Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਇੰਡੋਨੇਸ਼ੀਆ ਦਾ ਸਾਂਝਾ ਬਿਆਨ

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਇੰਡੋਨੇਸ਼ੀਆ ਦਾ ਸਾਂਝਾ ਬਿਆਨ


• ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਸ੍ਰੀ ਜੋਕੋ ਵਿਡੋਡੋ (Mr. Joko Widodo) ਨੇ ਭਾਰਤ ਗਣਰਾਜ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ 11 ਤੋਂ 13 ਦਸੰਬਰ, 2016 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ। ਰਾਸ਼ਟਰਪਤੀ ਜੋਕੋ ਵਿਡੋਡੋ ਦਾ ਇਹ ਪਹਿਲਾ ਦੁਵੱਲਾ ਦੌਰਾ ਹੈ।

• ਮਾਣਯੋਗ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਭਾਰਤ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਸ੍ਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ 12 ਦਸੰਬਰ, 2016 ਨੂੰ ਰਾਸ਼ਟਰਪਤੀ ਭਵਨ ‘ਚ ਸਰਕਾਰੀ ਪ੍ਰੀਤੀ-ਭੋਜ ਕੀਤਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਆਪਸੀ ਦਿਲਚਸਪੀ ਦੇ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਿਆਪਕ ਵਿਚਾਰ-ਵਟਾਂਦਰੇ ਕੀਤੇ। ਭਾਰਤ ਦੇ ਉਪ-ਰਾਸ਼ਟਰਪਤੀ ਸ੍ਰੀ ਐੱਮ. ਹਾਮਿਦ ਅੰਸਾਰੀ, ਜੋ ਨਵੰਬਰ 2015 ‘ਚ ਇੰਡੋਨੇਸ਼ੀਆ ਦੇ ਦੌਰੇ ‘ਤੇ ਗਏ ਸਨ, ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।

• ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਵਿਡੋਡੋ ਨੇ ਇਹ ਗੱਲ ਨੋਟ ਕੀਤੀ ਕਿ ਭਾਰਤ ਅਤੇ ਇੰਡੋਨੇਸ਼ੀਆ ਮਹਾਂਸਾਗਰਾਂ ਨਾਲ ਜੁੜੇ ਹੋਏ ਗੁਆਂਢੀ ਦੇਸ਼ ਹਨ, ਇਨ੍ਹਾਂ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਡੂੰਘੇ ਤਹਿਜ਼ੀਬੀ ਸਬੰਧ ਹਨ ਅਤੇ ਹਿੰਦੂ ਧਰਮ, ਬੁੱਧ ਧਰਮ ਤੇ ਇਸਲਾਮ ਦੀ ਸਾਂਝੀ ਵਿਰਾਸਤ ਵੀ ਹੈ। ਉਨ੍ਹਾਂ ਨੇ ਸ਼ਾਂਤੀਪੂਰਨ ਸਹਿ-ਹੋਂਦ ਹਾਸਲ ਕਰਨ ਲਈ ਅਨੇਕਵਾਦ, ਲੋਕਤੰਤਰ ਦੇ ਮਹੱਤਵ ਅਤੇ ਵਿਧੀ-ਵਿਧਾਨ ਨੂੰ ਪ੍ਰਮੁੱਖ ਕਦਰਾਂ-ਕੀਮਤਾਂ ਵਜੋਂ ਉਜਾਗਰ ਕੀਤਾ। ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਸਿਆਸੀ, ਆਰਥਿਕ ਤੇ ਰਣਨੀਤਕ ਹਿਤਾਂ ਦੀ ਸਾਂਝ ਦਾ ਸੁਆਗਤ ਕੀਤਾ ਅਤੇ ਇਹੋ ਗੱਲਾਂ ਲੰਮੇ ਸਮੇਂ ਲਈ ਰਣਨੀਤਕ ਭਾਈਵਾਲੀ ਵਾਸਤੇ ਟਿਕਾਊ ਅਧਾਰ ਪ੍ਰਦਾਨ ਕਰਦੀਆਂ ਹਨ।

• ਦੋਵੇਂ ਆਗੂਆਂ ਨੇ ਇਹ ਗੱਲ ਨੋਟ ਕੀਤੀ ਕਿ ਨਵੰਬਰ 2005 ‘ਚ ਇੱਕ ਰਣਨੀਤਕ ਭਾਈਵਾਲੀ ਕਾਇਮ ਹੋਣ ਤੋਂ ਬਾਅਦ ਇਸ ਸਬੰਧ ਨੇ ਇੱਕ ਨਵੀਂ ਰਫ਼ਤਾਰ ਹਾਸਲ ਕੀਤੀ ਸੀ। ਫਿਰ ਜਨਵਰੀ 2011 ‘ਚ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ‘ਆਉਂਦੇ ਦਹਾਕੇ ਦੌਰਾਨ ਭਾਰਤ-ਇੰਡੋਨੇਸ਼ੀਆ ਵਿਚਾਲੇ ਨਵੀਂ ਰਣਨੀਤਕ ਭਾਈਵਾਲੀ ਲਈ ਦ੍ਰਿਸ਼ਟੀ’ ਪਰਿਭਾਸ਼ਿਤ ਕਰਨ ਲਈ ਇੱਕ ਸਾਂਝਾ ਬਿਆਨ ਅਪਨਾਉਣ ਨਾਲ ਇਸ ਨੂੰ ਹੋਰ ਹੁਲਾਰਾ ਮਿਲਿਆ ਅਤੇ ਅਕਤੂਬਰ 2013 ‘ਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਰਣਨੀਤਕ ਭਾਈਵਾਲੀ ਮਜ਼ਬੂਤ ਕਰਨ ਲਈ 5-ਮੁਖੀ ਪਹਿਲਕਦਮੀ ਅਪਣਾਈ ਗਈ। ਦੋਵੇਂ ਆਗੂਆਂ ਨੇ 13 ਨਵੰਬਰ, 2014 ਨੂੰ ਨੇਅ ਪਾਇ ਤਾਅ (Nay Pyi Taw) ਵਿਖੇ ਆਸੀਆਨ ਸਿਖ਼ਰ ਸੰਮੇਲਨ ਦੇ ਚੱਲਦਿਆਂ ਆਪਣੀ ਮੁਲਾਕਾਤ ਨੂੰ ਯਾਦ ਕੀਤਾ, ਜਿਸ ਦੌਰਾਨ ਉਨ੍ਹਾਂ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਹਿਯੋਗ ਦੇ ਠੋਸ ਖੇਤਰਾਂ ਉੱਤੇ ਵਿਚਾਰ-ਵਟਾਂਦਰਾ ਕੀਤਾ ਸੀ।

ਰਣਨੀਤਕ ਗਤੀਵਿਧੀ

• ਇੰਡੋਨੇਸ਼ੀਆ ਦੇ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਬਹੁ-ਪੱਖੀ ਸਮਾਰੋਹਾਂ ਦੌਰਾਨ ਮਿਲਣ ਵਾਲੇ ਸਮਿਆਂ ਦੌਰਾਨ ਅਤੇ ਸਲਾਨਾ ਸਿਖ਼ਰ ਸੰਮੇਲਨ ਮੁਲਾਕਾਤਾਂ ਕਰਵਾਉਣ ਲਈ ਸਹਿਮਤ ਹੋਏ। ਉਨ੍ਹਾਂ ਮੰਤਰੀ ਪੱਧਰ ਅਤੇ ਕਾਰਜ-ਦਲ ਪ੍ਰਬੰਧਾਂ ਸਮੇਤ ਗੱਲਬਾਤ ਦੇ ਮਜ਼ਬੂਤ ਢਾਂਚੇ ਰਾਹੀਂ ਨਿਯਮਤ ਦੁਵੱਲੇ ਵਿਚਾਰ-ਵਟਾਂਦਰੇ ਜਾਰੀ ਰੱਖਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

• ਦੋਵੇਂ ਆਗੂਆਂ ਨੇ ਨਵੰਬਰ 2014 ‘ਚ ਨੇਅ ਪਾਇ ਤਾਅ ਵਿਖੇ ਹੋਈ ਮੁਲਾਕਾਤ ਤੋਂ ਬਾਅਦ ਕੋਲਾ, ਖੇਤੀਬਾੜੀ, ਦਹਿਸ਼ਤਗਰਦੀ ਦਾ ਟਾਕਰਾ, ਸਿਹਤ, ਨਸ਼ੀਲੇ ਪਦਾਰਥਾਂ, ਡਰੱਗਜ਼, ਸਾਈਕੋਟ੍ਰੌਪਿਕ ਪਦਾਰਥਾਂ ਦੀ ਗ਼ੈਰ-ਕਾਨੂੰਨੀ ਸਮੱਗਲਿੰਗ ਦਾ ਟਾਕਰਾ ਕਰਨ ਜਿਹੇ ਮੁੱਦਿਆਂ ਉੱਤੇ ਸਾਂਝੇ ਕਾਰਜ-ਦਲਾਂ ਦੇ ਪੱਧਰ ਉੱਤੇ ਹੋਈ ਪ੍ਰਗਤੀ ਦਾ ਸੁਆਗਤ ਕੀਤਾ। ਆਗੂਆਂ ਨੇ ਇਨ੍ਹਾਂ ਮੁਲਾਕਾਤਾਂ ਦੌਰਾਨ ਹੋਈ ਸਹਿਮਤੀ ਦੇ ਨਤੀਜਿਆਂ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ।

