ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਅਤੇ ਹੋਰ ਭਲਾਈ ਯੋਜਨਾਵਾਂ ਆਦਿ ਸਮੇਤ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੇ ਤਹਿਤ ਮੌਜੂਦਾ ਰੂਪ ਵਿੱਚ ਫੋਰਟੀਫਾਈਡ ਚੌਲਾਂ ਦੀ ਵਿਆਪਕ ਸਪਲਾਈ ਨੂੰ ਜੁਲਾਈ 2024 ਤੋਂ ਦਸੰਬਰ 2028 ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੀਐੱਮਜੀਕੇਏਵਾਈ (ਖੁਰਾਕ ਸਬਸਿਡੀ) ਦੇ ਹਿੱਸੇ ਵਜੋਂ ਭਾਰਤ ਸਰਕਾਰ ਦੁਆਰਾ 100 ਪ੍ਰਤੀਸ਼ਤ ਫੰਡਿੰਗ ਦੇ ਨਾਲ ਚੌਲਾਂ ਨੂੰ ਪੋਸ਼ਣ ਭਰਪੂਰ ਬਣਾਉਣ ਦੀ ਪਹਿਲਕਦਮੀ ਕੇਂਦਰੀ ਸੈਕਟਰ ਪਹਿਲਕਦਮੀ ਵਜੋਂ ਜਾਰੀ ਰਹੇਗੀ। ਇਸ ਨੂੰ ਲਾਗੂ ਕਰਨ ਲਈ ਇੱਕ ਏਕੀਕ੍ਰਿਤ ਸੰਸਥਾਗਤ ਵਿਧੀ ਪ੍ਰਦਾਨ ਕੀਤੀ ਜਾਵੇਗੀ।
ਦੇਸ਼ ਵਿੱਚ ਪੋਸ਼ਣ ਸੁਰੱਖਿਆ ਦੀ ਲੋੜ ‘ਤੇ 75ਵੇਂ ਸੁਤੰਤਰਤਾ ਦਿਵਸ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅਨੁਸਾਰ, “ਦੇਸ਼ ਵਿੱਚ ਅਨੀਮੀਆ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਦੂਰ ਕਰਨ ਲਈ ਟੀਚਾਗਤ ਜਨਤਕ ਵੰਡ ਪ੍ਰਣਾਲੀ (ਟੀਪੀਡੀਐੱਸ), ਹੋਰ ਕਲਿਆਣਕਾਰੀ ਯੋਜਨਾਵਾਂ, ਏਕੀਕ੍ਰਿਤ ਬਾਲ ਵਿਕਾਸ ਸੇਵਾ (ਆਈਸੀਡੀਐੱਸ) ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀਜ਼) ਵਿੱਚ “ਪੀਐੱਮ ਪੋਸ਼ਣ (ਪਿਛਲੀ ਐੱਮਡੀਐੱਮ) ਦੁਆਰਾ ਪੌਸ਼ਟਿਕ ਚੌਲਾਂ ਦੀ ਸਪਲਾਈ” ਪਹਿਲਕਦਮੀ ਸ਼ੁਰੂ ਕੀਤੀ ਗਈ। ਅਪ੍ਰੈਲ 2022 ਵਿੱਚ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਈਏ) ਨੇ ਮਾਰਚ 2024 ਤੱਕ ਪੜਾਅਵਾਰ ਢੰਗ ਨਾਲ ਦੇਸ਼ ਭਰ ਵਿੱਚ ਪੌਸ਼ਟਿਕ ਚੌਲ ਉਪਲਬਧ ਕਰਾਉਣ ਦੀ ਪਹਿਲਕਦਮੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ। ਹੁਣ ਤੱਕ ਸਾਰੇ ਤਿੰਨ ਪੜਾਅ ਸਫਲਤਾਪੂਰਵਕ ਪੂਰੇ ਹੋ ਚੁੱਕੇ ਹਨ ਅਤੇ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਵਿੱਚ ਪੌਸ਼ਟਿਕ ਚੌਲਾਂ ਦੀ ਸਪਲਾਈ ਲਈ ਵਿਆਪਕ ਕਵਰੇਜ ਦਾ ਟੀਚਾ ਮਾਰਚ 2024 ਤੱਕ ਪ੍ਰਾਪਤ ਕਰ ਲਿਆ ਗਿਆ ਹੈ।
