Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਆਜ਼ਾਦ ਹਿੰਦ ਫੌਜ’ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

‘ਆਜ਼ਾਦ ਹਿੰਦ ਫੌਜ’ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

‘ਆਜ਼ਾਦ ਹਿੰਦ ਫੌਜ’ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

‘ਆਜ਼ਾਦ ਹਿੰਦ ਫੌਜ’ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੰਤਰੀ ਪਰਿਸ਼ਦ ਦੇ ਮੇਰੇ ਸਾਥੀ, ਸ਼੍ਰੀਮਾਨ ਮਹੇਸ਼ ਸ਼ਰਮਾ ਜੀ, ਆਜ਼ਾਦ ਹਿੰਦ ਫੌਜ ਦੇ ਮੈਂਬਰ ਅਤੇ ਦੇਸ਼ ਦੇ ਵੀਰ ਸਪੂਤ ਅਤੇ ਸਾਡੇ ਸਾਰਿਆਂ ਦਰਮਿਆਨ ਸ਼੍ਰੀਮਾਨ ਲਾਲਟੀ ਰਾਮ ਜੀ, ਸੁਭਾਸ਼ ਬਾਬੂ ਦੇ ਭਤੀਜੇ, ਭਾਈ ਚੰਦਰਕੁਮਾਰ ਬੋਸ ਜੀ, ਬ੍ਰਿਗੇਡੀਅਰ ਆਰ.ਐੱਸ.ਚਿਕਾਰਾ ਜੀ ਅਤੇ ਇੱਥੇ ਹਾਜ਼ਰ ਸੁਰੱਖਿਆ ਬਲਾਂ ਦੇ, ਸੈਨਾ ਦੇ ਸਾਰੇ ਸਾਬਕਾ ਅਫ਼ਸਰ, ਹੋਰ ਮਹਾਨੁਭਾਵ, ਭਾਈਓ ਅਤੇ ਭੈਣੋਂ।

ਅੱਜ 21 ਅਕਤੂਬਰ ਦਾ ਇਤਿਹਾਸਕ ਦਿਨ, ਲਾਲ ਕਿਲੇ ’ਤੇ ਝੰਡਾ ਲਹਿਰਾਉਣ ਦਾ ਇਹ ਮੌਕਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੈਂ ਕਿੰਨਾ ਆਪਣੇ-ਆਪ ਨੂੰ ਭਾਗਸ਼ਾਲੀ ਮੰਨਦਾ ਹਾਂ? ਇਹ ਉਹ ਹੀ ਲਾਲ ਕਿਲਾ ਹੈ, ਜਿੱਥੇ victory parade ਦਾ ਸੁਪਨਾ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ 75 ਸਾਲ ਪਹਿਲਾਂ ਦੇਖਿਆ ਸੀ। ਆਜ਼ਾਦ ਹਿੰਦ ਸਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਦਿਆਂ ਨੇਤਾ ਜੀ ਨੇ ਐਲਾਨ ਕੀਤਾ ਸੀ ਕਿ ਇਸੇ ਲਾਲ ਕਿਲੇ ’ਤੇ ਇੱਕ ਦਿਨ ਪੂਰੀ ਸ਼ਾਨ ਨਾਲ ਤਿਰੰਗਾ ਲਹਿਰਾਇਆ ਜਾਵੇਗਾ। ਆਜ਼ਾਦ ਹਿੰਦ ਸਰਕਾਰ ਅਖੰਡ ਭਾਰਤ ਦੀ ਸਰਕਾਰ ਸੀ, ਸਾਂਝੇ ਭਾਰਤ ਦੀ ਸਰਕਾਰ ਸੀ। ਮੈਂ ਦੇਸ਼ ਵਾਸੀਆਂ ਨੂੰ ਆਜ਼ਾਦ ਹਿੰਦ ਸਰਕਾਰ ਦੇ 75 ਵਰ੍ਹੇ ਹੋਣ ’ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, ਆਪਣੇ ਟੀਚੇ ਪ੍ਰਤੀ ਜਿਸ ਵਿਅਕਤੀ ਦਾ ਇੰਨਾ ਸਾਫ਼ vision ਸੀ । ਟੀਚੇ ਨੂੰ ਹਾਸਲ ਕਰਨ ਲਈ ਜੋ ਆਪਣਾ ਸਭ ਕੁਝ ਦਾਅ ’ਤੇ ਲਗਾਉਣ ਲਈ ਨਿਕਲ ਗਿਆ ਹੋਵੇ, ਜੋ ਸਿਰਫ਼ ਅਤੇ ਸਿਰਫ਼ ਦੇਸ਼ ਲਈ ਸਮਰਪਿਤ ਹੋਵੇ; ਅਜਿਹੇ ਵਿਅਕਤੀ ਨੂੰ ਯਾਦ ਕਰਨ ਨਾਲ ਹੀ ਪੀੜ੍ਹੀ ਦਰ ਪੀੜ੍ਹੀ ਪ੍ਰੇਰਿਤ ਹੋ ਜਾਂਦੀ ਹੈ। ਅੱਜ ਮੈਂ ਨਮਨ ਕਰਦਾ ਹਾਂ ਉਨ੍ਹਾਂ ਮਾਤਾ-ਪਿਤਾ ਨੂੰ, ਜਿਨ੍ਹਾਂ ਨੇ ਨੇਤਾ ਜੀ ਵਰਗਾ ਸਪੂਤ ਇਸ ਦੇਸ਼ ਨੂੰ ਦਿੱਤਾ। ਜਿਨ੍ਹਾਂ ਨੇ ਰਾਸ਼ਟਰ ਲਈ ਕੁਰਬਾਨੀ ਦੇਣ ਵਾਲੇ ਵੀਰ-ਵੀਰਾਂਗਣਾਂ ਨੂੰ ਜਨਮ ਦਿੱਤਾ । ਮੈਂ ਨਤਮਸਤਕ ਹਾਂ ਉਨ੍ਹਾਂ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅੱਗੇ ਜਿਨ੍ਹਾਂ ਨੇ ਸੁਤੰਤਰਤਾ ਦੀ ਲੜਾਈ ਵਿੱਚ ਸਭ ਕੁਝ ਨਿਛਾਵਰ ਕਰ ਦਿੱਤਾ । ਮੈਂ ਪੂਰੇ ਵਿਸ਼ਵ ਵਿੱਚ ਫੈਲੇ ਉਨ੍ਹਾਂ ਭਾਰਤ ਵਾਸੀਆਂ ਨੂੰ ਵੀ ਯਾਦ ਕਰਦਾ ਹਾਂ ਜਿਨ੍ਹਾਂ ਨੇ ਨੇਤਾ ਜੀ ਦੇ ਇਸ ਮਿਸ਼ਨ ਨੂੰ ਤਨ-ਮਨ-ਧਨ ਨਾਲ ਸਹਿਯੋਗ ਦਿੱਤਾ ਸੀ ਅਤੇ ਸੁਤੰਤਰ, ਖੁਸ਼ਹਾਲ,  ਹਥਿਆਰਬੰਦ ਭਾਰਤ ਬਣਾਉਣ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ ਸੀ ।

