ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੇ ਰੋਮ ਵਿੱਚ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਦੇ ਹੈੱਡਕੁਆਰਟਰ ਵਿਖੇ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਉਦਘਾਟਨੀ ਸਮਾਰੋਹ ਵਿੱਚ ਆਪਣਾ ਸੰਦੇਸ਼ ਦਿੱਤਾ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਰੋਮ ਵਿੱਚ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਪ੍ਰਧਾਨ ਮੰਤਰੀ ਦਾ ਸੰਦੇਸ਼ ਸੂਝਵਾਨ ਦਰਸ਼ਕਾਂ ਪੜ੍ਹ ਕੇ ਸੁਣਾਇਆ। ਇਹ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ ਅਤੇ ਪਹਿਲ ਹੈ ਜਿਸ ਕਾਰਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਵਿਸ਼ਵ ਭਰ ਦੇ 70 ਤੋਂ ਵੱਧ ਦੇਸ਼ਾਂ ਦੇ ਸਮਰਥਨ ਨਾਲ ਸਾਲ 2023 ਨੂੰ ‘ਇੰਟਰਨੈਸ਼ਨਲ ਈਅਰ ਆਵ੍ ਮਿਲਟਸ‘ ਐਲਾਨਿਆ ਸੀ। ਇਹ ਟਿਕਾਊ ਖੇਤੀਬਾੜੀ ਵਿੱਚ ਮਿਲਟਸ ਦੀ ਮਹੱਤਵਪੂਰਨ ਭੂਮਿਕਾ ਅਤੇ ਸਮਾਰਟ ਅਤੇ ਸੁਪਰਫੂਡ ਦੇ ਰੂਪ ਵਿੱਚ ਇਸਦੇ ਲਾਭਾਂ ਬਾਰੇ ਪੂਰੀ ਦੁਨੀਆ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਅਤੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ 2023 ਦੀ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ ਅਤੇ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਮਨਾਉਣ ਵਿੱਚ ਉਨ੍ਹਾਂ ਦੇ ਸਮਰਥਨ ਲਈ ਮੈਂਬਰ ਦੇਸ਼ਾਂ ਦੀ ਸ਼ਲਾਘਾ ਕੀਤੀ।
ਇਹ ਦੱਸਦੇ ਹੋਏ ਕਿ ਬਾਜਰਾ ਮਨੁੱਖਾਂ ਦੁਆਰਾ ਉਗਾਈਆਂ ਜਾਣ ਵਾਲੀਆਂ ਸਭ ਤੋਂ ਪੁਰਾਣੀਆਂ ਫਸਲਾਂ ਵਿੱਚੋਂ ਇੱਕ ਹੈ ਅਤੇ ਪੌਸ਼ਟਿਕ ਤੱਤਾਂ ਦਾ ਇੱਕ ਮਹੱਤਵਪੂਰਨ ਸਰੋਤ ਰਿਹਾ ਹੈ, ਪ੍ਰਧਾਨ ਮੰਤਰੀ ਨੇ ਇਸ ਨੂੰ ਭਵਿੱਖ ਲਈ ਭੋਜਨ ਵਿਕਲਪ ਬਣਾਉਣ ‘ਤੇ ਜ਼ੋਰ ਦਿੱਤਾ। ਭੋਜਨ ਸੁਰੱਖਿਆ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਤੇ ਵਿਸ਼ਵ ਭਰ ਵਿੱਚ ਪੈਦਾ ਹੋਏ ਸੰਘਰਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਜਲਵਾਯੂ ਪਰਿਵਰਤਨ ਭੋਜਨ ਦੀ ਉਪਲਬਧਤਾ ਨੂੰ ਪ੍ਰਭਾਵਿਤ ਕਰ ਰਹੀ ਹੈ।
