Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੋਆ ‘ਚ ਤੁਆਮ ਵਿਖੇ ਮੋਪਾ ਗ੍ਰੀਨ ਫ਼ੀਲਡ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਇਲੈਕਟ੍ਰੌਨਿਕ ਸਿਟੀ ਦਾ ਨੀਂਹ ਪੱਥਰ ਰੱਖਣ ਦੀ ਰਸਮ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਗੋਆ ‘ਚ ਤੁਆਮ ਵਿਖੇ ਮੋਪਾ ਗ੍ਰੀਨ ਫ਼ੀਲਡ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਇਲੈਕਟ੍ਰੌਨਿਕ ਸਿਟੀ ਦਾ ਨੀਂਹ ਪੱਥਰ ਰੱਖਣ ਦੀ ਰਸਮ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਸ੍ਰੀ ਲਕਸ਼ਮੀਕਾਂਤ ਜੀ ਆਖ ਰਹੇ ਸਨ ਕਿ ਮੈਂ ਦੇਰ ਰਾਤ ਜਪਾਨ ਤੋਂ ਆਇਆ ਅਤੇ ਸਵੇਰੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਿਆ। ਇੱਥੋਂ ਕਰਨਾਟਕ ਜਾਵਾਂਗਾ, ਕਰਨਾਟਕ ਤੋਂ ਮਹਾਰਾਸ਼ਟਰ ਜਾਵਾਂਗਾ ਅਤੇ ਦੇਰ ਰਾਤ ਦਿੱਲੀ ‘ਚ ਜਾ ਕੇ ਵੀ ਮੀਟਿੰਗ ਕਰਾਂਗਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਦੇ ਕਿਸੇ ਰਾਜ ਵਿੱਚ ਇੱਕ ਰਾਤ ਤੋਂ ਵੱਧ ਮੈਂ ਕਿਤੇ ਮੁਕਾਮ ਕੀਤਾ, ਤਾਂ ਗੋਆ ਵਿੱਚ ਕੀਤਾ। ਮੈਂ ਅੱਜ ਵਿਅਕਤੀਗਤ ਤੌਰ ‘ਤੇ ਗੋਆ ਦੇ ਲੱਖਾਂ ਨਾਗਰਿਕਾਂ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ, ਧੰਨਵਾਦ ਕਰਨਾ ਚਾਹੁੰਦਾ ਹੈ, ਗੋਆ ਸਰਕਾਰ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ। ਮਨੋਹਰ ਜੀ, ਲਕਸ਼ਮੀਕਾਂਤ ਜੀ, ਉਨ੍ਹਾਂ ਦੀ ਸਮੁੱਚੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ।

ਕਈ ਵਰ੍ਹਿਆਂ ਬਾਅਦ ਇੱਕ ਬਹੁਤ ਵੱਡਾ ਅੰਤਰਰਾਸ਼ਟਰੀ event BRICS summit ਗੋਆ ‘ਚ ਆਯੋਜਿਤ ਹੋਇਆ ਅਤੇ ਇੰਨੇ ਸ਼ਾਨਦਾਰ ਢੰਗ ਨਾਲ ਇਸ ਦੀ ਯੋਜਨਾ ਹੋਈ ਕਿ ਅੱਜ ਸਮੁੱਚੇ ਵਿਸ਼ਵ ਵਿੱਚ ਜਿੰਨੇ ਵੀ ਵੱਡੇ ਨੇਤਾ ਤੁਸੀਂ ਮੰਨਦੇ ਹੋ, ਉਨ੍ਹਾਂ ਦੀ ਜ਼ੁਬਾਨ ਉੱਤੇ ਗੋਆ, ਗੋਆ, ਗੋਆ। ਇਸ ਲਈ ਮੈਂ ਸਾਰੇ ਗੋਆ-ਵਾਸੀਆਂ ਦੀ, ਗੋਆ ਸਰਕਾਰ ਦੀ, ਮੁੱਖ ਮੰਤਰੀ ਦੀ, ਮਨੋਹਰ ਜੀ ਦੀ, ਉਨ੍ਹਾਂ ਸਾਰੇ ਸਾਥੀਆਂ ਦੀ ਜੀਅ ਭਰ ਕੇ ਸ਼ਲਾਘਾ ਕਰਦਾ ਹਾਂ, ਅਭਿਨੰਦਨ ਕਰਦਾ ਹਾਂ ਕਿਉਂਕਿ ਇਸ ਨਾਲ ਸਿਰਫ਼ ਗੋਆ ਹੀ ਨਹੀਂ, ਸਮੁੱਚੇ ਹਿੰਦੁਸਤਾਨ ਦੀ ਇੱਜ਼ਤ ਵਧੀ ਹੈ, ਸਮੁੱਚੇ ਹਿੰਦੁਸਤਾਨ ਦਾ ਗੌਰਵ ਵਧਿਆ ਹੈ ਅਤੇ ਤੁਹਾਡੇ ਕਾਰਨ ਵਧਿਆ ਹੈ, ਤਾਂ ਤੁਸੀਂ ਸੁਭਾਵਕ ਅਭਿਨੰਦਨ ਦੇ ਅਧਿਕਾਰੀ ਹੋ।

ਭਰਾਵੋ-ਭੈਣੋ, ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਤੁਸੀਂ ਵੇਖਿਆ ਹੋਵੇਗਾ ਕਿ ਗੋਆ ਵਿੱਚ ਸਿਆਸੀ ਅਸਥਿਰਤਾ ਦੀ ਬੀਮਾਰੀ ਨੇ ਇਸ ਤਰ੍ਹਾਂ ਗੋਆ ਨੂੰ ਬਰਬਾਦ ਕੀਤਾ। ਪਤਾ ਨਹੀਂ, ਕੀ-ਕੀ ਹੁੰਦਾ ਸੀ, ਤੁਹਾਨੂੰ ਪਤਾ ਹੈ। ਕਦੇ ਇੱਧਰ ਤਾਂ ਕਦੇ ਉੱਧਰ, ਕਦੇ ਉੱਧਰ, ਤੇ ਕਦੇ ਉੱਧਰ। ਇਸ ਸਿਆਸੀ ਅਸਥਿਰਤਾ ਨੇ ਗੋਆ ਦੀ ਜੋ ਸਮਰੱਥਾ ਹੈ, ਗੋਆ ਦੇ ਲੋਕਾਂ ਦੀ ਜੋ ਸ਼ਕਤੀ ਹੈ, ਉਸ ਨੂੰ ਕਦੇ ਵਧਣ-ਫੁੱਲਣ ਦਾ ਮੌਕਾ ਹੀ ਨਹੀਂ ਦਿੱਤਾ। ਮੈਂ ਖ਼ਾਸ ਤੌਰ ‘ਤੇ ਮਨੋਹਰ ਜੀ ਦਾ ਅਭਿਨੰਦਨ ਕਰਦਾ ਹਾਂ ਕਿ ਉਹ ਇੱਕ Political culture ਨੂੰ ਲਿਆਏ ਹਨ। ਇਸ ਕਾਰਨ ਉਨ੍ਹਾਂ ਨੁੰ ਝੱਲਣਾ ਵੀ ਪਿਆ ਹੈ, ਉਨ੍ਹਾਂ ਨੂੰ ਚੰਗੇ-ਚੰਗੇ ਦੋਸਤ ਗੁਆਉਣੇ ਵੀ ਪਏ ਹਨ। ਪਰ ਇੱਕੋ-ਇੱਕ ਇਰਾਦਾ ਗੋਆ ਨੂੰ ਨਵੇਂ ਸਿਖ਼ਰਾਂ ਉੱਤੇ ਲੈ ਜਾਣਾ ਹੈ। ਇਸ ਲਈ ਗੋਆ ਵਿੱਚ stability , ਪੰਜ ਸਾਲਾਂ ਤੱਕ ਇੱਕ ਸਰਕਾਰ ਚੱਲੇ, ਨੀਤੀਆਂ ਦੇ ਆਧਾਰ ਉੱਤੇ ਚੱਲੇ, ਗੋਆ ਦੇ ਵਿਕਾਸ ਲਈ ਚੱਲੇ, ਲੋਕ ਭਲਾਈ ਦੇ ਹਿਤ ਲਈ ਚੱਲੇ, ਇਹ ਉਨ੍ਹਾਂ ਕਰ ਕੇ ਵਿਖਾਇਆ ਹੈ ਅਤੇ 2012 ਤੋਂ 2017 ਤੱਕ ਦੀ ਸਥਿਰਤਾ ਦਾ ਲਾਭ ਭਰਪੂਰ ਮਾਤਰਾ ਵਿੱਚ ਗੋਆ ਨੂੰ ਹਾਸਲ ਹੋਇਆ ਹੈ, ਇਸ ਲਈ ਮੈਂ ਇੱਥੇ ਦੋਵੇਂ ਪਾਰਟੀਆਂ, ਜੋ ਮਿਲ ਕੇ ਸਰਕਾਰ ਚਲਾ ਰਹੀਆਂ ਹਨ ਅਤੇ ਸਭ ਤੋਂ ਵੱਡੀ ਗੱਲ political stability ਦਿੱਤੀ ਹੈ, ਇਸ ਲਈ ਕਿਉਂਕਿ ਸਥਿਰ ਸਰਕਾਰ ਨੂੰ ਚੁਣਨਾ ਜਨਤਾ ਦੇ ਹੱਥ ਵਿੱਚ ਹੁੰਦਾ ਹੈ ਅਤੇ ਗੋਆ ਦੀ ਜਨਤਾ ਨੇ ਸਥਿਰ ਸਰਕਾਰ ਦੀ ਤਾਕਤ ਨੂੰ ਸਮਝਿਆ ਹੈ, ਇਸ ਲਈ ਮੈਂ ਉਨ੍ਹਾਂ ਨੂੰ ਬਹੁਤ-ਬਹੁਤ ਅਭਿਨੰਦਨ ਦਿੰਦਾ ਹਾਂ, ਵੰਦਨ ਕਰਦਾ ਹਾਂ।

ਮੈਨੂੰ ਅੱਜ ਇੰਨੀ ਖ਼ੁਸ਼ੀ ਹੋ ਰਹੀ ਹੈ, ਇਸ ਗੱਲ ਦੀ। ਮੈਂ ਪ੍ਰਧਾਨ ਮੰਤਰੀ ਹਾਂ, ਪਰ ਸਭ ਨੂੰ ਪਤਾ ਹੈ ਕਿ ਮੈਂ ਕਿਸ ਪਾਰਟੀ ਨਾਲ ਹਾਂ। ਲਕਸ਼ਮੀਕਾਂਤ ਜੀ ਮੁੱਖ ਮੰਤਰੀ ਹਨ, ਸਭ ਨੂੰ ਪਤਾ ਹੈ, ਕਿਸ ਪਾਰਟੀ ਨਾਲ ਹਨ। ਅਸੀਂ ਇੱਕ-ਦੂਜੇ ਦੀ ਤਾਰੀਫ਼ ਕਰੀਏ, ਤਾਂ ਲੋਕਾਂ ਨੂੰ ਲਗੇਗਾ, ਹਾਂ ਠੀਕ ਹੈ, ਤੁਸੀਂ ਤਾਂ ਬੋਲੋਗੇ ਹੀ ਨਾ, ਪਰ ਮੈਨੂੰ ਖ਼ੁਸ਼ੀ ਹੋਈ ਕਿ ਇੱਕ ਹਫ਼ਤਾ ਪਹਿਲਾਂ ਇੱਕ independent agency ਨੇ, ਇੱਕ ਬਹੁਤ ਵੱਡੇ ਮੀਡੀਆ ਹਾਊਸ ਨੇ ਹਿੰਦੁਸਤਾਨ ਦੇ ਛੋਟੇ ਸੂਬਿਆਂ ਦਾ ਜਾਇਜ਼ਾ ਲਿਆ। ਵੱਖੋ-ਵੱਖਰੇ ਪੈਰਾਮੀਟਰ ਉੱਤੇ ਸਰਵੇ ਕੀਤਾ ਅਤੇ ਅੱਜ ਮੈਨੂੰ ਖ਼ੁਸ਼ੀ ਹੋ ਰਹੀ ਹੈ ਕਿ ਮੇਰੇ ਇਨ੍ਹਾਂ ਸਾਥੀਆਂ ਨੇ, ਛੋਟੇ ਰਾਜਾਂ ਵਿੱਚ ਗੋਆ ਨੂੰ ਇੱਕ ਚਮਕਦੇ ਸਿਤਾਰੇ ਵਾਂਗ ਪੇਸ਼ ਕਰ ਦਿੱਤਾ ਹੈ। ਦੇਸ਼ ਦੇ ਸਾਰੇ ਛੋਟੇ ਰਾਜਾਂ ਵਿੱਚ ਤੇਜ਼ ਰਫ਼ਤਾਰ ਨਾਲ ਭਾਵੇਂ social security ਦਾ ਮਸਲਾ ਹੋਵੇ, ਸਿਹਤ ਦਾ ਮਸਲਾ ਹੋਵੇ, ਇਨਫ਼ਰਾਸਟਰੱਕਚਰ ਦਾ ਖੇਤਰ ਹੋਵੇ, ਗੋਆ ਨੂੰ ਤੇਜ਼ ਰਫ਼ਤਾਰ ਨਾਲ ਨਵੇਂ ਸਿਖ਼ਰਾਂ ਉੱਤੇ ਲੈ ਗਏ ਹਨ ਅਤੇ ਗੋਆ ਨੰਬਰ 1 ਬਣਿਆ ਹੈ। ਅਤੇ ਇਸ ਵਿੱਚ ਗੋਆ ਵਾਸੀਆਂ ਦਾ ਯੋਗਦਾਨ ਹੈ ਹੀ ਹੈ, ਉਸ ਦੇ ਬਿਨਾ ਇਹ ਸੰਭਵ ਨਹੀਂ ਹੁੰਦਾ ਅਤੇ ਇਸ ਲਈ ਮੈਂ ਅੱਜ ਇਸ ਮੌਕੇ ਜਿੰਨਾ ਅਭਿਨੰਦਨ ਕਰਾਂ, ਜਿੰਨਾ ਧੰਨਵਾਦ ਕਰਾਂ, ਓਨਾ ਘੱਟ ਹੈ।

ਮੈਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸਾਂ, ਮਨੋਹਰ ਜੀ ਇੱਥੇ ਮੁੱਖ ਮੰਤਰੀ ਸਨ। ਤਾਂ ਮੈਂ ਇੱਕ secret ਦੱਸਦਾ ਹਾਂ ਤੁਹਾਨੂੰ। ਮਨੋਹਰ ਜੀ ਜੋ ਗੱਲ ਦਸ ਵਾਕਾਂ ਵਿੱਚ ਬੋਲਣੀ ਹੋਵੇ, ਉਹ ਇੱਕ ਵਾਕ ਵਿੱਚ ਦੱਸ ਦਿੰਦੇ ਹਨ। ਤਦ ਕਦੇ-ਕਦੇ ਸਮਝਣ ਵਿੱਚ ਔਖਿਆਈ ਹੁੰਦੀ ਹੈ। ਉਹ ਮੰਨਦੇ ਹਨ ਕਿ ਤੁਸੀਂ ਸਮਝ ਲਿਆ। ਹੁਣ ਉਹ ਆਈ.ਆਈ.ਟੀ. ਦੇ ਹਨ, ਮੈਂ ਬਹੁਤ ਆਮ ਇਨਸਾਨ ਹਾਂ। ਪਰ ਮੈਂ ਜਦੋਂ ਗੁਜਰਾਤ ‘ਚ ਸਾਂ, ਤਦ ਉਨ੍ਹਾਂ ਦੀਆਂ ਯੋਜਨਾਵਾਂ ਦਾ ਮੈਂ ਅਧਿਐਨ ਕਰਦਾ ਸਾਂ, ਮੁੱਖ ਮੰਤਰੀ ਹੋਣ ਦੇ ਨਾਤੇ ਅਤੇ ਮੈਂ ਵੇਖ ਰਿਹਾ ਸਾਂ ਕਿ ਇੱਥੋਂ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੀਆਂ ਮੁਸੀਬਤਾਂ ਨੂੰ ਉਹ ਕਿਵੇਂ ਸਮਝਦੇ ਹਨ ਅਤੇ ਉਸ ਦੇ ਰਸਤੇ ਕਿਵੇਂ ਲੱਭਦੇ ਹਨ, ਹਰ ਯੋਜਨਾਵਾਂ। ਬਾਅਦ ‘ਚ ਲਕਸ਼ਮੀਕਾਂਤ ਜੀ ਨੇ ਵੀ ਇਸ ਨੂੰ ਅੱਗੇ ਵਧਾਇਆ। ਜਦੋਂ ਮੈਂ ਵੇਖਦਾ ਸਾਂ, ਗ੍ਰਹਿ ਆਧਾਰ ਯੋਜਨਾ, ਸਲਾਨਾ ਤਿੰਨ ਲੱਖ ਤੋਂ ਘੱਟ ਆਮਦਨ ਵਾਲੀਆਂ ਜਿਹੜੀਆਂ ਔਰਤਾਂ ਹਨ, ਉਨ੍ਹਾਂ ਦੀ 1,500 ਰੁਪਏ ਦੀ ਮਦਦ। ਦੇਸ਼ ਵਿੱਚ ਕਈ ਸੂਬਿਆਂ ਨੂੰ ਪਤਾ ਤੱਕ ਨਹੀਂ ਹੋਵੇਗਾ ਕਿ ਗੋਆ ‘ਚ ਅਜਿਹੀ ਯੋਜਨਾ ਸ਼ੁਰੂ ਕੀਤੀ ਗਈ ਸੀ। ਦਯਾਨੰਦ ਸਰਸਵਤੀ ਸੁਰੱਖਿਆ ਯੋਜਨਾ ਸੀਨੀਅਰ ਸਿਟੀਜ਼ਨ ਲਈ, ਲਗਭਗ ਡੇਢ ਲੱਖ senior citizen ਨੂੰ ਇਸ ਦਾ ਲਾਭ ਮਿਲਦਾ ਹੈ, 2,000 ਰੁਪਏ ਪ੍ਰਤੀ ਮਹੀਨਾ। ਇਹ ਸਾਰੀਆਂ ਚੀਜ਼ਾਂ ਹਿੰਦੁਸਤਾਨ ਵਿੱਚ ਕਿਤੇ ਨਹੀਂ ਹਨ ਭਰਾਵੋ, ਇਹ ਗੋਆ ਵਿੱਚ ਹਨ। ਭਰਾਵੋ-ਭੈਣੋ, ਲਾਡਲੀ ਲਕਸ਼ਮੀ ਯੋਜਨਾ, ਗੋਆ ਅਤੇ ਮੱਧ ਪ੍ਰਦੇਸ਼ ਨੇ ਇਸ ਨੂੰ ਸ਼ੁਰੂ ਕੀਤਾ ਅਤੇ 18 ਸਾਲ ਦੀਆਂ ਬੱਚੀਆਂ ਨੂੰ ਇੱਕ ਲੱਖ ਰੁਪਏ। ਅੱਜ ਗੋਆ ਵਿੱਚ 45 ਹਜ਼ਾਰ ਸਾਡੀਆਂ ਧੀਆਂ ਇਸ ਦੀਆਂ ਹੱਕਦਾਰ ਬਣੀਆਂ ਹਨ।

ਗੋਆ ਨੇ ਇੱਕ ਬਹੁਤ ਵੱਡਾ ਕੰਮ ਕੀਤਾ। ਵੇਖੋ ਮਨੋਹਰ ਜੀ ਅਤੇ ਲਕਸ਼ਮੀਕਾਂਤ ਜੀ ਦੀ ਦੂਰ-ਦ੍ਰਿਸ਼ਟੀ ਤੋਂ ਵੇਖੋ। ਅੱਜ ਇੱਥੇ ਇਲੈਕਟ੍ਰੌਨਿਕਸ ਸਿਟੀ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਪਰ ਇਸ ਤੋਂ ਪਹਿਲਾਂ ਇਸ ਕੰਮ ਨੂੰ ਸਫ਼ਲ ਕਰਨ ਲਈ ਸਾਨੂੰ ਕਿਹੋ ਜਿਹਾ ਯੁਵਾ ਧਨ ਚਾਹੀਦਾ ਹੈ, ਕਿਹੋ ਜਿਹੀ ਯੰਗ ਜਨਰੇਸ਼ਨ ਚਾਹੀਦੀ ਹੈ, ਇਸ ਨੂੰ ਧਿਆਨ ‘ਚ ਰੱਖਦਿਆਂ, ਇਨ੍ਹਾਂ ਦੋਵੇਂ ਜਨਾਬਾਂ ਨੇ ਸਾਈਬਰ ਸਟੂਡੈਂਟ ਯੋਜਨਾ ਰਾਹੀਂ ਇੱਥੇ ਸਾਡੇ ਨੌਜਵਾਨਾਂ ਨੂੰ ਡਿਜੀਟਲ ਦੁਨੀਆ ਨਾਲ ਜੋੜਨ ਦੀ ਇੱਕ ਮੁਹਿੰਮ ਚਲਾਈ। ਇਸ ਦੂਰ-ਦ੍ਰਿਸ਼ਟੀ ਲਈ ਮੈਂ ਉਨ੍ਹਾਂ ਨੂੰ ਵਧਾਈ ਦੇਣੀ ਚਾਹੁੰਦਾ ਹਾਂ। ਅਸੀਂ ਜਾਣਦੇ ਹਾਂ, ਬੀਮਾਰ ਹੋਣਾ ਕਿੰਨਾ ਮਹਿੰਗਾ ਹੁੰਦਾ ਹੈ ਅਤੇ ਗ਼ਰੀਬ ਲਈ ਬੀਮਾਰ ਹੋਣਾ ਕਿੰਨਾ ਔਖਾ ਹੁੰਦਾ ਹੈ। ਇਹ ਸਾਡੀ ਗੋਆ ਸਰਕਾਰ ਦੀ ਖ਼ਾਸੀਅਤ ਰਹੀ ਕਿ ਉਨ੍ਹਾਂ ਨੇ ਦੀਨਦਿਆਲ ਸਿਹਤ ਸੇਵਾ ਰਾਹੀਂ ਸਲਾਨਾ 3 ਲੱਖ ਰੁਪਏ ਤੱਕ ਲਗਭਗ ਸਵਾ ਦੋ ਲੱਖ ਪਰਿਵਾਰ ਭਾਵ ਇੱਕ ਤਰ੍ਹਾਂ ਪੂਰੇ ਗੋਆ ਦੇ ਸਾਰੇ ਪਰਿਵਾਰ ਆ ਗਏ, ਇਨ੍ਹਾਂ ਨੂੰ ਸੁਰੱਖਿਆ ਕਵਚ ਦਿੱਤਾ ਹੈ, ਉਨ੍ਹਾਂ ਦੀ ਸਿਹਤ ਦੀ ਵੀ ਚਿੰਤਾ ਕੀਤੀ ਹੈ। ਕਿਸਾਨ ਹੋਵੇ, fisherman ਹੋਵੇ, ਭਾਵ ਇੱਕ ਤਰ੍ਹਾਂ ਨਾਲ ਯੋਜਨਾਵਾਂ ਦਾ ਢੇਰ ਹੈ ਅਤੇ ਇਹ ਜਨ-ਸਾਧਾਰਨ ਦੀ ਭਲਾਈ ਲਈ ਹੈ। ਅਜਿਹੇ ਗੋਆ ਵਿੱਚ ਆ ਕੇ ਜੋ ਵਿਕਾਸ ਦੇ ਰਾਹ ਉੱਤੇ ਅੱਗੇ ਵਧ ਰਿਹਾ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਆਪਣਾ ਸਿਰ ਝੁਕਾਉਣ ਵਿੱਚ ਆਨੰਦ ਆਉਂਦਾ ਹੈ, ਗਰਵ ਹੁੰਦਾ ਹੈ।

ਅੱਜ ਇੱਥੇ ਤਿੰਨ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ Mopa new green field airport. ਸ਼ਾਇਦ ਗੋਆ ‘ਚ ਜਿਹੜੇ ਲੋਕਾਂ ਦੀ ਉਮਰ ਅੱਜ 50 ਸਾਲ ਹੋ ਗਈ ਹੋਵੇਗੀ, ਉਹ ਵੀ ਜਦ ਤੋਂ ਸਮਝਣਾ ਸ਼ੁਰੂ ਕੀਤਾ ਹੈ, ਇਹ ਸੁਣਦੇ ਆਏ ਹਨ ਕਿ ਇੱਕ ਦਿਨ ਗੋਆ ‘ਚ ਏਅਰਪੋਰਟ ਬਣੇਗਾ, ਹਵਾਈ ਜਹਾਜ਼ ਆਉਣਗੇ, ਲੋਕ ਉਤਰਨਗੇ, ਟੂਰਿਜ਼ਮ ਵਧੇਗਾ, ਸੁਣਿਆ ਹੈ ਕਿ ਨਹੀਂ ਸੁਣਿਆ ਹੈ, ਦੱਸੋ। ਸਭ ਸਰਕਾਰਾਂ ਨੇ ਬੋਲਿਆ ਹੈ ਕਿ ਨਹੀਂ ਬੋਲਿਆ ਹੈ, ਸਭ ਪੋਲਿਟੀਕਲ ਪਾਰਟੀਆਂ ਨੇ ਬੋਲਿਆ ਹੈ ਕਿ ਨਹੀਂ ਬੋਲਿਆ ਹੈ ਪਰ ਚੋਣਾਂ ਗਈਆਂ, ਹਵਾਈ ਜਹਾਜ਼ ਹਵਾਈ ਜਹਾਜ਼ ਦੇ ਟਿਕਾਣੇ ‘ਤੇ, ਗੋਆ ਗੋਆ ਦੇ ਟਿਕਾਣੇ ‘ਤੇ। ਅਜਿਹਾ ਹੋਇਆ ਹੈ ਕਿ ਨਹੀਂ ਹੋਇਆ ਹੈ। ਭਰਾਵੋ, ਦੱਸੋ ਮੈਨੂੰ। ਅੱਜ ਮੈਨੂੰ ਤਸੱਲੀ ਹੈ ਕਿ ਅਟਲ ਬਿਹਾਰੀ ਵਾਜਪੇਈ ਜੀ ਨੇ ਜੋ ਵਾਅਦਾ ਕੀਤਾ ਸੀ, ਅੱਜ ਮੈਨੂੰ ਉਸ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਹੈ। ਅਤੇ ਇਹ ਕੇਵਲ ਆਕਾਸ਼ ਵਿੱਚ ਜਹਾਜ਼ ਉੱਡਣਗੇ ਅਤੇ ਤੁਹਾਡੇ ਇੱਕ ਨਵੇਂ ਏਅਰਪੋਰਟ ‘ਤੇ ਆਉਣਗੇ, ਅਜਿਹਾ ਨਹੀਂ ਹੈ। ਗੋਆ ਦੀ ਅਬਾਦੀ 15 ਲੱਖ ਹੈ। ਇਹ ਵਿਵਸਥਾ ਵਿਕਸਤ ਹੋਣ ਨਾਲ ਤਿੰਨ ਗੁਣਾ ਲੋਕ, ਤੁਸੀਂ 15 ਲੱਖ ਲੋਕ ਹੋ, ਲਗਭਗ 50 ਲੱਖ ਲੋਕ ਆਉਣਾ ਸ਼ੁਰੂ ਕਰ ਦੇਣਗੇ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਟੂਰਿਜ਼ਮ ਕਿੰਨਾ ਵਧੇਗਾ। ਅਤੇ ਗੋਆ ਦਾ ਟੂਰਿਜ਼ਮ ਵਧਣਾ ਮਤਲਬ, ਹਿੰਦੁਸਤਾਨ ਦੇ ਟੂਰਿਜ਼ਮ ਸੈਕਟਰ ਨੂੰ ਨਵੀਂ ਤਾਕਤ ਦੇਣ ਵਾਲੀ ਇਹ ਸਭ ਤੋਂ ਵੱਧ ਸਮਰੱਥ ਜਗ੍ਹਾ ਹੈ, ਇਹ ਗੱਲ ਅਸੀਂ ਭਲੀਭਾਂਤ ਸਮਝਦੇ ਹਾਂ। ਗੋਆ ਦੀ ਸੁਵਿਧਾ ਤਾਂ ਵਧੇਗੀ ਹੀ ਵਧੇਗੀ, ਗੋਆ ਵਾਸੀਆਂ ਦੀ ਵੀ ਵਧੇਗੀ ਅਤੇ ਮੈਨੂੰ ਯਕੀਨ ਹੈ ਕਿ ਇਸ ਦੇ ਨਿਰਮਾਣ ਕਾਰਜ ਵਿੱਚ ਵੀ ਇੱਥੋਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਨਿਰਮਾਣ ਹੋਣ ਤੋਂ ਬਾਅਦ ਇੱਥੋਂ ਦੀ ਇਕੌਨੋਮੀ ਨੂੰ, ਟੁਰਿਜ਼ਮ ਨੂੰ ਇੱਕ ਬਹੁਤ ਵੱਡਾ ਮੌਕਾ ਇਸ ਗੋਆ ਨੂੰ ਮਿਲਣ ਵਾਲਾ ਹੈ, ਇਹ ਮੈਂ ਸਾਫ਼ ਵੇਖ ਰਿਹਾ ਹਾਂ।

ਭਰਾਵੋ-ਭੈਣੋ, ਅੱਜ ਇੱਥੇ ਇੱਕ Electronic Manufacturing city ਦਾ ਵੀ ਨੀਂਹ ਪੱਥਰ ਰੱਖਿਆ ਹੈ। ਕੋਈ ਇਹ ਨਾ ਸਮਝੇ ਕਿ ਇਹ ਸਿਰਫ਼ ਕੋਈ Industrial estate ਬਣ ਰਹੀ ਹੈ। ਬਹੁਤ ਘੱਟ ਲੋਕਾਂ ਨੂੰ ਸਮਝ ਆਵੇਗਾ ਕਿ Electronic Manufacturing city ਦੇ ਨਿਰਮਾਣ ਦਾ ਮਤਲਬ ਕੀ ਹੈ। ਇੱਕ ਤਰ੍ਹਾਂ ਨਾਲ ਅਤੇ ਮੇਰੇ ਸ਼ਬਦ ਲਿਖ ਕੇ ਰੱਖਣਾ ਭਰਾਵੋ-ਭੈਣੋ ਅਤੇ 21ਵੀਂ ਦਾ ਮੈਂ ਉਹ ਗੋਆ ਵੇਖ ਰਿਹਾ ਹਾਂ, ਜਿੱਥੇ digitally trained, youth driven based modern ਗੋਆ ਦਾ ਅੱਜ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਦੋਸਤੋ। ਅਜਿਹੇ ਗੋਆ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਜੋ digitally trained, youth driven ਗੋਆ ਹੋਵੇਗਾ, ਆਧੁਨਿਕ ਗੋਆ ਹੋਵੇਗਾ, ਟੈਕਨਾਲੋਜੀ ਨਾਲ ਸਮਰੱਥ ਗੋਆ ਹੋਵੇਗਾ। ਅਤੇ ਉਹ ਸਿਰਫ਼ ਗੋਆ ਦੀ ਇਕੌਨੋਮੀ ਦਾ ਗੋਆ ਦੇ ਨੌਜਵਾਨਾਂ ਦੇ ਰੋਜ਼ਗਾਰ ਦਾ ਨਹੀਂ ਹੈ, ਇਹ ਭਾਰਤ ਦੀ ਸ਼ਕਲ-ਸੂਰਤ ਬਦਲਣ ਦਾ, ਗੋਆ ਇੱਕ ਪਾਵਰ ਸਟੇਸ਼ਨ ਬਣ ਜਾਵੇਗਾ ਦੋਸਤੋ, ਇਹ ਮੈਂ ਵੇਖ ਰਿਹਾ ਹਾਂ। ਪੂਰੀ 21ਵੀਂ ਸਦੀ ਉੱਤੇ ਇਸ initiative ਦਾ ਪ੍ਰਭਾਵ ਪੈਣ ਵਾਲਾ ਹੈ।

