੂਸ ਕਰਦੇ ਹੋ ਕਿ ਤੁਹਾਡੀ ਸਰਕਾਰ ਹੋਰ ਵਧੇਰੇ ਸਲਾਹ-ਮਸ਼ਵਰੇ ਕਰ ਸਕਦੀ ਸੀ ਜਾਂ ਕੀ ਤੁਸੀਂ ਸਾਰਾ ਦੋਸ਼ ਵਿਰੋਧੀ ਧਿਰ ਉੱਤੇ ਸੁੱਟਦੇ ਹੋ?
ਪ੍ਰਧਾਨ ਮੰਤਰੀ ਮੋਦੀ: ਮੈਂ ਇਸ ਮਾਮਲੇ ਨੂੰ ਥੋੜ੍ਹਾ ਵੱਖਰੇ ਢੰਗ ਨਾਲ ਵੇਖਦਾ ਹਾਂ। ਮੇਰਾ ਮੰਨਣਾ ਹੈ ਕਿ ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਸ ਮਾਮਲੇ ‘ਚ ਕਸੂਰ ਸਾਡਾ ਹੈ ਜਾਂ ਉਨ੍ਹਾਂ ਦਾ, ਇਸ ਬਾਰੇ ਫੈਸਲਾ ਮੈਂ ਜਨਤਾ ਉੱਤੇ ਛੱਡਾਂਗਾ। ਲੋਕ ਫੈਸਲਾ ਕਰਨਗੇ। ਪਰ ਸੰਸਦ ਵਿੱਚ ਕਿਉਂਕਿ ਇਸ ਮਾਮਲੇ ਉੱਤੇ ਵਿਚਾਰ-ਵਟਾਂਦਰੇ ਹੋ ਚੁੱਕੇ ਹਨ – ਇਸ ਲਈ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ, ਫੈਸਲਾ ਸਾਡੇ ਵਿਚਾਰ ਦੇ ਉਲਟ ਹੋ ਸਕਦਾ ਹੈ, ਇਸ ਵਿੱਚ ਕੁਝ ਗ਼ਲਤ ਨਹੀਂ ਹੈ। ਪਰ ਘੱਟੋ-ਘੱਟ ਇੱਕ ਵਿਚਾਰ-ਚਰਚਾ ਤਾਂ ਹੋਣੀ ਚਾਹੀਦੀ ਹੈ। ਇਸ ਮਾਮਲੇ ਦਾ ਦੁਖਦਾਈ ਪੱਖ ਇਹ ਹੈ ਕਿ ਜੇ ਕੋਈ ਬਹਿਸ ਤੋਂ ਹੀ ਨੱਸ ਰਿਹਾ ਹੈ ਜਾਂ ਵਿਚਾਰ-ਚਰਚਾ ਹੋਣ ਹੀ ਨਹੀਂ ਦੇਣੀ ਚਾਹੁੰਦਾ, ਤਦ ਲੋਕਤੰਤਰ ਵਿੱਚ ਇਹ ਚਿੰਤਾ ਦਾ ਵਿਸ਼ਾ ਹੈ। ਸਰਕਾਰ ਦਾ ਕੰਮ ਪੂਰਾ ਹੁੰਦਾ ਹੈ ਜਾਂ ਨਹੀਂ, ਮੈਨੂੰ ਇਸ ਵਿੱਚ ਚਿੰਤਾ ਦਾ ਕੋਈ ਮੁੱਦਾ ਨਹੀਂ ਜਾਪਦਾ। ਜੇ ਅੱਜ ਨਹੀਂ, ਤਾਂ ਇਹ ਕੱਲ੍ਹ ਹੋ ਜਾਵੇਗਾ। ਕੁਝ ਖ਼ਾਸ ਗੱਲਾਂ ਹੁੰਦੀਆਂ ਹਨ, ਜੋ ਪ੍ਰਸ਼ਾਸਕੀ ਪੱਧਰ ਉੱਤੇ ਹੋ ਜਾਣਗੀਆਂ। ਵੱਡੀ ਗੱਲ ਇਹ ਹੈ ਕਿ ਸੰਸਦ ਵਿਚਾਰ-ਵਟਾਂਦਰੇ ਲਈ ਹੈ। ਸੰਸਦ ਵਿੱਚ ਵਿਰੋਧ ਹੋਣਾ ਹੀ ਹੁੰਦਾ ਹੈ। ਸੰਸਦ ਵਿੱਚ ਵਿਰੋਧੀ ਧਿਰ ਨੇ ਆਪਣੀ ਦਲੀਲ ਰੱਖਣੀ ਹੁੰਦੀ ਹੈ, ਜਾਂ ਸਮਰਥਨ ਦੇਣ ਲਈ ਕੋਈ ਦਲੀਲ ਦੇਣੀ ਹੁੰਦੀ ਹੈ। ਸੰਸਦ ਦੀ ਇਸ ਬੁਨਿਆਦੀ ਭਾਵਨਾ ਨੂੰ ਦਰੁਸਤ ਠਹਿਰਾਉਣ ਦੀ ਜ਼ਿੰਮੇਵਾਰੀ ਹਰੇਕ ਉਸ ਵਿਅਕਤੀ ਦੀ ਹੈ, ਜੋ ਲੋਕਤੰਤਰ ਦੀ ਕਦਰ ਕਰਦਾ ਹੈ। ਜੋ ਸੰਸਦ ਦੇ ਅੰਦਰ ਅਤੇ ਬਾਹਰ ਮੌਜੂਦ ਹਨ, ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਜੋ ਸੱਤਾ ਵਿੱਚ ਹਨ ਅਤੇ ਜੋ ਸੱਤਾ ਵਿੱਚ ਨਹੀਂ ਹਨ। ਇਹ ਭਾਵਨਾ ਦਾ ਮਾਮਲਾ ਹੈ ਅਤੇ ਇਸ ਦੀ ਪਾਲਣਾ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਸਰਕਾਰ ਦਾ ਸਬੰਧ ਹੈ, ਅਸੀਂ ਹਰੇਕ ਮੁੱਦੇ ਅਤੇ ਹਰੇਕ ਫੋਰਮ ਉੱਤੇ ਵਿਚਾਰ-ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪ ਵੀ ਵਿਰੋਧੀ ਧਿਰ ਦੇ ਆਗੂਆਂ ਨੂੰ ਮਿਲਿਆ ਹਾਂ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ। ਸਰਕਾਰ ਦੇ ਪ੍ਰਮੁੱਖ ਮੈਂਬਰ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਅਤੇ ਤੁਸੀਂ ਇਹ ਜ਼ਰੂਰ ਵੇਖਿਆ ਹੋਵੇਗਾ ਕਿ ਬਹੁਤੇ ਮੁੱਦਿਆਂ ਦਾ ਹੱਲ ਲੱਭ ਲਿਆ ਗਿਆ ਹੈ। ਪਿਛਲੇ ਸੈਸ਼ਨ ਦੌਰਾਨ, ਅਸੀਂ ਰਾਜ ਸਭਾ ਵਿੱਚ 12 ਬਿਲ ਪਾਸ ਕੀਤੇ ਹਨ, ਅਸੀਂ ਲੋਕ ਸਭਾ ਵਿੱਚ 10 ਬਿਲ ਪਾਸ ਕੀਤੇ ਸਨ। ਇਸ ਤਰ੍ਹਾਂ ਰਫ਼ਤਾਰ ਵਧੀ ਹੈ। ਜਦੋਂ ਲੋਕ ਕਹਿੰਦੇ ਹਨ ‘ਵਿਰੋਧੀ ਧਿਰ’, ਤਾਂ ਇਹ ਵਿਰੋਧੀ ਧਿਰ ਲਈ ਅਨਿਆਂਪੂਰਨ ਹੈ। ਸੰਸਦ ਵਿੱਚ ਅਜਿਹੀਆਂ ਕੁਝ ਪਾਰਟੀਆਂ ਹਨ, ਜੋ ਭਾਰਤੀ ਜਨਤਾ ਪਾਰਟੀ ਜਾਂ ਐਨ.ਡੀ.ਏ. ਨਾਲ ਨਹੀਂ ਹਨ ਪਰ ਉਹ ਪ੍ਰਮੁੱਖ ਫ਼ੈਸਲਿਆਂ ਵਿੱਚ ਸਰਕਾਰ ਦੇ ਨਾਲ ਹਨ। ਇਸ ਲਈ ਇਹ ਆਖ ਕੇ ਵਿਰੋਧੀ ਧਿਰ ਨੂੰ ਬਦਨਾਮ ਕਰਨਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਸਾਡੇ ਖ਼ਿਲਾਫ਼ ਹਨ – ਜਦੋਂ ਕੁਝ ਲੋਕ ਇੰਝ ਕਰਦੇ ਹਨ, ਤਾਂ ਇਹ ਗ਼ਲਤ ਹੈ। ਇੱਕ ਪਾਰਟੀ ਨੂੰ ਕੁਝ ਸਮੱਸਿਆਵਾਂ ਹਨ। ਅਤੇ ਸਮੁੱਚਾ ਵਿਸ਼ਵ ਉਸ ਪਾਰਟੀ ਬਾਰੇ ਜਾਣਦਾ ਹੈ। ਦੂਜੇ, ਇਹ ਆਖਣਾ ਕਿ ‘ਜਦੋਂ ਤੁਸੀਂ ਵਿਰੋਧੀ ਧਿਰ ਵਿੱਚ ਸੀ, ਤਾਂ ਤੁਸੀਂ ਇਸ ਤਰ੍ਹਾਂ ਕੀਤਾ ਸੀ।’ ਹਰੇਕ ਵਿਰੋਧੀ ਪਾਰਟੀ ‘ਚ ਫ਼ਰਕ ਹੁੰਦਾ ਹੈ। ‘ਅਸੀਂ 60 ਸਾਲ ਸਰਕਾਰ ਚਲਾਈ ਹੈ ਤੇ ਅਸੀਂ ਹੁਣ ਵਿਰੋਧੀ ਧਿਰ ਵਿੱਚ ਹਾਂ, ਤੇ ਸਾਨੂੰ ਸਰਕਾਰ ਦੀਆਂ ਅੰਦਰਲੀਆਂ ਸਾਰੀਆਂ ਨਿੱਕੀਆਂ-ਵੱਡੀਆਂ ਗੱਲਾਂ ਦੀ ਜਾਣਕਾਰੀ ਹੈ, ਸਾਨੂੰ ਜ਼ਿੰਮੇਵਾਰੀਆਂ ਦਾ ਪਤਾ ਹੈ। ਅਸੀਂ ਉਸ ਢੰਗ ਨਾਲ ਵਿਵਹਾਰ ਨਹੀਂ ਕਰ ਸਕਦੇ, ਜਿਵੇਂ ਇੱਕ ਨਵੀਂ ਵਿਰੋਧੀ ਪਾਰਟੀ ਕਰਦੀ ਹੈ।’ ਇੱਕ ਪਾਰਟੀ ਜਿਹੜੀ ਕਦੇ ਸੱਤਾ ਵਿੱਚ ਨਾ ਰਹੀ ਹੋਵੇ ਜਾਂ ਜਿਸ ਨੇ ਕਦੇ ਕੁਝ ਨਾ ਵੇਖਿਆ ਹੋਵੇ, ਦਾ ਵਿਵਹਾਰ ਅਜਿਹਾ ਹੋ ਸਕਦਾ ਹੈ। ਉਦਾਹਰਣ ਵਜੋਂ, ਅਸੀਂ ਹੁਣ ਸੱਤਾ ਵਿੱਚ ਹਾਂ ਅਤੇ ਮੰਨ ਲਵੋ ਕਿ ਸਾਲ 2040 ਵਿੱਚ ਅਸੀਂ ਵਿਰੋਧੀ ਧਿਰ ਵਿੱਚ ਚਲੇ ਜਾਂਦੇ ਹਾਂ। ਤਾਂ 2040 ਵਿੱਚ ਸਾਡਾ ਵਿਵਹਾਰ ਉਹੋ ਜਿਹਾ ਤਾਂ ਨਹੀਂ ਹੋ ਸਕਦਾ, ਜਿਹੋ ਜਿਹਾ 2009 ਜਾਂ 2010 ਵਿੱਚ ਰਿਹਾ ਸੀ।
ਅਰਨਬ: ਕਾਂਗਰਸ ਇੱਕ ਬਹੁਤ ਤਜਰਬੇਕਾਰ ਅਤੇ ਪੁਰਾਣੀ ਪਾਰਟੀ ਹੈ।
ਪ੍ਰਧਾਨ ਮੰਤਰੀ ਮੋਦੀ: ਇਸੇ ਲਈ ਤਾਂ ਮੈਂ ਆਖਦਾ ਹਾਂ, ਜਿਹੜੇ ਇੰਨੇ ਸਾਲ ਸੱਤਾ ‘ਚ ਰਹੇ ਹੋਣ, ਉਨ੍ਹਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ। ਜੇ ਵਿਰੋਧੀ ਧਿਰ ਵਿੱਚ ਕੋਈ ਨਵੀਂ ਪਾਰਟੀ ਹੈ, ਉਨ੍ਹਾਂ ਦੀ ਆਪਣੇ ਸੂਬੇ ਬਾਰੇ ਕੋਈ ਛੋਟੀ ਮੰਗ ਹੋਵੇ ਜਾਂ ਜੇ ਇੱਕ ਐੱਮ.ਪੀ. ਆਪਣੇ ਚੋਣ ਹਲਕੇ ਲਈ ਕੋਈ ਮੰਗ ਰੱਖੇ ਅਤੇ ਉਹ ਅਜਿਹਾ ਕੁਝ ਕਰੇ, ਤਦ ਤਾਂ ਅਸੀਂ ਸਮਝ ਸਕਦੇ ਹਾਂ। ਜਿਹੜਾ ਇੰਨਾ ਲੰਮਾ ਸਮਾਂ ਸੱਤਾ ਵਿੱਚ ਰਿਹਾ ਹੋਵੇ, ਉਸ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।
ਅਰਨਬ: ਪ੍ਰਧਾਨ ਮੰਤਰੀ ਮੋਦੀ ਜੀ, ਕੀ ਤੁਸੀਂ ਸਮਝਦੇ ਹੋ ਕਿ ਜੀ.ਐੱਸ.ਟੀ. (ਗੁੱਡਜ਼ ਐਂਡ ਸਰਵਿਸੇਜ਼ ਟੈਕਸ) ਬਿਲ , ਜੋ ਪਿਛਲੇ ਡੇਢ ਸਾਲ ਤੋਂ ਵੀ ਵੱਧ ਸਮੇਂ ਤੋਂ ਫਸਿਆ ਹੋਇਆ ਹੈ, ਕੀ ਉਹ ਇੱਕ ਨਿਵੇਕਲਾ ਆਰਥਿਕ ਸੁਧਾਰ ਹੈ। ਇਹ ਦੇਸ਼ ਨੂੰ ਇੱਕਜੁਟ ਕਰਦਾ ਹੈ। ਪਿੱਛੇ ਜਿਹੇ ਤੁਸੀਂ ਕੁਮਾਰੀ ਜੈਲਲਿਤਾ ਨੂੰ ਮਿਲੇ ਸੀ, ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਮਮਤਾ ਬੈਨਰਜੀ ਨੇ ਜੀ.ਐੱਸ.ਟੀ. ਨੂੰ ਆਪਣਾ ਸਮਰਥਨ ਦੇ ਦਿੱਤਾ ਹੈ ਅਤੇ ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਸੂਬਾ ਪੱਧਰਾਂ ਉੱਤੇ ਜੀ.ਐੱਸ.ਟੀ. ਬਿਲ ਦੀ ਹਮਾਇਤ ਕਰ ਰਹੀਆਂ ਹਨ। ਕੀ ਤੁਹਾਨੂੰ ਆਸ ਹੈ ਕਿ ਸੰਸਦ ਦੇ ਅਗਲੇ ਸੈਸ਼ਨ ‘ਚ ਜੀ.ਐੱਸ.ਟੀ. ਬਿਲ ਪਾਸ ਹੋ ਜਾਵੇਗਾ?
