Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਕਾਠਮੰਡੂ, ਨੇਪਾਲ ਵਿੱਚ ਰਾਸ਼ਟਰੀ ਸਭਾ ਗ੍ਰਿਹ ਵਿੱਚ ਨਾਗਰਿਕ ਸੁਆਗਤ ਸਮਾਰੋਹ ‘ਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਦਾ ਕਾਠਮੰਡੂ, ਨੇਪਾਲ ਵਿੱਚ ਰਾਸ਼ਟਰੀ ਸਭਾ ਗ੍ਰਿਹ ਵਿੱਚ ਨਾਗਰਿਕ ਸੁਆਗਤ ਸਮਾਰੋਹ  ‘ਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਦਾ ਕਾਠਮੰਡੂ, ਨੇਪਾਲ ਵਿੱਚ ਰਾਸ਼ਟਰੀ ਸਭਾ ਗ੍ਰਿਹ ਵਿੱਚ ਨਾਗਰਿਕ ਸੁਆਗਤ ਸਮਾਰੋਹ  ‘ਤੇ ਸੰਬੋਧਨ ਦਾ ਮੂਲ ਪਾਠ


ਸ਼ਾਕਿਆ (शाक्य) ਜੀ, ਤੁਸੀਂ ਅਤੇ ਤੁਹਾਡੇ ਸਾਥੀਆਂ ਨੇ, ਕਾਠਮੰਡੂ ਦੀ ਮਹਾਨਗਰ ਪਾਲਿਕਾ ਨੇ ਮੇਰੇ ਲਈ ਇਸ ਸੁਆਗਤ ਸਮਾਰੋਹ ਦਾ ਆਯੋਜਨ ਕੀਤਾ ਹੈ। ਮੈਂ ਇਸ ਲਈ ਦਿਲ ਤੋਂ ਤੁਹਾਡਾ ਸਭ ਦਾ ਬਹੁਤ-ਬਹੁਤ ਆਭਾਰੀ ਹਾਂ। ਇਹ ਸਿਰਫ਼ ਮੇਰਾ ਨਹੀਂ ਪੂਰੇ ਭਾਰਤ ਦਾ ਸਨਮਾਨ ਹੈ। ਮੈਂ ਹੀ ਨਹੀਂ, ਸਵਾ ਸੌ ਕਰੋੜ ਭਾਰਤੀ ਵੀ ਧੰਨਵਾਦੀ ਹਨ। ਕਾਠਮੰਡੂ ਨਾਲ ਅਤੇ ਨੇਪਾਲ ਨਾਲ ਹਰ ਭਾਰਤੀ ਦਾ ਇੱਕ ਆਪਣੇਪਣ ਦਾ ਨਾਤਾ ਹੈ ਅਤੇ ਇਹ ਸੁਭਾਗ ਮੈਨੂੰ ਵੀ ਮਿਲਿਆ ਹੈ।

ਜਦੋਂ ਮੈਂ ਰਾਜਨੀਤੀ ਵਿੱਚ ਵੀ ਨਹੀਂ ਸੀ। ਮੈਂ ਜਦੋਂ ਵੀ ਨੇਪਾਲ ਆਉਂਦਾ ਹਾਂ ਤਾਂ ਮੈਨੂੰ ਸ਼ਾਂਤੀ ਅਤੇ ਰੂਹਾਨੀਅਤ ਦੀ ਅਨੁਭੂਤੀ ਹੁੰਦੀ ਹੈ। ਅਤੇ ਇਸਦਾ ਸਭ ਤੋਂ ਵੱਡਾ ਕਾਰਨ ਤੁਹਾਡੇ ਸਾਰਿਆਂ ਦਾ ਪਿਆਰ ਹੈ, ਤੁਹਾਡਾ ਸਨੇਹ, ਤੁਹਾਡਾ ਗਰਮਜੋਸ਼ੀ ਭਰਿਆ ਸੁਆਗਤ, ਸਤਿਕਾਰ ਅਤੇ ਸਨਮਾਨ।

ਕੱਲ੍ਹ ਮੈਂ ਜਨਕਪੁਰ ਵਿੱਚ ਸੀ, ਅੱਜ ਦੇ ਯੁੱਗ ਨੂੰ ਇੱਕ ਬਹੁਤ ਵੱਡਾ ਸੰਦੇਸ਼ ਜਨਕਪੁਰ ਦਿੰਦਾ ਹੈ। ਰਾਜਾ ਜਨਕ ਦੀ ਕੀ ਵਿਸ਼ੇਸ਼ਤਾ ਸੀ। ਉਨ੍ਹਾਂ ਨੇ ਸ਼ਸਤ੍ਰ ਨੂੰ ਤੁੜਵਾ ਦਿੱਤਾ ਅਤੇ ਸਨੇਹ ਨਾਲ ਜੋੜ ਦਿੱਤਾ। ਇਹ ਅਜਿਹੀ ਧਰਤੀ ਹੈ ਜੋ ਸ਼ਸਤ੍ਰ ਨੂੰ ਤੋੜ ਕੇ ਸਨੇਹ ਨਾਲ ਜੋੜਦੀ ਹੈ।

