Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੁਰਤਗਾਲ, ਸੰਯੁਕਤ ਰਾਜ ਅਮਰੀਕਾ ਅਤੇ ਨੀਦਰਲੈਂਡ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਆਪਣੇ ਪੁਰਤਗਾਲ, ਸੰਯੁਕਤ ਰਾਜ ਅਮਰੀਕਾ ਅਤੇ ਨੀਦਰਲੈਂਡ ਦੇ ਦੌਰੇ ਲਈ ਚਲ ਪੈਣਗੇ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਅਲੱਗ-ਅਲੱਗ ਖੇਤਰਾਂ ਵਿੱਚ ਬਹੁਪੱਖੀ ਰੁਝਾਨਾਂ ਨੂੰ ਵਧਾਉਣਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ,“24 ਜੂਨ, 2017 ਨੂੰ ਮੈਂ ਸਰਕਾਰੀ ਕੰਮ ਦੇ ਸਿਲਸਿਲੇ ਵਿੱਚ ਪੁਰਤਗਾਲ ਜਾਵਾਂਗਾ । ਮਹਾਮਹਿਮ ਪ੍ਰਧਾਨ ਮੰਤਰੀ ਐਨਟੋਨੀਓ ਕੋਸਟਾ (Antonio Costa) ਦੇ ਜਨਵਰੀ, 2017 ਵਿੱਚ ਭਾਰਤੀ ਦੌਰੇ ਤੋਂ ਬਾਅਦ ਸਾਡੇ ਨਜ਼ਦੀਕੀ, ਇਤਿਹਾਸਕ ਅਤੇ ਦੋਸਤਾਨਾ ਰਿਸ਼ਤਿਆਂ ਨੂੰ ਬਲ ਮਿਲਿਆ ਹੈ ।

ਮੈਨੂੰ ਪ੍ਰਧਾਨ ਮੰਤਰੀ ਕੋਸਟਾ ਨਾਲ ਮੀਟਿੰਗ ਦਾ ਇੰਤਜ਼ਾਰ ਹੈ । ਕੁਝ ਸਮਾਂ ਪਹਿਲਾਂ ਹੋਈਆਂ ਗੋਸ਼ਟੀਆਂ ਦੇ ਅਧਾਰ `ਤੇ ਅਸੀਂ ਅਲੱਗ-ਅਲੱਗ ਸਾਂਝੀਆਂ ਪਹਿਲਕਦਮੀਆਂ ਅਤੇ ਫੈਸਲਿਆਂ ਦੀ ਪ੍ਰਗਤੀ ਦਾ ਲੇਖਾ-ਜੋਖਾ ਕਰਾਂਗੇ । ਅਸੀਂ ਬਹੁਪੱਖੀ ਰੁਝਾਨਾਂ, ਖਾਸ ਕਰਕੇ ਆਰਥਕ ਸਹਿਯੋਗ, ਵਿਗਿਆਨ ਤੇ ਟੈਕਨੋਲੋਜੀ, ਪੁਲਾੜ ਸਹਿਯੋਗ ਅਤੇ ਲੋਕਾਂ ਨਾਲ ਸਬੰਧ ਆਦਿ ਖੇਤਰਾਂ ਵਿੱਚ ਹੋਰ ਵਾਧਾ ਕਰਨ ਦੇ ਰਸਤਿਆਂ `ਤੇ ਵਿਚਾਰ-ਵਿਮਰਸ਼ ਕਰਾਂਗੇ । ਅਸੀਂ ਆਤੰਕਵਾਦ ਦੇ ਵਿਰੋਧ ਅਤੇ ਹੋਰ ਸਾਂਝੇ ਹਿਤ ਨਾਲ ਸਬੰਧਤ ਅੰਤਰਰਾਸ਼ਟਰੀ ਮੁੱਦਿਆਂ ਵਿੱਚ ਸਾਡੇ ਸਹਿਯੋਗ ਨੂੰ ਗਹਿਰਾ ਕਰਨ ਵਾਲੇ ਸਾਧਨਾਂ `ਤੇ ਵਿਚਾਰ-ਵਟਾਂਦਰਾ ਕਰਾਂਗੇ । ਮੈਨੂੰ ਬਹੁਪੱਖੀ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਗਹਿਰਾਈ ਦੀ ਵੀ ਜ਼ਬਰਦਸਤ ਸੰਭਾਵਨਾ ਨਜ਼ਰ ਆਉਂਦੀ ਹੈ ।

ਮੈਂ ਇਸ ਯਾਤਰਾ ਦੌਰਾਨ ਪੁਰਤਗਾਲ ਵਿੱਚ ਭਾਰਤੀ ਸਮੁਦਾਇ ਨਾਲ ਗੱਲਬਾਤ ਕਰਨ ਲਈ ਵੀ ਉਤਸੁਕ ਹਾਂ। ”