ਇਹ ਦਰਸਾਉਂਦਿਆਂ ਕਿ ਮਿਲਟਸ ਨਾਲ ਸਬੰਧਿਤ ਇੱਕ ਵਿਸ਼ਵਵਿਆਪੀ ਅੰਦੋਲਨ ਖੁਰਾਕ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਾਜਰਾ ਉਗਾਉਣਾ ਅਸਾਨ, ਜਲਵਾਯੂ ਅਨੁਕੂਲ ਹੈ ਅਤੇ ਸੋਕੇ ਦਾ ਇਸ ’ਤੇ ਕੋਈ ਅਸਰ ਨਹੀਂ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਜਰਾ ਸੰਤੁਲਿਤ ਪੋਸ਼ਣ ਦਾ ਇੱਕ ਸਮ੍ਰਿੱਧ ਸਰੋਤ ਹੈ, ਖੇਤੀ ਦੇ ਕੁਦਰਤੀ ਤਰੀਕਿਆਂ ਨਾਲ ਮੇਲ ਖਾਂਦਾ ਹੈ ਅਤੇ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਬਾਜਰਾ ਖਪਤਕਾਰ, ਕਾਸ਼ਤਕਾਰ ਅਤੇ ਜਲਵਾਯੂ ਲਈ ਚੰਗਾ ਹੈ।”
ਜ਼ਮੀਨ ‘ਤੇ ਅਤੇ ਖਾਣੇ ਦੇ ਮੇਜ਼ ‘ਤੇ ਵਿਵਿਧਤਾ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਡੀ ਸਿਹਤ ‘ਤੇ ਅਸਰ ਪੈਂਦਾ ਹੈ ਜੇ ਖੇਤੀ ਮੋਨੋ ਕਲਚਰ ਬਣ ਜਾਂਦੀ ਹੈ ਅਤੇ ਕਿਹਾ ਕਿ ਮਿਲਟਸ ਖੇਤੀਬਾੜੀ ਅਤੇ ਖੁਰਾਕੀ ਵਿਵਿਧਤਾ ਨੂੰ ਵਧਾਉਣ ਦਾ ਵਧੀਆ ਤਰੀਕਾ ਹੈ। ਆਪਣੇ ਸੰਦੇਸ਼ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ‘ਮਿਲਟ ਮਾਈਂਡਫੁੱਲਨੈੱਸ‘ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ‘ਤੇ ਜ਼ੋਰ ਦਿੱਤਾ ਅਤੇ ਉਸ ਸ਼ਾਨਦਾਰ ਭੂਮਿਕਾ ਨੂੰ ਉਜਾਗਰ ਕੀਤਾ ਜੋ ਸੰਸਥਾਵਾਂ ਅਤੇ ਵਿਅਕਤੀ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸੰਸਥਾਗਤ ਵਿਧੀ ਮਿਲਟਸ ਦੇ ਉਤਪਾਦਨ ਨੂੰ ਉਤਸ਼ਾਹਿਤ ਕਰ ਸਕਦੀ ਹੈ ਅਤੇ ਨੀਤੀਗਤ ਪਹਿਲਾਂ ਰਾਹੀਂ ਇਸ ਨੂੰ ਲਾਭਦਾਇਕ ਬਣਾ ਸਕਦੀ ਹੈ, ਉੱਥੇ ਵਿਅਕਤੀ ਮਿਲਟਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਕੇ ਸਿਹਤ ਪ੍ਰਤੀ ਸੁਚੇਤ ਅਤੇ ਗ੍ਰਹਿ-ਅਨੁਕੂਲ ਵਿਕਲਪ ਬਣਾ ਸਕਦੇ ਹਨ।
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਦਾ ਸੰਦੇਸ਼ ਹੇਠਾਂ ਦੇਖਿਆ ਜਾ ਸਕਦਾ ਹੈ:
“ਮੈਂ ਸੰਯੁਕਤ ਰਾਸ਼ਟਰ ਅਤੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ 2023 ਦੀ ਸ਼ੁਰੂਆਤ ਲਈ ਵਧਾਈ ਦੇਣਾ ਚਾਹਾਂਗਾ।
ਮੈਂ ਵੱਖ-ਵੱਖ ਮੈਂਬਰ ਦੇਸ਼ਾਂ ਲਈ ਵੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਨੂੰ ਮਨਾਉਣ ਲਈ ਸਾਡੇ ਪ੍ਰਸਤਾਵ ਦਾ ਸਮਰਥਨ ਕੀਤਾ।
ਮਿਲਟਸ ਦਾ ਮਨੁੱਖਾਂ ਦੁਆਰਾ ਉਗਾਈਆਂ ਜਾਣ ਵਾਲੀਆਂ ਸਭ ਤੋਂ ਪੁਰਾਣੀਆਂ ਫਸਲਾਂ ਵਿੱਚੋਂ ਹੋਣ ਦਾ ਇੱਕ ਸ਼ਾਨਦਾਰ ਇਤਿਹਾਸ ਹੈ। ਉਹ ਪਹਿਲਾਂ ਇੱਕ ਮਹੱਤਵਪੂਰਨ ਭੋਜਨ ਸਰੋਤ ਰਿਹਾ ਹੈ। ਪਰ ਸਮੇਂ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਭਵਿੱਖ ਲਈ ਭੋਜਨ ਦਾ ਵਿਕਲਪ ਬਣਾਇਆ ਜਾਵੇ!