• ਦੋਵੇਂ ਆਗੂਆਂ ਨੇ ਦੋਵੇਂ ਲੋਕਤੰਤਰੀ ਦੇਸ਼ਾਂ ਵਿਚਾਲੇ ਸੰਸਦੀ ਆਦਾਨ-ਪ੍ਰਦਾਨ ਦੇ ਮਹੱਤਵ ਉੱਤੇ ਮੁੜ ਜ਼ੋਰ ਦਿੱਤਾ ਅਤੇ ਦੋਵੇਂ ਸੰਸਦਾਂ ਵਿਚਾਲੇ ਵਫ਼ਦਾਂ ਦੇ ਨਿਯਮਤ ਦੌਰਿਆਂ ਉੱਤੇ ਤਸੱਲੀ ਪ੍ਰਗਟਾਈ। ਇਸ ਸਬੰਧ ਵਿੱਚ, ਉਨ੍ਹਾਂ ਨੇ ਅਕਤੂਬਰ ਅਤੇ ਦਸੰਬਰ 2015 ‘ਚ ‘ਸਦਭਾਵਨਾ ਦੌਰੇ’ ਵਜੋਂ ਅਪ੍ਰੈਲ 2016 ਦੌਰਾਨ ਭਾਰਤ ਤੋਂ ਇੰਡੋਨੇਸ਼ੀਆ ਗਏ ਸੰਸਦੀ ਵਫ਼ਦ ਅਤੇ ਇੰਡੋਨੇਸ਼ੀਆ ਗਣਰਾਜ ਦੇ ਲੋਕ ਪ੍ਰਤੀਨਿਧ ਸਦਨ ਅਤੇ ਖੇਤਰਾਂ ਦੇ ਪ੍ਰਤੀਨਿਧਾਂ ਦੀ ਪਰਿਸ਼ਦ ਦੇ ਮੈਂਬਰਾਂ ਵੱਲੋਂ ਕੀਤੇ ਗਏ ਭਾਰਤ ਦੇ ਦੌਰਿਆਂ ਦੀ ਸ਼ਲਾਘਾ ਕੀਤੀ।

• ਦੋਵੇਂ ਆਗੂਆਂ ਨੇ ਭਾਰਤ ਤੇ ਇੰਡੋਨੇਸ਼ੀਆ ਦੇ ‘ਅਹਿਮ ਵਿਅਕਤੀਆਂ ਦੇ ਉਸ ਸਮੂਹ’ (ਈ.ਪੀ.ਜੀ.) ਵੱਲੋਂ ਪੇਸ਼ ਕੀਤੇ ‘ਵਿਜ਼ਨ ਡਾਕੂਮੈਂਟ 2025’ ਦਾ ਸੁਆਗਤ ਕੀਤਾ, ਜਿਸ ਨੇ ਇਸੇ ਵਰ੍ਹੇ ਪਹਿਲਾਂ ਆਪਣਾ ਕੰਮ ਸ਼ੁਰੂ ਕੀਤਾ ਸੀ। ਇਹ ਦਸਤਾਵੇਜ਼ ਸਾਲ 2025 ਅਤੇ ਉਸ ਤੋਂ ਅੱਗੇ ਦੁਵੱਲੇ ਸਬੰਧਾਂ ਲਈ ਭਵਿੱਖ ਦਾ ਰਾਹ ਤਿਆਰ ਕਰਨ ਵਾਸਤੇ ਸਿਫ਼ਾਰਸ਼ਾਂ ਤੈਅ ਕਰਦਾ ਹੈ।

• ਦੋਵੇਂ ਆਗੂਆਂ ਨੇ ‘ਇਸਰੋ’ ਵੱਲੋਂ ਸਤੰਬਰ 2015 ‘ਚ ‘ਲਾਪਾਨ ਏ2’ ਅਤੇ ਜੂਨ 2016 ‘ਚ ‘ਲਾਪਾਨ ਏ3’ ਜਿਹੇ ਉਪਗ੍ਰਹਿਆਂ ਨੂੰ ਪੁਲਾੜ ‘ਚ ਸਫ਼ਲਤਾ ਨਾਲ ਦਾਗੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ‘ਲਾਪਾਨ’ ਅਤੇ ‘ਇਸਰੋ’ ਨੂੰ ਬਾਹਰੀ ਪੁਲਾੜ ਦੇ ਮੁੱਦੇ ‘ਤੇ ਚੌਥੀ ਸਾਂਝੀ ਕਮੇਟੀ ਦੀ ਮੀਟਿੰਗ ਛੇਤੀ ਤੋਂ ਛੇਤੀ ਸੱਦਣ ਦੀ ਹਦਾਇਤ ਕੀਤੀ; ਤਾਂ ਜੋ ਬਾਹਰੀ ਪੁਲਾੜ ਦੀ ਸ਼ਾਂਤੀਪੂਰਨ ਉਦੇਸ਼ਾਂ ਲਈ ਵਰਤੋਂ ਅਤੇ ਖੋਜ ਵਿੱਚ ਸਹਿਯੋਗ ਬਾਰੇ ‘ਅੰਤਰ-ਸਰਕਾਰੀ ਢਾਂਚਾ’ ਤੇਅ ਕਰਨ ਲਈ ਕੀਤੇ ਸਮਝੌਤੇ ਅਤੇ ਹਾਈਡ੍ਰੋਗ੍ਰਾਫ਼ੀ, ਮੌਸਮ ਦੀ ਭਵਿੱਖਬਾਣੀ, ਆਫ਼ਤ ਪ੍ਰਬੰਧ, ਫ਼ਸਲ ਬਾਰੇ ਭਵਿੱਖਬਾਣੀ ਅਤੇ ਸਰੋਤ ਮੈਪਿੰਗ; ਅਤੇ ਸਿਖਲਾਈ ਪ੍ਰੋਗਰਾਮਾਂ ਨਾਲ ਸਬੰਧਤ ਹੋਰ ਸਮਝੌਤਿਆਂ ਨੂੰ ਛੇਤੀ ਅੰਤਮ ਰੂਪ ਦਿੱਤਾ ਜਾ ਸਕੇ।

ਰੱਖਿਆ ਅਤੇ ਸੁਰੱਖਿਆ ਸਹਿਯੋਗ

• ਰਣਨੀਤਕ ਭਾਈਵਾਲਾਂ ਅਤੇ ਮਹਾਂਸਾਗਰਾਂ ਨਾਲ ਜੁੜੇ ਗੁਆਂਢੀ ਦੇਸ਼ਾਂ ਵਜੋਂ, ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਵਿਚਾਲੇ ਸੁਰੱਖਿਆ ਤੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਇਸ ਸਬੰਧੀ ਉਨ੍ਹਾਂ ਨੇ ਮੰਤਰੀਆਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਨਿੱਗਰ ਦੁਵੱਲੇ ਰੱਖਿਆ ਸਹਿਯੋਗ ਸਮਝੌਤੇ ਲਈ ਵਰਤਮਾਨ ‘ਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਗਤੀਵਿਧੀਆਂ ਬਾਰੇ ਸਮਝੌਤੇ’ ਦੀ ਸਮੀਖਿਆ ਕਰਨ ਤੇ ਉਸ ਨੂੰ ਅਪਗ੍ਰੇਡ ਕਰਨ ਹਿਤ ਰੱਖਿਆ ਮੰਤਰੀਆਂ ਦੀ ਗੱਲਬਾਤ ਅਤੇ ਸਾਂਝੀਆਂ ਰੱਖਿਆ ਸਹਿਯੋਗ ਕਮੇਟੀ (ਜੇ.ਡੀ.ਸੀ.ਸੀ.) ਦੀਆਂ ਮੀਟਿੰਗਾਂ ਛੇਤੀ ਕਰਵਾਉਣ।

