Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇਜ਼ਰਾਈਲ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਜਾਰੀ ਪ੍ਰੈੱਸ ਬਿਆਨ (5 ਜੁਲਾਈ, 2017)

ਇਜ਼ਰਾਈਲ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਜਾਰੀ ਪ੍ਰੈੱਸ  ਬਿਆਨ (5 ਜੁਲਾਈ, 2017)

ਇਜ਼ਰਾਈਲ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਜਾਰੀ ਪ੍ਰੈੱਸ  ਬਿਆਨ (5 ਜੁਲਾਈ, 2017)

ਇਜ਼ਰਾਈਲ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਜਾਰੀ ਪ੍ਰੈੱਸ  ਬਿਆਨ (5 ਜੁਲਾਈ, 2017)


ਮਾਨਯੋਗ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ

ਮੀਡੀਆ ਦੇ ਮੈਂਬਰੋ,

ਮਾਨਯੋਗ ਜੀ, ਸਵਾਗਤ ਦੇ ਨਿੱਘੇ ਸ਼ਬਦ ਕਹਿਣ ਲਈ ਤੁਹਾਡਾ ਧੰਨਵਾਦ ਅਤੇ ਤੁਹਾਡੇ ਵੱਲੋਂ ਦਿੱਤੇ ਗਏ ਸਮੇਂ ਅਤੇ ਮਿੱਤਰਤਾ, ਜਿਨ੍ਹਾਂ ਲਈ ਤੁਸੀਂ ਵਿਸ਼ੇਸ਼ ਖੁਲ੍ਹਦਿਲੀ ਵਿਖਾਈ ਹੈ, ਲਈ ਵੀ ਧੰਨਵਾਦ। ਮੈਂ ਉਸ ਸ਼ਾਨਦਾਰ ਰਾਤ ਦੀ ਦਾਅਵਤ ਦਾ ਪੂਰਾ ਆਨੰਦ ਮਾਣਿਆ ਜੋ ਕਿ ਤੁਸੀਂ ਅਤੇ ਸ਼੍ਰੀਮਤੀ ਨੇਤਨਯਾਹੂ ਨੇ ਬੀਤੀ ਰਾਤ ਮੇਰੇ ਸਨਮਾਨ ਵਿੱਚ ਆਯੋਜਿਤ ਕੀਤੀ। ਬੀਤੀ ਰਾਤ ਸਾਡੀ ਗੱਲਬਾਤ, ਸ਼ੀਮਤੀ ਨੇਤਨਯਾਹੂ ਨਾਲ ਮੁਲਾਕਾਤ, ਤੁਹਾਡੇ ਪਰਿਵਾਰ ਬਾਰੇ ਜਾਨਣ, ਖਾਸ ਤੌਰ `ਤੇ ਤੁਸੀਂ ਜੋ ਆਪਣੇ ਪਿਤਾ ਜੀ ਬਾਰੇ ਦੱਸਿਆ, ਨੇ ਤੁਹਾਡੇ ਸੁੰਦਰ ਦੇਸ਼ ਬਾਰੇ ਮੇਰੇ ਤਜਰਬੇ ਨੂੰ ਸਮੁੱਚੇ ਤੌਰ `ਤੇ ਇੱਕ ਨਵੇਂ ਪੱਧਰ ਉੱਤੇ ਪਹੁੰਚਾ ਦਿੱਤਾ ਹੈ। ਭਾਰਤ ਮੁਸੀਬਤਾਂ ਨਾਲ ਨਜਿੱਠਣ, ਖੋਜਾਂ ਕਰਨ ਅਤੇ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਵਧਣ – ਫੁੱਲਣ ਦੀ ਤੁਹਾਡੇ ਲੋਕਾਂ ਦੀ ਸਫਲਤਾ ਦੀ ਪ੍ਰਸ਼ੰਸਾ ਕਰਦਾ ਹੈ। ਮੈਨੂੰ ਇਸ ਗੱਲ ਉੱਤੇ ਮਾਣ ਹੈ ਕਿ ਮੈਂ ਇਜ਼ਰਾਈਲ ਵਿੱਚ ਇਸ ਬੇਮਿਸਾਲ ਦੌਰੇ ‘ਤੇ ਆਇਆ ਹਾਂ। ਸਾਡੀ ਆਧੁਨਿਕ ਯਾਤਰਾ ਵਿੱਚ ਸਾਡੇ ਰਾਹ ਵੱਖ- ਵੱਖ ਹਨ ਪਰ ਲੋਕਰਾਜੀ ਕਦਰਾਂ – ਕੀਮਤਾਂ ਅਤੇ ਆਰਥਿਕ ਤਰੱਕੀ ਵਿੱਚ ਆਪਣਾ ਵਿਸ਼ਵਾਸ ਇੱਕ ਸਾਂਝਾ ਵਿਸ਼ਵਾਸ ਹੈ।

