Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੁਲਵਾਮਾ ਵਿੱਚ ਆਤੰਕੀ ਹਮਲੇ ‘ਤੇ ਪ੍ਰਧਾਨ ਮੰਤਰੀ ਦਾ ਬਿਆਨ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੁਲਵਾਮਾ ਆਤੰਕੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਮਲੇ ਦੇ ਦੋਸ਼ੀਆਂ ਅਤੇ ਆਤੰਕੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਉਕਸਾਉਣ ਵਾਲਿਆਂ ਨੇ ਬਹੁਤ ਵੱਡੀ ਗ਼ਲਤੀ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਦੇ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ। ਪ੍ਰਧਾਨ ਮੰਤਰੀ ਨੇ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨ ਲਈ ਪੂਰੀ ਛੋਟ ਦੇਣ ਦੀ ਗੱਲ ਕਰਦਿਆਂ ਪਾਕਿਸਤਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਇਸ ਭਰਮ ਵਿੱਚ ਨਾ ਰਹੇ ਕਿ ਉਹ ਭਾਰਤ ਨੂੰ ਅਸਥਿਰ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਨਵੀਂ ਦਿੱਲੀ ਅਤੇ ਵਾਰਾਣਸੀ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਭਾਸ਼ਣ ਦੀ ਸ਼ੁਰੂਆਤ ਵਿੱਚ ਪੁਲਵਾਮਾ ਵਿੱਚ ਆਤੰਕੀ ਹਮਲੇ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਅੰਸ਼ ਇਸ ਪ੍ਰਕਾਰ ਹੈ –

“ਸਭ ਤੋਂ ਪਹਿਲਾਂ ਪੁਲਵਾਮਾ ਦੇ ਆਤੰਕੀ ਹਮਲੇ ਵਿੱਚ ਸ਼ਹੀਦ ਜਵਾਨਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਉਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੇ ਪ੍ਰਾਣ ਵਾਰ ਦਿੱਤੇ ਹਨ। ਦੁਖ ਦੀ ਇਸ ਘੜੀ ਵਿੱਚ ਮੇਰੀਆਂ ਅਤੇ ਹਰ ਭਾਰਤੀ ਦੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।

ਇਸ ਹਮਲੇ ਦੀ ਵਜ੍ਹਾ ਨਾਲ ਦੇਸ਼ ਵਿੱਚ ਜਿੰਨਾ ਗੁੱਸਾ ਹੈ, ਲੋਕਾਂ ਦਾ ਖੂਨ ਖੌਲ ਰਿਹਾ ਹੈ; ਇਹ ਮੈਂ ਭਲੀਭਾਂਤ ਸਮਝ ਰਿਹਾ ਹਾਂ। ਇਸ ਸਮੇਂ ਜੋ ਦੇਸ਼ ਦੀਆਂ ਉਮੀਦਾਂ ਹਨ, ਕੁਝ ਕਰ ਗੁਜਰਨ ਦੀਆਂ ਭਾਵਨਾਵਾਂ ਹਨ, ਉਹ ਵੀ ਸੁਭਾਵਿਕ ਹਨ। ਸਾਡੇ ਸੁਰੱਖਿਆ ਬਲਾਂ ਨੂੰ ਪੂਰੀ ਸੁਤੰਤਰਤਾ ਦੇ ਦਿੱਤੀ ਗਈ ਹੈ। ਸਾਨੂੰ ਆਪਣੇ ਸੈਨਿਕਾਂ ਦੇ ਹੌਸਲੇ ‘ਤੇ, ਉਨ੍ਹਾਂ ਦੀ ਬਹਾਦਰੀ ‘ਤੇ ਪੂਰਾ ਭਰੋਸਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਲੋਕ ਸਹੀ ਜਾਣਕਾਰੀਆਂ ਵੀ ਸਾਡੀਆਂ ਏਜੰਸੀਆਂ ਤੱਕ ਪਹੁੰਚਾਉਣਗੇ ਤਾਕਿ ਆਤੰਕ ਨੂੰ ਕੁਚਲਣ ਵਿੱਚ ਸਾਡੀ ਲੜਾਈ ਹੋਰ ਤੇਜ਼ ਹੋ ਸਕੇ।

