ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਗਣਰਾਜ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਵਣਜ ਵਿਭਾਗ ਅਤੇ ਡੋਮਿਨਿਕਨ ਗਣਰਾਜ ਦੇ ਵਣਜ ਮੰਤਰਾਲੇ ਦੇ ਦਰਮਿਆਨ ਸੰਯੁਕਤ ਆਰਥਿਕ ਅਤੇ ਵਪਾਰ ਕਮੇਟੀ (ਜੇਈਟੀਸੀਓ-JETCO) ਦੀ ਸਥਾਪਨਾ ਨਾਲ ਸਬੰਧਿਤ ਇੱਕ ਪ੍ਰੋਟੋਕੋਲ ਉੱਤੇ ਹਸਤਾਖਰ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਡੋਮਿਨਿਕਨ ਰੀਪਬਲਿਕ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ।
ਭਾਰਤ ਅਤੇ ਡੋਮਿਨਿਕਨ ਗਣਰਾਜ ਦਰਮਿਆਨ ਦੁਵੱਲੇ ਸਬੰਧ ਦੋਸਤਾਨਾ ਰਹੇ ਹਨ ਅਤੇ ਸਾਰੇ ਖੇਤਰਾਂ ਵਿੱਚ ਲਗਾਤਾਰ ਡੂੰਘੇ ਹੋ ਰਹੇ ਹਨ। ਵਰਤਮਾਨ ਵਿੱਚ, ਭਾਰਤ ਅਤੇ ਡੋਮਿਨਿਕਨ ਗਣਰਾਜ ਵਿਚਕਾਰ ਵਪਾਰ ਅਤੇ ਵਣਜ ਨਾਲ ਸਬੰਧਿਤ ਕੋਈ ਦੁਵੱਲੀ ਸੰਸਥਾਗਤ ਵਿਧੀ ਨਹੀਂ ਹੈ। ਭਾਰਤ ਮੁੱਖ ਤੌਰ ‘ਤੇ ਡੋਮਿਨਿਕਨ ਗਣਰਾਜ ਤੋਂ ਸੋਨਾ ਆਯਾਤ ਕਰਦਾ ਹੈ ਅਤੇ ਉਨ੍ਹਾਂ ਨੂੰ ਫਾਰਮਾਸਿਊਟੀਕਲ, ਸਮੁੰਦਰੀ ਉਤਪਾਦ, ਮੋਟਰ ਵਾਹਨ, ਦੋਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨ ਆਦਿ ਦਾ ਨਿਰਯਾਤ ਕਰਦਾ ਹੈ।
ਸੰਯੁਕਤ ਆਰਥਿਕ ਅਤੇ ਵਪਾਰ ਕਮੇਟੀ (ਜੇਈਟੀਸੀਓ-JETCO) ਦੀ ਸਥਾਪਨਾ ਭਾਰਤ ਅਤੇ ਡੋਮਿਨਿਕਨ ਗਣਰਾਜ ਦਰਮਿਆਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗੀ ਅਤੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ ਅਤੇ ਚਰਚਾ, ਸੂਚਨਾ, ਗਿਆਨ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗੀ, ਜਿਸ ਨਾਲ ਸਬੰਧਿਤ ਵਪਾਰ ਅਤੇ ਉਦਯੋਗ ਦੀਆਂ ਗਤੀਵਿਧੀਆਂ ਦੀ ਸੁਵਿਧਾ ਹੋਵੇਗੀ। ਇਹ ਪ੍ਰੋਟੋਕੋਲ ਵੱਡੇ ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਬਜ਼ਾਰਾਂ ਲਈ ਇੱਕ ਪ੍ਰਭਾਵਸ਼ਾਲੀ ਗੇਟਵੇਅ ਬਣ ਸਕਦਾ ਹੈ।
ਇਹ ਸੰਯੁਕਤ ਕਮੇਟੀ ਵੱਖ-ਵੱਖ ਅਥਾਰਿਟੀਆਂ ਅਤੇ ਉਨ੍ਹਾਂ ਦੇ ਹਮਰੁਤਬਾ ਦੇ ਦਰਮਿਆਨ ਸੂਚਨਾ ਦੇ ਅਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗੀ। ਇਹ ਵਸਤੂਆਂ ਅਤੇ ਸੇਵਾਵਾਂ ਦੇ ਵਪਾਰ ਨੂੰ ਅਸਾਨ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਪੇਸ਼ੇਵਰਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਮਿਲਣਗੇ।
ਸੰਯੁਕਤ ਆਰਥਿਕ ਅਤੇ ਵਪਾਰ ਕਮੇਟੀ (ਜੇਈਟੀਸੀਓ-JETCO) ਦੀ ਸਥਾਪਨਾ ਆਪਸੀ ਗੱਲਬਾਤ ਰਾਹੀਂ ਭਾਰਤੀ ਉਤਪਾਦਾਂ ਦੇ ਨਿਰਯਾਤ ਵਿੱਚ ਦਰਪੇਸ਼ ਚੁਣੌਤੀਆਂ ਨੂੰ ਘਟਾਉਣ ਵਿੱਚ ਮਦਦ ਕਰੇਗੀ ਅਤੇ ਭਾਰਤ ਵਿੱਚ ਨਿਰਮਿਤ ਫਾਰਮਾਸਿਊਟੀਕਲ, ਆਟੋਮੋਬਾਈਲ ਅਤੇ ਇੰਜੀਨੀਅਰਿੰਗ ਵਸਤਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦਾ ਰਾਹ ਪੱਧਰਾ ਕਰੇਗੀ, ਜਿਸ ਨਾਲ ਇੱਕ ਆਤਮਨਿਰਭਰ ਭਾਰਤ ਦੇ ਲਈ ਵਧੇਰੇ ਵਿਦੇਸ਼ੀ ਮੁਦਰਾ ਦੀ ਆਮਦਨ ਹੋਵੇਗੀ।
************
ਡੀਐੱਸ/ਐੱਸਕੇਐੱਸ