• ਦੋਵੇਂ ਆਗੂਆਂ ਨੇ ਇਹ ਨੋਟ ਕੀਤਾ ਕਿ ਦੋਵੇਂ ਦੇਸ਼ਾਂ ਦੀਆਂ ਥਲ ਸੈਨਾਵਾਂ ਵਿਚਾਲੇ ਅਗਸਤ 2016 ‘ਚ ਅਤੇ ਸਮੁੰਦਰੀ ਫ਼ੌਜਾਂ ਵਿਚਾਲੇ ਜੂਨ 2015 ‘ਚ ਸਟਾਫ਼ ਪੱਧਰ ਦੇ ਵਿਚਾਰ-ਵਟਾਂਦਰੇ ਸਫ਼ਲਤਾ ਸਹਿਤ ਸੰਪੰਨ ਹੋਏ ਸਨ; ਇਸੇ ਲਈ ਦੋਵੇਂ ਹਥਿਆਰਬੰਦ ਬਲਾਂ ਵਿਚਾਲੇ ਰੱਖਿਆ ਸਹਿਯੋਗ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਇਹ ਵੀ ਸਹਿਮਤੀ ਹੋਈ ਕਿ ਹਵਾਈ ਫ਼ੌਜ ਦੇ ਸਟਾਫ਼ ਵਿਚਾਲੇ ਵਿਚਾਰ-ਵਟਾਂਦਰੇ ਛੇਤੀ ਤੋਂ ਛੇਤੀ ਕਰਵਾਏ ਜਾਣਗੇ। ਦੋਵੇਂ ਧਿਰਾਂ ਵਿਸ਼ੇਸ਼ ਫ਼ੌਜੀ ਬਲਾਂ ਵਿਚਾਲੇ ਰੱਖਿਆ ਵਟਾਂਦਰਿਆਂ, ਸਿਖਲਾਈ ਤੇ ਸਾਂਝੇ ਅਭਿਆਸਾਂ ਦੀ ਬਾਰੰਬਾਰਤਾ ਵਿੱਚ ਵਾਧਾ ਕਰਨ ਲਈ ਸਹਿਮਤ ਹੋਏ ਸਨ। ਉਨ੍ਹਾਂ ਨੇ ਦੋਵੇਂ ਰੱਖਿਆ ਮੰਤਰੀਆਂ ਨੂੰ ਤਕਨਾਲੋਜੀ ਤਬਾਦਲੇ ਰਾਹੀਂ ਉਪਕਰਨਾਂ ਦੇ ਸਾਂਝੇ ਉਤਪਾਦਨ, ਤਕਨੀਕੀ ਸਹਾਇਤਾ ਅਤੇ ਸਮਰੱਥਾ ਨਿਰਮਾਣ ਸਹਿਯੋਗ ਲਈ ਰੱਖਿਆ ਉਦਯੋਗਾਂ ਵਿਚਾਲੇ ਤਾਲਮੇਲ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਕੰਮ ਵੀ ਦਿੱਤਾ।

• ਦੋਵੇਂ ਆਗੂਆਂ ਨੇ ਅੰਤਰਰਾਸ਼ਟਰੀ ਦਹਿਸ਼ਤਗਰਦੀ ਅਤੇ ਇੱਕ ਤੋਂ ਦੂਜੇ ਦੇਸ਼ ਜਾ ਕੇ ਕੀਤੇ ਜਾਣ ਵਾਲੇ ਹੋਰ ਅਪਰਾਧਾਂ ਦੇ ਖ਼ਤਰਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਦਹਿਸ਼ਤਗਰਦੀ, ਦਹਿਸ਼ਤਗਰਦਾਂ ਨੂੰ ਮਿਲਣ ਵਾਲੀ ਮਾਲੀ ਇਮਦਾਦ, ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ, ਹਥਿਆਰਾਂ ਦੀ ਤਸਕਰੀ, ਮਨੁੱਖਾਂ ਦੀ ਤਸਕਰੀ ਤੇ ਸਾਈਬਰ ਅਪਰਾਧਾਂ ਦਾ ਟਾਕਰਾ ਕਰਨ ਵਿੱਚ ਦੁਵੱਲਾ ਸਹਿਯੋਗ ਵੱਡੇ ਪੱਧਰ ‘ਤੇ ਵਧਾਉਣ ਦਾ ਸੰਕਲਪ ਲਿਆ। ਉਨ੍ਹਾਂ ਦਹਿਸ਼ਤਗਰਦੀ-ਵਿਰੋਧੀ ਸਾਂਝੇ ਕਾਰਜ ਦਲ ਦੀ ਸ਼ਲਾਘਾ ਕੀਤੀ, ਜਿਸ ਨੇ ਨਿਯਮਤ ਰੂਪ ਵਿੱਚ ਮੀਟਿੰਗਾਂ ਕੀਤੀਆਂ ਹਨ ਅਤੇ ਅਕਤੂਬਰ 2015 ‘ਚ ਹੋਈ ਆਖ਼ਰੀ ਮੀਟਿੰਗ ਦੇ ਨਤੀਜੇ ਬਾਰੇ ਜਾਣਿਆ, ਜਿਸ ਦੌਰਾਨ ਸਾਈਬਰ ਸੁਰੱਖਿਆ ਸਮੇਤ ਆਪਸੀ ਦਿਲਚਸਪੀ ਦੇ ਮੁੱਦਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਨਸ਼ੀਲੇ ਪਦਾਰਥਾਂ, ਡਰੱਗਜ਼, ਸਾਈਕੋਟ੍ਰੌਪਿਕ ਪਦਾਰਥਾਂ ਦੀ ਗ਼ੈਰ-ਕਾਨੂੰਨੀ ਤਸਕਰੀ ਦਾ ਟਾਕਰਾ ਕਰਨ ਬਾਰੇ ਸਾਂਝੇ ਕਾਰਜ ਦਲ ਦੀ ਪਹਿਲੀ ਮੀਟਿੰਗ ਅਤੇ ਅਗਸਤ 2016 ‘ਚ ਪਹਿਲਾਂ ਹੋਈਆਂ ਚਰਚਾਵਾਂ ਦਾ ਵੀ ਸੁਆਗਤ ਕੀਤਾ। ਦੋਵੇਂ ਧਿਰਾਂ ਨੇ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਸੰਕਲਪ ਲਿਆ।

• ਦੋਵੇਂ ਆਗੂਆਂ ਨੇ ਨਵੀਂ ਦਿੱਲੀ ‘ਚ ‘ਆਫ਼ਤ ਦੌਰਾਨ ਖ਼ਤਰਾ ਘਟਾਉਣ ਬਾਰੇ ਏਸ਼ੀਆ ਦੇ ਮੰਤਰੀਆਂ ਦੀ ਕਾਨਫ਼ਰੰਸ’ ਦਾ ਸਫ਼ਲ ਆਯੋਜਨ ਕਰਵਾਏ ਜਾਣ ਦਾ ਸੁਆਗਤ ਕੀਤਾ ਅਤੇ ਇਸ ਖੇਤਰ ਵਿੱਚ ਸਹਿਯੋਗ ਦੀ ਸੰਭਾਵਨਾ ਉੱਤੇ ਵੀ ਗ਼ੌਰ ਕੀਤਾ, ਉਨ੍ਹਾਂ ਆਪੋ-ਆਪਣੀਆਂ ਸਬੰਧਤ ਧਿਰਾਂ ਨੂੰ ਆਫ਼ਤ ਪ੍ਰਬੰਧ ਵਿੱਚ ਸਹਿਯੋਗ ਨੂੰ ਮੁੜ-ਸੁਰਜੀਤ ਕਰਨ ਦੀ ਹਦਾਇਤ ਕੀਤੀ; ਤਾਂ ਜੋ ਨਿਯਮਤ ਸਾਂਝੇ ਅਭਿਆਸਾਂ ਅਤੇ ਸਿਖਲਾਈ ਸਹਿਯੋਗ ਦਾ ਸੰਸਥਾਨੀਕਰਨ ਅਤੇ ਕੁਦਰਤੀ ਆਫ਼ਤਾਂ ਵੇਲੇ ਸਮੇਂ ਸਿਰ ਹੁੰਗਾਰਾ ਦੇਣ ਲਈ ਸਮਰੱਥਾਵਾਂ ਵਿੱਚ ਵਾਧਾ ਕੀਤਾ ਜਾ ਸਕੇ।

• ਦੋਵੇਂ ਆਗੂਆਂ ਨੇ ਆਪੋ-ਆਪਣੇ ਦੇਸ਼ਾਂ, ਨਾਲ ਲਗਦੇ ਖੇਤਰਾਂ ਅਤੇ ਵਿਸ਼ਵ ਨਾਲ ਸਬੰਧਤ ਸਮੁੰਦਰੀ ਆਵਾਜਾਈ ਦੇ ਸ਼ਾਸਨ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਸਮੁੰਦਰੀ ਆਵਾਜਾਈ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦਾ ਸੰਕਲਪ ਲੈਂਦਿਆਂ ਇਸ ਮਾਮਲੇ ਵਿੱਚ ਇਸ ਦੌਰੇ ਦੌਰਾਨ ਇੱਕ ਵੱਖਰੇ ‘ਸਮੁੰਦਰੀ ਆਵਾਜਾਈ ਸਹਿਯੋਗ ਬਾਰੇ ਬਿਆਨ’ ਜਾਰੀ ਕੀਤਾ। ਇਹ ਬਿਆਨ ਸਮੁੰਦਰੀ ਆਵਜਾਈ ਦੌਰਾਨ ਸੁਰੱਖਿਆ, ਸਮੁੰਦਰੀ ਆਵਾਜਾਈ ਨਾਲ ਸਬੰਧਤ ਉਦਯੋਗ, ਸਮੁੰਦਰੀ ਯਾਤਰਾਵਾਂ ਦੌਰਾਨ ਸੁਰੱਖਿਆ ਤੇ ਜਹਾਜ਼ਰਾਨੀ (ਨੇਵੀਗੇਸ਼ਨ) ਅਤੇ ਦੋਵੇਂ ਦੇਸ਼ਾਂ ਵੱਲੋਂ ਸ਼ਨਾਖ਼ਤ ਕੀਤੇ ਦੁਵੱਲੇ ਸਹਿਯੋਗ ਦੇ ਹੋਰ ਅਨੇਕਾਂ ਖੇਤਰਾਂ ਨੂੰ ਆਪਣੇ ਘੇਰੇ ਵਿੱਚ ਲੈਂਦਾ ਹੈ।

