Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ


ਮਾਣਯੋਗ ਰਾਸ਼ਟਰਪਤੀ ਜੋਕੋ ਵਿਡੋਡੋ (Joko Widodo) ਜੀ,

ਵਫ਼ਦ ‘ਚ ਸ਼ਾਮਲ ਪਤਵੰਤੇ ਸੱਜਣ,

ਮੀਡੀਆ ਨਾਲ ਸਬੰਧਤ ਦੋਸਤੋ,

ਅਰੰਭ ਵਿੱਚ, ਮੈਂ ਅਕੇਹ ਵਿਖੇ ਪਿੱਛੇ ਜਿਹੇ ਭੁਚਾਲ ਕਾਰਨ ਹੋਏ ਮਾਲੀ ਨੁਕਸਾਨ ਉੱਤੇ ਦਿਲੋਂ ਦੁਖ ਪ੍ਰਗਟਾਉਂਦਾ ਹਾਂ,

ਦੋਸਤੋ,

ਰਾਸ਼ਟਰਪਤੀ ਜੋਕੋ ਵਿਡੋਡੋ ਦਾ ਉਨ੍ਹਾਂ ਦੇ ਪਹਿਲੇ ਭਾਰਤ ਦੌਰੇ ਮੌਕੇ ਸੁਆਗਤ ਕਰਦਿਆਂ ਮੈਂ ਮਾਣ ਮਹਿਸੂਸ ਕਰਦਾ ਹਾਂ। ਮੈਂ ਨਵੰਬਰ 2014 ‘ਚ ਪਹਿਲੀ ਵਾਰ ਰਾਸ਼ਟਰਪਤੀ ਵਿਡੋਡੋ ਨੂੰ ਮਿਲਿਆ ਸਾਂ ਅਤੇ ਤਦ ਅਸੀਂ ਇਸ ਮਾਮਲੇ ‘ਤੇ ਵਿਚਾਰ-ਵਟਾਂਦਰਾ ਕੀਤਾ ਸੀ ਕਿ ਸਾਡੀ ਭਾਈਵਾਲੀ ਸਾਡੇ ਅਤੇ ਇਸ ਖੇਤਰ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ।

ਮਾਣਯੋਗ ਰਾਸ਼ਟਰਪਤੀ ਜੀ,

ਤੁਸੀਂ ਇੱਕ ਮਹਾਨ ਰਾਸ਼ਟਰ ਦੇ ਆਗੂ ਹੋ। ਵਿਸ਼ਵ ਦਾ ਸਭ ਤੋਂ ਵੱਧ ਮੁਸਲਿਮ ਅਬਾਦੀ ਵਾਲਾ ਦੇਸ ਇੰਡੋਨੇਸ਼ੀਆ ਲੋਕਤੰਤਰ, ਵਿਭਿੰਨਤਾ, ਅਨੇਕਵਾਦ ਅਤੇ ਸਮਾਜਕ ਇੱਕਸੁਰਤਾ ਦੇ ਹੱਕ ਵਿੱਚ ਡਟਦਾ ਰਿਹਾ ਹੈ। ਇਹੋ ਕਦਰਾਂ-ਕੀਮਤਾਂ ਸਾਡੀਆਂ ਵੀ ਹਨ। ਸਾਡੇ ਦੇਸ਼ਾਂ ਅਤੇ ਸਮਾਜਾਂ ਨੇ ਆਪਣੇ ਸਮੁੱਚੇ ਇਤਿਹਾਸ ਦੌਰਾਨ ਮਜ਼ਬੂਤ ਵਪਾਰਕ ਤੇ ਸੱਭਿਆਚਾਰਕ ਸਬੰਧਾਂ ਨੂੰ ਵਿਕਸਤ ਕੀਤਾ ਹੈ। ਅਸੀਂ ਇੱਕ ਅਜਿਹੇ ਭੂਗੋਲਕ ਖੇਤਰ ਵਿੱਚ ਰਹਿੰਦੇ ਹਾਂ, ਜੋ ਇਸ ਵੇਲੇ ਵਿਸ਼ਵ ‘ਚ ਤੇਜ਼ ਰਫ਼ਤਾਰ ਨਾਲ ਚਲ ਰਹੀਆਂ ਸਿਆਸੀ, ਆਰਥਿਕ ਤੇ ਰਣਨੀਤਕ ਤਬਦੀਲੀਆਂ ਦਾ ਕੇਂਦਰ ਹੈ। ਤੁਹਾਡੇ ਇਸ ਦੌਰੇ ਨਾਲ ਸਾਨੂੰ ਆਪਣੀ ਰਣਨੀਤਕ ਭਾਈਵਾਲੀ ਨੂੰ ਉਤਸ਼ਾਹ ਤੇ ਰਫ਼ਤਾਰ ਦੇਣ ਅਤੇ ਹਿੰਦ-ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿੱਚ ਸ਼ਾਂਤੀ, ਖ਼ੁਸ਼ਹਾਲੀ ਤੇ ਸਥਿਰਤਾ ਦੀ ਇੱਕ ਤਾਕਤ ਵਜੋਂ ਸਾਡੇ ਏਕਿਆਂ(convergences) ਨੂੰ ਆਕਾਰ ਪ੍ਰਦਾਨ ਕਰਨ ਵਿੱਚ ਮਦਦ ਮਿਲਦੀ ਹੈ।