ਸਾਥੀਓ, ਜਦੋਂ ਵੀ ਮੈਂ ਕਾਠਮੰਡੂ ਦੇ ਬਾਰੇ ਸੋਚਦਾ ਹਾਂ ਤਾਂ ਜੋ ਤਸਵੀਰ ਉੱਭਰਦੀ ਹੈ, ਉਹ ਸਿਰਫ਼ ਇੱਕ ਸ਼ਹਿਰ ਦੀ ਨਹੀਂ ਹੈ। ਉਹ ਤਸਵੀਰ ਸਿਰਫ਼ ਇੱਕ ਭੂਗੋਲਿਕ ਘਾਟੀ ਦੀ ਨਹੀਂ ਹੈ। ਕਾਠਮੰਡੂ ਸਾਡੇ ਗੁਆਂਢੀ ਅਤੇ ਨਜ਼ਦੀਕੀ ਮਿੱਤਰ ਨੇਪਾਲ ਦੀ ਰਾਜਧਾਨੀ ਹੀ ਹੈ, ਇੰਨਾ ਹੀ ਨਹੀਂ ਹੈ। ਭਗਵਾਨ ਬੁੱਧ ਦੇ ਜਨਮ ਸਥਾਨ ਦੇ ਦੇਸ਼ ਦੀ ਰਾਜਧਾਨੀ ਹੀ ਨਹੀਂ ਹੈ। ਐਵਰੈਸਟ ਪਰਬਤ ਦੇ ਦੇਸ਼ ਦੀ, ਲਿਲੀ ਗੁਰਾਜ ਦੇ ਦੇਸ਼ ਦੀ ਸਿਰਫ਼ ਰਾਜਧਾਨੀ ਨਹੀਂ ਹੈ। ਕਾਠਮੰਡੂ ਆਪਣੇ ਆਪ ਵਿੱਚ ਇੱਕ ਪੂਰੀ ਦੀ ਪੂਰੀ ਦੁਨੀਆ ਅਤੇ ਇਸ ਦੁਨੀਆ ਦਾ ਇਤਿਹਾਸ ਓਨਾ ਹੀ ਪੁਰਾਣਾ, ਓਨਾ ਹੀ ਸ਼ਾਨਦਾਰ ਅਤੇ ਓਨਾ ਹੀ ਵਿਸ਼ਾਲ ਹੈ ਜਿੰਨਾ ਹਿਮਾਲੀਆ।

ਮੈਨੂੰ ਕਾਠਮੰਡੂ ਨੇ, ਨੇਪਾਨ ਨੇ ਹਮੇਸ਼ਾ ਹੀ ਆਕਰਸ਼ਿਤ ਕੀਤਾ ਹੈ ਕਿਉਂਕਿ ਇਹ ਸ਼ਹਿਰ ਜਿੰਨਾ ਗਹਿਰਾ, ਓਨਾ ਹੀ ਗਤੀਸ਼ੀਲ ਵੀ ਹੈ। ਹਿਮਾਲੀਆ ਦੀ ਗੋਦ ਵਿੱਚ ਵਸਿਆ ਇਹ ਇੱਕ ਅਨਮੋਲ ਰਤਨ ਹੈ। ਕਾਠਮੰਡੂ ਸਿਰਫ਼ ਕਾਸਟ ਯਾਨੀ ਲੱਕੜ ਦਾ ਮੰਡਪ ਨਹੀਂ ਹੈ। ਇਹ ਸਾਡੀ ਸਾਂਝ, ਸੰਸਕ੍ਰਿਤੀ ਅਤੇ ਵਿਰਾਸਤ ਦਾ ਇੱਕ ਪਵਿੱਤਰ ਵਿਸ਼ਾਲ ਮਹਿਲ ਹੈ। ਇਸ ਸ਼ਹਿਰ ਦੀ ਵਿਭਿੰਨਤਾ ਵਿੱਚ ਨੇਪਾਲ ਦੀ ਮਹਾਨ ਵਿਰਾਸਤ ਅਤੇ ਉਸਦੇ ਵੱਡੇ ਦਿਲ ਦੀ ਇੱਕ ਝਲਕ ਮਹਿਸੂਸ ਹੁੰਦੀ ਹੈ। ਨਾਗਾਰਜੁਨ ਦੇ ਜੰਗਲ ਹੋਣ ਜਾਂ ਸ਼ਿਵਪੁਰੀ ਦੀਆਂ ਪਹਾੜੀਆਂ, ਸੈਂਕੜੇ ਝਰਨਿਆਂ ਅਤੇ ਜਲਧਾਰਾਵਾਂ ਦੀ ਸੁਸਤ ਚਾਲ ਹੋਵੇ ਜਾਂ ਫਿਰ ਬਾਗਮਤੀ ਦਾ ਊਦੈ ਹੋਣਾ, ਹਜ਼ਾਰਾਂ ਮੰਦਰਾਂ, ਮੰਜੂਸ਼੍ਰੀ ਦੀਆਂ ਗੁਫਾਵਾਂ ਅਤੇ ਬੌਧ ਵਿਹਾਰਾਂ ਦਾ ਇਹ ਸ਼ਹਿਰ ਦੁਨੀਆ ਵਿੱਚ ਆਪਣੇ ਆਪ ਵਿੱਚ ਅਨੂਠਾ ਹੈ।

ਇਮਾਰਤਾਂ ਦੀ ਛੱਤ ਤੋਂ ਇੱਕ ਤਰਫ਼ ਧੋਲਾਗਿਰੀ ਅਤੇ ਅੰਨਪੂਰਣ ਅਤੇ ਦੂਜੀ ਤਰਫ਼ ਸਾਗਰ ਮੱਥਾ, ਜੋ ਦੁਨੀਆ ਜਿਸ ਨੂੰ ਐਵਰੈਸਟ ਦੇ ਨਾਂ ਨਾਲ ਜਾਣਦੀ ਹੈ ਅਤੇ ਕੰਚਨਗੰਗਾ। ਅਜਿਹੇ ਦਰਸ਼ਨ ਕਿੱਥੇ ਸੰਭਵ ਹਨ, ਜੇਕਰ ਸੰਭਵ ਹਨ ਤਾਂ ਸਿਰਫ਼ ਅਤੇ ਸਿਰਫ਼ ਕਾਠਮੰਡੂ ਹੈ।

