ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 2023-24 ਤੋਂ 2030-31 ਤੱਕ ਕੁੱਲ 6003.65 ਕਰੋੜ ਰੁਪਏ ਦੀ ਲਾਗਤ ਵਾਲੇ ਰਾਸ਼ਟਰੀ ਕੁਆਂਟਮ ਮਿਸ਼ਨ (ਐੱਨਕਿਊਐੱਮ) ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਲਕਸ਼ ਕੁਆਂਟਮ ਟੈਕਨੋਲੋਜੀ (ਕਿਊਟੀ) ਵਿੱਚ ਸੀਡ, ਪੋਸ਼ਣ ਅਤੇ ਸਕੇਲ ਨੂੰ ਵਧਾਉਣਾ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਅਤੇ ਵਿਕਾਸ ਅਤੇ ਇੱਕ ਜੀਵੰਤ ਅਤੇ ਇਨੋਵੇਟਿਵ ਈਕੋਸਿਸਟਮ ਬਣਾਉਣਾ ਹੈ। ਇਹ ਕਿਊਟੀ (QT) ਦੀ ਅਗਵਾਈ ਵਾਲੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ, ਦੇਸ਼ ਵਿੱਚ ਈਕੋਸਿਸਟਮ ਦਾ ਪੋਸ਼ਣ ਕਰੇਗਾ ਅਤੇ ਭਾਰਤ ਨੂੰ ਕੁਆਂਟਮ ਟੈਕਨੋਲੋਜੀ ਅਤੇ ਐਪਲੀਕੇਸ਼ਨ (ਕਿਊਟੀਏ) ਦੇ ਵਿਕਾਸ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਬਣਾ ਦੇਵੇਗਾ।
ਨਵੇਂ ਮਿਸ਼ਨ ਦਾ ਲਕਸ਼ ਸੁਪਰਕੰਡਕਟਿੰਗ ਅਤੇ ਫੋਟੋਨਿਕ ਟੈਕਨੋਲੋਜੀ ਜਿਹੇ ਵਿਭਿੰਨ ਪਲੈਟਫਾਰਮਾਂ ਵਿੱਚ 8 ਸਾਲਾਂ ਵਿੱਚ 50-1000 ਭੌਤਿਕ ਕਿਊਬਿਟ ਵਾਲੇ ਇੰਟਰਮੀਡੀਏਟ ਸਕੇਲ ਕੁਆਂਟਮ ਕੰਪਿਊਟਰਾਂ ਨੂੰ ਵਿਕਸਿਤ ਕਰਨਾ ਹੈ। ਭਾਰਤ ਦੇ ਅੰਦਰ 2000 ਕਿਲੋਮੀਟਰ ਤੋਂ ਵੱਧ ਦੇ ਜ਼ਮੀਨੀ ਸਟੇਸ਼ਨਾਂ ਦਰਮਿਆਨ ਸੈਟੇਲਾਈਟ ਅਧਾਰਿਤ ਸੁਰੱਖਿਅਤ ਕੁਆਂਟਮ ਕਮਿਊਨੀਕੇਸ਼ਨ, ਦੂਸਰੇ ਦੇਸ਼ਾਂ ਨਾਲ ਲੰਬੀ ਦੂਰੀ ਦੇ ਸੁਰੱਖਿਅਤ ਕੁਆਂਟਮ ਸੰਚਾਰ, 2000 ਕਿਲੋਮੀਟਰ ਤੋਂ ਵੱਧ ਇੰਟਰ–ਸਿੱਟੀ ਕੁਆਂਟਮ ਕੁੰਜੀ ਵੰਡ (key distribution) ਦੇ ਨਾਲ–ਨਾਲ ਕੁਆਂਟਮ ਮੈਮੋਰੀਜ਼ ਵਾਲਾ ਮਲਟੀ–ਨੋਡ ਕੁਆਂਟਮ ਨੈੱਟਵਰਕ ਵੀ ਮਿਸ਼ਨ ਦੇ ਕੁਝ ਡਿਲੀਵਰੇਬਲਸ ਹਨ।
