Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅਤੇ ਮੌਜ਼ੰਬੀਕ ਦੇ ਰਾਸ਼ਟਰਪਤੀ ਮਹਾਮਹਿਮ ਫ਼ਿਲਿਪ ਜੈਕਿੰਤੋ ਨਯੂਸੀ ਵਿਚਾਲੇ ਟੈਲੀਫ਼ੋਨ ਉੱਤੇ ਗੱਲਬਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੌਜ਼ੰਬੀਕ ਦੇ ਰਾਸ਼ਟਰਪਤੀ ਮਹਾਮਹਿਮ ਫ਼ਿਲਿਪ ਜੈਕਿੰਤੋ ਨਯੂਸੀ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ।

ਦੋਵੇਂ ਆਗੂਆਂ ਨੇ ਨਿਰੰਤਰ ਚਲ ਰਹੀ ਕੋਵਿਡ–19 ਦੀ ਮਹਾਮਾਰੀ ਕਾਰਨ ਦੋਵੇਂ ਦੇਸ਼ਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸਿਹਤ ਸੰਕਟ ਦੌਰਾਨ ਜ਼ਰੂਰੀ ਦਵਾਈਆਂ ਤੇ ਉਪਕਰਣਾਂ ਦੇ ਇੰਤਜ਼ਾਮ ਕਰਨ ਸਮੇਤ ਮੌਜ਼ੰਬੀਕ ਦੇ ਯਤਨਾਂ ਵਿੱਚ ਮਦਦ ਕਰਨ ਦੀ ਭਾਰਤ ਦੀ ਇੱਛਾ ਪ੍ਰਗਟਾਈ। ਰਾਸ਼ਟਰਪਤੀ ਨਯੂਸੀ ਨੇ ਸਿਹਤ–ਸੰਭਾਲ ਅਤੇ ਫ਼ਾਰਮਾਸਿਊਟੀਕਲ ਸਪਲਾਈਜ਼ ਦੇ ਖੇਤਰ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਨੇੜਲੇ ਸਹਿਯੋਗ ਦੀ ਸ਼ਲਾਘਾ ਕੀਤੀ।

ਦੋਵੇਂ ਆਗੂਆਂ ਨੇ ਮੌਜ਼ੰਬੀਕ ਵਿੱਚ ਭਾਰਤੀ ਨਿਵੇਸ਼ਾਂ ਤੇ ਵਿਕਾਸ ਪ੍ਰੋਜੈਕਟਾਂ ਸਮੇਤ ਹੋਰ ਅਹਿਮ ਵਿਸ਼ਿਆਂ ਉੱਤੇ ਵਿਚਾਰ–ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਮੌਜ਼ੰਬੀਕ ਨੂੰ ਸਮੁੱਚੇ ਅਫ਼ਰੀਕਾ ਨਾਲ ਭਾਰਤ ਦੀ ਭਾਈਵਾਲੀ ਦਾ ਇੱਕ ਅਹਿਮ ਥੰਮ੍ਹ ਕਰਾਰ ਦਿੰਦਿਆਂ ਕਿਹਾ ਕਿ ਮੌਜ਼ੰਬੀਕ ਦੇ ਕੋਲਾ ਤੇ ਕੁਦਰਤੀ ਗੈਸ ਖੇਤਰਾਂ ਵਿੱਚ ਭਾਰਤੀ ਕੰਪਨੀਆਂ ਵੱਲੋਂ ਵੱਡੀਆਂ ਪ੍ਰਤੀਬੱਧਤਾਵਾਂ ਕੀਤੀਆਂ ਗਈਆਂ ਹਨ।

ਦੋਵੇਂ ਆਗੂਆਂ ਨੇ ਰੱਖਿਆ ਅਤੇ ਸੁਰੱਖਿਆ ਖੇਤਰਾਂ ਵਿੱਚ ਵਧਦੇ ਦੁਵੱਲੇ ਸਹਿਯੋਗ ਉੱਤੇ ਤਸੱਲੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਉੱਤਰੀ ਮੌਜ਼ੰਬੀਕ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਬਾਰੇ ਰਾਸ਼ਟਰਪਤੀ ਨਯੂਸੀ ਦੀ ਚਿੰਤਾ ਸਾਂਝੀ ਕਰਦਿਆਂ ਮੌਜ਼ੰਬੀਕ ਪੁਲਿਸ ਤੇ ਸੁਰੱਖਿਆ ਬਲਾਂ ਦੇ ਸਮਰੱਥਾ–ਨਿਰਮਾਣ ਸਮੇਤ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ।

ਮੌਜ਼ੰਬੀਕ ਵਿੱਚ ਭਾਰਤੀਆਂ ਤੇ ਭਾਰਤੀ ਮੂਲ ਦੇ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮੌਜ਼ੰਬੀਕ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਧੰਨਵਾਦ ਕੀਤਾ।

ਦੋਵੇਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਦੋਵੇਂ ਦੇਸ਼ਾਂ ਦੇ ਅਧਿਕਾਰੀ ਮੌਜੂਦਾ ਮਹਾਮਾਰੀ ਦੌਰਾਨ ਸਹਿਯੋਗ ਤੇ ਮਦਦ ਦੇ ਅਗਲੇ ਰਾਹਾਂ ਦੀ ਭਾਲ ਕਰਨ ਲਈ ਇੱਕ–ਦੂਜੇ ਦੇ ਸੰਪਰਕ ਵਿੱਚ ਰਹਿਣਗੇ।

ਵੀਆਰਆਰਕੇ/ਕੇਪੀ