Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

“ਪੋਰਟ ਬਲੇਅਰ ਦਾ ਨਵਾਂ ਟਰਮੀਨਲ ਭਵਨ ਈਜ਼ ਆਫ ਟ੍ਰੈਵਲ, ਈਜ਼ ਆਫ ਡੂਇੰਗ ਬਿਜ਼ਨਸ ਅਤੇ ਕੁਨੈਕਟੀਵਿਟੀ ਨੂੰ ਵਧਾਏਗਾ”

“ਪੋਰਟ ਬਲੇਅਰ ਦਾ ਨਵਾਂ ਟਰਮੀਨਲ ਭਵਨ ਈਜ਼ ਆਫ ਟ੍ਰੈਵਲ, ਈਜ਼ ਆਫ ਡੂਇੰਗ ਬਿਜ਼ਨਸ ਅਤੇ ਕੁਨੈਕਟੀਵਿਟੀ ਨੂੰ ਵਧਾਏਗਾ”


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੋਰਟ ਬਲੇਅਰ ਦੇ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਲਗਭਗ 710 ਕਰੋੜ ਰੁਪਏ ਦੀ ਲਾਗਤ ਨਾਲ, ਨਵੀਂ ਟਰਮੀਨਲ ਇਮਾਰਤ ਸਾਲਾਨਾ ਲਗਭਗ 50 ਲੱਖ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੈ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਅੱਜ ਦਾ ਪ੍ਰੋਗਰਾਮ ਪੋਰਟ ਬਲੇਅਰ ਵਿੱਚ ਹੋ ਰਿਹਾ ਹੈ, ਪਰ ਪੂਰਾ ਦੇਸ਼ ਕੇਂਦਰ ਸ਼ਾਸਤ ਪ੍ਰਦੇਸ਼ ਵੱਲ ਉਤਸੁਕਤਾ ਨਾਲ ਦੇਖ ਰਿਹਾ ਹੈ, ਕਿਉਂਕਿ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਯਾਤਰੀ ਸੰਭਾਲ ਸਮਰੱਥਾ ਵਧਾਉਣ ਦੀ ਮੰਗ ਪੂਰੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਵੀ ਇਸ ਮੌਕੇ ‘ਤੇ ਮੌਜੂਦ ਰਹਿਣ ਦੀ ਇੱਛਾ ਪ੍ਰਗਟਾਈ ਕਿਉਂਕਿ ਉਹ ਖੁਸ਼ਹਾਲ ਮਾਹੌਲ ਅਤੇ ਨਾਗਰਿਕਾਂ ਦੇ ਖੁਸ਼ ਚਿਹਰਿਆਂ ਦਾ ਅਨੁਭਵ ਕਰ ਸਕਦੇ। ਉਨ੍ਹਾਂ ਅੱਗੇ ਕਿਹਾ, “ਅੰਡੇਮਾਨ ਜਾਣ ਚਾਹਵਾਨਾਂ ਨੇ ਵੀ ਜ਼ਿਆਦਾ ਸਮਰੱਥਾ ਵਾਲੇ ਹਵਾਈ ਅੱਡੇ ਦੀ ਮੰਗ ਕੀਤੀ ਸੀ।”

