Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੀ ਐੱਨ ਪਨਿਕਰ ਵਾਚਨ ਦਿਵਸ – ਵਾਚਨ ਮਹੀਨਾ ਸਮਾਰੋਹ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਵੱਲੋਂ ਸੰਬੋਧਨ

s20170617107706


ਵਾਚਨ ਮਹੀਨਾ ਸਮਾਰੋਹ ਦੇ ਉਦਘਾਟਨ ਮੌਕੇ ਇੱਥੇ ਪਹੁੰਚ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ । ਇਸ ਆਯੋਜਨ ਲਈ ਮੈਂ ਪੀ.ਐੱਨ ਪਨਿਕਰ ਫਾਊਂਡੇਸ਼ਨ ਦਾ ਧੰਨਵਾਦ ਕਰਦਾ ਹਾਂ ਅਤੇ ਵਧਾਈ ਦੇਂਦਾ ਹਾਂ । ਵਾਚਨ ਤੋਂ ਵੱਡਾ ਕੋਈ ਅਨੰਦ ਨਹੀਂ ਹੋ ਸਕਦਾ ਅਤੇ ਗਿਆਨ ਤੋਂ ਵੱਡੀ ਕੋਈ ਤਾਕਤ ਨਹੀਂ ਹੋ ਸਕਦੀ ।

ਦੋਸਤੋ !

ਕੇਰਲ ਪੜ੍ਹਾਈ ਦੇ ਖੇਤਰ ਵਿੱਚ ਸਮੁੱਚੇ ਰਾਸ਼ਟਰ ਦਾ ਮੋਹਰੀ ਅਤੇ ਪ੍ਰੇਰਨਾ ਬਣਿਆ ਰਹਿਆ ਹੈ । ਪਹਿਲਾ 100 ਪ੍ਰਤੀਸ਼ਤ ਪੜ੍ਹਿਆ ਲਿਖਿਆ ਸ਼ਹਿਰ ਅਤੇ ਪਹਿਲਾ 100 ਪ੍ਰਤੀਸ਼ਤ ਸਿਖਿਅਤ ਜ਼ਿਲ੍ਹਾ ਕੇਰਲ ਤੋਂ ਹੀ ਹੈ । 100 ਪ੍ਰਤੀਸ਼ਤ ਪ੍ਰਾਇਮਰੀ ਵਿਦਿਆ ਹਾਸਲ ਕਰਨ ਵਾਲਾ ਪਹਿਲਾ ਪ੍ਰਾਂਤ ਵੀ ਕੇਰਲ ਹੀ ਸੀ । ਮੁਲਕ ਦੇ ਕੁਝ ਸਭ ਤੋਂ ਪੁਰਾਣੇ ਕਾਲਜ, ਸਕੂਲ ਅਤੇ ਲਾਇਬ੍ਰੇਰੀਆਂ ਵੀ ਕੇਰਲ ਵਿੱਚ ਹੀ ਸਥਿਤ ਹਨ ।

ਇਹ ਸਭ ਇਕੱਲੀ ਸਰਕਾਰ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸੀ । ਨਾਗਰਿਕਾਂ ਅਤੇ ਸਮਾਜਕ ਜਥੇਬੰਦੀਆਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਮਹੱਤਵਪੂਰਨ ਰੋਲ ਅਦਾ ਕੀਤਾ ਹੈ । ਇਸ ਸਬੰਧ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਕੇਰਲ ਨੇ ਇੱਕ ਮਿਸਾਲ ਕਾਇਮ ਕੀਤੀ ਹੈ । ਮੈਂ ਸਵਰਗਵਾਸੀ ਸ਼੍ਰੀ ਪੀ.ਐੱਨ.ਪਨਿਕਰ ਜਿਹੇ ਲੋਕਾਂ ਅਤੇ ਉਸ ਦੀ ਫਾਊਂਡੇਸ਼ਨ ਦੀ ਪ੍ਰਸ਼ੰਸਾ ਕਰਦਾ ਹਾਂ । ਸ਼੍ਰੀ ਪੀ.ਐੱਨ ਪਨਿਕਰ ਕੇਰਲ ਵਿੱਚਲੇ ਲਾਇਬ੍ਰੇਰੀ ਨੈੱਟਵਰਕ ਪਿੱਛੇ ਮੁੱਖ ਸ਼ਕਤੀ ਸਨ । ਇਹ ਸਭ ਉਹਨਾਂ ਨੇ 1945 ਵਿੱਚ 47 ਦਿਹਾਤੀ ਲਾਇਬ੍ਰੇਰੀਆਂ ਨਾਲ ਕੇਰਲ ਗ੍ਰੰਧਾਸ਼ਾਲਾ ਸੰਘਮ (Kerala Grandhasala Sangham) ਦੀ ਸਥਾਪਨਾ ਰਾਹੀਂ ਕੀਤਾ ।

ਮੇਰਾ ਵਿਸ਼ਵਾਸ ਹੈ ਕਿ ਵਾਚਨ ਅਤੇ ਗਿਆਨ, ਕੰਮ ਨਾਲ ਸਬੰਧਤ ਪੱਖਾਂ ਤੱਕ ਹੀ ਸੀਮਤ ਨਹੀਂ ਹੋਣੇ ਚਾਹੀਦੇ । ਇਸ ਨੂੰ ਸਮਾਜਕ ਜ਼ਿੰਮੇਵਾਰੀਆਂ ਦੀ ਆਦਤ ਵਿਕਸਤ ਕਰਨ, ਰਾਸ਼ਟਰ ਸੇਵਾ ਅਤੇ ਮਨੁੱਖਤਾ ਦੀ ਸੇਵਾ ਵਿੱਚ ਸਹਾਇੱਕ ਹੋਣਾ ਚਾਹੀਦਾ ਹੈ । ਇਸ ਨੂੰ ਰਾਸ਼ਟਰ ਅਤੇ ਸਮਾਜ ਵਿੱਚਲੀਆਂ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਹੈ । ਇਸ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਸ਼ਾਂਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ।

ਕਿਹਾ ਜਾਂਦਾ ਹੈ ਕਿ ਇੱਕ ਸਿਖਿਅਤ ਔਰਤ ਦੋ ਪਰਿਵਾਰਾਂ ਨੂੰ ਪੜ੍ਹਾ ਸਕਦੀ ਹੈ । ਕੇਰਲ ਨੇ ਇਸ ਦਾ ਅਨੁਸਰਨ ਕਰਦੇ ਹੋਏ ਮਿਸਾਲ ਕਾਇਮ ਕੀਤੀ ਹੈ ।

ਮੈਨੂੰ ਪਤਾ ਲੱਗਾ ਹੈ ਕਿ ਪੀ.ਐੱਨ ਪਨਿਕਰ ਫਾਊਂਡੇਸ਼ਨ ਕਈ ਸਰਕਾਰੀ ਏਜੰਸੀਆਂ, ਪ੍ਰਾਈਵੇਟ ਸੈਕਟਰ ਸੰਸਥਾਵਾਂ ਅਤੇ ਸਿਵਲ ਸੋਸਾਇਟੀ ਜਥੇਬੰਦੀਆਂ ਨਾਲ ਮਿਲ ਕੇ ਵਾਚਨ ਸਬੰਧੀ ਪਹਿਲਕਦਮੀ ਦੀ ਅਗਵਾਈ ਕਰ ਰਹੀ ਹੈ ।

2022 ਤੱਕ 300 ਮਿਲਿੀਅਨ ਗ਼ਰੀਬ ਲੋਕਾਂ ਤੱਕ ਪਹੁੰਚ ਕਰਨਾ ਉਸਦਾ ਟੀਚਾ ਹੈ । ਇਸ ਮਿਸ਼ਨ ਦਾ ਮੁੱਖ ਮੰਤਵ ਵਿਕਾਸ ਅਤੇ ਖੁਸ਼ਹਾਲੀ ਲਈ ਵਾਚਨ ਨੂੰ ਇੱਕ ਸਾਧਨ ਦੇ ਤੌਰ `ਤੇ ਉਤਸ਼ਾਹਤ ਕਰਨਾ ਹੈ ।

