Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਸੀਆਨ -ਭਾਰਤ : ਸਾਂਝੀਆਂ ਕਦਰਾਂ-ਕੀਮਤਾਂ, ਸਾਂਝੀ ਤਕਦੀਰ—ਨਰੇਂਦਰ ਮੋਦੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਸੀਆਨ-ਭਾਰਤ ਭਾਈਵਾਲੀ ਬਾਰੇ ਆਪਣੇ ਵਿਚਾਰ ਇੱਕ ਲੇਖ ਜਿਸ ਦਾ ਸਿਰਲੇਖ ‘ਆਸੀਆਨ-ਭਾਰਤ ਸਾਂਝੀਆਂ ਕਦਰਾਂ-ਕੀਮਤਾਂ, ਸਾਂਝੀ ਤਕਦੀਰ’ ਵਿੱਚ ਸਾਂਝੇ ਕੀਤੇ ਹਨ। ਇਹ ਲੇਖ ਆਸੀਆਨ ਮੈਂਬਰ ਦੇਸ਼ਾਂ ਦੇ ਕਈ ਪ੍ਰਮੁੱਖ ਰੋਜ਼ਾਨਾ ਅਖ਼ਬਾਰਾਂ ਵਿੱਚ ਛਪਿਆ ਹੈ। ਲੇਖ ਦਾ ਪੂਰਾ ਮੂਲ-ਪਾਠ ਹੇਠ ਲਿਖੇ ਅਨੁਸਾਰ ਹੈ—

ਆਸੀਆਨ-ਭਾਰਤ :ਸਾਂਝੀਆਂ ਕਦਰਾਂ-ਕੀਮਤਾਂ, ਸਾਂਝੀ ਤਕਦੀਰ

ਵੱਲੋਂ-ਸ੍ਰੀ ਨਰੇਂਦਰ ਮੋਦੀ

ਅੱਜ ਭਾਰਤ ਦੇ 1.25 ਅਰਬ ਵਸਨੀਕਾਂ ਨੂੰ ਆਸੀਆਨ ਦੇਸ਼ਾਂ ਦੇ 10 ਮਾਣਯੋਗ ਮਹਿਮਾਨਾਂ—ਆਸੀਆਨ ਦੇਸ਼ਾਂ ਦੇ ਆਗੂਆਂ—ਦੀ ਭਾਰਤ ਦੇ ਗਣਤੰਤਰ ਦਿਵਸ ਉੱਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੇਜ਼ਬਾਨੀ ਕਰਨ ਦਾ ਮੌਕਾ ਮਿਲੇਗਾ।

ਵੀਰਵਾਰ ਨੂੰ, ਮੈਨੂੰ ਆਸੀਆਨ-ਭਾਰਤ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਆਯੋਜਿਤ ਯਾਦਗਾਰੀ ਸਿਖਰ ਸੰਮੇਲਨ ਵਿੱਚ ਆਸੀਆਨ ਆਗੂਆਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਸੀ। ਸਾਡੇ ਕੋਲ ਉਨ੍ਹਾਂ ਦੀ ਮੌਜੂਦਗੀ ਆਸੀਆਨ ਦੇਸ਼ਾਂ ਦਾ ਇੱਕ ਸਦਭਾਵਨਾ ਭਰਿਆ ਕਦਮ ਸੀ। ਇਸ ਦੇ ਜਵਾਬ ਵਿੱਚ , ਸਰਦੀਆਂ ਦੀ ਇੱਕ ਸਵੇਰ ਵੇਲੇ, ਭਾਰਤ ਨੂੰ ਅੱਜ ਉਨ੍ਹਾਂ ਦੇ ਨਿੱਘੇ ਸਵਾਗਤ ਦਾ ਮੌਕਾ ਮਿਲਿਆ ।

ਇਹ ਕੋਈ ਸਧਾਰਨ ਆਯੋਜਨ ਨਹੀਂ ਹੈ। ਇਹ ਉਸ ਵਰਣਨਯੋਗ ਯਾਤਰਾ ਵਿੱਚ ਇੱਕ ਇਤਿਹਾਸਕ ਮੀਲਪੱਥਰ ਹੈ ਜਿਸ ਨੇ ਭਾਰਤ ਅਤੇ ਆਸੀਆਨ ਨੂੰ ਆਪਣੇ 1.9 ਅਰਬ ਦੇਸ਼ ਵਾਸੀਆਂ, ਯਾਨੀ ਦੁਨੀਆ ਦੀ ਇੱਕ ਚੌਥਾਈ ਅਬਾਦੀ ਲਈ ਕਾਫੀ ਅਹਿਮ ਵਾਅਦਿਆਂ ਨਾਲ ਭਰੀ ਆਪਸੀ ਭਾਈਵਾਲੀ ਦੇ ਇੱਕ ਸੂਤਰ ਵਿੱਚ ਬੰਨ੍ਹ ਦਿੱਤਾ ਹੈ।

