Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਮਹਾਰਾਸ਼ਟਰ ਜਾਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 16 ਫਰਵਰੀ, 2019 ਨੂੰ ਮਹਾਰਾਸ਼ਟਰ ਦੇ ਯਵਤਮਾਲ ਅਤੇ ਧੁਲੇ ਦੇ ਦੌਰੇ ‘ਤੇ ਜਾਣਗੇ। ਉਹ ਰਾਜ ਵਿੱਚ ਕਈ ਪ੍ਰੋਜੈਕਟਾਂ ਤੋਂ ਪਰਦਾ ਹਟਾਉਣਗੇ।

ਯਵਤਮਾਲ

ਪ੍ਰਧਾਨ ਮੰਤਰੀ ਕੱਲ੍ਹ ਨਾਂਦੇੜ ਵਿੱਚ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਦਾ ਉਦਘਾਟਨ ਕਰਨਗੇ। ਆਧੁਨਿਕ ਸੁਵਿਧਾਵਾਂ ਨਾਲ ਸੰਪੰਨ ਇਸ ਸਕੂਲ ਦੀ ਕੁੱਲ ਸਮਰੱਥਾ 420 ਵਿਦਿਆਰਥੀ ਰੱਖਣ ਦੀ ਹੈ। ਇਸ ਨਾਲ ਜਨਜਾਤੀ ਵਿਦਿਆਰਥੀਆਂ ਵਿੱਚ ਸਿੱਖਿਆ ਦਾ ਪੱਧਰ ਸੁਧਾਰਨ ਵਿੱਚ ਮਦਦ ਮਿਲੇਗੀ ਅਤੇ ਇਹ ਉਨ੍ਹਾਂ ਦੀ ਸੰਪੂਰਨ ਪ੍ਰਗਤੀ ਅਤੇ ਵਿਅਕਤਿਤਵ ਵਿਕਾਸ ਦਾ ਮਾਹੌਲ ਉਪਲੱਬਧ ਕਰਾਵੇਗਾ। ਪ੍ਰਧਾਨ ਮੰਤਰੀ ਕੱਲ੍ਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਮਕਾਨਾਂ ਦੀਆਂ ਚਾਬੀਆਂ ਈ-ਗ੍ਰਿਹ ਪ੍ਰਵੇਸ਼ ਲਈ ਚੋਣਵੇਂ ਲਾਭਾਰਥੀਆਂ ਨੂੰ ਸੌਂਪਣਗੇ।

ਪ੍ਰਧਾਨ ਮੰਤਰੀ ਵੀਡੀਓ ਲਿੰਕ ਜ਼ਰੀਏ ਅਜਨੀ (ਨਾਗਪੁਰ) –ਪੁਣੇ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇਸ ਟ੍ਰੇਨ ਵਿੱਚ 3 – ਟੀਅਰ ਏਅਰ ਕੰਡੀਸ਼ਨਡ ਕੋਚ ਹੋਣਗੇ ਅਤੇ ਇਹ ਨਾਗਪੁਰ ਅਤੇ ਪੁਣੇ ਦਰਮਿਆਨ ਯਾਤਰੀ ਸੇਵਾ ਉਪਲੱਬਧ ਕਰਾਵੇਗੀ। ਪ੍ਰਧਾਨ ਮੰਤਰੀ ਬਟਨ ਦਬਾ ਕੇ ਕੇਂਦਰੀ ਸੜਕ ਫੰਡ (ਸੀਆਰਐੱਫ) ਤਹਿਤ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਮਹਾਰਾਸ਼ਟਰ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਮਐੱਸਆਰਐੱਲਐੱਮ) ਤਹਿਤ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਪ੍ਰਮਾਣ ਪੱਤਰ / ਚੈੱਕ ਦੇਣਗੇ। ਵਿੱਤੀ ਸਮਾਵੇਸ਼ਨ ਦੇ ਉਦੇਸ਼ ਨਾਲ ਐੱਮਐੱਸਆਰਐੱਲਐੱਮ ਸਮਾਜਕ ਬਦਲਾਅ ਦਾ ਕੰਮ ਕਰਦਾ ਹੈ ਜਿਸ ਨਾਲ ਘਰ – ਘਰ ਵਿੱਤੀ ਸੇਵਾਵਾਂ ਜ਼ਰੀਏ ਖੇਤੀਬਾੜੀ ਅਤੇ ਗ਼ੈਰ – ਖੇਤੀਬਾੜੀ ਆਜੀਵਿਕਾ ਦੇ ਮੌਕੇ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲਦੀ ਹੈ।

