ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਜੁਲਾਈ ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਉੱਜਵਲ ਭਾਰਤ ਉੱਜਵਲ ਭਵਿੱਖ – ਪਾਵਰ @ 2047′ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਪੁਨਰਨਿਰਮਿਤ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਦੀ ਸ਼ੁਰੂਆਤ ਕਰਨਗੇ। ਉਹ ਐੱਨਟੀਪੀਸੀ ਦੇ ਵੱਖ-ਵੱਖ ਗ੍ਰੀਨ ਐਨਰਜੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨੈਸ਼ਨਲ ਸੋਲਰ ਰੂਫਟੌਪ ਪੋਰਟਲ ਵੀ ਲਾਂਚ ਕਰਨਗੇ।
ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨੇ ਬਿਜਲੀ ਖੇਤਰ ਵਿੱਚ ਕਈ ਅਹਿਮ ਪਹਿਲਆਂ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਸੁਧਾਰਾਂ ਨਾਲ ਖੇਤਰ ਵਿੱਚ ਬਦਲਾਅ ਆਇਆ ਹੈ, ਸਾਰਿਆਂ ਲਈ ਕਿਫਾਇਤੀ ਬਿਜਲੀ ਪ੍ਰਦਾਨ ਕਰਨ ‘ਤੇ ਧਿਆਨ ਕੇਂਦਰਤ ਕਰਦੇ ਹੋਏ ਇਹ ਸੁਧਾਰ ਕੀਤੇ ਗਏ ਹਨ। ਲਗਭਗ 18,000 ਪਿੰਡਾਂ ਦਾ ਬਿਜਲੀਕਰਣ, ਜਿਨ੍ਹਾਂ ਵਿੱਚ ਪਹਿਲਾਂ ਬਿਜਲੀ ਸਪਲਾਈ ਨਹੀਂ ਸੀ, ਆਖਰੀ ਸਿਰੇ ‘ਤੇ ਖੜ੍ਹੇ ਵਿਅਕਤੀ ਨੂੰ ਲਾਭ ਦੇਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇੱਕ ਇਤਿਹਾਸਿਕ ਪਹਿਲ ਤਹਿਤ, ਪ੍ਰਧਾਨ ਮੰਤਰੀ ਬਿਜਲੀ ਮੰਤਰਾਲੇ ਦਾ ਇੱਕ ਪ੍ਰਮੁੱਖ ਪ੍ਰੋਗਰਾਮ, ਪੁਨਰਨਿਰਮਿਤ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਦੀ ਸ਼ੁਰੂਆਤ ਕਰਨਗੇ, ਜਿਸ ਦਾ ਉਦੇਸ਼ ਡਿਸਕੌਮ ਕੰਪਨੀਆਂ ਅਤੇ ਬਿਜਲੀ ਵਿਭਾਗਾਂ ਦੀ ਸੰਚਾਲਨ ਕੁਸ਼ਲਤਾ ਅਤੇ ਵਿੱਤੀ ਸਥਿਤੀ ਵਿੱਚ ਸੁਧਾਰ ਕਰਨਾ ਹੈ। ਵਿੱਤ ਵਰ੍ਹੇ 2021-22 ਤੋਂ ਵਿੱਤ ਵਰ੍ਹੇ 2025-26 ਤੱਕ ਪੰਜ ਵਰ੍ਹਿਆਂ ਦੀ ਮਿਆਦ ਲਈ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਖਰਚੇ ਦੇ ਨਾਲ, ਇਸ ਯੋਜਨਾ ਦਾ ਉਦੇਸ਼ ਬਿਜਲੀ ਵੰਡ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਅਤੇ ਮਜ਼ਬੂਤੀ ਲਈ ਡਿਸਕੌਮ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਖਪਤਕਾਰਾਂ ਲਈ ਸਪਲਾਈ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਸੁਧਾਰ ਹੋ ਸਕੇ। ਇਸ ਦਾ ਉਦੇਸ਼ ਸੰਚਾਲਨ ਕੁਸ਼ਲਤਾਵਾਂ ਵਿੱਚ ਸੁਧਾਰ ਕਰਕੇ 2024-25 ਤੱਕ ਏਟੀ ਅਤੇ ਸੀ (ਕੁੱਲ ਤਕਨੀਕੀ ਅਤੇ ਵਪਾਰਕ) ਨੁਕਸਾਨ ਨੂੰ 12-15% ਸਰਬ ਭਾਰਤੀ ਪੱਧਰ ਅਤੇ ਏਸੀਐੱਸ-ਏਆਰਆਰ (ਸਪਲਾਈ ਦੀ ਔਸਤ ਲਾਗਤ – ਔਸਤ ਮਾਲੀਆ ਪ੍ਰਾਪਤੀ) ਦੇ ਅੰਤਰ ਨੂੰ ਸਿਫ਼ਰ ਤੱਕ ਘਟਾਉਣਾ ਵੀ ਹੈ। ਇਸ ਦੇ ਲਈ ਸਾਰੀਆਂ ਜਨਤਕ ਖੇਤਰ ਦੀਆਂ ਡਿਸਕੌਮ ਕੰਪਨੀਆਂ ਅਤੇ ਬਿਜਲੀ ਵਿਭਾਗਾਂ ਦੀ ਵਿੱਤੀ ਹਾਲਤ ਨੂੰ ਸੁਧਾਰਨ ਦਾ ਲਕਸ਼ ਵੀ ਰੱਖਿਆ ਗਿਆ ਹੈ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 5200 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਐੱਨਟੀਪੀਸੀ ਦੇ ਵੱਖ-ਵੱਖ ਗ੍ਰੀਨ ਐਨਰਜੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਤੇਲੰਗਾਨਾ ਦੇ 100 ਮੈਗਾਵਾਟ ਦੇ ਰਾਮਾਗੁੰਡਮ ਫਲੋਟਿੰਗ ਸੋਲਰ ਪ੍ਰੋਜੈਕਟ ਅਤੇ ਕੇਰਲ ਦੇ 92 ਮੈਗਾਵਾਟ ਕਾਯਾਮਕੁਲਮ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਉਹ ਰਾਜਸਥਾਨ ਵਿੱਚ 735 ਮੈਗਾਵਾਟ ਦੇ ਨੋਖ ਸੋਲਰ ਪ੍ਰੋਜੈਕਟ, ਲੇਹ ਵਿੱਚ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਅਤੇ ਗੁਜਰਾਤ ਵਿੱਚ ਕਾਵਾਸ ਕੁਦਰਤੀ ਗੈਸ ਨਾਲ ਗ੍ਰੀਨ ਹਾਈਡ੍ਰੋਜਨ ਬਲੈਂਡਿੰਗ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।
ਰਾਮਾਗੁੰਡਮ ਪ੍ਰੋਜੈਕਟ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪੀਵੀ ਪ੍ਰੋਜੈਕਟ ਹੈ, ਜਿਸ ਵਿੱਚ 4.5 ਲੱਖ ‘ਮੇਡ ਇਨ ਇੰਡੀਆ‘ ਸੋਲਰ ਪੀਵੀ ਮੋਡੀਊਲ ਹਨ। ਕਾਯਾਮਕੁਲਮ ਪ੍ਰੋਜੈਕਟ ਦੂਜਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪੀਵੀ ਪ੍ਰੋਜੈਕਟ ਹੈ, ਜਿਸ ਵਿੱਚ ਪਾਣੀ ‘ਤੇ ਤੈਰਦੇ ਹੋਏ 3 ਲੱਖ ‘ਮੇਡ ਇਨ ਇੰਡੀਆ‘ ਸੋਲਰ ਪੀਵੀ ਪੈਨਲ ਸ਼ਾਮਲ ਹਨ।