ਦੋਸਤੋ,

ਇੰਡੋਨੇਸ਼ੀਆ ਸਾਡੀ ‘ਐਕਟ ਈਸਟ’ ਨੀਤੀ ਵਿੱਚ ਭਾਰਤ ਦੇ ਸਭ ਤੋਂ ਵੱਧ ਮੁੱਲਵਾਨ ਭਾਈਵਾਲਾਂ ਵਿੱਚੋਂ ਇੱਕ ਹੈ। ਇਹ ਦੱਖਣ-ਪੂਰਬੀ ਏਸ਼ੀਆ ਦੀ ਸਭ ਤੋਂ ਵਿਸ਼ਾਲ ਅਰਥ ਵਿਵਸਥਾ ਹੈ। ਅਤੇ ਭਾਰਤ ਵਿਸ਼ਵ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਵਿਸ਼ਾਲ ਆਰਥ-ਵਿਵਸਥਾਵਾਂ ਵਿੱਚੋਂ ਇੱਕ ਹੈ। ਦੋ ਵਿਸ਼ਾਲ ਲੋਕਤੰਤਰਾਂ ਅਤੇ ਉੱਭਰ ਰਹੀਆਂ ਪ੍ਰਮੁੱਖ ਅਰਥ-ਵਿਵਸਥਾਵਾਂ ਵਜੋਂ, ਸਾਡੇ ਆਰਥਿਕ ਤੇ ਰਣਨੀਤਕ ਹਿਤ ਸਾਂਝੇ ਹਨ। ਸਾਡੀਆਂ ਚਿੰਤਾਵਾਂ ਤੇ ਚੁਣੌਤੀਆਂ ਵੀ ਸਾਂਝੀਆਂ ਹਨ। ਰਾਸ਼ਟਰਪਤੀ ਨਾਲ ਅੱਜ ਮੇਰੀ ਵਿਆਪਕ ਗੱਲਬਾਤ ਹਰ ਤਰ੍ਹਾਂ ਦੇ ਆਪਸੀ ਸਹਿਯੋਗ ਉੱਤੇ ਕੇਂਦ੍ਰਿਤ ਰਹੀ ਹੈ। ਅਸੀਂ ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਤਰਜੀਹ ਦੇਣ ਲਈ ਸਹਿਮਤ ਹੋਏ ਹਾਂ। ਮਹਾਂਸਾਗਰਾਂ ਨਾਲ ਜੁੜੇ ਸਾਡੇ ਦੋਵੇਂ ਦੇਸ਼ ਗੁਆਂਢੀ ਵੀ ਹਨ ਅਤੇ ਅਸੀਂ ਆਫ਼ਤ ਵੇਲੇ ਹੁੰਗਾਰਾ ਦੇਣ ਤੇ ਵਾਤਾਵਰਨਕ ਸੁਰੱਖਿਆ ਹਿਤ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਹਿਮਤ ਹੋਏ ਹਾਂ। ਸਮੁੰਦਰੀ ਆਵਾਜਾਈ ਵਿੱਚ ਸਹਿਯੋਗ ਬਾਰੇ ਸਾਂਝਾ ਬਿਆਨ ਇਸ ਖੇਤਰ ਵਿੱਚ ਸਾਡੀਆਂ ਗਤੀਵਿਧੀਆਂ ਦੇ ਏਜੰਡੇ ਨੂੰ ਦਰਸਾਉਂਦਾ ਹੈ। ਸਾਡੀ ਭਾਈਵਾਲੀ ਦਹਿਸ਼ਤਗਰਦੀ, ਜਥੇਬੰਦਕ ਅਪਰਾਧ, ਨਸ਼ਿਆਂ ਤੇ ਮਨੁੱਖੀ ਸਮੱਗਲਿੰਗ ਦਾ ਟਾਕਰਾ ਕਰਨ ਦੇ ਮਾਮਲੇ ਵਿੱਚ ਵੀ ਅੱਗੇ ਵਧੇਗੀ।