ਭਾਰਤ-ਆਸੀਆਨ ਭਾਈਵਾਲੀ ਸਿਰਫ 25 ਸਾਲ ਪੁਰਾਣੀ ਹੋ ਸਕਦੀ ਹੈ। ਪਰ ਦੱਖਣੀ-ਏਸ਼ਿਆਈ ਖੇਤਰ ਨਾਲ ਭਾਰਤ ਦੇ ਸਬੰਧ 2 ਹਜ਼ਾਰ ਸਾਲਾਂ ਤੋਂ ਵੀ ਵੱਧ ਪੁਰਾਣੇ ਹੋ ਸਕਦੇ ਹਨ। ਸ਼ਾਂਤੀ ਅਤੇ ਮਿੱਤਰਤਾ, ਧਰਮ ਅਤੇ ਸੱਭਿਆਚਾਰ ਵਿੱਚ ਸਾਡੇ ਲੰਬੇ ਸਮੇਂ ਤੱਕ ਚੱਲਣ ਵਾਲੇ ਇਹ ਸਬੰਧ ਹੁਣ ਹਰ ਖੇਤਰ ਵਿੱਚ ਫੈਲੇ ਹੋਏ ਹਨ ਅਤੇ ਲੋਕਾਂ ਵਿੱਚ ਅਨੋਖੀ ਸੌਖ ਅਤੇ ਇੱਕਸਾਰਤਾ ਦਾ ਪ੍ਰਤੀਕ ਬਣ ਗਏ ਹਨ।

ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤ ਨੇ ਆਪਣੇ ਆਪ ਨੂੰ ਵਿਸ਼ਵ ਦੀਆਂ ਨਿਰਮਾਣਾਤਮਕ ਤਬਦੀਲੀਆਂ ਲਈ ਖੋਲ੍ਹਿਆ ਹੋਇਆ ਸੀ ਅਤੇ ਸਦੀਆਂ ਤੋਂ ਜੋ ਪ੍ਰਵਿਰਤੀ ਚਲੀ ਆ ਰਹੀ ਸੀ ਉਹ ਕੁਦਰਤੀ ਤੌਰ ’ਤੇ ਪੂਰਬ ਵੱਲ ਮੁੜ ਪਈ। ਇਸ ਤਰ੍ਹਾਂ ਭਾਰਤ ਦੇ ਪੂਰਬ ਨਾਲ ਪੁਨਰਗਠਨ ਦੀ ਇੱਕ ਨਵੀਂ ਯਾਤਰਾ ਸ਼ੁਰੂ ਹੋਈ। ਭਾਰਤ ਲਈ ਆਸੀਆਨ ਅਤੇ ਪੂਰਬੀ ਏਸ਼ੀਆ ਤੋਂ ਉੱਤਰ ਅਮਰੀਕਾ ਤੱਕ ਜੋ ਸਾਡੇ ਪ੍ਰਮੁੱਖ ਭਾਈਵਾਲ ਅਤੇ ਮਾਰਕੀਟਾਂ ਸਨ, ਉਹ ਪੂਰਬ ਵਿੱਚ ਹੀ ਸਨ ਅਤੇ ਦੱਖਣ ਪੂਰਬੀ ਏਸ਼ੀਆ ਅਤੇ ਆਸੀਆਨ, ਜੋ ਕਿ ਜ਼ਮੀਨੀ ਅਤੇ ਸਮੁੰਦਰੀ ਰਸਤੇ ਤੋਂ ਸਾਡੇ ਗੁਆਂਢੀ ਸਨ, ਉਹ ਸਾਡੀ ਪਿਛਲੇ ਤਿੰਨ ਸਾਲ ਤੋਂ ਪੂਰਬ ਵੱਲ ਵੇਖੋ ਅਤੇ ਪੂਰਬ ਪ੍ਰਤੀ ਕੰਮ ਕਰੋ (ਐਕਟ ਈਸਟ)ਦੀ ਨੀਤੀ ਦਾ ਸਿੱਟਾ ਹਨ।