ਭਰਾਵੋ-ਭੈਣੋ, ਅੱਜ ਤੀਜਾ ਅਹਿਮ ਕੰਮ ਅਸੀਂ ਅੱਗੇ ਵਧਾਉਣ ਜਾ ਰਹੇ ਹਾਂ। ਸਾਡਾ ਸਪਸ਼ਟ ਮੱਤ ਰਿਹਾ ਹੈ ਕਿ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਨੂੰ ਆਪਣੇ ਦਮ ਉੱਤੇ ਖਲੋਣਾ ਚਾਹੀਦਾ ਹੈ। ਇਹ ਦੇਸ਼ ਅਜ਼ਾਦੀ ਦੇ 70 ਸਾਲ ਹੋ ਗਏ, ਅਸੀਂ ਕਿਸੇ ਦੀ ਮਿਹਰਬਾਨੀ ਦੇ ਮੁਥਾਜ ਨਹੀਂ ਰਹਿਣਾ ਚਾਹੁੰਦੇ। ਅਸੀਂ ਜੀਵਾਂਗੇ, ਤਦ ਵੀ ਆਪਣੇ ਦਮ ਉੱਤੇ ਅਤੇ ਮਰਾਂਗੇ ਤਦ ਵੀ ਆਪਣਿਆਂ ਲਈ ਮਰਾਂਗੇ, ਆਪਣੀ ਸ਼ਾਨ ਲਈ ਮਰਾਂਗੇ। ਕੀ ਕਾਰਨ ਹੈ ਕਿ ਜਿਸ ਦੇਸ਼ ਕੋਲ 1,800 ਮਿਲੀਅਨ ਨੌਜਵਾਨ ਹੋਣ, 18 ਮਿਲੀਅਨ 35 ਤੋਂ ਘੱਟ ਉਮਰ ਦੇ ਨੌਜਵਾਨ ਹੋਣ, ਤੇਜੱਸਵੀ ਹੋਣ, ਤੇਜ਼-ਤੱਰਾਰ ਹੋਣ, ਬੁੱਧੀ ਪ੍ਰਤਿਭਾ ਹੋਵੇ, innovation ਹੋਵੇ, ਟੈਕਨਾਲੋਜੀ ਹੋਵੇ, ਸਭ ਕੁਝ ਹੋਵੇ ਪਰ ਸੁਰੱਖਿਆ ਲਈ ਹਰ ਚੀਜ਼ ਬਾਹਰੋਂ ਲਿਆਉਣੀ ਪਵੇ। ਅੱਜ ਗੋਆ ਦੀ ਧਰਤੀ ‘ਤੇ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ, ਮੇਕ ਇਨ ਇੰਡੀਆ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ।

ਭਰਾਵੋ-ਭੈਣੋ, ਮੈਂ ਅੱਜ ਗੋਆ ਦਾ ਇੱਕ ਵਿਸ਼ੇਸ਼ ਧੰਨਵਾਦ ਵੀ ਪ੍ਰਗਟ ਕਰਨਾ ਚਾਹਾਂਗਾ। ਅਕਬਰ ਦੇ ਵਿਸ਼ੇ ਵਿੱਚ ਆਖਿਆ ਜਾਂਦਾ ਹੈ ਕਿ ਉਸ ਦੀ ਟੋਲੀ ਵਿੱਚ ਨੌਂ-ਰਤਨ ਸਨ ਅਤੇ ਉਨ੍ਹਾਂ ਨੌਂ-ਰਤਨਾਂ ਨਾਲ, ਵਿਸ਼ੇਸ਼ਤਾਵਾਂ ਨਾਲ ਅਕਬਰ ਦੇ ਕਾਰਜਕਾਲ ਦੀ ਚਰਚਾ ਹੁੰਦੀ ਸੀ। ਮੈਂ ਖ਼ੁਸ਼ਕਿਸਮਤ ਹਾਂ ਕਿ ਮੇਰੀ ਟੀਮ ਵਿੱਚ ਅਨੇਕਾਂ ਰਤਨ ਹਨ ਅਤੇ ਉਨ੍ਹਾਂ ਰਤਨਾਂ ਵਿੱਚ ਇੱਕ ਚਮਕਦਾ ਹੋਇਆ ਰਤਨ ਮੈਨੂੰ ਗੋਆ ਵਾਲਿਆਂ ਨੇ ਦਿੱਤਾ ਹੈ। ਉਸ ਰਤਨ ਦਾ ਨਾਂਅ ਹੈ ਮਨੋਹਰ ਪਰੀਕਰ। ਕਈ ਸਾਲਾਂ ਤੋਂ ਬਾਅਦ ਦੇਸ਼ ਨੂੰ ਇੱਕ ਅਜਿਹਾ ਰੱਖਿਆ ਮੰਤਰੀ ਮਿਲਿਆ ਹੈ, ਜਿਸ ਨੇ ਸਾਡੀ ਫ਼ੌਜ ਦੀਆਂ 40 ਸਾਲ ਪੁਰਾਣੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ ਹੈ। ਜੇ ਮਨੋਹਰ ਪਰੀਕਰ ਦਾ ਇੰਨਾ ਪੁਰਸ਼ਾਰਥ ਨਾ ਹੁੰਦਾ, 40 ਸਾਲਾਂ ਤੋਂ ਲਟਕ ਰਿਹਾ ‘ਵਨ ਰੈਂਕ ਵਨ ਪੈਨਸ਼ਨ’ ਦਾ, ਮੇਰੇ ਦੇਸ਼ ਲਈ ਮਰ ਮਿਟਣ ਵਾਲੇ ਜਵਾਨਾਂ ਦਾ ਕੰਮ ਅਧੂਰਾ ਰਿਹਾ ਹੁੰਦਾ, ਮੈਂ ਮਨੋਹਰ ਜੀ ਨੂੰ ਵਧਾਈ ਦਿੰਦਾ ਹਾਂ ਅਤੇ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਮਨੋਹਰ ਜੀ ਦਿੱਤੇ। ਅਜਿਹਾ ਸਮਰੱਥਾਵਾਨ, ਦੇਸ਼ ਦਾ ਕੋਈ ਰੱਖਿਆ ਮੰਤਰੀ ਪਿਛਲੇ ਕੁਝ ਸਮੇਂ ‘ਚ ਅਜਿਹਾ ਨਹੀਂ ਆਇਆ, ਜਿਸ ਉੱਤੇ ਕਿਤੇ ਨਾ ਕਿਤੇ ਉਂਗਲੀ ਨਾ ਉੱਠੀ ਹੋਵੇ। ਅੱਜ ਅਸੀਂ ਤੇਜ਼ ਰਫ਼ਤਾਰ ਨਾਲ ਫ਼ੈਸਲਾ ਕਰ ਰਹੇ ਹਾਂ। ਵਿਸ਼ਵ ਨਾਲ ਸਮਝੌਤੇ ਕਰ ਹਾਂ, ਦੇਸ਼ ਦੀ ਸੁਰੱਖਿਆ ਵਧਾਉਣ ਲਈ ਫ਼ੈਸਲੇ ਕਰ ਰਹੇ ਹਾਂ, 28 ਸਾਲ ਹੋ ਗਏ, ਰੱਖਿਆ ਮੰਤਰਾਲੇ ਉੱਤੇ ਕਿਤੋਂ ਕਿਸੇ ਨੇ ਉਂਗਲ ਤੱਕ ਨਹੀਂ ਚੁੱਕੀ ਹੈ। ਮੈਂ ਮਨੋਹਰ ਜੀ ਦਾ ਅਭਿਨੰਦਨ ਤਾਂ ਕਰਾਂਗਾ, ਮੇਰੇ ਸਾਥੀ ਦੇ ਨਾਤੇ, ਮੈਨੂੰ ਉੱਤਮ ਸਾਥੀ ਮਿਲਿਆ ਹੈ, ਪਰ ਮੈਂ ਗੋਆ ਵਾਸੀਆਂ ਦਾ ਅਭਿਨੰਦਨ ਕਰਾਂਗਾ ਕਿ ਤੁਸੀਂ ਮਨੋਹਰ ਜੀ ਪੈਦਾ ਕੀਤੇ ਅਤੇ ਦੇਸ਼ ਲਈ ਤੁਸੀਂ ਮਨੋਹਰ ਜੀ ਦਿੱਤੇ। ਮੈਂ ਤੁਹਾਡਾ ਅਭਿਨੰਦਨ ਕਰ ਰਿਹਾ ਹਾਂ।

ਭਰਾਵੋ-ਭੈਣੋ, ਇਹ ਜੋ mine counter measure vessels program ਹੈ, ਐੱਮ.ਸੀ.ਐੱਮ.ਪੀ., ਇਹ ਭਾਰਤ ਦੀ ਸਮੁੰਦਰੀ ਸੁਰੱਖਿਆ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰਨ ਵਾਲਾ ਕੰਮ ਹੈ। ਇਸ ਨਾਲ ਲੋਕਾਂ ਨੂੰ ਰੋਜ਼ਗਾਰ ਤਾਂ ਮਿਲਣ ਹੀ ਵਾਲਾ ਹੈ, ਇਸ ਖੇਤਰ ਦੇ ਵਿਕਾਸ ਲਈ ਵੀ ਕੰਮ ਹੋਣ ਵਾਲਾ ਹੈ।

ਮੇਰੇ ਪਿਆਰੇ ਗੋਆ ਦੇ ਭਰਾਵੋ ਅਤੇ ਭੈਣੋ, ਮੈਂ ਕੁਝ ਹੋਰ ਗੱਲਾਂ ਵੀ ਅੱਜ ਗੋਆ ਵਸੀਆਂ ਨਾਲ ਕਰਨੀਆਂ ਚਾਹੁੰਦਾ ਹਾਂ।

08 ਤਾਰੀਖ਼, ਰਾਤੀਂ 8 ਵਜੇ, ਦੇਸ਼ ਦੇ ਕਰੋੜਾਂ ਲੋਕ ਸੁੱਖ-ਚੈਨ ਦੀ ਨੀਂਦਰ ਸੌਂ ਗਏ ਅਤੇ ਦੇਸ਼ ਦੇ ਲੱਖਾਂ ਲੋਕ ਨੀਂਦਰ ਲਈ ਗੋਲੀਆਂ ਖ਼ਰੀਦਣ ਜਾ ਰਹੇ ਹਨ, ਗੋਲੀਆਂ ਨਹੀਂ ਮਿਲ ਰਹੀਆਂ ਹਨ।

ਮੇਰੇ ਪਿਆਰੇ ਦੇਸ਼ ਵਾਸੀਓ, ਮੈਂ 08 ਤਾਰੀਖ਼ ਨੂੰ ਰਾਤੀਂ 8 ਵਜੇ ਦੇਸ਼ ਸਾਹਮਣੇ ਕਾਲੇ ਧਨ ਦੇ ਵਿਰੁੱਧ, ਭ੍ਰਿਸ਼ਟਾਚਾਰ ਦੇ ਵਿਰੁੱਧ ਮੈਂ ਜੋ ਜੰਗ ਲੜ ਰਿਹਾ ਹਾਂ, ਦੇਸ਼ ਜੋ ਜੰਗ ਲੜ ਰਿਹਾ ਹੈ, ਹਿੰਦੁਸਤਾਨ ਦਾ ਈਮਾਨਦਾਰ ਇਨਸਾਨ ਜੋ ਜੰਗ ਲੜ ਰਿਹਾ ਹੈ, ਉਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਿਆ ਹੈ। ਪਰ ਕੁਝ ਲੋਕ ਹਨ, ਜੋ ਆਪਣੇ ਹੀ ਖ਼ਿਆਲਾਂ ਵਿੱਚ ਗੁਆਚੇ ਰਹਿੰਦੇ ਹਨ। ਉਹ ਆਪਣੀ ਨਾਪ-ਪੱਟੀ ਲੈ ਕੇ ਹੀ ਕਿਸੇ ਨੂੰ ਨਾਪਦੇ ਰਹਿੰਦੇ ਹਨ ਅਤੇ ਉਸ ਵਿੱਚ ਫ਼ਿੱਟ ਨਹੀਂ ਹੁੰਦਾ ਹੈ, ਤਾਂ ਵੇਖਦੇ ਹਾਂ ਕਿ ਯਾਰ ਕੁਝ ਗੜਬੜ ਹੈ।