ਮੈਂ ਆਤੰਕੀ ਸੰਗਠਨਾਂ ਨੂੰ ਅਤੇ ਉਨ੍ਹਾਂ ਦੇ ਸਰਪਰਸਤਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਬਹੁਤ ਵੱਡੀ ਗ਼ਲਤੀ ਕਰ ਚੁੱਕੇ ਹਨ, ਬਹੁਤ ਵੱਡੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਵੇਗੀ।

ਮੈਂ ਦੇਸ਼ ਨੂੰ ਭਰੋਸਾ ਦਿੰਦਾ ਹਾਂ ਕਿ ਹਮਲੇ ਦੇ ਪਿੱਛੇ ਜੋ ਤਾਕਤਾਂ ਹਨ, ਇਸ ਹਮਲੇ ਦੇ ਪਿੱਛੇ ਜੋ ਵੀ ਗੁਨਹਗਾਰ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਜੋ ਸਾਡੀ ਆਲੋਚਨਾ ਕਰ ਰਹੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦਾ ਵੀ ਮੈਂ ਆਦਰ ਕਰਦਾ ਹਾਂ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮੈਂ ਵੀ ਸਮਝ ਸਕਦਾ ਹਾਂ । ਅਤੇ ਆਲੋਚਨਾ ਕਰਨ ਦਾ ਉਨ੍ਹਾਂ ਦਾ ਪੂਰਾ ਅਧਿਕਾਰ ਵੀ ਹੈ।

ਲੇਕਿਨ ਮੇਰੀ ਸਭ ਸਾਥੀਆਂ ਨੂੰ ਬੇਨਤੀ ਹੈ ਕਿ ਇਹ ਵਕਤ ਬਹੁਤ ਹੀ ਸੰਵੇਦਨਸ਼ੀਲ ਅਤੇ ਭਾਵੁਕ ਪਲ ਹੈ । ਪੱਖ ਵਿੱਚ ਜਾਂ ਵਿਰੋਧ ਵਿੱਚ, ਅਸੀਂ ਸਭ ਰਾਜਨੀਤਕ ਛੀਂਟਾਕਸ਼ੀ ਤੋਂ ਦੂਰ ਰਹੀਏ। ਇਸ ਹਮਲੇ ਦਾ ਦੇਸ਼ ਇਕਜੁੱਟ ਹੋ ਕੇ ਮੁਕਾਬਲਾ ਕਰ ਰਿਹਾ ਹੈ, ਦੇਸ਼ ਏਕ ਸਾਥ ਹੈ, ਦੇਸ਼ ਦਾ ਇੱਕ ਹੀ ਸੁਰ ਹੈ ਅਤੇ ਇਹੀ ਵਿਸ਼ਵ ਵਿੱਚ ਸੁਣਾਈ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਜਿੱਤਣ ਲਈ ਲੜ ਰਹੇ ਹਾਂ।