ਧੁਲੇ

ਪ੍ਰਧਾਨ ਮੰਤਰੀ ਯਵਤਮਾਲ ਦੇ ਬਾਅਦ ਕੱਲ੍ਹ ਧੁਲੇ ਪਹੁੰਚਣਗੇ ਜਿੱਥੇ ਉਹ ਪੀਐੱਮਕੇਐੱਸਵੀ ਦੇ ਤਹਿਤ ਲੋਅਰ ਪੰਜ਼ਾਰਾ ਮੀਡੀਅਮ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਹ ਪ੍ਰੋਜੈਕਟ 2016-17 ਵਿੱਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ) ਵਿੱਚ ਸ਼ਾਮਲ ਕੀਤਾ ਗਿਆ ਸੀ । ਇਸ ਦੀ ਕੁੱਲ ਜਲ ਭੰਡਾਰਨ ਸਮਰੱਥਾ 109.31 ਐੱਮਕੁਮ (MCum) ਹੈ ਜਿਸ ਦੇ ਨਾਲ ਧੁਲੇ ਜ਼ਿਲ੍ਹੇ ਵਿੱਚ 21 ਪਿੰਡਾਂ ਦੀ 7, 585 ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀ ਸੁਵਿਧਾ ਮਿਲ ਸਕੇਗੀ।

ਪ੍ਰਧਾਨ ਮੰਤਰੀ ਸੁਲਵਾੜੇ ਜਾਮਫਲ ਕਨੋਲੀ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ। ਇਸ ਯੋਜਨਾ ਤਹਿਤ 124 ਦਿਨਾਂ ਦੇ ਮਾਨਸੂਨ ਮੌਸਮ ਵਿੱਚ ਤਾਪੀ ਨਦੀ ਤੋਂ ਹੜ੍ਹ ਦੇ 9.24 ਟੀਐੱਮਸੀ ਪਾਣੀ ਨੂੰ ਹਟਾਇਆ ਜਾ ਸਕੇਗਾ । ਇਸ ਤੋਂ ਧੁਲੇ ਜ਼ਿਲ੍ਹੇ ਵਿੱਚ ਲਗਭਗ 100 ਪਿੰਡਾਂ ਦੀ 33,367 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਣ ਦਾ ਅਨੁਮਾਨ ਹੈ ।

ਪ੍ਰਧਾਨ ਮੰਤਰੀ ਅਮਰੁਤ ਯੋਜਨਾ ਤਹਿਤ ਧੁਲੇ ਸ਼ਹਿਰ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ। ਇਹ ਇੰਡਸਟ੍ਰੀਅਲ ਅਤੇ ਕਮਰਸ਼ੀਅਲ ਵਿਕਾਸ ਲਈ ਜਲ ਦੀ ਉਪਲਬੱਧਤਾ ਸੁਨਿਸ਼ਚਿਤ ਕਰੇਗੀ।

ਪ੍ਰਧਾਨ ਮੰਤਰੀ ਧੁਲੇ-ਨਰਦਾਨਾ ਰੇਲ ਮਾਰਗ ਅਤੇ ਜਲਗਾਓਂ- ਮਨਮਾੜ ਤੀਜੇ ਰੇਲ ਮਾਰਗ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਵੀਡੀਓ ਲਿੰਕ ਰਾਹੀਂ ਭੁਸਾਵਲ- ਬਾਂਦ੍ਰਾ ਖੰਦੇਸ਼ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਰਾਤ ਨੂੰ ਚਲਣ ਵਾਲੀ ਇਹ ਟ੍ਰੇਨ, ਮੁੰਬਈ-ਭੁਸਾਵਲ ਨੂੰ ਡਾਇਰੈਕਟ ਜੋੜੇਗੀ। ਇਹ ਟ੍ਰੇਨ ਹਫ਼ਤੇ ਵਿੱਚ ਤਿੰਨ ਦਿਨ ਚਲੇਗੀ।

ਪ੍ਰਧਾਨ ਮੰਤਰੀ ਜਲਗਾਂਓ-ਉਢਾਨਾ ਦੋਹਰੀਕਰਨ ਅਤੇ ਬਿਜਲੀਕਰਨ ਰੇਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਤੋਂ ਯਾਤਰੀਆਂ ਅਤੇ ਸਮਾਨ ਦੀ ਢੋਆ-ਢੁਆਈ ਦੀ ਸਮਰੱਥਾ ਵਧੇਗੀ। ਇਹ ਨੰਦੁਰਬਾਰ, ਵਯਾਰਾ, ਧਰਨਗਾਓਂ ਅਤੇ ਇਸ ਸੈਕਸ਼ਨ ਦੇ ਹੋਰ ਸਥਾਨਾਂ ਦੇ ਵਿਕਾਸ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਵੇਗਾ।

******

ਏਕੇਟੀ/ਏਕੇ/ਵੀਜੇ