ਜੇ ਇਸ ਦੇਸ਼ ਦੇ ਅਰਥ-ਸ਼ਾਸਤਰੀਆਂ ਨੇ ਇਸ ਦੇਸ਼ ਦੀਆਂ ਪੌਲਿਸੀਜ਼ ਨੂੰ ਸਮਝ ਕੇ ਐਨਾਲਿਸਿਸ ਕਰਨ ਵਾਲਿਆਂ ਨੇ, ਇਹ ਪੁਰਾਣੀਆਂ ਸਰਕਾਰਾਂ, ਪੁਰਾਣੇ ਨੇਤਾ, ਉਨ੍ਹਾਂ ਨੂੰ ਨਾਪਣ-ਤੋਲਣ ਦੀਆਂ ਜਿਹੜੀਆਂ ਤੱਕੜੀਆਂ ਹਨ, ਮੇਰੇ ਆਉਣ ਤੋਂ ਬਾਅਦ ਜੇ ਬਦਲ ਦਿੱਤੇ ਹੁੰਦੇ, ਤਾਂ ਇਹ ਔਕੜ ਨਾ ਆਉਂਦੀ। ਉਨ੍ਹਾਂ ਨੂੰ ਸਮਝ ਆਉਣੀ ਚਾਹੀਦੀ ਸੀ ਕਿ ਅਜਿਹੀ ਸਰਕਾਰ ਦੇਸ਼ ਨੇ ਚੁਣੀ ਹੈ, ਜਿਸ ਕੋਲ ਦੇਸ਼ ਦੀ ਆਸ ਹੈ। ਤੁਸੀਂ ਮੈਨੂੰ ਦੱਸੋ ਭਰਾਵੋ-ਭੈਣੋ, 2014 ‘ਚ ਤੁਸੀਂ ਵੋਟ ਦਿੱਤੇ ਸਨ, ਭ੍ਰਿਸ਼ਟਾਚਾਰ ਦੇ ਵਿਰੁੱਧ ਦਿੱਤੇ ਸਨ ਕਿ ਨਹੀਂ ਦਿੱਤੇ ਸਨ। ਤੁਸੀਂ ਮੈਨੂੰ ਦੱਸੋ, ਤੁਸੀਂ ਇਹ ਕੰਮ ਕਰਨ ਲਈ ਮੈਨੂੰ ਕਿਹਾ ਸੀ ਕਿ ਨਹੀਂ ਕਿਹਾ ਸੀ, ਕਾਲੇ ਧਨ ਵਿਰੁੱਧ ਕੰਮ ਕਰਨ ਲਈ ਤੁਸੀਂ ਮੈਨੂੰ ਕਿਹਾ ਸੀ ਕਿ ਨਹੀਂ ਕਿਹਾ ਸੀ। ਤੁਸੀਂ ਮੈਨੂੰ ਕਿਹਾ ਸੀ, ਤਾਂ ਮੈਨੂੰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ। ਤੁਸੀਂ ਮੈਨੂੰ ਦੱਸੋ ਕਿ ਤੁਸੀਂ ਜਦੋਂ ਮੈਨੂੰ ਇਹ ਕਰਨ ਲਈ ਕਿਹਾ ਸੀ, ਤਾਂ ਤੁਹਾਨੂੰ ਵੀ ਪਤਾ ਸੀ ਕਿ ਬਈ ਇਹ ਕੰਮ ਕਰਾਂਗਾ, ਤਾਂ ਥੋੜ੍ਹੀ ਤਕਲੀਫ਼ ਹੋਵੇਗੀ, ਪਤਾ ਸੀ ਕਿ ਨਹੀਂ ਪਤਾ ਸੀ। ਅਜਿਹਾ ਤਾਂ ਨਹੀਂ ਸੀ ਕਿ ਬੱਸ ਤੁਹਾਡੇ ਮੂੰਹ ‘ਚ ਐਵੇਂ ਹੀ ਪਤਾਸਾ ਆ ਜਾਵੇਗਾ। ਸਭ ਨੂੰ ਪਤਾ ਸੀ। ਇਹ ਸਰਕਾਰ ਬਣਨ ਦੇ ਤੁਰੰਤ ਬਾਅਦ ਅਸੀਂ ਸੁਪਰੀਮ ਕੋਰਟ ਦੇ ਸੇਵਾ-ਮੁਕਤ ਜੱਜ ਦੀ ਅਗਵਾਈ ਹੇਠ Special Investigation Team ਬਣਾਈ SIT. ਦੁਨੀਆ ਵਿੱਚ ਕਿੱਥੇ-ਕਿੱਥੇ ਇਹ ਕਾਰੋਬਾਰ ਚੱਲ ਰਿਹਾ ਹੈ। ਇਸ ਉੱਤੇ ਇਹ ਟੀਮ ਕੰਮ ਕਰ ਰਹੀ ਹੈ ਅਤੇ ਹਰੇਕ ਛੇ ਮਹੀਨਿਆਂ ‘ਚ ਉਹ ਸੁਪਰੀਮ ਕੋਰਟ ਨੂੰ ਰਿਪੋਰਟ ਕਰ ਰਹੀ ਹੈ। ਇਹ ਕੰਮ ਪਹਿਲਾਂ ਵਾਲੀਆਂ ਸਰਕਾਰਾਂ ਟਾਲਦੀਆਂ ਰਹੀਆਂ ਸਨ, ਅਸੀਂ ਕੀਤਾ। ਆਪਣੇ ਇੱਥੇ ਕਹਾਵਤ ਹੈ, ਪੁੱਤਰ ਦੇ ਲੱਛਣ ਪੰਘੂੜੇ ‘ਚ ਹੀ ਵਿਖਾਈ ਦੇ ਜਾਂਦੇ ਹਨ। ਜਦੋਂ ਮੇਰੀ ਪਹਿਲੀ ਕੈਬਿਨੇਟ ਵਿੱਚ ਪਹਿਲੇ ਹੀ ਦਿਨ ਅਜਿਹਾ ਬਹੁਤ ਸਖ਼ਤ ਫ਼ੈਸਲਾ ਕਰਦਾ ਹਾਂ, ਤਾਂ ਪਤਾ ਨਹੀਂ ਸੀ ਕਿ ਮੈਂ ਅੱਗੇ ਇਹ ਕਰਨ ਵਾਲਾ ਹਾਂ ਜੀ। ਕੀ ਮੈਂ ਲੁਕਾਇਆ ਸੀ। ਹਰ ਵਾਰ ਮੈਂ ਇਹ ਗੱਲ ਆਖੀ ਹੈ ਅਤੇ ਅੱਜ ਮੈਂ ਤੁਹਾਨੂੰ ਉਸ ਦਾ ਵੇਰਵਾ ਦੇ ਰਿਹਾ ਹਾਂ। ਦੇਸ਼ ਮੈਨੂੰ ਸੁਣ ਰਿਹਾ ਹੈ। ਮੈਂ ਦੇਸ਼ ਨੂੰ ਕਦੇ ਹਨੇਰੇ ਵਿੱਚ ਨਹੀਂ ਰੱਖਿਆ ਹੈ। ਮੈਂ ਦੇਸ਼ ਨੂੰ ਕਦੇ ਗ਼ਲਤਫ਼ਹਿਮੀ ਵਿੱਚ ਨਹੀਂ ਰੱਖਿਆ ਹੈ, ਖੁੱਲ੍ਹ ਕੇ ਗੱਲ ਆਖੀ ਹੈ ਅਤੇ ਈਮਾਨਦਾਰੀ ਨਾਲ।

ਭਰਾਵੋ-ਭੈਣੋ, ਦੂਜਾ ਜ਼ਰੂਰੀ ਕੰਮ ਸੀ ਦੁਨੀਆ ਦੇ ਦੇਸ਼ਾਂ ਨਾਲ ਪਿਛਲੇ 50-60 ਸਾਲਾਂ ਵਿੱਚ ਅਜਿਹੇ agreement ਹੋਏ ਸਨ ਕਿ ਜਿਨ੍ਹਾਂ ਕਰ ਕੇ ਅਸੀਂ ਅਜਿਹੇ ਬੱਝ ਗਏ ਸਾਂ ਕਿ ਅਸੀਂ ਕੋਈ ਜਾਣਕਾਰੀਆਂ ਹੀ ਹਾਸਲ ਨਹੀਂ ਕਰ ਸਕ ਰਹੇ ਸਾਂ। ਸਾਡੇ ਲਈ ਬਹੁਤ ਜ਼ਰੂਰੀ ਸੀ ਕਿ ਦੁਨੀਆ ਦੇ ਦੇਸ਼ਾਂ ਨਾਲ ਪੁਰਾਣੇ ਜੋ agreement ਹੈ, ਉਨ੍ਹਾਂ ਵਿੱਚ ਤਬਦੀਲੀ ਕਰੀਏ। ਕੁਝ ਦੇਸ਼ਾਂ ਨਾਲ agreement ਕਰੀਏ। ਅਮਰੀਕਾ ਜਿਹੇ ਦੇਸ਼ ਨੂੰ ਮੈਂ ਸਮਝਾਉਣ ਵਿੱਚ ਕਾਮਯਾਬ ਹੋਇਆ ਕਿ ਤੁਸੀਂ ਸਾਡੇ ਨਾਲ agreement ਕੀਤੇ ਅਤੇ ਤੁਹਾਡੇ ਬੈਂਕਾਂ ਵਿੱਚ ਕਿਸੇ ਹਿੰਦੁਸਤਾਨੀ ਦਾ ਪੈਸਾ ਹੈ, ਆਉਂਦਾ ਹੈ ਜਾਂ ਜਾਂਦਾ ਹੈ, ਸਾਨੂੰ ਤੁਰੰਤ ਪਤਾ ਚਲਣਾ ਚਾਹੀਦਾ ਹੈ। ਇਹ ਕੰਮ ਮੈਂ ਦੁਨੀਆ ਦੇ ਕਈ ਦੇਸ਼ਾਂ ਨਾਲ ਕੀਤਾ, ਕੁਝ ਦੇਸ਼ਾਂ ਨਾਲ ਗੱਲਬਾਤ ਹਾਲੇ ਵੀ ਚੱਲ ਰਹੀ ਹੈ। ਪਰ ਵਿਸ਼ਵ ਵਿੱਚ ਕਿਤੇ ਵੀ ਭਾਰਤ ਦੀ ਚੋਰੀ-ਲੁੱਟ ਦਾ ਪੈਸਾ ਗਿਆ ਹੈ, ਤਾਂ ਉਸ ਦੀ ਤੁਰੰਤ ਜਾਣਕਾਰੀ ਮਿਲੇ, ਇਸ ਦਾ ਪ੍ਰਬੰਧ ਪੁਰਜ਼ੋਰ ਤਰੀਕੇ ਨਾਲ ਅਸੀਂ ਕੀਤਾ ਹੈ।

ਅਸੀਂ ਜਾਣਦੇ ਹਾਂ, ਤੁਹਾਨੂੰ ਵੀ ਪਤਾ ਹੈ ਕਿ ਦਿੱਲੀ ਦੇ ਕਿਸੇ ਬਾਬੂ ਦਾ ਇਹ ਗੋਆ ‘ਚ ਫ਼ਲੈਟ ਬਣਿਆ ਹੋਇਆ ਹੈ, ਹੈ ਨਾ। ਗੋਆ ਦੇ ਬਿਲਡਰਾਂ ਤੋਂ ਮੇਰੀ ਸ਼ਿਕਾਇਤ ਨਹੀਂ ਹੈ। ਉਨ੍ਹਾਂ ਦਾ ਤਾਂ ਕੰਮ ਹੈ ਮਕਾਨ ਵੇਚਣਾ, ਪਰ ਗੋਆ ਵਿੱਚ ਜਿਸ ਦੀਆਂ ਸੱਤ ਪੀੜ੍ਹੀਆਂ ਵਿੱਚ ਕੋਈ ਗੋਆ ਨਹੀਂ ਰਹਿੰਦਾ ਹੈ, ਉਹ ਪੈਦਾ ਹੋਇਆ ਕਿਤੇ ਹੋਰ, ਕੰਮ ਕਰ ਰਿਹਾ ਹੈ ਦਿੱਲੀ ਵਿੱਚ, ਵੱਡਾ ਬਾਬੂ ਹੈ, ਫ਼ਲੈਟ ਖ਼ਰੀਦਿਆ ਗੋਆ ‘ਚ, ਕਿਸੇ ਦੇ ਨਾਂਅ ‘ਤੇ। ਕੀ ਖ਼ੁਦ ਦੇ ਨਾਮ ਖ਼ਰੀਦਦੇ ਹਨ, ਹੋਰਾਂ ਦੇ ਨਾਂਅ ਨਾਲ ਖ਼ਰੀਦਦੇ ਹਨ ਕਿ ਨਹੀਂ ਖ਼ਰੀਦਦੇ ਹਨ ਇਹ ਲੋਕ। ਅਸੀਂ ਕਾਨੂੰਨ ਬਣਾਇਆ ਕਿ ਜਿਹੜੀ ਵੀ ਬੇਨਾਮੀ ਜਾਇਦਾਦ ਹੋਵੇਗੀ, ਦੂਜੇ ਦੇ ਨਾਂਅ ‘ਤੇ ਜਾਇਦਾਦ ਹੋਵੇਗੀ। ਅਸੀਂ ਕਾਨੂੰਨੀ ਤੌਰ ਉੱਤੇ ਹੁਣ ਉਸ ਉੱਤੇ ਹਮਲਾ ਬੋਲਣ ਵਾਲੇ ਹਾਂ। ਇਹ ਜਾਇਦਾਦ ਦੇਸ਼ ਦੀ ਹੈ, ਇਹ ਜਾਇਦਾਦ ਦੇਸ਼ ਦੇ ਗ਼ਰੀਬ ਦੀ ਹੈ ਅਤੇ ਮੇਰੀ ਸਰਕਾਰ ਸਿਰਫ਼ ਅਤੇ ਸਿਰਫ਼ ਦੇਸ਼ ਦੇ ਗ਼ਰੀਬਾਂ ਦੀ ਮਦਦ ਕਰਨਾ ਮੇਰਾ ਫ਼ਰਜ਼ ਮੰਨਦੀ ਹੈ ਅਤੇ ਮੈਂ ਉਸ ਨੂੰ ਕਰ ਕੇ ਰਹਾਂਗਾ।

ਅਸੀਂ ਵੇਖਿਆ ਹੈ ਕਿ ਘਰ ਵਿੱਚ ਸ਼ਾਦੀ ਹੋਵੇ, ਵਿਆਹ ਹੋਵੇ, ਕੁਝ ਕੰਮ ਹੋਵੇ, ਜਿਊਲਰੀ ਖ਼ਰੀਦਦੇ ਹਾਂ। ਪਤਨੀ ਦਾ ਜਨਮ-ਦਿਨ ਹੋਵੇ, ਜਿਊਲਰੀ ਖ਼ਰੀਦਦੇ ਹਾਂ ਅਤੇ ਕਦੇ ਸੋਨਾ ਖ਼ਰੀਦਦੇ ਹਾਂ ਅਤੇ ਜਿਊਲਰ ਵੀ, ਕੋਈ ਗੱਲ ਨਹੀਂ ਲੈ ਜਾਓ ਸਾਹਿਬ, ਥੈਲਾ ਭਰ ਕੇ ਲੈ ਆਓ ਅਤੇ ਲੈ ਜਾਓ। ਨਾ ਬਿਲ ਦੇਣਾ, ਨਾ ਲੈਣਾ, ਨਾ ਕੁਝ ਹਿਸਾਬ ਰੱਖਣਾ, ਕੁਝ ਨਹੀਂ ਸਾਹਿਬ। ਚੱਲ ਰਿਹਾ ਸੀ ਕਿ ਨਹੀਂ ਚੱਲ ਰਿਹਾ ਸੀ ਸਭ ਕੈਸ਼ ਚਲਦਾ ਸੀ ਕਿ ਨਹੀਂ ਚਲਦਾ ਸੀ। ਕੀ ਇਹ ਕੋਈ ਗ਼ਰੀਬ ਲੋਕ ਕਰਦੇ ਸਨ? ਇਹ ਬੰਦ ਹੋਣਾ ਚਾਹੀਦਾ ਹੈ। ਅਸੀਂ ਨਿਯਮ ਬਣਾਇਆ ਕਿ ਦੋ ਲੱਖ ਰੁਪਏ ਤੋਂ ਵੱਧ ਜੇ ਤੁਸੀਂ ਗਹਿਣੇ ਖ਼ਰੀਦਦੇ ਹੋ, ਜਿਊਲਰੀ ਖ਼ਰੀਦਦੇ ਹੋ, ਤਾਂ ਤੁਹਾਨੂੰ ਆਪਣਾ ਪੈਨ ਜ਼ਰੂਰ ਹੀ ਦੇਣਾ ਪਵੇਗਾ। ਇਸ ਦਾ ਵੀ ਵਿਰੋਧ ਹੋਇਆ ਸੀ। ਤੁਸੀਂ ਹੈਰਾਨ ਹੋਵੋਗੇ ਕਿ ਅੱਧੇ ਤੋਂ ਜ਼ਿਆਦਾ ਪਾਰਲੀਮੈਂਟ ਦੇ ਮੈਂਬਰ ਮੈਨੂੰ ਇਹ ਕਹਿਣ ਲਈ ਆਏ ਸਨ ਕਿ ਮੋਦੀ ਜੀ ਇਹ ਨਿਯਮ ਨਾ ਲਾਓ ਅਤੇ ਕੁਝ ਲੋਕਾਂ ਨੇ ਤਾਂ ਮੈਨੂੰ ਲਿਖਤੀ ਰੂਪ ਵਿੱਚ ਚਿੱਠੀ ਦੇਣ ਦੀ ਹਿੰਮਤ ਕੀਤੀ ਹੈ। ਜਿਸ ਦਿਨ ਮੈਂ ਉਸ ਨੂੰ ਪਬਲਿਕ ਵਿੱਚ ਕਰਾਂਗਾ, ਸ਼ਾਇਦ ਪਤਾ ਨਹੀਂ ਉਹ ਆਪਣੇ ਇਲਾਕੇ ਵਿੱਚ ਜਾ ਸਕਣਗੇ ਕਿ ਨਹੀਂ ਜਾ ਸਕਣਗੇ। ਜੇ ਤੁਹਾਡੇ ਕੋਲ ਪੈਸੇ ਹਨ, ਤੁਸੀਂ ਸੋਨਾ ਜਵਾਹਰਾਤ ਖ਼ਰੀਦਦੇ ਹੋ, ਅਸੀਂ ਇੰਨਾ ਹੀ ਆਖਦੇ ਹਾਂ ਕਿ ਬਈ ਤੁਹਾਨੂੰ ਜੋ ਇਨਕਮ ਟੈਕਸ ਦਾ ਪੈਨ ਹੈ, ਉਹ ਲਿਖਵਾ ਦੇਵੋ। ਪਤਾ ਤਾਂ ਚੱਲੇ, ਕੌਣ ਲੈਂਦਾ ਹੈ, ਪੈਸਾ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ। ਭਰਾਵੋ-ਭੈਣੋ, ਇਹ 70 ਸਾਲਾਂ ਦੀ ਬੀਮਾਰੀ ਹੈ ਅਤੇ ਮੈਂ 17 ਮਹੀਨਿਆਂ ਵਿੱਚ ਮਿਟਾਉਣੀ ਹੈ।