ਪੂਰੇ ਵਿਸ਼ਵ ਵਿੱਚ ਅਲੱਗ – ਥਲੱਗ ਪੈ ਚੁੱਕਾ ਸਾਡਾ ਗੁਆਂਢੀ ਦੇਸ਼ ਜੇ ਇਹ ਸਮਝਦਾ ਹੈ ਕਿ ਜਿਸ ਤਰ੍ਹਾਂ ਦੀਆਂ ਕਰਤੂਤਾਂ ਉਹ ਕਰ ਰਿਹਾ ਹੈ, ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ, ਉਸ ਨਾਲ ਭਾਰਤ ਵਿੱਚ ਅਸਥਿਰਤਾ ਪੈਦਾ ਕਰਨ ਵਿੱਚ ਸਫਲ ਹੋ ਜਾਵੇਗਾ ਤਾਂ ਉਹ ਸੁਪਨਾ ਦੇਖਣਾ ਹਮੇਸ਼ਾ – ਹਮੇਸ਼ਾ ਲਈ ਛੱਡ ਦੇਵੇ। ਉਹ ਕਦੇ ਇਹ ਨਹੀਂ ਕਰ ਸਕੇਗਾ ਅਤੇ ਨਾ ਕਦੇ ਇਹ ਹੋਣ ਵਾਲਾ ਹੈ।
ਇਸ ਸਮੇਂ ਵੱਡੀ ਆਰਥਕ ਬਦਹਾਲੀ ਦੇ ਦੌਰ ਵਿੱਚ ਗੁਜ਼ਰ ਰਹੇ ਸਾਡੇ ਗੁਆਂਢੀ ਦੇਸ਼ ਨੂੰ ਇਹ ਵੀ ਲਗਦਾ ਹੈ ਕਿ ਉਹ ਅਜਿਹੀ ਤਬਾਹੀ ਮਚਾ ਕੇ ਭਾਰਤ ਨੂੰ ਬਦਹਾਲ ਕਰ ਸਕਦਾ ਹੈ; ਉਸ ਦੇ ਇਹ ਮਨਸੂਬੇ ਵੀ ਕਦੇ ਪੂਰੇ ਹੋਣ ਵਾਲੇ ਨਹੀਂ ਹਨ। ਵਕਤ ਨੇ ਸਿੱਧ ਕਰ ਦਿੱਤਾ ਹੈ ਕਿ ਜਿਸ ਰਸਤੇ ‘ਤੇ ਉਹ ਚੱਲੇ ਹਨ, ਉਹ ਤਬਾਹੀ ਦੇਖਦੇ ਰਹੇ ਹਨ ਅਤੇ ਅਸੀਂ ਜੋ ਰਸਤਾ ਇਖ਼ਤਿਆਰ ਕੀਤਾ ਹੈ, ਉਹ ਤਰੱਕੀ ਕਰਦਾ ਚਲਿਆ ਜਾ ਰਿਹਾ ਹੈ।

130 ਕਰੋੜ ਹਿੰਦੁਸਤਾਨੀ ਅਜਿਹੀ ਹਰ ਸਾਜਿਸ਼ , ਅਜਿਹੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਵੇਗਾ। ਕਈ ਵੱਡੇ ਦੇਸ਼ਾਂ ਨੇ ਬਹੁਤ ਹੀ ਸਖ਼ਤ ਸ਼ਬਦਾਂ ਵਿੱਚ ਇਸ ਆਤੰਕੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਭਾਰਤ ਦੇ ਨਾਲ ਖੜ੍ਹੇ ਹੋਣ ਦੀ, ਭਾਰਤ ਨੂੰ ਸਮਰਥਨ ਦੀ ਭਾਵਨਾ ਜਤਾਈ ਹੈ ।

ਮੈਂ ਉਨ੍ਹਾਂ ਸਾਰੇ ਦੇਸ਼ਾਂ ਦਾ ਆਭਾਰੀ ਹਾਂ ਅਤੇ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਆਤੰਕਵਾਦ ਦੇ ਖ਼ਿਲਾਫ਼ ਸਾਰੀਆਂ ਮਾਨਵਤਾਵਾਦੀ ਸ਼ਕਤੀਆਂ ਨੂੰ ਇੱਕ ਹੋ ਕੇ ਲੜਨਾ ਹੀ ਹੋਵੇਗਾ, ਮਾਨਵਤਾਵਾਦੀ ਸ਼ਕਤੀਆਂ ਨੂੰ ਇੱਕ ਹੋ ਕੇ ਆਤੰਕਵਾਦ ਨੂੰ ਪਰਾਸਤ ਕਰਨਾ ਹੀ ਹੋਵੇਗਾ ।

ਆਤੰਕ ਨਾਲ ਲੜਨ ਲਈ ਜਦੋਂ ਸਾਰੇ ਦੇਸ਼ ਇੱਕਮਤ, ਇੱਕ ਸੁਰ, ਇੱਕ ਦਿਸ਼ਾ ਨਾਲ ਚਲਣਗੇ ਤਾਂ ਆਤੰਕਵਾਦ ਕੁਝ ਪਲ ਤੋਂ ਜ਼ਿਆਦਾ ਨਹੀਂ ਟਿਕ ਸਕਦਾ ਹੈ।

