Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੁਰਤਗਾਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਮੀਡੀਆ ਬਿਆਨ

ਪੁਰਤਗਾਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਮੀਡੀਆ ਬਿਆਨ

ਪੁਰਤਗਾਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਮੀਡੀਆ ਬਿਆਨ


ਮਾਣਯੋਗ ਪ੍ਰਧਾਨ ਮੰਤਰੀ ਅੰਟੋਨੀਓ ਕੋਸਟਾ,

ਵਿਲੱਖਣ ਪ੍ਰਤੀਨਿਧੀ,

ਮੀਡੀਆ ਦੇ ਮੈਂਬਰਾਨ,

ਦੋਸਤੋ,

ਤੁਹਾਡੇ ਸਾਰਿਆਂ ਦੀ ਸ਼ਾਮ ਸ਼ੁਭ ਹੋਵੇ।

ਮਾਣਯੋਗ ਪ੍ਰਧਾਨ ਮੰਤਰੀ ਜੀ,


ਤੁਹਾਡਾ ਅਤੇ ਤੁਹਾਡੇ ਵਫ਼ਦ ਦਾ ਭਾਰਤ ਵਿੱਚ ਸੁਆਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹ ਭਾਰਤ ਦਾ ਤੁਹਾਡਾ ਪਹਿਲਾ ਸਰਕਾਰੀ ਦੌਰਾ ਹੋ ਸਕਦਾ ਹੈ, ਪਰ ਭਾਰਤ ਤੁਹਾਡੇ ਲਈ ਕੋਈ ਅਜਨਬੀ ਨਹੀਂ ਹੈ ਅਤੇ ਨਾ ਹੀ ਭਾਰਤ ਤੁਹਾਡੇ ਤੋਂ ਅਣਜਾਣ ਹੈ। ਇਸ ਲਈ, ਇਸ ਠੰਢੀ ਸ਼ਾਮ ਨੂੰ ਤੁਹਾਡਾ ਨਿੱਘਾ ਸੁਆਗਤ ਕਰਨ ਤੋਂ ਇਲਾਵਾ, ਮੈਨੂੰ ਇਹ ਵੀ ਜ਼ਰੂਰ ਕਹਿਣਾ ਚਾਹੀਦਾ ਹੈ, ਤੁਹਾਡਾ ਮੁੜ ਸੁਆਗਤ ਹੈ! ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਤੁਸੀਂ ਬੰਗਲੌਰ ‘ਚ ਸਾਡੇ ਪ੍ਰਵਾਸੀ ਭਾਰਤੀ ਦਿਵਸ ਮੌਕੇ ਮੁੱਖ ਮਹਿਮਾਨ ਬਣਨ ਦਾ ਸਾਡਾ ਸੱਦਾ ਪ੍ਰਵਾਨ ਕੀਤਾ ਹੈ, ਜੋ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦਾ ਜਸ਼ਨ ਹੁੰਦਾ ਹੈ। ਭਲਕੇ ਸਾਨੂੰ ਤੁਹਾਡੇ ਇੱਕ ਅਜਿਹੇ ਵਿਲੱਖਣ ਆਗੂ ਵਜੋਂ ਤੁਹਾਡੀਆਂ ਵੱਡੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ ਦਾ ਮਾਣ ਹਾਸਲ ਹੋਵੇਗਾ, ਜਿਨ੍ਹਾਂ ਦੀਆਂ ਭਾਰਤ ਵਿੱਚ ਪਰਿਵਾਰਕ ਜੜ੍ਹਾਂ ਮੌਜੂਦ ਹਨ। ਮੈਂ ਪੁਰਤਗਾਲ ਵਿੱਚ ਤੁਹਾਡੇ ਪ੍ਰਧਾਨ ਮੰਤਰੀ ਵਜੋਂ ਤੁਹਾਡੀਆਂ ਅਨੇਕਾਂ ਸਫ਼ਲਤਾਵਾਂ ਲਈ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ। ਤੁਹਾਡੀ ਅਗਵਾਈ ਹੇਠ, ਪੁਰਤਗਾਲੀ ਅਰਥ ਵਿਵਸਥਾ ਇੱਕ ਸਥਿਰ ਢੰਗ ਨਾਲ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।