ਭਰਾਵੋ-ਭੈਣੋ, ਅਸੀਂ ਇੱਕ ਹੋਰ ਕੰਮ ਕੀਤਾ। ਪਹਿਲਾਂ ਦੀਆਂ ਸਰਕਾਰਾਂ ਨੇ ਵੀ ਕੀਤਾ ਸੀ। ਇਹ ਜੋ ਜਿਊਲਰਜ਼ ਹਨ, ਜੋ ਕਿ ਜ਼ਿਆਦਾਤਰ ਸਾਡੇ ਇੱਥੇ ਸੋਨਾ ਆਦਿ ਦੀ ਗੱਲ ਜ਼ਰਾ, ਉਨ੍ਹਾਂ ਉੱਤੇ ਕੋਈ ਐਕਸਾਈਜ਼ ਡਿਊਟੀ ਨਹੀਂ ਲੱਗਦੀ ਸੀ। ਪਹਿਲਾਂ ਸਰਕਾਰ ਨੇ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਬਹੁਤ ਘੱਟ ਲਾਈ ਸੀ ਪਰ ਸਾਰੇ ਜਿਊਲਰ, ਜਿਊਲਰਾਂ ਦੀ ਗਿਣਤੀ ਬਹੁਤ ਘੱਟ ਹੈ, ਇੱਕ ਪਿੰਡ ਵਿੱਚ ਇੱਕ-ਅੱਧ ਦੋ ਹੀ ਹੁੰਦੇ ਹਨ। ਵੱਡੇ ਸ਼ਹਿਰ ਵਿੱਚ 50-100 ਹੁੰਦੇ ਹਨ। ਪਰ ਉਨ੍ਹਾਂ ਦੀ ਤਾਕਤ ਬਹੁਤ ਗ਼ਜ਼ਬ ਹੈ ਸਾਹਿਬ, ਚੰਗੇ-ਚੰਗੇ MP ਉਨ੍ਹਾਂ ਦੀ ਜੇਬ ਵਿੱਚ ਹੁੰਦੇ ਹਨ ਅਤੇ ਜਿਊਲਰੀ ਉੱਤੇ ਜਦੋਂ ਐਕਸਾਈਜ਼ ਲਾਈ, ਤਾਂ ਮੇਰੇ ਉੱਤੇ ਇੰਨਾ ਦਬਾਅ ਆਇਆ, MP ਦਾ ਦਬਾਅ, delegation, ਸਾਡੇ ਜਾਣਕਾਰ, ਸਾਹਿਬ ਇਹ ਤਾਂ ਸਾਰੇ ਇਨਕਮ ਟੈਕਸ ਵਾਲੇ ਲੁੱਟ ਲੈਣਗੇ, ਤਬਾਹ ਕਰ ਦੇਦਗੇ, ਇੰਝ-ਇੰਝ ਦੱਸਦੇ ਸਨ ਕਿ ਮੈਂ ਵੀ ਡਰ ਗਿਆ ਕਿ ਯਾਰ ਮੈਂ ਇਹ ਕਰਾਂਗਾ ਤਾਂ ਪਤਾ ਨਹੀਂ ਕੀ ਹੋ ਜਾਵੇਗਾ। ਮੈਂ ਕਿਹਾ, ਅਜਿਹਾ ਕਰੋ ਬਈ, ਦੋ ਕਮੇਟੀਆਂ ਬਣਾਉਂਦੇ ਹਨ, ਵਾਰਤਾ ਕਰਾਂਗੇ, ਚਰਚਾ ਕਰਾਂਗੇ। ਸਰਕਾਰ ਵੱਲੋਂ ਉਨ੍ਹਾਂ ਨੂੰ, ਜਿਨ੍ਹਾਂ ਉੱਤੇ ਭਰੋਸਾ ਸੀ ਅਜਿਹੀ ਐਕਸਪਰਟ ਕਮੇਟੀ ਬਣਾਈ। ਪਹਿਲਾਂ ਵਾਲੀਆਂ ਸਰਕਾਰਾਂ ਨੂੰ ਇਹ ਜਤਨ ਵਾਪਸ ਲੈਣਾ ਪਿਆ ਸੀ। ਸਾਹਿਬ, ਮੈਂ ਈਮਾਨਦਾਰੀ ਨਾਲ ਦੇਸ਼ ਚਲਾਉਣਾ ਚਾਹੁੰਦਾ ਹਾਂ। ਮੈਂ ਵਾਪਸ ਨਹੀਂ ਲਿਆ, ਮੈਂ ਜਿਊਲਰਾਂ ਨੂੰ ਭਰੋਸਾ ਦਿਵਾਇਆ, ਕੋਈ ਤੁਹਾਡੇ ਨਾਲ ਵਧੀਕੀ ਨਹੀਂ ਕਰੇਗਾ ਅਤੇ ਕੋਈ ਇਨਕਮ ਟੈਕਸ ਵਾਲਾ ਤੁਹਾਡੇ ਨਾਲ ਵਧੀਕੀ ਕਰਦਾ ਹੈ, ਤਾਂ ਤੁਸੀਂ ਮੋਬਾਈਲ ਫ਼ੋਨ ਨਾਲ ਉਸ ਦੀ ਰਿਕਾਰਡਿੰਗ ਕਰ ਲਵੋ, ਮੈਂ ਉਸ ਵਿਰੁੱਧ ਕੰਮ ਕਰਾਂਗਾ। ਇਹ ਕਦਮ ਅਸੀਂ ਚੁੱਕਿਆ। ਜਿਨ੍ਹਾਂ ਨੂੰ ਪਤਾ ਹੋਵੇ, ਇਹ ਸਭ ਵੇਖ ਕੇ ਸਮਝ ਨਹੀਂ ਆਉਂਦਾ ਸੀ ਕਿ ਮੋਦੀ ਕੀ ਕਰੇਗਾ ਅੱਗੇ। ਪਰ ਤੁਸੀਂ ਆਪਣੀ ਦੁਨੀਆ ਵਿੱਚ ਇੰਨੇ ਮਸਤ ਸੀ ਕਿ ਅਤੇ ਪੋਲਿਟੀਕਲ ਪਾਰਟੀ ਵਾਂਗ ਇਹ ਵੀ ਆ ਕੇ ਚਲਾ ਜਾਵੇਗਾ। ਮੈਂ ਭਰਾਵੋ ਅਤੇ ਭੈਣੋ ਕੁਰਸੀ ਲਈ ਪੈਦਾ ਨਹੀਂ ਹੋਇਆ ਹਾਂ। ਮੇਰੇ ਦੇਸ਼ ਵਾਸੀਓ, ਮੈਂ ਘਰ, ਪਰਿਵਾਰ, ਸਭ ਕੁਝ ਦੇਸ਼ ਲਈ ਛੱਡਿਆ ਹੈ।

ਅਸੀਂ ਦੂਜੇ ਪਾਸੇ ਇਹ ਵੀ ਜ਼ੋਰ ਲਾਇਆ। ਕੁਝ ਲੋਕ ਹੁੰਦੇ ਹਨ, ਮਜਬੂਰਨ ਕੁਝ ਗ਼ਲਤ ਕਰਨਾ ਪਿਆ ਹੋਵੇ। ਸਭ ਲੋਕ ਬੇਈਮਾਨ ਨਹੀਂ ਹੁੰਦੇ, ਸਭ ਲੋਕ ਚੋਰ ਵੀ ਨਹੀਂ ਹੁੰਦੇ ਹਨ ਕਿ ਮਜਬੂਰਨ ਕੁਝ ਕਰਨਾ ਪਿਆ ਹੋਵੇ, ਜੇ ਉਨ੍ਹਾਂ ਨੂੰ ਮੌਕਾ ਮਿਲੇ, ਤਾਂ ਸਹੀ ਰਸਤੇ ਉੱਤੇ ਆਉਣ ਲਈ ਤਿਆਰ ਹੁੰਦੇ ਹਨ। ਇਹ ਗਿਣਤੀ ਬਹੁਤ ਵੱਡੀ ਹੁੰਦੀ ਹੈ। ਅਸੀਂ ਲੋਕਾਂ ਸਾਹਮਣੇ ਸਕੀਮ ਰੱਖੀ ਕਿ ਜੇ ਤੁਹਾਡੇ ਕੋਲ ਅਜਿਹੇ ਬੇਈਮਾਨੀ ਦੇ ਪੈਸੇ ਪਏ ਹਨ, ਤਾਂ ਤੁਸੀਂ ECS ਕਾਨੂੰਨ ਅਧੀਨ ਜਮ੍ਹਾ ਕਰਵਾ ਦੇਵੋ, ਇੰਨਾ ਜੁਰਮਾਨਾ ਭਰ ਦੇਵੋ, ਉਸ ਵਿੱਚ ਵੀ ਮੈਂ ਕੋਈ ਮੁਆਫ਼ੀ ਨਹੀਂ ਦਿੱਤੀ, ਪਰ ਵਪਾਰੀ ਲੋਕ ਚੀਜ਼ਾਂ ਨੂੰ ਸਮਝਣ ਵਿੱਚ ਬਹੁਤ ਹੁਸ਼ਿਆਰ ਹੁੰਦੇ ਹਨ। ਉਨ੍ਹਾਂ ਨੂੰ ਸਮਝ ਵਿੱਚ ਆ ਗਿਆ ਕਿ ਇਹ ਮੋਦੀ ਹੈ, ਕੁਝ ਗੜਬੜ ਕਰੇਗਾ। ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਜ਼ਾਦੀ ਦੇ 70 ਸਾਲਾਂ ਵਿੱਚ ਅਜਿਹੀਆਂ ਯੋਜਨਾਵਾਂ ਕਈ ਵਾਰ ਆਈਆਂ ਪਰ ਪਹਿਲੀ ਵਾਰ 67 ਹਜ਼ਾਰ ਕਰੋੜ ਰੁਪਏ ਜੁਰਮਾਨੇ ਸਮੇਤ ਲੋਕਾਂ ਨੇ ਆ ਕੇ ਜਮ੍ਹਾ ਕੀਤੇ ਅਤੇ ਦੋ ਸਾਲ ਦੇ ਟੋਟਲ ਸਰਵੇ ਦੁਆਰਾ, ਰੇਡ ਦੁਆਰਾ, ਡੈਕਲੇਰੇਸ਼ਨ ਦੁਆਰਾ ਸਵਾ ਲੱਖ ਕਰੋੜ ਰੁਪਏ ਜੋ ਕਿਤੇ ਸਾਹਮਣੇ ਨਹੀਂ ਸਨ, ਉਹ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਹੋਏ ਹਨ ਭਰਾਵੋ-ਭੈਣੋ। ਸਵਾ ਲੱਖ ਕਰੋੜ ਦਾ ਹਿਸਾਬ ਆਇਆ ਹੈ। ਇਹ ਦੋ ਸਾਲਾਂ ਵਿੱਚ ਕੀਤੇ ਹੋਏ ਕੰਮ ਦਾ ਹਿਸਾਬ ਮੈਂ ਅੱਜ ਗੋਆ ਦੀ ਧਰਤੀ ਤੋਂ ਪੂਰੇ ਦੇਸ਼ ਨੂੰ ਦੇ ਰਿਹਾ ਹਾਂ ਭਰਾਵੋ-ਭੈਣੋ।

ਉਸ ਤੋਂ ਬਾਅਦ, ਸਾਨੂੰ ਪਤਾ ਸੀ, ਮੈਂ ਕੀ ਕਰਨਾ ਹੈ। ਅਸੀਂ ਜਨ-ਧਨ account ਖੋਲ੍ਹੇ। ਜਦੋਂ ਮੈਂ ਇਹ ਸਕੀਮ ਲੈ ਕੇ ਆਇਆ ਸਾਂ, ਤਦ ਮੇਰਾ ਕਿਹੋ ਜਿਹਾ ਮਜ਼ਾਕ ਹੋਇਆ ਸੀ ਪਾਰਲੀਮੈਂਟ ਵਿੱਚ, ਭਾਸ਼ਣ ਕਿਹੋ ਜਿਹੇ ਹੋਏ ਸਨ, ਤੁਹਾਨੂੰ ਚੇਤੇ ਹੋਵੇਗਾ। ਮੈਨੂੰ ਪਤਾ ਨਹੀਂ ਕੀ-ਕੀ ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਮੋਦੀ ਦੇ ਵਾਲ ਪੁੱਟ ਲੈਣਗੇ, ਤਾਂ ਮੋਦੀ ਡਰ ਜਾਵੇਗਾ। ਜੇ ਮੋਦੀ ਨੂੰ ਜਿਊਂਦਾ ਸਾੜ ਦੇਵੋਗੇ, ਤਦ ਵੀ ਮੋਦੀ ਡਰਦਾ ਨਹੀਂ। ਅਸੀਂ ਮੁੱਢ ਵਿੱਚ ਆ ਕੇ ਇੱਕ ਕੰਮ ਕੀਤਾ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਰਾਹੀਂ ਗ਼ਰੀਬ ਤੋਂ ਗ਼ਰੀਬ ਦਾ ਬੈਂਕ account ਖੋਲ੍ਹਣਾ। ਉਸ ਸਮੇਂ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਮੋਦੀ ਬੈਂਕ account ਕਿਉਂ ਖੁਲ੍ਹਵਾ ਰਿਹਾ ਹੈ, ਹੁਣ ਲੋਕਾਂ ਨੂੰ ਸਮਝ ਆਵੇਗਾ ਕਿ ਇਹ ਬੈਂਕ account ਦਾ ਕੀ ਫ਼ਾਇਦਾ ਹੋਣ ਵਾਲਾ ਹੈ। ਲਗਭਗ 20 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ account ਖੋਲ੍ਹੇ ਅਤੇ ਹਿੰਦੁਸਤਾਨ ਵਿੱਚ ਅਮੀਰ ਲੋਕਾਂ ਦੀ ਜੇਬ ਵਿੱਚ ਵੱਖੋ-ਵੱਖਰੇ ਬੈਂਕਾਂ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਹੁੰਦੇ ਹਨ। ਗ਼ਰੀਬ ਤਾਂ ਵਿਚਾਰਾ ਸੋਚ ਹੀ ਨਹੀਂ ਸਕਦਾ ਸੀ ਕਿ ਅਜਿਹਾ ਵੀ ਕੋਈ ਕਾਰਡ ਹੁੰਦਾ ਹੈ ਕਿ ਕਾਰਡ ਨਾਲ ਮਿਲ ਜਾਂਦਾ ਹੈ ਕੁਝ, ਪਤਾ ਨਹੀਂ ਸੀ ਉਸ ਨੂੰ। ਭਰਾਵੋ-ਭੈਣੋ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਲਈ ਬੈਂਕ ਦੇ ਖਾਤੇ ਖੁੱਲ੍ਹੇ ਹਨ, ਅਜਿਹਾ ਨਹੀਂ ਹੈ।