ਇਸ ਦੇ ਨਾਲ ਹੀ ਗੱਲਬਾਤ ਦੇ ਭਾਈਵਾਲ ਦੇ ਤੌਰ ‘ਤੇ ਆਸੀਆਨ ਅਤੇ ਭਾਰਤ ਹੁਣ ਰਣਨੀਤਕ ਭਾਈਵਾਲ ਵੀ ਬਣ ਗਏ ਹਨ। ਅਸੀਂ ਆਪਣੀ ਵਿਸਤ੍ਰਿਤ ਭਾਈਵਾਲੀ ਨੂੰ 30 ਢੰਗਾਂ ਰਾਹੀਂ ਅੱਗੇ ਵਧਾਇਆ ਹੈ। ਹਰ ਆਸੀਆਨ ਮੈਂਬਰ ਨਾਲ ਸਾਡੀ ਵੱਧ ਰਹੀ ਡਿਪਲੋਮੈਟਿਕ, ਆਰਥਿਕ ਅਤੇ ਸੁਰੱਖਿਆ ਭਾਈਵਾਲੀ ਹੈ। ਅਸੀਂ ਆਪਣੇ ਸਮੁੰਦਰਾਂ ਨੂੰ ਸੁਰੱਖਿਅਤ ਬਣਾਈ ਰੱਖਣ ਲਈ ਮਿਲ ਕੇ ਕੰਮ ਕਰ ਰਹੇ ਹਾਂ। ਸਾਡੇ ਵਪਾਰ ਅਤੇ ਨਿਵੇਸ਼ ਵਿੱਚ ਸਮੇਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਆਸੀਆਨ ਭਾਰਤ ਦਾ ਚੌਥਾ ਵੱਡਾ ਵਪਾਰਕ ਭਾਈਵਾਲ ਹੈ ਅਤੇ ਭਾਰਤ ਆਸੀਆਨ ਦਾ ਸੱਤਵਾਂ ਭਾਈਵਾਲ ਹੈ। ਭਾਰਤ ਦਾ 20% ਤੋਂ ਵੱਧ ਨਿਵੇਸ਼ ਆਸੀਆਨ ਦੇਸ਼ਾਂ ਨਾਲ ਹੁੰਦਾ ਹੈ। ਸਿੰਗਾਪੁਰ ਦੀ ਅਗਵਾਈ ਵਿੱਚ ਆਸੀਆਨ ਭਾਰਤ ਵਿੱਚ ਨਿਵੇਸ਼ ਦਾ ਵੱਡਾ ਸੋਮਾ ਹੈ। ਖੇਤਰ ਵਿੱਚ ਭਾਰਤ ਨੇ ਜੋ ਵਪਾਰ ਸਮਝੌਤੇ ਕੀਤੇ ਹਨ, ਉਹ ਪੁਰਾਣੇ ਹਨ ਅਤੇ ਬਹੁਤ ਖਾਹਿਸ਼ੀ ਹਨ।

ਹਵਾਈ ਸੰਪਰਕ ਤੇਜ਼ੀ ਨਾਲ ਫੈਲ ਰਹੇ ਹਨ ਅਤੇ ਅਸੀਂ ਆਪਣੇ ਹਾਈਵੇਜ਼ ਉੱਤਰ -ਪੂਰਬੀ ਏਸ਼ੀਆ ਵਿੱਚ ਪਹਿਲ ਦੇ ਅਧਾਰ ਉੱਤੇ ਵਰਤੋਂ ਲਈ ਦੇ ਰਹੇ ਹਾਂ। ਵੱਧ ਰਹੀ ਕੁਨੈਕਟੀਵਿਟੀ ਨਾਲ ਨੇੜਤਾ ਵਧੀ ਹੈ। ਇਸ ਨੇ ਭਾਰਤ ਨੂੰ ਦੱਖਣੀ -ਪੂਰਬੀ ਏਸ਼ੀਆ ਵਿੱਚ ਸੈਰ-ਸਪਾਟੇ ਦਾ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਸੋਮਾ ਬਣਾ ਦਿੱਤਾ ਹੈ। ਖੇਤਰ ਵਿੱਚ ਭਾਰਤ ਦੇ 6 ਮਿਲੀਅਨ ਲੋਕ ਇਨ੍ਹਾਂ ਦੇਸ਼ਾਂ ਵਿੱਚ ਗਏ ਹੋਏ ਹਨ ਜਿਸ ਨਾਲ ਵਿਭਿੰਨਤਾ ਵਧੀ ਹੈ ਅਤੇ ਅਸਾਧਾਰਨ ਮਨੁੱਖੀ ਸਬੰਧ ਮਜ਼ਬੂਤ ਹੋਏ ਹਨ।

ਪ੍ਰਧਾਨ ਮੰਤਰੀ ਨੇ ਆਸੀਆਨ ਦੇਸ਼ਾਂ ਬਾਰੇ ਆਪਣੇ ਵਿਚਾਰ ਹੇਠ ਲਿਖੇ ਅਨੁਸਾਰ ਪ੍ਰਗਟਾਏ ਹਨ —

ਥਾਈਲੈਂਡ

ਆਸੀਆਨ ਵਿੱਚ ਥਾਈਲੈਂਡ ਭਾਰਤ ਦੇ ਇੱਕ ਅਹਿਮ ਵਪਾਰਕ ਭਾਈਵਾਲ ਵਜੋਂ ਉੱਭਰਿਆ ਹੈ ਅਤੇ ਉਹ ਭਾਰਤ ਵਿੱਚ ਨਿਵੇਸ਼ ਕਰਨ ਵਾਲਾ ਅਹਿਮ ਦੇਸ਼ ਹੈ। ਭਾਰਤ ਅਤੇ ਥਾਈਲੈਂਡ ਦਰਮਿਆਨ ਦੋ-ਪੱਖੀ ਵਪਾਰ ਪਿਛਲੇ ਦਹਾਕੇ ਵਿੱਚ ਦੁੱਗਣੇ ਤੋਂ ਵੀ ਵੱਧ ਗਿਆ ਹੈ। ਭਾਰਤ ਅਤੇ ਥਾਈਲੈਂਡ ਦਰਮਿਆਨ ਸਬੰਧ ਕਈ ਖੇਤਰਾਂ ਵਿੱਚ ਫੈਲੇ ਹਨ। ਅਸੀਂ ਅਹਿਮ ਖੇਤਰੀ ਭਾਈਵਾਲ ਹਾਂ ਜੋ ਕਿ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਨੂੰ ਜੋੜਦੇ ਹਾਂ। ਅਸੀਂ ਆਸੀਆਨ, ਪੂਰਬ ਏਸ਼ੀਆ ਸਿਖਰ ਸੰਮੇਲਨ, ਬਿਮਸਟੈੱਕ (ਬੰਗਾਲ ਦੀ ਖਾੜੀ ਦੀ ਬਹੁ -ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਬਾਰੇ ਪਹਿਲਕਦਮੀ) ਵਿੱਚ ਅਹਿਮ ਖੇਤਰੀ ਭਾਈਵਾਲ ਹਾਂ ਅਤੇ ਮੇਕਾਂਗ ਗੰਗਾ ਸਹਿਯੋਗ, ਏਸ਼ੀਆ ਸਹਿਯੋਗ ਵਾਰਤਾ ਅਤੇ ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ ਵਿੱਚ ਵੀ ਸਾਡਾ ਆਪਸੀ ਅਹਿਮ ਸਹਿਯੋਗ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਦੇ 2016 ਵਿੱਚ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਦੁਵੱਲੇ ਸਬੰਧਾਂ ਉੱਤੇ ਡੂੰਘਾ ਪ੍ਰਭਾਵ ਪਿਆ ਸੀ।

ਜਦੋਂ ਥਾਈਲੈਂਡ ਦੇ ਹਰਮਨਪਿਆਰੇ ਰਾਜਾ ਭੂਮੀਬੋਲ ਅਦੁਲਿਆਦੇਜ ਦਾ ਦੁਖਦਾਈ ਅਕਾਲ ਚਲਾਣਾ ਹੋਇਆ ਸੀ ਤਾਂ ਭਾਰਤੀਆਂ ਨੇ ਵੀ ਆਪਣੇ ਥਾਈ ਭਰਾਵਾਂ ਅਤੇ ਭੈਣਾਂ ਨਾਲ ਮਿਲ ਕੇ ਦੁਖ ਮਨਾਇਆ ਸੀ। ਭਾਰਤ ਦੀ ਜਨਤਾ ਨੇ ਨਵੇਂ ਰਾਜੇ ਮਾਣਯੋਗ ਮਹਾਂਵਜੀਰਾਲੋਂਗਕੋਮ ਬੋਦਿਨਡੇਬੇਵਾਰਾਰੰਕੁਨ ਦੀ ਲੰਬੀ, ਖੁਸ਼ਹਾਲ ਅਤੇ ਸ਼ਾਂਤੀਪੂਰਨ ਮਿਆਦ ਲਈ ਪ੍ਰਾਰਥਨਾ ਵੀ ਕੀਤੀ।

