Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅਤੇ ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ਉੱਤੇ ਗੱਲਬਾਤ ਹੋਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਮਹਾਮਹਿਮ ਰੌਡ੍ਰਿਗੋ ਦੁਤੇਰਤੇ (His Excellency Rodrigo Duterte) ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ ਅਤੇ ਦੋਵੇਂ ਸਰਕਾਰਾਂ ਵੱਲੋਂ ਕੋਵਿਡ–19 ਦੀ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਹੱਲ ਲਈ ਚੁੱਕੇ ਕਦਮਾਂ ਬਾਰੇ ਚਰਚਾ ਕੀਤੀ।

ਦੋਹਾਂ ਆਗੂਆਂ ਨੇ ਇਸ ਵੇਲੇ ਚਲ ਰਹੇ ਸਿਹਤ–ਸੰਕਟ ਦੌਰਾਨ ਇੱਕ–ਦੂਜੇ ਦੇ ਦੇਸ਼ ਵਿੱਚ ਆਪੋ–ਆਪਣੇ ਨਾਗਰਿਕਾਂ ਦੀ ਭਲਾਈ ਅਤੇ ਉਨ੍ਹਾਂ ਦੀ ਘਰ–ਵਾਪਸੀ ਯਕੀਨੀ ਬਣਾਉਣ ਲਈ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਨੇ ਫ਼ਿਲੀਪੀਨਜ਼ ਨੂੰ ਜ਼ਰੂਰੀ ਫ਼ਾਰਮਾਸਿਊਟੀਕਲ ਉਤਪਾਦਾਂ ਦੀ ਸਪਲਾਈ ਬਕਰਾਰ ਰੱਖਣ ਲਈ ਭਾਰਤ ਵੱਲੋਂ ਚੁੱਕੇ ਕਦਮਾਂ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੁਤੇਰਤੇ ਨੂੰ ਮਹਾਮਾਰੀ ਵਿਰੁੱਧ ਆਪਣੀ ਲੜਾਈ ਵਿੱਚ ਫ਼ਿਲੀਪੀਨਜ਼ ਨੂੰ ਮਦਦ ਲਈ ਭਾਰਤ ਦੀ ਪ੍ਰਤੀਬੱਧਤਾ ਪ੍ਰਗਟਾਈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਕੋਲ ਸਸਤੇ ਫ਼ਾਰਮਾਸਿਊਟੀਕਲ ਉਤਪਾਦਾਂ ਦੇ ਨਿਰਮਾਣ ਦੀ ਬਹੁਤ ਵਧੀਆ ਸਮਰੱਥਾ ਹੈ ਅਤੇ ਇਸ ਦੇ ਨਾਲ ਹੀ ਇੱਕ ਅੰਤਿਮ ਵੈਕਸੀਨ ਦੀ ਖੋਜ ਵੀ ਕੀਤੀ ਜਾ ਰਹੀ ਹੈ ਤੇ ਜਦੋਂ ਇਹ ਤਿਆਰ ਹੋ ਗਈ, ਤਾਂ ਇਹ ਸਮੁੱਚੀ ਮਾਨਵਤਾ ਦੇ ਭਲੇ ਲਈ ਮੁਹੱਈਆ ਕਰਵਾਈ ਜਾਵੇਗੀ।

ਦੋਹਾਂ ਆਗੂਆਂ ਨੇ ਰੱਖਿਆ ਸਹਿਯੋਗ ਸਮੇਤ ਦੁਵੱਲੇ ਸਬੰਧਾਂ ਦੇ ਸਾਰੇ ਪੱਖਾਂ ਵਿੱਚ ਪਿਛਲੇ ਸਾਲਾਂ ਦੌਰਾਨ ਹੋਈ ਪ੍ਰਗਤੀ ਉੱਤੇ ਆਪਣੀ ਤਸੱਲੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਫ਼ਿਲੀਪੀਨਜ਼ ਨੂੰ ਭਾਰਤ ਹਿੰਦ–ਪ੍ਰਸ਼ਾਂਤ ਖੇਤਰ ਦਾ ਇੱਕ ਅਹਿਮ ਭਾਈਵਾਲ ਮੰਨਦਾ ਹੈ।

ਪ੍ਰਧਾਨ ਮੰਤਰੀ ਨੇ ਫ਼ਿਲੀਪੀਨਜ਼ ਦੇ ਆਉਣ ਵਾਲੇ ਰਾਸ਼ਟਰੀ ਦਿਵਸ ਲਈ ਮਹਾਮਹਿਮ ਰਾਸ਼ਟਰਪਤੀ ਦੁਤੇਰਤੇ ਅਤੇ ਫ਼ਿਲੀਪੀਨਜ਼ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਵੀਆਰਆਰਕੇ/ਕੇਪੀ