ਦੋਸਤੋ,

ਇਹ ਦੌਰਾ ਇੱਕ ਮੌਕਾ ਹੈ :

* ਆਪਣੇ ਮਿੱਤਰਤਾ ਭਰੇ ਸਬੰਧਾਂ ਉੱਤੇ ਖੁਸ਼ੀ ਮਨਾਉਣ ਦਾ;

* ਆਪਸੇ ਸਬੰਧਾਂ ਵਿੱਚ ਇੱਕ ਨਵਾਂ ਇਤਿਹਾਸ ਲਿਖਣ ਦਾ;

* ਸਬੰਧਾਂ ਦੇ ਨਵੇਂ ਦਿੱਸਹੱਦਿਆਂ ਵੱਲ ਮਿਲ ਕੇ ਵਧਣ ਦਾ।

ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਮੈਂ ਵੱਖ – ਵੱਖ ਮੁੱਦਿਆਂ ਉੱਤੇ ਲਾਹੇਵੰਦ ਗੱਲਬਾਤ ਕੀਤੀ ਹੈ, ਸਿਰਫ ਦੁਵੱਲੇ ਮੁੱਦਿਆਂ ਉੱਤੇ ਹੀ ਚਰਚਾ ਨਹੀਂ ਹੋਈ ਸਗੋਂ ਇਸ ਬਾਰੇ ਵੀ ਚਰਚਾ ਹੋਈ ਕਿ ਸਾਡਾ ਸਹਿਯੋਗ ਕਿਵੇਂ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਵਿੱਚ ਸਹਾਈ ਹੋ ਸਕਦਾ ਹੈ। ਸਾਡਾ ਟੀਚਾ ਇੱਕ ਅਜਿਹੇ ਸਬੰਧ ਕਾਇਮ ਕਰਨ ਦਾ ਹੈ ਜਿਸ ਤੋਂ ਕਿ ਸਾਡੀਆਂ ਸਾਂਝੀਆਂ ਪਹਿਲਾਂ ਸਾਹਮਣੇ ਆਉਣ ਅਤੇ ਸਾਡੇ ਲੋਕਾਂ ਵਿੱਚ ਮਜ਼ਬੂਤ ਸਬੰਧ ਕਾਇਮ ਹੋ ਸਕਣ।