ਬਸੰਤਪੁਰ ਦੀ ਤਰ੍ਹਾਂ, ਪਾਟਨ ਦੀ ਪ੍ਰਤਿਸ਼ਠਾ, ਭਰਤਪੁਰ ਦੀ ਸ਼ਾਨ, ਕੀਰਤਪੁਰ ਦੀ ਕਲਾ ਅਤੇ ਲਲਿਤਪੁਰ ਦੀ ਸ਼ਾਨ। ਕਾਠਮੰਡੂ ਨੇ ਆਪਣੇ ਆਪ ਵਿੱਚ ਜਿਸ ਇੰਦਰਧਨੁਸ਼ ਦੇ ਸਾਰੇ ਰੰਗਾਂ ਨੂੰ ਆਪਣੇ ਅੰਦਰ ਸਮੇਟ ਕੇ ਰੱਖਿਆ ਹੈ। ਇੱਥੋਂ ਦੀ ਹਵਾ ਵਿੱਚ ਬਹੁਤ ਸਾਰੀਆਂ ਪਰੰਪਰਾਵਾਂ ਅਜਿਹੀਆਂ ਘੁਲਮਿਲ ਗਈਆਂ ਹਨ ਜਿਵੇਂ ਚੰਦਨ ਵਿੱਚ ਰੌਲੀ। ਪਸ਼ੂਪਤੀਨਾਥ ਵਿੱਚ ਪ੍ਰਾਰਥਨਾ ਅਤੇ ਭਗਤਾਂ ਦੀ ਭੀੜ ਸੈਭੰ ਦੀਆਂ ਪੌੜੀਆਂ ‘ਤੇ ਅਧਿਆਤਮ ਦੀ ਚਹਿਲ ਕਦਮੀ, ਬੌਧ ਵਿੱਚ ਪਰਿਕਰਮਾ ਕਰ ਰਹੇ ਸ਼ਰਧਾਲੂਆਂ ਦੇ ਪਗ ਪਗ ‘ਤੇ ‘ਓਮ ਮਣਿ ਪਦਮੇਹਮ’ ਇਸਦੀ ਗੂੰਜ, ਅਜਿਹਾ ਲੱਗਦਾ ਹੈ ਜਿਵੇਂ ਤਾਰਿਆਂ ‘ਤੇ ਸਰਗਮ ਦੇ ਸਾਰੇ ਸੁਰ ਗਲੇ ਮਿਲੇ ਹਨ।

ਮੈਨੂੰ ਦੱਸਿਆ ਗਿਆ ਹੈ ਕਿ ਕੁਝ ਤਿਓਹਾਰ ਜਿਵੇਂ ਨੇਵਾਰੀ ਭਾਈਚਾਰੇ ਦੇ ਤਿਓਹਾਰ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਬੋਧੀ ਅਤੇ ਹਿੰਦੂ ਮਾਨਤਾਵਾਂ ਅਤੇ ਪ੍ਰਥਾਵਾਂ ਦਾ ਅਦਭੁੱਤ ਸੰਗਮ ਹੈ। ਪਰੰਪਰਾ ਅਤੇ ਸੰਸਕ੍ਰਿਤੀ ਨੇ ਕਾਠਮੰਡੂ ਦੀ ਹਸਤਕਲਾ ਅਤੇ ਕਲਾਕਾਰਾਂ ਨੂੰ ਬੇਜੋੜ ਬਣਾਇਆ ਹੈ। ਚਾਹੇ ਉਹ ਹੱਥ ਨਾਲ ਬਣਿਆ ਕਾਗਜ਼ ਹੋਵੇ ਜਾਂ ਤਾਰਾ ਅਤੇ ਬੁੱਧ ਵਰਗੀਆਂ ਮੂਰਤੀਆਂ, ਭਰਤਪੁਰ ਦੀ ਮਿੱਟੀ ਤੋਂ ਬਣੇ ਬਰਤਨ ਹੋਣ ਜਾਂ ਪਾਟਨ ਵਿੱਚ ਪੱਥਰ, ਲੱਕੜੀ ਅਤੇ ਧਾਤੂ ਦਾ ਕੰਮ ਹੋਵੇ। ਨੇਪਾਲ ਦੀ ਬੇਜੋੜ ਕਲਾ ਅਤੇ ਕਲਾਕਾਰੀ ਦਾ ਇਹ ਮਹਾਕੁੰਭ ਹੈ ਅਤੇ ਮਹਾਕੁੰਭ ਹੈ ਕਾਠਮੰਡੂ ਅਤੇ ਮੈਨੂੰ ਖੁਸ਼ੀ ਹੈ ਕਿ ਇੱਥੋਂ ਦੀ ਨੌਜਵਾਨ ਪੀੜ੍ਹੀ ਇਸ ਪਰੰਪਰਾ ਨੂੰ ਚੰਗੀ ਤਰ੍ਹਾਂ ਨਿਭਾ ਰਹੀ ਹੈ। ਅਤੇ ਉਸ ਵਿੱਚ ਨੌਜਵਾਨਾਂ ਦੇ ਅਨੁਕੂਲ ਪਰਿਵਰਤਨ ਕਰਕੇ ਕੁਝ ਨਵਾਂਪਣ ਵੀ ਮਿਲਾ ਰਹੀ ਹੈ।

ਸਾਥੀਓ, ਨੇਪਾਲ ਦੀਆਂ ਮੇਰੀਆਂ ਹੁਣ ਤੱਕ ਦੀਆਂ ਦੋ ਯਾਤਰਾਵਾਂ ਵਿੱਚ ਮੈਨੂੰ ਪਸ਼ੂਪਤੀਨਾਥ ਦੇ ਦਰਸ਼ਨ ਦਾ ਸੁਭਾਗ ਮਿਲਿਆ ਸੀ। ਇਸ ਯਾਤਰਾ ਵਿੱਚ ਮੈਨੂੰ ਭਗਵਾਨ ਪਸ਼ੂਪਤੀਨਾਥ ਤੋਂ ਇਲਾਵਾ ਪਵਿੱਤਰ ਜਨਕਪੁਰ ਧਾਮ ਅਤੇ ਮੁਕਤੀਨਾਥ ਤਿੰਨਾਂ ਪਵਿੱਤਰ ਤੀਰਥ ਸਥਾਨਾਂ ‘ਤੇ ਜਾਣ ਦਾ ਅਵਸਰ ਮਿਲਿਆ। ਇਹ ਤਿੰਨੇ ਸਥਾਨ ਸਿਰਫ਼ ਮਹੱਤਵਪੂਰਨ ਤੀਰਥ ਸਥਾਨ ਹੀ ਨਹੀਂ ਹਨ। ਇਹ ਭਾਰਤ ਅਤੇ ਨੇਪਾਲ ਦੇ ਅਡਿੱਗ ਅਤੇ ਅਟੁੱਟ ਸਬੰਧਾਂ ਦਾ ਹਿਮਾਲਾ ਹਨ। ਅੱਗੇ ਜਦੋਂ ਵੀ ਨੇਪਾਲ ਯਾਤਰਾ ਦਾ ਅਵਸਰ ਬਣੇਗਾ ਮੈਂ ਸਮਾਂ ਕੱਢਕੇ ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬਿਨੀ ਜਾਣ ਦਾ ਪ੍ਰੋਗਰਾਮ ਵੀ ਜ਼ਰੂਰ ਬਣਾਵਾਂਗਾ।