24 ਤੋਂ 26 ਜੂਨ ਨੂੰ ਪ੍ਰਧਾਨ ਮੰਤਰੀ ਡੀ.ਸੀ. ਵਾਸ਼ਿੰਗਟਨ ਦਾ ਦੌਰਾ ਕਰਨਗੇ ।

ਪ੍ਰਧਾਨ ਮੰਤਰੀ ਨੇ ਕਿਹਾ,“ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਦੇ ਸੱਦੇ `ਤੇ ਮੈਂ ਡੀ.ਸੀ ਵਾਸ਼ਿੰਗਟਨ ਦਾ ਦੌਰਾ ਕਰਾਂਗਾ । ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਅਤੇ ਮੇਰੀ ਟੈਲੀਫੋਨ `ਤੇ ਗੱਲ ਹੋ ਚੁੱਕੀ ਹੈ । ਸਾਡੀ ਗੱਲਬਾਤ, ਸਾਡੇ ਲੋਕਾਂ ਦੇ ਸਾਂਝੇ ਫਾਇਦੇ ਲਈ, ਲਾਹੇਵੰਦ ਅਤੇ ਸਰਬਪੱਖੀ ਰੁਝਾਨ ਨੂੰ ਅੱਗੇ ਲੈ ਜਾਣ ਵਾਲੀ ਸਾਂਝੀ ਨੀਤੀ ਤੱਕ ਪਹੁੰਚ ਚੁੱਕੀ ਹੈ । ਮੈਨੂੰ ਇਸ ਮੌਕੇ ਦਾ ਇੰਤਜ਼ਾਰ ਹੈ ਜਦੋਂ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਮਜ਼ਬੂਤ ਅਤੇ ਵਿਸ਼ਾਲ ਦਾਇਰੇ ਵਾਲੀ ਭਾਈਵਾਲਤਾ ਨੂੰ ਹੋਰ ਅੱਗੇ ਵਧਾਉਣ ਤੇ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਏਗਾ ।

ਸੰਯੁਕਤ ਰਾਜ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਵੰਨ-ਸੁਵੰਨੀ ਅਤੇ ਬਹੁ-ਪਰਤੀ ਹੈ ਜਿਸ ਨੂੰ ਕੇਵਲ ਸਰਕਾਰਾਂ ਹੀ ਨਹੀਂ ਸਗੋਂ ਦੋਹਾਂ ਪਾਸਿਆਂ ਦੇ ਸਾਰੇ ਹਿੱਸੇਦਾਰਾਂ ਦਾ ਵੀ ਸਹਿਯੋਗ ਪ੍ਰਾਪਤ ਹੈ । ਮੈਨੂੰ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਸੰਯੁਕਤ ਰਾਜ ਅਮਰੀਕਾ ਵਿਚਲੇ ਨਵੇਂ ਪ੍ਰਸ਼ਾਸਨ ਨਾਲ ਸਾਡੀ ਭਾਈਵਾਲੀ ਲਈ ਇੱਕ ਅਗਾਂਹ-ਵਧੂ ਵਿਜ਼ਨ ਬਣਾਏ ਜਾਣ ਦੀ ਉਮੀਦ ਹੈ । ਰਾਸ਼ਟਰਪਤੀ ਟਰੰਪ ਅਤੇ ਉਸ ਦੇ ਮੰਤਰੀ ਮੰਡਲ ਵਿਚਲੇ ਸਹਿਯੋਗੀਆਂ ਨਾਲ ਦਫਤਰੀ ਮੀਟਿੰਗਾਂ ਦੇ ਇਲਾਵਾ ਮੈਂ ਕੁਝ ਉੱਘੇ ਅਮਰੀਕਨ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਵੀ ਮਿਲਾਂਗਾ । ਪਹਿਲਾਂ ਦੀ ਤਰ੍ਹਾਂ ਹੀ ਸੰਯੁਕਤ ਰਾਜ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਨਾਲ ਮਿਲਣ ਲਈ ਵੀ ਮੈਂ ਉਤਸੁਕ ਹਾਂ” ।

ਪ੍ਰਧਾਨ ਮੰਤਰੀ 27 ਜੂਨ, 2017 ਨੂੰ ਨੀਦਰਲੈਂਡ ਦਾ ਦੌਰਾ ਕਰਨਗੇ ।

ਪ੍ਰਧਾਨ ਮੰਤਰੀ ਨੇ ਕਿਹਾ,“ ਮੈਂ 27 ਜੂਨ, 2017 ਨੂੰ ਨੀਦਰਲੈਂਡ ਜਾਵਾਂਗਾ । ਇਸ ਸਾਲ ਅਸੀਂ ਇੰਡੋ-ਡੱਚ ਡਿਪਲੋਮੈਟਿਕ ਰਿਲੇਸ਼ਨਜ਼ ਦੀ ਸਥਾਪਨਾ ਦੇ 70 ਸਾਲ ਪੂਰੇ ਹੋਣ `ਤੇ ਜਸ਼ਨ ਮਨਾ ਰਹੇ ਹਾਂ । ਇਸ ਦੌਰੇ ਦੌਰਾਨ ਮੈਂ ਡੱਚ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰਕ ਰੁੱਤੇ (Mr. Mark Rutte) ਨਾਲ ਸਰਕਾਰੀ ਮੀਟਿੰਗ ਕਰਾਂਗਾ । ਮੈਂ ਨੀਦਰਲੈਂਡ ਦੇ ਬਾਦਸ਼ਾਹ ਵਿਲੈਮ- ਐਲੇਗਜ਼ੈਂਡਰ ਅਤੇ ਰਾਣੀ ਮੈਕਸਿਮਾ ਨੂੰ ਵੀ ਮਿਲਣ ਜਾਵਾਂਗਾ ।