ਦੋਸਤੋ,

ਇਜ਼ਰਾਈਲ ਨਵੀਆਂ ਖੋਜਾਂ, ਪਾਣੀ ਅਤੇ ਖੇਤੀ ਟੈਕਨੋਲੋਜੀ ਦੇ ਖੇਤਰ ਵਿੱਚ ਪ੍ਰਮੁੱਖ ਦੇਸ਼ਾਂ ਵਿੱਚ ਸ਼ਾਮਲ ਹੈ। ਇਸੇ ਤਰ੍ਹਾਂ ਭਾਰਤ ਦੇ ਵਿਕਾਸ ਵਿੱਚ ਮੇਰੀ ਪਹਿਲ ਦੇ ਖੇਤਰ ਹਨ। ਅਸੀਂ ਇਸ ਗੱਲ ਲਈ ਸਹਿਮਤ ਹੋਏ ਕਿ ਪਾਣੀ ਅਤੇ ਸੰਸਾਧਨ ਦੀ ਵਰਤੋਂ ਨਿਪੁੰਨਤਾ ਭਰੀ ਹੋਵੇ, ਪਾਣੀ ਦੀ ਸੰਭਾਲ ਅਤੇ ਇਸ ਨੂੰ ਸਾਫ ਕਰਨ ਵੱਲ ਧਿਆਨ ਦਿੱਤਾ ਜਾਵੇ, ਖੇਤੀ ਖੇਤਰ ਵਿੱਚ ਉਤਪਾਦਕਤਾ ਵਧਾਈ ਜਾਵੇ। ਇਹ ਚੀਜ਼ਾਂ ਸਾਡੇ ਦੁਵੱਲੇ ਸਹਿਯੋਗ ਨੂੰ ਮਜਬੂਤ ਕਰਨ ਲਈ ਜ਼ਰੂਰੀ ਹਨ। ਸਾਡਾ ਦੋਹਾਂ ਦਾ ਸਾਂਝਾ ਵਿਚਾਰ ਹੈ ਕਿ ਮਿਲ ਕੇ ਸਾਡੇ ਵਿਗਿਆਨੀ ਅਤੇ ਖੋਜਕਾਰ ਖੇਤਰ ਵਿੱਚ ਆਪਸੀ ਲਾਭ ਦੇ ਹਿਤਾਂ ਦਾ ਵਿਕਾਸ ਕਰ ਸਕਣਗੇ। ਸਾਡਾ ਫੈਸਲਾ ਹੈ ਕਿ ਇੱਕ ਦੁਵੱਲਾ ਟੈਕਨੋਲੋਜੀ ਇਨੋਵੇਸ਼ਨ ਫੰਡ ਉਦਯੋਗਿਕ ਵਿਕਾਸ ਦੇ ਖੇਤਰ ਵਿੱਚ 40 ਮਿਲੀਅਨ ਅਮਰੀਕੀ ਡਾਲਰ ਨਾਲ ਕਾਇਮ ਕੀਤਾ ਜਾਵੇ। ਅਜਿਹਾ ਕਰਨ ਨਾਲ ਅਸੀਂ ਆਪਣਾ ਇਹ ਟੀਚਾ ਹਾਸਲ ਕਰ ਸਕਦੇ ਹਾਂ। ਅਸੀਂ ਦੋਤਰਫੇ ਵਪਾਰ ਅਤੇ ਨਿਵੇਸ਼ ਨੂੰ ਮਜਬੂਤ ਭਾਈਵਾਲੀ ਦਾ ਅਧਾਰ ਮੰਨਦੇ ਹਾਂ। ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਮੈਂ ਇਸ ਦਿਸ਼ਾ ਵਿੱਚ ਹੋਰ ਕੰਮ ਕਰਨ ਦੀ ਲੋੜ ਲਈ ਸਹਿਮਤ ਹੋਏ। ਦੋਹਾਂ ਪਾਸਿਆਂ ਵੱਲੋਂ ਵਪਾਰ ਇੱਕ ਮੁੱਢਲਾ ਯਤਨ ਬਣ ਸਕਦਾ ਹੈ। ਕੱਲ੍ਹ ਹੋਣ ਵਾਲੀ ਮੁੱਖ ਕਾਰਜਕਾਰੀ ਅਧਿਕਾਰੀ ਫੋਰਮ ਦੀ ਮੀਟਿੰਗ ਲਈ ਸਾਡਾ ਇਹੋ ਸੰਦੇਸ਼ ਹੋਵੇਗਾ।