• ਦੋਵੇਂ ਆਗੂਆਂ ਨੇ ਗ਼ੈਰ-ਕਾਨੂੰਨੀ, ਅਨਿਯੰਤ੍ਰਿਤ ਅਤੇ ਚੋਰੀ-ਛਿਪੇ (ਆਈ.ਯੂ.ਯੂ.) ਮੱਛੀਆਂ ਫੜਨ ਦਾ ਟਾਕਰਾ ਕਰਨ, ਰੋਕਣ, ਅਜਿਹੀ ਕਾਰਵਾਈ ਨੂੰ ਨਿਰਉਤਸ਼ਾਹਿਤ ਕਰਨ ਅਤੇ ਇਸ ਦਾ ਖ਼ਾਤਮਾ ਕਰਨ ਦੀ ਬਹੁਤ ਵੱਡੀ ਜ਼ਰੂਰਤ ਨੂੰ ਵੀ ਦ੍ਰਿੜ੍ਹਾਇਆ ਅਤੇ ਆਈ.ਯੂ.ਯੂ. ਮੱਛੀਆਂ ਫੜਨ ਬਾਰੇ ਇੱਕ ਸਾਂਝੇ ਸੰਦੇਸ਼ ਉੱਤੇ ਹਸਤਾਖਰ ਕੀਤੇ ਜਾਣ ਅਤੇ ਇੰਡੋਨੇਸ਼ੀਆ ਤੇ ਭਾਰਤ ਵਿਚਾਲੇ ਮੱਛੀਆਂ ਫੜਨ ਦੇ ਟਿਕਾਊ ਸ਼ਾਸਨ ਨੂੰ ਉਤਸ਼ਾਹਿਤ ਕੀਤੇ ਜਾਣ ਦਾ ਸੁਆਗਤ ਕੀਤਾ। ਦੋਵੇਂ ਆਗੂਆਂ ਨੇ ਇਹ ਮੰਨਿਆ ਕਿ ਜਥੇਬੰਦਕ ਢੰਗ ਨਾਲ ਇੱਕ ਤੋਂ ਦੂਜੇ ਦੇਸ਼ ਜਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦਾ ਅਪਰਾਧ ਕਾਫ਼ੀ ਵਧਦਾ ਜਾ ਰਿਹਾ ਹੈ ਅਤੇ ਇਹ ਵੀ ਵਿਸ਼ਵ ਲਈ ਲਗਾਤਾਰ ਵਧਦਾ ਜਾ ਰਿਹਾ ਖ਼ਤਰਾ ਬਣਦਾ ਜਾ ਰਿਹਾ ਹੈ।

ਵਿਆਪਕ ਆਰਥਿਕ ਭਾਈਵਾਲੀ

• ਦੋਵੇਂ ਆਗੂਆਂ ਨੇ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਵਪਾਰ ਤੇ ਨਿਵੇਸ਼ ਸਬੰਧਾਂ ਵਿੱਚ ਹੋ ਰਹੇ ਵਾਧੇ ਉੱਤੇ ਤਸੱਲੀ ਪ੍ਰਗਟਾਈ ਅਤੇ ਦੋਵੇਂ ਪਾਸੇ ਵਪਾਰ ਤੇ ਨਿਵੇਸ਼ ਵਿੱਚ ਵਾਧਾ ਕਰਨ ਵਿੱਚ ਸੁਵਿਧਾ ਦੇਣ ਅਤੇ ਨਿਜੀ ਖੇਤਰ ਦੀ ਅਗਵਾਈ ਹੇਠ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਇੱਕ ਪੂਰਵ-ਅਨੁਮਾਨ ਲਾਉਣਯੋਗ, ਖੁੱਲ੍ਹੀ ਅਤੇ ਪਾਰਦਰਸ਼ੀ ਆਰਥਿਕ ਨੀਤੀ ਦਾ ਢਾਂਚਾ ਕਾਇਮ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

• ਇਨ੍ਹਾਂ ਆਗੂਆਂ ਨੇ ਵਪਾਰ ਮੰਤਰੀਆਂ ਦੀ ਦੋ ਸਾਲਾਂ ਵਿੱਚ ਇੱਕ ਵਾਰ ਆਯੋਜਿਤ ਹੋਣ ਵਾਲੀ ਫ਼ੋਰਮ (ਬੀ.ਟੀ.ਐੱਮ. ਐੱਫ਼.) ਦੀ ਮੀਟਿੰਗ ਛੇਤੀ ਸੱਦਣ ਦੀ ਇੱਛਾ ਪ੍ਰਗਟਾਈ। ਇਹ ਫ਼ੋਰਮ ਵਪਾਰ ਅਤੇ ਨਿਵੇਸ਼ ਦੇ ਰਾਹ ਆਉਣ ਵਾਲੀਆਂ ਰੁਕਾਵਟਾਂ ਦੂਰ ਕਰਨ ਦੇ ਮੰਤਵ ਨਾਲ ਆਰਥਿਕ ਨੀਤੀਆਂ ਬਾਰੇ ਲੋੜੀਂਦੀ ਗੱਲਬਾਤ ਨੂੰ ਯੋਗ ਬਣਾਏਗੀ।

• ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਵਿਡੋਡੋ ਨੂੰ ਭਾਰਤ ਵਿੱਚ ਪਰਿਵਰਤਨ ਲਿਆਉਣ ਲਈ ਆਪਣੀ ਸਰਕਾਰ ਵੱਲੋਂ ‘ਮੇਕ ਇਨ ਇੰਡੀਆ,’ ‘ਡਿਜੀਟਲ ਇੰਡੀਆ,’ ‘ਸਕਿੱਲ ਇੰਡੀਆ,’ ‘ਸਮਾਰਟ ਸਿਟੀ,’ ‘ਸਵੱਛ ਭਾਰਤ’ ਅਤੇ ‘ਸਟਾਰਟ-ਅੱਪ ਇੰਡੀਆ’ ਰਾਹੀਂ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਇੰਡੋਨੇਸ਼ੀਆ ਦੇ ਕਾਰੋਬਾਰੀ ਅਦਾਰਿਆਂ ਨੂੰ ਅਜਿਹੇ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਵਿਡੋਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੰਡੋਨੇਸ਼ੀਆ ਦੇ ਹਾਲੀਆ ਸੁਧਾਰਾਂ ਅਤੇ ਇੰਡੋਨੇਸ਼ੀਆ ਵਿੱਚ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਲਈ ਕੀਤੇ ਗਏ ਸੁਧਾਰਾਂ ਤੋਂ ਜਾਣੂ ਕਰਵਾਉਂਦਿਆਂ ਭਾਰਤੀ ਕੰਪਨੀਆਂ ਨੂੰ ਦਵਾਈਆਂ, ਬੁਨਿਆਦੀ ਢਾਂਚੇ, ਸੂਚਨਾ ਤਕਨਾਲੋਜੀ, ਊਰਜਾ ਤੇ ਨਿਰਮਾਣ ਉਦਯੋਗਾਂ ਵਿੱਚ ਆਪਣਾ ਸਰਮਾਇਆ ਲਾਉਣ ਦਾ ਸੱਦਾ ਦਿੱਤਾ।

• ਦੋਵੇਂ ਆਗੂਆਂ ਨੇ ਨਵੀਂ ਦਿੱਲੀ ਵਿਖੇ 12 ਦਸੰਬਰ, 2016 ਨੂੰ ਇੰਡੋਨੇਸ਼ੀਆ-ਭਾਰਤ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓਜ਼) ਦੀ ਫ਼ੋਰਮ ਵਿਖੇ ਉੱਘੇ ਵਪਾਰਕ ਆਗੂਆਂ ਦੀ ਮੀਟਿੰਗ ਦਾ ਸੁਆਗਤ ਕੀਤਾ ਅਤੇ ਸੀ.ਈ.ਓਜ਼ ਦੀ ਫ਼ੋਰਮ ਨੂੰ ਉਤਸ਼ਾਹਿਤ ਕੀਤਾ ਕਿ ਉਹ ਨਿਯਮਤ ਤੌਰ ਉੱਤੇ ਸਲਾਨਾ ਫ਼ੋਰਮ ਦਾ ਆਯੋਜਨ ਕਰਵਾਏ; ਤਾਂ ਜੋ ਦੁਵੱਲੇ ਵਪਾਰ ਤੇ ਨਿਵੇਸ਼ ਸਹਿਯੋਗ ਨੂੰ ਹੋਰ ਵਧਾਉਣ ਲਈ ਉਸਾਰੂ ਸੁਝਾਅ ਮਿਲਦੇ ਰਹਿ ਸਕਣ। 13 ਦਸੰਬਰ, 2016 ਨੂੰ ਇੰਡੋਨੇਸ਼ੀਆ ਤੇ ਭਾਰਤ ਦੇ ਚੋਣਵੇਂ ਸੀ.ਈ.ਓਜ਼ ਦੀ ਮੀਟਿੰਗ ਦੌਰਾਨ 12 ਦਸੰਬਰ, 2016 ਨੂੰ ਸੀ.ਈ.ਓਜ਼ ਦੀ ਫ਼ੋਰਮ ਦੇ ਸਹਾਇਕ-ਚੇਅਰਮੈਨਾਂ ਦੀ ਰਿਪੋਰਟ ਰਾਸ਼ਟਰਪਤੀ ਜੋਕੋ ਵਿਡੋਡੋ ਨੂੰ ਸੌਂਪੀ ਗਈ।