ਸਾਥੀਓ, ਆਜ਼ਾਦ ਹਿੰਦ ਸਰਕਾਰ, ਇਹ ਆਜ਼ਾਦ ਹਿੰਦ ਸਰਕਾਰ, ਇਹ ਸਿਰਫ਼ ਨਾਮ ਨਹੀਂ ਸੀ ਬਲਕਿ ਨੇਤਾ ਜੀ ਦੀ ਅਗਵਾਈ ਵਿੱਚ ਇਸ ਸਰਕਾਰ ਵੱਲੋਂ ਹਰ ਖੇਤਰ ਨਾਲ ਜੁੜੀਆਂ ਯੋਜਨਾਵਾਂ ਬਣਾਈਆਂ ਗਈਆਂ ਸਨ । ਇਸ ਸਰਕਾਰ ਦਾ ਆਪਣਾ ਬੈਂਕ ਸੀ, ਆਪਣੀ ਮੁਦਰਾ ਸੀ,  ਆਪਣੀ ਡਾਕ ਟਿਕਟ ਸੀ, ਆਪਣਾ ਗੁਪਤਚਰ ਤੰਤਰ ਸੀ । ਦੇਸ਼ ਦੇ ਬਾਹਰ ਰਹਿ ਕੇ, ਸੀਮਤ ਸੰਸਾਧਨਾਂ ਨਾਲ, ਸ਼ਕਤੀਸ਼ਾਲੀ ਸਾਮਰਾਜ ਦੇ ਖ਼ਿਲਾਫ਼ ਇਤਨਾ ਵਿਆਪਕ ਤੰਤਰ ਵਿਕਸਿਤ ਕਰਨਾ, ਹਥਿਆਰਬੰਦ ਕ੍ਰਾਂਤੀ,  ਬੇਮਿਸਾਲ,  ਮੈਂ ਸਮਝਦਾ ਹਾਂ ਇਹ ਅਸਧਾਰਨ ਕਾਰਜ ਸੀ ।

ਨੇਤਾ ਜੀ ਨੇ ਇੱਕ ਅਜਿਹੀ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਇਕਜੁੱਟ ਕੀਤਾ, ਜਿਸ ਦਾ ਸੂਰਜ ਕਦੇ ਅਸਤ ਨਹੀਂ ਹੁੰਦਾ ਸੀ, ਦੁਨੀਆ ਦੇ ਇੱਕ ਵੱਡੇ ਹਿੱਸੇ ਵਿੱਚ ਜਿਸ ਦਾ ਸ਼ਾਸਨ ਸੀ । ਅਗਰ ਨੇਤਾ ਜੀ ਦੀ ਖ਼ੁਦ ਦੀ ਲੇਖਣੀ (ਲਿਖਤ) ਪੜ੍ਹੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਬਹਾਦਰੀ ਦੇ ਸਿਖ਼ਰ ’ਤੇ ਪਹੁੰਚਣ ਦੀ ਨੀਂਹ ਕਿਵੇਂ ਉਨ੍ਹਾਂ  ਦੇ ਬਚਪਨ ਵਿੱਚ ਹੀ ਪੈ ਗਈ‍ ਸੀ ।

ਸਾਲ 1912  ਦੇ ਆਸਪਾਸ,  ਅੱਜ ਤੋਂ 106 ਸਾਲ ਪਹਿਲਾਂ,  ਉਨ੍ਹਾਂ ਨੇ ਆਪਣੀ ਮਾਂ ਨੂੰ ਜੋ ਚਿੱਠੀ ਲਿਖੀ ਸੀ, ਉਹ ਇੱਕ ਚਿੱਠੀ ਇਸ ਗੱਲ ਦੀ ਗਵਾਹ ਹੈ ਕਿ ਸੁਭਾਸ਼ ਬਾਬੂ ਦੇ ਮਨ ਵਿੱਚ ਗੁਲਾਮ ਭਾਰਤ ਦੀ ਸਥਿਤੀ ਨੂੰ ਲੈ ਕੇ ਕਿਤਨੀ ਵੇਦਨਾ ਸੀ, ਕਿਤਨੀ ਬੇਚੈਨੀ ਸੀ, ਕਿਤਨਾ ਦਰਦ ਸੀ । ਧਿਆਨ ਰੱਖਿਓ, ਉਹ ਉਸ ਸਮੇਂ ਸਿਰਫ਼ 15-16 ਦੀ ਉਮਰ ਦੇ ਸਨ ।

ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਨੇ ਦੇਸ਼ ਦਾ ਜੋ ਹਾਲ ਕਰ ਦਿੱਤਾ ਸੀ, ਉਸ ਦੀ ਪੀੜਾ ਉਨ੍ਹਾਂ ਨੇ ਆਪਣੀ ਮਾਂ ਨਾਲ ਪੱਤਰ ਦੁਆਰਾ ਸਾਂਝੀ ਕੀਤੀ ਸੀ । ਉਨ੍ਹਾਂ ਨੇ ਆਪਣੀ ਮਾਂ ਤੋਂ ਪੱਤਰ ਵਿੱਚ ਸਵਾਲ ਪੁੱਛਿਆ ਸੀ ਕਿ ਮਾਂ ਕੀ ਸਾਡਾ ਦੇਸ਼ ਦਿਨੋ-ਦਿਨ ਹੋਰ ਅਧਿਕ ਪਤਨ ਵਿੱਚ ਡਿੱਗਦਾ ਜਾਵੇਗਾ? ਕੀ‍ ਇਹ ਦੁਖੀ ਭਾਰਤ ਮਾਤਾ ਦਾ ਕੋਈ ਇੱਕ ਵੀ ਪੁੱਤਰ ਅਜਿਹਾ ਨਹੀਂ ਹੈ ਜੋ ਪੂਰੀ ਤਰ੍ਹਾਂ ਆਪਣੇ ਸਵਾਰਥ ਨੂੰ ਤਿਲਾਂਜਲੀ ਦੇਕੇ, ਆਪਣਾ ਸੰਪੂਰਨ ਜੀਵਨ ਭਾਰਤ ਮਾਂ ਦੀ ਸੇਵਾ ਵਿੱਚ ਸਮਰਪਿਤ ਕਰ ਦੇਵੇ ? ਬੋਲੋ ਮਾਂ, ਅਸੀਂ ਕਦੋਂ ਤੱਕ ਸੁੱਤੇ ਰਹਾਂਗੇ ?  15-16 ਦੀ ਉਮਰ ਦੇ ਸੁਭਾਸ਼ ਬਾਬੂ ਨੇ ਮਾਂ ਨੂੰ ਇਹ ਸਵਾਲ ਪੁੱਛਿਆ ਸੀ ।

ਭਾਈਓ ਅਤੇ ਭੈਣੋਂ, ਇਸ ਪੱਤਰ ਵਿੱਚ ਉਨ੍ਹਾਂ ਨੇ ਮਾਂ ਕੋਲੋਂ ਪੁੱਛੇ ਗਏ ਸਵਾਲਾਂ ਦਾ ਉੱਤਰ ਵੀ ਦੇ ਦਿੱਤਾ ਸੀ ।  ਉਨ੍ਹਾਂ ਨੇ ਆਪਣੀ ਮਾਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਹੁਣ, ਹੁਣ ਹੋਰ ਉਡੀਕ ਨਹੀਂ ਕੀਤੀ ਜਾ ਸਕਦੀ,  ਹੁਣ ਹੋਰ ਸੌਣ ਦਾ ਸਮਾਂ ਨਹੀਂ ਹੈ, ਸਾਨੂੰ ਆਪਣੀ ਜੜ੍ਹਤਾ ਤੋਂ ਜਾਗਣਾ ਹੀ ਹੋਵੇਗਾ, ਆਲਸ  ਤਿਆਗਣੀ ਹੀ ਹੋਵੇਗੀ ਅਤੇ ਕਰਮ ਵਿੱਚ ਜੁਟ ਜਾਣਾ ਹੋਵੇਗਾ । ਇਹ ਸੁਭਾਸ਼ ਬਾਬੂ, 15-16 ਸਾਲ ਦੇ ! ਆਪਣੇ ਅੰਦਰ ਦੀ ਇਸ ਤੀਬਰ ਉਤਕੰਠਾ ਨੇ ਕਿਸ਼ੋਰ ਸੁਭਾਸ਼ ਬਾਬੂ ਨੂੰ ਨੇਤਾ ਜੀ ਸੁਭਾਸ਼ ਬਣਾ ਦਿੱਤਾ ।

