ਜਪਾਨ-ਭਾਰਤ ਸਾਂਸਦਾਂ ਮਿੱਤਰਤਾ ਲੀਗ (Japan-India Parliamentarians Friendship League- ਜੇਆਈਪੀਐੱਫਐਲ) ਦੇ ਮੈਂਬਰਾਂ ਦੇ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਵਫ਼ਦ ਦੀ ਅਗਵਾਈ ਸ਼੍ਰੀ ਹਿਰੋਯੂਕੀ ਹਸੋਦਾ (Mr. Hiroyuki Hosoda) ਨੇ ਕੀਤੀ ਅਤੇ ਵਫ਼ਦ ਵਿੱਚ ਸ਼੍ਰੀ ਕਾਤਾਸੁਯਾ ਅੋਕਾਡਾ, ਮਾਸਾਹਾਰੂ ਨਾਕਾਗਾਵਾ, ਸ਼੍ਰੀ ਨਾਓਕਾਜ਼ੂ ਤਾਕੇਮੋਟੋ ਅਤੇ ਸ਼੍ਰੀ ਯੋਸ਼ਿਅਕੀ ਵਾਡਾ (Mr. Katsuya Okada, Masaharu Nakagawa, Mr. Naokazu Takemoto and Mr. Yoshiaki Wada) ਸ਼ਾਮਲ ਸਨ।
ਜੇਆਈਪੀਐੱਫਐਲ ਵਫ਼ਦ ਨੇ 18 ਸਤੰਬਰ, 2016 ਨੂੰ ਜੰਮੂ ਅਤੇ ਕਸ਼ਮੀਰ ਵਿੱਚ ਸਰਹੱਦੋਂ ਪਾਰ ਕੀਤੇ ਗਏ ਆਤੰਕੀ ਹਮਲੇ ਦੇ ਪੀੜਤਾਂ ਪ੍ਰਤੀ ਦੁਖ ਪ੍ਰਗਟਾਇਆ।
ਜੇਆਈਪੀਐੱਫਐਲ ਵਫ਼ਦ ਨੇ ਦਹਿਸ਼ਤਗਰਦੀ ਦੇ ਗਲੋਬਲ ਖਤਰੇ ਖਿਲਾਫ਼ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਅਤੇ ਦਹਿਸ਼ਤਗਰਦੀ ਦੇ ਪ੍ਰਾਯੋਜਕ ਰਾਸ਼ਟਰਾਂ ਨੂੰ ਅਲੱਗ ਥਲੱਗ ਕਰਨ ਲਈ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਸਾਂਝੇ ਯਤਨਾਂ ਦੇ ਸੱਦੇ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨੇ ਆਪਣੀ 2014 ਦੀ ਸਫਲ ਜਪਾਨ ਯਾਤਰਾ ਨੂੰ ਯਾਦ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਟੋਕੀਓ ਵਿਖੇ ਜੇਆਈਪੀਐੱਫਐਲ ਨਾਲ ਗੱਲਬਾਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਜਪਾਨ ਨੇ ਦਹਾਕਿਆਂ ਲਈ ਕਈ ਖੇਤਰਾਂ ਵਿੱਚ ਮਜ਼ਬੂਤ ਸਹਿਯੋਗ ਦੀ ਨੀਂਹ ਰੱਖੀ ਹੈ।
ਜੇਆਈਪੀਐੱਫਐਲ ਵਫ਼ਦ ਨੇ ਕਿਹਾ ਕਿ ਜਪਾਨ ਅਤੇ ਭਾਰਤ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਜਪਾਨ ਵਿੱਚ ਦੋਪੱਖੀ ਸਮਰਥਨ (bipartisan support) ਹੈ ਅਤੇ ਉਨ੍ਹਾਂ ਨੇ ਉੱਚ ਤਕਨਾਲੋਜੀ ਸਹਿਯੋਗ ਵਿਸ਼ੇਸ਼ ਤੌਰ ‘ਤੇ ਹਾਈ ਸਪੀਡ ਰੇਲਵੇ ਵਿੱਚ ਹਾਸਲ ਕੀਤੀ ਪ੍ਰਗਤੀ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 2015 ਵਿੱਚ ਭਾਰਤ ਵਿੱਚ ਪ੍ਰਧਾਨ ਮੰਤਰੀ ਅਬੇ ਦਾ ਦੌਰਾ ਸਾਡੇ ਦੁਵੱਲੇ ਸਬੰਧਾਂ ਦੇ ਇਤਿਹਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਉਹ ਨੇੜਲੇ ਭਵਿੱਖ ਵਿੱਚ ਜਪਾਨ ਯਾਤਰਾ ਕਰਨ ਦਾ ਇੰਤਜ਼ਾਰ ਕਰ ਰਹੇ ਹਨ।
ਏਕੇਟੀ/ਏਕੇ