ਵੀਅਤਨਾਮ

ਦੋਹਾਂ ਦੇਸ਼ਾਂ ਦੇ ਰਵਾਇਤੀ ਨਜ਼ਦੀਕੀ ਅਤੇ ਸਦਭਾਵਨਾ ਭਰੇ ਸਬੰਧਾਂ ਵਿੱਚ ਇਨ੍ਹਾਂ ਦੋਹਾਂ ਵੱਲੋਂ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਲਈ ਕੀਤੇ ਗਏ ਸੰਘਰਸ਼ ਦੀਆਂ ਜੜ੍ਹਾਂ ਕੰਮ ਕਰ ਰਹੀਆਂ ਹਨ। ਮਹਾਤਮਾ ਗਾਂਧੀ ਅਤੇ ਰਾਸ਼ਟਰਪਤੀ ਹੋ ਚੀ ਮਿਨ੍ਹ ਵਰਗੇ ਆਗੂਆਂ ਨੇ ਦੋਹਾਂ ਦੇਸ਼ਾਂ ਨੂੰ ਬਸਤੀਵਾਦ ਤੋਂ ਮੁਕਤੀ ਦਿਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ। 2007 ਵਿੱਚ ਪ੍ਰਧਾਨ ਮੰਤਰੀ ਨਗੂਯੇਨ ਤਾਨਡੁੰਗ ਦੇ ਭਾਰਤ ਦੌਰੇ ਦੌਰਾਨ ਅਸੀਂ ਫੌਜੀ ਭਾਈਵਾਲੀ ਸਮਝੌਤੇ ਉੱਤੇ ਦਸਤਖਤ ਕੀਤੇ। ਇਹ ਭਾਈਵਾਲੀ 2016 ਵਿੱਚ ਮੇਰੇ ਵੀਅਤਨਾਮ ਦੇ ਦੌਰੇ ਦੌਰਾਨ ਇੱਕ ਵਿਸਤ੍ਰਿਤ ਭਾਈਵਾਲੀ ਬਣ ਗਈ।

ਭਾਰਤ ਦੇ ਵੀਅਤਨਾਮ ਨਾਲ ਸਬੰਧ ਆਰਥਿਕ ਅਤੇ ਵਪਾਰਕ ਸਰਗਰਮੀਆਂ ਵਿੱਚ ਵਾਧੇ ਨੂੰ ਦਰਸਾ ਰਹੇ ਹਨ। ਭਾਰਤ ਅਤੇ ਵੀਅਤਨਾਮ ਦਰਮਿਆਨ ਦੋ-ਪੱਖੀ ਵਪਾਰ ਪਿਛਲੇ 10 ਸਾਲਾਂ ਵਿੱਚ 10 ਗੁਣਾ ਵਧਿਆ ਹੈ। ਰੱਖਿਆ ਸਹਿਯੋਗ ਸਾਡੀ ਰਣਨੀਤਕ ਭਾਈਵਾਲੀ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵਿਗਿਆਨ ਅਤੇ ਟੈਕਨੋਲੋਜੀ ਭਾਰਤ ਅਤੇ ਵੀਅਤਨਾਮ ਦਰਮਿਆਨ ਸਹਿਯੋਗ ਦੇ ਹੋਰ ਅਹਿਮ ਖੇਤਰ ਹਨ।

ਮਿਆਂਮਾਰ

ਭਾਰਤ ਅਤੇ ਮਿਆਂਮਾਰ ਦਰਮਿਆਨ 1600 ਕਿਲੋਮੀਟਰ ਲੰਬੀ ਜ਼ਮੀਨੀ ਅਤੇ ਸਮੁੰਦਰੀ ਸਰਹੱਦ ਹੈ। ਧਾਰਮਿਕ ਅਤੇ ਸੱਭਿਆਚਾਰਕ ਰਵਾਇਤਾਂ ਸਾਡੀ ਨੇੜ੍ਹਤਾ ਨੂੰ ਦਰਸਾਉਂਦੀਆਂ ਹਨ ਅਤੇ ਸਾਂਝਾ ਬੋਧੀ ਵਿਰਸਾ ਸਾਨੂੰ ਇਤਿਹਾਸਕ ਤੌਰ ਤੇ ਜੋੜ ਕੇ ਰੱਖ ਰਿਹਾ ਹੈ। ਸ਼ਵੇਦਗਾਓੰ ਪਗੋਡਾ ਦੇ ਚਮਕ ਰਹੇ ਟਾਵਰ ਤੋਂ ਵੱਧ ਹੋਰ ਕੋਈ ਚਮਕਦਾਰ ਵਿਰਸਾ ਨਹੀਂ ਹੈ। ਬਾਗਾਨ ਵਿੱਚ ਆਰਕੀਓਲੋਜੀਕਲ ਸਰਵੇ ਆਵ੍ ਇੰਡੀਆ ਦੇ ਸਹਿਯੋਗ ਨਾਲ ਆਨੰਦ ਮੰਦਰ ਦੀ ਸੁੰਦਰਤਾ ਦੀ ਬਹਾਲੀ ਲਈ ਕੀਤਾ ਜਾ ਰਿਹਾ ਕੰਮ ਸਾਡੇ ਇਸ ਸਹਿਯੋਗ ਦਾ ਪ੍ਰਤੀਕ ਹੈ।