ਇਹ ਮਿਸ਼ਨ ਅਟੌਮਿਕ ਸਿਸਟਮਾਂ ਵਿੱਚ ਉੱਚ ਸੰਵੇਦਨਸ਼ੀਲਤਾ ਵਾਲੇ ਮੈਗਨੇਟੋਮੀਟਰਾਂ ਅਤੇ ਸਹੀ ਸਮੇਂ, ਸੰਚਾਰ ਅਤੇ ਨੈਵੀਗੇਸ਼ਨ ਲਈ ਅਟੌਮਿਕ ਘੜੀਆਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਇਹ ਕੁਆਂਟਮ ਯੰਤਰਾਂ ਦੇ ਨਿਰਮਾਣ ਲਈ ਕੁਆਂਟਮ ਸਮੱਗਰੀ ਜਿਵੇਂ ਕਿ ਸੁਪਰਕੰਡਕਟਰ, ਨੋਵਲ ਸੈਮੀਕੰਡਕਟਰ ਬਣਤਰ ਅਤੇ ਟੌਪੋਲੋਜੀਕਲ ਸਮੱਗਰੀ ਦੇ ਡਿਜ਼ਾਈਨ ਅਤੇ ਸੰਸਲੇਸ਼ਣ ਦਾ ਵੀ ਸਮਰਥਨ ਕਰੇਗਾ। ਕੁਆਂਟਮ ਕਮਿਊਨੀਕੇਸ਼ਨ, ਸੈਂਸਿੰਗ ਅਤੇ ਮੈਟਰੋਲੋਜੀਕਲ ਐਪਲੀਕੇਸ਼ਨਾਂ ਲਈ ਸਿੰਗਲ ਫੋਟੌਨ ਸਰੋਤ/ਡਿਟੈਕਟਰ, ਇਨਟੈਂਗਲਡ ਫੋਟੋਨ ਸੋਰਸਿਸ ਨੂੰ ਵੀ ਵਿਕਸਿਤ ਕੀਤਾ ਜਾਵੇਗਾ।
ਕੁਆਂਟਮ ਕੰਪਿਊਟਿੰਗ, ਕੁਆਂਟਮ ਕਮਿਊਨੀਕੇਸ਼ਨ, ਕੁਆਂਟਮ ਸੈਂਸਿੰਗ ਅਤੇ ਮੈਟਰੋਲੋਜੀ ਅਤੇ ਕੁਆਂਟਮ ਸਮੱਗਰੀ ਅਤੇ ਉਪਕਰਣਾਂ ‘ਤੇ ਚੋਟੀ ਦੀਆਂ ਅਕਾਦਮਿਕ ਅਤੇ ਰਾਸ਼ਟਰੀ ਖੋਜ ਅਤੇ ਵਿਕਾਸ ਸੰਸਥਾਵਾਂ ਵਿੱਚ ਚਾਰ ਥੀਮੈਟਿਕ ਹੱਬ (ਟੀ–ਹੱਬ) ਸਥਾਪਿਤ ਕੀਤੇ ਜਾਣਗੇ। ਇਹ ਹੱਬ ਬੁਨਿਆਦੀ ਅਤੇ ਲਾਗੂ ਖੋਜ ਦੁਆਰਾ ਨਵੇਂ ਗਿਆਨ ਦੇ ਉਤਪਾਦਨ ‘ਤੇ ਧਿਆਨ ਕੇਂਦਰਿਤ ਕਰਨਗੇ ਅਤੇ ਨਾਲ ਹੀ ਉਨ੍ਹਾਂ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਗੇ ਜੋ ਉਨ੍ਹਾਂ ਲਈ ਲਾਜ਼ਮੀ ਹਨ।
ਐੱਨਕਿਊਐੱਮ (NQM) ਦੇਸ਼ ਵਿੱਚ ਟੈਕਨੋਲੋਜੀ ਵਿਕਾਸ ਈਕੋ–ਸਿਸਟਮ ਨੂੰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਪੱਧਰ ‘ਤੇ ਲੈ ਜਾ ਸਕਦਾ ਹੈ। ਇਸ ਮਿਸ਼ਨ ਨਾਲ ਸੰਚਾਰ, ਸਿਹਤ, ਵਿੱਤੀ ਅਤੇ ਊਰਜਾ ਖੇਤਰਾਂ ਦੇ ਨਾਲ–ਨਾਲ ਡਰੱਗ ਡਿਜ਼ਾਈਨ ਅਤੇ ਸਪੇਸ ਐਪਲੀਕੇਸ਼ਨਾਂ ਨੂੰ ਬਹੁਤ ਲਾਭ ਹੋਵੇਗਾ। ਇਹ ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਸਕਿੱਲ ਇੰਡੀਆ ਅਤੇ ਸਟੈਂਡ–ਅੱਪ ਇੰਡੀਆ, ਸਟਾਰਟ–ਅੱਪ ਇੰਡੀਆ, ਸਵੈ–ਨਿਰਭਰ ਭਾਰਤ ਅਤੇ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਜਿਹੀਆਂ ਰਾਸ਼ਟਰੀ ਤਰਜੀਹਾਂ ਨੂੰ ਵੱਡਾ ਹੁਲਾਰਾ ਪ੍ਰਦਾਨ ਕਰੇਗਾ।
*********
ਡੀਐੱਸ