ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਅਹਿਮ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਕੋਵਿਡ–19 ਕਾਰਨ ਆਪਣੇ ਮਾਪੇ ਗੁਆ ਚੁੱਕੇ ਬੱਚਿਆਂ ਦੀ ਮਦਦ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕੋਵਿਡ ਦੀ ਮੌਜੂਦਾ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਬੱਚਿਆਂ ਦੇ ਫ਼ਾਇਦਿਆਂ ਦਾ ਐਲਾਨ ਕੀਤਾ। ਅਜਿਹੇ ਕਦਮਾਂ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਬੱਚੇ ਦੇਸ਼ ਦੇ ਭਵਿੱਖ ਦੀ ਨੁਮਾਇੰਦਗੀ ਕਰਦੇ ਹਨ ਤੇ ਦੇਸ਼ ਬੱਚਿਆਂ ਦੀ ਮਦਦ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਸੰਭਵ ਹੱਦ ਸਭ ਕੁਝ ਕਰੇਗਾ, ਤਾਂ ਜੋ ਉਹ ਮਜ਼ਬੂਤ ਨਾਗਰਿਕਾਂ ਵਜੋਂ ਵਿਕਸਿਤ ਹੋ ਸਕਣ ਤੇ ਉਨ੍ਹਾਂ ਦਾ ਭਵਿੱਖ ਰੋਸ਼ਨ ਹੋ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਔਖੇ ਸਮਿਆਂ ਵੇਲੇ, ਸਮਾਜ ਵਜੋਂ ਸਾਡੇ ਬੱਚਿਆਂ ਦੀ ਦੇਖਭਾਲ਼ ਕਰਨਾ ਤੇ ਇੱਕ ਰੋਸ਼ਨ ਭਵਿੱਖ ਦੀ ਆਸ ਨਾਲ ਉਨ੍ਹਾਂ ਨੂੰ ਭਰਪੂਰ ਕਰਨਾ ਸਾਡਾ ਫ਼ਰਜ਼ ਹੈ। ਅਜਿਹੇ ਸਾਰੇ ਬੱਚੇ ਜੋ ਆਪਣੇ ਦੋਵੇਂ ਮਾਤਾ ਤੇ ਪਿਤਾ ਜਾਂ ਪਾਲਣ ਵਾਲਾ/ਵਾਲੀ ਪਿਤਾ–ਮਾਂ ਜਾਂ ਕਾਨੂੰਨੀ ਸਰਪ੍ਰਸਤ / ਗੋਦ ਲੈਣ ਵਾਲੇ ਮਾਪੇ ਕੋਵਿਡ–19 ਕਾਰਨ ਗੁਆ ਚੁੱਕੇ ਹਨ, ਉਨ੍ਹਾਂ ਦੀ ਮਦਦ ‘ਪੀਐੱਮ–ਕੇਅਰਸ ਫ਼ਾਰ ਚਿਲਡਰਨ’ (ਬੱਚਿਆਂ ਲਈ ‘ਪੀਐੱਮ–ਕੇਅਰਸ’) ਯੋਜਨਾ ਦੇ ਤਹਿਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਐਲਾਨੇ ਜਾ ਰਹੇ ਇਹ ਕਦਮ ਸਿਰਫ਼ ‘ਪੀਐੱਮ ਕੇਅਰਸ ਫ਼ੰਡ’ ਵਿੱਚ ਪੂਰੀ ਦਿਆਲਤਾ ਨਾਲ ਪਾਏ ਜਾਣ ਵਾਲੇ ਯੋਗਦਾਨਾਂ ਸਦਕਾ ਸੰਭਵ ਹੋ ਸਕੇ ਹਨ ਤੇ ਇਹ ਫ਼ੰਡ ਕੋਵਿਡ–19 ਦੇ ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਮਦਦ ਕਰੇਗਾ।
Ø ਬੱਚੇ ਦੇ ਨਾਮ ‘ਤੇ ਫ਼ਿਕਸਡ ਡਿਪਾਜ਼ਿਟ:
‘ਪੀਐੱਮ ਕੇਅਰਸ’ ਅਜਿਹੇ ਹਰੇਕ ਬੱਚੇ ਲਈ ਉਸ ਦੇ 18 ਸਾਲ ਦੀ ਉਮਰ ਤੱਕ ਪੁੱਜਣ ‘ਤੇ 10 ਲੱਖ ਰੁਪਏ ਦਾ ਫ਼ੰਡ ਮੁਹੱਈਆ ਕਰਵਾਉਣ ਵਾਸਤੇ ਇੱਕ ਖ਼ਾਸ ਤੌਰ ‘ਤੇ ਤਿਆਰ ਕੀਤੀ ਯੋਜਨਾ ਰਾਹੀਂ ਆਪਣਾ ਯੋਗਦਾਨ ਪਾਵੇਗਾ:
· ਇਸ ਫ਼ੰਡ ਦੀ ਵਰਤੋਂ ਉਸ ਦੇ 18 ਸਾਲ ਦਾ/ਦੀ ਹੋਣ ‘ਤੇ ਅਗਲੇ ਪੰਜ ਸਾਲਾਂ ਲਈ ਇੱਕ ਮਾਸਿਕ ਵਿੱਤੀ ਇਮਦਾਦ / ਭੱਤਾ ਦੇਣ ਹਿਤ ਕੀਤੀ ਜਾਵੇਗੀ, ਤਾਂ ਜੋ ਉੱਚ ਸਿੱਖਿਆ ਹਾਸਲ ਕਰਨ ਦੇ ਸਮੇਂ ਦੌਰਾਨ ਉਸ ਦੀਆਂ ਨਿਜੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਅਤੇ
· 23 ਸਾਲ ਦੀ ਉਮਰ ਦਾ/ਦੀ ਹੋਣ ‘ਤੇ, ਉਸ ਨੂੰ ਫ਼ੰਡ ਦੀ ਇੱਕ–ਮੁਸ਼ਤ ਰਾਸ਼ੀ ਉਸ ਦੀ ਨਿਜੀ ਤੇ ਪੇਸ਼ੇਵਰਾਨਾ ਵਰਤੋਂ ਲਈ ਮਿਲੇਗੀ।
Ø ਸਕੂਲ ਸਿੱਖਿਆ: 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ:
· ਬੱਚੇ ਦਾ ਲਾਗਲੇ ਕੇਂਦਰੀ ਵਿਦਿਆਲਯ ਜਾਂ ਇੱਕ ‘ਡੇਅ ਸਕੌਲਰ’ ਵਜੋਂ ਇੱਕ ਨਿਜੀ ਸਕੂਲ ਵਿੱਚ ਦਾਖ਼ਲਾ ਕਰਵਾਇਆ ਜਾਵੇਗਾ।
· ਜੇ ਬੱਚੇ ਨੂੰ ਕਿਸੇ ਪ੍ਰਾਈਵੇਟ ਸਕੂਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ, ਤਾਂ ਉਸ ਦੀ ਫ਼ੀਸ ਆਰਟੀਈ (RTE) ਨਿਯਮਾਂ ਅਨੁਸਾਰ ‘ਪੀਐੱਮ ਕੇਅਰਸ’ ‘ਚੋਂ ਦਿੱਤੀ ਜਾਵੇਗੀ।
· ‘ਪੀਐੱਮ–ਕੇਅਰਸ’ ਉਸ ਨੂੰ ਵਰਦੀ, ਪਾਠ–ਪੁਸਤਕਾਂ ਤੇ ਕਾਪੀਆਂ ਦੇ ਖ਼ਰਚੇ ਵੀ ਅਦਾ ਕਰੇਗੀ।
Ø ਸਕੂਲ ਸਿੱਖਿਆ: 11–18 ਸਾਲ ਵਿਚਕਾਰ ਦੇ ਬੱਚਿਆਂ ਲਈ:
· ਬੱਚੇ ਨੂੰ ਸੈਨਿਕ ਸਕੂਲ, ਨਵੋਦਯਾ ਵਿਦਿਆਲਯ ਆਦਿ ਜਿਹੇ ਕੇਂਦਰ ਸਰਕਾਰ ਦੇ ਕਿਸੇ ਰਿਹਾਇਸ਼ੀ ਸਕੂਲ ਵਿੱਚ ਦਾਖ਼ਲ ਕਰਵਾਇਆ ਜਾਵੇਗਾ।
· ਜੇ ਬੱਚਾ ਲਗਾਤਾਰ ਇੱਕ ਸਰਪ੍ਰਸਤ/ਗ੍ਰੈਂਡ–ਪੇਰੈਂਟਸ/ਹੋਰ ਪਰਿਵਾਰ ਮੈਂਬਰਾਂ ਦੀ ਦੇਖਭਾਲ਼ ਅਧੀਨ ਹੈ, ਤਾਂ ਉਸ ਨੂੰ ਲਾਗਲੇ ਕੇਂਦਰੀ ਵਿਦਿਆਲਯ ਜਾਂ ਇੱਕ ਡੇਅ ਸਕੌਲਰ ਵਜੋਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਦਾਖ਼ਲਾ ਦਿਵਾਇਆ ਜਾਵੇਗਾ।