ਪੋਰਟ ਬਲੇਅਰ ਵਿਖੇ ਹਵਾਈ ਅੱਡੇ ਦੀਆਂ ਸਹੂਲਤਾਂ ਦੇ ਵਿਸਤਾਰ ਦੀ ਇੱਛਾ ‘ਤੇ ਅੱਗੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਮੌਜੂਦਾ ਟਰਮੀਨਲ ਵਿੱਚ 4000 ਸੈਲਾਨੀਆਂ ਨੂੰ ਸੰਭਾਲਣ ਦੀ ਸਮਰੱਥਾ ਸੀ ਅਤੇ ਨਵੇਂ ਟਰਮੀਨਲ ਵਿੱਚ ਇਹ ਗਿਣਤੀ 11,000 ਤੱਕ ਪਹੁੰਚ ਗਈ ਹੈ ਅਤੇ ਹੁਣ ਹਵਾਈ ਅੱਡੇ ‘ਤੇ ਕਿਸੇ ਵੀ ਸਮੇਂ 10 ਜਹਾਜ਼ ਖੜ੍ਹੇ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਵਧੇਰੇ ਉਡਾਣਾਂ ਅਤੇ ਟੂਰਿਸਟ, ਖੇਤਰ ਵਿੱਚ ਜ਼ਿਆਦਾ ਰੋਜ਼ਗਾਰ ਲਿਆਉਣਗੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਪੋਰਟ ਬਲੇਅਰ ਦਾ ਨਵਾਂ ਟਰਮੀਨਲ ਭਵਨ ਈਜ਼ ਆਫ ਟ੍ਰੈਵਲ, ਈਜ਼ ਆਫ ਡੂਇੰਗ ਬਿਜ਼ਨਸ ਅਤੇ ਕੁਨੈਕਟੀਵਿਟੀ ਨੂੰ ਵਧਾਏਗਾ।”

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਲੰਬੇ ਸਮੇਂ ਤੋਂ ਵਿਕਾਸ ਦਾ ਦਾਇਰਾ ਵੱਡੇ ਸ਼ਹਿਰਾਂ ਤੱਕ ਸੀਮਤ ਰਿਹਾ ਹੈ।”ਉਨ੍ਹਾਂ ਉਜਾਗਰ ਕੀਤਾ ਕਿ ਦੇਸ਼ ਦੇ ਆਦਿਵਾਸੀ ਅਤੇ ਟਾਪੂ ਖੇਤਰ ਲੰਬੇ ਸਮੇਂ ਤੋਂ ਵਿਕਾਸ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਮੌਜੂਦਾ ਸਰਕਾਰ ਨੇ ਪੂਰੀ ਸੰਜੀਦਗੀ ਨਾਲ ਨਾ ਸਿਰਫ਼ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਸੁਧਾਰਿਆ ਹੈ, ਬਲਕਿ ਨਵਾਂ ਸਿਸਟਮ ਵੀ ਲਿਆਂਦਾ ਹੈ। “ਭਾਰਤ ਵਿੱਚ ਸਮਾਵੇਸ਼ ਦੇ ਵਿਕਾਸ ਦਾ ਇੱਕ ਨਵਾਂ ਮਾਡਲ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਡਲ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਦਾ ਇਹ ਮਾਡਲ ਬਹੁਤ ਵਿਆਪਕ ਹੈ ਅਤੇ ਇਸ ਵਿੱਚ ਹਰ ਖੇਤਰ ਅਤੇ ਸਮਾਜ ਦੇ ਹਰ ਵਰਗ ਦਾ ਵਿਕਾਸ ਅਤੇ ਜੀਵਨ ਦੇ ਹਰ ਪਹਿਲੂ ਜਿਵੇਂ ਕਿ ਸਿੱਖਿਆ, ਸਿਹਤ ਅਤੇ ਕੁਨੈਕਟੀਵਿਟੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਅੰਡੇਮਾਨ ਵਿੱਚ ਵਿਕਾਸ ਦੀ ਨਵੀਂ ਗਾਥਾ ਲਿਖੀ ਗਈ ਹੈ। ਪਿਛਲੀ ਸਰਕਾਰ ਦੇ 9 ਸਾਲਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਨੂੰ 23,000 ਕਰੋੜ ਰੁਪਏ ਦਾ ਬਜਟ ਮਿਲਿਆ ਸੀ, ਜਦਕਿ ਮੌਜੂਦਾ ਸਰਕਾਰ ਦੇ ਪਿਛਲੇ 9 ਸਾਲਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਲਈ ਲਗਭਗ 48,000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਇਸੇ ਤਰ੍ਹਾਂ ਪਿਛਲੀ ਸਰਕਾਰ ਦੇ 9 ਸਾਲਾਂ ਦੌਰਾਨ 28,000 ਘਰਾਂ ਨੂੰ ਪਾਈਪਾਂ ਰਾਹੀਂ ਪਾਣੀ ਨਾਲ ਜੋੜਿਆ ਗਿਆ ਸੀ, ਪਿਛਲੇ 9 ਸਾਲਾਂ ਦੌਰਾਨ ਇਹ ਗਿਣਤੀ 50,000 ਹੈ। ਪ੍ਰਧਾਨ ਮੰਤਰੀ ਨੇ ਸੰਬੋਧਨ ਜਾਰੀ ਰੱਖਦਿਆਂ ਕਿਹਾ, “ਅੰਡੇਮਾਨ ਅਤੇ ਨਿਕੋਬਾਰ ਵਿੱਚ ਹਰ ਕਿਸੇ ਕੋਲ ਇੱਕ ਬੈਂਕ ਖਾਤਾ ਹੈ ਅਤੇ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਦੀ ਸਹੂਲਤ ਹੈ।” ਪੋਰਟ ਬਲੇਅਰ ਵਿੱਚ ਮੈਡੀਕਲ ਕਾਲਜ ਲਈ ਵੀ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ, ਜਦਕਿ ਇਸ ਤੋਂ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੋਈ ਮੈਡੀਕਲ ਕਾਲਜ ਨਹੀਂ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਇੰਟਰਨੈੱਟ ਸਿਰਫ਼ ਸੈਟੇਲਾਈਟਾਂ ‘ਤੇ ਹੀ ਨਿਰਭਰ ਸੀ, ਹੁਣ ਮੌਜੂਦਾ ਸਰਕਾਰ ਨੇ ਸੈਂਕੜੇ ਕਿਲੋਮੀਟਰ ਦੀ ਆਪਟੀਕਲ ਫਾਈਬਰ ਵਿਛਾਉਣ ਦਾ ਬੀੜਾ ਚੁੱਕਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹੂਲਤਾਂ ਦਾ ਇਹ ਵਿਸਥਾਰ ਇੱਥੇ ਟੂਰਿਜ਼ਮ ਨੂੰ ਗਤੀ ਪ੍ਰਦਾਨ ਕਰ ਰਿਹਾ ਹੈ।