ਰਾਜਸਥਾਨ ਦੇ ਜੈਸਲਮੇਰ ਦੇ ਨੋਖ ਵਿੱਚ 735 ਮੈਗਾਵਾਟ ਦਾ ਸੋਲਰ ਪੀਵੀ ਪ੍ਰੋਜੈਕਟ ਘਰੇਲੂ ਸਮੱਗਰੀ ਦੀ ਲੋੜ ‘ਤੇ ਆਧਾਰਿਤ ਭਾਰਤ ਦਾ ਸਭ ਤੋਂ ਵੱਡਾ ਸੋਲਰ ਪ੍ਰੋਜੈਕਟ ਹੈ, ਜਿਸ ਵਿੱਚ ਇੱਕ ਥਾਂ ‘ਤੇ 1000 ਮੈਗਾਵਾਟ ਦੇ ਪੈਨਲ ਹਨ, ਜਿਸ ਵਿੱਚ ਟ੍ਰੈਕਰ ਸਿਸਟਮ ਦੇ ਨਾਲ ਉੱਚ-ਵਾਟ ਸਮਰੱਥਾ ਵਾਲੇ ਦੋ-ਤਰਫ਼ਾ ਪੀਵੀ ਮੌਡਿਊਲ ਲਗਾਏ ਗਏ ਹਨ। ਲੇਹ, ਲੱਦਾਖ ਵਿਖੇ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਇੱਕ ਪਾਇਲਟ ਪ੍ਰੋਜੈਕਟ ਹੈ, ਜਿਸਦਾ ਉਦੇਸ਼ ਲੇਹ ਅਤੇ ਆਲ਼ੇ-ਦੁਆਲ਼ੇ ਪੰਜ ਫਿਊਲ ਸੈੱਲ ਬੱਸਾਂ ਚਲਾਉਣਾ ਹੈ। ਇਸ ਪਾਇਲਟ ਪ੍ਰੋਜੈਕਟ ਦੇ ਤਹਿਤ, ਭਾਰਤ ਵਿੱਚ ਜਨਤਕ ਵਰਤੋਂ ਲਈ ਫਿਊਲ ਸੈੱਲ ਇਲੈਕਟ੍ਰਿਕ ਵਾਹਨਾਂ ਦੀ ਪਹਿਲੀ ਤੈਨਾਤੀ ਕੀਤੀ ਜਾਵੇਗੀ। ਐੱਨਟੀਪੀਸੀ ਕਾਵਾਸ ਟਾਊਨਸ਼ਿਪ ਵਿਖੇ ਗ੍ਰੀਨ ਹਾਈਡ੍ਰੋਜਨ ਬਲੈਂਡਿੰਗ ਦਾ ਪਾਇਲਟ ਪ੍ਰੋਜੈਕਟ; ਕੁਦਰਤੀ ਗੈਸ ਦੀ ਵਰਤੋਂ ਨੂੰ ਘੱਟ ਕਰਨ ਵਿੱਚ ਮਦਦ ਕਰਨ ਵਾਲਾ ਭਾਰਤ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਮਿਸ਼ਰਣ ਪ੍ਰੋਜੈਕਟ ਹੋਵੇਗਾ।
ਪ੍ਰਧਾਨ ਮੰਤਰੀ ਨੈਸ਼ਨਲ ਸੋਲਰ ਰੂਫਟੌਪ ਪੋਰਟਲ ਵੀ ਲਾਂਚ ਕਰਨਗੇ, ਜੋ ਕਿ ਰੂਫਟੌਪ ਸੋਲਰ ਪਲਾਂਟ ਦੀ ਸਥਾਪਨਾ ਪ੍ਰਕਿਰਿਆ ਦੀ ਔਨਲਾਈਨ ਟ੍ਰੈਕਕਿੰਗ ਨੂੰ ਸਮਰੱਥ ਕਰੇਗਾ, ਜਿਸ ਵਿੱਚ ਅਰਜ਼ੀਆਂ ਦੇਣ ਤੋਂ ਲੈ ਕੇ ਰਿਹਾਇਸ਼ੀ ਖਪਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਪਲਾਂਟ ਦੀ ਸਥਾਪਨਾ ਅਤੇ ਨਿਰੀਖਣ ਤੋਂ ਬਾਅਦ ਸਬਸਿਡੀ ਜਾਰੀ ਕਰਨਾ ਤੱਕ ਸ਼ਾਮਲ ਹੈ।
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ‘ ਦੇ ਤਹਿਤ 25 ਤੋਂ 30 ਜੁਲਾਈ ਤੱਕ ‘ਉੱਜਵਲ ਭਾਰਤ ਉੱਜਵਲ ਭਵਿੱਖ – ਪਾਵਰ @ 2047′ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਆਯੋਜਿਤ, ਇਹ ਸਮਾਗਮ ਪਿਛਲੇ ਅੱਠ ਵਰ੍ਹਿਆਂ ਦੌਰਾਨ ਬਿਜਲੀ ਖੇਤਰ ਵਿੱਚ ਆਈਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ। ਇਸ ਦਾ ਉਦੇਸ਼ ਨਾਗਰਿਕਾਂ ਸਰਕਾਰ ਦੀਆਂ ਬਿਜਲੀ ਸਬੰਧੀ ਵੱਖ-ਵੱਖ ਪਹਿਲਆਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਨਾਗਰਿਕਾਂ ਦੀ ਜਾਗਰੂਕਤਾ ਅਤੇ ਭਾਗੀਦਾਰੀ ਵਿੱਚ ਸੁਧਾਰ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ।
************
ਡੀਐੱਸ/ਐੱਸਟੀ