ਸਦੀ ਵਿੱਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਤੋਂ ਬਾਅਦ ਦੀ ਸੰਘਰਸ਼ ਸਥਿਤੀ ਨੇ ਦਿਖਾਇਆ ਹੈ ਕਿ ਭੋਜਨ ਸੁਰੱਖਿਆ ਹਾਲੇ ਵੀ ਗ੍ਰਹਿ ਲਈ ਇੱਕ ਚਿੰਤਾ ਹੈ। ਜਲਵਾਯੂ ਪਰਿਵਰਤਨ ਭੋਜਨ ਦੀ ਉਪਲਬਧਤਾ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
ਅਜਿਹੇ ਸਮੇਂ ਵਿੱਚ, ਮਿਲਟਸ ਨਾਲ ਸਬੰਧਿਤ ਵਿਸ਼ਵਵਿਆਪੀ ਅੰਦੋਲਨ ਇੱਕ ਮਹੱਤਵਪੂਰਨ ਕਦਮ ਹੈ, ਕਿਉਂਕਿ ਇਹ ਵਧਣ ਵਿੱਚ ਅਸਾਨ, ਜਲਵਾਯੂ ਅਨੁਕੂਲ ਅਤੇ ਸੋਕਾ ਪ੍ਰਤੀਰੋਧੀ ਹੈ।
ਮਿਲਟਸ ਖਪਤਕਾਰ, ਕਾਸ਼ਤਕਾਰ ਅਤੇ ਜਲਵਾਯੂ ਲਈ ਵਧੀਆ ਹਨ। ਉਹ ਖਪਤਕਾਰਾਂ ਲਈ ਸੰਤੁਲਿਤ ਪੋਸ਼ਣ ਦਾ ਇੱਕ ਸਮ੍ਰਿੱਧ ਸਰੋਤ ਹਨ। ਉਹ ਕਾਸ਼ਤਕਾਰਾਂ ਅਤੇ ਸਾਡੇ ਵਾਤਾਵਰਣ ਨੂੰ ਲਾਭ ਪਹੁੰਚਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਖੇਤੀ ਦੇ ਕੁਦਰਤੀ ਤਰੀਕਿਆਂ ਨਾਲ ਅਨੁਕੂਲ ਹੁੰਦੇ ਹਨ।
ਜ਼ਮੀਨ ‘ਤੇ ਅਤੇ ਸਾਡੇ ਮੇਜ਼ ‘ਤੇ ਵਿਵਿਧਤਾ ਦੀ ਜ਼ਰੂਰਤ ਹੈ। ਜੇ ਖੇਤੀਬਾੜੀ ਮੋਨੋ ਕਲਚਰ ਬਣ ਜਾਂਦੀ ਹੈ, ਤਾਂ ਇਹ ਸਾਡੀ ਸਿਹਤ ਅਤੇ ਸਾਡੀਆਂ ਜ਼ਮੀਨਾਂ ਦੀ ਸਿਹਤ ‘ਤੇ ਪ੍ਰਭਾਵ ਪਾਉਂਦੀ ਹੈ। ਬਾਜਰਾ ਖੇਤੀਬਾੜੀ ਅਤੇ ਖੁਰਾਕੀ ਵਿਵਿਧਤਾ ਨੂੰ ਵਧਾਉਣ ਦਾ ਵਧੀਆ ਤਰੀਕਾ ਹੈ।
‘ਮਿਲਟ ਮਾਈਂਡਫੁੱਲਨੈੱਸ‘ ਬਣਾਉਣ ਲਈ ਜਾਗਰੂਕਤਾ ਪੈਦਾ ਕਰਨਾ ਇਸ ਅੰਦੋਲਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਦੋਵੇਂ ਸੰਸਥਾਵਾਂ ਅਤੇ ਵਿਅਕਤੀ ਬਹੁਤ ਜ਼ਿਆਦਾ ਪ੍ਰਭਾਵ ਪਾ ਸਕਦੇ ਹਨ।