 ਮੋਬਾਈਲ ਕਨੈਕਟੀਵਿਟੀ, ਸਿਹਤ ਬੁਨਿਆਦੀ ਢਾਂਚਾ, ਹਵਾਈ ਅੱਡੇ ਦੀਆਂ ਸਹੂਲਤਾਂ ਅਤੇ ਸੜਕਾਂ ਟੂਰਿਸਟਾਂ ਦੀ ਆਮਦ ਨੂੰ ਉਤਸ਼ਾਹਿਤ ਕਰਦੀਆਂ ਹਨ।  ਸ਼੍ਰੀ ਮੋਦੀ ਨੇ ਕਿਹਾ, “ਇਸੇ ਕਰਕੇ 2014 ਦੇ ਮੁਕਾਬਲੇ ਟੂਰਿਸਟਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਸਾਹਸੀ ਟੂਰਿਜ਼ਮ ਵੀ ਵਧ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਗਿਣਤੀ ਕਈ ਗੁਣਾਂ ਵਧ ਜਾਵੇਗੀ।”

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਅੰਡੇਮਾਨ ਵਿਕਾਸ ਅਤੇ ਵਿਰਾਸਤ ਦੇ ਮਹਾ ਮੰਤਰ ਦਾ ਇੱਕ ਜਿਉਂਦਾ ਜਾਗਦਾ ਉਦਾਹਰਣ ਬਣ ਰਿਹਾ ਹੈ।“ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਵੇਂ ਤਿਰੰਗਾ ਲਾਲ ਕਿਲ੍ਹੇ ਵਿੱਚ ਲਹਿਰਾਉਣ ਤੋਂ ਪਹਿਲਾਂ ਅੰਡੇਮਾਨ ਵਿੱਚ ਲਹਿਰਾਇਆ ਗਿਆ ਸੀ, ਪਰ ਇਸ ਟਾਪੂ ‘ਤੇ ਗੁਲਾਮੀ ਦੀਆਂ ਨਿਸ਼ਾਨੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਉਸੇ ਸਥਾਨ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਦਾ ਮੌਕਾ ਮਿਲਣ ‘ਤੇ ਧੰਨਵਾਦ ਪ੍ਰਗਟਾਇਆ, ਜਿੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਇੱਕ ਵਾਰ ਤਿਰੰਗਾ ਲਹਿਰਾਇਆ ਸੀ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਹ ਮੌਜੂਦਾ ਸਰਕਾਰ ਸੀ, ਜਿਸ ਨੇ ਰੌਸ ਆਈਲੈਂਡ ਦਾ ਨਾਮ ਬਦਲ ਕੇ ਨੇਤਾਜੀ ਸੁਭਾਸ ਟਾਪੂ, ਹੈਵਲਾਕ ਟਾਪੂ ਦਾ ਸਵਰਾਜ ਟਾਪੂ ਅਤੇ ਨੀਲ ਟਾਪੂ ਦਾ ਨਾਮ ਸ਼ਹੀਦ ਆਈਲੈਂਡ ਰੱਖਿਆ। ਉਨ੍ਹਾਂ 21 ਟਾਪੂਆਂ ਦਾ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਂ ‘ਤੇ ਰੱਖਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਅੱਗੇ ਕਿਹਾ, “ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਵਿਕਾਸ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜ਼ਾਦੀ ਦੇ ਪਿਛਲੇ 75 ਸਾਲਾਂ ਵਿੱਚ ਭਾਰਤ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੋਵੇਗਾ ਕਿਉਂਕਿ ਭਾਰਤੀਆਂ ਦੀ ਸਮਰੱਥਾ ‘ਤੇ ਕੋਈ ਸ਼ੱਕ ਨਹੀਂ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਹਾਲਾਂਕਿ, ਭ੍ਰਿਸ਼ਟਾਚਾਰ ਅਤੇ ਵੰਸ਼ਵਾਦੀ ਰਾਜਨੀਤੀ ਨੇ ਹਮੇਸ਼ਾ ਆਮ ਨਾਗਰਿਕਾਂ ਦੀ ਤਾਕਤ ਨਾਲ ਬੇਇਨਸਾਫੀ ਕੀਤੀ ਹੈ।” ਪ੍ਰਧਾਨ ਮੰਤਰੀ ਨੇ ਕੁਝ ਪਾਰਟੀਆਂ ਦੀ ਮੌਕਾਪ੍ਰਸਤ ਰਾਜਨੀਤੀ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਜਾਤੀਵਾਦ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ, ਜੋ ਕੁਝ ਮਾਮਲਿਆਂ ਵਿੱਚ ਜ਼ਮਾਨਤ ‘ਤੇ ਹਨ ਅਤੇ ਦੋਸ਼ੀ ਵੀ ਹਨ, ਨੂੰ ਸਵੀਕਾਰੇ ਜਾਣ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਸੰਵਿਧਾਨ ਨੂੰ ਕਾਬੂ ਹੇਠ ਰੱਖਣ ਦੀ ਮਾਨਸਿਕਤਾ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਆਮ ਨਾਗਰਿਕਾਂ ਦੇ ਵਿਕਾਸ ਦੀ ਬਜਾਏ ਸੁਆਰਥੀ ਪਰਿਵਾਰਕ ਲਾਭਾਂ ‘ਤੇ ਕੇਂਦ੍ਰਿਤ ਹੁੰਦੀਆਂ ਹਨ। ਸ਼੍ਰੀ ਮੋਦੀ ਨੇ ਰੱਖਿਆ ਅਤੇ ਸਟਾਰਟਅੱਪ ਦੇ ਖੇਤਰਾਂ ਵਿੱਚ ਭਾਰਤ ਦੇ ਨੌਜਵਾਨਾਂ ਦੀ ਤਾਕਤ ਨੂੰ ਰੇਖਾਂਕਿਤ ਕੀਤਾ ਅਤੇ ਅਫਸੋਸ ਪ੍ਰਗਟ ਕੀਤਾ ਕਿ ਕਿਵੇਂ ਨੌਜਵਾਨਾਂ ਦੀ ਇਸ ਤਾਕਤ ਨਾਲ ਕੋਈ ਇਨਸਾਫ਼ ਨਹੀਂ ਕੀਤਾ ਗਿਆ।

ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਵਿੱਚ ਟਾਪੂਆਂ ਅਤੇ ਛੋਟੇ ਤੱਟਵਰਤੀ ਦੇਸ਼ਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ, ਜਿਨ੍ਹਾਂ ਨੇ ਬੇਮਿਸਾਲ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਤਰੱਕੀ ਦਾ ਰਾਹ ਚੁਣੌਤੀਆਂ ਨਾਲ ਭਰਪੂਰ ਹੈ ਪਰ ਵਿਕਾਸ ਹਰ ਤਰ੍ਹਾਂ ਦੇ ਸਮਾਧਾਨ ਨਾਲ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜ ਪੂਰੇ ਖੇਤਰ ਨੂੰ ਹੋਰ ਮਜ਼ਬੂਤ ਕਰਨਗੇ।

ਪਿਛੋਕੜ

ਕੁਨੈਕਟੀਵਿਟੀ ਬੁਨਿਆਦੀ ਢਾਂਚੇ ਨੂੰ ਵਧਾਉਣਾ ਸਰਕਾਰ ਦਾ ਮੁੱਖ ਫੋਕਸ ਰਿਹਾ ਹੈ। ਲਗਭਗ 710 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਦਾ ਉਦਘਾਟਨ ਯੂਟੀ ਟਾਪੂ ਦੀ ਕੁਨੈਕਟੀਵਿਟੀ ਨੂੰ ਪ੍ਰੋਤਸਾਹਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਲਗਭਗ 40,800 ਵਰਗ ਮੀਟਰ ਦੇ ਕੁੱਲ ਨਿਰਮਿਤ ਖੇਤਰ ਦੇ ਨਾਲ, ਨਵੀਂ ਟਰਮੀਨਲ ਇਮਾਰਤ ਸਾਲਾਨਾ ਲਗਭਗ 50 ਲੱਖ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੋਵੇਗੀ। ਪੋਰਟ ਬਲੇਅਰ ਹਵਾਈ ਅੱਡੇ ‘ਤੇ 80 ਕਰੋੜ ਰੁਪਏ ਦੀ ਲਾਗਤ ਨਾਲ ਦੋ ਬੋਇੰਗ-767-400 ਅਤੇ ਦੋ ਏਅਰਬੱਸ-321 ਕਿਸਮ ਦੇ ਜਹਾਜ਼ਾਂ ਲਈ ਢੁਕਵਾਂ ਇੱਕ ਏਪ੍ਰੋਨ ਵੀ ਬਣਾਇਆ ਗਿਆ ਹੈ, ਜਿਸ ਨਾਲ ਹਵਾਈ ਅੱਡਾ ਹੁਣ ਇੱਕੋ ਸਮੇਂ ਵਿੱਚ ਦਸ ਜਹਾਜ਼ਾਂ ਦੀ ਪਾਰਕਿੰਗ ਲਈ ਢੁਕਵਾਂ ਬਣ ਗਿਆ ਹੈ।