• ਦੋਵੇਂ ਆਗੂਆਂ ਨੇ ਇਹ ਪ੍ਰਵਾਨ ਕੀਤਾ ਕਿ ਦੋਵੇਂ ਦੇਸ਼ਾਂ ਦੇ ਆਰਥਿਕ ਵਿਕਾਸ ਲਈ ਭਰੋਸੇਯੋਗ, ਸਵੱਛ ਤੇ ਸਸਤੀ ਊਰਜਾ ਤੱਕ ਪਹੁੰਚ ਬਹੁਤ ਜ਼ਰੂਰੀ ਹੈ ਅਤੇ ਇਸ ਸਬੰਧੀ ਉਨ੍ਹਾਂ ਨਵੰਬਰ 2015 ਦੌਰਾਨ ਨਵੀਂ ਤੇ ਅਖੁੱਟ ਊਰਜਾ ਦੇ ਮਾਮਲੇ ਵਿੱਚ ਸਹਿਮਤੀ-ਪੱਤਰ ਉੱਤੇ ਕੀਤੇ ਗਏ ਹਸਤਾਖਰਾਂ ਦਾ ਸੁਆਗਤ ਕੀਤਾ। ਅਤੇ ਇਸ ਸਹਿਮਤੀ-ਪੱਤਰ ਨੂੰ ਲਾਗੂ ਕਰਨ ਲਈ ਨਵੀਂ ਤੇ ਅਖੁੱਟ ਊਰਜਾ ਬਾਰੇ ਇੱਕ ਸਾਂਝਾ ਕਾਰਜ-ਦਲ ਕਾਇਮ ਕਰਨ ਅਤੇ ਕੋਈ ਦੁਵੱਲੀ ਠੋਸ ਕਾਰਜ-ਯੋਜਨਾ ਉਲੀਕਣ ਲਈ ਸਾਂਝੇ ਕਾਰਜ-ਦਲ ਦੀ ਮੀਟਿੰਗ ਛੇਤੀ ਸੱਦਣ ਵਾਸਤੇ ਉਤਸ਼ਾਹਿਤ ਕੀਤਾ।
• ਰਾਸ਼ਟਰਪਤੀ ਵਿਡੋਡੋ ਨੇ ਅਖੁੱਟ ਊਰਜਾ ਦੇ ਖੇਤਰ ਵਿੱਚ ਕੀਤੀਆਂ ਪਹਿਲਕਦਮੀਆਂ, ਖ਼ਾਸ ਕਰ ਕੇ ਅੰਤਰਰਾਸ਼ਟਰੀ ਸੋਲਰ ਗੱਠਜੋੜ ਕਾਇਮ ਕੀਤੇ ਜਾਣ ਦਾ ਸੁਆਗਤ ਕੀਤਾ।

• ਦੋਵੇਂ ਆਗੂਆਂ ਨੇ ਨਵੰਬਰ 2015 ਦੌਰਾਨ ਕੋਲੇ ਬਾਰੇ ਸਾਂਝੇ ਕਾਰਜ-ਦਲ ਦੀ ਤੀਜੀ ਮੀਟਿੰਗ ਦੇ ਨਤੀਜੇ ਨੋਟ ਕੀਤੇ। ਦੋਵੇਂ ਆਗੂ ਊਰਜਾ ਕਾਰਜਕੁਸ਼ਲਤਾ ਤਕਨਾਲੋਜੀਆਂ, ਨਵੀਂ ਤੇ ਅਖੁੱਟ ਊਰਜਾ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ-ਦੂਜੇ ਨੂੰ ਸਹਿਯੋਗ ਦੇਣ ਲਈ ਸਹਿਮਤ ਹੋਏ ਅਤੇ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਊਰਜਾ ਸੁਰੱਖਿਆ ਦੇ ਨਾਲ-ਨਾਲ ਜਲਵਾਯੂ ਤਬਦੀਲੀ ਦੇ ਟੀਚਿਆਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣਾ ਚਾਹੁੰਦੀਆਂ ਸਨ।

• ਭਵਿੱਖ ਵਿੱਚ ਊਰਜਾ-ਮਿਸ਼ਰਣ ਦੀ ਮੰਗ ਨਾਲ ਨਿਪਟਣ ਲਈ, ਦੋਵੇਂ ਆਗੂਆਂ ਨੇ ਤੇਲ ਅਤੇ ਗੈਸ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ-ਪੱਤਰ ਅਤੇ ਇਸ ਦੇ ਸਾਂਝੇ ਕਾਰਜ-ਦਲ ਦੇ ਕੰਮਕਾਜ ਨੂੰ ਨਵਿਆਉਣ ਨੂੰ ਉਤਸ਼ਾਹਿਤ ਕੀਤਾ; ਤਾਂ ਜੋ ਛੇਤੀ ਤੋਂ ਛੇਤੀ ਸੁਵਿਧਾ ਅਨੁਸਾਰ ਵੱਡੇ ਪੱਧਰ ‘ਤੇ ਸਹਿਯੋਗ ਵਧਾਇਆ ਜਾ ਸਕੇ।

• ਦੋਵੇਂ ਆਗੂਆਂ ਨੇ ਸਿਹਤ ਸਹਿਯੋਗ ਲਈ ਸਹਿਮਤੀ-ਪੱਤਰ ਨੂੰ ਨਵਿਆਉਣ ਦੀ ਇੱਛਾ ਪ੍ਰਗਟਾਈ, ਜਿਸ ਨਾਲ ਸਾਂਝੀਆਂ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਮਾਮਲੇ ਵਿੱਚ ਸਹਿਯੋਗ ਵਧਾਉਣ ਦਾ ਰਾਹ ਪੱਧਰਾ ਹੋਵੇਗਾ। ਉਨ੍ਹਾਂ ਦੋਵੇਂ ਧਿਰਾਂ ਨੂੰ ਦਵਾ ਖੇਤਰ ਵਿੱਚ ਆਪਸੀ ਲਾਹੇ ਲਈ ਸਹਿਯੋਗ ਵਧਾਉਣ ਲਈ ਵੀ ਹੱਲਾਸ਼ੇਰੀ ਦਿੱਤੀ।

• ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਦੀ ਜਨਤਾ ਲਈ ਅਨਾਜ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਇਸ ਖੇਤਰ ਵਿੱਚ ਠੋਸ ਕਾਰਵਾਈਆਂ ਕਰਨ ਲਈ ਮਿਲ ਕੇ ਕੰਮ ਕਰਨ ਦੀ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਮੋਦੀ ਨੇ ਇੰਡੋਨੇਸ਼ੀਆ ਦੀਆਂ ਜ਼ਰੂਰਤਾਂ ਅਨੁਸਾਰ ਚਾਵਲ, ਖੰਡ ਅਤੇ ਸੋਇਆਬੀਨ ਦੀ ਸਪਲਾਈ ਕਰਨ ਲਈ ਭਾਰਤ ਦੀ ਤਿਆਰੀ ਜ਼ਾਹਿਰ ਕੀਤੀ।

• ਸੂਚਨਾ ਤੇ ਸੰਚਾਰ ਤਕਨਾਲੋਜੀ ਰਾਹੀਂ ਸਾਹਮਣੇ ਆਉਣ ਵਾਲੇ ਮੌਕਿਆਂ ਤੇ ਚੁਣੌਤੀਆਂ ਨੂੰ ਕਬੂਲ ਕਰਦਿਆਂ ਦੋਵੇਂ ਆਗੂਆਂ ਨੇ ਨਵੀਨਤਾ ਅਤੇ ਡਿਜੀਟਲ ਅਰਥਵਿਵਸਥਾ ਵਿੱਚ ਮਦਦ ਲਈ ਸੂਚਨਾ ਤੇ ਸੰਚਾਰ ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਵਿਕਸਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦ੍ਰਿੜ੍ਹਾਇਆ।