ਇਸ ਦੇਸ਼ ਦੇ 20 ਕਰੋੜ ਲੋਕਾਂ ਨੂੰ ਅਸੀਂ ਰੂਪੇ ਕਾਰਡ ਦਿੱਤਾ ਹੈ, ਡੈਬਿਟ ਕਾਰਡ ਦਿੱਤਾ ਹੈ ਅਤੇ ਇਹ ਅੱਜ ਤੋਂ ਇੱਕ ਸਾਲ ਪਹਿਲਾਂ ਕੀਤਾ ਹੋਇਆ ਹੈ। ਉਸ ਡੈਬਿਟ ਨਾਲ ਜੇ ਉਸ ਦੇ ਖਾਤੇ ਵਿੱਚ ਪੈਸੇ ਹਨ, ਤਾਂ ਉਹ ਬਾਜ਼ਾਰ ਵਿਚੋਂ ਕੋਈ ਚੀਜ਼ ਖ਼ਰੀਦ ਸਕਦਾ ਹੈ, ਉਸ ਦੀ ਵਿਵਸਥਾ ਉਸ ਵਿੱਚ ਉਪਲਬਧ ਹੈ ਭਰਾਵੋ-ਭੈਣੋ। ਪਰ ਲੋਕਾਂ ਨੂੰ ਲਗਿਆ ਕਿ ਨਹੀਂ-ਨਹੀਂ, ਜਿਵੇਂ ਹਰ ਪੋਲਿਟੀਕਲ ਕੰਮ ਹੁੰਦਾ ਹੈ, ਉਂਝ ਹੀ ਹੀ ਕੋਈ। ਪੋਲਿਟੀਕਲ ਕੰਮ ਨਹੀਂ ਸੀ, ਮੈਂ ਹੌਲੀ-ਹੌਲੀ ਦੇਸ਼ ਦੀ ਆਰਥਿਕ ਤਬੀਅਤ ਸੁਧਾਰਨ ਲਈ ਵੱਖੋ-ਵੱਖਰੀਆਂ ਦਵਾਈਆਂ ਦੇ ਰਿਹਾ ਸੀ। ਹੌਲੀ-ਹੌਲੀ ਡੋਜ਼ ਵਧਾ ਰਿਹਾ ਸਾਂ।
ਹੁਣ ਭੈਣੋ-ਭਰਾਵੋ, ਮੇਰੇ ਦੇਸ਼ ਦੇ ਗ਼ਰੀਬਾਂ ਦੀ ਅਮੀਰੀ ਵੇਖੋ। ਮੈਂ ਤਾਂ ਉਨ੍ਹਾਂ ਨੂੰ ਆਖਿਆ ਸੀ ਕਿ ਜ਼ੀਰੋ ਅਮਾਊਂਟ ਨਾਲ ਤੁਸੀਂ ਖਾਤਾ ਖੋਲ੍ਹ ਸਕਦੇ ਹੋ, ਇੱਕ ਵਾਰ ਤੁਹਾਡਾ ਬੈਂਕ ਵਿੱਚ ਪੈਰ ਆਉਣਾ ਚਾਹੀਦਾ ਹੈ, ਬੱਸ। ਇਹ ਆਰਥਿਕ ਵਿਵਸਥਾ ਵਿੱਚ ਕਿਤੇ ਤੁਸੀਂ ਵੀ ਹੋਣੇ ਚਾਹੀਦੇ ਹੋ। ਪਰ ਮੇਰੇ ਦੇਸ਼ ਦੇ ਗ਼ਰੀਬਾਂ ਦੀ ਅਮੀਰੀ ਵੇਖੋ ਦੋਸਤੋ। ਇਹ ਜੋ ਅਮੀਰ ਲੋਕ ਰਾਤ ਨੂੰ ਸੌਂ ਨਹੀਂ ਸਕਦੇ ਹਨ ਨਾ, ਗ਼ਰੀਬਾਂ ਦੀ ਅਮੀਰੀ ਵੇਖੋ, ਦੋਸਤੋ। ਮੈਂ ਤਾਂ ਆਖਿਆ ਸੀ ਕਿ ਜ਼ੀਰੋ ਰਕਮ ਨਾਲ ਤੁਸੀਂ ਬੈਂਕ account ਖੋਲ੍ਹ ਸਕਦੇ ਹੋ ਪਰ ਮੇਰੇ ਦੇਸ਼ ਦੇ ਗ਼ਰੀਬਾਂ ਨੇ ਬੈਂਕਾਂ ਵਿੱਚ ਜਨ-ਧਨ account ਵਿੱਚ 45 ਹਜ਼ਾਰ ਕਰੋੜ ਰੁਪਏ ਜਮ੍ਹਾ ਕਰਵਾਏ ਦੋਸਤੋ। ਇਹ ਦੇਸ਼ ਦੇ ਆਮ ਮਨੁੱਖ ਦੀ ਤਾਕਤ ਨੂੰ ਅਸੀਂ ਪਛਾਣੀਏ। 20 ਕਰੋੜ ਪਰਿਵਾਰਾਂ ਨੂੰ ਰੂਪੇ ਕਾਰਡ ਦਿੱਤਾ। ਫਿਰ ਵੀ ਕੁਝ ਲੋਕ ਮੰਨਦੇ ਹੀ ਨਹੀਂ। ਉਨ੍ਹਾਂ ਨੂੰ ਲਗਦਾ ਸੀ ਕਿ ਯਾਰ ਕੋਈ ਸਿਆਸੀ ਗੋਟੀ ਬਿਠਾ ਦੇਣਗੇ, ਤਾਂ ਹੋ ਜਾਵੇਗਾ ਮਾਮਲਾ। ਅਸੀਂ ਇੱਕ ਬਹੁਤ ਵੱਡਾ ਸੀਕਰੇਟ ਆੱਪਰੇਸ਼ਨ ਕੀਤਾ। ਮਨੋਹਰ ਜੀ ਵਾਲਾ ਤਾਂ ਮੈਂ ਨਹੀਂ ਕਰ ਸਕਦਾ। ਦਸ ਮਹੀਨਿਆਂ ਤੋਂ ਕੰਮ ‘ਤੇ ਲੱਗਾ ਰਿਹਾ, ਇੱਕ ਛੋਟੀ ਭਰੋਸੇਯੋਗ ਟੋਲੀ ਬਣਾਈ ਕਿਉਂਕਿ ਇੰਨੇ ਨਵੇਂ ਨੋਟ ਛਾਪਣਾ, ਪਹੁੰਚਾਉਣਾ, ਬਹੁਤ ਔਖਾ, ਚੀਜ਼ਾਂ ਲੁਕਾਉਣਾ, secret ਰੱਖਣਾ, ਨਹੀਂ ਤਾਂ ਇਹ ਲੋਕ ਅਜਿਹੇ ਹੁੰਦੇ ਹਨ ਕਿ ਸਾਹਿਬ ਪਤਾ ਚੱਲ ਜਾਵੇ, ਤਾਂ ਆਪਣਾ ਕਰ ਲੈਣਗੇ।

ਅਤੇ 08 ਤਾਰੀਖ਼ ਰਾਤ 8 ਵਜੇ ਦੇਸ਼ ਦਾ ਤਾਰਾ ਚਮਕਾਉਣ ਲਈ ਇੱਕ ਨਵਾਂ ਕਦਮ ਚੁੱਕਿਆ ਦੋਸਤੋ। ਮੈਂ ਉਸ ਰਾਤ ਨੂੰ ਵੀ ਕਿਹਾ ਸੀ ਕਿ ਇਸ ਫ਼ੈਸਲੇ ਨਾਲ ਤਕਲੀਫ਼ ਹੋਵੇਗੀ, ਅਸੁਵਿਧਾ ਹੋਵੇਗੀ, ਔਖਿਆਈਆਂ ਹੋਣਗੀਆਂ, ਇਹ ਮੈਂ ਪਹਿਲੇ ਹੀ ਦਿਨ ਆਖਿਆ ਹੈ ਪਰ ਭਰਾਵੋ-ਭੈਣੋ ਮੈਂ ਅੱਜ ਦੇਸ਼ ਦੇ ਉਨ੍ਹਾਂ ਕਰੋੜਾਂ ਲੋਕਾਂ ਸਾਹਮਣੇ ਸਿਰ ਝੁਕਾਉਂਦਾ ਹਾਂ ਕਿ ਸਿਨੇਮਾ ਦੇ ਥੀਏਟਰ ਉੱਤੇ ਲਾਈਨ ਲਾਉਂਦੇ ਹਾਂ ਨਾ, ਉੱਥੇ ਵੀ ਝਗੜਾ ਹੋ ਜਾਂਦਾ ਹੈ। ਮੈਂ ਵੇਖ ਰਿਹਾ ਹਾਂ ਕਿ ਪਿਛਲੇ ਚਾਰ ਦਿਨਾਂ ਤੋਂ ਚਾਰੇ ਪਾਸੇ ਪੈਸਿਆਂ ਲਈ ਕਤਾਰ ਵਿੱਚ ਖੜ੍ਹੇ ਰਹਿਣ ਦੀ ਜਗ੍ਹਾ ਨਹੀਂ ਹੈ ਪਰ ਹਰੇਕ ਦੇ ਮੂੰਹ ਵਿੱਚੋਂ ਇੱਕੋ ਹੀ ਆਵਾਜ਼ ਆ ਰਹੀ ਹੈ ਕਿ ਠੀਕ ਹੈ, ਮੁਸੀਬਤ ਹੋ ਰਹੀ ਹੈ, ਪੈਰ ਦੁਖ ਰਹੇ ਹਨ ਪਰ ਦੇਸ਼ ਦਾ ਭਲਾ ਹੋਵੇ।

ਮੈਂ ਅੱਜ ਜਨਤਕ ਤੌਰ ‘ਤੇ ਬੈਂਕ ਦੇ ਸਾਰੇ ਮੁਲਾਜ਼ਮਾਂ ਦਾ ਅਭਿਨੰਦਨ ਕਰਦਾ ਹਾਂ। ਇੱਕ ਸਾਲ ਵਿੱਚ, ਮੇਰੇ ਸ਼ਬਦ ਲਿਖੋ, ਇੱਕ ਸਾਲ ਵਿੱਚ ਬੈਂਕ ਦੇ ਮੁਲਾਜ਼ਮ ਨੂੰ ਜਿੰਨਾ ਕੰਮ ਕਰਨਾ ਪੈਂਦਾ ਹੈ ਨਾ, ਉਸ ਤੋਂ ਵੱਧ ਕੰਮ ਉਹ ਪਿਛਲੇ ਇੱਕ ਹਫ਼ਤੇ ਤੋਂ ਕਰ ਰਿਹਾ ਹੈ। ਮੈਨੂੰ ਖ਼ੁਸ਼ੀ ਹੋਈ। ਮੈਂ ਸੋਸ਼ਲ ਮੀਡੀਆ ਵਿੱਚ ਵੇਖਿਆ ਰਿਟਾਇਰਡ ਬੈਂਕ ਦੇ ਕਰਮਚਾਰੀ, ਕਿਸੇ ਦੀ ਉਮਰ 70 ਸਾਲ, ਕਿਸੇ ਦੀ 75 ਸਾਲ, ਉਹ ਬੈਂਕ ਵਿੱਚ ਗਏ। ਉਨ੍ਹਾਂ ਕਿਹਾ, ਸਾਹਿਬ ਰਿਟਾਇਰਡ ਹੋ ਗਏ ਹਾਂ ਪਰ ਇਸ ਪਵਿੱਤਰ ਕੰਮ ਵਿੱਚ, ਸਾਨੂੰ ਆਉਂਦਾ ਹੈ ਜੇ ਤੁਸੀਂ ਸਾਨੂੰ ਬੈਠ ਕੇ ਕੰਮ ਵਿੱਚ ਲਾਉਣਾ ਚਾਹੁੰਦੇ ਹੋ, ਤਾਂ ਅਸੀਂ ਆਪਣੀ ਸੇਵਾ ਦੇਣ ਲਈ ਤਿਆਰ ਹਾਂ। ਮੈਂ ਉਨ੍ਹਾਂ ਰਿਟਾਇਰਡ ਬੈਂਕ ਦੇ ਕਰਮਚਾਰੀਆਂ ਦਾ ਵੀ ਅੱਜ ਅਭਿਨੰਦਨ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦੇਣ ਲਈ ਆਪਣੀ ਪੁਰਾਣੀ ਬ੍ਰਾਂਚ ਵਿੱਚ ਜਾ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਮੈਂ ਉਨ੍ਹਾਂ ਨੌਜਵਾਨਾਂ ਦਾ ਅਭਿਨੰਦਨ ਕਰਦਾ ਹਾਂ, ਜੋ ਕਤਾਰ ਦੇ ਬਹਾਰ ਧੁੱਪ ਵਿੱਚ ਖਲੋ ਕੇ ਆਪਣੇ ਖ਼ਰਚੇ ਨਾਲ ਲੋਕਾਂ ਨੂੰ ਪਾਣੀ ਪਿਆ ਰਹੇ ਹਨ। Senior citizen ਦੇ ਬੈਠਣ ਲਈ ਕੁਰਸੀਆਂ ਲੈ ਕੇ ਦੌੜ ਰਹੇ ਹਨ। ਚਾਰੇ ਪਾਸੇ ਦੇਸ਼ ਦੀ ਨੌਜਵਾਨ ਪੀੜ੍ਹੀ ਖ਼ਾਸ ਕਰ ਕੇ ਇਸ ਵੇਲੇ ਕੰਮ ਨੂੰ ਸਫ਼ਲ ਕਰਨ ਲਈ ਕੰਮ ਵਿੱਚ ਲੱਗੀ ਹੈ। ਇਸ ਕੰਮ ਦੀ ਸਫ਼ਲਤਾ ਦਾ ਕਾਰਨ 08 ਤਾਰੀਖ਼ ਦੇ 08 ਵਜੇ ਦਾ ਮੋਦੀ ਦਾ ਫ਼ੈਸਲਾ ਨਹੀਂ ਹੈ। ਇਸ ਕੰਮ ਦੀ ਸਫ਼ਲਤਾ ਦਾ ਕਾਰਨ ਸਵਾ ਸੌ ਕਰੋੜ ਦੇਸ਼ ਵਾਸੀ, ਜਿਸ ਵਿੱਚ ਕੁਝ ਲੱਖ ਛੱਡ ਦੇਵੋ, ਇਹ ਜੀਅ-ਜਾਨ ਨਾਲ ਲੱਗੇ ਹਨ, ਇਸ ਲਈ ਇਹ ਯੋਜਨਾ ਸਫ਼ਲ ਹੋਣੀ ਯਕੀਨੀ ਹੈ, ਭੈਣੋ-ਭਰਾਵੋ।