ਦੋਸਤੋ,

ਭਾਰਤ ਅਤੇ ਪੁਰਤਗਾਲ ਨੇ ਇੱਕ ਸਾਂਝੇ ਇਤਿਹਾਸਕ ਸਬੰਧ ਦੀ ਨੀਂਹ ਉੱਤੇ ਇੱਕ ਆਧੁਨਿਕ ਦੁਵੱਲੀ ਭਾਈਵਾਲੀ ਉਸਾਰੀ ਹੈ। ਸਾਡੀ ਭਾਈਵਾਲੀ ਸੰਯੁਕਤ ਰਾਸ਼ਟਰ ਸਮੇਤ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਇੱਕ ਮਜ਼ਬੂਤ ਕੇਂਦਰਮੁਖਤਾ ਨਾਲ ਵੀ ਮਜ਼ਬੂਤ ਹੁੰਦੀ ਹੈ। ਪ੍ਰਧਾਨ ਮੰਤਰੀ ਕੋਸਟਾ ਨਾਲ ਅੱਜ ਮੇਰੇ ਵਿਆਪਕ ਵਿਚਾਰ-ਵਟਾਂਦਰਿਆਂ ਦੌਰਾਨ, ਅਸੀਂ ਵਿਭਿੰਨ ਖੇਤਰਾਂ ਵਿੱਚ ਭਾਰਤ-ਪੁਰਤਗਾਲ ਸਬੰਧਾਂ ਦੀ ਮੁਕੰਮਲ ਰੇਂਜ ਦੀ ਸਮੀਖਿਆ ਕੀਤੀ ਹੈ। ਅਸੀਂ ਸਹਿਮਤ ਹੋਏ ਹਾਂ ਕਿ ਦੋਵੇਂ ਦੇਸ਼ਾਂ ਨੂੰ ਜ਼ਰੂਰ ਹੀ ਸਾਡੀ ਭਾਈਵਾਲੀ ਵਿੱਚ ਆਰਥਿਕ ਮੌਕਿਆਂ ਦੀ ਮੁਕੰਮਲ ਸੰਭਾਵਨਾ ਲਈ ਕੰਮ ਕਰਨ ਦੀ ਪਹੁੰਚ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਅੱਜ ਜਿਹੜੇ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਗਏ ਹਨ, ਉਹ ਕੇਵਲ ਉਨ੍ਹਾਂ ਮੁਤਾਬਕ ਹੀ ਅੱਗੇ ਵਧਣ ਦੇ ਸਾਡੇ ਸਾਂਝੇ ਸੰਕਲਪ ਦਾ ਇੱਕ ਸੰਕੇਤ ਹਨ।