· ਜੇ ਬੱਚੇ ਨੂੰ ਕਿਸੇ ਪ੍ਰਾਈਵੇਟ ਸਕੂਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ, ਤਾਂ ਉਸ ਦੀ ਫ਼ੀਸ ਆਰਟੀਈ (RTE) ਨਿਯਮਾਂ ਅਨੁਸਾਰ ‘ਪੀਐੱਮ ਕੇਅਰਸ’ ‘ਚੋਂ ਦਿੱਤੀ ਜਾਵੇਗੀ।
· ‘ਪੀਐੱਮ–ਕੇਅਰਸ’ ਉਸ ਨੂੰ ਵਰਦੀ, ਪਾਠ–ਪੁਸਤਕਾਂ ਤੇ ਕਾਪੀਆਂ ਦੇ ਖ਼ਰਚੇ ਵੀ ਅਦਾ ਕਰੇਗੀ।
Ø ਉੱਚ ਸਿੱਖਿਆ ਲਈ ਮਦਦ:
· ਬੱਚੇ ਦੀ ਮਦਦ ਭਾਰਤ ‘ਚ ਪੇਸ਼ੇਵਰਾਨਾ ਕੋਰਸਾਂ / ਉਚੇਰੀ ਸਿੱਖਿਆ ਲਈ ‘ਐਜੂਕੇਸ਼ਨ ਲੋਨ’ ਦੇ ਮੌਜੂਦਾ ਨਿਯਮਾਂ ਅਨੁਸਾਰ ‘ਐਜੂਕੇਸ਼ਨ ਲੋਨ’ ਹਾਸਲ ਕਰਨ ਵਿੱਚ ਕੀਤੀ ਜਾਵੇਗੀ। ਇਸ ਕਰਜ਼ੇ ਦਾ ਵਿਆਜ ‘ਪੀਐੱਮ ਕੇਅਰਸ’ ਦੁਆਰਾ ਅਦਾ ਕੀਤਾ ਜਾਵੇਗਾ।
· ਅਜਿਹੇ ਬੱਚਿਆਂ ਨੂੰ ਕੇਂਦਰ ਜਾਂ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ ਇੱਕ ਵਿਕਲਪ ਵਜੋਂ ਅੰਡਰਗ੍ਰੈਜੂਏਟ/ ਵੋਕੇਸ਼ਨਲ ਕੋਰਸਾਂ ਲਈ ਸਰਕਾਰੀ ਨਿਯਮਾਂ ਅਨੁਸਾਰ ਟਿਊਸ਼ਨ ਫ਼ੀਸ / ਕੋਰਸ ਫ਼ੀਸ ਦੇ ਸਮਾਨ ਵਜ਼ੀਫ਼ਾ ਮੁਹੱਈਆ ਕਰਵਾਇਆ ਜਾਵੇਗਾ। ਜਿਹੜੇ ਬੱਚੇ ਮੌਜੂਦਾ ਵਜ਼ੀਫ਼ਾ ਯੋਜਨਾਵਾਂ ਦੇ ਤਹਿਤ ਯੋਗ ਨਹੀਂ ਹਨ, ‘ਪੀਐੱਮ ਕੇਅਰਸ’ ਫਿਰ ਓਨਾ ਹੀ ਬਣਦਾ ਵਜ਼ੀਫ਼ਾ ਮੁਹੱਈਆ ਕਰਵਾਏਗਾ।
Ø ਸਿਹਤ ਬੀਮਾ:
· ਸਾਰੇ ਬੱਚਿਆਂ ਨੂੰ 5 ਲੱਖ ਰੁਪਏ ਦੇ ਸਿਹਤ ਬੀਮਾ ਕਵਰ ਨਾਲ ‘ਆਯੁਸ਼ਮਾਨ ਭਾਰਤ ਯੋਜਨਾ’ (PM-JAY) ਵਿੱਚ ਇੱਕ ਲਾਭਾਰਥੀ ਵਜੋਂ ਸ਼ਾਮਲ ਕੀਤਾ ਜਾਵੇਗਾ।
· 18 ਸਾਲ ਦੇ ਹੋਣ ਤੱਕ ਇਨ੍ਹਾਂ ਬੱਚਿਆਂ ਦੀ ਪ੍ਰੀਮੀਅਮ ਰਾਸ਼ੀ ‘ਪੀਐੱਮ ਕੇਅਰਸ’ ਦੁਆਰਾ ਅਦਾ ਕੀਤੀ ਜਾਵੇਗੀ।
*****
ਡੀਐੱਸ/ਏਕੇਜੇ
Supporting our nation’s future!
— Narendra Modi (@narendramodi) May 29, 2021
Several children lost their parents due to COVID-19. The Government will care for these children, ensure a life of dignity & opportunity for them. PM-CARES for Children will ensure education & other assistance to children. https://t.co/V3LsG3wcus