ਜਦਕਿ ਸੰਸਥਾਗਤ ਵਿਧੀ ਮਿਲਟਸ ਦੇ ਉਤਪਾਦਨ ਨੂੰ ਉਤਸ਼ਾਹਿਤ ਕਰ ਸਕਦੀ ਹੈ ਅਤੇ ਨੀਤੀਗਤ ਪਹਿਲਾਂ ਰਾਹੀਂ ਇਸ ਨੂੰ ਲਾਭਦਾਇਕ ਬਣਾ ਸਕਦੀ ਹੈ, ਵਿਅਕਤੀ ਮਿਲਟਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਕੇ ਸਿਹਤ ਪ੍ਰਤੀ ਸੁਚੇਤ ਅਤੇ ਗ੍ਰਹਿ-ਅਨੁਕੂਲ ਵਿਕਲਪ ਬਣਾ ਸਕਦੇ ਹਨ।
ਮੈਂ ਸਕਾਰਾਤਮਕ ਹਾਂ ਕਿ ਇੰਟਰਨੈਸ਼ਨਲ ਈਅਰ ਆਵ੍ ਮਿਲਟਸ 2023 ਇੱਕ ਸੁਰੱਖਿਅਤ, ਟਿਕਾਊ ਅਤੇ ਸਿਹਤਮੰਦ ਭਵਿੱਖ ਲਈ ਇੱਕ ਜਨ ਅੰਦੋਲਨ ਸ਼ੁਰੂ ਕਰੇਗਾ।
ਪਿਛੋਕੜ
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸਾਲ 2023 ਨੂੰ ‘ਇੰਟਰਨੈਸ਼ਨਲ ਈਅਰ ਆਵ੍ ਮਿਲਟਸ‘ ਐਲਾਨਿਆ ਹੈ। ਇਹ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਪਹਿਲ ਹੈ ਜਿਸ ਕਾਰਨ ਸੰਯੁਕਤ ਰਾਸ਼ਟਰ ਦੇ ਇਸ ਮਤੇ ਨੂੰ ਦੁਨੀਆ ਭਰ ਦੇ 70 ਤੋਂ ਵੱਧ ਦੇਸ਼ਾਂ ਦੇ ਸਮਰਥਨ ਨਾਲ ਅਪਣਾਇਆ ਗਿਆ। ਇਹ ਟਿਕਾਊ ਖੇਤੀਬਾੜੀ ਵਿੱਚ ਮਿਲਟਸ ਦੀ ਮਹੱਤਵਪੂਰਨ ਭੂਮਿਕਾ ਅਤੇ ਸਮਾਰਟ ਅਤੇ ਸੁਪਰਫੂਡ ਦੇ ਰੂਪ ਵਿੱਚ ਇਸ ਦੇ ਲਾਭਾਂ ਬਾਰੇ ਪੂਰੀ ਦੁਨੀਆ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗਾ। ਭਾਰਤ 170 ਲੱਖ ਟਨ ਤੋਂ ਵੱਧ ਉਤਪਾਦਨ ਨਾਲ ਮਿਲਟਸ ਦਾ ਗਲੋਬਲ ਹੱਬ ਬਣਨ ਲਈ ਤਿਆਰ ਹੈ ਜੋ ਏਸ਼ੀਆ ਵਿੱਚ ਪੈਦਾ ਹੋਣ ਵਾਲੇ ਮਿਲਟਸ ਦਾ 80% ਤੋਂ ਵੱਧ ਬਣਦਾ ਹੈ। ਇਨ੍ਹਾਂ ਅਨਾਜਾਂ ਦੇ ਸਭ ਤੋਂ ਪੁਰਾਣੇ ਸਬੂਤ ਸਿੰਧੂ ਸੱਭਿਅਤਾ ਵਿੱਚ ਪਾਏ ਗਏ ਹਨ ਅਤੇ ਭੋਜਨ ਲਈ ਪਾਲਤੂ ਹੋਣ ਵਾਲੇ ਪਹਿਲੇ ਪੌਦਿਆਂ ਵਿੱਚੋਂ ਇੱਕ ਸੀ। ਇਹ ਲਗਭਗ 131 ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ ਅਤੇ ਏਸ਼ੀਆ ਅਤੇ ਅਫਰੀਕਾ ਵਿੱਚ ਲਗਭਗ 60 ਕਰੋੜ ਲੋਕਾਂ ਦਾ ਰਵਾਇਤੀ ਭੋਜਨ ਹੈ।