ਦੋਸਤੋ,

ਸਾਡੇ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼ ਅਤੇ ਕਾਰੋਬਾਰੀ ਭਾਈਵਾਲੀਆਂ ਦਾ ਵਿਸਥਾਰ ਅਤੇ ਉਨ੍ਹਾਂ ਨੂੰ ਹੋਰ ਡੂੰਘਾ ਕਰਨਾ ਸਾਡੀ ਸਾਂਝੀ ਤਰਜੀਹ ਹੈ। ਬੁਨਿਆਦੀ ਢਾਂਚਾ, ਫਾਲਤੂ ਪਾਣੀ ਅਤੇ ਜਲ ਪ੍ਰਬੰਧ, ਸੂਰਜੀ ਤੇ ਪੌਣ ਊਰਜਾ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਭਰਪੂਰ ਮੌਕੇ ਮੌਜੂਦ ਹਨ, ਜਿਨ੍ਹਾਂ ਦੇ ਆਧਾਰ ਉੱਤੇ ਦੋਵੇਂ ਅਰਥ ਵਿਵਸਥਾਵਾਂ ਵਿਚਾਲੇ ਮਜ਼ਬੂਤ ਵਪਾਰਕ ਸਬੰਧ ਕਾਇਮ ਹੋ ਸਕਦੇ ਹਨ। ਸਟਾਰਟ-ਅੱਪਸ ਲਈ ਇੱਕ ਸੁਖਾਵਾਂ ਮਾਹੌਲ ਸਿਰਜਣ ਦੇ ਸਾਡੇ ਤਜਰਬੇ ਦੁਵੱਲੀਆਂ ਗਤੀਵਿਧੀਆਂ ਦਾ ਇੱਥ ਉਤੇਜਕ ਖੇਤਰ ਹੋ ਸਕਦੇ ਹਨ। ਇਸ ਰਾਹੀਂ ਸਾਡੇ ਨੌਜਵਾਨ ਵਪਾਰਕ ਉੱਦਮੀਆਂ ਵਿਚਾਲੇ ਇੱਕ ਲਾਭਦਾਇਕ ਭਾਈਵਾਲੀ ਉਸਾਰਨ ਦੀਆਂ ਵਿਲੱਖਣ ਸੰਭਾਵਨਾਵਾਂ ਦਾ ਮੌਕਾ ਮੌਜੂਦ ਹੈ, ਜਿਸ ਨਾਲ ਸਾਡੇ ਦੋਵੇਂ ਸਮਾਜਾਂ ਲਈ ਕੀਮਤਾਂ ਅਤੇ ਦੌਲਤ ਨੂੰ ਸਿਰਜਿਆ ਜਾ ਸਕਦਾ ਹੈ। ਮੈਨੂੰ ਭਰੋਾ ਹੈ ਕਿ ਸਟਾਰਟ-ਅੱਪ ਪੁਰਤਗਾਲ ਅਤੇ ਸਟਾਰਟ-ਅੱਪ ਇੰਡੀਆ ਵਿਚਾਲੇ ਜਿਹੜੀ ਭਾਈਵਾਲੀ ਕੀਤੀ ਜਾ ਰਹੀ ਹੈ, ਉਸ ਨਾਲ ਸਾਨੂੰ ਕੁਝ ਨਵਾਂ ਕਰਨ ਅਤੇ ਪ੍ਰਗਤੀ ਲਈ ਆਪਣੀ ਪਰਸਪਰ ਭਾਲ ਵਿੱਚ ਮਦਦ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਕੋਸਟਾ ਅਤੇ ਮੈਂ ਸੁਰੱਖਿਆ ਅਤੇ ਰੱਖਿਆ ਦੇ ਖੇਤਰ ਵਿੱਚ ਆਪਣੀ ਭਾਈਵਾਲੀ ਹੋਰ ਵਧਾਉਣ ਲਈ ਵੀ ਸਹਿਮਤ ਹੋਏ ਹਾਂ। ਅੱਜ ਰੱਖਿਆ ਸਹਿਯੋਗ ਬਾਰੇ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਗਏ ਹਨ, ਜਿਸ ਨਾਲ ਸਾਨੂੰ ਆਪਸੀ ਲਾਭ ਲਈ ਇਸ ਖੇਤਰ ਵਿੱਚ ਸਾਡੀਆਂ ਸਬੰਧਤ ਸ਼ਕਤੀਆਂ ਦਾ ਲਾਭ ਲੈਣ ਵਿੱਚ ਵੀ ਮਦਦ ਮਿਲੇਗੀ। ਖੇਡ ਇੱਕ ਹੋਰ ਖੇਤਰ ਹੈ, ਜਿਸ ਵਿੱਚ ਸਾਡੇ ਦੁਵੱਲੇ ਸਬੰਧਾਂ ਲਈ ਹੋਰ ਸੰਭਾਵਨਾਵਾਂ ਮੌਜੂਦ ਹਨ। ਸਾਨੂੰ ਪਤਾ ਹੈ, ਮਾਣਯੋਗ ਪ੍ਰਧਾਨ ਮੰਤਰੀ ਜੀ, ਕਿ ਤੁਸੀਂ ਸੌਕਰ ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਹੋ। ਫ਼ੁੱਟਬਾਲ ਵਿੱਚ ਪੁਰਤਗਾਲ ਦੀ ਤਾਕਤ ਅਤੇ ਭਾਰਤ ‘ਚ ਇਸ ਖੇਡ ਦੇ ਤੇਜ਼ ਰਫ਼ਤਾਰ ਵਿਕਾਸ ਨਾਲ ਖੇਡ ਅਨੁਸ਼ਾਸਨਾਂ ਵਿੱਚ ਉੱਭਰਦੀ ਭਾਈਵਾਲੀ ਦਾ ਇੱਕ ਧੁਰਾ ਕਾਇਮ ਹੋ ਸਕਦਾ ਹੈ।

ਦੋਸਤੋ,

ਭਾਰਤ ਅਤੇ ਪੁਰਤਗਾਲ ਦੇ ਵਿਚਾਰ ਬਹੁਤ ਸਾਰੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਸਾਂਝੇ ਹਨ। ਮੈਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਪੁਰਤਗਾਲ ਦੀ ਇੱਕਸੁਰ ਹਮਾਇਤ ਵਾਸਤੇ ਪ੍ਰਧਾਨ ਮੰਤਰੀ ਕੋਸਟਾ ਦਾ ਧੰਨਵਾਦ ਕੀਤਾ। ਅਸੀਂ ਮਿਸਾਇਲ ਟੈਕਨਾਲੋਜੀ ਨਿਯੰਤ੍ਰਣ ਸ਼ਾਸਨ ਵਿੱਚ ਭਾਰਤ ਦੀ ਮੈਂਬਰਸ਼ਿਪ ਲਈ ਪੁਰਤਗਾਲ ਵੱਲੋਂ ਦਿੱਤੀ ਹਮਾਇਤ ਅਤੇ ਪ੍ਰਮਾਣੂ ਸਪਲਾਇਰਜ਼ ਸਮੂਹ ਵਿੱਚ ਭਾਰਤ ਦੀ ਮੈਂਬਰਸ਼ਿਪ ਲਈ ਉਸ ਦੀ ਨਿਰੰਤਰ ਹਮਾਇਤ ਵਾਸਤੇ ਵੀ ਧੰਨਵਾਦੀ ਹਾਂ। ਅਸੀਂ ਹਿੰਸਾ ਅਤੇ ਦਹਿਸ਼ਤਗਰਦੀ ਦੇ ਤੇਜ਼ੀ ਨਾਲ ਵੱਡੇ ਪੱਧਰ ‘ਤੇ ਵਧਦੇ ਜਾ ਰਹੇ ਖ਼ਤਰਿਆਂ ਵਿਰੁੱਧ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਮਜ਼ਬੂਤ ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਉੱਤੇ ਵੀ ਵਿਚਾਰ-ਵਟਾਂਦਰਾ ਕੀਤਾ।

