Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਤੇ ਦੱਖਣੀ ਅਫ਼ਰੀਕਾ ਗਣਰਾਜ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫ਼ਰੀਕਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸਾਇਰਿਲ ਰਾਮਾਫ਼ੋਸਾ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ।

ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਕਾਰਨ ਘਰੇਲੂ, ਖੇਤਰੀ ਤੇ ਵਿਸ਼ਵ ਪੱਧਰ ’ਤੇ ਪੈਦਾ ਹੋਈਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਪੋ–ਆਪਣੀ ਜਨਤਾ ਦੀ ਸਿਹਤ ਦੀ ਰਾਖੀ ਤੇ ਅਜਿਹੇ ਹਾਲਾਤ ਦੇ ਆਰਥਿਕ ਅਸਰ ਘਟਾਉਣ ਲਈ ਆਪਣੀਆਂ ਸਰਕਾਰਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਯਕੀਨ ਦਿਵਾਇਆ ਕਿ ਭਾਰਤ ਇਸ ਚੁਣੌਤੀਪੂਰਨ ਸਮੇਂ ਦੌਰਾਨ ਜ਼ਰੂਰੀ ਦਵਾਈਆਂ ਦੀਆਂ ਸਪਲਾਈਜ਼ ਨੂੰ ਯਕੀਨੀ ਬਣਾਉਣ ਲਈ ਦੱਖਣੀ ਅਫ਼ਰੀਕਾ ਦੀ ਹਰ ਸੰਭਵ ਮਦਦ ਕਰੇਗਾ।

ਪ੍ਰਧਾਨ ਮੰਤਰੀ ਨੇ ਮੌਜੂਦਾ ਮਹਾਮਾਰੀ ਦੇ ਜਵਾਬ ਵਿੱਚ ਅਫ਼ਰੀਕਨ ਯੂਨੀਅਨ ਦੇ ਮੁਖੀ ਦੀ ਮੌਜੂਦਾ ਹੈਸੀਅਤ ਨਾਲ ਮਹਾਦੀਪਾਂ ਨਾਲ ਕੀਤੇ ਜਾ ਰਹੇ ਤਾਲਮੇਲ ਲਈ ਰਾਸ਼ਟਰਪਤੀ ਰਾਮਾਫ਼ੋਸਾ ਵੱਲੋਂ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ।

ਭਾਰਤ ਤੇ ਅਫ਼ਰੀਕਾ ਦਰਮਿਆਨ ਸਦੀਆਂ ਪੁਰਾਣੇ ਦੋਸਤਾਨਾ ਸਬੰਧਾਂ ਅਤੇ ਲੋਕਾਂ ਦਰਮਿਆਨ ਹੋਣ ਵਾਲੇ ਵਟਾਂਦਰਿਆਂ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਵਾਇਰਸ ਵਿਰੁੱਧ ਸਾਂਝੇ ਅਫ਼ਰੀਕਨ ਯਤਨ ਨੂੰ ਭਾਰਤ ਦੀ ਮੁਕੰਮਲ ਹਿਮਾਇਤ ਦੇਣ ਦੀ ਗੱਲ ਆਖੀ।

***

ਵੀਆਰਆਰਕੇ/ਏਕੇ