ਦੋਸਤੋ,

ਰਾਸ਼ਟਰਪਤੀ ਅਤੇ ਮੈਂ ਇੱਕ ਅਜਿਹੀ ਮਜ਼ਬੂਤ ਆਰਥਿਕ ਤੇ ਵਿਕਾਸ ਭਾਈਵਾਲੀ ਉਸਾਰਨ ਲਈ ਵੀ ਸਹਿਮਤ ਹੋਏ ਹਾਂ, ਜੋ ਵਿਚਾਰਾਂ, ਵਪਾਰ, ਪੂੰਜੀ ਦੇ ਪ੍ਰਵਾਹ ਅਤੇ ਦੋਵੇਂ ਦੇਸ਼ਾਂ ਵਿਚਾਲੇ ਲੋਕਾਂ ਦੇ ਆਉਣ-ਜਾਣ ਵਿੱਚ ਹੋਰ ਵੀ ਵਾਧਾ ਕਰੇਗੀ। ਮੈਂ ਰਾਸ਼ਟਰਪਤੀ ਵਿਡੋਡੋ ਨਾਲ ਦਵਾਈਆਂ, ਸੂਚਨਾ ਤਕਨਾਲੋਜੀ ਤੇ ਸਾਫ਼ਟਵੇਅਰ ਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਇੰਡੋਨੇਸ਼ੀਆ ਦੇ ਭਾਰਤੀ ਕੰਪਨੀਆਂ ਨਾਲ ਮਿਲ ਕੇ ਕੰਮ ਕਰਨ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ ਹਾਂ।

ਦੋ ਵਿਕਾਸਸ਼ੀਲ ਦੇਸ਼ਾਂ ਵਜੋਂ ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ, ਦੋਵੇਂ ਪਾਸੇ ਨਿਵੇਸ਼ ਦੇ ਪ੍ਰਵਾਹ ਅਤੇ ਆਪਣੀਆਂ ਸਬੰਧਤ ਸਮਰੱਥਾਵਾਂ ਵਿੱਚ ਵਾਧਾ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਇਸ ਸਬੰਧੀ, ਸੀ.ਈ.ਓਜ਼. ਦੀ ਫ਼ੋਰਮ ਨੂੰ ਉਦਯੋਗਿਕ ਗਤੀਵਿਧੀਆਂ ਲਈ ਵਧੇਰੇ ਵਿਸਤ੍ਰਿਤ ਤੇ ਡੂੰਘੇਰੇ ਨਵੇਂ ਖੇਤਰਾਂ ਦੀ ਸ਼ਨਾਖ਼ਤ ਕਰਨ ਵਿੰਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਸੀਂ ਸੇਵਾਵਾਂ ਤੇ ਨਿਵੇਸ਼ ਲਈ ਭਾਰਤ-ਆਸੀਆਨ ਮੁਕਤ ਵਪਾਰ ਸਮਝੌਤਾ ਛੇਤੀ ਲਾਗੂ ਕਰਨ ਲਈ ਸਹਿਮਤ ਹੋਏ ਹਾਂ ਅਤੇ ਇਸ ਸਬੰਧ ਵਿੱਚ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਨੂੰ ਅੰਤਿਮ ਰੂਪ ਦੇਣਾ ਅਹਿਮ ਕਦਮ ਹੋਣਗੇ। ਅਸੀਂ ਪੁਲਾੜ ਦੇ ਖੇਤਰ ਵਿੱਚ ਸਾਡੇ ਦੋ ਦਹਾਕਿਆਂ ਪੁਰਾਣੇ ਵਡਮੁੱਲੇ ਸਹਿਯੋਗ ਨੂੰ ਡੂੰਘੇਰਾ ਕਰਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਹੈ। ਸਾਡੀ ਭਾਈਵਾਲੀ ਦੀ ਰਫ਼ਤਾਰ ਨੂੰ ਟਿਕਾਊ ਬਣਾਉਣ ਲਈ, ਰਾਸ਼ਟਰਪਤੀ ਅਤੇ ਮੈਂ ਦੁਵੱਲੇ ਸਹਿਯੋਗ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮੌਜੂਦਾ ਮੰਤਰੀ-ਪੱਧਰ ਦੇ ਪ੍ਰਬੰਧਾਂ ਨੂੰ ਛੇਤੀ ਮੁਲਾਕਾਤ ਕਰਨ ਦੀ ਹਦਾਇਤ ਜਾਰੀ ਕੀਤੀ ਹੈ।