ਪ੍ਰਧਾਨ ਮੰਤਰੀ ਮੋਦੀ: ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਜੀ.ਐੱਸ.ਟੀ. ਨੂੰ ਕੇਵਲ ਇੱਕ ਆਰਥਿਕ ਸੁਧਾਰ ਦੇ ਘੇਰੇ ਵਿੱਚ ਹੀ ਵੇਖਦੇ ਹਾਂ ਕਿਉਂਕਿ ਸਹੀ ਜਾਣਕਾਰੀ ਬਾਹਰ ਨਹੀਂ ਆਈ। ਜੀ.ਐੱਸ.ਟੀ. ਨੂੰ ਪ੍ਰਵਾਨ ਨਾ ਕਰਨ ਦਾ ਸਿੱਧਾ ਅਰਥ ਹੈ ਉੱਤਰ ਪ੍ਰਦੇਸ਼ ਦੇ ਗ਼ਰੀਬਾਂ ਦਾ ਨੁਕਸਾਨ। ਜੀ.ਐੱਸ.ਟੀ. ਦੀ ਅਣਹੋਂਦ ਦਾ ਸਿੱਧਾ ਮਤਲਬ ਹੈ ਬਿਹਾਰ ਦੇ ਗ਼ਰੀਬਾਂ ਦਾ ਨੁਕਸਾਨ। ਜੀ.ਐੱਸ.ਟੀ. ਜੇ ਪਾਸ ਨਹੀਂ ਹੁੰਦਾ, ਤਾਂ ਉਸ ਦਾ ਮਤਲਬ ਹੈ ਬੰਗਾਲ, ਉੜੀਸਾ ਅਤੇ ਅਸਾਮ ਜਿਹੇ ਗ਼ਰੀਬ ਸੂਬਿਆਂ ਦੀ ਗ਼ਰੀਬ ਜਨਤਾ ਦਾ ਨੁਕਸਾਨ। ਰਾਜ ਸਭਾ ਵਿੱਚ ਬੈਠਣ ਵਾਲੇ ਲੋਕਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ। ਜੀ.ਐੱਸ.ਟੀ. ਉਨ੍ਹਾਂ ਸੂਬਿਆਂ ਦੀ ਗ਼ਰੀਬ ਜਨਤਾ ਲਈ ਲਾਹੇਵੰਦ ਹੈ, ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਦੇ ਹਨ, ਕਿਉਂਕਿ ਜੀ.ਐੱਸ.ਟੀ. ਤੋਂ ਸਭ ਤੋਂ ਵੱਧ ਆਰਥਿਕ ਲਾਭ ਉਨ੍ਹਾਂ ਹੀ ਸੂਬਿਆਂ ਨੂੰ ਹੋਣਾ ਹੈ। ਉਸ ਧਨ ਦੀ ਵਰਤੋਂ ਉਨ੍ਹਾਂ ਸੂਬਿਆਂ ਦੀ ਗ਼ਰੀਬ ਜਨਤਾ ਦੀ ਭਲਾਈ ਲਈ ਕੀਤੀ ਜਾਵੇਗੀ। ਇਹੋ ਕਾਰਨ ਹੈ ਕਿ ਮਮਤਾ ਬੈਨਰਜੀ, ਨਿਤਿਸ਼ ਕੁਮਾਰ, ਅਖਿਲੇਸ਼ ਯਾਦਵ ਜਾਂ ਨਵੀਨ ਪਟਨਾਇਕ; ਇਹ ਸਾਰੇ ਸੂਬੇ ਚਾਹੁੰਦੇ ਹਨ ਕਿ ਜੀ.ਐੱਸ.ਟੀ. ਬਿਲ ਛੇਤੀ ਤੋਂ ਛੇਤੀ ਪਾਸ ਹੋ ਜਾਵੇ। ਇੱਥੇ ਕੇਵਲ ਇੱਕੋ ਸਮੂਹ ਹੈ, ਜਿਸ ਨੇ ਇਸ ਨੂੰ ਵੱਕਾਰ ਦਾ ਮੁੱਦਾ ਬਣਾ ਲਿਆ ਹੋਇਆ ਹੈ। ਹੁਣ ਜਿਸ ਕਿਸਮ ਦਾ ਗਣਿਤ ਸਾਹਮਣੇ ਆਇਆ ਹੈ, ਮੈਨੂੰ ਆਸ ਹੈ ਕਿ ਇਹ ਫੈਸਲਾ ਗ਼ਰੀਬਾਂ ਦੇ ਹੱਕ ਵਿੱਚ ਲਿਆ ਗਿਆ ਹੈ। ਤੁਸੀਂ ਹੈਰਾਨ ਹੋਵੋਗੇ ਕਿ ਵਿਰੋਧੀ ਧਿਰ ਗ਼ਲਤ ਬਿਆਨੀ ਦੇ ਕਿਸ ਪੱਧਰ ਤੱਕ ਪੁੱਜ ਗਈ ਹੈ। ਪਿਛਲੇ ਸੈਸ਼ਨ ਦੌਰਾਨ, ਅਸੀਂ ਇੱਕ ਕਾਨੂੰਨ ਪੇਸ਼ ਕੀਤਾ ਸੀ। ਭਾਰਤ ਸਰਕਾਰ ਕੋਲ ਸੀ.ਏ.ਐੱਮ.ਪੀ.ਏ. ਫ਼ੰਡ ਵਿੱਚ 40,000 ਕਰੋੜ ਰੁਪਏ ਹਨ। 40,000 ਕਰੋੜ ਰੁਪਏ। ਅਸੀਂ ਇਹ ਧਨ ਸੂਬਿਆਂ ਨੂੰ ਦੇਣਾ ਚਾਹਿਆ ਸੀ। ਸੂਬਿਆਂ ਨੇ ਉਹ ਰਕਮ ਜੰਗਲਾਤ, ਧਰਤੀ ਨੂੰ ਹਰਾ-ਭਰਾ ਬਣਾਉਣ, ਰੁੱਖ ਤੇ ਪੌਦੇ ਲਾਉਣ ਲਈ ਵਰਤਣੀ ਸੀ। ਇਹ ਬਿਲ ਉਸ ਲਈ ਹੈ। ਜੇ ਕਿਤੇ ਮਾਨਸੂਨ ਤੋਂ ਪਹਿਲਾਂ ਇਹ 40,000 ਕਰੋੜ ਰੁਪਏ ਸੂਬਿਆਂ ਤੱਕ ਪੁੱਜ ਜਾਂਦੇ, ਤਾਂ ਉਨ੍ਹਾਂ ਦੀ ਵਰਤੋਂ ਜੰਗਲਾਂ ਲਈ ਹੋਣੀ ਸੀ। ਅਨੇਕਾਂ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ, ਜਿਹੜੇ ਲੋਕ ਰੁੱਖ ਲਾਉਂਦੇ, ਉਨ੍ਹਾਂ ਨੂੰ ਰੋਜ਼ਗਾਰ ਮਿਲਣਾ ਸੀ। ਪੌਦੇ ਲੱਗਣੇ ਸਨ ਤੇ ਮੀਂਹ ਨਾਲ ਉਨ੍ਹਾਂ ਨੇ ਇੱਕ ਸਾਲ ਦੇ ਅੰਦਰ ਪ੍ਰਫ਼ੁੱਲਤ ਹੋਣਾ ਸੀ। ਪਰ ਸਿਰਫ਼ ਰੁਕਾਵਟਾਂ ਪਾਏ ਜਾਣ ਕਰ ਕੇ, ਸੂਬੇ ਉਨ੍ਹਾਂ 40 ਹਜ਼ਾਰ ਕਰੋੜ ਰੁਪਏ ਤੋਂ ਵਾਂਝੇ ਰਹਿ ਗਏ ਹਨ। ਉਸ ਧਨ ਦੀ ਵਰਤੋਂ ਜੰਗਲਾਂ ਅਤੇ ਕਬਾਇਲੀਆਂ ਲਈ ਕੀਤੀ ਜਾਣੀ ਸੀ। ਉਨ੍ਹਾਂ ਨੇ ਇਸ ਵਿੱਚ ਰੁਕਾਵਟ ਪਾ ਦਿੱਤੀ। ਇਸ ਬਾਰੇ ਕੋਈ ਦਲੀਲ ਨਹੀਂ ਹੈ।
ਅਰਨਬ: ਇਸ ਦਾ ਕਾਰਨ… ਤੁਸੀਂ ਕੋਸ਼ਿਸ਼ ਤਾਂ ਕੀਤੀ ਸੀ
ਪ੍ਰਧਾਨ ਮੰਤਰੀ ਮੋਦੀ: ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸਨ।
ਅਰਨਬ: ਤੁਸੀਂ ਰੇਸ ਕੋਰਸ ਰੋਡ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੂੰ ਸੱਦਿਆ ਸੀ।
ਪ੍ਰਧਾਨ ਮੰਤਰੀ ਮੋਦੀ: ਅਸੀਂ ਹਰ ਪੱਧਰ ਉੱਤੇ ਗੱਲਬਾਤ ਕੀਤੀ ਸੀ।
ਅਰਨਬ: Still? ਹਾਲੇ ਵੀ? ਤੁਸੀਂ ‘ਹਉਮੈ ਮੁੱਦਾ’ ਸ਼ਬਦ ਦੀ ਵਰਤੋਂ ਕੀਤੀ ਸੀ, ਇਹ ਹਉਮੈ ਦਾ ਮੁੱਦਾ ਕਿਉਂ ਬਣਿਆ? ਅਤੇ ਲੋਕ ਇਹ ਜਾਣਨਾ ਚਾਹੁਣਗੇ ਕਿ ਪ੍ਰਧਾਨ ਮੰਤਰੀ ਇਸ ਨੂੰ ਖ਼ਤਮ ਕਰਨ ਦੇ ਅਯੋਗ ਕਿਉਂ ਰਹੇ?
ਪ੍ਰਧਾਨ ਮੰਤਰੀ ਮੋਦੀ: ਪ੍ਰਧਾਨ ਮੰਤਰੀ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਦਾ। ਜਿਹੜੇ ਰੁਕਾਵਟਾਂ ਖੜ੍ਹੀਆਂ ਕਰਦੇ ਹਨ, ਉਹੀ ਇਸ ਪ੍ਰਸ਼ਨ ਦਾ ਉੱਤਰ ਦੇ ਸਕਦੇ ਹਨ। ਪਰ ਇਸ ਦੇ ਬਾਵਜੂਦ, ਮੈਂ ਜਤਨ ਜਾਰੀ ਰੱਖਾਂਗਾ। ਜਿਸ ਢੰਗ ਨਾਲ ਵੀ ਸੰਭਵ ਹੋਇਆ, ਮੈਂ ਉਨ੍ਹਾਂ ਨੂੰ ਮਨਾਉਣ ਲਈ ਤਿਆਰ ਹਾਂ। ਜੇ ਮੈਨੂੰ ਕਿਸੇ ਨੂੰ ਉਨ੍ਹਾਂ ਦੇ ਘਰ ਜਾ ਕੇ ਚਾਹ ਦਾ ਪਿਆਲਾ ਸਾਂਝਾ ਕਰਦਿਆਂ ਆਪਣੀ ਗੱਲ ਰੱਖਣ ਦਾ ਮੌਕਾ ਮਿਲੇ, ਤਾਂ ਮੈਂ ਇਸ ਲਈ ਵੀ ਤਿਆਰ ਹਾਂ। ਮੇਰਾ ਇੱਕੋ-ਇੱਕ ਉਦੇਸ਼ ਹੈ ਆਪਣੇ ਦੇਸ਼ ਅਤੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਦੇ ਗ਼ਰੀਬਾਂ ਦੀ ਭਲਾਈ।
ਅਰਨਬ: ਤੁਸੀਂ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਹੈ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਅਗਲੇ 6, 7, 8 ਮਹੀਨਿਆਂ ‘ਚ ਉੱਤਰ ਪ੍ਰਦੇਸ਼ ਵਿੱਚ ਚੋਣਾਂ ਹੋਣੀਆਂ ਹਨ। ਸਮੁੱਚੇ ਦੇਸ਼ ਦਾ ਧਿਆਨ ਉਨ੍ਹਾਂ ਚੋਣਾਂ ‘ਤੇ ਹੋਵੇਗਾ। ਤੁਸੀਂ ਵਾਰਾਣਸੀ ਤੋਂ ਐੱਮ.ਪੀ. ਹੋ। ਪਰ ਭਾਰਤੀ ਜਨਤਾ ਪਾਰਟੀ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਹਨ, ਕੁਝ ਕਹਿੰਦੇ ਹਨ ਕਿ ਸੰਘ ਪਰਿਵਾਰ, ਕੁਝ ਅਜ਼ਾਦ ਸਮੂਹ, ਇਸ ਵਿੱਚ ਫਿਰਕੂ ਰੰਗਤ ਮਿਲਾਈ ਗਈ ਹੈ ਅਤੇ ਅਜਿਹਾ ਕਿਸੇ ਇੱਕ ਪਾਰਟੀ ਨੇ ਨਹੀਂ ਕੀਤਾ, ਸਗੋਂ ਹੋਰਨਾਂ ਪਾਰਟੀਆਂ ਨੇ ਵੀ ਕੀਤਾ ਹੈ। ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਕੀ ਤੁਸੀਂ ਵਿਕਾਸ ਨੂੰ ਹੀ ਇੱਕੋ-ਇੱਕ ਏਜੰਡਾ ਰੱਖਣ ਦੇ ਯੋਗ ਹੋਵੋਗੇ? ਉੱਤਰ ਪ੍ਰਦੇਸ਼ ਚੋਣਾਂ ਵਿੱਚ ਮੁੱਖ ਮੁੱਦਾ ਵਿਕਾਸ ਹੋਣਾ ਚਾਹੀਦਾ ਹੈ, ਇਹ ਲਾਂਭੇ ਨਹੀਂ ਹੋਣਾ ਚਾਹੀਦਾ, ਧਿਆਨ ਕਿਤੇ ਹੋਰ ਕੇਂਦ੍ਰਿਤ ਨਹੀਂ ਹੋਣਾ ਚਾਹੀਦਾ। ਕੀ ਤੁਹਾਨੂੰ ਭਰੋਸਾ ਹੈ ਕਿ ਫਿਰਕੂ ਏਜੰਡਾ, ਵਿਕਾਸ ਉੱਤੇ ਹਾਵੀ ਨਹੀਂ ਹੋਵੇਗਾ?