ਭਾਰਤ ਸਰਕਾਰ ਨੇ ਇਸ ਨੂੰ ਲੋਕ ਲਹਿਰ ਬਣਾਉਣ ਲਈ ‘ਇੰਟਰਨੈਸ਼ਨਲ ਈਅਰ ਆਵ੍ ਮਿਲਟਸ‘, 2023 ਮਨਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਭਾਰਤੀ ਮਿਲਟਸ, ਪਕਵਾਨਾਂ ਅਤੇ ਮੁੱਲ-ਵਰਧਿਤ ਉਤਪਾਦਾਂ ਨੂੰ ਵਿਸ਼ਵ ਪੱਧਰ ‘ਤੇ ਸਵੀਕਾਰ ਕੀਤਾ ਜਾ ਸਕੇ। ‘ਮਿਲਟਸ ਦਾ ਅੰਤਰਰਾਸ਼ਟਰੀ ਸਾਲ‘ ਗਲੋਬਲ ਉਤਪਾਦਨ ਨੂੰ ਵਧਾਉਣ, ਕੁਸ਼ਲ ਪ੍ਰੋਸੈੱਸਿੰਗ ਅਤੇ ਖਪਤ ਨੂੰ ਯਕੀਨੀ ਬਣਾਉਣ, ਫਸਲੀ ਰੋਟੇਸ਼ਨ ਦੀ ਬਿਹਤਰ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਖਾਣੇ ਦੀ ਟੋਕਰੀ ਦੇ ਇੱਕ ਮੁੱਖ ਹਿੱਸੇ ਵਜੋਂ ਮਿਲਟਸ ਨੂੰ ਉਤਸ਼ਾਹਿਤ ਕਰਨ ਲਈ ਭੋਜਨ ਪ੍ਰਣਾਲੀਆਂ ਵਿੱਚ ਬਿਹਤਰ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ।
ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ (ਐੱਫਏਓ) ਨੇ ਇੱਕ ਸੰਖੇਪ ਸੰਦੇਸ਼ ਵਿੱਚ ਕਿਹਾ ਕਿ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਦੁਆਰਾ ਮੇਜ਼ਬਾਨੀ ਦੇ ‘ਇੰਟਰਨੈਸ਼ਨਲ ਈਅਰ ਆਵ੍ ਮਿਲਟਸ‘ (IYM) 2023 ਦੇ ਉਦਘਾਟਨੀ ਸਮਾਰੋਹ ਦਾ ਉਦੇਸ਼ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਮੈਂਬਰਾਂ ਅਤੇ ਹੋਰ ਸਬੰਧਿਤ ਹਿੱਸੇਦਾਰਾਂ ਨੂੰ ਸ਼ਾਮਲ ਕਰਕੇ ‘ਇੰਟਰਨੈਸ਼ਨਲ ਈਅਰ ਆਵ੍ ਮਿਲਟਸ‘ 2023 ਲਈ ਜਾਗਰੂਕਤਾ ਵਧਾਉਣਾ ਅਤੇ ਗਤੀ ਪੈਦਾ ਕਰਨਾ ਹੈ ਅਤੇ ਮਿਲਟਸ ਦੀ ਟਿਕਾਊ ਕਾਸ਼ਤ ਤੇ ਖਪਤ ਨੂੰ ਉਤਸ਼ਾਹਿਤ ਕਰਨ ਦੇ ਲਾਭਾਂ ਨੂੰ ਉਜਾਗਰ ਕਰਨਾ ਹੈ।
*********
ਐੱਸਐੱਨਸੀ/ਟੀਐੱਸ