• ਵਪਾਰ, ਸੈਰ-ਸਪਾਟਾ ਤੇ ਦੋਵੇਂ ਦੇਸ਼ਾਂ ਦੀ ਜਨਤਾ ਦੇ ਆਪਸੀ ਸੰਪਰਕਾਂ ਤੇ ਸਬੰਧਾਂ ਨੂੰ ਵਧਾਉਣ ਲਈ ਕੁਨੈਕਟੀਵਿਟੀ ਦੇ ਮਹੱਤਵ ਨੂੰ ਨੋਟ ਕਰਦਿਆਂ ਦੋਵੇਂ ਆਗੂਆਂ ਨੇ ‘ਗਰੁੜ ਇੰਡੋਨੇਸ਼ੀਆ’ ਵੱਲੋਂ ਜਕਾਰਤਾ ਅਤੇ ਮੁੰਬਈ ਵਿਚਾਲੇ ਦਸੰਬਰ 2016 ਤੋਂ ਉਡਾਣਾਂ ਸ਼ੁਰੂ ਕਰਨ ਦਾ ਸੁਆਗਤ ਕੀਤਾ। ਉਨ੍ਹਾਂ ਭਾਰਤ ਦੀਆਂ ਏਅਰਲਾਈਨਜ਼ ਵੱਲੋਂ ਭਾਰਤ ਤੋਂ ਇੰਡੋਨੇਸ਼ੀਆ ਦੀਆਂ ਸਿੱਧੀਆਂ ਉਡਾਣਾਂ ਨੂੰ ਵੀ ਉਤਸ਼ਾਹਿਤ ਕੀਤਾ। ਦੋਵੇਂ ਦੇਸ਼ਾਂ ਨੇ ਜਹਾਜ਼ਰਾਨੀ ਦੇ ਸਿੱਧੇ ਸੰਪਰਕਾਂ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਜਨਤਕ-ਨਿਜੀ ਭਾਈਵਾਲੀਆਂ ਜਾਂ ਛੋਟ ਦੀਆਂ ਹੋਰ ਯੋਜਨਾਵਾਂ ਰਾਹੀਂ ਨਿਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ।

• ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਨੂੰ ਸੁਖਾਲਾ ਬਣਾਉਣ ਲਈ ਅਹਿਮ ਮਿਆਰਾਂ/ਮਾਪਦੰਡਾਂ ਦੇ ਮਾਮਲੇ ਵਿੱਚ ਦੁਵੱਲੇ ਸਹਿਯੋਗ ਉੱਤੇ ਜ਼ੋਰ ਦਿੱਤਾ। ਇਸ ਸਬੰਧੀ ਉਨ੍ਹਾਂ ਮਾਪਦੰਡ ਤਿਆਰ ਕੀਤੇ ਜਾਣ ਵਿੱਚ ਸਹਿਯੋਗ ਲਈ ‘ਇੰਡੋਨੇਸ਼ੀਅਨ ਨੈਸ਼ਨਲ ਸਟੈਂਡਰਡਾਇਜ਼ੇਸ਼ਨ ਏਜੰਸੀ’ (ਬੀ. ਐੱਸ. ਐੱਨ.) ਅਤੇ ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ (ਬੀ.ਆਈ. ਐੱਸ.) ਵਿਚਾਲੇ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।

ਸੱਭਿਆਚਾਰਕ ਅਤੇ ਦੋਵੇਂ ਦੇਸ਼ਾਂ ਦੀ ਜਨਤਾ ਦੇ ਆਪਸੀ ਸੰਪਰਕ

• ਦੋਵੇਂ ਆਗੂਆਂ ਨੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ 2015-2018 ਅਧੀਨ ਕਲਾ, ਸਾਹਿਤ, ਸੰਗੀਤ, ਨਾਚ ਅਤੇ ਪੁਰਾਤੱਤਵ ਵਿਗਿਆਨ ਨੂੰ ਉਤਸ਼ਾਹਿਤ ਕਰਨ ਰਾਹੀਂ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ। ਫ਼ਿਲਮਾਂ ਦੀ ਮਕਬੂਲੀਅਤ ਅਤੇ ਨੌਜਵਾਨਾਂ ਉੱਤੇ ਇਨ੍ਹਾਂ ਦੇ ਅਸਰ ਅਤੇ ਸੈਰ-ਸਪਾਟਾ ਉਤਸ਼ਾਹਿਤ ਕੀਤੇ ਜਾਣ ਨੂੰ ਪ੍ਰਵਾਨ ਕਰਦਿਆਂ, ਦੋਵੇਂ ਧਿਰਾਂ ਨੇ ਫ਼ਿਲਮ ਉਦਯੋਗ ਵਿੱਚ ਸਹਿਯੋਗ ਲਈ ਇੱਕ ਸਮਝੌਤੇ ਨੂੰ ਅੰਤਮ ਰੂਪ ਦੇਣ ਦੀ ਸਹਿਮਤੀ ਪ੍ਰਗਟਾਈ।

• ਦੋਵੇਂ ਆਗੂਆਂ ਨੇ ਭਾਰਤ ਅਤੇ ਇੰਡੋਨੇਸ਼ੀਆ ਵਿੱਚ ਨੌਜਵਾਨ ਪੀੜ੍ਹੀਆਂ ਨੂੰ ਮਜ਼ਬੂਤ ਬਣਾਉਣ ਲਈ ਸਿੱਖਿਆ ਅਤੇ ਮਨੁੱਖੀ ਸਰੋਤ ਵਿਕਾਸ ਵਿੱਚ ਨਿਵੇਸ਼ ਦੇ ਮਹੱਤਵ ਨੂੰ ਉਜਾਗਰ ਕੀਤਾ। ਦੋਵੇਂ ਧਿਰਾਂ ਨੇ ਅਧਿਆਪਕਾਂ ਦੇ ਆਦਾਨ-ਪ੍ਰਦਾਨ, ਅਧਿਆਪਕਾਂ ਦੀ ਸਿਖਲਾਈ ਤੇ ਦੋਹਰੇ-ਦਰਜੇ ਦੇ ਪ੍ਰੋਗਰਾਮਾਂ ਦੀ ਸੁਵਿਧਾ ਲਈ ਯੂਨੀਵਰਸਿਟੀ-ਤੋਂ-ਯੂਨੀਵਰਸਿਟੀ ਸਬੰਧਾਂ ਦੇ ਸੰਸਥਾਨੀਕਰਨ ਹਿਤ ਵਿਦਿਅਕ ਸੰਸਥਾਨਾਂ ਵਿਚਾਲੇ ਚੱਲ ਰਹੇ ਸਹਿਯੋਗ ਨੂੰ ਨੋਟ ਕੀਤਾ। ਦੋਵੇਂ ਆਗੂਆਂ ਨੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਮਝੌਤੇ ਉੱਤੇ ਛੇਤੀ ਅੰਤਮ ਰੂਪ ਦੇਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਜਾਰੀ ਕੀਤੀ।

• ਦੋਵੇਂ ਆਗੂਆਂ ਨੇ ਇੰਡੋਨੇਸ਼ੀਆ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਭਾਰਤੀ ਅਧਿਐਨ ਲਈ ਚੇਅਰਜ਼ ਦੀ ਸਥਾਪਨਾ ਕਰਨ ਦਾ ਸੁਆਗਤ ਕੀਤਾ ਅਤੇ ਇੰਡੋਨੇਸ਼ਿਆਈ ਅਧਿਐਨਾਂ ਲਈ ਭਾਰਤੀ ਯੂਨੀਵਰਸਿਟੀਆਂ ਵਿੱਚ ਵੀ ਇਹੋ ਜਿਹੀਆਂ ਚੇਅਰਜ਼ ਕਾਇਮ ਕੀਤੇ ਜਾਣ ਦੀਆਂ ਸੰਭਾਵਨਾਵਾਂ ਲੱਭਣ ਉੱਤੇ ਸਹਿਮਤੀ ਪ੍ਰਗਟਾਈ। ਦੋਵੇਂ ਧਿਰਾਂ ਨੇ ਯੁਵਾ ਮਾਮਲਿਆਂ ਤੇ ਖੇਡਾਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਸਹਿਮਤੀ ਪ੍ਰਗਟਾਈ ਅਤੇ ਇਸ ਸਬੰਧੀ ਯੁਵਾ ਮਾਮਲਿਆਂ ਤੇ ਖੇਡਾਂ ਦੇ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।

ਸਾਂਝੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਹਿਯੋਗ

• ਦੋਵੇਂ ਆਗੂਆਂ ਨੇ ਹਰ ਪ੍ਰਕਾਰ ਦੀ ਦਹਿਸ਼ਤਗਰਦੀ ਅਤੇ ਇਸ ਦੇ ਨਿੱਤ ਮਜ਼ਬੂਤ ਹੋ ਕੇ ਪ੍ਰਗਟ ਹੋਣ ਦੀ ਨਿਖੇਧੀ ਕੀਤੀ ਤੇ ਦਹਿਸ਼ਗਰਦ ਕਾਰਵਾਈਆਂ ਨੂੰ ”ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਾ ਕੀਤੇ ਜਾਣ” ਉੱਤੇ ਜ਼ੋਰ ਦਿੱਤਾ। ਉਨ੍ਹਾਂ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੀ ਨਿੱਤ ਵਧਦੀ ਜਾ ਰਹੀ ਉਸ ਦੀ ਵਿਆਪਕ ਪਹੁੰਚ ਦੀ ਸਮੱਸਿਆ ਉੱਤੇ ਵੱਡੀ ਚਿੰਤਾ ਪ੍ਰਗਟਾਈ। ਉਨ੍ਹਾਂ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਮਤਾ 1267 ਅਤੇ ਦਹਿਸ਼ਤਗਰਦ ਇਕਾਈਆਂ ਨੂੰ ਉਜਾਗਰ ਕਰਨ ਨਾਲ ਸਬੰਧਤ ਹੋਰ ਮਤੇ ਲਾਗੂ ਕਰਨ ਦਾ ਸੱਦਾ ਦਿੱਤਾ।