ਪ੍ਰਧਾਨ ਮੰਤਰੀ ਮੋਦੀ: ਇਹ ਮੇਰਾ ਦ੍ਰਿੜ੍ਹ ਵਿਸ਼ਵਾਸ ਹੈ, ਇਹ ਮੇਰੀ ਪ੍ਰਤੀਬੱਧਤਾ ਹੈ। ਤੁਸੀਂ 2014 ਦੀਆਂ ਚੋਣਾਂ ਦੌਰਾਨ ਜ਼ਰੂਰ ਇਹ ਵੇਖਿਆ ਹੋਣਾ ਹੈ ਕਿ ਮੈਂ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜੀਆਂ ਸਨ। ਦੇਸ਼ ਦੀ ਨਵੀਂ ਪੀੜ੍ਹੀ ਕੇਵਲ ਵਿਕਾਸ ਵਿੱਚ ਵਿਸ਼ਵਾਸ ਰਖਦੀ ਹੈ। ਮੇਰਾ ਮੰਨਣਾ ਹੈ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਵਿਕਾਸ ਵਿੱਚ ਹੈ। ਜਿਹੜੇ ਤਣਾਅ ਦੀ ਲੋਕ ਗੱਲ ਕਰਦੇ ਹਨ, ਉਸ ਦਾ ਹੱਲ ਵੀ ਵਿਕਾਸ ਹੀ ਹੈ। ਜੇ ਅਸੀਂ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਦੇਈਏ, ਜੇ ਅਸੀਂ ਉਨ੍ਹਾਂ ਦੀਆਂ ਪਲੇਟਾਂ ਵਿੱਚ ਭੋਜਨ ਯਕੀਨੀ ਬਣਾ ਦੇਈਏ, ਜੇ ਅਸੀਂ ਉਨ੍ਹਾਂ ਸਹੂਲਤਾਂ ਮੁਹੱਈਆ ਕਰਵਾਈਏ ਅਤੇ ਉਨ੍ਹਾਂ ਨੂੰ ਸਿੱਖਿਆ ਦੇਈਏ, ਸਾਰੇ ਤਣਾਅ ਖ਼ਤਮ ਹੋ ਜਾਣਗੇ। ਅਤੇ ਇਹੋ ਕਾਰਨ ਹੈ ਕਿ ਜਿਹੜੇ ਲੋਕ ਰਾਸ਼ਟਰ ਦੇ ਹਿਤ ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਿਕਾਸ ਵੱਲ ਅਤੇ ਵਿਕਾਸ ਲਈ ਹੀ ਅੱਗੇ ਵਧਣ। ਦੇਸ਼ ਵਿੱਚ ਅਜਿਹਾ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ ਅਤੇ ਮੇਰਾ ਮੰਨਣਾ ਹੈ ਕਿ ਅੱਜ-ਕੱਲ੍ਹ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ।
ਅਰਨਬ: ਤਾਂ ਜਿਹੜੇ ਗ਼ਰਮ-ਖ਼ਿਆਲੀ ਲੋਕ ਅੱਤ ਦੀਆਂ ਟਿੱਪਣੀਆਂ ਕਰਦੇ ਹਨ, ਕੀ ਉਨ੍ਹਾਂ ‘ਤੇ ਕਾਬੂ ਪਾਉਣ ਦੀ ਜ਼ਰੂਰਤ ਹੈ? ਤਾਂ ਜੋ ਧਰਮ ਦੇ ਨਾਂਅ ਉੱਤੇ ਕੋਈ ਸਿਆਸਤ ਨਾ ਹੋਵੇ।
ਪ੍ਰਧਾਨ ਮੰਤਰੀ ਮੋਦੀ: ਸਭ ਤੋਂ ਪਹਿਲਾਂ, ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਰਾਸ਼ਟਰ ਨੂੰ ਵਿਕਾਸ ਦੇ ਮੁੱਦੇ ਉੱਤੇ ਅੱਗੇ ਵਧਣਾ ਚਾਹੀਦਾ ਹੈ। ਅਤੇ ਇਹ ਜ਼ਰੂਰੀ ਹੈ ਕਿ ਦੇਸ਼, ਵਿਕਾਸ ਦੇ ਮੁੱਦੇ ਉੱਤੇ ਅੱਗੇ ਵਧੇ। ਮੈਂ ਮੀਡੀਆ ਨੂੰ ਇਹ ਕਹਿਣਾ ਚਾਹਾਂਗਾ ਕਿ ਉਹ ਅਜਿਹੀਆਂ ਟਿੱਪਣੀਆਂ ਕਰਨ ਵਾਲੇ ਲੋਕਾਂ ਨੂੰ ਨਾਇਕ ਨਾ ਬਣਾਵੇ।
ਅਰਨਬ: ਪਰ ਉਹ ਤਾਂ ਅਜਿਹੀਆਂ ਟਿੱਪਣੀਆਂ ਕਰਦੇ ਹੀ ਰਹਿੰਦੇ ਹਨ।
ਪ੍ਰਧਾਨ ਮੰਤਰੀ ਮੋਦੀ: ਉਨ੍ਹਾਂ ਨੂੰ ਨਾਇਕ ਨਾ ਬਣਾਓ, ਉਹ ਰੁਕ ਜਾਣਗੇ।
ਅਰਨਬ: ਅਸੀਂ ਉਨ੍ਹਾਂ ਨੂੰ ਨਾਇਕ ਨਹੀਂ, ਸਗੋਂ ਖਲਨਾਇਕ ਬਣਾਉਂਦੇ ਹਾਂ।
ਪ੍ਰਧਾਨ ਮੰਤਰੀ ਮੋਦੀ: ਪਰ ਤੁਸੀਂ ਉਨ੍ਹਾਂ ਨੂੰ ਇੰਨਾ ਵੱਡਾ ਕਿਉਂ ਬਣਾਉਂਦੇ ਹੋ? ਮੈਂ ਟੀ.ਵੀ. ਉੱਤੇ ਕੁਝ ਲੋਕਾਂ ਦੀਆਂ ਅਜਿਹੀਆਂ ਟਿੱਪਣੀਆਂ ਵੇਖਦਾ ਹਾਂ, ਉਹ ਚਿਹਰੇ ਮੈਂ ਪਹਿਲਾਂ ਕਦੇ ਨਹੀਂ ਵੇਖੇ ਹੁੰਦੇ ਅਤੇ ਉਹ ਅੰਤ ‘ਚ ਟੀ.ਵੀ. ਉੱਤੇ ਬੁਲਾਰੇ ਬਣ ਕੇ ਬਹਿ ਜਾਂਦੇ ਹਨ।
ਅਰਨਬ: ਆਪੂੰ ਥਾਪੇ ਬੁਲਾਰੇ।
ਪ੍ਰਧਾਨ ਮੰਤਰੀ ਮੋਦੀ: ਮੈਨੂੰ ਸਮਝ ਨਹੀਂ ਆਉਂਦੀ ਕਿ ਅਜਿਹੇ ਲੋਕਾਂ ਨੂੰ ਕਿਉਂ ਉਤਸ਼ਾਹਿਤ ਕੀਤਾ ਜਾਂਦਾ ਹੈ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਆਓ ਆਪਾਂ 2017 ਦੀਆਂ ਚੋਣਾਂ ਦੀ ਗੱਲ 2016 ‘ਚ ਕਰੀਏ। ਦਿੱਲੀ ਤੋਂ ਬਾਅਦ, ਫਿਰ ਬਿਹਾਰ, ਫਿਰ ਅਸਾਮ, ਪੱਛਮੀ ਬੰਗਾਲ। ਉਸ ਤੋਂ ਬਾਅਦ ਅਸੀਂ ਪੰਜਾਬ ਬਾਰੇ ਗੱਲ ਕਰਾਂਗੇ। ਪੰਜਾਬ ਬਾਰੇ ਗੱਲਬਾਤ ਖ਼ਤਮ ਕਰਨ ਤੋਂ ਪਹਿਲਾਂ, ਅਸੀਂ ਉੱਤਰ ਪ੍ਰਦੇਸ਼ ਬਾਰੇ ਗੱਲ ਕਰਾਂਗੇ। ਫਿਰ ਗੁਜਰਾਤ ਸੂਬੇ ਦੀਆਂ ਚੋਣਾਂ ਹੋਣੀਆਂ ਹਨ। ਕੀ ਤੁਸੀਂ ਇਹ ਨਹੀਂ ਸਮਝਦੇ ਕਿ ਇਹ ਦੇਸ਼ ਪੱਕੇ ਤੌਰ ‘ਤੇ ਹੀ ਚੋਣਾਂ ਦੇ ਚੱਕਰ ਵਿੱਚ ਫਸਿਆ ਹੋਇਆ ਹੈ? ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਮੁੱਦੇ ਬਾਰੇ ਆਪਣੇ ਵਿਚਾਰ ਦੱਸੋ, ਵਿਚਾਰ ਪਾਰਟੀ ਸਿਆਸਤ, ਮੁੱਦਿਆਂ ਦੇ ਧਰੁਵੀਕਰਣ ਉੱਤੇ ਕੇਂਦ੍ਰਿਤ ਰਹਿੰਦਾ ਹੈ, ਸ਼ਾਸਨ ਉੱਤੇ ਨਹੀਂ। ਜੇ ਅਸੀਂ ਆਖੀਏ ਕਿ ਅਸੀਂ ਇੱਕ ਅਜਿਹਾ ਦੇਸ਼ ਹਾਂ, ਜਿੱਥੇ ਲਗਾਤਾਰ ਕੋਈ ਨਾ ਕੋਈ ਚੋਣ ਮੁਹਿੰਮ ਚਲਦੀ ਹੀ ਰਹਿੰਦੀ ਹੈ। ਕੀ ਇਹ ਵਧੀਆ ਗੱਲ ਹੈ? ਕੀ ਸਾਨੂੰ ਇਹ ਪਰੰਪਰਾ ਤੋੜਨੀ ਨਹੀਂ ਚਾਹੀਦੀ? ਤੁਹਾਡੇ ਇਸ ਬਾਰੇ ਕੀ ਵਿਚਾਰ ਹਨ?
ਪ੍ਰਧਾਨ ਮੰਤਰੀ ਮੋਦੀ: ਵੇਖੋ, ਇਹ ਨਰੇਂਦਰ ਮੋਦੀ ਜਾਂ ਪ੍ਰਧਾਨ ਮੰਤਰੀ ਨਾਲ ਸਬੰਧਤ ਕੋਈ ਮੁੱਦਾ ਨਹੀਂ ਹੈ। ਅਤੇ ਨਾ ਹੀ ਇਹ ਕਿਸੇ ਖ਼ਾਸ ਪਾਰਟੀ ਜਾਂ ਕਿਸੇ ਖ਼ਾਸ ਸਰਕਾਰ ਦਾ ਮੁੱਦਾ ਹੈ।
ਪਰ ਪਿਛਲੇ ਸੰਸਦੀ ਸੈਸ਼ਨ ਤੋਂ ਪਹਿਲਾਂ, ਸਪੀਕਰ ਨੇ ਸਾਰੀਆਂ ਪਾਰਟੀਆਂ ਨੂੰ ਭੋਜਨ ‘ਤੇ ਸੱਦਿਆ ਸੀ। ਏਜੰਡਾ ਮੀਟਿੰਗ ਤੋਂ ਬਾਅਦ ਸਾਰੇ ਖਾਣੇ ਲਈ ਬੈਠੇ ਸਨ। ਮੈਂ ਵੀ ਉੱਥੇ ਪੁੱਜਾ ਸਾਂ। ਭੋਜਨ ਬਾਰੇ ਸਰਸਰੀ ਗੱਲਬਾਤ ਕਰਦਿਆਂ, ਸਾਰੀਆਂ ਪਾਰਟੀਆਂ ਦੇ ਲਗਭਗ ਸਾਰੇ ਲੋਕਾਂ ਨੇ ਆਖਿਆ ਸੀ ਕਿ ਕੇਂਦਰੀ ਤੇ ਸੂਬਾਈ ਚੋਣਾਂ ਜ਼ਰੂਰ ਹੀ ਇੱਕੋ ਵਾਰੀ ‘ਚ ਹੋ ਜਾਣੀਆਂ ਚਾਹੀਦੀਆਂ ਹਨ। ਹਰੇਕ ਨੇ ਇਹੋ ਗੱਲ ਆਖੀ ਸੀ। ਉਸ ਤੋਂ ਬਾਅਦ ਰਾਜ ਸਭਾ ਐੱਮ.ਪੀਜ਼ ਦੇ ਵਿਦਾਇਗੀ ਸਮਾਰੋਹ ਦੌਰਾਨ, ਵੱਖੋ-ਵੱਖਰੀਆਂ ਪਾਰਟੀਆਂ ਦੇ ਲੋਕ ਇੱਕ-ਦੂਜੇ ਨਾਲ ਗੱਲਬਾਤ ਕਰ ਰਹੇ ਸਨ। ਇੱਕ ਆਗੂ ਨੇ ਆਖਿਆ ਸੀ, ਮੋਦੀ ਜੀ, ਕੁਝ ਕਰੋ, ਸਾਨੂੰ ਚੋਣਾਂ ਦੇ ਇਸ ਚੱਕਰ ਵਿੱਚੋਂ ਬਾਹਰ ਕੱਢੋ।
ਅਰਨਬ: ਕੀ ਉਹ ਆਗੂ ਤੁਹਾਡੀ ਪਾਰਟੀ ਦਾ ਸੀ?