ਨੇਤਾ ਜੀ ਦਾ ਇੱਕ ਹੀ ਉਦੇਸ਼ ਸੀ,  ਇੱਕ ਹੀ ਮਿਸ਼ਨ ਸੀ –  ਭਾਰਤ ਦੀ ਅਜ਼ਾਦੀ ।  ਮਾਂ ਭਾਰਤ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣਾ । ਇਹੀ ਉਨ੍ਹਾਂ ਦੀ ਵਿਚਾਰਧਾਰਾ ਸੀ ਅਤੇ ਇਹੀ ਉਨ੍ਹਾਂ ਦਾ ਕਰਮ ਖੇਤਰ ਸੀ ।

ਸਾਥੀਓ, ਸੁਭਾਸ਼ ਬਾਬੂ ਨੂੰ ਆਪਣੇ ਜੀਵਨ ਦਾ ਟੀਚਾ ਤੈਅ ਕਰਨ, ਆਪਣੀ ਹੋਂਦ ਨੂੰ ਸਮਰਪਿਤ ਕਰਨ ਦਾ ਮੰਤਰ ਸੁਆਮੀ ਵਿਵੇਕਾਨੰਦ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਮਿਲਿਆ –

ਆਤਮਨੋਮੋਕਸ਼ਾਰਦਮ ਜਗਤ ਹਿਤਾਯ ਚ– (आत्‍मनोमोक्षार्दम जगत हिताय च) ਯਾਨੀ ਜਗਤ ਦੀ ਸੇਵਾ ਤੋਂ ਹੀ ਮੁਕਤੀ ਦਾ ਰਸਤਾ ਖੁੱਲ੍ਹਦਾ ਹੈ। ਉਨ੍ਹਾਂ ਦੇ ਚਿੰਤਨ ਦਾ ਮੁੱਖ ਅਧਾਰ ਸੀ –  ਜਗਤ ਦੀ ਸੇਵਾ । ਆਪਣੇ ਭਾਰਤ ਦੀ ਸੇਵਾ ਦੇ ਇਸੇ ਭਾਵ ਦੀ ਵਜ੍ਹਾ ਨਾਲ ਉਹ ਹਰ ਯਾਤਨਾ ਸਹਿੰਦੇ ਗਏ, ਹਰ ਚੁਣੌਤੀ ਨੂੰ ਪਾਰ ਕਰਦੇ ਗਏ, ਹਰ ਸਾਜਿਸ਼ ਨੂੰ ਨਾਕਾਮ ਕਰਦੇ ਗਏ ।

ਭਾਈਓ ਅਤੇ ਭੈਣੋਂ, ਸੁਭਾਸ਼ ਬਾਬੂ ਉਨ੍ਹਾਂ ਸੈਨਾਨੀਆਂ ਵਿੱਚ ਰਹੇ, ਜਿਨ੍ਹਾਂ ਨੇ ਸਮੇਂ ਦੇ ਨਾਲ ਖ਼ੁਦ ਨੂੰ ਬਦਲਿਆ ਅਤੇ ਆਪਣੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਕਦਮ ਉਠਾਏ । ਇਹੀ ਕਾਰਨ ਹੈ ਕਿ ਪਹਿਲਾਂ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਨਾਲ ਕਾਂਗਰਸ ਵਿੱਚ ਰਹਿਕੇ ਦੇਸ਼ ਵਿੱਚ ਹੀ ਯਤਨ ਕੀਤੇ ਅਤੇ ਫਿਰ ਹਾਲਾਤ ਦੇ ਅਨੁਸਾਰ ਉਨ੍ਹਾਂ ਨੇ ਹਥਿਆਰਬੰਦ ਕ੍ਰਾਂਤੀ ਦਾ ਰਸਤਾ ਚੁਣਿਆ । ਇਸ ਮਾਰਗ ਨੇ ਸੁਤੰਤਰਤਾ ਅੰਦੋਲਨ ਨੂੰ ਹੋਰ ਤੇਜ਼ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ।

ਸਾਥੀਓ,  ਸੁਭਾਸ਼ ਬਾਬੂ ਨੇ ਜੋ ਵਿਸ਼ਵ ਮੰਥਨ ਕੀਤਾ, ਉਸ ਦਾ ਅੰਮ੍ਰਿਤ ਸਿਰਫ਼ ਭਾਰਤ ਨੇ ਹੀ ਨਹੀਂ ਚਖਿਆ ਸਗੋਂ ਇਸ ਦਾ ਲਾਭ ਹੋਰ ਵੀ ਦੂਸਰੇ ਦੇਸ਼ਾਂ ਨੂੰ ਹੋਇਆ । ਜੋ ਦੇਸ਼ ਉਸ ਸਮੇਂ ਆਪਣੀ ਅਜ਼ਾਦੀ ਦੀ ਲੜਾਈ ਲੜ ਰਹੇ ਸਨ, ਉਨ੍ਹਾਂ ਨੂੰ ਸੁਭਾਸ਼ ਚੰਦਰ ਬੋਸ ਨੂੰ ਦੇਖ ਕੇ ਪ੍ਰੇਰਨਾ ਮਿਲਦੀ ਸੀ । ਉਨ੍ਹਾਂ ਨੂੰ  ਲਗਦਾ ਸੀ ਕਿ ਕੁਝ ਵੀ ਅਸੰਭਵ ਨਹੀਂ ਹੈ। ਅਸੀਂ ਵੀ ਸੰਗਠਿਤ ਹੋ ਸਕਦੇ ਹਾਂ, ਅੰਗਰੇਜ਼ਾਂ ਨੂੰ ਲਲਕਾਰ ਸਕਦੇ ਹਾਂ, ਆਜ਼ਾਦ ਹੋ ਸਕਦੇ ਹਾਂ। ਮਹਾਨ ਸੁਤੰਤਰਤਾ ਸੈਨਾਨੀ ਨੈਲਸਨ ਮੰਡੇਲਾ, ਭਾਰਤ ਰਤਨ ਨੈਲਸਨ ਮੰਡੇਲਾ ਜੀ ਨੇ ਵੀ ਕਿਹਾ ਸੀ ਕਿ ਦੱਖਣ ਅਫ਼ਰੀਕਾ ਦੇ ਵਿਦਿਆਰਥੀ ਅੰਦੋਲਨ ਦੌਰਾਨ ਉਹ ਵੀ ਸੁਭਾਸ਼ ਬਾਬੂ ਨੂੰ ਆਪਣਾ ਨੇਤਾ ਮੰਨਦੇ ਸਨ, ਆਪਣਾ ਹੀਰੋ ਮੰਨਦੇ ਸਨ ।