ਮੈਂ ਪ੍ਰਧਾਨ ਮੰਤਰੀ ਰੁੱਤੇ ਨਾਲ ਮਿਲਣ ਅਤੇ ਸਾਡੇ ਬਹੁਪੱਖੀ ਸਬੰਧਾਂ `ਤੇ ਵਿਚਾਰ-ਚਰਚਾ ਕਰਨ ਲਈ ਉਤਸੁਕ ਹਾਂ । ਮੈਂ ਪ੍ਰਧਾਨ ਮੰਤਰੀ ਰੁੱਤੇ ਨਾਲ ਆਤੰਕਵਾਦ ਵਿਰੋਧਤਾ ਅਤੇ ਵਾਤਾਵਰਣ ਪਰਿਵਰਤਨ ਆਦਿ ਮਹੱਤਵਪੂਰਨ ਅੰਤਰਰਾਸ਼ਟਰੀ ਮੁੱਦਿਆਂ `ਤੇ ਵਿਚਾਰ-ਵਟਾਂਦਰਾ ਕਰਾਂਗਾ ।

ਆਰਥਕ ਸਬੰਧ ਸਾਡੇ ਬਹੁਪੱਖੀ ਸਬੰਧਾਂ ਦੇ ਧੁਰੇ ਦੀ ਸਿਰਜਣਾ ਕਰਦੇ ਹਨ । ਨੀਦਰਲੈਂਡ ਯੂਰਪੀਅਨ ਸੰਘ ਵਿੱਚ ਸਾਡਾ ਛੇਵਾਂ ਸਭ ਤੋਂ ਵੱਡਾ ਤਜਾਰਤੀ ਭਾਈਵਾਲ ਹੈ ਅਤੇ ਵਿਸ਼ਵ ਪੱਧਰ `ਤੇ ਪੰਜਵਾਂ ਸਭ ਤੋਂ ਵੱਡਾ ਨਿਵੇਸ਼ ਭਾਈਵਾਲ ਹੈ । ਪਾਣੀ ਅਤੇ ਕੂੜਾ ਪ੍ਰਬੰਧਨ, ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ, ਅਖੁੱਟ ਊਰਜਾ ਅਤੇ ਬੰਦਰਗਾਹਾਂ, ਜਹਾਜ਼ਰਾਨੀ ਆਦਿ ਖੇਤਰਾਂ ਵਿੱਚ ਡੱਚ ਨਿਪੁੰਨਤਾ ਸਾਡੀਆਂ ਵਿਕਾਸ ਜ਼ਰੂਰਤਾਂ ਨਾਲ ਮੇਲ ਖਾਂਦੀ ਹੈ । ਇੰਡੋ-ਡੱਚ ਆਰਥਕ ਰੁਝਾਨ ਦੋਹਾਂ ਧਿਰਾਂ ਲਈ ਫਾਇਦੇ ਵਾਲੀ ਤਜਵੀਜ਼ ਹੈ । ਮੈਂ ਪ੍ਰਧਾਨ ਮੰਤਰੀ ਰੁੱਤੇ ਨਾਲ ਇਸ ਗੱਲ `ਤੇ ਵੀ ਚਰਚਾ ਕਰਾਂਗਾ ਕਿ ਕਿਵੇਂ ਆਪਸੀ ਤਾਲ-ਮੇਲ ਨੂੰ ਹੋਰ ਪਕੇਰਾ ਕਰਨ ਵਾਸਤੇ ਦੋਹਾਂ ਧਿਰਾਂ ਨੂੰ ਕੰਮ ਕਰਨਾ ਚਾਹੀਦਾ ਹੈ । ਮੈਂ ਵੱਡੀਆਂ ਡੱਚ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਾਂਗਾ ਅਤੇ ਭਾਰਤੀ ਵਿਕਾਸ ਕਹਾਣੀ ਨਾਲ ਜੁੜਨ ਲਈ ਉਨ੍ਹਾਂ ਨੂੰ ਉਤਸ਼ਾਹਤ ਕਰਾਂਗਾ ।

ਨੀਦਰਲੈਂਡ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਯੂਰਪ ਭਰ ਵਿੱਚੋਂ ਦੂਜੇ ਨੰਬਰ `ਤੇ ਹੋਣ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਸਬੰਧ ਬਹੁਤ ਮਜ਼ਬੂਤ ਹਨ । ਨੀਦਰਲੈਂਡ ਵਿੱਚ ਭਾਰਤੀ ਸਮੁਦਾਇ ਨਾਲ ਰੁਝੇਵਿਆਂ ਦਾ ਮੈਨੂੰ ਇਤਜ਼ਾਰ ਹੈ। “

*****

AK/HS