ਬਸਤੀਵਾਦੀ ਸਮੇਂ ਵਿੱਚ ਸਾਡੇ ਆਗੂਆਂ ਦਰਮਿਆਨ ਸਿਆਸੀ ਸਬੰਧ ਪੈਦਾ ਹੋਏ ਸਨ ਅਤੇ ਇਨ੍ਹਾਂ ਆਗੂਆਂ ਨੇ ਅਜ਼ਾਦੀ ਦੀ ਜੰਗ ਦੌਰਾਨ ਆਸ ਅਤੇ ਏਕਤਾ ਦਾ ਭਾਰੀ ਮੁਜ਼ਾਹਰਾ ਕੀਤਾ। ਗਾਂਧੀ ਜੀ ਕਈ ਵਾਰੀ ਯੰਗੂਨ ਗਏ। ਬਾਲ ਗੰਗਾਧਰ ਤਿਲਕ ਨੂੰ ਕਈ ਸਾਲ ਲਈ ਯੰਗੂਨ ਭੇਜ ਦਿੱਤਾ ਗਿਆ। ਭਾਰਤ ਦੀ ਅਜ਼ਾਦੀ ਲਈ ਜੋ ਸੱਦਾ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਦਿੱਤਾ ਸੀ, ਉਸ ਦਾ ਅਸਰ ਮਿਆਂਮਾਰ ਦੀ ਜਨਤਾ ਉੱਤੇ ਵੀ ਬਹੁਤ ਹੋਇਆ ਸੀ।

ਪਿਛਲੇ ਦਹਾਕੇ ਵਿੱਚ ਸਾਡਾ ਵਪਾਰ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ। ਸਾਡਾ ਨਿਵੇਸ਼ ਵੀ ਵਧਿਆ ਹੈ। ਭਾਰਤ ਅਤੇ ਮਿਆਂਮਾਰ ਦਰਮਿਆਨ ਵਿਕਾਸ ਸਹਿਯੋਗ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਵੇਲੇ 1.73 ਬਿਲੀਅਨ ਡਾਲਰ ਦੀ ਮਦਦ ਦਿੱਤੀ ਜਾ ਰਹੀ ਹੈ। ਭਾਰਤ ਦਾ ਪਾਰਦਰਸ਼ੀ ਵਪਾਰ ਸਹਿਯੋਗ ਮਿਆਂਮਾਰ ਦੀਆਂ ਰਾਸ਼ਟਰੀ ਪਹਿਲਾਂ ਨਾਲ ਮੇਲ ਖਾਂਦਾ ਹੈ ਅਤੇ ਇਹ ਆਸੀਆਨ ਕੁਨੈਕਟੀਵਿਟੀ ਵੀ ਤਿਆਰ ਕਰਦਾ ਹੈ।

ਸਿੰਗਾਪੁਰ

ਭਾਰਤ ਦੇ ਖੇਤਰ ਨਾਲ ਵਿਰਸੇ ਭਰੇ ਸਬੰਧਾਂ, ਮੌਜੂਦਾ ਸਮੇਂ ਦੀ ਤਰੱਕੀ ਅਤੇ ਭਵਿੱਖ ਦੀ ਸਮਰੱਥਾ ਲਈ ਸਿੰਗਾਪੁਰ ਇੱਕ ਖਿੜਕੀ ਵਜੋਂ ਕੰਮ ਕਰਦਾ ਹੈ। ਸਿੰਗਾਪੁਰ ਭਾਰਤ ਅਤੇ ਆਸੀਆਨ ਦਰਮਿਆਨ ਇੱਕ ਪੁਲ ਵਜੋਂ ਕੰਮ ਕਰਦਾ ਰਿਹਾ ਹੈ।