ਪ੍ਰਧਾਨ ਮੰਤਰੀ ਮੋਦੀ: ਨਹੀਂ, ਉਹ ਮੇਰੀ ਪਾਰਟੀ ਦਾ ਨਹੀਂ ਸੀ। ਇਸੇ ਲਈ ਮੈਂ ਆਖਿਆ ਸੀ ਕਿ ਇਸ ਮਾਮਲੇ ‘ਤੇ ਵਿਚਾਰ-ਚਰਚਾ ਹੋਣੀ ਚਾਹੀਦੀ ਹੈ। ਇਸ ਵਿੱਚ ਕੀ ਗ਼ਲਤ ਹੈ? ਫਿਰ ਇੱਕ ਦਿਨ ਮੈਂ ਆਖਿਆ ਸੀ ਕਿ ਇਸ ਬਾਰੇ ਗੱਲ ਚੱਲ ਰਹੀ ਸੀ। ਇਸ ਮੁੱਦੇ ‘ਤੇ ਇੱਕ ਸੰਸਦੀ ਕਮੇਟੀ ਵਿੱਚ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਚੋਣ ਕਮਿਸ਼ਨ ਵੱਲੋਂ ਵੀ ਇਹ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੇ ਇਸ ਬਾਰੇ ਇੱਕ ਚਿੱਠੀ ਵੀ ਲਿਖੀ ਹੈ। ਕਾਲੇ ਧਨ ਵਿਰੁੱਧ ਜੰਗ ਵਾਂਗ, ਚੋਣਾਂ ਦਾ ਇਹ ਮੁੱਦਾ ਵੀ ਕਾਲੇ ਧਨ ਨਾਲ ਜਾ ਜੁੜਦਾ ਹੈ। ਚੋਣ ਸੁਧਾਰ ਜ਼ਰੂਰੀ ਹਨ, ਜੇ ਦੇਸ਼ ਨੇ ਕਾਲੇ ਧਨ ਤੋਂ ਖਹਿੜਾ ਛੁਡਵਾਉਣਾ ਹੈ। ਚੋਣ ਸੁਧਾਰਾਂ ਲਈ ਇਹ ਵੀ ਇੱਕ ਖੇਤਰ ਹੈ। ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਇਸ ਬਾਰੇ ਕੋਈ ਫੈਸਲਾ ਨਹੀਂ ਲੈ ਸਕਦਾ ਅਤੇ ਨਾ ਹੀ ਉਸ ਨੂੰ ਅਜਿਹਾ ਕਰਨਾ ਚਾਹੀਦਾ ਹੈ। ਨਾ ਹੀ ਸਰਕਾਰ ਇਸ ਮਾਮਲੇ ਵਿੱਚ ਕੁਝ ਕਰ ਸਕਦੀ ਹੈ। ਇਸ ਬਾਰੇ ਵਿਆਪਕ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਚੋਣਾਂ ਦੇ ਇਸ ਨਿਰੰਤਰ ਚੱਕਰ ਬਾਰੇ ਬਹਿਸ ਤੋਂ ਨੱਸਣਾ ਨਹੀਂ ਚਾਹੀਦਾ। ਅਜੋਕਾ ਭਾਰਤੀ ਵੋਟਰ ਬਹੁਤ ਪਰਪੱਕ ਹੈ। ਲੋਕ ਸਭਾ ਚੋਣਾਂ ਵਿੱਚ ਉਹ ਹੋਰ ਤਰੀਕੇ ਵੋਟ ਪਾਉਂਦਾ ਹੈ, ਸੂਬਾਈ ਵਿਧਾਨ ਸਭਾ ਚੋਣਾਂ ‘ਚ ਉਸ ਦਾ ਵਿਵਹਾਰ ਵੱਖਰਾ ਹੁੰਦਾ ਹੈ। ਅਸੀਂ ਇਹ ਵੇਖ ਚੁੱਕੇ ਹਾਂ। ਸਾਲ 2014 ‘ਚ, ਆਮ ਚੋਣਾਂ ਦੇ ਨਾਲ ਹੀ ਓੜੀਸ਼ਾ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਸਨ। ਉਨ੍ਹਾਂ ਹੀ ਵੋਟਰਾਂ ਨੇ ਓੜੀਸ਼ਾ ਲਈ ਅਲੱਗ ਫੈਸਲਾ ਦਿੱਤਾ ਤੇ ਦਿੱਲੀ ਵਾਸਤੇ ਉਨ੍ਹਾਂ ਦਾ ਨਿਰਣਾ ਹੋਰ ਸੀ। ਇੰਝ ਇਸ ਦੇਸ਼ ਦਾ ਵੋਟਰ ਬਹੁਤ ਹੀ ਪਰਪੱਕ ਹੈ ਅਤੇ ਸਾਨੂੰ ਉਨ੍ਹਾਂ ਦੀ ਪਰਪੱਕਤਾ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਇਸ ਮਾਮਲੇ ‘ਤੇ ਬਹਿਸ ਹੋਣੀ ਚਾਹੀਦੀ ਹੈ ਕਿ ਇੱਕੋ ਵਾਰੀ ‘ਚ ਨਾਲੋ-ਨਾਲ ਚੋਣਾਂ ਕਰਵਾ ਕੇ ਖ਼ਰਚੇ ਕਿਵੇਂ ਘਟਾਏ ਜਾ ਸਕਦੇ ਹਨ, ਕਾਲੇ ਧਨ ਦਾ ਪ੍ਰਭਾਵ ਕਿਵੇਂ ਘਟਾਇਆ ਜਾ ਸਕਦਾ ਹੈ, ਦੇਸ਼ ਨੂੰ ਅੱਗੇ ਲਿਜਾਣ ਲਈ ਪੰਜ ਸਾਲਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਅੱਜ, ਆਦਰਸ਼ ਆਚਾਰ-ਵਿਵਹਾਰ ਜ਼ਾਬਤੇ ਕਾਰਨ ਉਨ੍ਹਾਂ ਇਲਾਕਿਆਂ ਵਿੱਚ ਨੁਕਸਾਨ ਹੋ ਜਾਂਦਾ ਹੈ, ਜਿੱਥੇ ਉਹ ਜ਼ਾਬਤਾ ਲਾਗੂ ਨਹੀਂ ਵੀ ਹੁੰਦਾ। ਜਦੋਂ ਮੈਂ ਗੁਜਰਾਤ ‘ਚ ਸਾਂ, ਮੈਨੂੰ ਪਤਾ ਲੱਗਿਆ ਕਿ ਘੱਟੋ-ਘੱਟ 80 ਤੋਂ 90 ਅਧਿਕਾਰੀ ਚੋਣ ਡਿਊਟੀਆਂ ਲਈ ਦੋ ਤੋਂ ਤਿੰਨ ਮਹੀਨਿਆਂ ਵਾਸਤੇ ਹੋਰਨਾਂ ਸੂਬਿਆਂ ‘ਚ ਜਾਂਦੇ ਹਨ। ਅਜਿਹਾ ਹਰੇਕ ਸੂਬੇ ਵਿੱਚ ਹੀ ਹੁੰਦਾ ਹੋਣਾ ਹੈ। ਇੰਝ ਇਹ ਚਿੰਤਾ ਦਾ ਵਿਸ਼ਾ ਹੈ ਤੇ ਕਦੇ ਇਸ ਪ੍ਰਸ਼ਨ ਉੱਤੇ ਵੀ ਗ਼ੌਰ ਕੀਤਾ ਜਾਣਾ ਚਾਹੀਦਾ ਹੈ। ਮੈਂ ਚਾਹਾਂਗਾ ਕਿ ਚੋਣ ਕਮਿਸ਼ਨ ਇਸ ਬਹਿਸ ਨੂੰ ਅੱਗੇ ਵਧਾਏ। ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਨੂੰ ਸੱਦਣਾ ਚਾਹੀਦਾ ਹੈ ਅਤੇ ਹਰੇਕ ਨਾਲ ਇਸ ਮਾਮਲੇ ‘ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਤੇ ਫਿਰ ਨਤੀਜਾ ਜੋ ਵੀ ਨਿਕਲੇ।
ਅਰਨਬ: ਕੀ ਇਸ ਬਾਰੇ ਕਿਸੇ ਨਿਸ਼ਚਤ ਸਮਾਂ-ਸੀਮਾ ਅੰਦਰ ਕੋਈ ਫੈਸਲਾ ਹੋ ਸਕਦਾ ਹੈ?
ਪ੍ਰਧਾਨ ਮੰਤਰੀ ਮੋਦੀ: ਚੋਣ ਕਮਿਸ਼ਨ ਨੂੰ ਇਸ ਬਾਰੇ ਵਿਚਾਰ-ਚਰਚਾ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਣਾ ਹੋਵੇਗਾ। ਇਹ ਪ੍ਰਕਿਰਿਆ ਲੀਹੋਂ ਲੱਥ ਜਾਵੇਗੀ, ਜੇ ਕੋਈ ਇੱਕ ਪਾਰਟੀ ਇਸ ਮਾਮਲੇ ‘ਚ ਕੋਈ ਪਹਿਲਕਦਮੀ ਕਰੇਗੀ।
ਅਰਨਬ: ਕੀ ਤੁਸੀਂ ਇਸ ਮਾਮਲੇ ਬਾਰੇ ਆਮ ਸਹਿਮਤੀ ਕਾਇਮ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੋਗੇ?