2019 ਅਤੇ 2021 ਦਰਮਿਆਨ ਕਰਵਾਏ ਗਏ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ-5) ਦੇ ਅਨੁਸਾਰ, ਭਾਰਤ ਵਿੱਚ ਅਨੀਮੀਆ ਅਜੇ ਵੀ ਇੱਕ ਵਿਆਪਕ ਸਿਹਤ ਸਮੱਸਿਆ ਹੈ, ਜੋ ਕਿ ਵੱਖ–ਵੱਖ ਉਮਰ ਸਮੂਹਾਂ ਅਤੇ ਆਮਦਨੀ ਪੱਧਰਾਂ ਵਿੱਚ ਬੱਚਿਆਂ, ਮਹਿਲਾਵਾਂ ਅਤੇ ਪੁਰਸ਼ਾਂ ਨੂੰ ਪ੍ਰਭਾਵਿਤ ਕਰਦੀ ਹੈ। ਆਇਰਨ ਦੀ ਘਾਟ ਤੋਂ ਇਲਾਵਾ, ਵਿਟਾਮਿਨ ਬੀ 12 ਅਤੇ ਫੋਲਿਕ ਐਸਿਡ ਵਰਗੇ ਹੋਰ ਵਿਟਾਮਿਨਾਂ ਅਤੇ ਖਣਿਜਾਂ ਦੀ ਘਾਟ ਦੇਸ਼ ਦੀ ਆਬਾਦੀ ਦੀ ਸਮੁੱਚੀ ਸਿਹਤ ਅਤੇ ਉਤਪਾਦਕਤਾ ਨੂੰ ਪ੍ਰਭਾਵਤ ਕਰਦੀ ਹੈ।
ਭੋਜਨ ਪਦਾਰਥਾਂ ਨੂੰ ਪੋਸ਼ਣ ਭਰਪੂਰ ਬਣਾਉਣ ਦੀ ਪ੍ਰਕਿਰਿਆ ਨੂੰ ਦੁਨੀਆ ਭਰ ਦੇ ਲੋਕਾਂ ਵਿੱਚ ਅਨੀਮੀਆ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਦੂਰ ਕਰਨ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਢੰਗ ਵਜੋਂ ਵਰਤਿਆ ਗਿਆ ਹੈ। ਭਾਰਤੀ ਸੰਦਰਭ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਸਪਲਾਈ ਲਈ ਚੌਲ ਇੱਕ ਆਦਰਸ਼ ਸਾਧਨ ਹੈ ਕਿਉਂਕਿ ਦੇਸ਼ ਦੀ 65 ਪ੍ਰਤੀਸ਼ਤ ਆਬਾਦੀ ਮੁੱਖ ਭੋਜਨ ਵਜੋਂ ਚੌਲਾਂ ਦੀ ਵਰਤੋਂ ਕਰਦੀ ਹੈ। ਚੌਲਾਂ ਨੂੰ ਪੋਸ਼ਣ ਭਰਪੂਰ ਬਣਾਉਣ ਵਿੱਚ ਐੱਫਐੱਸਐੱਸਏਆਈ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਨਿਯਮਤ ਚੌਲਾਂ (ਕਸਟਮ ਮਿਲ ਕੀਤੇ ਚੌਲਾਂ) ਵਿੱਚ ਸੂਖਮ ਪੌਸ਼ਟਿਕ ਤੱਤਾਂ (ਆਇਰਨ, ਫੋਲਿਕ ਐਸਿਡ, ਵਿਟਾਮਿਨ ਬੀ 12) ਨਾਲ ਭਰਪੂਰ ਪੌਸ਼ਟਿਕ ਹਿੱਸੇ (ਰਾਈਸ ਕਰਨੇਲ) ਨੂੰ ਸ਼ਾਮਲ ਕੀਤਾ ਜਾਂਦਾ ਹੈ।
****
ਐੱਮਜੇਪੀਐੱਸ/ਬੀਐੱਮ/ਐੱਸਕੇਐੱਸ