ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 17,000 ਕਰੋੜ ਰੁਪਏ ਦੇ ਬਜਟ ਖਰਚੇ ਨਾਲ ਆਈਟੀ ਹਾਰਡਵੇਅਰ ਲਈ ਉਤਪਾਦਨ ਲਿੰਕਡ ਇੰਸੈਂਟਿਵ ਸਕੀਮ 2.0 ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸੰਦਰਭ:
ਭਾਰਤ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਵਿੱਚ ਪਿਛਲੇ 8 ਸਾਲਾਂ ਵਿੱਚ 17% ਸੀਏਜੀਆਰ ਦੇ ਨਾਲ ਲਗਾਤਾਰ ਵਾਧਾ ਹੋਇਆ ਹੈ। ਇਸ ਸਾਲ ਇਸ ਨੇ ਉਤਪਾਦਨ ਵਿੱਚ ਇੱਕ ਪ੍ਰਮੁੱਖ ਬੈਂਚਮਾਰਕ – 105 ਬਿਲੀਅਨ ਡਾਲਰ (ਲਗਭਗ 9 ਲੱਖ ਕਰੋੜ ਰੁਪਏ) ਨੂੰ ਪਾਰ ਕੀਤਾ।
ਭਾਰਤ ਮੋਬਾਈਲ ਫੋਨਾਂ ਦਾ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ। ਮੋਬਾਈਲ ਫੋਨਾਂ ਦੀ ਬਰਾਮਦ ਇਸ ਸਾਲ 11 ਬਿਲੀਅਨ ਡਾਲਰ (ਲਗਭਗ 90 ਹਜ਼ਾਰ ਕਰੋੜ ਰੁਪਏ) ਦਾ ਵੱਡਾ ਮੀਲ ਪੱਥਰ ਪਾਰ ਕਰ ਗਈ।
ਗਲੋਬਲ ਇਲੈਕਟ੍ਰੋਨਿਕਸ ਨਿਰਮਾਣ ਈਕੋਸਿਸਟਮ ਭਾਰਤ ਵਿੱਚ ਆ ਰਿਹਾ ਹੈ, ਅਤੇ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਦੇਸ਼ ਵਜੋਂ ਉੱਭਰ ਰਿਹਾ ਹੈ
ਮੋਬਾਈਲ ਫੋਨਾਂ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ (ਪੀਐੱਲਆਈ) ਦੀ ਸਫਲਤਾ ਦੇ ਅਧਾਰ ‘ਤੇ ਕੇਂਦਰੀ ਕੈਬਨਿਟ ਨੇ ਅੱਜ ਆਈਟੀ ਹਾਰਡਵੇਅਰ ਲਈ ਪੀਐੱਲਆਈ ਸਕੀਮ 2.0 ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮੁੱਖ ਵਿਸ਼ੇਸ਼ਤਾਵਾਂ:
ਆਈਟੀ ਹਾਰਡਵੇਅਰ ਲਈ ਪੀਐੱਲਆਈ ਸਕੀਮ 2.0 ਲੈਪਟੌਪ, ਟੈਬਲੇਟ, ਆਲ-ਇਨ-ਵਨ ਪੀਸੀ, ਸਰਵਰ ਅਤੇ ਅਲਟਰਾ ਸਮਾਲ ਫਾਰਮ ਫੈਕਟਰ ਡਿਵਾਈਸਾਂ ਨੂੰ ਕਵਰ ਕਰਦੀ ਹੈ।
ਯੋਜਨਾ ਦਾ ਬਜਟ ਖਰਚਾ 17,000 ਕਰੋੜ ਰੁਪਏ ਹੈ
ਇਸ ਸਕੀਮ ਦੀ ਅਵਧੀ 6 ਸਾਲ ਹੈ।
ਅਨੁਮਾਨਿਤ ਵਾਧਾ ਉਤਪਾਦਨ 3.35 ਲੱਖ ਕਰੋੜ ਰੁਪਏ ਹੈ।
ਨਿਵੇਸ਼ ਵਿੱਚ 2,430 ਕਰੋੜ ਰੁਪਏ ਦਾ ਵਾਧਾ ਹੋਣ ਦੀ ਉਮੀਦ ਹੈ।
ਪ੍ਰਤੱਖ ਰੋਜ਼ਗਾਰ ਵਿੱਚ 75,000 ਦੇ ਵਾਧੇ ਦੀ ਉਮੀਦ ਹੈ।
ਮਹੱਤਵ:
ਭਾਰਤ ਸਾਰੀਆਂ ਗਲੋਬਲ ਵੱਡੀਆਂ ਕੰਪਨੀਆਂ ਲਈ ਇੱਕ ਭਰੋਸੇਮੰਦ ਸਪਲਾਈ ਚੇਨ ਭਾਈਵਾਲ ਵਜੋਂ ਉੱਭਰ ਰਿਹਾ ਹੈ। ਵੱਡੀਆਂ ਆਈਟੀ ਹਾਰਡਵੇਅਰ ਕੰਪਨੀਆਂ ਨੇ ਭਾਰਤ ਵਿੱਚ ਨਿਰਮਾਣ ਸੁਵਿਧਾਵਾਂ ਸਥਾਪਿਤ ਕਰਨ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ। ਇਸ ਨੂੰ ਦੇਸ਼ ਦੇ ਅੰਦਰ ਚੰਗੀ ਮੰਗ ਰੱਖਣ ਵਾਲੇ ਮਜ਼ਬੂਤ ਆਈਟੀ ਸੇਵਾਵਾਂ ਉਦਯੋਗ ਦੁਆਰਾ ਹੋਰ ਸਮਰਥਨ ਪ੍ਰਾਪਤ ਹੈ।
ਜ਼ਿਆਦਾਤਰ ਵੱਡੀਆਂ ਕੰਪਨੀਆਂ ਭਾਰਤ ਵਿੱਚ ਸਥਿਤ ਇੱਕ ਸੁਵਿਧਾ ਤੋਂ ਭਾਰਤ ਦੇ ਅੰਦਰ ਘਰੇਲੂ ਬਜ਼ਾਰਾਂ ਦੀ ਸਪਲਾਈ ਕਰਨਾ ਚਾਹੁੰਦੀਆਂ ਹਨ ਅਤੇ ਨਾਲ ਹੀ ਭਾਰਤ ਨੂੰ ਇੱਕ ਨਿਰਯਾਤ ਕੇਂਦਰ ਬਣਾਉਣਾ ਚਾਹੁੰਦੀਆਂ ਹਨ।
*********
ਡੀਐੱਸ/ਐੱਸਕੇ