ਪ੍ਰਧਾਨ ਮੰਤਰੀ ਮੋਦੀ: ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ, ਮੈਂ ਇੱਕ ਸਿਆਸੀ ਪਾਰਟੀ ਨਾਲ ਵੀ ਸਬੰਧਤ ਹਾਂ। ਬਿਹਤਰ ਇਹੋ ਰਹੇਗਾ ਕਿ ਚੋਣ ਕਮਿਸ਼ਨ ਹੀ ਇਸ ਸਬੰਧੀ ਪਹਿਲਕਦਮੀ ਕਰੇ। ਅੱਜ, ਸਾਡੇ ਦੇਸ਼ ਵਿੱਚ ਚੋਣ ਕਮਿਸ਼ਨ ਇੱਕ ਬਹੁਤ ਵੱਕਾਰੀ ਸੰਸਥਾਨ ਹੈ। ਹਰੇਕ ਸਿਆਸੀ ਪਾਰਟੀ ਚੋਣ ਕਮਿਸ਼ਨ ਵਿੱਚ ਯਕੀਨ ਰਖਦੀ ਹੈ ਅਤੇ ਇਸ ਨਾਲ ਇਹ ਸੰਸਥਾਨ ਹੋਰ ਮਜ਼ਬੂਤ ਹੋਵੇਗਾ ਅਤੇ ਉਹ ਬਿਹਤਰ ਰਹੇਗਾ।
ਅਰਨਬ: ਮੇਰੇ ਖ਼ਿਆਲ ਅਨੁਸਾਰ ਇੱਕੋ ਵਾਰੀ ‘ਚ ਚੋਣਾਂ ਕਰਵਾ ਲੈਣ ਦਾ ਵਿਚਾਰ ਦਿਲਚਸਪ ਹੈ। ਭਾਵੇਂ ਸੂਬਾਈ ਪਾਰਟੀਆਂ, ਖੇਤਰੀ ਪਾਰਟੀਆਂ ਇਹ ਮਹਿਸੂਸ ਕਰ ਸਕਦੀਆਂ ਹਨ ਕਿ ਇਸ ਨਾਲ ਉਨ੍ਹਾਂ ‘ਤੇ ਮਾੜਾ ਪ੍ਰਭਾਵ ਪਵੇਗਾ ਅਤੇ ਭਾਰਤੀ ਜਨਤਾ ਪਾਰਟੀ ਜਿਹੀਆਂ ਰਾਸ਼ਟਰੀ ਪਾਰਟੀਆਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ: ਓੜੀਸ਼ਾ ਸਭ ਤੋਂ ਵਧੀਆ ਉਦਾਹਰਣ ਹੈ। ਸਾਲ 2014 ‘ਚ, ਭਾਰਤੀ ਜਨਤਾ ਪਾਰਟੀ ਨੂੰ ਸੂਬੇ ਵਿੱਚ ਕੋਈ ਲਾਭ ਨਹੀਂ ਹੋਇਆ ਸੀ ਪਰ ਲੋਕ ਸਭਾ ਸੀਟਾਂ ਭਾਜਪਾ ਨੇ ਜਿੱਤ ਲਈਆਂ ਸਨ। ਇੱਥੋਂ ਫ਼ਰਕ ਦਾ ਪਤਾ ਲਗਦਾ ਹੈ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਅੱਜ ਕੱਲ੍ਹ ਤੁਸੀਂ ਆਪਣੇ ਰੁਝੇਵੇਂ ਕਿਵੇਂ ਰੱਖ ਰਹੇ ਹੋ? ਮੇਰਾ ਮਤਲਬ ਹੈ ਕਿ ਤੁਸੀਂ ਬਹੁਤ ਤੇਜ਼ ਰਫ਼ਤਾਰ ਰਖਦੇ ਹੋ। ਜਿੰਨੀਆਂ ਮੀਟਿੰਗਾਂ ਤੁਸੀਂ ਕਰਦੇ ਹੋ, ਲੋਕ ਆਖਦੇ ਹਨ ਕਿ ਤੁਹਾਡੇ ਅਧਿਕਾਰੀਆਂ ਨੂੰ ਇਹ ਸਭ ਸੰਭਾਲਣਾ ਔਖਾ ਹੋ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ: ਅਜਿਹਾ ਨਹੀਂ ਹੈ, ਹੁਣ ਦੋ ਸਾਲ ਬੀਤ ਚੁੱਕੇ ਹਨ ਅਤੇ ਹਰੇਕ ਨੂੰ ਕੰਮ ਕਰਨ ਦੀ ਆਦਤ ਪੈ ਚੁੱਕੀ ਹੈ। ਮੇਰਾ ਮੰਨਣਾ ਹੈ ਕਿ ਇਹ ਇੰਨਾ ਵੱਡਾ ਦੇਸ਼ ਹੈ ਅਤੇ ਹਰੇਕ ਨੂੰ ਜਿੰਨਾ ਵੀ ਵੱਧ ਤੋਂ ਵੱਧ ਸੰਭਵ ਹੋ ਸਕੇ, ਕੰਮ ਕਰਨਾ ਚਾਹੀਦਾ ਹੈ। ਇਸੇ ਲਈ ਮੈਂ ਆਪਣਾ ਕੰਮ ਜਾਰੀ ਰਖਦਾ ਹਾਂ।
ਅਰਨਬ: ਇਸ ਤੋਂ ਪਹਿਲਾਂ ਕਿ ਮੈਂ ਆਖ਼ਰੀ ਪ੍ਰਸ਼ਨ ਵੱਲ ਆਵਾਂ, ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਮੈਂ ਕਿਸਾਨਾਂ ਦੇ ਸੰਕਟ ਬਾਰੇ ਗੱਲ ਕਰਨੀ ਚਾਹੁੰਦਾ ਹਾਂ। ਜਿਵੇਂ ਕਿ ਤੁਸੀਂ ਭਲੀਭਾਂਤ ਜਾਣਦੇ ਹੋ, ਇਸ ਦੇਸ਼ ਵਿੱਚ ਸੰਕਟ ਚੱਲਦਾ ਰਿਹਾ ਹੈ, ਤੁਸੀਂ ਇਸ ਦਾ ਹਵਾਲਾ ਦਿੱਤਾ ਸੀ। ਆਪਣੇ ਐੱਮ.ਪੀਜ਼ ਨੂੰ 20 ਮਈ ਨੂੰ ਸੰਸਦ ਦੇ ਕੇਂਦਰੀ ਹਾੱਲ ਵਿੱਚ ਦਿੱਤੇ ਉਸ ਭਾਸ਼ਣ, ਜਿਸ ਬਾਰੇ ਮੈਂ ਤੁਹਾਡੇ ਤੋਂ ਪਹਿਲਾਂ ਵੀ ਪੁੱਛਿਆ ਸੀ, ਵਿੱਚ ਤੁਸੀਂ ਆਖਿਆ ਸੀ ਕਿ ‘ਇਹ ਸਰਕਾਰ ਮੇਰੀ ਨਹੀਂ ਹੈ, ਇਹ ਸਰਕਾਰ ਗ਼ਰੀਬਾਂ ਲਈ ਹੈ, ਸਾਨੂੰ ਉਨ੍ਹਾਂ ਲਈ ਜ਼ਰੂਰ ਕੁਝ ਕਰਨਾ ਚਾਹੀਦਾ ਹੈ।’ ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਕਿਸਾਨਾਂ ਦਾ ਸੰਕਟ ਇੱਕ ਸਚਾਈ ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਇੰਟਰਵਿਊ ‘ਚ ਤੁਸੀਂ ਸਚਾਈ ਤੋਂ ਮੂੰਹ ਨਹੀਂ ਮੋੜਿਆ, ਤੁਸੀਂ ਉਸ ਦਾ ਸਾਹਮਣਾ ਕੀਤਾ, ਤੁਸੀਂ ਇਸ ਬਾਰੇ ਗੱਲ ਕਰ ਚੁੱਕੇ ਹੋ। ਅਸੀਂ ਆਪਣੇ ਸਮੁੱਚੇ ਭਵਿੱਖ ਨੂੰ ਮਾਨਸੂਨਾਂ ਨਾਲ ਜੋੜ ਦਿੱਤਾ ਹੈ। ਇਸ ਦੇਸ਼ ਵਿੱਚ ਇੱਕ ਸਾਲਾਨਾ ਸੰਕਟ ‘ਚੋਂ ਅਸੀਂ ਕਿਵੇਂ ਨਿਕਲਾਂਗੇ?
ਪ੍ਰਧਾਨ ਮੰਤਰੀ ਮੋਦੀ: ਸਾਨੂੰ ਪਾਣੀ ਦੇ ਸਹੀ ਪ੍ਰਬੰਧ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ ਪਾਣੀ ਦੇ ਮੁੱਦਿਆਂ ਉੱਤੇ ਜ਼ੋਰ ਦਿੱਤਾ ਹੈ। ਸੋਕੇ ਦੇ ਇਨ੍ਹਾਂ ਦਿਨਾਂ ਦੌਰਾਨ, ਮੈਂ 11 ਵੱਖੋ-ਵੱਖਰੇ ਸੂਬਿਆਂ ਦੇ ਆਗੂਆਂ ਨੂੰ ਮਿਲਿਆ ਸਾਂ ਤੇ ਹਰੇਕ ਨਾਲ 2-3 ਘੰਟੇ ਬੈਠ ਕੇ ਗੱਲਬਾਤ ਹੋਈ। ਦੇਸ਼ ਇਹ ਯਕੀਨ ਕਰੇਗਾ ਕਿ ਪ੍ਰਧਾਨ ਮੰਤਰੀ ਕੰਮ ਕਰ ਰਿਹਾ ਹੈ, ਭਾਵੇਂ ਮੈਂ ਉਨ੍ਹਾਂ 11 ਸੂਬਿਆਂ ਨਾਲ ਕੇਵਲ 10-10 ਮਿੰਟ ਹੀ ਗੱਲਬਾਤ ਕੀਤੀ ਹੋਵੇ। ਪਰ ਮੈਂ ਇੰਝ ਨਹੀਂ ਕਰਦਾ। ਮੈਂ ਵੱਖ-ਵੱਖ ਸੂਬਿਆਂ ਦੇ ਆਗੂਆਂ ਨਾਲ ਬੈਠ ਕੇ ਉਨ੍ਹਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਸਮਝੀਆਂ ਤੇ ਵੇਖਿਆ ਕਿ ਪਾਣੀ ਲਈ ਉਨ੍ਹਾਂ ਸੂਬਿਆਂ ਵਿੱਚ ਅਸੀਂ ਕੀ ਕੁਝ ਕਰ ਸਕਦੇ ਹਾਂ। ਮੈਨੂੰ ਖ਼ੁਸ਼ੀ ਹੈ ਕਿ ਸੂਬੇ ਵਿੱਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ, ਇਨ੍ਹਾਂ ਗਰਮੀਆਂ ਦੇ ਮੌਸਮ ਵਿੱਚ ਸਾਰੀਆਂ ਹੀ ਸੂਬਾ ਸਰਕਾਰਾਂ ਨੇ ਪਾਣੀ ਦੇ ਮੁੱਦਿਆਂ ਉੱਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ। ਸਾਨੂੰ ਇਸ ਮਾਨਸੂਨ ਦੌਰਾਨ ਇਯ ਦੇ ਲਾਭ ਵੇਖਣ ਨੂੰ ਮਿਲ ਜਾਣਗੇ। ਹਰੇਕ ਨੇ ਪਾਣੀ ਇਕੱਠਾ ਕਰਨ ਤੇ ਸਿੰਚਾਈ ਲਈ ਉਹ ਪਾਣੀ ਖੇਤਾਂ ਵੱਲ ਭੇਜਣ ਦੀਆਂ ਵਿਗਿਆਨਕ ਵਿਧੀਆਂ ਦੀ ਵਰਤੋਂ ਕੀਤੀ। ਸੂਖਮ ਸਿੰਚਾਈ ਉੱਤੇ ਜ਼ੋਰ ਦਿੱਤਾ ਗਿਆ। ਗੰਨੇ ਦੀ ਖੇਤੀ ਲਈ ਵੀ ਕਿਸਾਨ ਹੁਣ ਹੌਲੀ-ਹੌਲੀ ਸੂਖਮ ਸਿੰਚਾਈ ਵੱਲ ਵਧ ਰਹੇ ਹਨ, ਜਦ ਕਿ ਪਹਿਲਾਂ ਇਸ ਖੇਤੀ ਲਈ ਰੱਜਵਾਂ ਪਾਣੀ ਵਹਾਇਆ ਜਾਂਦਾ ਸੀ। ਝੋਨੇ ਦੀਆਂ ਫ਼ਸਲਾਂ, ਜਿਨ੍ਹਾਂ ਲਈ ਵੱਡੀ ਮਾਤਰਾ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ। ਅੱਜ ਕਿਸਾਨਾਂ ਨੇ ਇਸ ਲਈ ਵੀ ਤੁਪਕਾ-ਸਿੰਚਾਈ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇ ਅਸੀਂ ਜਲ ਸੁਵਿਧਾਵਾਂ ਦੇ ਮਾਮਲੇ ਵਿੱਚ ਵਧੀਆ ਕਾਰਗੁਜ਼ਾਰੀ ਕਰ ਜਾਂਦੇ ਹਾਂ, ਤਾਂ ਸਾਡੀ ਇੱਕ ਸਮੱਸਿਆ ਤਾਂ ਹੱਲ ਹੋ ਜਾਵੇਗੀ। ਅਜ਼ਾਦੀ ਤੋਂ ਬਾਅਦ, ਪਹਿਲੀ ਵਾਰ, ਅਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਿਆਂਦੀ ਹੈ, ਜਿਸ ਅਧੀਨ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਆ ਸਕਦੇ ਹਨ। ਕਿਸਾਨ ਨੇ ਕੇਵਲ 2 %,ਅਦਾਇਗੀ ਕਰਨੀ ਹੈ, ਕੇਵਲ 2 ਫ਼ੀ ਸਦੀ, ਬਾਕੀ ਇੰਤਜ਼ਾਮ ਸਰਕਾਰ ਕਰੇਗੀ। ਕਿਸਾਨਾਂ ਨੂੰ ਭਰੋਸਾ ਮਿਲੇਗਾ। ਉਦਾਹਰਣ ਵਜੋਂ, ਮਹਾਰਾਸ਼ਟਰ ‘ਚ, ਮਾਨਸੂਨ ਦੇ ਜੂਨ ਮਹੀਨੇ ‘ਚ ਆ ਜਾਣ ਦੀ ਸੰਭਾਵਨਾ ਹੈ, ਕਿਸਾਨ ਹਰੇਕ ਚੀਜ਼ ਲਈ ਤਿਆਰੀ ਕਰ ਚੁੱਕੇ ਹਨ ਪਰ ਝੋਨਾ-ਲਵਾਈ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ। ਹੁਣ ਜੇ ਅਗਸਤ ਮਹੀਨੇ ਤੱਕ ਵਰਖਾ ਹੁੰਦੀ ਹੈ, ਤਾਂ ਵਿਵਹਾਰਕ ਤੌਰ ‘ਤੇ ਉਨ੍ਹਾਂ ਦੀਆਂ ਫ਼ਸਲਾਂ ਨਸ਼ਟ ਨਹੀਂ ਹੋਣਗੀਆਂ, ਕਿਉਂਕਿ ਉਸ ਨੇ ਬੀਅ ਨਹੀਂ ਬੀਜੇ। ਪਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਇਸ ਨੂੰ ਵੀ ਆਪਣੇ ਵਿਚਾਰ ਅਧੀਨ ਲੈਂਦੀ ਹੈ ਤੇ ਕਿਸਾਨ ਨੂੰ ਲਾਭ ਹੁੰਦਾ ਹੈ। ਇੱਕ ਹੋਰ ਅਹਿਮ ਪੱਖ, ਇੱਕ ਵਾਰ ਜਦੋਂ ਫ਼ਸਲਾਂ ਪੱਕ ਜਾਂਦੀਆਂ ਹਨ, ਉਹ ਵੱਢ ਲਈਆਂ ਜਾਂਦੀਆਂ ਹਨ ਤੇ ਖੇਤਾਂ ਵਿੱਚ ਰੱਖੀਆਂ ਹੁੰਦੀਆਂ ਹਨ। ਮੰਨ ਲਵੋ ਕਿ ਇਸ ਵਾਰ ਫ਼ਸਲਾਂ ਦਾ ਝਾੜ ਵਧੀਆ ਰਿਹਾ ਹੈ, 100 %,ਫਸਲ ਉਤਪਾਦਨ ਹੋਇਆ ਹੈ, ਪਰ ਹਾਲੇ ਉਨ੍ਹਾਂ ਨੂੰ ਟਰੱਕਾਂ ਵਿੱਚ ਲੱਦਿਆ ਅਤੇ ਮੰਡੀਆਂ ਵਿੱਚ ਭੇਜਿਆ ਨਹੀਂ ਗਿਆ ਹੈ। ਅਤੇ ਜੇ ਵਰਖਾ ਹੁੰਦੀ ਹੈ, ਵਾਢੀ ਦੇ 15 ਦਿਨਾਂ ਬਾਅਦ ਵੀ, ਜੇ ਕੋਈ ਨੁਕਸਾਨ ਹੁੰਦਾ ਹੈ, ਤਾਂ ਵੀ ਇਸ ਦੀ ਭਰਪਾਈ ਪ੍ਰਧਾਨ ਮੰਤਰੀਫਸਲ ਬੀਮਾ ਯੋਜਨਾ ਅਧੀਨ ਹੋਵੇਗੀ। ਸੁਰੱਖਿਆ ਦੀ ਦੂਜੀ ਤਹਿ, ਘੱਟੋ-ਘੱਟ ਪ੍ਰੀਮੀਅਮ ਨਾਲ ਵੱਧ ਤੋਂ ਵੱਧ ਕਵਰ। ਅਜ਼ਾਦੀ ਤੋਂ ਬਾਅਦ, ਪਹਿਲੀ ਵਾਰ, ਅਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਿਆਂਦੀ ਹੈ। ਤੀਜੇ, ਪਹਿਲੀ ਵਾਰ ਅਸੀਂ ਈ-ਮੰਡੀ ਦੀ ਧਾਰਨਾ ਲਿਆਂਦੀ ਹੈ। ਪਿੰਡ ਵਿੱਚ ਕਿਸਾਨ ਆਪਣੀਆਂ ਫ਼ਸਲਾਂ ਆਪਣੇ ਮੋਬਾਈਲ ਫ਼ੋਨ ਰਾਹੀਂ ਦੇਸ਼ ਦੀਆਂ ਬਿਹਤਰੀਨ ਮੰਡੀਆਂ ਵਿੱਚੋਂ ਕਿਸੇ ਵੀ ਮੰਡੀ ਵਿੱਚ ਵੇਚ ਸਕਦਾ ਹੈ। ਕਿਸਾਨ ਇਹ ਤੈਅ ਕਰੇਗਾ ਕਿ ਉਸ ਨੇ ਆਪਣੀ ਫਸਲ ਕਿਸ ਭਾਅ ਵੇਚਣੀ ਹੈ। ਪਹਿਲਾਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਰੇਹੜਿਆਂ ਜਾਂ ਟਰੈਕਟਰ-ਟਰਾਲੀਆਂ ਰਾਹੀਂ 20-25 ਕਿਲੋਮੀਟਰ ਦੂਰ ਮੰਡੀਆਂ ਤੱਕ ਪਹੁੰਚਾਉਣੀਆਂ ਪੈਂਦੀਆਂ ਸਨ, ਤਦ ਭੰਡਾਰ ਕਰ ਕੇ ਰੱਖਣ ਦੇ ਮੁੱਦਿਆਂ ਕਾਰਨ, ਭਾਵੇਂ ਉਨ੍ਹਾਂ ਨੂੰ ਆਪਣੀਫਸਲ ਤੈਅ ਕੀਮਤ ਨਾਲੋਂ 10 ਰੁਪਏ ਘੱਟ ਵਿੱਚ ਹੀ ਵੇਚਣੀ ਪੈਂਦੀ ਸੀ। ਹੁਣ ਕਿਸਾਨ ਨੂੰ ਘਰ ਬੈਠਿਆਂ ਇਹ ਪਤਾ ਲੱਗ ਜਾਵੇਗਾ ਕਿ ਕਿਹੜੀ ਮੰਡੀ ਵਿੱਚ ਫ਼ਸਲਾਂ ਦੀ ਕੀ ਕੀਮਤ ਚੱਲ ਰਹੀ ਹੈ। ਅਗਲਾ ਨੁਕਤਾ ਫੂਡ ਪ੍ਰੋਸੈੱਸਿੰਗ, ਮੁੱਲ ਵਾਧਾ ਬਾਰੇ ਹੈ। ਅਸੀਂ ਫੂਡ ਪ੍ਰੋਸੈੱਸਿੰਗ ਵਿੱਚ 100 %,ਸਿੱਧਾ ਵਿਦੇਸ਼ੀ ਨਿਵੇਸ਼ ਖੋਲ੍ਹ ਦਿੱਤਾ ਹੈ। ਉਦਾਹਰਣ ਵਜੋਂ, ਜੇ ਇੱਕ ਕਿਸਾਨ ਟਮਾਟਰ ਵੇਚ ਰਿਹਾ ਹੈ ਅਤੇ ਜੇ ਇੱਕ ਕੰਪਨੀ ਟਮਾਟਰ ਦੀ ਚਟਣੀ (ਕੈਚਅਪ) ਦੀ ਪ੍ਰਾਸੈਸਿੰਗ ਕਰ ਰਹੀ ਹੈ, ਤਾਂ ਮੇਰੇ ਕਿਸਾਨਾਂ ਨੂੰ ਇਸ ਤੋਂ ਲਾਭ ਹੋਵੇਗਾ। ਜਿਹੜੀਆਂ ਕੰਪਨੀਆਂ ਏਰੇਟਡ ਡ੍ਰਿੰਕਸ ਬਣਾਉਂਦੀਆਂ ਹਨ, ਜਿਵੇਂ ਕੋਕਾ ਕੋਲਾ, ਪੈਪਸੀ ਆਦਿ, ਮੈਂ ਉਨ੍ਹਾਂ ਨੂੰ ਫਲਾਂ ਦਾ 5% ਕੁਦਰਤੀ ਰਸ ਮਿਲਾਉਣ ਦੀ ਬੇਨਤੀ ਕੀਤੀ। ਨਾਗਪੁਰ ਅਤੇ ਵਿਦਰਭ ਜਿਹੇ ਜਿਹੜੇ ਖੇਤਰਾਂ ਵਿੱਚ ਸੰਤਰਿਆਂ ਦੀ ਕਾਸ਼ਤ ਹੁੰਦੀ ਹੈ, ਕੋਕਾ ਕੋਲਾ ਕੰਪਨੀ ਉੱਥੇ ਸੰਤਰੇ ਦਾ 5 %,ਰਸ ਮਿਲਾਉਣ ਜਾ ਰਹੀ ਹੈ। ਜੇ ਅਸੀਂ ਏਰੇਟਡ ਜਲ ਵਿੱਚ 5 %,ਕੁਦਰਤੀ ਰਸ ਮਿਲਾਉਂਦੇ ਹਾਂ, ਤਾਂ ਕਿਸਾਨਾਂ ਨੂੰ ਆਪਣਾ ਬਾਜ਼ਾਰ ਮਿਲ ਜਾਵੇਗਾ ਅਤੇ ਉਨ੍ਹਾਂ ਦੇ ਫਲ ਨਸ਼ਟ ਨਹੀਂ ਹੋਣਗੇ। ਸਾਨੂੰ ਇੱਕ ਵਿਆਪਕ ਯੋਜਨਾ ਉਲੀਕਣੀ ਚਾਹੀਦੀ ਹੈ। ਸਾਡੀ ਬਹੁਤ ਜ਼ਿਆਦਾ ਜ਼ਮੀਨ ਨਸ਼ਟ ਹੋ ਚੁੱਕੀ ਹੈ। ਅਸੀਂ ਭੂਮੀ ਸਿਹਤ ਕਾਰਡ ਲਿਆਂਦਾ ਹੈ। ਅਸੀਂ ‘ਸੁਆਇਲ ਹੈਲਥ ਅਭਿਆਨ’ ਵੀ ਚਲਾਇਆ ਹੈ। ਇਸ ਰਾਹੀਂ ਕਿਸਾਨ ਨੂੰ ਆਪਣੀ ਜ਼ਮੀਨ ਦੀ ਉਪਜਾਇਕਤਾ ਬਾਰੇ ਜਾਣਕਾਰੀ ਮਿਲੇਗੀ। ਕੀ ਉਸ ਜ਼ਮੀਨ ‘ਤੇ ਖਾਦ ਵਰਤਣ ਦੀ ਲੋੜ ਹੈ ਜਾਂ ਨਹੀਂ, ਕਿਸਾਨ ਇਹ ਸਮਝ ਸਕੇਗਾ। ਇੰਝ ਔਸਤਨ, ਇੱਕ ਕਿਸਾਨ ਨੂੰ ਪ੍ਰਤੀ ਹੈਕਟੇਅਰ ਜ਼ਮੀਨ ਉੱਤੇ 15000-20000 ਰੁਪਏ ਦੀ ਬੱਚਤ ਹੋ ਸਕੇਗੀ। ਇੰਝ ਅਸੀਂ ਵਿਗਿਆਨਕ ਵਿਧੀਆਂ ਲੈ ਕੇ ਆਏ ਹਾਂ। ਤੁਹਾਨੂੰ ਪਤਾ ਹੀ ਹੈ ਕਿ ਸਾਡੇ ਦੇਸ਼ ਵਿੱਚ ਕਿਸਾਨਾਂ ਨੂੰ ਲਾਠੀਚਾਰਜਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ, ਜਦੋਂ ਉਹ ਯੂਰੀਆ ਖ਼ਰੀਦਣ ਲਈ ਜਾਂਦੇ ਹੁੰਦੇ ਸਨ ਅਤੇ ਉਨ੍ਹਾਂ ਨੂੰ ਉਹ ਯੂਰੀਆ ਬਲੈਕ ‘ਚ ਖ਼ਰੀਦਣਾ ਪੈਂਦਾ ਸੀ। ਅਸੀਂ ਯੂਰੀਆ ਉੱਤੇ 100 %,ਨਿੰਮ ਦਾ ਲੇਪ ਚਾੜ੍ਹ ਦਿੱਤਾ। ਪਹਿਲਾਂ, ਯੂਰੀਆ ਦੀ ਵਰਤੋਂ ਰਸਾਇਣ ਤਿਆਰ ਕਰਨ ਵਾਲੀਆਂ ਫ਼ੈਕਟਰੀਆਂ ਕਰ ਲੈਂਦੀਆਂ ਸਨ ਅਤੇ ਸਰਕਾਰੀ ਸਬਸਿਡੀਆਂ ਕਿਸਾਨਾਂ ਦੇ ਨਾਂਅ ਹੇਠ ਚੋਰੀ ਹੁੰਦੀਆਂ ਸਨ। ਨਿੰਮ ਦਾ ਲੇਪ ਕੀਤੇ ਜਾਣ ਤੋਂ ਬਾਅਦ, ਯੂਰੀਆ ਦੀ ਵਰਤੋਂ ਖੇਤੀਬਾੜੀ ਤੋਂ ਇਲਾਵਾ ਹੋਰ ਕਿਸੇ ਉਦੇਸ਼ ਲਈ ਹੋ ਹੀ ਨਹੀਂ ਸਕਦੀ। ਨਿੰਮ ਦੇ ਇਸੇ ਲੇਪ ਕਾਰਨ, ਨਸ਼ਟ ਹੋਈ ਜ਼ਮੀਨ ਨੂੰ ਠੀਕ ਕਰਨ ਵਿੱਚ ਵੀ ਮਦਦ ਮਿਲਦੀ ਹੈ, ਜੋ ਕਿ ਇੱਕ ਗੁਣਾਤਮਕ ਤਬਦੀਲੀ ਹੈ। ਨਿੰਮ ਦੇ ਲੇਪ ਕਾਰਨ ਜਿਹੜੀ ਜ਼ਮੀਨ ਉੱਤੇ ਪਹਿਲਾਂ 10 ਕਿਲੋਗ੍ਰਾਮ ਯੂਰੀਆ ਲਗਦਾ ਸੀ, ਉੱਥੇ ਹੁਣ ਕੇਵਲ 7 ਕਿਲੋਗ੍ਰਾਮ ਯੂਰੀਆ ਨਾਲ ਹੀ ਕੰਮ ਚੱਲ ਸਕਦਾ ਹੈ। ਇਹ ਸਾਰੀਆਂ ਪਹਿਲਕਦਮੀਆਂ ਖੇਤੀਬਾੜੀ ਦੀ ਦਿਸ਼ਾ ਵਿੱਚ ਹਨ ਅਤੇ ਇਨ੍ਹਾਂ ਦੇ ਨਤੀਜੇ ਛੇਤੀ ਹੀ ਵੇਖੇ ਜਾ ਸਕਣਗੇ।
ਅਰਨਬ: ਕੀ ਤੁਸੀਂ ਸਮਝਦੇ ਹੋ ਕਿ ਕਿਸਾਨਾਂ ਦਾ ਸੰਕਟ ਹੱਲ ਹੋ ਜਾਵੇਗਾ, ਜਿਹੜਾ ਪ੍ਰਸ਼ਨ ਮੈਂ ਪੁੱਛਿਆ ਸੀ ਕਿ ਸਾਲਾਨਾ ਸਮੱਸਿਆ, ਭਾਵ ਮਾਨਸੂਨਾਂ ਉੱਤੇ ਨਿਰਭਰਤਾ ਘਟੇਗੀ?
ਪ੍ਰਧਾਨ ਮੰਤਰੀ ਮੋਦੀ: ਵੇਖੋ, ਖੇਤੀਬਾੜੀ ਇੱਕ ਸੂਬਾਈ ਵਿਸ਼ਾ ਹੁੰਦਾ ਹੈ। ਭਾਰਤ ਸਰਕਾਰ ਨੇ ਪਹਿਲਕਦਮੀਆਂ ਕੀਤੀਆਂ ਹਨ, ਜੇ ਸੂਬਾ ਸਰਕਾਰ ਇਨ੍ਹਾਂ ਨੂੰ ਲਾਗੂ ਕਰਨ ਲਈ ਉਤਸ਼ਾਹਿਤ ਹੈ, ਮੈਨੂੰ ਲਗਦਾ ਹੈ ਕਿ ਉਹ ਇੰਝ ਕਰਨਗੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਮੈਂ ਵੱਖੋ-ਵੱਖਰੇ ਸੂਬਿਆਂ ਦੇ ਆਗੂਆਂ ਨੂੰ ਮਿਲਿਆ ਅਤੇ ਉਨ੍ਹਾਂ ਪਾਣੀ ਦੇ ਮੁੱਦਿਆਂ ਲਈ ਬਹੁਤ ਸਾਰਾ ਕੰਮ ਕੀਤਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਕੇਂਦਰ ਸਰਕਾਰ ਦੀ ਸਿੱਧੀ ਸ਼ਮੂਲੀਅਤ ਹੈ, ਇਸ ਨਾਲ ਬਹੁਤ ਲਾਭ ਹੋਣਗੇ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਹੁਣ ਮੈਂ ਤੁਹਾਨੂੰ ਦੋ ਸੁਆਲ ਪੁੱਛਾਂਗਾ।
ਪ੍ਰਧਾਨ ਮੰਤਰੀ ਮੋਦੀ: ਇਹ ਇੰਟਰਵਿਊ ਕੁਝ ਲੰਮਾ ਹੋ ਗਿਆ ਹੈ।
ਅਰਨਬ: ਮੈਂ ਦੋਵੇਂ ਪ੍ਰਸ਼ਨ ਆਪਸ ਵਿੱਚ ਜੋੜ ਦੇਵਾਂਗਾ। ਤੁਸੀਂ ਵੀ ਆਨੰਦ ਮਾਣ ਰਹੇ ਹੋ ਅਤੇ ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਬੋਲ ਰਹੇ ਹੋ ਸ੍ਰੀਮਾਨ ਪ੍ਰਧਾਨ ਮੰਤਰੀ ਜੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਹਨ ਅਤੇ ਮੇਰੇ ਖ਼ਿਆਲ ‘ਚ ਦਰਸ਼ਕ ਤੁਹਾਡੇ ਵਿਚਾਰ ਸੁਣਨਾ ਚਾਹੁਣਗੇ ਸ੍ਰੀਮਾਨ ਜੀ। ਦਰਅਸਲ, ਮੇਰੇ ਤਿੰਨ ਸੁਆਲ ਹਨ, ਜੇ ਤੁਸੀਂ ਮੈਨੂੰ ਇਜਾਜ਼ਤ ਦੇਵੋਂ। ਉਹ ਛੋਟੇ ਸੁਆਲ ਹਨ। ਪਹਿਲਾ ਇਹ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ, ਤੁਹਾਡੇ ਮਨ ਵਿੱਚ ਸਿਆਸਤ ਕਿੰਨੀ ਕੁ ਚੱਲ ਰਹੀ ਹੈ? ਹਰੇਕ ਪ੍ਰਧਾਨ ਮੰਤਰੀ, ਖ਼ਾਸ ਕਰ ਕੇ ਸਪੱਸ਼ਟ ਬੋਲਣ ਵਾਲਾ, ਜਿਵੇਂ ਕਿ ਤੁਸੀਂ ਹੋ, ਦਾ ਧਿਆਨ ਅਗਲੀ ਵੱਡੀ ਚੁਣੌਤੀ ਵੱਲ ਹੁੰਦਾ ਹੈ। ਕੀ ਸਾਲ 2019 ਕਿਤੇ ਨਾ ਕਿਤੇ ਤੁਹਾਡੇ ਮਨ ਵਿੱਚ ਹੈ?
