ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਤਰ ਦੇ ਅਮੀਰ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਹੈ।
ਦੋਹਾਂ ਨੇਤਾਵਾਂ ਨੇ ਕੋਵਿਡ -19 ਆਲਮੀ ਮਹਾਮਾਰੀ ਅਤੇ ਇਸ ਦੇ ਸਮਾਜਿਕ ਤੇ ਆਰਥਿਕ ਪ੍ਰਭਾਵ ਨਾਲ ਸਬੰਧਿਤ ਮੌਜੂਦਾ ਘਟਨਾਕ੍ਰਮਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਆਪਣੇ – ਆਪਣੇ ਦੇਸ਼ਾਂ ਵਿੱਚ ਕੀਤੇ ਗਏ ਉਪਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨੇ ਮਹਾਮਹਿਮ ਅਮੀਰ ਨੂੰ ਹਾਲ ਵਿੱਚ ਸਾਰਕ ਦੇਸ਼ਾਂ ਦਰਮਿਆਨ ਹੋਈ ਖੇਤਰੀ ਪਹਿਲ ਦੀ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ, ਦਿਨ `ਚ ਪਹਿਲਾਂ ਹੋਏ, ਜੀ -20 ਦੇਸ਼ਾਂ ਦੇ ਨੇਤਾਵਾਂ ਦੇ ਵਰਚੁਅਲ ਸਮਿਟ ਯਾਨੀ ਵੀਡੀਓ ਕਾਨਫਰੰਸ ਜ਼ਰੀਏ ਸਿਖਰ ਸੰਮੇਲਨ ਬਾਰੇ ਵੀ ਦੱਸਿਆ।
ਦੋਹਾਂ ਨੇਤਾਵਾਂ ਨੇ ਉਮੀਦ ਪ੍ਰਗਟਾਈ ਕਿ ਇਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਸਾਰੇ ਪ੍ਰਭਾਵਿਤ ਦੇਸ਼ਾਂ ਦੁਆਰਾ ਕੀਤੇ ਜਾ ਰਹੇ ਯਤਨਾਂ ਅਤੇ ਉਪਾਵਾਂ ਦੇ ਛੇਤੀ ਸਕਾਰਾਤਮਕ ਨਤੀਜੇ ਦਿਖਣਗੇ। ਉਨ੍ਹਾਂ ਨੇ ਇਸ ਆਲਮੀ ਮਹਾਮਾਰੀ ਦੇ ਖ਼ਿਲਾਫ਼ ਜੰਗ ਵਿੱਚ ਅੰਤਰਰਾਸ਼ਟਰੀ ਇਕਜੁੱਟਤਾ ਅਤੇ ਸੂਚਨਾ ਸਾਂਝੀ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦਾ ਕਤਰ ਵਿੱਚ ਰਹਿਣ ਅਤੇ ਉੱਥੇ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਭਲਾਈ ਉੱਤੇ ਵਿਸ਼ੇਸ਼ ਰੂਪ ਨਾਲ ਵਰਤਮਾਨ ਸਥਿਤੀ ਵਿੱਚ ਵਿਅਕਤੀਗਤ ਤੌਰ ‘ਤੇ ਧਿਆਨ ਦੇਣ ਲਈ ਧੰਨਵਾਦ ਕੀਤਾ। ਮਹਾਮਹਿਮ ਅਮੀਰ ਨੇ ਪ੍ਰਧਾਨ ਮੰਤਰੀ ਨੂੰ ਕਤਰ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਪ੍ਰਵਾਸੀਆਂ ਦੀ ਸੁਰੱਖਿਆ ਅਤੇ ਭਲਾਈ ਬਾਰੇ ਭਰੋਸਾ ਦਿੱਤਾ।
ਪ੍ਰਧਾਨ ਮੰਤਰੀ ਅਤੇ ਮਹਾਮਹਿਮ ਅਮੀਰ ਨੇ ਉੱਭਰਦੀ ਸਥਿਤੀ ਬਾਰੇ ਰੈਗੂਲਰ ਸੰਪਰਕ ਅਤੇ ਸਲਾਹ-ਮਸ਼ਵਰੇ ਨੂੰ ਬਣਾਈ ਰੱਖਣ ਲਈ ਸਹਿਮਤੀ ਪ੍ਰਗਟਾਈ ।
***
ਵੀਆਰਆਰਕੇ/ਏਕੇ