ਭਾਈਓ ਅਤੇ ਭੈਣੋਂ, ਅੱਜ ਅਸੀਂ ਆਜ਼ਾਦ ਹਿੰਦ ਸਰਕਾਰ  ਦੇ 75 ਸਾਲ ਦਾ ਸਮਾਰੋਹ ਮਨਾ ਰਹੇ ਹਾਂ ਤਾਂ ਚਾਰ ਸਾਲ ਬਾਅਦ 2022 ਵਿੱਚ ਆਜ਼ਾਦ ਭਾਰਤ ਦੇ 75 ਸਾਲ ਪੂਰੇ ਹੋਣ ਵਾਲੇ ਹਨ । ਅੱਜ ਤੋਂ 75 ਸਾਲ ਪਹਿਲਾਂ ਨੇਤਾ ਜੀ ਨੇ ਸਹੁੰ ਲੈਂਦਿਆਂ ਵਾਅਦਾ ਕੀਤਾ ਸੀ ਇੱਕ ਅਜਿਹਾ ਭਾਰਤ ਬਣਾਉਣ ਦਾ ਜਿੱਥੇ ਸਾਰਿਆਂ ਪਾਸ ਸਮਾਨ ਅਧਿਕਾਰ ਹੋਣ, ਸਾਰਿਆਂ ਪਾਸ ਸਮਾਨ ਅਵਸਰ ਹੋਣ । ਉਨ੍ਹਾਂ ਨੇ ਵਾਅਦਾ ਕੀਤਾ ਸੀ, ਕਿ ਆਪਣੀਆਂ ਪੁਰਾਤਨ ਪਰੰਪਰਾਵਾਂ ਤੋਂ ਪ੍ਰੇਰਨਾ ਲੈਕੇ ਉਨ੍ਹਾਂ ਨੂੰ ਹੋਰ ਗੌਰਵ ਕਰਨ ਵਾਲੇ ਸੁਖੀ ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਕਰਨ ਦਾ । ਉਨ੍ਹਾਂ ਨੇ ਵਾਅਦਾ ਕੀਤਾ ਸੀ ਦੇਸ਼  ਦੇ ਸੰ‍ਤੁਲਤ ਵਿਕਾਸ ਦਾ, ਹਰ ਖੇਤਰ ਦੇ ਵਿਕਾਸ ਦਾ । ਉਨ੍ਹਾਂ ਨੇ ਵਾਅਦਾ ਕੀਤਾ ਸੀ ‘ਪਾੜੋ ਅਤੇ ਰਾਜ ਕਰੋ’ ਦੀ ਉਸ ਨੀਤੀ ਨੂੰ, ਉਸ ਨੂੰ ਜੜ੍ਹ ਤੋਂ ਉਖਾੜ ਸੁੱਟਣ ਦਾ, ਜਿਸ ਦੀ ਵਜ੍ਹਾ ਨਾਲ ਭਾਰਤ ਨੂੰ ਇਸ ‘ਪਾੜੋ ਅਤੇ ਰਾਜ ਕਰੋ’  (Divide Rule) ਦੀ ਰਾਜਨੀਤੀ ਨੇ ਸਦੀਆਂ ਤੱਕ ਗੁਲਾਮ ਰੱਖਿਆ ਸੀ ।

ਅੱਜ ਸੁਤੰਤਰਤਾ ਇਤਨੇ ਵਰ੍ਹਿਆਂ ਬਾਅਦ ਵੀ ਨੇਤਾ ਜੀ ਦਾ ਸੁਪਨਾ ਪੂਰਾ ਨਹੀਂ ਹੋਇਆ ਹੈ। ਭਾਰਤ ਅਨੇਕ ਕਦਮ ਅੱਗੇ ਵਧਿਆ ਹੈ, ਲੇਕਿਨ ਅਜੇ ਨਵੀਆਂ ਉਚਾਈਆਂ ’ਤੇ ਪਹੁੰਚਣਾ ਬਾਕੀ ਹੈ । ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਅੱਜ ਭਾਰਤ ਦੇ ਸਵਾ ਸੌ ਕਰੋੜ ਲੋਕ ਨਵੇਂ ਭਾਰਤ ਦੇ ਸੰਕਲਪ ਦੇ ਨਾਲ ਅੱਗੇ ਵਧ ਰਹੇ ਹਨ । ਇੱਕ ਅਜਿਹਾ ਨਵਾਂ ਭਾਰਤ ਜਿਸ ਦੀ ਕਲਪਨਾ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਵੀ ਕੀਤੀ ਸੀ ।

ਅੱਜ ਇੱਕ ਅਜਿਹੇ ਸਮੇਂ ਵਿੱਚ ਜਦੋਂ ਕਿ ਵਿਨਾਸ਼ਕਾਰੀ ਸ਼ਕਤੀਆਂ ਦੇਸ਼ ਦੇ ਬਾਹਰ ਅਤੇ ਅੰਦਰ ਤੋਂ ਸਾਡੀ ਸੁਤੰਤਰਤਾ, ਏਕਤਾ ਅਤੇ ਸੰਵਿਧਾਨ ’ਤੇ ਹਮਲੇ ਕਰ ਰਹੀਆਂ ਹਨ, ਭਾਰਤ ਦੇ ਹਰੇਕ ਨਿਵਾਸੀ ਦਾ ਇਹ ਕਰਤੱਵ ਹੈ ਕਿ ਉਹ ਨੇਤਾ ਜੀ ਤੋਂ ਪ੍ਰੇਰਿਤ ਹੋਕੇ ਉਨ੍ਹਾਂ ਸ਼ਕਤੀਆਂ ਨਾਲ ਲੜਨ, ਉਨ੍ਹਾਂ ਨੂੰ ਹਰਾਉਣ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਪੂਰਾ ਯੋਗਦਾਨ ਦੇਣ ਦਾ ਵੀ ਸੰਕਲਪ ਕਰਨ।

ਲੇਕਿਨ ਸਾਥੀਓ, ਇਨ੍ਹਾਂ ਸੰਕਲਪਾਂ ਦੇ ਨਾਲ ਹੀ ਇੱਕ ਗੱਲ ਹੋਰ ਮਹੱਤਵਪੂਰਨ ਹੈ- ਇਹ ਗੱਲ ਹੈ ਰਾਸ਼ਟਰੀਅਤਾ ਦੀ ਭਾਵਨਾ,  ਭਾਰਤੀਅਤਾ ਦੀ ਭਾਵਨਾ । ਇੱਥੇ ਹੀ ਲਾਲ ਕਿਲੇ ’ਤੇ ਮੁਕੱਦਮੇ ਦੀ ਸੁਣਵਾਈ ਦੌਰਾਨ, ਅਜ਼ਾਦ ਹਿੰਦ ਫੌਜ ਦੇ ਸੈਨਾਨੀ ਸ਼ਾਹਨਵਾਜ ਖ਼ਾਨ ਨੇ ਕਿਹਾ ਸੀ ਕਿ ਸੁਭਾਸ਼ ਚੰਦਰ ਬੋਸ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਦੇ ਹੋਣ ਦਾ ਅਹਿਸਾਸ ਉਨ੍ਹਾਂ ਦੇ ਮਨ ਵਿੱਚ ਜਗਾਇਆ ।

ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਨੂੰ ਭਾਰਤੀ ਦੀ ਨਜ਼ਰ ਨਾਲ ਦੇਖਣਾ ਸਿਖਾਇਆ ।  ਆਖ਼ਿਰ ਉਹ ਕਿਹੜੀਆਂ ਸਥਿਤੀਆਂ ਸਨ, ਜਿਨ੍ਹਾਂ ਦੀ ਵਜ੍ਹਾ ਨਾਲ ਸ਼ਾਹਨਵਾਜ਼ ਖਾਨ ਜੀ ਨੇ ਅਜਿਹੀ ਗੱਲ ਕਹੀ ਸੀ ?  ਭਾਰਤ ਨੂੰ ਭਾਰਤੀ ਦੀ ਨਜ਼ਰ ਨਾਲ ਦੇਖਣਾ ਅਤੇ ਸਮਝਣਾ ਕਿਉਂ ਜ਼ਰੂਰੀ ਸੀ –  ਇਹ ਅੱਜ ਜਦੋਂ ਅਸੀਂ ਦੇਸ਼ ਦੀ ਸਥਿਤੀ ਦੇਖਦੇ ਹਾਂ ਤਾਂ ਹੋਰ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ ।

ਭਾਈਓ ਅਤੇ ਭੈਣੋਂ, ਕੈਂਬ੍ਰਿਜ ਦੇ ਆਪਣੇ ਦਿਨਾਂ ਨੂੰ ਯਾਦ ਕਰਦਿਆਂ ਸੁਭਾਸ਼ ਬਾਬੂ ਨੇ ਲਿਖਿਆ ਸੀ ਕਿ ਸਾਨੂੰ ਭਾਰਤੀਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਯੂਰਪ, Great Britain ਦਾ ਹੀ ਵੱਡਾ ਸਰੂਪ ਹੈ,  ਇਸ ਲਈ ਸਾਡੀ ਆਦਤ ਯੂਰਪ ਨੂੰ ਇੰਗਲੈਂਡ ਦੇ ਚਸ਼ਮੇ ਤੋਂ ਦੇਖਣ ਦੀ ਹੋ ਗਈ ਹੈ। ਇਹ ਸਾਡੀ ਬਦਕਿਸਮਤੀ ਰਹੀ ਕਿ ਸੁਤੰਤਰਤਾ ਦੇ ਬਾਅਦ ਭਾਰਤ ਅਤੇ ਇੱਥੋਂ ਦੀਆਂ ਵਿਵਸਥਾਵਾਂ ਦਾ ਨਿਰਮਾਣ ਕਰਨ ਵਾਲਿਆਂ ਨੇ ਭਾਰਤ ਨੂੰ ਵੀ ਇੰਗਲੈਂਡ ਦੇ ਚਸ਼ਮੇ ਨਾਲ ਹੀ ਦੇਖਿਆ ।