ਮਾਣਯੋਗ ਪ੍ਰਧਾਨ ਮੰਤਰੀ ਜੀ,

ਭਾਰਤ ਅਤੇ ਪੁਰਤਗਾਲ ਦਾ ਸਭਿਆਚਾਰਕ ਕੈਨਵਸ ਸਾਂਝਾ ਹੈ। ਅਸੀਂ ਤੁਹਾਡੇ ਪਿਤਾ ਓਰਲੈਂਡੋ ਕੋਸਟਾ ਵੱਲੋਂ ਇਸ ਸਥਾਨ ਤੇ ਗੋਆ ਦੇ ਅਤੇ ਭਾਰਤੀ-ਪੁਰਤਗਾਲੀ ਸਾਹਿਤ ਨੂੰ ਅਮੀਰ ਬਣਾਉਣ ਵਿੱਚ ਪਾਏ ਗਏ ਯੋਗਦਾਨ ਦੀ ਬੇਹੱਦ ਸ਼ਲਾਘਾ ਕਰਦੇ ਹਾਂ। ਅੱਜ, ਅਸੀਂ ਨਾਚ ਦੀਆਂ ਦੋ ਕਿਸਮਾਂ ਦੇ ਜਸ਼ਨ ਮਨਾਉਂਦਿਆਂ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ ਹੈ। ਕਲਾ ਦੀਆਂ ਇਹ ਦੋ ਕਿਸਮਾਂ, ਇੱਕ ਪੁਰਤਗਾਲੀ ਅਤੇ ਦੂਜੀ ਭਾਰਤੀ, ਸਾਡੀ ਸਭਿਆਚਾਰਕ ਸਾਂਝ ਦੀਆਂ ਅਦਭੁਤ ਉਦਾਹਰਨਾਂ ਹਨ।

ਮਾਣਯੋਗ ਪ੍ਰਧਾਨ ਮੰਤਰੀ ਜੀ,

ਅਗਲੇ ਦੋ ਦਿਨਾਂ ਦੌਰਾਨ ਭਾਰਤ ਵਿੱਚ ਤੁਹਾਡੇ ਰੁਝੇਵਿਆਂ ਅਤੇ ਯਾਤਰਾਵਾਂ ਦਾ ਇੱਕ ਉਤੇਜਨਾਪੂਰਨ ਏਜੰਡਾ ਹੈ। ਮੈਂ ਤੁਹਾਨੂੰ ਬੈਂਗਲੁਰੂ, ਗੁਜਰਾਤ ਅਤੇ ਗੋਆ ਵਿੱਚ ਤੁਹਾਡੇ ਅਤੇ ਤੁਹਾਡੇ ਵਫ਼ਦ ਦੇ ਬਿਹਤਰੀਨ ਕਿਆਮ ਤੇ ਅਨੁਭਵ ਲਈ ਸ਼ੁਭ-ਕਾਮਨਾਵਾਂ ਭੇਟ ਕਰਦਾ ਹਾਂ। ਮੇਰੀ ਸ਼ੁਭਕਾਮਨਾ ਹੈ ਕਿ ਗੋਆ ਦਾ ਤੁਹਾਡਾ ਦੌਰਾ ਯਾਦਗਾਰੀ ਰਹੇ ਅਤੇ ਤੁਸੀਂ ਆਪਣੀਆਂ ਪੁਸ਼ਤੈਨੀ ਜੜ੍ਹਾਂ ਨਾਲ ਮੁੜ ਜੁੜਨ ਦੇ ਯੋਗ ਹੋ ਸਕੋ।

ਤੁਹਾਡਾ ਧੰਨਵਾਦ।

ਤੁਹਾਡਾ ਬਹੁਤ-ਬਹੁਤ ਧੰਨਵਾਦ।


***

AKT/NT