ਸ਼੍ਰੀਮਾਨ ਚੇਅਰਮੈਨ,
ਸਮੂਹ ਮਹਾਮਹਿਮ,
ਮੈਂ ਇਸ ਵਰਚੁਅਲ ਕਾਨਫ਼ਰੰਸ ਦਾ ਆਯੋਜਨ ਕਰਵਾਉਣ ਲਈ ਮਹਾਮਹਿਮ ਰਾਸ਼ਟਰਪਤੀ ਇਲਹਾਮ ਅਲੀਯੇਵ ਦਾ ਧੰਨਵਾਦ ਕਰਦਾ ਹੈ। ਅਰੰਭ ’ਚ ਮੈਂ ਉਨ੍ਹਾਂ ਸਭਨਾਂ ਨਾਲ ਹਮਦਰਦੀ ਪ੍ਰਗਟਾਉਂਦਾ ਹਾਂ, ਜਿਨ੍ਹਾਂ ਨੇ ਸਮੁੱਚੇ ਵਿਸ਼ਵ ’ਚ ਕੋਵਿਡ–19 ਕਾਰਨ ਆਪਣੇ ਮਿੱਤਰ–ਪਿਆਰਿਆਂ ਨੂੰ ਖੋਹਿਆ ਹੈ।
ਅੱਜ ਮਨੁੱਖਤਾ ਬਹੁਤ ਸਾਰੇ ਦਹਾਕਿਆਂ ਦੇ ਸਭ ਤੋਂ ਵੱਧ ਗੰਭੀਰ ਸੰਕਟ ਦਾ ਸਾਹਾਮਣਾ ਕਰ ਰਹੀ ਹੈ। ਇਸ ਵੇਲੇ, ਗੁੱਟ–ਨਿਰਲੇਪ ਲਹਿਰ (ਨਾਮ – NAM) ਅੰਤਰਰਾਸ਼ਟਰੀ ਇੱਕਸੁਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦੀ ਹੈ। ਗੁੱਟ ਨਿਰਲੇਪ ਲਹਿਰ ਅਕਸਰ ਵਿਸ਼ਵ ਦੀ ਨੈਤਿਕ ਆਵਾਜ਼ ਬਣੀ ਰਹੀ ਹੈ। ਇਸ ਭੂਮਿਕਾ ਨੂੰ ਮੁੜ ਨਿਭਾਉਣ ਲਈ, ਗੁੱਟ ਨਿਰਲੇਪ ਲਹਿਰ ਨੂੰ ਜ਼ਰੂਰ ਹੀ ਸਭ ਨੂੰ ਨਾਲ ਲੈ ਕੇ ਚਲਣਾ ਹੋਵੇਗਾ।
ਸਮੂਹ ਮਹਾਮਹਿਮ,
ਦੁਨੀਆ ਦੀ ਆਬਾਦੀ ਦਾ 1/6ਵਾਂ ਹਿੱਸਾ ਭਾਰਤ ’ਚ ਵੱਸਦਾ ਹੈ। ਅਸੀਂ ਇੱਕ ਵਿਕਾਸਸ਼ੀਲ ਦੇਸ਼ ਤੇ ਮੁਕਤ ਸਮਾਜ ਹਾਂ। ਇਸ ਸੰਕਟ ਦੌਰਾਨ, ਅਸੀਂ ਇਹ ਦਿਖਾਇਆ ਹੈ ਕਿ ਕਿਵੇਂ ਲੋਕਤੰਤਰ, ਅਨੁਸ਼ਾਸਨ ਤੇ ਨਿਸ਼ਚਤਤਾ ਇਕੱਠੇ ਮਿਲ ਕੇ ਇੱਕ ਸ਼ੁੱਧ ਲੋਕ–ਲਹਿਰ ਸਿਰਜ ਸਕਦੇ ਹਨ।
ਭਾਰਤੀ ਸੱਭਿਅਤਾ ਸਮੁੱਚੇ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਵੇਖਦੀ ਹੈ। ਹੁਣ ਜਦੋਂ ਅਸੀਂ ਆਪਣੇ ਖੁਦ ਦੇ ਨਾਗਰਿਕਾਂ ਦੀ ਦੇਖਭਾਲ ਕਰ ਰਹੇ ਹਾਂ, ਅਸੀਂ ਇਸੇ ਦੌਰਾਨ ਹੋਰਨਾਂ ਦੇਸ਼ਾਂ ਦੀ ਵੀ ਮਦਦ ਕਰ ਰਹੇ ਹਾਂ। ਕੋਵਿਡ–19 ਦਾ ਸਾਹਮਣਾ ਕਰਨ ਲਈ, ਅਸੀਂ ਆਪਣੇ ਬਿਲਕੁਲ ਨੇੜਲੇ ਆਂਢ–ਗੁਆਂਢ ਵਿੱਚ ਤਾਲਮੇਲ ਨੂੰ ਉਤਸ਼ਾਹਿਤ ਕੀਤਾ ਹੈ। ਅਤੇ, ਅਸੀਂ ਭਾਰਤ ਦੀ ਮੈਡੀਕਲ ਮੁਹਾਰਤ ਹੋਰ ਬਹੁਤਿਆਂ ਨਾਲ ਔਨਲਾਈਨ ਸਿਖਲਾਈ ਰਾਹੀਂ ਸਾਂਝੀ ਕਰ ਰਹੇ ਹਾਂ। ਭਾਰਤ ਨੂੰ ਵਿਸ਼ਵ ਦੀ ਫ਼ਾਰਮੇਸੀ ਆਖਿਆ ਜਾਂਦਾ ਹੈ, ਖਾਸ ਤੌਰ ’ਤੇ ਸਸਤੀਆਂ ਦਵਾਈਆਂ ਦੇ ਮਾਮਲੇ ਵਿੱਚ।
ਸਾਡੀਆਂ ਆਪਣੀਆਂ ਖੁਦ ਦੀਆਂ ਜ਼ਰੂਰਤਾਂ ਦੇ ਬਾਵਜੁਦ, ਅਸੀਂ 123 ਤੋਂ ਵੱਧ ਭਾਈਵਾਲ ਦੇਸ਼ਾਂ ਨੂੰ ਮੈਕੀਡਲ ਸਪਲਾਈਜ਼ ਯਕੀਨੀ ਬਣਾਈਆਂ ਹਨ, ਜਿਨ੍ਹਾਂ ਵਿੱਚੋਂ 69 ਦੇਸ਼ ਗੁੱਟ–ਨਿਰਲੇਪ ਲਹਿਰ ਦੇ ਮੈਂਬਰ ਹਨ।
ਅਸੀਂ ਦਵਾਈਆਂ ਤੇ ਵੈਕਸੀਨਾਂ ਵਿਕਸਿਤ ਕਰਨ ਲਈ ਅੰਤਰਰਾਸ਼ਟਰੀ ਜਤਨਾਂ ਵਿੱਚ ਸਰਗਰਮ ਹਾਂ। ਭਾਰਤ ਕੋਲ ਵਿਸ਼ਵ ਦੀ ਸਭ ਤੋਂ ਪੁਰਾਣੀ ਜੜ੍ਹੀਆਂ–ਬੂਟੀਆਂ ਅਧਾਰਿਤ ਰਵਾਇਤੀ ਦਵਾ–ਪ੍ਰਣਾਲੀ ਹੈ। ਅਸੀਂ ਸਧਾਰਨ ਆਯੁਰਵੇਦਿਕ ਘਰੇਲੂ ਨੁਸਖੇ ਬਿਲਕੁਲ ਮੁਫ਼ਤ ਸਾਂਝੇ ਕੀਤੇ ਹਨ, ਤਾਂ ਜੋ ਲੋਕਾਂ ਨੂੰ ਆਪਣੀ ਕੁਦਰਤੀ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਮਦਦ ਮਿਲੇ।
ਸਮੂਹ ਮਹਾਮਹਿਮ,
ਇਸ ਵੇਲੇ ਜਦੋਂ ਸਮੁੱਚਾ ਵਿਸ਼ਵ ਕੋਵਿਡ–19 ਨਾਲ ਲੜ ਰਿਹਾ ਹੈ, ਕੁਝ ਲੋਕ ਹੋਰ ਖ਼ਤਰਨਾਕ ਕਿਸਮ ਦੇ ਵਾਇਰਸ ਫੈਲਾਉਣ ਵਿੱਚ ਰੁੱਝੇ ਹੋਏ ਹਨ। ਜਿਵੇਂ ਦਹਿਸ਼ਤਗਰਦੀ।
ਜਿਵੇਂ ਜਾਅਲੀ ਖ਼ਬਰਾਂ ਤੇ ਛੇੜਖਾਨੀ ਕਰ ਕੇ ਬਣਾਈਆਂ ਵਿਡੀਓਜ਼; ਤਾਂ ਜੋ ਸਮਾਜਕ ਭਾਈਚਾਰਿਆਂ ਤੇ ਦੇਸ਼ਾਂ ਵਿੱਚ ਵੰਡੀਆਂ ਪੈ ਸਕਣ। ਪਰ ਅੱਜ ਮੈਂ ਸਿਰਫ਼ ਹਾਂ–ਪੱਖੀ ਗੱਲਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦਾ ਹਾਂ।
ਇਸ ਉੱਤੇ ਕਿ ਇੱਕ ਲਹਿਰ ਵਜੋਂ ਅਸੀਂ ਇਕੱਠੇ ਇਸ ਸਿਹਤ ਸੰਕਟ ਨਾਲ ਲੜਨ ਲਈ ਵਿਸ਼ਵ ਦੀ ਮਦਦ ਕਿਵੇਂ ਕਰ ਸਕਦੇ ਹਾਂ।