• ਉਨ੍ਹਾਂ ਸਾਰੇ ਦੇਸ਼ਾਂ ਨੂੰ ਦਹਿਸ਼ਤਗਰਦਾਂ ਦੇ ਸੁਰੱਖਿਅਤ ਟਿਕਾਣੇ ਖ਼ਤਮ ਕਰਨ ਅਤੇ ਦਹਿਸ਼ਤਗਰਦਾਂ ਦੇ ਬੁਨਿਆਦੀ ਢਾਂਚੇ, ਨੈੱਟਵਰਕਸ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਮਾਲੀ ਇਮਦਾਦ ਦੇ ਚੈਨਲ ਤਹਿਸ-ਨਹਿਸ ਕਰਨ ਅਤੇ ਸਰਹੱਦ-ਪਾਰਲੀ ਦਹਿਸ਼ਤਗਰਦੀ ਨੂੰ ਰੋਕਣ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਾਰੇ ਦੇਸ਼ਾਂ ਲਈ ਅਪਰਾਧ ਦੇ ਮਾਮਲੇ ਵਿੱਚ ਪ੍ਰਭਾਵਸ਼ਾਲੀ ਨਿਆਂ ਨੂੰ ਹੁੰਗਾਰਾ ਦੇ ਕੇ ਆਪੋ-ਆਪਣੇ ਖੇਤਰਾਂ ਵਿੱਚ ਬੈਠ ਕੇ ਹੋਰਨਾਂ ਦੇਸ਼ਾਂ ਵਿੱਚ ਦਹਿਸ਼ਤਗਰਦ ਸਾਜ਼ਿਸ਼ਾਂ ਰਚਣ ਵਾਲਿਆਂ ਨਾਲ ਸਿੱਝਣ ਦੀ ਲੋੜ ਉੱਤੇ ਜ਼ੋਰ ਦਿੱਤਾ, ਦੋਵੇਂ ਆਗੂਆਂ ਨੇ ਦੋਵੇਂ ਧਿਰਾਂ ਵਿਚਾਲੇ ਸੂਚਨਾ ਤੇ ਖ਼ੁਫ਼ੀਆ ਜਾਣਕਾਰੀ ਦੇ ਵੱਡੇ ਆਦਾਨ-ਪ੍ਰਦਾਨ ਰਾਹੀਂ ਸਹਿਯੋਗ ਹੋਰ ਵਧਾਉਣ ਦਾ ਸੱਦਾ ਦਿੱਤਾ।

• ਦੋਵੇਂ ਆਗੂਆਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ, ਜਿਵੇਂ ਕਿ ‘ਸਮੁੰਦਰ ਦੇ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ’ (ਯੂ. ਐੱਨ.ਸੀ.ਐੱਲ.ਓ. ਐੱਸ.) ਵਿੱਚ ਵਰਣਨਯੋਗ ਢੰਗ ਨਾਲ ਪ੍ਰਤੀਬਿੰਬਤ ਕੀਤਾ ਗਿਆ ਹੈ, ਦੇ ਅਧਾਰ ਉੱਤੇ ਜਹਾਜ਼ਰਾਨੀ ਅਤੇ ਹੋਰਨਾਂ ਦੇਸ਼ਾਂ ਦੇ ਉੱਪਰੋਂ ਹਵਾਈ ਜਹਾਜ਼ ਲੰਘਾਉਣ ਦੀ ਅਜ਼ਾਦੀ ਅਤੇ ਕਾਨੂੰਨੀ ਢੰਗ ਨਾਲ ਬੇਰੋਕ ਵਪਾਰ ਦਾ ਸਤਿਕਾਰ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਇਸ ਸੰਦਰਭ ਵਿੱਚ, ਉਨ੍ਹਾਂ ਸਾਰੀਆਂ ਧਿਰਾਂ ਨੂੰ ਬਿਨਾ ਕੋਈ ਧਮਕੀ ਦਿੱਤਿਆਂ ਜਾਂ ਤਾਕਤ ਦੀ ਵਰਤੋਂ ਦੇ ਬਗ਼ੈਰ ਅਤੇ ਸਵੈ-ਸੰਜਮ ਨੂੰ ਕਾਇਮ ਰੱਖਦੇ ਹੋਏ ਸ਼ਾਂਤੀਪੂਰਨ ਤਰੀਕਿਆਂ ਰਾਹੀਂ ਵਿਵਾਦ ਹੱਲ ਕਰਨ ਅਤੇ ਤਣਾਅ ਵਧਾਉਣ ਵਾਲੀਆਂ ਇੱਕ-ਤਰਫ਼ਾ ਕਾਰਵਾਈਆਂ ਤੋਂ ਬਚਣ ਦੀ ਬੇਨਤੀ ਕੀਤੀ। ਯੂ. ਐੱਨ.ਸੀ.ਐੱਲ.ਓ. ਐੱਸ. ਉੱਤੇ ਹਸਤਾਖਰ ਕਰਨ ਵਾਲੇ ਦੇਸ਼ਾਂ ਦੇ ਆਗੂਆਂ ਵਜੋਂ, ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਾਰੀਆਂ ਧਿਰਾਂ ਨੂੰ ਯੂ. ਐੱਨ.ਸੀ.ਐੱਲ.ਓ. ਐੱਸ. ਪ੍ਰਤੀ ਅਥਾਹ ਸਤਿਕਾਰ ਪ੍ਰਗਟਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਕਿਉਂਕਿ ਇਹ ਕਨਵੈਨਸ਼ਨ ਸਮੁੰਦਰਾਂ ਅਤੇ ਮਹਾਂਸਾਗਰਾਂ ਦੀ ਅੰਤਰਰਾਸ਼ਟਰੀ ਕਾਨੂੰਨੀ ਵਿਵਸਥਾ ਕਾਇਮ ਕਰਦੀ ਹੈ। ਦੱਖਣੀ ਚੀਨ ਦੇ ਸਮੁੰਦਰ ਬਾਰੇ, ਦੋਵੇਂ ਧਿਰਾਂ ਨੇ ਸਾਰੇ ਵਿਵਾਦ ਸ਼ਾਂਤੀਪੂਰਨ ਢੰਗ ਅਤੇ ਯੂ. ਐੱਨ.ਸੀ.ਐੱਲ.ਓ. ਐੱਸ. ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਮਾਨਤਾ-ਪ੍ਰਾਪਤ ਤੇ ਵਿਆਪਕ ਸਿਧਾਂਤਾਂ ਅਨੁਸਾਰ ਹੱਲ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

• ਦੋਵੇਂ ਧਿਰਾਂ ਨੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਸਮਝੌਤਿਆਂ ਨੂੰ ਤੇਜ਼ੀ ਨਾਲ ਅੰਤਮ ਰੂਪ ਦੇਣ ਲਈ ਗੱਲਬਾਤ ਨੂੰ ਅੱਗੇ ਵਧਾਉਣ ਦੇ ਮਹੱਤਵ ਨੂੰ ਦੁਹਰਾਇਆ।

• ਦੋਵੇਂ ਆਗੂਆਂ ਨੇ ਸੰਯੁਕਤ ਰਾਸ਼ਟਰ ਨੂੰ ਵਧੇਰੇ ਲੋਕਤੰਤਰੀ, ਪਾਰਦਰਸ਼ੀ ਅਤੇ ਕਾਰਜਕੁਸ਼ਲ ਬਣਾਉਣ ਦੇ ਮੰਤਵ ਨਾਲ ਸੰਯੁਕਤ ਰਾਸ਼ਟਰ ਤੇ ਸਲਾਮਤੀ ਕੌਂਸਲ ਸਮੇਤ ਇਸ ਦੇ ਪ੍ਰਮੁੱਖ ਅੰਗਾਂ ਵਿੱਚ ਚੱਲ ਰਹੀ ਸੁਧਾਰ-ਪ੍ਰਕਿਰਿਆ ਨੰਵ ਆਪਣਾ ਸਮਰਥਨ ਦੁਹਰਾਇਆ, ਤਾਂ ਜੋ ਇਹ ਅਜੋਕੇ ਵਿਸ਼ਵ ਦੀਆਂ ਅਣਗਿਣਤ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟ ਸਕੇ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਛੇਤੀ ਪੁਨਰ-ਗਠਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ, ਤਾਂ ਜੋ ਇਸ ਦੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਅਜੋਕੇ ਵਿਸ਼ਵ ਦੀਆਂ ਹਕੀਕਤਾਂ ਅਨੁਸਾਰ ਵਧੇਰੇ ਜਮਹੂਰੀ, ਪਾਰਦਰਸ਼ੀ ਅਤੇ ਪ੍ਰਤੀ-ਉੱਤਰਦਾਈ ਹੋ ਸਕੇ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕੌਂਸਲ ਦਾ ਪੁਨਰਗਠਨ ਕੁਝ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਵਿਕਾਸਸ਼ੀਲ ਵਿਸ਼ਵ ਨੂੰ ਇਸ ਵਿੱਚ ਕੌਂਸਲ ਦੇ ਸਥਾਈ ਮੈਂਬਰਾਂ ਵਜੋਂ ਨਿਯੁਕਤੀ ਰਾਹੀਂ ਉਚਿਤ ਨੁਮਾਇੰਦਗੀ ਮਿਲ ਸਕੇ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸੁਧਾਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਉੱਤੇ ਨੇੜਿਓਂ ਜੁੜੇ ਰਹਿਣ ਬਾਰੇ ਸਹਿਮਤੀ ਪ੍ਰਗਟਾਈ।

