ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ ਸੈਂਟਰਲ ਇਨਲੈਂਡ ਵਾਟਰ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ (ਸੀ ਆਈ ਡਬਲਿਊ ਟੀ ਸੀ) ਨੂੰ ਭੰਗ ਕਰਨ ਸਬੰਧੀ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। 24.12.2014 ਨੂੰ ਕੈਬਨਿਟ ਦੇ ਫੈਸਲੇ ਮੁਤਾਬਕ ਸੀ ਆਈ ਡਬਲਿਊ ਟੀ ਸੀ ਲਈ ਸਵੈ ਇਛੁੱਕ ਸੇਵਾਮੁਕਤੀ ਸਕੀਮ ਨੂੰ ਸਾਲ 2015 ਵਿੱਚ ਲਾਗੂ ਕੀਤਾ ਗਿਆ ਸੀ।
ਭਾਰਤ ਸਰਕਾਰ ਵੱਲੋਂ ਕੰਪਨੀਜ਼ ਐਕਟ 1956 ਤਹਿਤ ਸੀ ਆਈ ਡਬਲਿਊ ਟੀ ਸੀ ਕੰਪਨੀ ਦਾ ਗਠਨ 22 ਫਰਵਰੀ 1967 ਨੂੰ ਉਸ ਸਮੇਂ ਕੀਤਾ ਗਿਆ ਸੀ, ਜਦੋਂ ਕੋਲਕਾਤਾ ਹਾਈਕੋਰਟ ਵੱਲੋਂ ਮਨਜ਼ੂਰ ਯੋਜਨਾ ਤਹਿਤ ਇਸ ਨੇ ਸਾਬਕਾ ਰਿਵਰ ਸਟੀਮ ਨੇਵੀਗੇਸ਼ਨ ਕੰਪਨੀ ਲਿਮਟਿਡ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਲੈ ਲਈਆਂ ਸਨ।
ਵਿਰਸੇ ਵਿੱਚ ਮਿਲੀਆਂ ਰੁਕਾਵਟਾਂ ਅਤੇ ਢਾਂਚਾਗਤ ਅੜਚਣਾਂ ਦੇ ਕਾਰਨ ਸੀ ਆਈ ਡਬਲਿਊ ਟੀ ਸੀ ਦਾ ਸੰਚਾਲਨ ਆਰਥਿਕ ਦ੍ਰਿਸ਼ਟੀ ਤੋਂ ਵਿਵਹਾਰਕ ਨਹੀਂ ਹੋ ਸਕਿਆ ਅਤੇ ਸਥਾਪਨਾ ਤੋਂ ਬਾਅਦ ਕੰਪਨੀ ਲਗਾਤਾਰ ਨੁਕਸਾਨ ਵਿੱਚ ਰਹੀ ਹੈ।
ਮੌਜੂਦਾ ਸਮੇਂ ਵਿੱਚ ਕੰਪਨੀ ਦੇ ਕੇਵਲ ਪੰਜ ਕਰਮਚਾਰੀ ਹਨ।
ਜਿੱਥੇ ਕਿਤੇ ਵੀ ਸੰਭਵ ਹੋਵੇ ਬਿਮਾਰ ਸੀ ਪੀ ਐੱਸ ਯੂਜ਼ ਨੂੰ ਮੁੜ ਸੁਰਜੀਤ ਕਰਨ ਜਾਂ ਬੇਹੱਦ ਖਸਤਾ ਹਾਲਤ ਕੇਸਾਂ ਵਿੱਚ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਤਹਿਤ ਸੀ ਆਈ ਡਬਲਿਊ ਟੀ ਸੀ ਦੀਆਂ ਚੱਲ ਅਤੇ ਅਚੱਲ ਸੰਪਤੀਆਂ ਦਾ ਨਿਬੇੜਾ ਕਰਕੇ ਇਸ ਨੂੰ ਭੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਸ ਨਾਲ ਲੋਕਾਂ ਦੀ ਭਲਾਈ ਅਤੇ ਬਿਹਤਰ ਵਰਤੋਂ ਲਈ ਜਾਇਦਾਦਾਂ ਮੁਕਤ ਹੋਣਗੀਆਂ। ਕੁਝ ਜਾਇਦਾਦਾਂ ਬ੍ਰਹਮਪੁੱਤਰ ਨਦੀ (ਐੱਨ ਡਬਲਿਊ-4) ਉੱਤੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਨਲੈਂਡ ਵਾਟਰਵੇਜ਼ ਅਥਾਰਟੀ ਆਵ੍ ਇੰਡੀਆ ਲਵੇਗਾ।
AKT/AD/SH