ਅੱਜ ਇਹ ਪੂਰਬ ਵੱਲ ਸਾਡਾ ਇੱਕ ਗੇਟਵੇ ਹੈ, ਇੱਕ ਪ੍ਰਮੁੱਖ ਆਰਥਿਕ ਭਾਈਵਾਲ ਵੀ ਹੈ। ਭਾਰਤ ਅਤੇ ਸਿੰਗਾਪੁਰ ਦੀ ਇੱਕ ਸਾਂਝੀ ਰਣਨੀਤਕ ਭਾਈਵਾਲੀ ਵੀ ਹੈ।

ਸਾਡੇ ਸਿਆਸੀ ਸਬੰਧ ਸਦਭਾਵਨਾ, ਨਿੱਘ ਅਤੇ ਭਰੋਸੇ ਭਰੇ ਹਨ। ਸਾਡੇ ਰੱਖਿਆ ਸਬੰਧ ਦੋਹਾਂ ਲਈ ਮਜ਼ਬੂਤ ਹਨ।

ਸਾਡੀ ਆਰਥਿਕ ਭਾਈਵਾਲੀ ਦੋਹਾਂ ਦੇਸ਼ਾਂ ਲਈ ਪਹਿਲ ਵਾਲੇ ਹਰ ਖੇਤਰ ਨੂੰ ਆਪਣੇ ਅਧੀਨ ਰੱਖਦੀ ਹੈ। ਸਿੰਗਾਪੁਰ ਸਾਡੇ ਲਈ ਨਿਵੇਸ਼ ਦਾ ਵੱਡਾ ਟਿਕਾਣਾ ਅਤੇ ਸੋਮਾ ਹੈ।

ਸਿੰਗਾਪੁਰ ਵਿੱਚ ਹਜ਼ਾਰਾਂ ਭਾਰਤੀ ਕੰਪਨੀਆਂ ਰਜਿਸਟਰਡ ਹਨ।

16 ਭਾਰਤੀ ਸ਼ਹਿਰਾਂ ਤੋਂ ਹਰ ਹਫਤੇ ਸਿੰਗਾਪੁਰ ਲਈ 240 ਸਿੱਧੀਆਂ ਉਡਾਨਾਂ ਚੱਲਦੀਆਂ ਹਨ। ਸਿੰਗਾਪੁਰ ਲਈ ਭਾਰਤ ਤੀਸਰਾ ਸੈਲਾਨੀ ਭੇਜਣ ਵਾਲਾ ਦੇਸ਼ ਹੈ।

ਸਿੰਗਾਪੁਰ ਦੇ ਪ੍ਰੇਰਨਾਮਈ ਬਹੁ-ਸੱਭਿਆਚਾਰਵਾਦ ਅਤੇ ਯੋਗਤਾ ਦੇ ਸਨਮਾਨ ਦੀ ਖੂਬੀ ਕਾਰਨ ਭਾਰਤੀ ਭਾਈਚਾਰਾ ਸਾਡੇ ਦੋਹਾਂ ਦੇਸ਼ਾਂ ਦੇ ਸਹਿਯੋਗ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਫਿਲੀਪੀਨਜ਼

ਦੋ ਮਹੀਨੇ ਤੋਂ ਕੁਝ ਵੱਧ ਸਮਾਂ ਪਹਿਲਾਂ ਹੀ ਮੈਂ ਫਿਲੀਪੀਨਜ਼ ਦਾ ਤਸੱਲੀਬਖਸ਼ ਦੌਰਾ ਕੀਤਾ। ਆਸੀਆਨ ਇੰਡੀਆ, ਈ ਏ ਐਸ ਅਤੇ ਸਬੰਧਤ ਸਿਖਰ ਸੰਮੇਲਨਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਮੈਨੂੰ ਰਾਸ਼ਟਰਪਤੀ ਡਿਟਰਟੇ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਅਤੇ ਅਸੀਂ ਆਪਣੇ ਸਮੱਸਿਆ-ਰਹਿਤ ਸਬੰਧਾਂ ਨੂੰ ਕਿਵੇਂ ਅੱਗੇ ਵਧਾਉਣਾ ਹੈ, ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਅਸੀਂ ਦੋਵੇਂ ਦੇਸ਼ ਵੱਡੇ ਦੇਸ਼ਾਂ ਵਿਚੋਂ ਸੇਵਾਵਾਂ ਅਤੇ ਵਿਕਾਸ ਦਰ ਵਿੱਚ ਮਜ਼ਬੂਤ ਹਾਂ। ਸਾਡੀ ਵਪਾਰ ਸਮਰੱਥਾ ਕਾਫੀ ਮਜ਼ਬੂਤ ਹੈ।