ਮੈਂ ਦੂਜੀ ਗੱਲ ਦੱਸਣੀ ਚਾਹੁੰਦਾ ਹਾਂ। ਮੈਨੂੰ ਦੱਸੋ ਸਾਡੇ ਦੇਸ਼ ਵਿੱਚ ਵੋਟਰ ਸੂਚੀ, ਸਾਰੀਆਂ ਪੋਲਿਟੀਕਲ ਪਾਰਟੀਆਂ ਵੋਟਰ ਸੂਚੀ ਬਣਾਉਣ ਵਿੱਚ ਕੰਮ ਕਰਦੀਆਂ ਹਨ ਕਿ ਨਹੀਂ ਕਰਦੀਆਂ ਹਨ। ਸਰਕਾਰ ਦੇ ਸਾਰੇ ਲੋਕ ਕੰਮ ਕਰਦੇ ਹਨ ਕਿ ਨਹੀਂ ਕਰਦੇ ਹਨ, ਸਾਰੇ ਟੀਚਰਜ਼ ਕਰਦੇ ਹਨ ਕਿ ਨਹੀਂ ਕਰਦੇ ਹਨ। ਉਸ ਦੇ ਬਾਵਜੂਦ ਜਿਸ ਦਿਨ ਪੋਲਿੰਗ ਹੁੰਦੀ ਹੈ, ਸ਼ਿਕਾਇਤ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਕਿ ਮੇਰਾ ਨਾਮ ਨਿਕਲ ਗਿਆ, ਸਾਡੀ ਸੋਸਾਇਟੀ ਦਾ ਨਾਂਅ ਨਿਕਲ ਗਿਆ, ਮੈਨੂੰ ਵੋਟ ਨਹੀਂ ਦੇਣ ਦਿੰਦੇ। ਮੁਸੀਬਤ ਆਉਂਦੀ ਹੈ ਕਿ ਨਹੀਂ ਆਉਂਦੀ। ਇੰਨਾ ਸਾਰਾ open ਹੋਣ ਦੇ ਬਾਅਦ ਵੀ ਤਕਲੀਫ਼ ਆਉਂਦੀ ਹੈ ਕਿ ਨਹੀਂ ਆਉਂਦੀ।

ਭਰਾਵੋ-ਭੈਣੋ ਸਾਡੇ ਦੇਸ਼ ਵਿੱਚ ਚੋਣਾਂ ਹੁੰਦੀਆਂ ਹਨ, ਚੋਣਾਂ ਵਿੱਚ ਤਾਂ ਕੀ ਕਰਨਾ ਹੋਵੇਗਾ, ਜਾਣਾ-ਬਟਨ ਦਬਾਉਣਾ-ਵਾਪਸ ਆਉਣਾ, ਇੰਨਾ ਹੀ ਕਰਨਾ ਹੈ ਨਾ, ਤਦ ਵੀ ਇਸ ਦੇਸ਼ ਵਿੱਚ ਲਗਭਗ ਤਿੰਨ ਮਹੀਨੇ, 90 ਦਿਨਾਂ ਤੱਕ ਚੋਣਾਂ ਦਾ ਕੰਮ ਚਲਦਾ ਹੈ ਅਤੇ ਉਸ ਵਿੱਚ ਸਾਰਾ ਪੁਲਿਸ ਤੰਤਰ, ਸੀ.ਆਰ.ਪੀ.ਐਫ਼., ਐਸ.ਆਰ.ਪੀ., ਬੀ.ਐਸ.ਐਫ਼., ਗਵਰਨਮੈਂਟ ਦਾ ਹਰ ਮੁਲਾਜ਼ਮ, ਪੋਲਿਟੀਕਲ ਪਾਰਟੀ ਦੇ ਕਰੋੜਾਂ-ਕਰੋੜਾਂ ਕਾਰਕੁੰਨ ਸਭ ਲੋਕ 90 ਦਿਨਾਂ ਤੱਕ ਦਿਨ-ਰਾਤ ਮਿਹਨਤ ਕਰਦੇ ਹਨ, ਤਦ ਜਾ ਕੇ ਸਾਡੇ ਇੰਨੇ ਵੱਡੇ ਦੇਸ਼ ਦੀ ਚੋਣ ਸੰਪੰਨ ਹੁੰਦੀ ਹੈ। 90 ਦਿਨ ਲੱਗ ਜਾਂਦੇ ਹਨ। ਭਰਾਵੋ-ਭੈਣੋ, ਮੈਂ ਸਿਰਫ਼ ਦੇਸ਼ ਤੋਂ 50 ਦਿਨ ਮੰਗੇ ਹਨ। 30 ਦਸੰਬਰ ਤੱਕ ਮੈਨੂੰ ਮੌਕਾ ਦੇਵੋ, ਮੇਰੇ ਭਰਾਵੋ-ਭੈਣੋ। ਜੇ 30 ਦਸੰਬਰ ਤੋਂ ਬਾਅਦ ਕੋਈ ਮੇਰੀ ਘਾਟ ਰਹਿ ਜਾਵੇ, ਕੋਈ ਮੇਰੀ ਗ਼ਲਤੀ ਨਿਕਲ ਜਾਵੇ, ਕੋਈ ਮੇਰਾ ਗ਼ਲਤ ਇਰਾਦਾ ਨਿਕਲ ਜਾਵੇ, ਤਾਂ ਤੁਸੀਂ ਜਿਸ ਚੌਰਾਹੇ ਵਿੱਚ ਮੈਨੂੰ ਖੜ੍ਹਾ ਕਰੋਗੇ, ਮੈਂ ਖੜ੍ਹਾ ਹੋ ਕੇ ਦੇਸ਼ ਜੋ ਸਜ਼ਾ ਦੇਵੇਗਾ, ਉਹ ਸਜ਼ਾ ਭੁਗਤਣ ਲਈ ਤਿਆਰ ਹਾਂ।

ਪਰ ਮੇਰੇ ਦੇਸ਼ ਵਾਸੀ, ਦੁਨੀਆ ਅੱਗੇ ਵਧ ਰਹੀ ਹੈ, ਭਾਰਤ ਦੀ ਇਹ ਬੀਮਾਰੀ ਦੇਸ਼ ਨੂੰ ਤਬਾਹ ਕਰ ਰਹੀ ਹੈ। 800 ਮਿਲੀਅਨ 65 ਪ੍ਰਤੀਸ਼ਤ 35 ਤੋਂ ਘੱਟ ਉਮਰ ਵਾਲੇ ਨੌਜਵਾਨ ਉਨ੍ਹਾਂ ਦਾ ਭਵਿੱਖ ਦਾਅ ਉੱਤੇ ਲੱਗਾ ਹੈ। ਇਸ ਲਈ ਮੇਰੇ ਭਰਾਵੋ-ਭੈਣੋ, ਜਿਨ੍ਹਾਂ ਨੇ ਸਿਆਸਤ ਕਰਨੀ ਹੈ, ਉਹ ਕਰੇ, ਜਿਨ੍ਹਾਂ ਦਾ ਲੁਟ ਚੁੱਕਾ ਹੈ, ਉਹ ਰੋਂਦੇ ਰਹਿਣ, ਗੰਦੇ ਦੋਸ਼ ਲਾਉਂਦੇ ਰਹਿਣ ਪਰ ਮੇਰੇ ਈਮਾਨਦਾਰ ਦੇਸ਼ ਵਾਸੀਓ, ਆਓ ਮੇਰੇ ਨਾਲ ਚੱਲੋ, ਸਿਰਫ਼ 50 ਦਿਨ। 30 ਦਸੰਬਰ ਤੋਂ ਬਾਅਦ ਮੈਂ, ਤੁਸੀਂ ਜਿਹੋ ਜਿਹਾ ਹਿੰਦੁਸਤਾਨ ਚਾਹਿਆ ਹੈ, ਉਹ ਦੇਣ ਦਾ ਵਾਅਦਾ ਕਰਦਾ ਹਾਂ।

ਕਿਸੇ ਨੂੰ ਤਕਲੀਫ਼ ਹੁੰਦੀ ਹੈ, ਦਰਦ ਮੈਨੂੰ ਵੀ ਹੁੰਦਾ ਹੈ। ਇਹ ਮੇਰੇ ਹੰਕਾਰ ਦਾ ਨਹੀਂ ਹੈ। ਭਰਾਵੋ-ਭੈਣੋ, ਮੈਂ ਬੁਰਾਈਆਂ ਨੂੰ ਨੇੜਿਓਂ ਵੇਖਿਆ ਹੈ। ਦੇਸ਼ ਵਾਸੀਆਂ ਦੀ ਤਕਲੀਫ਼ ਸਮਝਦਾ ਹਾਂ, ਉਨ੍ਹਾਂ ਦੀ ਮੁਸੀਬਤ ਸਮਝਦਾ ਹਾਂ, ਪਰ ਇਹ ਕਸ਼ਟ ਸਿਰਫ਼ 50 ਦਿਨਾਂ ਲਈ ਹੈ। 50 ਦਿਨਾਂ ਤੋਂ ਬਾਅਦ ਅਸੀਂ ਸਫ਼ਾਈ ਵਿੱਚ ਸਫ਼ਲ ਹੋ ਗਏ ਅਤੇ ਇੱਕ ਵਾਰ ਸਫ਼ਾਈ ਹੋ ਜਾਂਦੀ ਹੈ, ਤਾਂ ਛੋਟਾ-ਮੋਟਾ ਮੱਛਰ ਵੀ ਨਹੀਂ ਆਉਂਦਾ। ਮੈਨੂੰ ਯਕੀਨ ਹੈ। ਮੈਂ ਇਹ ਲੜਾਈ ਈਮਾਨਦਾਰ ਲੋਕਾਂ ਦੇ ਭਰੋਸੇ ਸ਼ੁਰੂ ਕੀਤੀ ਹੈ ਅਤੇ ਈਮਾਨਦਾਰ ਲੋਕਾਂ ਦੀ ਤਾਕਤ ਉੱਤੇ ਮੈਨੂੰ ਵਿਸ਼ਵਾਸ ਹੈ, ਪੂਰਾ ਯਕੀਨ ਹੈ, ਪੂਰਾ ਭਰੋਸਾ ਹੈ। ਤੁਸੀਂ ਕਲਪਨਾ ਨਹੀਂ ਕਰ ਸਕਦੇ ਕਿ ਕਿਹੋ-ਜਿਹੇ ਲੋਕਾਂ ਦਾ ਪੈਸਾ ਡੁੱਬ ਰਿਹਾ ਹੈ। ਮਾਂ ਗੰਗਾ ਨੂੰ ਵੀ ਹੈਰਾਨੀ ਹੋ ਰਹੀ ਹੈ। ਕੱਲ੍ਹ ਜੋ ਚੁਆਨੀ ਨਹੀਂ ਪਾਉਂਦੇ ਸਨ, ਅੱਜ ਉਹ ਨੋਟ ਵਹਾਉਣ ਆ ਰਹੇ ਹਨ। ਉਹ ਗ਼ਰੀਬ ਵਿਧਵਾ ਮਾਂ ਮੋਦੀ ਨੂੰ ਅਸ਼ੀਰਵਾਦ ਦਿੰਦੀ ਹੈ ਕਿ ਬੇਟਾ ਕਦੇ ਬੇਟਾ ਜਾਂ ਨੂੰਹ ਵੇਖਦੇ ਨਹੀਂ ਸਨ, ਕੱਲ੍ਹ ਆਏ ਸਨ ਕਿ ਢਾਈ ਲੱਖ ਰੁਪਏ ਬੈਂਕ ਵਿੱਚ ਜਮ੍ਹਾ ਕਰਵਾਉਣੇ ਹਨ। ਉਨ੍ਹਾਂ ਗ਼ਰੀਬ ਵਿਧਵਾ ਮਾਵਾਂ ਦੇ ਅਸ਼ੀਰਵਾਦ ਦੇਸ਼ ਦੀ ਸਫ਼ਲਤਾ ਦੇ ਯੱਗ ਨੂੰ ਅੱਗੇ ਵਧਾਉਣਗੇ ਅਤੇ ਤੁਸੀਂ ਵੇਖਿਆ ਕਿ ਕਿਹੋ ਜਿਹੇ ਲੋਕ 2ਜੀ, ਸਕੈਮ, ਕੋਲਾ ਸਕੈਮ, ਅਰਬਾਂ-ਖ਼ਰਬਾਂ, ਪਤਾ ਹੈ ਨਾ ਸਭ, ਅੱਜ ਚਾਰ ਹਜ਼ਾਰ ਰੁਪਏ ਬਦਲਣ ਲਈ ਲਾਈਨ ਵਿੱਚ ਖਲੋਣਾ ਪੈਂਦਾ ਹੈ ਜੀ। ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਪਿਆਰ ਨਾ ਹੁੰਦਾ, ਵਿਸ਼ਵਾਸ ਨਾ ਹੁੰਦਾ, ਸਰਕਾਰਾਂ ਤਾਂ ਆਉਂਦੀਆਂ ਚਲੀਆਂ ਜਾਂਦੀਆਂ ਹਨ ਭਰਾਵੋ-ਭੈਣੋ, ਇਹ ਦੇਸ਼ ਅੱਜ ਅਮਰ ਹੈ, ਇਹ ਦੇਸ਼ ਦਾ ਭਵਿੱਖ ਉੱਜਲ ਹੈ। ਇਸ ਉੱਜਲ ਭਵਿੱਖ ਲਈ ਦੁੱਖ ਝੱਲਣਾ। ਮੈਂ ਕਦੇ-ਕਦੇ ਹੈਰਾਨ ਹਾਂ। ਹਾਲੇ ਕੱਲ੍ਹ ਮੇਰੀ ਇੱਕ ਪੱਤਰਕਾਰ ਭਰਾ ਨਾਲ ਗੱਲ ਹੋਈ। ਮੈਂ ਆਖਿਆ, ਤੁਸੀਂ ਤਾਂ ਮੈਨੂੰ ਦਿਨ-ਰਾਤ ਆਖਦੇ ਹੋ ਕਿ ਮੋਦੀ ਜੀ ਬੱਸ ਜੰਗ ਹੋ ਜਾਵੇ। ਮੈਂ ਕਿਹਾ ਫਿਰ ਤਕਲੀਫ਼ ਹੋ ਗਈ, ਤਾਂ ਕੀ ਕਰੋਗੇ। ਬਿਜਲੀ ਬੰਦ ਹੋ ਜਾਵੇਗੀ, ਚੀਜ਼ਾਂ ਆਉਣੀਆਂ ਬੰਦ ਹੋ ਜਾਣਗੀਆਂ, ਰੇਲਵੇ cancel ਹੋ ਜਾਵੇਗੀ, ਰੇਲਵੇ ਵਿੱਚ ਫ਼ੌਜ ਦੇ ਲੋਕ ਜਾਣਗੇ, ਤੁਸੀਂ ਨਹੀਂ ਜਾ ਸਕੋਗੇ, ਤਦ ਕੀ ਕਰੋਗੇ। ਬੋਲੇ ਚੰਗਾ, ਅਜਿਹਾ ਹੁੰਦਾ ਹੈ। ਕਹਿਣਾ ਬਹੁਤ ਸਰਲ ਹੁੰਦਾ ਹੈ ਬਈ, ਉਪਦੇਸ਼ ਦੇਣਾ ਸੌਖਾ ਹੁੰਦਾ ਹੈ, ਜਦੋਂ ਫ਼ੈਸਲਾ ਕਰਦੇ ਹਾਂ, ਤਦ ਉਸ ਨਾਲ ਚਲਣਾ ਆਮ ਮਨੁੱਖ ਨੂੰ ਕੋਈ ਤਕਲੀਫ਼ ਨਹੀਂ ਹੁੰਦੀ।