ਸਾਥੀਓ, ਸ਼ਾਂਤੀ, ਪ੍ਰਕਿਰਤੀ ਨਾਲ ਸੰਤੁਲਨ ਅਤੇ ਅਧਿਆਤਮਕ ਜੀਵਨ ਦੀਆਂ ਕਦਰਾਂ ਕੀਮਤਾਂ ਵਿੱਚ ਸੰਪੂਰਨ ਸਾਡੇ ਦੋਹਾਂ ਦੇਸ਼ਾਂ ਦੀਆਂ ਕਦਰਾਂ ਕੀਮਤਾਂ ਦੀ ਪ੍ਰਣਾਲੀ (value system) ਇਹ ਪੂਰੀ ਮਨੁੱਖੀ ਜਾਤੀ ਦੀ, ਪੂਰੇ ਵਿਸ਼ਵ ਦੀ ਇੱਕ ਅਨਮੋਲ ਧਰੋਹਰ ਹੈ। ਅਤੇ ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੂਰੀ ਦੁਨੀਆ ਦੇ ਲੋਕ ਸ਼ਾਂਤੀ ਦੀ ਖੋਜ ਵਿੱਚ ਭਾਰਤ ਅਤੇ ਨੇਪਾਲ ਦੀ ਤਰਫ਼ ਖਿੱਚੇ ਚਲੇ ਆਉਂਦੇ ਹਨ।

ਕੋਈ ਬਨਾਰਸ ਜਾਂਦਾ ਹੈ ਤਾਂ ਕੋਈ ਬੋਧਗਯਾ, ਕੋਈ ਹਿਮਾਲੀਆ ਦੀ ਗੋਦ ਵਿੱਚ ਜਾ ਕੇ ਰਹਿੰਦਾ ਹੈ ਤਾਂ ਕੋਈ ਬੁੱਧ ਦੇ ਵਿਹਾਰਾਂ ਵਿੱਚ, ਸਾਧਨਾ ਇੱਕ ਹੀ ਹੈ ਖੋਜ ਇੱਕ ਹੀ ਹੈ। ਆਧੁਨਿਕ ਜੀਵਨ ਦੀਆਂ ਬੇਚੈਨੀਆਂ ਦਾ ਸਮਾਧਾਨ ਭਾਰਤ ਅਤੇ ਨੇਪਾਲ ਦੀਆਂ  ਸਾਂਝੀਆਂ ਕਦਰਾਂ ਕੀਮਤਾਂ  ਵਿੱਚ ਮਿਲੇਗਾ।

ਸਾਥੀਓ, ਬਾਗਮਤੀ ਦੇ ਤੱਟ ‘ਤੇ ਕਾਠਮੰਡੂ ਵਿੱਚ ਪਸ਼ੁਪਤੀਨਾਥ ਅਤੇ ਗੰਗਾ ਦੇ ਤੱਟ ‘ਤੇ ਕਾਸ਼ੀ ਵਿਸ਼ਵਨਾਥ। ਬੁੱਧ ਦਾ ਜਨਮ ਸਥਾਨ ਲੁੰਬਿਨੀ, ਤਪ ਸਥਾਨ ਬੋਧਗਯਾ ਅਤੇ ਸੰਦੇਸ਼ ਖੇਤਰ ਸਾਰਨਾਥ।

ਸਾਥੀਓ, ਅਸੀਂ ਸਾਰੇ ਹਜ਼ਾਰਾਂ ਸਾਲਾਂ ਦੀ ਸਾਂਝੀ ਵਿਰਾਸਤ ਦੇ ਧਨੀ ਹਾਂ। ਸਾਡੀ ਇਹ ਸਾਂਝੀ ਵਿਰਾਸਤ ਦੋਹਾਂ ਦੇਸ਼ਾਂ ਦੀ ਨੌਜਵਾਨ ਪੀੜ੍ਹੀ ਦੀ ਸੰਪਤੀ ਹੈ, ਇਸ ਵਿੱਚ ਉਨ੍ਹਾਂ ਦੇ ਅਤੀਤ ਦੀਆਂ ਜੜ੍ਹਾਂ, ਵਰਤਮਾਨ ਦੇ ਬੀਜ ਅਤੇ ਭਵਿੱਖ ਦੇ ਅੰਕੁਰ ਹਨ।

ਸਾਥੀਓ, ਪੂਰੇ ਭਾਰਤ ਵਿੱਚ ਅੱਜ ਅਨੇਕ ਪ੍ਰਕਾਰ ਦੇ ਪਰਿਵਰਤਨਾਂ ਦਾ ਦੌਰ ਚਲ ਰਿਹਾ ਹੈ। ਵਿਸ਼ਵ ਵਾਤਾਵਰਨ ਅਨੇਕ ਅਸਥਿਰਤਾਵਾਂ ਅਤੇ ਅਨਿਸ਼ਚਤਾਵਾਂ ਨਾਲ ਭਰਿਆ ਪਿਆ ਹੈ।