ਦੋਸਤੋ,

ਭਾਰਤ ਅਤੇ ਇਜ਼ਰਾਈਲ ਗੁੰਝਲਦਾਰ ਭੂਗੋਲਿਕ ਸਥਿਤੀ ਵਿੱਚ ਰਹਿ ਰਹੇ ਹਨ। ਅਸੀਂ ਆਪਣੀ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਪੇਸ਼ ਮੌਜੂਦ ਖਤਰਿਆਂ ਤੋਂ ਜਾਣੂ ਹਾਂ। ਭਾਰਤ ਨੇ ਪਹਿਲੀ ਪੱਧਰ ‘ਤੇ ਦਹਿਸ਼ਤਪਸੰਦਾਂ ਵੱਲੋਂ ਫੈਲਾਈ ਹਿੰਸਾ ਅਤੇ ਨਫ਼ਰਤ ਨੂੰ ਬਰਦਾਸ਼ਤ ਕੀਤਾ ਹੈ। ਇਸੇ ਤਰ੍ਹਾਂ ਇਜ਼ਰਾਈਲ ਨੇ ਵੀ ਬਰਦਾਸ਼ਤ ਕੀਤਾ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਮੈਂ ਆਪਣੇ ਰਣਨੀਤਕ ਹਿਤਾਂ ਦੀ ਸੁਰੱਖਿਆ ਲਈ ਵਧੇਰੇ ਕੰਮ ਕਰਨ ਅਤੇ ਸਾਈਬਰ ਸਪੇਸ ਵਿੱਚ ਹੋਣ ਵਾਲੇ ਅਜਿਹੇ ਜੁਰਮਾਂ ਸਮੇਤ ਵਧ ਰਹੇ ਕੱਟੜਵਾਦ ਤੇ ਦਹਿਸ਼ਤਵਾਦ ਨਾਲ ਨਜਿੱਠਣ ਲਈ ਸਹਿਯੋਗ ਕਰਨ ਲਈ ਵੀ ਸਹਿਮਤ ਹੋਏ ਹਾਂ। ਅਸੀਂ ਪੱਛਮੀ ਏਸ਼ੀਆ ਅਤੇ ਵਿਸ਼ਾਲ ਖੇਤਰ ਦੀ ਸਥਿਤੀ ਬਾਰੇ ਚਰਚਾ ਕੀਤੀ। ਭਾਰਤ ਨੂੰ ਆਸ ਹੈ ਕਿ ਖੇਤਰ ਵਿੱਚ ਸ਼ਾਂਤੀ, ਗੱਲਬਾਤ ਅਤੇ ਸੰਜਮ ਜਾਰੀ ਰਹੇਗਾ।

ਦੋਸਤੋ,

ਸਾਡੇ ਲੋਕ ਕੁਦਰਤੀ ਨੇੜਤਾ ਅਤੇ ਇੱਕ ਦੂਜੇ ਪ੍ਰਤੀ ਨਿੱਘ ਮਾਣਦੇ ਹਨ। ਭਾਰਤੀ ਮੂਲ ਦਾ ਯਹੂਦੀ ਭਾਈਚਾਰਾ ਸਾਨੂੰ ਇਹਨਾਂ ਸਬੰਧਾਂ ਦੀ ਯਾਦ ਦਿਵਾਉਂਦਾ ਹੈ। ਇਹ ਸਾਡੇ ਸਾਂਝੇ ਭਵਿੱਖ ਲਈ ਇੱਕ ਪੁਲ ਦਾ ਕੰਮ ਕਰਦਾ ਹੈ। ਬੀਤੇ ਸਾਲਾਂ ਵਿੱਚ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਇਸਰਾਈਲੀ ਸੈਲਾਨੀ ਆਏ ਹਨ, ਇਸ ਦੇ ਨਾਲ ਹੀ ਵੱਧ ਤੋਂ ਵੱਧ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਤੁਹਾਡੀਆਂ ਯੂਨੀਵਰਸਿਟੀਆਂ ਦੀ ਆਧੁਨਿਕ ਵਿੱਦਿਅਕ ਪੜ੍ਹਾਈ ਅਤੇ ਖੋਜ ਲਈ ਚੋਣ ਕਰ ਰਹੇ ਹਨ। ਮੈਨੂੰ ਭਰੋਸਾ ਹੈ ਕਿ ਇਹਨਾਂ ਸੰਪਰਕਾਂ, ਨਵੇਂ ਅਤੇ ਪੁਰਾਣੇ ਦੀ ਤਾਕਤ, ਸਾਨੂੰ ਇੱਕ ਵਧੀਆ ਰਾਹ ਉੱਤੇ ਲਿਜਾਵੇਗੀ ਕਿਉਂਕਿ ਅਸੀਂ 21ਵੀਂ ਸਦੀ ਲਈ ਇੱਕ ਭਾਈਵਾਲੀ ਕਾਇਮ ਕੀਤੀ ਹੈ।