ਕੁਦਰਤ ਤੋਂ ਪ੍ਰੇਰਿਤ ਹਵਾਈ ਅੱਡੇ ਦੇ ਟਰਮੀਨਲ ਦਾ ਆਰਕੀਟੈਕਚਰਲ ਡਿਜ਼ਾਈਨ ਸਮੁੰਦਰ ਅਤੇ ਟਾਪੂਆਂ ਨੂੰ ਦਰਸਾਉਣ ਵਾਲੀ ਸ਼ੈੱਲ-ਆਕਾਰ ਦੀ ਬਣਤਰ ਵਰਗਾ ਹੈ । ਨਵੀਂ ਏਅਰਪੋਰਟ ਟਰਮੀਨਲ ਇਮਾਰਤ ਵਿੱਚ ਕਈ ਅਨੁਕੂਲ ਵਿਸ਼ੇਸ਼ਤਾਵਾਂ ਜਿਵੇਂ ਕਿ ਗਰਮੀ ਦੇ ਵਾਧੇ ਨੂੰ ਘਟਾਉਣ ਲਈ ਡਬਲ ਇੰਸੂਲੇਟਿਡ ਰੂਫਿੰਗ ਸਿਸਟਮ, ਇਮਾਰਤ ਦੇ ਅੰਦਰ ਬਣਾਉਟੀ ਰੋਸ਼ਨੀ ਦੀ ਵਰਤੋਂ ਨੂੰ ਘਟਾਉਣ ਲਈ ਦਿਨ ਦੇ ਸਮੇਂ ਭਰਪੂਰ ਕੁਦਰਤੀ ਸੂਰਜ ਦਾ ਵੱਧ ਤੋਂ ਵੱਧ ਪ੍ਰਵੇਸ਼ ਪ੍ਰਦਾਨ ਕਰਨ ਲਈ ਸਕਾਈਲਾਈਟਸ, ਐੱਲਈਡੀ ਰੌਸ਼ਨੀ ਅਤੇ ਲੋਅ ਹੀਟ ਗੇਨ ਗਲੇਜ਼ਿੰਗ ਆਦਿ ਹਨ। ਇੱਕ ਭੂਮੀਗਤ ਪਾਣੀ ਦੀ ਟੈਂਕੀ ਵਿੱਚ ਬਰਸਾਤੀ ਪਾਣੀ ਦੀ ਸੰਭਾਲ, ਲੈਂਡਸਕੇਪਿੰਗ ਲਈ 100% ਸੋਧੇ ਗਏ ਗੰਦੇ ਪਾਣੀ ਦੇ ਨਾਲ ਇੱਕ ਸਾਈਟ ‘ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ 500 ਕਿਲੋਵਾਟ ਦਾ ਸੂਰਜੀ ਊਰਜਾ ਪਲਾਂਟ, ਟਰਮੀਨਲ ਬਿਲਡਿੰਗ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਹਨ, ਤਾਂ ਜੋ ਟਾਪੂਆਂ ਦੇ ਵਾਤਾਵਰਣ ‘ਤੇ ਘੱਟੋ-ਘੱਟ ਨਕਾਰਾਤਮਕ ਪ੍ਰਭਾਵ ਨੂੰ ਯਕੀਨੀ ਬਣਾਇਆ ਜਾ ਸਕੇ।

ਅੰਡੇਮਾਨ ਅਤੇ ਨਿਕੋਬਾਰ ਦੇ ਅਹਿਮ ਟਾਪੂਆਂ ਦੇ ਗੇਟਵੇਅ ਵਜੋਂ, ਪੋਰਟ ਬਲੇਅਰ ਟੂਰਿਸਟਾਂ ਲਈ ਇੱਕ ਪ੍ਰਸਿੱਧ ਸਥਾਨ ਹੈ। ਵਿਸ਼ਾਲ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਹਵਾਈ ਆਵਾਜਾਈ ਨੂੰ ਪ੍ਰੋਤਸਾਹਨ ਦੇਵੇਗੀ ਅਤੇ ਖੇਤਰ ਵਿੱਚ ਟੂਰਿਜ਼ਮ ਨੂੰ ਵਧਾਉਣ ਵਿੱਚ ਮਦਦ ਕਰੇਗੀ। ਇਹ ਸਥਾਨਕ ਭਾਈਚਾਰੇ ਲਈ ਰੋਜ਼ਗਾਰ ਦੇ ਵਧੇ ਹੋਏ ਮੌਕੇ ਪੈਦਾ ਕਰਨ ਅਤੇ ਖੇਤਰ ਦੀ ਆਰਥਿਕਤਾ ਨੂੰ ਪ੍ਰੋਤਸਾਹਨ ਦੇਣ ਵਿੱਚ ਵੀ ਮਦਦ ਕਰੇਗਾ।

************

ਡੀਐੱਸ/ਟੀਐੱਸ