ਸਾਥੀਓ, ਹਜ਼ਾਰਾਂ ਸਾਲ ਤੋਂ ‘ਵਸੂਧੈਵ ਕੁਟੰਬਕਮ’ ਯਾਨੀ ਸਾਰਾ ਵਿਸ਼ਵ ਇੱਕ ਪਰਿਵਾਰ ਹੈ। ਇਹ ਭਾਰਤ ਦਾ ਦਰਸ਼ਨ ਰਿਹਾ ਹੈ। ‘ਸਬਕਾ ਸਾਥ ਸਬਕਾ ਵਿਕਾਸ’ ਅਸੀਂ ਆਪਣੇ ਵਿਦੇਸ਼ ਸਹਿਯੋਗ ‘ਤੇ ਵੀ ਓਨੀ ਹੀ ਪਵਿੱਤਰਤਾ ਨਾਲ ਅੱਗੇ ਵਧ ਰਹੇ ਹਾਂ। ਭਾਰਤੀ ਸ਼ਾਸਤਰਾਂ ਵਿੱਚ ਪ੍ਰਾਰਥਨਾ ਹੈ ‘ਸਰਵੇ ਭਵਨਤੁ ਸੁਖਿਨ: ਸਰਵੇ ਸਨਤੁ ਨਿਰਾਮਯਾ:। ਸਰਵੇ ਭਦਰਾਣਿ ਪਸ਼ੂਯਨਤੁ ਮਾ ਕਸ਼ਿਰਚਤ ਦੁਖ ਭਾਗਵਵੇਤ…’ (सर्वे भवन्‍तु सुखिन: सर्वे सन्‍तु निरामया:। सर्वे भद्राणि पश्‍यन्‍तु मा कश्चित् दुःख भाग्भवेत्.. ) ਯਾਨੀ ਸਭ ਪ੍ਰਸੰਨ ਹੋਣ, ਸਭ ਸਵੱਸਥ ਹੋਣ, ਸਭ ਦਾ ਕਲਿਆਣ ਹੋਵੇ, ਕਿਸੇ ਨੂੰ ਦੁਖ ਨਾ ਮਿਲੇ, ਭਾਰਤ ਦੇ ਮੁਨੀਆਂ ਨੇ ਹਮੇਸ਼ਾ ਤੋਂ ਇਹੀ ਸੁਪਨਾ ਦੇਖਿਆ ਹੈ। ਇਸ ਆਦਰਸ਼ ਨੂੰ ਪ੍ਰਾਪਤ ਕਰਨ ਲਈ ਸਾਡੀ ਵਿਦੇਸ਼ ਨੀਤੀ ਸਭ ਨੂੰ ਨਾਲ ਲੈ ਕੇ ਚਲਣ ‘ਤੇ ਅਧਾਰਿਤ ਹੈ। ਖ਼ਾਸ ਤੌਰ ‘ਤੇ ਗੁਆਂਢ ਵਿੱਚ ਭਾਰਤ ਦੇ ਅਨੁਭਵ ਅਤੇ ਭਾਰਤ ਦੇ ਅਵਸਰਾਂ ਨੂੰ ਸਾਂਝਾ ਕਰਦੇ ਹਾਂ। ਗੁਆਂਢ ਪਹਿਲਾਂ (neighborhood first), ਸਾਡੀ ਸੰਸਕ੍ਰਿਤੀ ਵਿੱਚ ਸਿਰਫ਼ ਵਿਦੇਸ਼ ਨੀਤੀ ਹੀ ਨਹੀਂ, ਜੀਵਨ ਸ਼ੈਲੀ ਹੈ। ਬਹੁਤ ਸਾਰੇ ਉਦਾਹਰਨ ਹਨ ਸਵੈ ਵਿਕਾਸਸ਼ੀਲ ਹੁੰਦੇ ਹੋਏ ਵੀ ਭਾਰਤ 50 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (Indian Technical and Economic Corporation) ਪ੍ਰੋਗਰਾਮ ਤਹਿਤ 160 ਤੋਂ ਜ਼ਿਆਦਾ ਦੇਸ਼ਾਂ ਵਿੱਚ ਸਮਰੱਥਾ ਨਿਰਮਾਣ (Capacity Building) ਲਈ ਸਹਿਯੋਗ ਅਤੇ ਉਨ੍ਹਾਂ ਦੇਸ਼ਾਂ ਦੀ ਜ਼ਰੂਰਤ ਅਨੁਸਾਰ ਸਹਿਯੋਗ ਅਸੀਂ ਕਰਦੇ ਆਏ ਹਾਂ।

ਪਿਛਲੇ ਸਾਲ ਭਾਰਤ ਨੇ ਇੱਕ ਸਾਊਥ ਏਸ਼ੀਆ ਉਪਗ੍ਰਹਿ ਛੱਡਿਆ, ਇਸ ਨਾਲ ਸਾਡੀਆਂ ਪੁਲਾੜ ਸਮਰੱਥਾਵਾਂ ਦੇ ਚੰਗੇ ਨਤੀਜੇ ਸਾਡੇ ਗੁਆਂਢੀ ਦੇਸ਼ਾਂ ਨੂੰ ਉਪਹਾਰ ਸਵਰੂਪ ਉਪਲੱਬਧ ਹੋ ਰਹੇ ਹਨ। ਅਤੇ ਇਸੇ ਸਭਾ ਮੰਚ ਵਿੱਚ ਜਦੋਂ ਸਾਰਕ ਸਮਿਟ ਲਈ ਮੈਂ ਆਇਆ ਸੀ ਤਾਂ ਮੈਂ ਇਸੇ ਮੰਚ ਤੋਂ ਇਸ ਗੱਲ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਅਸੀਂ ਇਸ ਗੱਲ ‘ਤੇ ਵੀ ਧਿਆਨ ਦੇ ਰਹੇ ਹਾਂ ਕਿ ਦੁਨੀਆ ਦੇ ਸਾਹਮਣੇ ਜੋ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਨਾਲ ਕੋਈ ਵੀ ਦੇਸ਼ ਇਕੱਲਾ ਨਹੀਂ ਨਿਪਟ ਸਕਦਾ। ਉਨ੍ਹਾਂ ਦਾ ਸਾਹਮਣਾ ਕਰਨ ਲਈ ਅਸੀਂ ਕਿਸ ਪ੍ਰਕਾਰ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਵਿਕਾਸ ਕਰੀਏ। ਉਦਾਹਰਨ ਦੇ ਤੌਰ ‘ਤੇ 2016 ਵਿੱਚ ਭਾਰਤ ਅਤੇ ਫਰਾਂਸ ਨੇ ਮਿਲਕੇ ਜਲਵਾਯੂ ਤਬਦੀਲੀ (Climate Change) ਦੇ ਸੰਦਰਭ ਵਿੱਚ ਇੱਕ ਅੰਤਰਰਾਸ਼ਟਰੀ ਸੰਧੀ ਅਧਾਰਿਤ ਸੰਗਠਨ  (Treaty based Organization) ਦੀ ਕਲਪਨਾ ਕੀਤੀ। ਇਹ ਕ੍ਰਾਂਤੀਕਾਰੀ ਕਦਮ ਹੁਣ ਇੱਕ ਸਫ਼ਲ ਪ੍ਰਯੋਗ ਵਿੱਚ ਬਦਲ ਗਿਆ ਹੈ।