ਦੋਸਤੋ,

ਇੱਥੋਂ ਤਕਰੀਬਨ 150 ਕਿਲੋਮੀਟਰ ਦੂਰ ਇਜ਼ਰਾਈਲ ਦੇ ਹਾਈਫ਼ਾ ਸ਼ਹਿਰ ਵਿੱਚ ਇੱਕ ਇਤਿਹਾਸ ਵੱਸਦਾ ਹੈ ਜੋ ਕਿ ਮੈਨੂੰ ਬਹੁਤ ਪਿਆਰਾ ਹੈ। ਇੱਥੇ ਉਨ੍ਹਾਂ 44 ਭਾਰਤੀ ਫੌਜੀਆਂ ਦੀ ਅੰਤਮ ਯਾਦਗਾਰ ਹੈ ਜਿਨ੍ਹਾਂ ਨੇ ਕਿ ਪਹਿਲੀ ਵਿਸ਼ਵ ਜੰਗ ਵਿੱਚ ਉਸ ਸ਼ਹਿਰ ਨੂੰ ਅਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਮੈਂ ਉਨ੍ਹਾਂ ਬਹਾਦਰ ਭਾਰਤੀ ਸਿਪਾਹੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਹਾਇਫਾ ਜਾਵਾਂਗਾ।

ਮਾਨਯੋਗ ਨੇਤਨਯਾਹੂ,

ਇਹ ਇਜ਼ਰਾਈਲ ਵਿੱਚ ਲਾਭਕਾਰੀ ਅਤੇ ਯਾਦਗਾਰੀ 24 ਘੰਟੇ ਬਣ ਗਏ ਹਨ। ਮੈਨੂੰ ਪੂਰਾ ਯਕੀਨ ਹੈ ਕਿ ਮੇਰਾ ਇੱਥੇ ਠਹਿਰਨਾ ਤੁਹਾਡੇ ਲਈ ਵੀ ਓਨਾ ਹੀ ਉਤਸ਼ਾਹਜਨਕ ਰਿਹਾ ਹੋਵੇਗਾ। ਮੈਂ ਤੁਹਾਨੂੰ, ਸ਼੍ਰੀਮਤੀ ਨੇਤਨਯਾਹੂ ਅਤੇ ਤੁਹਾਡੇ ਪਰਿਵਾਰ ਨੂੰ ਭਾਰਤ ਦੌਰੇ ਦਾ ਸੱਦਾ ਦਿੰਦਾ ਹਾਂ। ਮੈਂ ਤੁਹਾਡੇ ਨਿੱਘੇ ਸਵਾਗਤ ਅਤੇ ਮੇਜ਼ਬਾਨੀ ਲਈ ਇੱਕ ਵਾਰੀ ਫਿਰ ਧੰਨਵਾਦੀ ਹਾਂ। ਧੰਨਵਾਦ।

ਤੁਹਾਡਾ ਬਹੁਤ – ਬਹੁਤ ਧੰਨਵਾਦ। ਸ਼ਲੋਮ (Shalom!) !

AKT/AK/NT