• ਦੋਵੇਂ ਆਗੂਆਂ ਨੇ ਮਹਿਸੂਸ ਕੀਤਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਸ਼ਵ ਆਰਥਿਕ ਰਿਕਵਰੀ ਦੀ ਰਫ਼ਤਾਰ ਵਾਧੇ ਦੀਆਂ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਾਰਤ ਤੇ ਇੰਡੋਨੇਸ਼ੀਆ ਨੂੰ ਇਸ ਬਹੁ-ਪੱਖੀ ਫ਼ੋਰਮ ਉੱਤੇ ਜ਼ਰੂਰ ਹੀ ਪ੍ਰਭਾਵਸ਼ਾਲੀ ਇੱਕਜੁੱਟਤਾ ਨਾਲ ਕੰਮ ਕਰਨਾ ਹੋਵੇਗਾ।

• ਦੋਵੇਂ ਆਗੂਆਂ ਨੇ ਪਿਛਲੇ 24 ਸਾਲਾਂ ਦੌਰਾਨ ‘ਆਸੀਆਨ-ਭਾਰਤ ਵਾਰਤਾ ਸਬੰਧਾਂ’ ਵਿੱਚ ਹੋਈ ਸਥਿਰ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ ਅਤੇ ਭਾਰਤ ਵਿੱਚ ਅਤੇ ਆਸੀਆਨ ਮੈਂਬਰ ਦੇਸ਼ਾਂ ਵੱਲੋਂ ਯਾਦਗਾਰੀ ਗਤੀਵਿਧੀਆਂ ਰਾਹੀਂ ਆਸੀਆਨ-ਭਾਰਤ ਵਾਰਤਾ ਸਬੰਧਾਂ ਦੀ 25ਵੀਂ ਵਰ੍ਹੇਗੰਢ ਅਤੇ ਰਣਨੀਤਕ ਭਾਈਵਾਲੀ ਦੀ ਪੰਜਵੀਂ ਵਰ੍ਹੇਗੰਢ ਦੇ ਜਸ਼ਨ ਸਮੁੱਚੇ ਸਾਲ 2017 ਦੌਰਾਨ ਮਨਾਉਣ ਦੀਆਂ ਯੋਜਨਾਵਾਂ ਦਾ ਸੁਆਗਤ ਕੀਤਾ; ਇਨ੍ਹਾਂ ਯੋਜਨਾਵਾਂ ਵਿੱਚ ਭਾਰਤ ‘ਚ ਯਾਦਗਾਰੀ ਸਿਖ਼ਰ ਸੰਮੇਲਨ, ਮੰਤਰੀ ਪੱਧਰ ਦੀਆਂ ਮੀਟਿੰਗਾਂ, ਬਿਜ਼ਨਸ ਕਨਕਲੇਵਜ਼, ਸੱਭਿਆਚਾਰਕ ਮੇਲੇ ਅਤੇ ਆਸੀਆਨ-ਭਾਰਤ ਭਾਈਵਾਲੀ ਆਮ ਲੋਕਾਂ ਤੱਕ ਲਿਜਾਣ ਨਾਲ ਸਬੰਧਤ ਹੋਰ ਗਤੀਵਿਧੀਆਂ ਸਾਮਲ ਹਨ।

• ਦੋਵੇਂ ਧਿਰਾਂ ਨੇ ‘ਪੂਰਬੀ ਏਸ਼ੀਆ ਸਿਖ਼ਰ ਸੰਮੇਲਨ’ (ਈ.ਏ. ਐੱਸ.), ਆਸੀਆਨ ਖੇਤਰੀ ਫ਼ੋਰਮ (ਏ.ਆਰ.ਐੱਫ਼.) ਅਤੇ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ਏ.ਡੀ.ਐੱਮ.ਐੱਮ.+) ਰਾਹੀਂ ਆਸੀਆਨ-ਸਬੰਧਤ ਪ੍ਰਬੰਧਾਂ ਵਿੱਚ ਨਿਰੰਤਰ ਨੇੜਲੇ ਤਾਲਮੇਲ ਉੱਤੇ ਸਹਿਮਤੀ ਪ੍ਰਗਟਾਈ। ਦੋਵੇਂ ਆਗੂਆਂ ਨੇ ਨੋਟ ਕੀਤਾ ਕਿ ਭਾਰਤ ਅਤੇ ਇੰਡੋਨੇਸ਼ੀਆ ਦੋਵੇਂ ਵੱਡੇ ਦੇਸ਼ ਹਿੰਦ ਮਹਾਂਸਾਗਰ ਵਿੱਚ ਸਥਿਤ ਹਨ ਅਤੇ ਉਨ੍ਹਾਂ ਦਾ ‘ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ’ (ਆਈ.ਓ.ਆਰ.ਏ.) ਦੀ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਅਤੇ ਇਸ ਸੰਗਠਨ ਵੱਲੋਂ ਸ਼ਨਾਖ਼ਤ ਕੀਤੇ ਖੇਤਰਾਂ ਅਤੇ ‘ਇੰਡੀਅਨ ਓਸ਼ਨ ਨੇਵਲ ਸਿੰਪੋਜ਼ੀਅਮ’ (ਆਈ.ਓ. ਐੱਨ. ਐੱਸ.) ਵਿੱਚ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਵੱਡਾ ਯੋਗਦਾਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਈ.ਓ.ਆਰ.ਏ. ਦੇ ਚੇਅਰਮੈਨ ਵਜੋਂ ਇੰਡੋਨੇਸ਼ੀਆ ਦੀ ਯੋਗ ਅਗਵਾਈ ਪ੍ਰਦਾਨ ਕਰਨ ਅਤੇ ਅਗਲੇ ਵਰ੍ਹੇ ਆਈ.ਓ.ਆਰ.ਏ. ਦਾ ਪਹਿਲਾ ਸਿਖ਼ਰ ਸੰਮੇਲਨ ਸੱਦਣ ਲਈ ਰਾਸ਼ਟਰਪਤੀ ਵਿਡੋਡੋ ਨੂੰ ਮੁਬਾਰਕਬਾਦ ਦਿੱਤੀ।

ਦੋਵੇਂ ਆਗੂ ਹੁਣ ਤੱਕ ਕੀਤੇ ਵਿਚਾਰ-ਵਟਾਂਦਰਿਆਂ ਦੀ ਪੈਰਵੀ ਕਰਨ ਅਤੇ ਸਾਲ 2017 ਦੇ ਪਹਿਲੇ ਅੱਧ ਦੌਰਾਨ ਨਿਮਨਲਿਖਤ ਪ੍ਰਬੰਧਾਂ ਦੀਆਂ ਮੀਟਿੰਗਾਂ ਰਾਹੀਂ ਦੁਵੱਲੇ ਸਬੰਧ ਹੋਰ ਅੱਗੇ ਲਿਜਾਣ ਲਈ ਸਹਿਮਤ ਹੋਏ:

1) ਮੰਤਰੀ ਪੱਧਰ ਦਾ ਸਾਂਝਾ ਕਮਿਸ਼ਨ

2) ਰੱਖਿਆ ਮੰਤਰੀਆਂ ਵਿਚਾਲੇ ਵਿਚਾਰ-ਵਟਾਂਦਰਾ ਅਤੇ ਸਾਂਝੀ ਰੱਖਿਆ ਸਹਿਯੋਗ ਕਮੇਟੀ (ਜੇ.ਡੀ.ਸੀ.ਸੀ.)

3) ਬਾਇਐਨੀਅਲ ਟਰੇਡ ਮਿਨਿਸਟਰਜ਼’ ਫ਼ੋਰਮ (ਬੀ.ਟੀ.ਐੱਮ.ਐੱਫ਼.)

4) ਊਰਜਾ ਸਹਿਯੋਗ ਲਈ ਇੱਕ ਖ਼ਾਕਾ ਵਿਕਸਤ ਕਰਨ ਲਈ ਊਰਜਾ ਫ਼ੋਰਮ ਦੀ ਮੀਟਿੰਗ ਸੱਦਣਾ

5) ਸੁਰੱਖਿਆ ਸਹਿਯੋਗ ਬਾਰੇ ਇੱਕ ਵਿਆਪਕ ਕਾਰਜ-ਯੋਜਨਾ ਵਿਕਸਤ ਕਰਨ ਲਈ ਇੱਕ ਸੁਰੱਖਿਆ ਵਾਰਤਾ ਦੀ ਕਾਇਮੀ।

ਰਾਸ਼ਟਰਪਤੀ ਵਿਡੋਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਛੇਤੀ ਤੋਂ ਛੇਤੀ ਇੰਡੋਨੇਸ਼ੀਆ ਆਉਣ ਦਾ ਸੱਦਾ ਦਿੱਤਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਸੱਦਾ ਤੁਰੰਤ ਪ੍ਰਵਾਨ ਕਰ ਲਿਆ।

***

AKT/SH