ਪ੍ਰਧਾਨ ਮੰਤਰੀ ਮੋਦੀ: ਜਿਨ੍ਹਾਂ ਨੇ ਮੈਨੂੰ ਗੁਜਰਾਤ ਵਿੱਚ ਵੇਖਿਆ ਹੈ, ਅਤੇ ਜਿਨ੍ਹਾਂ ਨੇ ਮੈਨੂੰ ਦੋ ਸਾਲਾਂ ‘ਚ ਵੇਖਿਆ ਹੈ, ਜੋ ਮੈਨੂੰ ਬਿਨਾ ਕਿਸੇ ਪੱਖਪਾਤ ਦੇ ਵੇਖਦੇ ਹਨ, ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੋਵੇਗਾ ਕਿ ਮੈਂ ਸਿਆਸੀ ਤੌਰ ‘ਤੇ ਇੱਕ ਨਿਰਪੱਖ ਪ੍ਰਧਾਨ ਮੰਤਰੀ ਹਾਂ। ਚੋਣਾਂ ਤੋਂ ਇਲਾਵਾ, ਮੈਂ ਕਦੇ ਸਿਆਸਤ ਵਿੱਚ ਸ਼ਾਮਲ ਹੀ ਨਹੀਂ ਹੁੰਦਾ। ਤੁਸੀਂ ਚੋਣਾਂ ਨੂੰ ਇੱਕ ਜ਼ਰੂਰਤ, ਇੱਕ ਸੰਜਮ ਜਾਂ ਇੱਕ ਜ਼ਿੰਮੇਵਾਰੀ ਆਖ ਸਕਦੇ ਹੋ, ਸਾਨੂੰ ਉਨ੍ਹਾਂ ਵਿੱਚ ਸ਼ਾਮਲ ਹੋਣਾ ਹੀ ਪੈਂਦਾ ਹੈ। ਮੈਂ ਸਮਾਰੋਹਾਂ ਵਿੱਚ ਸ਼ਿਰਕਤ ਕਰਦਾ ਹਾਂ, ਵੱਖੋ-ਵੱਖਰੇ ਇਲਾਕਿਆਂ ‘ਚ ਜਾਂਦਾ ਹਾਂ, ਤੁਸੀਂ ਕਦੇ ਮੇਰੀ ਕੋਈ ਸਿਆਸੀ ਟਿੱਪਣੀ ਨਹੀਂ ਸੁਣੀ ਹੋਵੇਗੀ। ਜੇ ਮੈਂ ਕਿਸੇ ਸਰਕਾਰੀ ਸਮਾਰੋਹ ‘ਚ ਜਾਂਦਾ ਹਾਂ, ਤਾਂ ਮੈਂ ਸਰਕਾਰ ਨਾਲ ਸਬੰਧਤ ਵਿਸ਼ਿਆਂ ਬਾਰੇ ਗੱਲ ਕਰਦਾ ਹਾਂ। ਜੇ ਮੈਂ ਰੇਲਵੇਜ਼ ਦੇ ਕਿਸੇ ਸਮਾਰੋਹ ਵਿੱਚ ਜਾਂਦਾ ਹਾਂ, ਤਾਂ ਮੈਂ ਰੇਲਵੇਜ਼ ਦੀ ਗੱਲ ਕਰਦਾ ਹਾਂ; ਇੰਝ ਹੀ ਜੇ ਜਲ ਵਿਭਾਗ ਦਾ ਕੋਈ ਪ੍ਰੋਗਰਾਮ ਹੈ, ਤਾਂ ਉੱਥੇ ਪਾਣੀ ਅਤੇ ਜੇ ਜਲ ਇਕਾਈਆਂ ਨਾਲ ਸਬੰਧਤ ਕੋਈ ਸਮਾਰੋਹ ਹੁੰਦਾ ਹੈ, ਤਾਂ ਉੱਥੇ ਜਲ ਇਕਾਈਆਂ ਦੀ ਗੱਲ ਕਰਦਾ ਹਾਂ। ਮੇਰਾ ਧਿਆਨ ਸ਼ਾਸਨ ਉੱਤੇ ਕੇਂਦ੍ਰਿਤ ਰਹਿੰਦਾ ਹੈ। ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਰਿਹਾ ਹੈ ਕਿਉਂਕਿ ਸਰਕਾਰਾਂ ਕੇਵਲ ਚੋਣਾਂ ਲਈ ਹੀ ਚਲਾਈਆਂ ਜਾਂਦੀਆਂ ਸਨ। ਸਰਕਾਰਾਂ ਕੇਵਲ ਚੋਣਾਂ ਲਈ ਹੀ ਨਹੀਂ ਚੱਲਣੀਆਂ ਚਾਹੀਦੀਆਂ। ਸਰਕਾਰ ਨੂੰ ਆਮ ਜਨਤਾ ਦੀਆਂ ਮੰਗਾਂ ਤੇ ਆਸਾਂ ਪੂਰੀਆਂ ਕਰਨ ਲਈ ਪ੍ਰਮਾਣਿਤ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੋਣਾਂ ਕੇਵਲ ਇੱਕ ਦੋਹਰਾ-ਉਤਪਾਦ ਹੋਣੀਆਂ ਚਾਹੀਦੀਆਂ ਹਨ। ਇਹ ਲੋਕਤੰਤਰ ਹੈ। ਜਿੱਤ ਅਤੇ ਹਾਰ ਇਸ ਦਾ ਇੱਕ ਹਿੱਸਾ ਹੈ। ਇਸ ਬਾਰੇ ਵਧਾ-ਚੜ੍ਹਾ ਕੇ ਕੁਝ ਨਹੀਂ ਕਹਿਣਾ ਚਾਹੀਦਾ। ਤੁਸੀਂ ਪਿੱਛੇ ਜਿਹੇ ਵੇਖਿਆ ਹੋਵੇਗਾ ਕਿ ਮੈਂ ਪਿੱਛੇ ਜਿਹੇ ਹਰੇਕ ਨੂੰ 30 ਸਤੰਬਰ ਤੋਂ ਪਹਿਲਾਂ ਟੈਕਸ ਅਦਾ ਕਰਨ ਦੀ ਬੇਨਤੀ ਕੀਤੀ ਸੀ। ਮੈਂ ਕੱਲ੍ਹ ਇਹੋ ਗੱਲ ‘ਮਨ ਕੀ ਬਾਤ’ ਵਿੱਚ ਵੀ ਆਖੀ ਸੀ। ਕੀ ਜੇ ਕਿਸੇ ਵਿਅਕਤੀ ਨੂੰ ਕੇਵਲ ਚੋਣਾਂ ਜਿੱਤਣ ਦੀ ਹੀ ਚਿੰਤਾ ਹੋਵੇ, ਤਾਂ ਉਹ ਇਹ ਆਖ ਸਕਦਾ ਹੈ ਕਿ 30 ਸਤੰਬਰ ਤੋਂ ਬਾਅਦ ਸਹੀ ਟੈਕਸ ਨਾ ਭਰਨ ਵਾਲਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ?
ਅਰਨਬ: ਇਹ ਇੱਕ ਤਰ੍ਹਾਂ ਚੇਤਾਵਨੀ ਵੀ ਸੀ।
ਪ੍ਰਧਾਨ ਮੰਤਰੀ ਮੋਦੀ: ਇਹ ਇੱਕ ਚੇਤਾਵਨੀ ਹੈ। ਨਿਸ਼ਚਤ ਤੌਰ ‘ਤੇ ਇਹ ਇੱਕ ਚੇਤਾਵਨੀ ਹੈ। ਇਹ ਚੇਤਾਵਨੀ ਹੈ। ਮੇਰੀ ਪਹਿਲੀ ਚੇਤਾਵਨੀ ਆਪਣੀ ਸਰਕਾਰ ਦੇ ਅਧਿਕਾਰੀਆਂ ਨੂੰ ਹੈ ਕਿ ਉਹ ਨਾਗਰਿਕਾਂ ਨੂੰ ਕਦੇ ਚੋਰ ਨਾ ਸਮਝਣ। ਮੈਂ ਪਹਿਲਾਂ ਹੀ ਇਹ ਚੇਤਾਵਨੀ ਦੇ ਚੁੱਕਾ ਹਾਂ। ਮੈਂ ਪਹਿਲਾਂ ਆਪਣੇ ਅਧਿਕਾਰੀਆਂ ਨੂੰ ਸਮਝਾਇਆ ਹੈ। ਇਸ ਵਿੱਚ ਮੈਨੂੰ ਕੁਝ ਸਮਾਂ ਲੱਗਾ। ਤੁਹਾਨੂੰ ਇਹ ਜਾਣ ਕੇ ਝਟਕਾ ਲੱਗੇਗਾ ਕਿ ਮੈਂ ਈਮਾਨਦਾਰੀ ਦੇ ਮੁੱਦਿਆਂ ‘ਤੇ ਆਮਦਨ ਟੈਕਸ ਵਿਭਾਗ ਦੇ 30 ਤੋਂ ਵੱਧ ਵਿਅਕਤੀਆਂ ਨੂੰ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਦੇ ਚੁੱਕਾ ਹਾਂ। ਇਹ ਕੋਈ ਛੋਟਾ ਮੁੱਦਾ ਨਹੀਂ ਹੈ। ਜਿਹੜੇ ਲੋਕਾਂ ਦੇ ਪਿਛਲੇ 20 ਸਾਲਾਂ ਤੋਂ ਤਬਾਦਲੇ ਹੀ ਨਹੀਂ ਹੋਏ ਸਨ, ਮੈਂ ਉਨ੍ਹਾਂ ਦੀਆਂ ਬਦਲੀਆਂ ਕਰ ਦਿੱਤੀਆਂ। ਇੰਝ ਇੱਕ ਤਾਂ ਮੇਰਾ ਧਿਆਨ ਆਪਣੇ ਸਿਸਟਮ ‘ਤੇ ਹੈ। ਦੂਜੇ, ਮੈਂ ਦੇਸ਼ ਨੂੰ ਵੀ ਦਸਦਾ ਹਾਂ ਕਿ ਦੇਸ਼ ਦੇ ਗ਼ਰੀਬਾਂ ਲਈ ਸਾਨੂੰ ਆਪਣੇ ਦੇਸ਼ ਦੇ ਗ਼ਰੀਬਾਂ ਲਈ ਕੁਝ ਨਾ ਕੁਝ ਦੇਣਾ ਹੋਵੇਗਾ। ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਜਨਤਾ ਨੂੰ ਹਰੇਕ ਰੁਪਏ ਦਾ ਹਿਸਾਬ ਦੇਵਾਂ। ਮੈਂ ਇਸ ਦੀ ਵਰਤੋਂ ਸਹੀ ਸਥਾਨਾਂ ‘ਤੇ ਕਰਾਂਗਾ। ਮੈਂ ਇਸ ਧਨ ਨੂੰ ਚੋਰੀ ਨਹੀਂ ਹੋਣ ਦੇਵਾਂਗਾ। ਪਰ ਜੇ ਮੈਨੂੰ ਗ਼ਰੀਬਾਂ ਨੂੰ ਮਕਾਨ ਮੁਹੱਈਆ ਕਰਵਾਉਣ ਦੀ ਲੋੜ ਹੈ, ਤਾਂ ਸਾਨੂੰ ਆਮਦਨ ਦੀ ਜ਼ਰੂਰਤ ਹੋਵੇਗਾ। ਮੈਂ ਟੈਕਸ ਨਹੀਂ ਵਧਾਉਣੇ ਚਾਹੁੰਦਾ, ਮੈਂ ਕੇਵਲ ਇਹੋ ਚਾਹੁੰਦਾ ਹਾਂ ਕਿ ਟੈਕਸ ਈਮਾਨਦਾਰੀ ਨਾਲ ਅਦਾ ਕੀਤੇ ਜਾਣ। ਟੈਕਸ ਵਧਾਉਣ ਦੀ ਕੋਈ ਲੋੜ ਨਹੀਂ ਹੈ। ਨਾਗਰਿਕਾਂ ਨੂੰ ਮੁਸੀਬਤਾਂ ਵਿੱਚ ਫਸਾਏ ਬਗ਼ੈਰ ਵੀ ਦੇਸ਼ ਚੱਲ ਸਕਦਾ ਹੈ। ਮੈਂ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹਾਂ। ਇਹੋ ਕਾਰਨ ਹੈ ਕਿ ਮੈਂ ਨਾਗਰਿਕਾਂ ਨੂੰ 30 ਸਤੰਬਰ ਤੱਕ ਟੈਕਸ ਅਦਾ ਕਰਨ ਦਾ ਮੌਕਾ ਦਿੱਤਾ ਹੈ; ਭਾਵੇਂ ਉਹ ਟੈਕਸ 10 ਹਜ਼ਾਰ ਰੁਪਏ ਹੋਵੇ ਜਾਂ 50 ਹਜ਼ਾਰ ਰੁਪਏ। ਜੇ ਉਹ ਸੋਚਦੇ ਹਨ ਕਿ ਉਹ ਮੁੱਖਧਾਰਾ ਵਿੱਚ ਆਉਣਾ ਚਾਹੁੰਦੇ ਹਨ, ਉਨ੍ਹਾਂ ਵੀ ਕਿਸੇ ਵੀ ਹਾਲਤ ਵਿੱਚ ਚਿੰਤਾ ਨਹੀਂ ਕਰਨੀ ਚਾਹੀਦੀ। ਤੀਹ ਸਤੰਬਰ ਤੋਂ ਬਾਅਦ, ਸਰਕਾਰ ਕਦਮ ਚੁੱਕੇਗੀ। ਮੈਂ ਚੋਣਾਂ ਦੀ ਚਿੰਤਾ ਨਹੀਂ ਕਰਾਂਗਾ। ਮੈਂ ਲੋੜੀਂਦੇ ਕਦਮ ਚੁੱਕਾਂਗਾ। ਮੈਂ ਆਪਣੇ ਦੇਸ਼ ਵਿੱਚ ਗ਼ਰੀਬਾਂ ਲਈ ਕੰਮ ਕਰਨਾ ਚਾਹੁੰਦਾ ਹਾਂ।
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਅਗਲੇ ਤਿੰਨ ਸਾਲਾਂ ਲਈ ਕੋਈ ਜਾਦੂ ਦਾ ਸ਼ੀਸ਼ਾ ਵਿਖਾਓ। ਜੇ ਕ੍ਰਿਕੇਟ ਦੀ ਭਾਜਸ਼ਾ ਵਿੱਚ ਗੱਲ ਕਰੀਏ, ਤਾਂ ਹੁਣ ਤੱਕ ਤੁਹਾਡੀ ਦੌੜਾਂ ਲੈਣ ਦੀ ਦਰ ਕਿੰਨੀ ਰਹੀ ਹੈ ਅਤੇ ਅਗਲੇ ਤਿੰਨ ਸਾਲਾਂ ਦੌਰਾਨ ਕੀ ਤੁਹਾਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਇਹ ਦਰ ਵਧਾਉਣੀ ਹੋਵੇਗੀ?