ਸਮੂਹ ਮਹਾਮਹਿਮ,
ਕੋਵਿਡ–19 ਨੇ ਸਾਨੂੰ ਮੌਜੂਦਾ ਅੰਤਰਰਾਸ਼ਟਰੀ ਪ੍ਰਣਾਲੀ ਦੀਆਂ ਸੀਮਾਵਾਂ ਵਿਖਾ ਦਿੱਤੀਆਂ ਹਨ। ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ, ਸਾਨੂੰ ਸੰਸਾਰੀਕਰਨ ਲਈ ਇੱਕ ਨਵਾਂ ਸਾਂਚਾ ਘੜਨ ਦੀ ਜ਼ਰੂਰਤ ਪਵੇਗੀ, ਜੋ ਨਿਆਂਪੂਰਨ, ਸਮਾਨਤਾ ਤੇ ਮਨੁੱਖਤਾ ਦੇ ਸਿਧਾਂਤਾਂ ਉੱਤੇ ਅਧਾਰਿਤ ਹੋਵੇਗਾ।
ਸਾਨੂੰ ਅਜਿਹੇ ਅੰਤਰਰਾਸ਼ਟਰੀ ਸੰਸਥਾਨਾਂ ਦੀ ਜ਼ਰੂਰਤ ਹੈ, ਜੋ ਅਜੋਕੇ ਵਿਸ਼ਵ ਦੀ ਨੁਮਾਇੰਦਗੀ ਵਧੇਰੇ ਕਰ ਸਕਣ। ਸਾਨੂੰ ਸਿਰਫ਼ ਆਰਥਿਕ ਵਿਕਾਸ ਉੱਤੇ ਹੀ ਨਈਂ, ਸਗੋਂ ਮਨੁੱਖੀ ਭਲਾਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਭਾਰਤ ਲੰਮੇ ਸਮੇਂ ਤੋਂ ਅਜਿਹੀਆਂ ਪਹਿਲਾਂ ਦਾ ਚੈਂਪੀਅਨ ਰਿਹਾ ਹੈ।
ਜਿਵੇਂ ਅੰਤਰਰਾਸ਼ਟਰੀ ਯੋਗਾ ਦਿਵਸ, ਜੋ ਸਮੁੱਚੀ ਮਨੁੱਖਤਾ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਲਿਆਉਂਦਾ ਹੈ। ਜਿਵੇਂ ‘ਅੰਤਰਰਾਸ਼ਟਰੀ ਸੂਰਜੀ–ਊਰਜਾ ਗੱਠਜੋੜ’ (ਇੰਟਰਨੈਸ਼ਨਲ ਸੋਲਰ ਅਲਾਇੰਸ – ਆਈਐੱਸਏ – ISA), ਜਿਸ ਨਾਲ ਸਾਡੇ ਗ੍ਰਹਿ ਭਾਵ ਧਰਤੀ ਨੂੰ ਜਲਵਾਯੂ–ਤਬਦੀਲੀ ਦੇ ਰੋਗ ਤੋਂ ਠੀਕ ਕਰਨ ਵਿੱਚ ਮਦਦ ਮਿਲ ਸਕੇ। ਜਿਵੇਂ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਅੰਟ ਇਨਫ਼੍ਰਾਸਟਰੱਕਚਰ’ (ਕੁਦਰਤੀ ਆਫ਼ਤ ਦੀ ਮਾਰ ਝੱਲਣ ਵਾਲੇ ਬੁਨਿਆਦੀ ਢਾਂਚੇ ਲਈ ਗੱਠਜੋੜ), ਜਿਸ ਨਾਲ ਜਲਵਾਯੂ ਤੇ ਤਬਾਹੀ ਦੇ ਖ਼ਤਰਿਆਂ ਵਿਰੁੱਧ ਅਸੀਂ ਖੁਦ ਦੀ ਰਾਖੀ ਕਰ ਸਕੀਏ।