ਸਾਡਾ ਸੱਭਿਆਚਾਰ, ਸਾਡੀਆਂ ਮਹਾਨ ਭਾਸ਼ਾਵਾਂ, ਸਾਡੀ ਸਿੱਖਿਆ ਵਿਵਸਥਾ, ਸਾਡੇ ਪਾਠਕ੍ਰਮ, ਸਾਡੇ ਸਿਸਟਮ ਨੂੰ ਇਸ ਇਨਫੈਕਸ਼ਨ ਦਾ ਬਹੁਤ ਨੁਕਸਾਨ ਉਠਾਉਣਾ ਪਿਆ । ਅੱਜ ਮੈਂ ਨਿਸ਼ਚਿਤ ਤੌਰ ’ਤੇ ਕਹਿ ਸਕਦਾ ਹਾਂ ਕਿ ਸੁਤੰਤਰ ਭਾਰਤ ਦੇ ਬਾਅਦ ਦੇ ਦਹਾਕਿਆਂ ਵਿੱਚ ਅਗਰ ਦੇਸ਼ ਨੂੰ ਸੁਭਾਸ਼ ਬਾਬੂ, ਸਰਦਾਰ ਪਟੇਲ ਜਿਹੀਆਂ ਸ਼ਖਸੀਅਤਾਂ ਦਾ ਮਾਰਗ ਦਰਸ਼ਨ ਮਿਲਿਆ ਹੁੰਦਾ, ਭਾਰਤ ਨੂੰ ਦੇਖਣ ਲਈ ਉਹ ਵਿਦੇਸ਼ੀ ਚਸ਼ਮਾ ਨਾ ਹੁੰਦਾ ਤਾਂ ਸਥਿਤੀਆਂ ਬਹੁਤ ਭਿੰਨ ਹੁੰਦੀਆਂ ।

ਸਾਥੀਓ, ਇਹ ਵੀ ਦੁਖਦ ਹੈ ਕਿ ਇੱਕ ਪਰਿਵਾਰ ਨੂੰ ਵੱਡਾ ਬਣਾਉਣ ਲਈ ਦੇਸ਼ ਦੇ ਅਨੇਕ ਸਪੂਤਾਂ –  ਉਹ ਚਾਹੇ ਸਰਦਾਰ ਪਟੇਲ ਹੋਣ, ਬਾਬਾ ਸਾਹਿਬ ਅੰਬੇਡਕਰ ਹੋਣ, ਉਨ੍ਹਾਂ ਦੀ ਤਰ੍ਹਾਂ ਹੀ ਨੇਤਾ ਜੀ  ਦੇ ਯੋਗਦਾਨ ਨੂੰ ਵੀ ਭੁਲਾਉਣ ਦਾ ਭਰਪੂਰ ਯਤਨ ਕੀਤਾ ਗਿਆ ਹੈ । ਹੁਣ ਸਾਡੀ ਸਰਕਾਰ ਸਥਿਤੀ ਨੂੰ ਬਦਲ ਰਹੀ ਹੈ। ਤਹਾਨੂੰ ਸਾਰਿਆਂ ਨੂੰ ਹੁਣ ਤੱਕ ਪਤਾ ਚਲ ਗਿਆ ਹੋਵੇਗਾ , ਇੱਥੇ ਆਉਣ ਤੋਂ ਪਹਿਲਾਂ ਮੈਂ ਰਾਸ਼ਟਰੀ ਪੁਲਿਸ ਸਮਾਰਕ ਦਾ ਸਮਰਪਣ ਕਰਨ ਦੇ ਕਾਰਜਕ੍ਰਮ ਵਿੱਚ ਸਾਂ । ਮੈਂ ਨੇਤਾ ਜੀ ਸੁਭਾਸ਼ ਚੰਦਰ ਬੋਸ  ਦੇ ਨਾਮ ’ਤੇ ਇੱਕ ਰਾਸ਼ਟਰੀ ਸਨਮਾਨ ਸ਼ੁਰੂ ਕਰਨ ਦਾ ਉੱਥੇ ਐਲਾਨ ਕੀਤਾ ਹੈ ।

ਸਾਡੇ ਦੇਸ਼ ਵਿੱਚ ਜਦੋਂ nationality calamity  ਹੁੰਦੀ ਹੈ, ਆਪਦਾ ਪ੍ਰਬੰਧਨ ਅਤੇ ਰਾਹਤ ਤੇ ਬਚਾਅ  ਦੇ ਕੰਮ ਵਿੱਚ ਜੋ ਜੁਟਦੇ ਹਨ, ਦੂਸਰਿਆਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾਉਣ ਵਾਲੇ ਅਜਿਹੇ ਸੂਰਵੀਰਾਂ ਨੂੰ, ਪੁਲਿਸ ਦੇ ਜਵਾਨਾਂ ਨੂੰ ਹੁਣ ਹਰ ਸਾਲ ਨੇਤਾ ਜੀ  ਦੇ ਨਾਮ ਤੋਂ ਇੱਕ ਸਨਮਾਨ ਦਿੱਤਾ ਜਾਵੇਗਾ। ਦੇਸ਼ ਦੀ ਸ਼ਾਨ ਨੂੰ ਵਧਾਉਣ ਵਾਲੇ ਸਾਡੇ ਪੁਲਿਸ  ਦੇ ਜਵਾਨ, ਪੈਰਾਮਿਲਟਰੀ ਫੋਰਸ ਦੇ ਜਵਾਨ ਇਸ ਦੇ ਹੱਕਦਾਰ ਹੋਣਗੇ ।

ਸਾਥੀਓ, ਦੇਸ਼ ਦਾ ਸੰਤੁਲਤ ਵਿਕਾਸ ਸਮਾਜ ਦੇ ਹਰੇਕ ਪੱਧਰ ’ਤੇ, ਹਰੇਕ ਵਿਅਕਤੀ ਨੂੰ ਰਾਸ਼ਟਰ ਨਿਰਮਾਣ ਦੇ ਮੌਕੇ, ਰਾਸ਼ਟਰ ਦੀ ਪ੍ਰਗਤੀ ਵਿੱਚ ਉਸ ਦੀ ਭੂਮਿਕਾ ਨੇਤਾ ਜੀ  ਦੇ ਵਿਸ਼ਾਲ ਵਿਜ਼ਨ ਦਾ ਇੱਕ ਅਹਿਮ ਹਿੱਸਾ ਹੈ। ਨੇਤਾ ਜੀ ਦੀ ਅਗਵਾਈ ਵਿੱਚ ਬਣੀ ਆਜ਼ਾਦ ਹਿੰਦ ਸਰਕਾਰ ਨੇ ਵੀ ਪੂਰਬੀ ਭਾਰਤ ਨੂੰ ਭਾਰਤ ਦੀ ਅਜ਼ਾਦੀ ਦਾ gateway ਬਣਾਇਆ ਸੀ । ਅਪ੍ਰੈਲ 1944 ਵਿੱਚ ਕਰਨਲ ਸ਼ੌਕਮ ਮਲਿਕ ਦੀ ਅਗਵਾਈ ਵਿੱਚ ਮਣੀਪੁਰ ਦੇ ਮੋਯਰਾਂਗ ਵਿੱਚ ਆਜ਼ਾਦ ਹਿੰਦ ਫੌਜ ਨੇ ਤਿਰੰਗਾ ਲਹਿਰਾਇਆ ਸੀ ।