ਦੋਸਤੋ,

ਸਾਡੇ ਸਮਾਜਾਂ ਦੇ ਇਤਿਹਾਸਕ ਸਬੰਧ ਅਤੇ ਮਜ਼ਬੂਤ ਸੱਭਿਆਚਾਰਕ ਸਬੰਧ ਸਾਡੀ ਸਾਂਝੀ ਵਿਰਾਸਤ ਹਨ। ਰਾਸ਼ਟਰਪਤੀ ਅਤੇ ਮੈਂ ਆਪਣੇ ਇਤਿਹਾਸਕ ਸੰਪਰਕਾਂ ਦੀ ਖੋਜ ਨੂੰ ਹੁਲਾਰਾ ਦੇਣ ਦੇ ਮਹੱਤਵ ਉੱਤੇ ਸਹਿਮਤ ਹੋਏ ਹਾਂ। ਅਤੇ, ਅਸੀਂ ਇੱਕ-ਦੂਜੇ ਦੀਆਂ ਯੂਨੀਵਰਸਿਟੀਆਂ ਵਿੱਚ ਭਾਰਤੀ ਤੇ ਇੰਡੋਨੇਸ਼ਿਆਈ ਅਧਿਐਨਾਂ ਦੀਆਂ ਚੇਅਰਜ਼ ਤੇਜ਼ੀ ਨਾਲ ਸਥਾਪਤ ਕਰਨ ਲਈ ਸਹਿਮਤ ਹੋਏ ਹਾਂ। ਅਸੀਂ ਆਪਣੇ ਵਜ਼ੀਫ਼ੇ ਤੇ ਸਿਖਲਾਈ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਲਈ ਵੀ ਸਹਿਮਤ ਹੋਏ ਹਾਂ। ਆਪਸ ਵਿੱਚ ਸਿੱਧੇ ਜੁੜਨ ਤੇ ਲੋਕਾਂ ਦੇ ਲੋਕਾਂ ਨਾਲ ਆਪਸੀ ਸੰਪਰਕਾਂ ਵਿੱਚ ਸੁਧਾਰ ਲਿਆਉਣ ਦੀ ਅਹਿਮੀਅਤ ਬਾਰੇ ਸਭ ਜਾਣਦੇ ਹਨ। ਅਤੇ, ਇਸ ਸਬੰਧ ਵਿੱਚ ਅਸੀਂ ‘ਗਰੁੜ ਇੰਡੋਨੇਸ਼ੀਆ’ ਵੱਲੋਂ ਮੁੰਬਈ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸਬੰਧੀ ਲਏ ਫ਼ੈਸਲੇ ਦਾ ਸੁਆਗਤ ਕਰਦੇ ਹਾਂ।

ਮਾਣਯੋਗ ਰਾਸ਼ਟਰਪਤੀ ਜੀ,

ਮੈਂ ਇੱਕ ਵਾਰ ਫਿਰ ਤੁਹਾਡੇ ਇਸ ਦੌਰੇ ਲਈ ਧੰਨਵਾਦ ਕਰਦਾ ਹਾਂ। ਮੈਂ ਤੁਹਾਡੇ ਨਾਲ ਆਪਣੀਆਂ ਦੁਵੱਲੀਆਂ ਗਤੀਵਿਧੀਆਂ ਨੂੰ ਇੱਕ ਨਵੇਂ ਪੱਧਰ ਤੱਕ ਲਿਜਾਣ ਦੀ ਮਜ਼ਬੂਤ ਇੱਛਾ ਸਾਂਝੀ ਕਰਦਾ ਹਾਂ। ਅਤੇ, ਮੈਨੂੰ ਭਰੋਸਾ ਹੈ ਕਿ ਸਾਡੇ ਵਿਚਾਰ-ਵਟਾਂਦਰੇ ਅਤੇ ਅੱਜ ਸਾਡੇ ਵੱਲੋਂ ਕੀਤੇ ਗਏ ਸਮਝੌਤੇ ਕਾਰਵਾਈ ਏਜੰਡੇ ਨੂੰ ਸ਼ਕਲ ਦੇਣ ਅਤੇ ਸਾਡੇ ਰਣਨੀਤਕ ਸਬੰਧਾਂ ਨੂੰ ਨਵੀਂ ਦਿਸ਼ਾ ਤੇ ਤੀਬਰਤਾ ਦੇਣ ਵਿੱਚ ਮਦਦ ਕਰਨਗੇ। ਆਪਣਾ ਭਾਸ਼ਣ ਸਮਾਪਤ ਕਰਨ ਤੋਂ ਪਹਿਲਾਂ ਮੈਂ ਇੰਡੋਨੇਸ਼ੀਆ ਦੇ ਆਪਣੇ ਸਾਰੇ ਦੋਸਤਾਂ ਦਾ ਧੰਨਵਾਦ ਕਰਨਾ ਚਾਹਾਂਗਾ।

ਤੁਹਾਡਾ ਬਹੁਤ ਧੰਨਵਾਦ।

*****

AKT/SH