ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਸਾਬਕਾ ਪ੍ਰਧਾਨ ਮੰਤਰੀ, ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਸੋਗ ਪ੍ਰਸਤਾਵ ਪਾਸ ਕੀਤਾ। ਕੈਬਨਿਟ ਨੇ ਦੋ ਮਿੰਟ ਦਾ ਮੌਨ ਰੱਖ ਕੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਦੇ ਅਕਾਲ ਚਲਾਣੇ ‘ਤੇ 01 ਜਨਵਰੀ, 2025 ਤੱਕ ਸੱਤ ਦਿਨਾਂ ਦਾ ਸਰਕਾਰੀ ਸੋਗ (State mourning) ਐਲਾਨਿਆ ਗਿਆ ਹੈ।
ਇਸ ਸੋਗ ਅਵਧੀ ਦੇ ਦੌਰਾਨ, ਪੂਰੇ ਭਾਰਤ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਿਆ (flown half-mast) ਰਹੇਗਾ।
ਵਿਦੇਸ਼ ਸਥਿਤ ਸਾਰੇ ਭਾਰਤੀ ਮਿਸ਼ਨਾਂ/ਹਾਈ ਕਮਿਸ਼ਨਾਂ ਵਿੱਚ ਭੀ 01 ਜਨਵਰੀ, 2025 ਤੱਕ ਸੱਤ ਦਿਨਾਂ ਦੇ ਲਈ ਰਾਸ਼ਟਰੀ ਝੰਡਾ ਅੱਧਾ ਝੁਕਿਆ (flown at half-mast) ਰਹੇਗਾ।
ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਦੇ ਨਾਲ ਕੀਤਾ ਜਾਵੇਗਾ। ਅੰਤਿਮ ਸੰਸਕਾਰ ਦੇ ਦਿਨ, ਕੇਂਦਰ ਸਰਕਾਰ ਦੇ ਸਾਰੇ ਦਫ਼ਤਰਾਂ ਅਤੇ ਸੈਂਟਰਲ ਪਬਲਿਕ ਸੈਕਟਰ ਅੰਡਰਟੇਕਿੰਗਸ (CPSUs) ਵਿੱਚ ਅੱਧੇ ਦਿਨ ਦੀ ਛੁੱਟੀ ਐਲਾਨੀ ਜਾਵੇਗੀ।
ਕੈਬਨਿਟ ਦੇ ਪ੍ਰਸਤਾਵ ਦਾ ਮੂਲ-ਪਾਠ ਨਿਮਨ ਅਨੁਸਾਰ ਹੈ:-
“ਕੈਬਨਿਟ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਡਾ. ਮਨਮੋਹਨ ਸਿੰਘ ਦੇ 26 ਦਸੰਬਰ, 2024 ਨੂੰ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ ਵਿੱਚ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕਰਦਾ ਹੈ।”
26 ਸਤੰਬਰ, 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਪੱਛਮੀ ਪੰਜਾਬ ਦੇ ਗਾਹ (Gah) ਪਿੰਡ ਵਿੱਚ ਜਨਮੇ ਡਾ. ਸਿੰਘ ਦਾ ਅਕਾਦਮਿਕ ਜੀਵਨ ਸ਼ਾਨਦਾਰ ਰਿਹਾ। ਉਨ੍ਹਾਂ ਨੇ 1954 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ 1957 ਵਿੱਚ ਕੈਂਬ੍ਰਿਜ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਪਹਿਲੇ ਦਰਜੇ ਦੇ ਆਨਰਸ ਦੇ ਨਾਲ ਆਪਣੀ ਟ੍ਰਾਇਪੌਸ(his Tripos in Economics) ਪ੍ਰਾਪਤ ਕੀਤੀ। ਉਨ੍ਹਾਂ ਨੂੰ 1962 ਵਿੱਚ ਆਕਸਫੋਰਡ ਯੂਨੀਵਰਸਿਟੀ ਦੁਆਰਾ ਡਾਕਟਰ ਆਵ੍ ਫਿਲਾਸਫੀ ਦੀ ਡਿਗਰੀ (ਡੀ. ਫਿਲ ਦੀ ਡਿਗਰੀ-D. Phil Degree) ਪ੍ਰਦਾਨ ਕੀਤੀ ਗਈ।
ਡਾ. ਸਿੰਘ ਨੇ ਆਪਣਾ ਕਰੀਅਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸੀਨੀਅਰ ਲੈਕਚਰਾਰ ਦੇ ਰੂਪ ਵਿੱਚ ਸ਼ੁਰੂ ਕੀਤਾ ਅਤੇ ਉਸੇ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੇ ਪ੍ਰੋਫੈਸਰ ਬਣੇ। 1969 ਵਿੱਚ, ਦਿੱਲੀ ਯੂਨੀਵਰਸਿਟੀ ਦੇ ਦਿੱਲੀ ਸਕੂਲ ਆਵ੍ ਇਕਨੌਮਿਕਸ ਵਿੱਚ ਅੰਤਰਰਾਸ਼ਟਰੀ ਵਪਾਰ ਦੇ ਪ੍ਰੋਫੈਸਰ ਬਣੇ। ਡਾ. ਮਨਮੋਹਨ ਸਿੰਘ 1971 ਵਿੱਚ ਤਤਕਾਲੀਨ ਵਿਦੇਸ਼ ਵਪਾਰ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਬਣੇ। ਉਹ ਵਿੱਤ ਮੰਤਰਾਲੇ ਦੇ ਮੁੱਖ ਆਰਥਿਕ ਸਲਾਹਕਾਰ (1972-76), ਆਰਥਿਕ ਮਾਮਲੇ ਵਿਭਾਗ ਦੇ ਸਕੱਤਰ (ਨਵੰਬਰ 1976 ਤੋਂ ਅਪ੍ਰੈਲ 1980), ਯੋਜਨਾ ਕਮਿਸ਼ਨ ਦੇ ਮੈਂਬਰ ਸਕੱਤਰ (ਅਪ੍ਰੈਲ 1980 ਤੋਂ ਸਤੰਬਰ 1982) ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ (ਸਤੰਬਰ 1982 ਤੋਂ ਜਨਵਰੀ 1985) ਰਹੇ।
ਡਾ. ਸਿੰਘ ਨੂੰ ਅਨੇਕ ਪੁਰਸਕਾਰਾਂ ਅਤੇ ਸਨਮਾਨਾਂ ਦੇ ਇਲਾਵਾ ਭਾਰਤ ਦੇ ਦੂਸਰੇ ਸਰਬਉੱਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ (1987) ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਭਾਰਤੀ ਵਿਗਿਆਨ ਕਾਂਗਰਸ ਦਾ ਜਵਾਹਰ ਲਾਲ ਨਹਿਰੂ ਜਨਮ ਸ਼ਤਾਬਦੀ ਪੁਰਸਕਾਰ (1995), ਵਰ੍ਹੇ ਦੇ ਵਿੱਤ ਮੰਤਰੀ ਦੇ ਲਈ ਯੂਰੋ ਮਨੀ ਐਵਾਰਡ (1993), ਕੈਂਬ੍ਰਿਜ ਯੂਨੀਵਰਸਿਟੀ ਦੇ ਐਡਮ ਸਮਿਥ ਐਵਾਰਡ (1956) ਨਾਲ ਭੀ ਸਨਮਾਨਿਤ ਕੀਤਾ ਗਿਆ ਸੀ।
ਡਾ. ਮਨਮੋਹਨ ਸਿੰਘ 1991 ਤੋਂ 1996 ਤੱਕ ਭਾਰਤ ਦੇ ਵਿੱਤ ਮੰਤਰੀ ਰਹੇ। ਆਰਥਿਕ ਸੁਧਾਰਾਂ ਦੀ ਵਿਆਪਕ ਨੀਤੀ ਲਿਆਉਣ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਡਾ. ਸਿੰਘ 22 ਮਈ, 2004 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਮਈ, 2009 ਤੱਕ ਪਹਿਲੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਦੇ ਤੌਰ ‘ਤੇ ਕੰਮ ਕੀਤਾ। ਉਹ ਮਈ 2009 ਤੋਂ 2014 ਤੱਕ ਦੂਸਰੇ ਕਾਰਜਕਾਲ ਦੇ ਲਈ ਭੀ ਪ੍ਰਧਾਨ ਮੰਤਰੀ ਰਹੇ।
ਡਾ. ਮਨਮੋਹਨ ਸਿੰਘ ਨੇ ਸਾਡੇ ਰਾਸ਼ਟਰੀ ਜੀਵਨ ‘ਤੇ ਆਪਣੀ ਅਮਿਟ ਛਾਪ ਛੱਡੀ ਹੈ। ਉਨ੍ਹਾਂ ਦੇ ਅਕਾਲ ਚਲਾਣੇ ਨਾਲ, ਰਾਸ਼ਟਰ ਨੇ ਇੱਕ ਉੱਘੇ ਰਾਜਨੇਤਾ, ਨਾਮਵਰ ਅਰਥਸ਼ਾਸਤਰੀ ਅਤੇ ਇੱਕ ਪ੍ਰਤਿਸ਼ਠਿਤ ਨੇਤਾ ਖੋ (ਗੁਆ) ਦਿੱਤਾ ਹੈ।
ਸਰਕਾਰ ਅਤੇ ਸੰਪੂਰਨ ਰਾਸ਼ਟਰ ਦੀ ਤਰਫ਼ੋਂ ਕੈਬਨਿਟ ਦੁਖੀ ਪਰਿਵਾਰ ਦੇ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਵਿਅਕਤ ਕਰਦਾ ਹੈ।’’
***
ਐੱਮਜੇਪੀਐੱਸ/ਐੱਸਕੇਐੱਸ