ਇਹ ਵੀ ਸਾਡਾ ਦੁਰਭਾਗ ਰਿਹਾ ਹੈ ਕਿ ਅਜਿਹੀ ਬਹਾਦਰੀ ਨੂੰ ਅਜ਼ਾਦੀ ਦੇ ਅੰਦੋਲਨ ਵਿੱਚ ਉੱਤਰ-ਪੂਰਬ ਅਤੇ ਪੂਰਬੀ ਭਾਰਤ ਦੇ ਯੋਗਦਾਨ ਨੂੰ ਉਤਨਾ ਸਥਾਨ ਨਹੀਂ ਮਿਲ ਸਕਿਆ। ਵਿਕਾਸ ਦੀ ਦੌੜ ਵਿੱਚ ਵੀ ਦੇਸ਼ ਦਾ ਇਹ ਅਹਿਮ ਅੰਗ ਪਿੱਛੇ ਰਹਿ ਗਿਆ । ਅੱਜ ਮੈਨੂੰ ਤਸੱਲੀ ਹੁੰਦੀ ਹੈ ਕਿ ਜਿਸ ਪੂਰਬੀ ਭਾਰਤ ਦਾ ਮਹੱਤਵ ਸੁਭਾਸ਼ ਬਾਬੂ ਨੇ ਸੱਮਝਿਆ, ਉਸ ਨੂੰ ਵਰਤਮਾਨ ਸਰਕਾਰ ਵੀ ਉਤਨਾ ਹੀ ਮਹੱਤਵ ਦੇ ਰਹੀ ਹੈ,  ਉਸੇ ਦਿਸ਼ਾ ਵਿੱਚ ਲੈ ਜਾ ਰਹੀ ਹੈ, ਇਸ ਖੇਤਰ ਨੂੰ ਦੇਸ਼ ਦੇ ਵਿਕਾਸ ਦਾ growth engine ਬਣਾਉਣ ਲਈ ਕੰਮ ਕਰ ਰਹੀ ਹੈ ।

ਭਾਈਓ ਅਤੇ ਭੈਣੋਂ, ਮੈਂ ਖ਼ੁਦ ਨੂੰ ਸੁਭਾਗਸ਼ਾਲੀ ਮੰਨਦਾ ਹਾਂ ਕਿ ਦੇਸ਼ ਲਈ ਨੇਤਾ ਜੀ ਨੇ ਜੋ ਕੁਝ ਵੀ ਦਿੱਤਾ; ਉਸ ਨੂੰ ਦੇਸ਼ ਦੇ ਸਾਹਮਣੇ ਰੱਖਣ ਦਾ, ਉਨ੍ਹਾਂ ਦੇ ਦਿਖਾਏ ਰਸਤੇ ’ਤੇ ਚਲਣ ਦਾ ਮੈਨੂੰ ਵਾਰ-ਵਾਰ ਮੌਕਾ ਮਿਲਿਆ ਹੈ । ਅਤੇ ਇਸ ਲਈ ਜਦੋਂ ਮੈਨੂੰ ਅੱਜ ਦੇ ਇਸ ਆਯੋਜਨ ਵਿੱਚ ਆਉਣ ਦਾ ਸੱਦਾ ਮਿਲਿਆ ਤਾਂ ਮੈਨੂੰ ਗੁਜਰਾਤ ਦੇ ਦਿਨਾਂ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਕਾਰਜਾਂ ਦੀ ਯਾਦ ਵੀ ਤਾਜ਼ਾ ਹੋ ਗਈ ।

ਸਾਥੀਓ, ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ, ਤਦ 2009 ਵਿੱਚ ਇਤਿਹਾਸਕ ਹਰੀਪੂਰਾ ਕਾਂਗਰਸ,  ਕਾਂਗਰਸ ਦਾ ਇਜਲਾਸ ਸੀ । ਹਰੀਪੁਰਾ ਕਾਂਗਰਸ ਦੇ ਇਜਲਾਸ ਦੀ ਯਾਦ ਨੂੰ ਅਸੀਂ ਇੱਕ ਤਰ੍ਹਾਂ ਨਾਲ ਫਿਰ ਜਾਗ੍ਰਿਤ ਕੀਤਾ ਸੀ । ਉਸ ਇਜਲਾਸ ਵਿੱਚ ਜਿਸ ਤਰ੍ਹਾਂ ਸਰਦਾਰ ਵੱਲਭ ਭਾਈ ਪਟੇਲ ਨੇ, ਗੁਜਰਾਤ ਦੇ ਲੋਕਾਂ ਨੇ ਨੇਤਾ ਜੀ ਨੂੰ ਕਾਂਗਰਸ ਪ੍ਰਧਾਨ ਬਣਨ ਦੇ ਬਾਅਦ ਬੈਲਗੱਡੀਆਂ ਵਿੱਚ ਬਿਠ ਕੇ ਬਹੁਤ ਵੱਡਾ ਜਲੂਸ ਕੱਢਿਆ ਸੀ, ਉਸੇ ਤਰ੍ਹਾਂ ਦਾ ਹੀ, ਯਾਨੀ ਜੋ ਇੱਕ ਸ਼ਾਨਦਾਰ ਆਯੋਜਨ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਦਾ ਹੀ ਦ੍ਰਿਸ਼ ਅਸੀਂ ਦੁਬਾਰਾ 2009 ਵਿੱਚ, ਉੱਥੇ ਹੀ ਖੜ੍ਹਾ ਕਰਕੇ ਇਤਿਹਾਸ ਨੂੰ ਪੁਨਰਜੀਵਿਤ ਕੀਤਾ ਸੀ। ਭਲੇ ਹੀ ਉਹ ਕਾਂਗਰਸ ਦਾ ਇਜਲਾਸ ਸੀ, ਲੇਕਿਨ ਉਹ ਇਤਿਹਾਸ ਦਾ ਪੰਨਾ ਸੀ, ਅਸੀਂ ਉਸ ਨੂੰ ਜੀ ਕੇ ਦਿਖਾਇਆ ਸੀ ।

ਸਾਥੀਓ, ਅਜ਼ਾਦੀ ਲਈ ਜੋ ਸਮਰਪਿਤ ਹੋਏ, ਉਹ ਉਨ੍ਹਾਂ ਦਾ ਸੁਭਾਗ ਸੀ । ਸਾਡੇ ਜਿਹੇ ਲੋਕ ਜਿਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਿਆ ਹੈ, ਸਾਡੇ ਕੋਲ ਦੇਸ਼ ਲਈ ਜਿਊਣ ਦਾ,  ਵਿਕਾਸ ਲਈ ਸਮਰਪਿਤ ਹੋਣ ਦਾ,  ਸਾਡੇ ਸਾਰਿਆਂ ਲਈ ਰਸਤਾ ਖੁੱਲ੍ਹਾ ਪਿਆ ਹੈ। ਲੱਖਾਂ ਕੁਰਬਾਨੀਆਂ ਦੇ ਕੇ ਅਸੀਂ ਸਵਰਾਜ ਤੱਕ ਪੁੱਜੇ ਹਾਂ ।  ਹੁਣ ਸਾਡੇ ਸਾਰਿਆਂ ’ਤੇ, ਸਵਾ ਸੌ ਕਰੋੜ ਭਾਰਤੀਆਂ ’ਤੇ ਇਸ ਸਵਰਾਜ ਨੂੰ ਸੁਰਾਜ ਦੇ ਨਾਲ ਬਣਾਈ ਰੱਖਣ ਦੀ ਚੁਣੌਤੀ ਹੈ। ਨੇਤਾ ਜੀ ਨੇ ਕਿਹਾ ਸੀ – ‘ਹਥਿਆਰਾਂ ਦੀ ਤਾਕਤ ਅਤੇ ਖੂਨ ਦੀ ਕੀਮਤ ਤੋਂ ਤੁਸੀਂ ਅਜ਼ਾਦੀ ਪ੍ਰਾਪਤ ਕਰਨੀ ਹੈ । ਫਿਰ ਜਦੋਂ ਭਾਰਤ ਆਜ਼ਾਦ ਹੋਵੇਗਾ ਤਾਂ ਦੇਸ਼ ਲਈ ਤੁਹਾਨੂੰ ਸਥਾਈ ਸੈਨਾ ਬਣਾਉਣੀ ਹੋਵੇਗੀ, ਜਿਸ ਦਾ ਕੰਮ ਹੋਵੇਗਾ ਸਾਡੀ ਅਜ਼ਾਦੀ ਨੂੰ ਹਮੇਸ਼ਾ ਬਣਾਏ ਰੱਖਣਾ।