ਪ੍ਰਧਾਨ ਮੰਤਰੀ ਮੋਦੀ: ਵੇਖੋ, ਮੈਂ ਕਿਸੇ ਵੀ ਰਫ਼ਤਾਰ ਨਾਲ ਅੱਗੇ ਵਧਾਂ, ਮੈਨੂੰ ਕਦੇ ਤਸੱਲੀ ਨਹੀਂ ਹੁੰਦੀ। ਜੇ ਅੱਜ ਮੈਂ 100 ਦੀ ਰਫ਼ਤਾਰ ‘ਤੇ ਦੌੜਦਾ ਹਾਂ, ਤਾਂ ਮੈਂ 200 ਦੀ ਰਫ਼ਤਾਰ ਦਾ ਟੀਚਾ ਰੱਖਦਾ ਹਾਂ। ਮੇਰੇ ਖ਼ਿਆਲ ਅਨੁਸਾਰ ਜਿਹੜਾ ਵਿਸ਼ਵ ਕਦੇ ਸਾਡੇ ਤੋਂ ਪਿੱਛੇ ਸੀ, ਅੱਜ ਉਹ ਸਾਡੇ ਤੋਂ ਅਗਾਂਹ ਲੰਘ ਚੁੱਕਾ ਹੈ। ਸਾਨੂੰ ਉਸ ਪੱਧਰ ਪੱਧਰ ਉੱਤੇ ਬਹੁਤ ਜ਼ਿਆਦਾ ਨੱਸਣ ਦੀ ਲੋੜ ਹੈ। ਇਸ ਲਈ ਸਾਨੂੰ ਗਿਣਤੀ-ਮਿਣਤੀ ਕਰਨ ਦੀ ਲੋੜ ਨਹੀਂ ਹੈ। ਅਸੀਂ ਤਾਂ ਨਤੀਜੇ ਦੇਣੇ ਹਨ। ਅਤੇ ਮੈਂ ਆਪਣੇ ਮੁਕੰਮਲ ਤਾਣ ਨਾਲ ਕੰਮ ਕਰ ਰਿਹਾ ਹਾਂ। ਮੈਂ ਆਪਣੀ ਸਮੁੱਚੀ ਸਰਕਾਰ ਨੂੰ ਵੀ ਖਿੱਚਣ ਵਿੱਚ ਸਫ਼ਲ ਰਿਹਾ ਹਾਂ। ਮੇਰਾ ਮੰਨਣਾ ਹੈ ਕਿ ਦੇਸ਼ ਵੀ ਅੱਗੇ ਵਧਦੇ ਰਹਿਣ ਲਈ ਪ੍ਰਤੀਬੱਧ ਹੈ।
ਅਰਨਬ: ਤੁਹਾਡੇ ਲਈ ਆਖ਼ਰੀ ਸੁਆਲ ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਪ੍ਰੇਰਿਤ ਕਰਦੀ ਹੈ? ਸਭ ਤੋਂ ਪਹਿਲਾਂ, ਜਿਵੇਂ ਕਿ ਮੈਂ ਆਖਿਆ, ਕੀ ਤੁਸੀਂ ਇਸੇ ਰਫ਼ਤਾਰ ਨਾਲ ਅੱਗੇ ਵਧਦੇ ਰਹਿਣ ਦੇ ਯੋਗ ਹੋਵੋਗੇ? ਤੁਸੀਂ ਕਿਹੜੀ ਗੱਲ ਤੋਂ ਸਭ ਤੋਂ ਵੱਧ ਪ੍ਰੇਰਿਤ ਹੁੰਦੇ ਹੋ ਅਤੇ ਜੇ ਤੁਸੀਂ ਸਾਡੇ ਦਰਸ਼ਕਾਂ ਨਾਲ ਇਹ ਗੱਲ ਈਮਾਨਦਾਰੀ ਨਾਲ ਸਾਂਝੀ ਕਰਨੀ ਚਾਹੋ ਕਿ ਤੁਹਾਡੀ ਚਿੰਤਾ ਦਾ ਸਭ ਤੋਂ ਵੱਡਾ ਸਰੋਤ ਕੀ ਹੈ?
ਪ੍ਰਧਾਨ ਮੰਤਰੀ ਮੋਦੀ: ਸਭ ਤੋਂ ਪਹਿਲਾਂ, ਮੈਂ ਚਿੰਤਾਵਾਂ ਦੇ ਬੋਝ ਹੇਠਾਂ ਨਹੀਂ ਰਹਿੰਦਾ। ਸਮੱਸਿਆਵਾਂ ਅਤੇ ਚੁਣੌਤੀਆਂ ਸਦਾ ਰਹਿੰਦੀਆਂ ਹਨ, ਤੁਸੀਂ ਉਨ੍ਹਾਂ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਤੁਹਾਨੂੰ ਉਨ੍ਹਾਂ ਚੁਣੌਤੀਆਂ ਨੂੰ ਜ਼ਰੂਰ ਹੀ ਚੁਣੌਤੀ ਦੇਣੀ ਹੋਵੇਗੀ ਅਤੇ ਚੁਣੌਤੀਆਂ ਨੂੰ ਚਿੰਤਾਵਾਂ ਵਿੱਚ ਤਬਦੀਲ ਨਾ ਹੋਣ ਦੇਵੋ। ਇਹ ਮੇਰਾ ਸਿਧਾਂਤ ਹੈ। ਮੈਂ ਚੁਣੌਤੀਆਂ ਨੂੰ ਚੁਣੌਤੀ ਦਿੰਦਾ ਹਾਂ। ਮੈਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਸੰਦ ਕਰਦਾ ਹਾਂ। ਮੈਂ ਉਨ੍ਹਾਂ ਤੋਂ ਦੂਰ ਨਹੀਂ ਨੱਸਦਾ। ਉਨ੍ਹਾਂ ਦਾ ਸਾਹਮਣਾ ਕਰਦਿਆਂ ਮੇਰਾ ਭਾਵੇਂ ਕਿੰਨਾ ਵੀ ਨੁਕਸਾਨ ਕਿਉਂ ਨਾ ਹੋ ਜਾਵੇ। ਪਰ ਮੈਂ ਦੇਸ਼ ਨੂੰ ਮਜਬੂਰੀ ਵਿੱਚ ਨਹੀਂ ਛੱਡ ਸਕਦਾ। ਇਹ ਜ਼ਿੰਮੇਵਾਰੀ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਮੈਂ ਇੰਝ ਕਰਨਾ ਜਾਰੀ ਰੱਖਾਂਗਾ। ਸਾਰੀਆਂ ਚੰਗੀਆਂ ਅਤੇ ਮਾੜੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਮੇਰੀ ਹੈ। ਮੈਨੂੰ ਕਿਸੇ ਗੱਲ ਦਾ ਕੋਈ ਅਫ਼ਸੋਸ ਨਹੀਂ ਹੈ। ਮੇਰਾ ਮੰਨਣਾ ਹੈ, ਦੇਸ਼ ਦੇ ਲੋਕਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਅਤੇ ਮੈਂ ਇਹ ਹਰ ਹਾਲਤ ਵਿੱਚ ਨਿਭਾਉਣੀ ਹੈ। ਤੀਜੇ, ਜਦੋਂ ਮੈਂ ਆਪਣੇ ਦੇਸ਼ ਦੇ ਗ਼ਰੀਬਾਂ ਨੂੰ ਵੇਖਦਾ ਹਾਂ, ਤਾਂ ਮੈਨੂੰ ਉਹ ਸਾਰੇ ਕੰਮ ਚੇਤੇ ਆ ਜਾਂਦੇ ਹਨ, ਜੋ ਮੈਂ ਉਨ੍ਹਾਂ ਲਈ ਕਰਨੇ ਹਨ। ਪਰਸੋਂ, ਮੈਂ ਪੁਣੇ ‘ਚ ਸਾਂ, ਅਤੇ ਉੱਥੇ ਸ੍ਰੀਮਾਨ ਚੰਦਰਕਾਂਤ ਜੀ ਨੂੰ ਮਿਲਿਆ। ਉਹ ਇੱਕ ਸੇਵਾ-ਮੁਕਤ ਅਧਿਆਪਕ ਹਨ, ਜਿਨ੍ਹਾਂ ਦੀ ਪੈਨਸ਼ਨ 16,000 ਰੁਪਏ ਆਉਂਦੀ ਹੈ; ਉਹ ਸਵੱਛ ਅਭਿਆਨ ਲਈ ਹਰ ਮਹੀਨੇ 5,000 ਰੁਪਏ ਦਾਨ ਕਰਦੇ ਹਨ। ਜੇ 70 ਸਾਲਾਂ ਦਾ ਇੱਕ ਸੇਵਾ-ਮੁਕਤ ਅਧਿਆਪਕ, ਜਿਸ ਦੇ ਆਪਣੇ ਬੱਚੇ ਤੇ ਘਰ ਵਿੱਚ ਪੂਰਾ ਪਰਿਵਾਰ ਹੈ, ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ ਪਰ ਦੇਸ਼ ਦੀ ਚਿੰਤਾ ਹੈ, ਤਦ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਨੂੰ ਚੰਦਰਕਾਂਤ ਜੀ ਨਾਲੋਂ ਇੱਕ ਹਜ਼ਾਰ ਗੁਣਾ ਵੱਧ ਕੰਮ ਕਰਨਾ ਚਾਹੀਦਾ ਹੈ। ਇਹੋ ਮੇਰੀ ਪ੍ਰੇਰਨਾ ਹੈ। ਇਸ ਦੇਸ਼ ਦੇ ਜਿਹੜੇ ਲੋਕ ਦਿਨ-ਰਾਤ ਕੰਮ ਕਰਦੇ ਹਨ, ਉਹ ਮੇਰੇ ਪ੍ਰੇਰਨਾ ਸਰੋਤ ਹਨ। ਮੈਂ ਉਨ੍ਹਾਂ ਵੱਲ ਵੇਖਦਾ ਹਾਂ ਅਤੇ ਹੋਰ ਵੀ ਜ਼ਿਆਦਾ ਸਖ਼ਤ ਮਿਹਨਤ ਕਰਦਾ ਹਾਂ।
ਅਰਨਬ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ, ਮੇਰੇ ਲਈ ਇਹ ਮਾਣ ਵਾਲੀ ਗੱਲ ਹੈ। ਇਸ ਇੰਟਰਵਿਊ ਲਈ ਮੈਂ ਧੰਨਵਾਦੀ ਹਾਂ।
ਪ੍ਰਧਾਨ ਮੰਤਰੀ ਮੋਦੀ: ਤੁਹਾਡਾ ਧੰਨਵਾਦ।
ਅਰਨਬ: ਸਾਡੇ ਸਾਰੇ ਦਰਸ਼ਕਾਂ ਦੀ ਤਰਫ਼ੋਂ ਤੁਹਾਡਾ ਧੰਨਵਾਦ ਕਿ ਤੁਸੀਂ ਇੰਨਾ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦਾ ਨਾਮ ‘ਫ਼ਰੈਂਕਲੀ ਸਪੀਕਿੰਗ’ (ਖੁੱਲ੍ਹੀ ਗੱਲਬਾਤ) ਹੈ ਅਤੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਖੁੱਲ੍ਹ ਕੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ: ਮੇਰੀ ਬੱਸ ਤੁਹਾਨੂੰ ਇਹੋ ਬੇਨਤੀ ਹੈ ਕਿ ਇਸ ਇੰਟਰਵਿਊ ਵਿੱਚੋਂ ਕੋਈ ਵਿਵਾਦ ਪੈਦਾ ਨਾ ਕਰਨਾ, ਸਗੋਂ ਇਸ ਦੀ ਵਰਤੋਂ ਦੇਸ਼ ਦੇ ਲਾਭ ਲਈ ਕਰਨਾ।
ਅਰਨਬ: ਕਿਰਪਾ ਕਰ ਕੇ ਇਸ ਤਰ੍ਹਾਂ ਨਾ ਸੋਚੋ। ਤੁਹਾਡਾ ਬਹੁਤ-ਬਹੁਤ ਧੰਨਵਾਦ।
ਪ੍ਰਧਾਨ ਮੰਤਰੀ ਮੋਦੀ: ਬਹੁਤ ਜ਼ਿਆਦਾ ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ।