ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਪੁਸ਼ਪ ਕਮਲ ਦਹਲ ‘ਪ੍ਰਚੰਡ’ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕੀਤੀ।
ਦੋਨੋਂ ਪ੍ਰਧਾਨ ਮੰਤਰੀਆਂ ਨੇ ਨੇਪਾਲ ਦੇ ਰਾਸ਼ਟਰਪਤੀ ਮਾਣਯੋਗ ਬਿਦਿਆ ਦੇਵੀ ਭੰਡਾਰੀ ਦੇ ਸਫ਼ਲ ਭਾਰਤ ਦੌਰੇ ਸਮੇਤ ਭਾਰਤ-ਨੇਪਾਲ ਸਬੰਧਾਂ ਦੇ ਹਾਲੀਆ ਵਿਕਾਸ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਪ੍ਰਚੰਡ ਨੇ ਸੰਵਿਧਾਨ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਸਾਰੇ ਹਿੱਤਧਾਰਕਾਂ ਨੂੰ ਲੈਣ ਲਈ ਆਪਣੀ ਸਰਕਾਰ ਦੇ ਚਲ ਰਹੇ ਉਪਰਾਲਿਆਂ ਸਬੰਧੀ ਦੱਸਿਆ। ਪ੍ਰਧਾਨ ਮੰਤਰੀ ਪ੍ਰਚੰਡ ਨੇ ਲਗਭਗ ਵੀਹ ਸਾਲਾਂ ਵਿੱਚ ਪਹਿਲੀ ਵਾਰ ਸਥਾਨਕ ਚੋਣਾਂ ਕਰਾਉਣ ਬਾਰੇ ਦੱਸਿਆ ਅਤੇ ਭਾਰਤ ਨੂੰ ਇਸ ਸਬੰਧ ਵਿੱਚ ਸਹਾਇਤਾ ਕਰਨ ਦੀ ਬੇਨਤੀ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਲੋਕਾਂ ਅਤੇ ਸਰਕਾਰ ਵੱਲੋਂ ਨੇਪਾਲ ਦੇ ਮਿੱਤਰਤਾ ਭਰਪੂਰ ਲੋਕਾਂ ਨੂੰ ਸ਼ਾਂਤੀ, ਸਥਿਰਤਾ ਅਤੇ ਸਮਾਜਿਕ-ਆਰਥਿਕ ਤਬਦੀਲੀ ਲਈ ਰਾਸ਼ਟਰੀ ਉਪਰਾਲੇ ਕਰਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਪ੍ਰਧਾਨ ਮੰਤਰੀ ਪ੍ਰਚੰਡ ਨੂੰ ਸਥਾਨਕ ਚੋਣਾਂ ਵਿੱਚ ਭਾਰਤ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਯਕੀਨ ਦਿਵਾਇਆ।
ਦੋਨੋਂ ਪ੍ਰਧਾਨ ਮੰਤਰੀਆਂ ਨੇ ਦੋਨੋਂ ਦੇਸ਼ਾਂ ਦੇ ਲੋਕਾਂ ਲਈ ਅਗਾਂਹਵਧੂ ਬਹੁਯਾਮੀ ਭਾਰਤ-ਨੇਪਾਲ ਸਹਿਯੋਗੀ ਸਬੰਧਾਂ ਪ੍ਰਤੀ ਵਚਨਬੱਧਤਾ ਦਰਸਾਈ।
****
AKT/SH