ਅੱਜ ਮੈਂ ਕਹਿ ਸਕਦਾ ਹਾਂ ਕਿ ਭਾਰਤ ਇੱਕ ਅਜਿਹੀ ਸੈਨਾ ਦੇ ਨਿਰਮਾਣ ਵੱਲ ਵੱਧ ਰਿਹਾ ਹੈ ਜਿਸ ਦਾ ਸੁਪਨਾ ਨੇਤਾ ਜੀ ਸੁਭਾਸ਼ ਬੋਸ ਨੇ ਦੇਖਿਆ ਸੀ । ਜੋਸ਼, ਜਨੂਨ ਅਤੇ ਜਜ਼ਬਾ, ਇਹ ਤਾਂ ਸਾਡੀ ਸੈਨਾ ਦੀ ਪਰੰਪਰਾ ਦਾ ਹਿੱਸਾ ਰਿਹਾ ਹੀ ਹੈ, ਹੁਣ ਟੈਕਨੋਲੋਜੀ ਅਤੇ ਆਧੁਨਿਕ ਹਥਿਆਰਾਂ ਦੀ ਸ਼ਕਤੀ ਵੀ ਉਸ ਦੇ ਨਾਲ ਜੋੜੀ ਜਾ ਰਹੀ ਹੈ । ਸਾਡੀ ਮਿਲਟਰੀ ਤਾਕਤ ਹਮੇਸ਼ਾ ਤੋਂ ਆਤਮ ਰੱਖਿਆ ਲਈ ਹੀ ਰਹੀ ਹੈ ਅਤੇ ਅੱਗੇ ਵੀ ਰਹੇਗੀ । ਸਾਨੂੰ ਕਦੇ ਕਿਸੇ ਦੂਜੇ ਦੀ ਭੂਮੀ ਦਾ ਲਾਲਚ ਨਹੀਂ ਰਿਹਾ । ਸਾਡਾ ਸਦੀਆਂ ਤੋਂ ਇਤਿਹਾਸ ਹੈ,  ਲੇਕਿਨ ਭਾਰਤ ਦੀ ਸੰਪ੍ਰਭੂਤਾ ਲਈ ਜੋ ਵੀ ਚੁਣੋਤੀ ਬਣੇਗਾ ਉਸਨੂੰ ਦੁੱਗਣੀ ਤਾਕਤ ਨਾਲ ਜਵਾਬ ਮਿਲੇਗਾ।

ਸਾਥੀਓ, ਸੈਨਾ ਨੂੰ ਹਥਿਆਰਬੰਦ ਕਰਨ ਲਈ ਬੀਤੇ ਚਾਰ ਵਰ੍ਹਿਆਂ ਵਿੱਚ ਅਨੇਕ ਕਦਮ ਉਠਾਏ ਗਏ ਹਨ ।  ਦੁਨੀਆ ਦੀ best technology ਨੂੰ ਭਾਰਤੀ ਸੈਨਾ ਦਾ ਹਿੱਸਾ ਬਣਾਇਆ ਜਾ ਰਿਹਾ ਹੈ । ਸੈਨਾ ਦੀ ਸਮਰੱਥਾ ਹੋਵੇ ਜਾਂ ਫਿਰ ਬਹਾਦਰ ਜਵਾਨਾਂ ਦੇ ਜੀਵਨ ਨੂੰ ਸੁਗਮ ਅਤੇ ਸਰਲ ਬਣਾਉਣ ਦਾ ਕੰਮ ਹੋਵੇ –  ਵੱਡੇ ਅਤੇ ਸਖ਼ਤ ਫੈਸਲੇ ਕਰਨ ਦਾ ਸਾਹਸ ਇਸ ਸਰਕਾਰ ਵਿੱਚ ਹੈ ਅਤੇ ਇਹ ਅੱਗੇ ਵੀ ਬਰਕਰਾਰ ਰਹੇਗਾ। Surgical strike ਤੋਂ ਲੈ ਕੇ ਨੇਤਾ ਜੀ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕਰਨ ਤੱਕ ਦਾ ਫੈਸਲਾ ਸਾਡੀ ਹੀ ਸਰਕਾਰ ਨੇ ਕੀਤਾ ਹੈ। ਇੱਥੇ ਮੌਜੂਦ ਅਨੇਕ ਸਾਬਕਾ ਸੈਨਿਕ ਇਸ ਗੱਲ ਦੇ ਵੀ ਸਾਖਸ਼ੀ ਹਨ ਕਿ ਦਹਾਕਿਆਂ ਤੋਂ ਚਲੀ ਆ ਰਹੀ One Rank One Pension ਦੀ ਮੰਗ ਨੂੰ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਪੂਰਾ ਕਰ ਦਿੱਤਾ ਹੈ ।

ਇਤਨਾ ਹੀ ਨਹੀਂ , ਕਰੀਬ 11,000 ਕਰੋੜ ਰੁਪਏ ਦਾ arrear ਵੀ ਸਾਬਕਾ ਸੈਨਿਕਾਂ ਤੱਕ ਪਹੁੰਚਾਇਆ ਗਿਆ ਹੈ, ਜਿਸ ਦਾ ਲੱਖਾਂ ਸਾਬਕਾ ਸੈਨਿਕਾਂ ਨੂੰ ਲਾਭ ਮਿਲਿਆ ਹੈ । ਇਸ ਦੇ ਨਾਲ-ਨਾਲ ਸੱਤਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ’ਤੇ ਜੋ ਪੈਨਸ਼ਨ ਤੈਅ ਕੀਤੀ ਗਈ ਹੈ, ਉਹ ਵੀ OROP  ( One Rank One Pension)  ਲਾਗੂ ਹੋਣ  ਦੇ ਬਾਅਦ ਤੈਅ ਪੈਨਸ਼ਨ ਦੇ ਅਧਾਰ ’ਤੇ ਵਧੀ ਹੈ । ਯਾਨੀ ਮੇਰੇ ਫੌਜੀ ਭਾਈਆਂ ਨੂੰ ਪੈਨਸ਼ਨ ’ਤੇ double bonanza ਮਿਲਿਆ ਹੈ ।

ਅਜਿਹੇ ਅਨੇਕ ਯਤਨ ਸਾਬਕਾ ਸੈਨਿਕਾਂ ਦੇ ਜੀਵਨ ਨੂੰ ਸਰਲ ਅਤੇ ਸੁਗਮ ਬਣਾਉਣ ਲਈ ਕੀਤੇ ਗਏ ਹਨ। ਇਸ ਤੋਂ ਇਲਾਵਾ ਸੈਨਿਕਾਂ ਦੀ ਬਹਾਦਰੀ ਨੂੰ ਭਾਵੀ ਪੀੜ੍ਹੀਆਂ ਜਾਣ ਸਕਣ, ਇਸ ਦੇ ਲਈ National War Museum ਕਾਰਜ ਵੀ ਹੁਣ ਆਖ਼ਿਰੀ ਪੜਾਅ ’ਤੇ ਪਹੁੰਚ ਚੁੱਕਿਆ ਹੈ ।