ਇਸ ਸਾਲ ਮਾਰਚ ਵਿੱਚ ਫਰਾਂਸ ਦੇ ਰਾਸ਼ਟਰਪਤੀ ਸ਼੍ਰੀਮਾਨ ਮੈਕਰੋ ਅਤੇ ਲਗਪਗ 50 ਹੋਰ ਦੇਸ਼ਾਂ ਦੇ ਨੇਤਾਵਾਂ ਨੇ ਦਿੱਲੀ ਵਿੱਚ ਇਸ ਅੰਤਰ ਰਾਸ਼ਟਰੀ ਸੂਰਜੀ ਗੱਠਜੋੜ (International Solar Alliance) ਦੇ ਪਹਿਲੇ ਸ਼ਿਖਰ ਸੰਮਲੇਨ ਵਿੱਚ ਭਾਗ ਲਿਆ। ਅਜਿਹੀਆਂ ਕੋਸ਼ਿਸ਼ਾਂ ਵਿੱਚ ਜਲਵਾਯੂ ਤਬਦੀਲੀ (Climate Change) ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਟੈਕਨੋਲੋਜੀਕਲ (Technological) ਅਤੇ ਆਰਥਿਕ ਸਾਂਝੇਦਾਰੀਆਂ ਵਿਕਸਤ ਕਰਨ ਵਿੱਚ ਛੋਟੇ ਵਿਕਾਸਸ਼ੀਲ ਦੇਸ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮੈਨੂੰ ਵਿਸ਼ਵਾਸ ਹੈ, ਬਹੁਤ ਵੱਡੀ ਮਦਦ ਮਿਲੇਗੀ।

ਸਾਥੀਓ, ਜਦੋਂ ਭਾਰਤੀ ਨੇਪਾਲ ਦੀ ਤਰਫ਼ ਦੇਖਦੇ ਹਨ ਤਾਂ ਸਾਨੂੰ ਨੇਪਾਲ ਨੂੰ ਦੇਖ ਕੇ, ਇੱਥੋਂ ਦੇ ਮਾਹੌਲ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਨੇਪਾਲ ਵਿੱਚ ਮਾਹੌਲ ਹੈ ਆਸ਼ਾ ਦਾ, ਉੱਜਵਲ ਭਵਿੱਖ ਦੀ ਕਾਮਨਾ ਦਾ, ਲੋਕਤੰਤਰ ਦੀ ਮਜ਼ਬੂਤੀ ਦਾ ਅਤੇ ਖੁਸ਼ਹਾਲ ਨੇਪਾਲ, ਸੁਖੀ ਨੇਪਾਲੀ ਦੇ ਵਿਜ਼ਨ ਦਾ-ਅਤੇ ਇਸ ਮਾਹੌਲ ਨੂੰ ਬਣਾਉਣ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ।

2015 ਦੇ ਭੂਚਾਲ ਦੀ ਭਿਅੰਕਰ ਤ੍ਰਾਸਦੀ ਦੇ ਬਾਅਦ ਨੇਪਾਲ ਅਤੇ ਵਿਸ਼ੇਸ਼ ਰੂਪ ਵਿੱਚ ਕਾਠਮੰਡੂ ਦੇ ਲੋਕਾਂ ਨੇ ਜਿਸ ਸਬਰ ਅਤੇ ਬੇਮਿਸਾਲ ਸਾਹਸ ਦਾ ਸਬੂਤ ਦਿੱਤਾ ਹੈ, ਉਹ ਪੂਰੇ ਵਿਸ਼ਵ ਵਿੱਚ ਇੱਕ ਮਿਸਾਲ ਹੈ। ਇਹ ਤੁਹਾਡੇ ਸਮਾਜ ਦੀ ਦ੍ਰਿੜ ਨਿਸ਼ਠਾ ਅਤੇ ਸਖ਼ਤ ਮਿਹਨਤ ਦਾ ਪ੍ਰਮਾਣ ਹੈ ਕਿ ਇੰਨੇ ਘੱਟ ਸਮੇਂ ਵਿੱਚ ਆਫ਼ਤ ਨਾਲ ਨਿਪਟਦੇ ਹੋਏ ਵੀ ਨੇਪਾਲ ਵਿੱਚ ਇੱਕ ਨਵੀਂ ਵਿਵਸਥਾ ਦਾ ਨਿਰਮਾਣ ਹੋਇਆ ਹੈ। ਭੂਚਾਲ ਦੇ ਬਾਅਦ ਸਿਰਫ਼ ਇਮਾਰਤਾਂ ਦਾ ਹੀ ਨਹੀਂ, ਦੇਸ਼ ਅਤੇ ਸਮਾਜ ਦਾ ਵੀ ਇੱਕ ਪ੍ਰਕਾਰ ਨਾਲ ਪੁਨਰ ਨਿਰਮਾਣ ਹੋਇਆ ਹੈ। ਅੱਜ ਨੇਪਾਲ ਵਿੱਚ ਸੰਘੀ, ਸੂਬਾਈ  (Federal, Provincial) ਅਤੇ ਸਥਾਨਕ (local) ਤਿੰਨਾਂ ਪੱਧਰਾਂ ‘ਤੇ ਲੋਕਤੰਤਰੀ ਸਰਕਾਰਾਂ ਹਨ। ਅਤੇ ਤਿੰਨਾਂ ਪੱਧਰਾਂ ਦੀਆਂ ਚੋਣਾਂ ਇੱਕ ਸਾਲ ਦੇ ਅੰਦਰ ਅੰਦਰ ਸਫਲਤਾ ਪੂਰਵਕ ਆਯੋਜਿਤ ਕੀਤੀਆਂ ਗਈਆਂ ਹਨ। ਇਹ ਸ਼ਕਤੀ ਤੁਹਾਡੇ ਸਭ ਦੇ ਅੰਦਰ ਮੌਜੂਦ ਹੈ ਅਤੇ ਇਸ ਲਈ ਮੈਂ ਤੁਹਾਡਾ ਸਭ ਦਾ ਦਿਲ ਤੋਂ ਬਹੁਤ ਬਹੁਤ ਅਭਿਨੰਦਨ ਕਰਦਾ ਹਾਂ।