ਮੈਂ ਦੇਸ਼ ਵਾਸੀਆਂ ਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ। ਇਨ੍ਹੀਂ ਦਿਨੀਂ ਬਹੁਤ ਲੋਕਾਂ ਨੂੰ ਇਹ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਬਾਰੇ ਬੋਲਣ ਦੀ ਹਿੰਮਤ ਨਹੀਂ ਹੈ ਕਿਉਂਕਿ ਜੋ ਵੀ ਬੋਲਿਆ ਹੈ, ਫੜਿਆ ਜਾਂਦਾ ਹੈ, ਯਾਰ ਕੁਝ ਤਾਂ ਦਾਲ ਵਿੱਚ ਕਾਲਾ ਹੈ। ਇਹ ਹਰ ਕੋਈ ਹੱਸਦੇ ਹੋੲੈ ਚਿਹਰੇ ਨਾਲ ਬੋਲ ਰਿਹਾ ਹੈ ਕਿ ਨਹੀਂ, ਨਹੀਂ ਮੋਦੀ ਜੀ ਨੇ ਵਧੀਆ ਕੀਤਾ। ਫਿਰ ਕਿਸੇ ਦੋਸਤ ਨੂੰ ਫ਼ੋਨ ਕਰਦਾ ਹੈ, ਯਾਰ ਕੋਈ ਰਸਤਾ ਹੈ। ਫਿਰ ਉਹ ਕਹਿੰਦਾ ਹੈ, ਯਾਰ ਮੋਦੀ ਜੀ ਨੇ ਸਾਰੇ ਰਾਹ ਬੰਦ ਕਰ ਦਿੱਤੇ। ਇਸ ਲਈ ਅਫ਼ਵਾਹਾਂ ਫੈਲਾਉਂਦੇ ਹਨ। ਇੱਕ ਦਿਨ ਅਫ਼ਵਾਹ ਫੈਲਾਈ ਕਿ ਨਮਕ ਮਹਿੰਗਾ ਹੋ ਗਿਆ ਹੈ। ਹੁਣ ਦੱਸੋ ਬਈ 500 ਦੇ ਨੋਟ ਅਤੇ 1,000 ਦੇ ਨੋਟ, ਕੋਈ ਹੈ, ਜੋ 1,000 ਦੇ ਨੋਟ ਲੈ ਕੇ ਨਮਕ ਲੈਣ ਜਾਂਦਾ ਹੈ। ਇਹ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਲੁਟ ਰਿਹਾ ਹੈ। 70 ਸਾਲਾਂ ਤੋਂ ਜਮ੍ਹਾ ਕੀਤਾ ਹੋਇਆ। ਮਹਿੰਗੇ ਤੋਂ ਮਹਿੰਗੇ ਜਿੰਦਰੇ ਲਾਏ ਸਨ, ਕੋਈ ਸਾਰ ਲੈਣ ਵਾਲਾ ਨਹੀਂ ਹੈ। ਮੰਗਤਾ ਵੀ ਮਨ੍ਹਾ ਕਰਦਾ ਹੈ, ਨਹੀਂ ਜਨਾਬ 1,000 ਦਾ ਨੋਟ ਨਹੀਂ ਚਲੇਗਾ।

ਭਰਾਵੋ-ਭੈਣੋ, ਈਮਾਨਦਾਰ ਨੂੰ ਕੋਈ ਤਕਲੀਫ਼ ਨਹੀਂ ਹੈ। ਕੁਝ ਲੋਕ ਆਪਣੇ ਨੋਟ, ਕਹਿੰਦੇ ਹਨ, ਮੈਨੂੰ ਸੱਚ ਪਤਾ ਨਹੀਂ ਪਰ ਚਰਚਾ ਚੱਲ ਰਹੀ ਹੈ। ਕਹਿੰਦੇ ਹਨ ਕਿ ਕੋਈ ਸਾਢੇ ਚਾਰ ਸੌ ਵਿੱਚ ਵੇਚ ਰਿਹਾ ਹੈ, ਕੋਈ 500 ਦਾ ਨੋਟ ਤਿੰਨ ਸੌ ਵਿੱਚ ਦੇ ਰਿਹਾ ਹੈ। ਮੈਂ ਦੇਸ਼ ਵਾਸੀਆਂ ਨੂੰ ਆਖਦਾ ਹਾਂ ਕਿ ਤੁਹਾਡੇ 500 ਰੁਪਏ ਵਿੱਚੋਂ ਇੱਕ ਨਵਾਂ ਪੈਸਾ ਘੱਟ ਕਰਨ ਦੀ ਤਾਕਤ ਕਿਸੇ ਦੀ ਨਹੀਂ ਹੈ। ਤੁਹਾਡਾ 500 ਰੁਪਏ ਭਾਵ four hundred ninety nine and hundred paisa ਪੱਕਾ। ਅਜਿਹੇ ਕਿਸੇ ਕਾਰੋਬਾਰ ਵਿੱਚ ਸ਼ਾਮਲ ਨਾ ਹੋਵੋ। ਕੁਝ ਬੇਈਮਾਨ ਲੋਕ ਆਪਣੇ ਲੋਕਾਂ ਨੂੰ ਆਖ ਦਿੰਦੇ ਹਨ ਕਿ ਜਾਓ ਲਾਈਨ ਵਿੱਚ ਖੜ੍ਹੇ ਹੋ ਜਾਓ। ਦੋ-ਦੋ ਹਜ਼ਾਰ ਦਾ ਕਰਵਾ ਲਓ ਯਾਰ, ਥੋੜ੍ਹਾ ਬਹੁਤ ਬਚ ਜਾਵੇਗਾ।

ਦੂਜੇ, ਭਰਾਵੋ-ਭੈਣੋ, ਮੇਰੀ ਸਭ ਨੂੰ ਬੇਨਤੀ ਹੈ। ਹੋ ਸਕਦਾ ਹੈ ਤੁਹਾਨੂੰ ਪਤਾ ਵੀ ਨਾ ਹੋਵੇ ਸ਼ਾਇਦ ਤੁਹਾਡੇ ਚਾਚਾ, ਮਾਮਾ, ਭਰਾ, ਪਿਤਾ ਜੀ, ਜਿਨ੍ਹਾਂ ਦਾ ਸੁਰਗਵਾਸ ਹੋ ਗਿਆ ਹੋਵੇ, ਕੁਝ ਕਰ ਕੇ ਗਏ ਹੋਣ। ਤੁਹਾਡਾ ਕੋਈ ਗੁਨਾਹ ਨਾ ਹੋਵੇ। ਬੱਸ ਤੁਸੀਂ ਬੈਂਕ ਵਿੱਚ ਜਮ੍ਹਾ ਕਰਵਾ ਦੇਵੋ, ਜੋ ਵੀ ਸਜ਼ਾ ਦੇਣੀ ਹੈ, ਸਜ਼ਾ ਦੇਵੋ, ਤੁਸੀਂ ਮੁੱਖ-ਧਾਰਾ ਵਿੱਚ ਆ ਜਾਵੋ, ਸਭ ਦਾ ਭਲਾ ਹੈ। ਇੱਕ ਗੱਲ ਹੋਰ ਆਖਦਾ ਹਾਂ। ਕੁਝ ਲੋਕ ਜੇ ਇਹ ਮੰਨਦੇ ਹੋ ਕਿ ਅੱਗੇ ਵੇਖਿਆ ਜਾਵੇਗਾ, ਤਾਂ ਘੱਟੋ-ਘੱਟ ਉਹ ਮੈਨੂੰ ਪਛਾਣਦੇ ਹੋਣਗੇ। ਦੇਸ਼ ਆਜ਼ਾਦ ਹੋਇਆ, ਤਦ ਤੋਂ ਹੁਣ ਤੱਕ ਦਾ ਤੁਹਾਡਾ ਕੱਚਾ-ਚਿੱਠਾ ਮੈਂ ਖੋਲ੍ਹ ਦੇਵਾਂਗਾ। ਜਿਨ੍ਹਾਂ ਕੋਲ ਇਹ ਬੇਈਮਾਨੀ ਦਾ ਹੈ, ਉਹ ਮੰਨ ਕੇ ਚੱਲੇ ਕਿ ਕਾਗਜ਼ ਦਾ ਟੁਕੜਾ ਹੈ ਇਹ, ਜ਼ਿਆਦਾ ਕੋਸ਼ਿਸ਼ ਨਾ ਕਰੇ। ਨਹੀਂ ਤਾਂ ਸਰਕਾਰੀ ਮੈਂ, ਇਸ ਲਈ ਜੇ ਇੱਕ ਲੱਖ ਨਵੇਂ ਲੜਕਿਆਂ ਨੂੰ ਨੌਕਰੀ ਦੇਣੀ ਪਵੇ, ਤਾਂ ਦੇਵਾਂਗਾ ਅਤੇ ਉਨ੍ਹਾਂ ਨੂੰ ਇਸੇ ਕੰਮ ਵਿੱਚ ਲਾਵਾਂਗਾ। ਪਰ ਦੇਸ਼ ਵਿੱਚ ਇਹ ਸਾਰਾ ਜੋ ਕਾਰੋਬਾਰ ਚੱਲ ਰਿਹਾ ਹੈ, ਉਸ ਨੂੰ ਬੰਦ ਕਰਨਾ ਹੀ ਕਰਨਾ ਹੈ ਅਤੇ ਹੁਣ ਲੋਕ ਮੈਨੂੰ ਸਮਝ ਗਏ ਹਨ। ਇੰਨੇ ਦਿਨ ਉਨ੍ਹਾਂ ਨੂੰ ਸਮਝ ਨਹੀਂ ਆਇਆ ਪਰ ਥੋੜ੍ਹੀ ਇੱਕ ਡੋਜ਼ ਜ਼ਿਆਦਾ ਆਈ, ਤਾਂ ਸਮਝ ਆਇਆ। ਪਰ ਇਹ ਪੂਰਨ-ਵਿਰਾਮ ਨਹੀਂ ਹੈ। ਮੈਂ ਖੁੱਲ੍ਹ ਕੇ ਆਖਦਾ ਹਾਂ ਕਿ ਇਹ ਪੂਰਨ-ਵਿਰਾਮ ਨਹੀਂ ਹੈ। ਦੇਸ਼ ਵਿੱਚ ਭ੍ਰਿਸ਼ਟਾਚਾਰ, ਬੇਈਮਾਨੀ ਬੰਦ ਕਰਨ ਲਈ ਮੇਰੇ ਦਿਮਾਗ਼ ਵਿੱਚ ਹੋਰ ਵੀ ਕਈ ਪ੍ਰੋਜੈਕਟ ਚਲ ਰਹੇ ਹਨ। ਇਹ ਆਉਣ ਵਾਲੇ ਹਨ। ਇਹ ਈਮਾਨਦਾਰ ਲੋਕਾਂ ਲਈ ਮੈਂ ਕਰ ਰਿਹਾ ਹਾਂ ਜੀ, ਦੇਸ਼ ਦੇ ਗ਼ਰੀਬ ਲੋਕਾਂ ਲਈ ਕਰ ਰਿਹਾ ਹਾਂ। ਮਿਹਨਤ ਕਰ ਕੇ ਜ਼ਿੰਦਗੀ ਬਤੀਤ ਕਰ ਰਹੇ ਹਨ, ਉਨ੍ਹਾਂ ਨੂੰ ਆਪਣਾ ਘਰ ਮਿਲੇ, ਉਨ੍ਹਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ, ਉਨ੍ਹਾਂ ਦੇ ਘਰ ਵਿੱਚ ਬਜ਼ੁਰਗਾਂ ਨੂੰ ਵਧੀਆ ਦਵਾਈ ਮਿਲੇ, ਇਸ ਲਈ ਮੈਂ ਕਰ ਰਿਹਾ ਹਾਂ।

ਮੈਨੂੰ ਗੋਆ ਵਾਸੀਆਂ ਦਾ ਅਸ਼ੀਰਵਾਦ ਚਾਹੀਦਾ ਹੈ। ਤੁਸੀਂ ਖੜ੍ਹੇ ਹੋ ਕੇ, ਤਾੜੀ ਵਜਾ ਕੇ ਮੈਨੂੰ ਅਸ਼ੀਰਵਾਦ ਦੇਣ। ਦੇਸ਼ ਵੇਖੇਗਾ, ਈਮਾਨਦਾਰ ਲੋਕ, ਇਸ ਦੇਸ਼ ਵਿੱਚ ਈਮਾਨਦਾਰ ਲੋਕਾਂ ਦੀ ਘਾਟ ਨਹੀਂ ਹੈ। ਆਓ ਈਮਾਨਦਾਰੀ ਦੇ ਇਸ ਕੰਮ ਵਿੱਚ ਮੇਰਾ ਸਾਥ ਦੇਵੋ। ਸ਼ਾਬਾਸ਼ ਮੇਰੇ ਗੋਆ ਦੇ ਭਰਾਵੋ-ਭੈਣੋ, ਮੈਂ ਤੁਹਾਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਇਹ ਸਿਰਫ਼ ਗੋਆ ਨਹੀਂ, ਇਹ ਹਿੰਦੁਸਤਾਨ ਦੇ ਹਰ ਈਮਾਨਦਾਰ ਦੀ ਆਵਾਜ਼ ਹੈ।
ਭਰਾਵੋ-ਭੈਣੋ, ਮੈਂ ਜਾਣਦਾ ਹਾਂ ਕਿ ਮੈਂ ਕਿਹੋ ਜਿਹੀਆਂ ਤਾਕਤਾਂ ਨਾਲ ਲੜਾਈ ਮੁੱਲ ਲਈ ਹੈ। ਮੈਂ ਜਾਣਦਾ ਹਾਂ ਕਿ ਕਿਹੋ ਜਿਹੇ ਲੋਕ ਮੇਰੇ ਵਿਰੁੱਧ ਹੋ ਜਾਣਗੇ। ਮੈਂ ਜਾਣਦਾ ਹਾਂ। 70 ਸਾਲ ਦਾ ਮੈਂ ਉਨ੍ਹਾਂ ਦਾ ਲੁੱਟ ਰਿਹਾ ਹਾਂ, ਮੈਨੂੰ ਜਿਊਂਦਾ ਨਹੀਂ ਛੱਡਣਗੇ, ਮੈਨੂੰ ਬਰਬਾਦ ਕਰ ਕੇ ਰਹਿਣਗੇ, ਉਨ੍ਹਾਂ ਨੇ ਜੋ ਕਰਨਾ ਹੈ। ਭਰਾਵੋ-ਭੈਣੋ, 50 ਦਿਨ ਮੇਰੀ ਮਦਦ ਕਰੋ। ਦੇਸ਼ 50 ਦਿਨ ਮੇਰੀ ਮਦਦ ਕਰੇ। ਜ਼ੋਰ ਦੀ ਤਾੜੀਆਂ ਨਾਲ ਮੇਰੀ ਇਸ ਗੱਲ ਨੂੰ ਪ੍ਰਵਾਨ ਕਰੋ ਆਪ।

ਬਹੁਤ-ਬਹੁਤ ਧੰਨਵਾਦ।

ਅਤੁਲ ਕੁਮਾਰ ਤਿਵਾਰੀ/ਹਿਮਾਂਸ਼ੂ ਸਿੰਘ/ਮਨੀਸ਼ਾ