ਸਾਥੀਓ,  ਕੱਲ੍ਹ ,  ਯਾਨੀ 22 ਅਕਤੂਬਰ ਨੂੰ Rani Jhansi Regiment  ਦੇ ਵੀ 75 ਸਾਲ ਪੂਰੇ ਹੋ ਰਹੇ ਹਨ ।  ਹਥਿਆਰਬੰਦ ਸੈਨਾ ਵਿੱਚ ਔਰਤਾਂ ਦੀ ਵੀ ਬਰਾਬਰੀ ਦੀ ਭਾਗੀਦਾਰੀ ਹੋਵੇ,  ਇਸ ਦੀ ਨੀਂਹ ਵੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਹੀ ਰੱਖੀ ਸੀ।  ਦੇਸ਼ ਦੀ ਪਹਿਲੀ ਹਥਿਆਰਬੰਦ ਮਹਿਲਾ ਰੈਜੀਮੈਂਟ ਭਾਰਤ ਦੀਆਂ ਸਮ੍ਰਿੱਧ ਪਰੰਪਰਾਵਾਂ ਪ੍ਰਤੀ ਸੁਭਾਸ਼ ਬਾਬੂ  ਦੇ ਅਥਾਹ ਵਿਸ਼ਵਾਸ ਦਾ ਨਤੀਜਾ ਸੀ । ਤਮਾਮ ਵਿਰੋਧਾਂ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਨੇ ਮਹਿਲਾ ਸੈਨਿਕਾਂ ਦੀ ਸਲਾਮੀ ਲਈ ਸੀ।

ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਨੇਤਾ ਜੀ ਨੇ ਜੋ ਕੰਮ 75 ਸਾਲ ਪਹਿਲਾਂ ਸ਼ੁਰੂ ਕੀਤਾ ਸੀ,  ਉਸ ਨੂੰ          ਸਹੀ ਅਰਥਾਂ ਵਿੱਚ ਅੱਗੇ ਵਧਾਉਣ ਦਾ ਕੰਮ ਇਸ ਸਰਕਾਰ ਨੇ ਕੀਤਾ ਹੈ।  ਇਸ 15 ਅਗਸਤ ਨੂੰ ਮੈਂ ਇੱਥੇ ਲਾਲ‍ ਕਿਲੇ ਤੋਂ ਇੱਕ ਬਹੁਤ ਵੱਡਾ ਐਲਾਨ ਕੀਤਾ ਸੀ- ਮੈਂ ਕਿਹਾ ਸੀ ਕਿ ਹਥਿਆਰਬੰਦ ਸੈਨਾ ਵਿੱਚ Short Service Commission  ਰਾਹੀਂ ਨਿਯੁਕਤ  ਮਹਿਲਾ ਅਧਿਕਾਰੀਆਂ ਨੂੰ ਪੁਰਸ਼ ਅਧਿਕਾਰੀਆਂ ਦੀ ਤਰ੍ਹਾਂ ਹੀ ਇੱਕ ਪਾਰਦਰਸ਼ੀ ਚੋਣ ਪ੍ਰਕ੍ਰਿਰਿਆ ਰਾਹੀਂ ਸਥਾਈ ਕਮਿਸ਼ਨ ਦਿੱਤਾ ਜਾਵੇਗਾ।

ਸਾਥੀਓ,  ਇਹ ਸਰਕਾਰ  ਦੇ ਉਨ੍ਹਾਂ ਯਤਨਾਂ ਦਾ ਵਿਸਤਾਰ ਹੈ, ਜੋ ਬੀਤੇ ਚਾਰ ਵਰ੍ਹਿਆਂ ਤੋਂ  ਉਠਾਏ ਗਏ ਹਨ।  ਮਾਰਚ,  2016 ਵਿੱਚ ਨੇਵੀ ਵਿੱਚ ਔਰਤਾਂ ਨੂੰ ਪਾਇਲਟ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।  ਕੁਝ ਦਿਨ ਪਹਿਲਾਂ ਹੀ ਨੌਸੈਨਾ ਦੀਆਂ 6 ਜਾਂਬਾਜ਼ ਮਹਿਲਾ ਅਧਿਕਾਰੀਆਂ ਨੇ ਸਮੁੰਦਰ ਨੂੰ ਜਿੱਤਕੇ ਵਿਸ਼ਵ  ਨੂੰ ਭਾਰਤ ਦੀ  ਨਾਰੀ-ਸ਼ਕਤੀ ਤੋਂ ਜਾਣੂ ਕਰਵਾਇਆ ਹੈ ।  ਇਸ ਦੇ ਇਲਾਵਾ ਦੇਸ਼ ਨੂੰ ਪਹਿਲੀ ਮਹਿਲਾ ਫਾਈਟਰ ਪਾਇਲਟ ਦੇਣ ਦਾ ਕੰਮ ਵੀ ਇਸੇ ਸਰਕਾਰ  ਦੇ ਦੌਰਾਨ ਹੋਇਆ ਹੈ ।

ਮੈਨੂੰ ਇਸ ਗੱਲ ਦੀ ਵੀ ਤਸੱਲੀ ਹੈ ਕਿ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਹਥਿਆਰਬੰਦ ਕਰਨ, ਦੇਖ-ਰੇਖ ਕਰਨ ਦਾ ਜ਼ਿੰਮਾ ਵੀ ਦੇਸ਼ ਦੀ ਪਹਿਲੀ, ਦੇਸ ਦੀ ਪਹਿਲੀ ਰੱਖਿਆ ਮੰਤਰੀ ਸੀਤਾਰਮਣ ਜੀ ਦੇ ਹੱਥ ਵਿੱਚ ਹੈ।

ਸਾਥੀਓ, ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਹਥਿਆਰਬੰਦ ਬਲਾਂ ਦੇ ਕੌਸ਼ਲ ਅਤੇ ਸਮਰਪਣ ਨਾਲ ਦੇਸ਼ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ, ਸਮਰੱਥ ਹੈ ਅਤੇ ਵਿਕਾਸ ਦੇ ਪਥ ‘ਤੇ ਸਹੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਟੀਚੇ ਨੂੰ ਪ੍ਰਾਪਤ ਕਰਨ ਲਈ ਦੌੜ ਰਿਹਾ ਹੈ।

ਇੱਕ ਵਾਰ ਫਿਰ, ਆਪ ਸਾਰਿਆਂ ਨੂੰ, ਦੇਸ਼ ਵਾਸੀਆਂ ਨੂੰ, ਇਸ ਮਹੱਤਵਪੂਰਨ ਮੌਕੇ ‘ਤੇ ਹਿਰਦੇਪੂਰਵਕ ਬਹੁਤ-ਬਹੁਤ ਵਧਾਈ ਦਿੰਦਾਂ ਹਾਂ। ਏਕਤਾ, ਅਖੰਡਤਾ ਅਤੇ ਆਤਮਵਿਸ਼ਵਾਸ ਦੀ ਸਾਡੀ ਇਹ ਯਾਤਰਾ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਅਸ਼ੀਰਵਾਦ ਨਾਲ ਨਿਰੰਤਰ ਅੱਗੇ ਵਧੇ।

ਇਸੇ ਦੇ ਨਾਲ ਮੇਰੇ ਨਾਲ ਸਭ ਬੋਲਣਗੇ-

ਭਾਰਤ ਮਾਤਾ ਕੀ – ਜੈ (ਜੈ)

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਵੰਦੇ – ਮਾਤਰਮ

ਵੰਦੇ – ਮਾਤਰਮ

ਵੰਦੇ – ਮਾਤਰਮ

ਬਹੁਤ-ਬਹੁਤ ਧੰਨਵਾਦ

****

ਅਤੁਲ ਤਿਵਾਰੀ/ਵੰਦਨਾ ਜਾਟਵ/ਨਿਰਮਲ ਸ਼ਰਮਾ