ਬਹੁਤ ਸਾਰੇ ਦੇਸ਼ ਫ਼ੌਜੀ ਅਭਿਆਸ ਕਰਦੇ ਹਨ। ਪਰ ਭਾਰਤ ਨੇ ਆਪਣੇ ਖੇਤਰ ਵਿੱਚ ਤੇ ਬਾਹਰ ਤਬਾਹੀ ਦਾ ਸਾਹਮਣਾ ਕਰਨ ਲਈ ਪ੍ਰਬੰਧਾਂ ਦੇ ਅਭਿਆਸ ਕਰਨ ਦੀ ਪਹਿਲ ਕੀਤੀ ਹੈ।
ਸਮੁਹ ਮਹਾਮਹਿਮ,
ਗੁੱਟ–ਨਿਰਲੇਪ ਲਹਿਰ (ਨਾਮ – NAM) ਨੂੰ ਅੰਤਰਰਾਸ਼ਟਰੀ ਭਾਈਚਾਰੇ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਸਿਹਤ–ਸਮਰੱਥਾ ਨਿਰਮਾਣ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਸਾਨੂੰ ਸਭਨਾਂ ਲਈ ਇਕਸਮਾਨ, ਸਸਤੇ ਤੇ ਸਮੇਂ–ਸਿਰ ਪਹੁੰਚਯੋਗ ਸਿਹਤ ਉਤਪਾਦ ਤੇ ਤਕਨਾਲੋਜੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ।
ਸਾਨੂੰ ਸਾਰੇ ਗੁੱਟ–ਨਿਰਲੇਪ ਦੇਸ਼ਾਂ ਲਈ ਇੱਕ ਮੰਚ ਵਿਕਸਿਤ ਕਰਨਾ ਚ ਹੀਦਾ ਹੈ, ਜਿੱਥੇ ਅਸੀਂ ਆਪਣੇ ਤਜਰਬੇ, ਸਰਬੋਤਮ ਅਭਿਆਸ, ਸੰਕਟ–ਪ੍ਰਬੰਧ ਪ੍ਰੋਟੋਕੋਲਜ਼, ਖੋਜ ਤੇ ਸਰੋਤ ਸਾਂਝੇ ਕਰੀਏ।
ਸਮੂਹ ਮਹਾਮਹਿਮ,
ਸਾਡੀ ਲਹਿਰ ਦੀ ਬੁਨਿਆਦੀ ਭਾਵਨਾ ਵਿੱਚ, ਅੱਜ ਸਾਨੂੰ ਇਕੱਲੇ–ਇਕੱਲੇ ਨਹੀਂ, ਸਗੋਂ ਸਭ ਨੂੰ ਇੱਕਜੁਟ ਹੋ ਕੇ ਵਿਕਾਸ ਕਰਨ ਦਾ ਨਿਸ਼ਾਨਾ ਤੈਅ ਕਰਨਾ ਚਾਹੀਦਾ ਹੈ। ਅਸੀਂ ਸਾਰੇ ਸਿਰਫ਼ ਤਦ ਹੀ ਵਿਸ਼ਵ–ਪੱਧਰੀ ਮਹਾਮਾਰੀ ਤੋਂ ਸੁਰੱਖਿਅਤ ਰਹਿ ਸਕਾਂਗੇ, ਜੇ ਅਸੀਂ ਸਾਰੇ ਇੱਕਜੁਟ ਹੋਵਾਂਗੇ। ਆਓ ਅਸੀਂ ਸਾਰੇ ਸਭ ਦੀ ਸ਼ਮੂਲੀਅਤ ਵਾਲੇ ਤੇ ਸਹਿਕਾਰੀ ਅੰਤਰਰਾਸ਼ਟਰੀ ਹੁੰਗਾਰੇ ਵਜੋਂ ਭਾਈਵਾਲਾਂ ਵਜੋਂ ਕੰਮ ਕਰੀਏ।
ਤੁਹਾਡਾ ਧੰਨਵਾਦ।
ਤੁਹਾਡਾ ਧੰਨਵਾਦ ਸਮੂਹ ਮਹਾਮਹਿਮ।
*****
ਵੀਆਰਆਰਕੇ/ਐੱਸਐੱਚ
Spoke at the NAM Summit, held via video conferencing. https://t.co/yRaIbCtpkq
— Narendra Modi (@narendramodi) May 4, 2020