ਵਾਚਨ ਮਨੁੱਖ ਦੀ ਸੋਚ ਨੂੰ ਵਿਸ਼ਾਲ ਕਰਨ ਵਿੱਚ ਸਹਾਈ ਹੋ ਸਕਦਾ ਹੈ । ਚੰਗੀ ਪੜ੍ਹੀ ਲਿਖੀ ਜਨਸੰਖਿਆ ਭਾਰਤ ਨੂੰ ਵਿਸ਼ਵ ਪੱਧਰ ਤੇ ਅਗਾਂਹ ਲੈ ਜਾਣ ਵਿੱਚ ਸਹਾਈ ਹੋਵੇਗੀ । ਜਦ ਮੈਂ ਪ੍ਰਾਂਤ ਦਾ ਮੁੱਖ ਮੰਤਰੀ ਸੀ, ਮੈਂ ਇਸੇ ਭਾਵਨਾ ਨਾਲ VANCHE GUJARAT ਨਾਮ ਦਾ ਐਸਾ ਹੀ ਅੰਦੋਲਨ ਸ਼ੁਰੂ ਕੀਤਾ ਸੀ । ਇਸ ਦਾ ਮਤਲਬ ਹੈ “ਗੁਜਰਾਤ ਪੜ੍ਹਦਾ ਹੈ” । ਲੋਕਾਂ ਨੂੰ ਪੜ੍ਹਨ ਲਈ ਉਤਸ਼ਾਹਤ ਕਰਨ ਵਾਸਤੇ ਮੈਂ ਜਨਤਕ ਲਾਇਬ੍ਰੇਰੀ ਜਾਂਦਾ ਸੀ । ਇਸ ਅੰਦੋਲਨ ਦਾ ਨਿਸ਼ਾਨਾ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਸੀ । ਮੈਂ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਪਿੰਡ ਵਿੱਚ ਕਿਤਾਬਾਂ ਦਾ ਮੰਦਰ – ਗ੍ਰੰਥ-ਮੰਦਰ ਬਣਾਉਣ ਬਾਰੇ ਵਿਚਾਰ ਕਰਨ । ਇਹ 50 ਜਾਂ 100 ਕਿਤਾਬਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਸੀ ।

ਮੈਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਆਗਤ ਵਜੋਂ ਗੁਲਦਸਤੇ ਦੀ ਜਗ੍ਹਾ ਕਿਤਾਬ ਭੇਂਟ ਕਰਨ । ਅਜਿਹਾ ਚਲਣ ਬੜਾ ਫਰਕ ਪਾ ਸਕਦਾ ਹੈ ।

ਦੋਸਤੋ !

ਉਪਨਿਸ਼ਦਾਂ ਦੇ ਸਮੇਂ ਤੋਂ ਹੀ ਗਿਆਨਵਾਨ ਲੋਕਾਂ ਨੂੰ ਸਦੀਆਂ ਤੱਕ ਇਜ਼ਤ ਮਿਲਦੀ ਰਹੀ ਹੈ । ਹੁਣ ਅਸੀਂ ਸੂਚਨਾ ਯੁਗ ਵਿੱਚ ਹਾਂ । ਇੱਥੋਂ ਤੱਕ ਕਿ ਅੱਜ ਵੀ ਗਿਆਨ ਸਭ ਤੋਂ ਅੱਛਾ ਮਾਰਗਦਰਸ਼ਕ ਹੈ ।

ਮੈਨੂੰ ਦੱਸਿਆ ਗਿਆ ਹੈ ਕਿ ਡਿਜੀਟਲ ਲਾਇਬ੍ਰੇਰੀਆਂ ਦੇ ਪ੍ਰਯੋਗਕ ਪ੍ਰੋਜੈਕਟ ਵਜੋਂ ਪਨਿਕਰ ਫਾਊਂਡੇਸ਼ਨ ਇੰਡੀਅਨ ਪਬਲਿਕ ਲਾਇਬ੍ਰੇਰੀ ਮੂਵਮੈਂਟ, ਨਵੀਂ ਦਿੱਲੀ ਦੇ ਸਹਿਯੋਗ ਨਾਲ ਪ੍ਰਾਂਤ ਦੀਆਂ 18 ਲਾਇਬ੍ਰੇਰੀਆਂ ਨਾਲ ਕੰਮ ਕਰ ਰਹੀ ਹੈ ।

ਮੈਂ ਇਹੋ ਜਿਹਾ ਵਾਚਨ ਅਤੇ ਇਹੋ ਜਿਹਾ ਲਾਇਬ੍ਰੇਰੀ ਅੰਦੋਲਨ ਸਾਰੇ ਦੇਸ਼ ਵਿੱਚ ਵੇਖਣਾ ਚਾਹਾਂਗਾ । ਅੰਦੋਲਨ ਲੋਕਾਂ ਨੂੰ ਸਾਖਰ ਬਣਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ । ਇਸ ਨੂੰ ਸਮਾਜਕ ਅਤੇ ਆਰਥਕ ਤਬਦੀਲੀ ਦਾ ਅਸਲੀ ਮਕਸਦ ਹਾਸਲ ਕਰਨ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ । ਚੰਗੇ ਗਿਆਨ ਦੀ ਬੁਨਿਆਦ ਉੱਪਰ ਇੱਕ ਬਿਹਤਰ ਸਮਾਜ ਦੀ ਰਚਨਾ ਹੋਣੀ ਚਾਹੀਦੀ ਹੈ ।

ਮੈਨੂੰ ਖੁਸ਼ੀ ਹੈ ਕਿ ਰਾਜ ਸਰਕਾਰ ਨੇ 19 ਜੂਨ ਨੂੰ ਵਾਚਨ ਦਿਵਸ ਘੋਸ਼ਤ ਕੀਤਾ ਹੈ । ਜ਼ਾਹਿਰ ਹੈ ਕਿ ਇਸ ਨੂੰ ਇੱਕ ਹਰਮਨਪਿਆਰੀ ਸਰਗਰਮੀ ਬਣਾਉਣ ਵਾਸਤੇ ਬਹੁਤ ਪ੍ਰਯਤਨ ਕੀਤੇ ਜਾਣਗੇ ।

ਭਾਰਤ ਸਰਕਾਰ ਨੇ ਵੀ ਫਾਊਂਡੇਸ਼ਨ ਦੀਆਂ ਸਰਗਰਮੀਆਂ ਲਈ ਹਮਾਇਤ ਪ੍ਰਦਾਨ ਕੀਤੀ ਹੈ । ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਫਾਊਂਡੇਸ਼ਨ ਨੂੰ 1.20 ਕਰੋੜ ਰੁਪਏ ਦਿੱਤੇ ਗਏ ਹਨ ।

ਮੈਂ ਇਹ ਦੇਖ ਕੇ ਵੀ ਖੁਸ਼ ਹਾਂ ਕਿ ਫਾਊਂਡੇਸ਼ਨ ਹੁਣ ਡਿਜੀਟਲ ਸਾਖਰਤਾ ਵੱਲ ਧਿਆਨ ਦੇ ਰਹੀ ਹੈ । ਇਹ ਸਮੇਂ ਦੀ ਮੰਗ ਹੈ ।

ਦੋਸਤੋ !

ਮੈਂ ਲੋਕ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਹਾਂ । ਇਸ ਵਿੱਚ ਇੱਕ ਬਿਹਤਰ ਸਮਾਜ ਅਤੇ ਰਾਸ਼ਟਰ ਬਣਾਉਣ ਦੀ ਸਮਰੱਥਾ ਹੈ ।

ਮੈਂ ਸਰੋਤਿਆਂ ਵਿੱਚ ਬੈਠੇ ਹਰ ਨੌਜਵਾਨ ਨੂੰ ਤਾਕੀਦ ਕਰਦਾ ਹਾਂ ਕਿ ਉਹ ਵਾਚਨ ਕਰਨ ਦੀ ਸਹੁੰ ਚੁੱਕੇ ਅਤੇ ਹਰ ਕਿਸੇ ਨੂੰ ਅਜਿਹਾ ਕਰਨ ਦੇ ਯੋਗ ਬਣਾਏ । ਇਕੱਠੇ ਹੋ ਕੇ ਅਸੀਂ ਇੱਕ ਵਾਰ ਫਿਰ ਭਾਰਤ ਨੂੰ ਬੁੱਧੀ ਅਤੇ ਗਿਆਨ ਦੀ ਭੂਮੀ ਬਣਾ ਸਕਦੇ ਹਾਂ । ਤੁਹਾਡਾ ਧੰਨਵਾਦ ।

***

AKT/SH