ਸਾਥੀਓ, ਨੇਪਾਲ ਨੇ ਯੁੱਧ ਤੋਂ ਬੁੱਧ ਦਾ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ। ਬੁਲੇਟ ਦਾ ਬੋਲਬਾਲਾ ਸੀ। ਬੁਲੇਟ ਨੂੰ ਛੱਡ ਕੇ ਬੈਲੇਟ ਦੇ ਰਸਤੇ ਨੂੰ ਚੁਣਿਆ ਹੈ। ਯੁੱਧ ਤੋਂ ਬੁੱਧ ਦੀ ਇਹ ਯਾਤਰਾ ਹੈ, ਪਰ ਮੰਜ਼ਿਲ ਅਜੇ ਹੋਰ ਦੂਰ ਹੈ, ਬਹੁਤ ਅੱਗੇ ਤੱਕ ਜਾਣਾ ਹੈ। ਇੱਕ ਪ੍ਰਕਾਰ ਨਾਲ ਕਹਾਂ ਤਾਂ ਹੁਣ ਅਸੀਂ ਮਾਊਂਟ ਐਵਰੈਸਟ ਦੇ ਬੇਸਕੈਂਪ ਪਹੁੰਚ ਗਏ ਹਾਂ, ਪਰ ਸਿਖਰ ਦੀ ਚੜ੍ਹਾਈ ਅਜੇ ਸਾਨੂੰ ਤੈਅ ਕਰਨੀ ਹੈ ਅਤੇ ਜਿਸ ਪ੍ਰਕਾਰ ਪਰਵਤ ਆਰੋਹੀਆਂ ਨੂੰ ਨੇਪਾਲ ਦੇ ਸ਼ੇਰਪਾਓ ਦਾ ਮਜ਼ਬੂਤ ਸਾਥ ਅਤੇ ਸਮਰਥਨ ਮਿਲਦਾ ਹੈ, ਉਸੇ ਪ੍ਰਕਾਰ ਨੇਪਾਲ ਦੀ ਇਸ ਵਿਕਾਸ ਯਾਤਰਾ ਵਿੱਚ ਭਾਰਤ ਤੁਹਾਡੇ ਲਈ ਸ਼ੇਰਪਾ ਦਾ ਕੰਮ ਕਰਨ ਲਈ ਤਿਆਰ ਹੈ।

ਪਿਛਲੇ ਮਹੀਨੇ ਪ੍ਰਧਾਨ ਮੰਤਰੀ ਸ਼੍ਰੀਮਾਨ ਓਲੀ ਜੀ ਦੀ ਭਾਰਤ ਯਾਤਰਾ ਵਿੱਚ, ਅਤੇ ਕੱਲ੍ਹ ਅਤੇ ਅੱਜ ਦੀ ਮੇਰੀ ਨੇਪਾਲ ਯਾਤਰਾ ਵਿੱਚ ਮੇਰਾ ਇਹੀ ਸੰਦੇਸ਼ ਹੈ ਕਿ ਆਪਣੀ ਇਹੀ ਭਾਵਨਾ, ਮੈਂ ਵੱਖ-ਵੱਖ ਸ਼ਬਦਾਂ ਵਿੱਚ ਪ੍ਰਗਟ ਕੀਤੀ ਹੈ। ਨੇਪਾਲ ਆਪਣੀਆਂ ਲੋੜਾਂ ਅਤੇ ਤਰਜੀਹਾਂ ਅਨੁਸਾਰ ਅੱਗੇ ਵਧੇ। ਇਹ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ। ਨੇਪਾਲ ਆਪਣੀਆਂ ਹੋਰ ਤਰਜੀਹਾਂ ਅਤੇ ਆਪਣੀਆਂ ਲੋੜਾਂ ਅਨੁਸਾਰ ਅੱਗੇ ਵਧੇ। ਤੁਹਾਡੀ ਸਫਲਤਾ ਲਈ ਭਾਰਤ ਹਮੇਸ਼ਾ ਨੇਪਾਲ ਦੇ  ਮੋਢੇ ਨਾਲ ਮੋਢਾ ਮਿਲਾ ਕੇ ਚੱਲੇਗਾ। ਤੁਹਾਡੀ ਸਫ਼ਲਤਾ ਵਿੱਚ ਹੀ ਭਾਰਤ ਦੀ ਸਫਲਤਾ ਹੈ। ਨੇਪਾਲ ਦੀ ਖੁਸ਼ੀ ਵਿੱਚ ਹੀ ਭਾਰਤ ਦੀ ਖੁਸ਼ੀ ਹੈ।