ਸਾਥੀਓ, ਪੁਲਵਾਮਾ ਹਮਲੇ ਦੇ ਬਾਅਦ ਹੁਣ ਮਨੋਸਥਿਤੀ ਅਤੇ ਮਾਹੌਲ ਦੁਖ ਦੇ ਨਾਲ, ਗੁੱਸੇ ਨਾਲ ਭਰਿਆ ਹੋਇਆ ਹੈ । ਅਜਿਹੇ ਹਮਲਿਆਂ ਦਾ ਦੇਸ਼ ਡਟਕੇ ਮੁਕਾਬਲਾ ਕਰੇਗਾ । ਇਹ ਦੇਸ਼ ਰੁਕਣ ਵਾਲਾ ਨਹੀਂ ਹੈ । ਸਾਡੇ ਵੀਰ ਸ਼ਹੀਦਾਂ ਨੇ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੱਤਾ ਹੈ ਅਤੇ ਦੇਸ਼ ਲਈ ਮਰ- ਮਿਟਣ ਵਾਲਾ ਹਰ ਸ਼ਹੀਦ ਦੋ ਸੁਪਨਿਆਂ ਲਈ ਜ਼ਿੰਦਗੀ ਲਗਾਉਂਦਾ ਹੈ- ਪਹਿਲਾ, ਦੇਸ਼ ਦੀ ਸੁਰੱਖਿਆ , ਦੂਜਾ, ਦੇਸ਼ ਦੀ ਖੁਸ਼ਹਾਲੀ। ਮੈਂ ਸਾਰੇ ਵੀਰ ਸ਼ਹੀਦਾਂ ਨੂੰ , ਉਨ੍ਹਾਂ ਦੀ ਆਤਮਾ ਨੂੰ ਨਮਨ ਕਰਦਿਆਂ , ਉਨ੍ਹਾਂ ਦਾ ਅਸ਼ੀਰਵਾਦ ਲੈਂਦਿਆਂ, ਮੈਂ ਫਿਰ ਇੱਕ ਵਾਰ ਵਿਸ਼ਵਾਸ ਪ੍ਰਗਟਾਉਂਦਾ ਹਾਂ‍ ਕਿ ਜਿਨ੍ਹਾਂ ਦੋ ਸੁਪਨਿਆਂ ਨੂੰ ਲੈ ਕੇ ਉਨ੍ਹਾਂ ਨੇ ਜੀਵਨ ਦੀ ਆਹੂਤੀ ਦਿੱਤੀ ਹੈ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਜੀਵਨ ਦਾ ਪਲ- ਪਲ ਖਪਾ ਦੇਵਾਂਗੇ ।

ਖ਼ੁਸਹਾਲੀ ਦੇ ਰਸਤੇ ਨੂੰ ਵੀ ਅਸੀਂ ਹੋਰ ਜ਼ਿਆਦਾ ਗਤੀ ਦੇ ਕੇ , ਵਿਕਾਸ ਦੇ ਰਸਤਿਆਂ ਨੂੰ ਹੋਰ ਜ਼ਿਆਦਾ ਤਾਕਤ ਦੇ ਕੇ , ਸਾਡੇ ਇਨ੍ਹਾਂ ਵੀਰ ਸ਼ਹੀਦਾਂ ਦੀ ਆਤਮਾ ਨੂੰ ਨਮਨ ਕਰਦਿਆਂ ਅੱਗੇ ਵਧਾਂਗੇ ਅਤੇ ਉਸੇ ਸਿਲਸਿਲੇ ਵਿੱਚ ਮੈਂ ਵੰਦੇ ਭਾਰਤ ਐਕਸਪ੍ਰੈੱਸ ਦੇ concept ਅਤੇ ਡਿਜ਼ਾਈਨ ਤੋਂ ਲੈ ਕੇ ਇਸ ਨੂੰ ਜ਼ਮੀਨ ‘ਤੇ ਉਤਾਰਨ ਵਾਲੇ ਹਰ ਇੰਜੀਨੀਅਰ , ਹਰ ਵਰਕਰ ਦਾ ਆਭਾਰ ਪ੍ਰਗਟ ਕਰਦਾ ਹਾਂ।’’

***

ਏਕੇਟੀ/ਐੱਸਐੱਚ/ਐੱਸਕੇਐੱਸ