ਕੰਮ ਚਾਹੇ ਉਹ ਰੇਲਵੇ ਲਾਈਨ ਦਾ ਹੋਵੇ ਜਾਂ ਸੜਕ ਨਿਰਮਾਣ ਦਾ ਹੋਵੇ, ਹਾਈਡਰੋ ਪਾਵਰ ਦਾ ਹੋਵੇ ਜਾਂ ਟਰਾਂਸਮਿਸ਼ਨ ਲਾਈਨਜ਼ ਦਾ ਹੋਵੇ, ਇੰਟੀਗਰੇਟਿਡ ਚੈੱਕ ਪੋਸਟ ਦਾ ਹੋਵੇ ਜਾਂ ਆਇਲ ਪਾਈਪ ਲਾਈਨ ਦਾ ਹੋਵੇ ਜਾਂ ਫਿਰ ਭਾਰਤ ਅਤੇ ਨੇਪਾਲ ਦੇ ਸੰਸਕ੍ਰਿਤਕ ਅਤੇ ਲੋਕਾਂ ਦੇ ਵਿਚਕਾਰ ਲੋਕਾਂ ਦੇ ਲੋਕਾਂ ਨਾਲ (People to people) ਮਜ਼ਬੂਤ ਸਬੰਧਾਂ ਨੂੰ ਹੋਰ ਵੀ ਤਾਕਤ ਦੇਣ ਦਾ ਕੰਮ ਹੋਵੇ। ਤੁਹਾਡੀ ਹਰ ਲੋੜ ਵਿੱਚ ਅਸੀਂ ਨਾਲ ਚਲ ਰਹੇ ਹਾਂ ਅਤੇ ਅੱਗੇ ਵੀ ਚਲਦੇ ਰਹਾਂਗੇ। ਅਸੀਂ ਕਾਠਮੰਡੂ ਨੂੰ ਭਾਰਤ ਨਾਲ ਰੇਲ ਰਾਹੀਂ ਜੋੜਨ ਦੇ ਪ੍ਰਾਜੈਕਟ ਦੇ ਡੀਪੀਆਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਹੁਣ ਤਾਂ ਸ਼ਾਇਦ ਇੱਥੇ ਨੇਪਾਲ ਵਿੱਚ ਕਿੰਨੀ ਇਸਦੀ ਚਰਚਾ ਹੈ, ਮੈਨੂੰ ਪਤਾ ਨਹੀਂ ਹੈ। ਇਨ੍ਹਾਂ ਦਿਨਾਂ ਵਿੱਚ ਭਾਰਤ ਵਿੱਚ ਆਈਪੀਐੱਲ (IPL) ਦੇ ਕ੍ਰਿਕਟ ਮੈਚ ਚਲ ਰਹੇ ਹਨ। ਅਤੇ ਨੇਪਾਲ ਵੀ ਹੁਣ ਆਈਪੀਐੱਲ  (IPL) ਨਾਲ ਜੁੜ ਗਿਆ ਹੈ।

ਇਸ ਯਾਤਰਾ ਵਿੱਚ ਹਾਲ ਹੀ ਦੀਆਂ ਬਹੁਤ ਸਾਰੀਆਂ ਪਹਿਲਾਂ ਤੋਂ ਤੁਸੀਂ ਜਾਣੂ ਹੋ। ਮੈਨੂੰ ਦੱਸਿਆ ਗਿਆ ਹੈ ਕਿ ਪਹਿਲੀ ਵਾਰ ਨੇਪਾਲ ਦਾ ਇੱਕ ਨੌਜਵਾਨ ਖਿਡਾਰੀ ਸੰਦੀਪ ਲਮੀਛਾਨੇ ਆਈਪੀਐੱਲ (IPL) ਵਿੱਚ ਭਾਗ ਲੈ ਰਿਹਾ ਹੈ। ਮੈਂ ਆਸ਼ਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ਹੀ ਨਹੀਂ ਹੋਰ ਖੇਡਾਂ ਰਾਹੀਂ ਵੀ ਸਾਡੇ ਲੋਕਾਂ ਦੇ ਲੋਕਾਂ ਨਾਲ (People to people) ਸਬੰਧ ਮਜ਼ਬੂਤ ਹੁੰਦੇ ਰਹਿਣਗੇ।

ਸਾਥੀਓ, ਇਨ੍ਹਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਕਾਠਮੰਡੂ ਦੇ ਮੇਅਰ ਸ਼੍ਰੀਮਾਨ ਸ਼ਾਕਿਆ(शाक्य) ਜੀ ਦਾ, ਕਾਠਮੰਡੂ ਐਡਮਿਨਿਸ਼ਟ੍ਰੇਸ਼ਨ ਦਾ, ਨੇਪਾਲ ਦੀ ਸਰਕਾਰ ਦਾ, ਸਤਿਕਾਰਯੋਗ ਮੁੱਖ ਮੰਤਰੀ ਜੀ ਦਾ, ਵਿਦੇਸ਼ ਮੰਤਰੀ ਜੀ ਦਾ ਅਤੇ ਤੁਹਾਡਾ ਸਾਰਿਆਂ ਦਾ ਦਿਲ ਤੋਂ ਆਭਾਰ ਪ੍ਰਗਟ ਕਰਦਾ ਹਾਂ। ਅਤੇ ਦਿਲ ਦਾ ਇਹੀ ਭਾਵ ਹੈ ਜੋ ਤੁਹਾਡੇ ਦਿਲਾਂ ਵਿੱਚ ਹੈ, ਉਹੀ ਮੇਰੇ ਦਿਲ ਵਿੱਚ ਹੈ ਜੋ ਹਰ ਨੇਪਾਲੀ ਦੇ ਦਿਲ ਵਿੱਚ ਹੈ, ਉਹੀ ਹਰ ਹਿੰਦੁਸਤਾਨੀ ਦੇ ਦਿਲ ਵਿੱਚ ਹੈ ਅਤੇ ਉਹ ਇਹੀ ਹੈ……..

ਨੇਪਾਲ ਭਾਰਤ ਮੈਤਰੀ ਅਮਰ ਰਹੋਸ……

ਨੇਪਾਲ ਭਾਰਤ ਮੈਤਰੀ ਅਮਰ ਰਹੋਸ……

ਨੇਪਾਲ ਭਾਰਤ ਮੈਤਰੀ ਅਮਰ ਰਹੋਸ……

ਬਹੁਤ ਬਹੁਤ ਧੰਨਵਾਦ।

************

ਅਤੁਲ ਤਿਵਾਰੀ, ਕੰਚਨ  ਪਤਿਅਲ, ਮਮਤਾ