ਮੈਂ ਰਾਸ਼ਟਰਪਤੀ ਡਿਟਰਟੇ ਦੇ ਇਸ ਵਾਅਦੇ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਭ੍ਰਿਸ਼ਟਾਚਾਰ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਅਤੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹ ਅਜਿਹੇ ਖੇਤਰ ਹਨ ਜਿਥੇ ਕਿ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ। ਅਸੀਂ ਯੂਨੀਵਰਸਲ ਆਈ ਡੀ ਕਾਰਡ, ਵਿੱਤੀ ਸ਼ਮੂਲੀਅਤ, ਬੈਂਕਾਂ ਤੱਕ ਸਭ ਦੀ ਪਹੁੰਚ, ਲਾਭਾਂ ਦੇ ਸਿੱਧੇ ਤਬਾਦਲੇ ਅਤੇ ਨਕਦੀ ਰਹਿਤ ਲੈਣ -ਦੇਣ ਨੂੰ ਹੱਲਾਸ਼ੇਰੀ ਦੇਣ ਬਾਰੇ ਆਪਣੇ ਤਜਰਬੇ ਫਿਲੀਪੀਨਜ਼ ਨਾਲ ਸਾਂਝੇ ਕਰਨ ਲਈ ਤਿਆਰ ਹਾਂ। ਹਰ ਇੱਕ ਦੀ ਦਵਾਈਆਂ ਤੱਕ ਪਹੁੰਚ ਬਣਾਉਣਾ ਇੱਕ ਹੋਰ ਪਹਿਲ ਵਾਲਾ ਖੇਤਰ ਹੈ ਜਿਸ ਲਈ ਅਸੀਂ ਫਿਲੀਪੀਨਜ਼ ਸਰਕਾਰ ਦੀ ਮਦਦ ਲਈ ਤਿਆਰ ਹਾਂ। ਮੁੰਬਈ ਤੋਂ ਮਰਾਵੀ ਤੱਕ, ਦਹਿਸ਼ਤਵਾਦ ਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ, ਅਸੀਂ ਇਸ ਸਾਂਝੀ ਚੁਣੌਤੀ ਨਾਲ ਨਜਿੱਠਣ ਲਈ ਸਹਿਯੋਗ ਲਈ ਤਿਆਰ ਹਾਂ।

ਮਲੇਸ਼ੀਆ

ਭਾਰਤ ਅਤੇ ਮਲੇਸ਼ੀਆ ਦਰਮਿਆਨ ਰਵਾਇਤੀ ਸਬੰਧ ਕਾਫੀ ਵਿਸਤ੍ਰਿਤ ਹਨ ਅਤੇ ਇਹ ਕਈ ਖੇਤਰਾਂ ਵਿੱਚ ਫੈਲੇ ਹੋਏ ਹਨ। ਮਲੇਸ਼ੀਆ ਅਤੇ ਭਾਰਤ ਰਣਨੀਤਕ ਸਹਿਯੋਗੀ ਹਨ ਅਤੇ ਅਸੀਂ ਕਈ ਬਹੁ -ਪੱਖੀ ਅਤੇ ਖੇਤਰੀ ਫੋਰਮਾਂ ਉੱਤੇ ਸਹਿਯੋਗ ਕਰਦੇ ਹਾਂ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੇ 2017 ਵਿੱਚ ਭਾਰਤ ਦੌਰੇ ਦਾ ਦੁਵੱਲੇ ਸਬੰਧਾਂ ਉੱਤੇ ਕਾਫੀ ਚੰਗਾ ਪ੍ਰਭਾਵ ਪਿਆ।

ਮਲੇਸ਼ੀਆ ਆਸੀਆਨ ਦੇਸ਼ਾਂ ਵਿੱਚੋਂ ਸਾਡਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਹੈ ਅਤੇ ਇਹ ਆਸੀਆਨ ਦੇਸ਼ਾਂ ਤੋਂ ਭਾਰਤ ਵਿੱਚ ਨਿਵੇਸ਼ ਕਰਨ ਵਾਲਾ ਵੱਡਾ ਦੇਸ਼ ਹੈ। ਭਾਰਤ ਅਤੇ ਮਲੇਸ਼ੀਆ ਦੇ ਦੁਵੱਲੇ ਵਪਾਰ ਵਿੱਚ ਪਿਛਲੇ 10 ਸਾਲਾਂ ਵਿੱਚ ਦੁੱਗਣੇ ਤੋਂ ਜ਼ਿਆਦਾ ਵਾਧਾ ਹੋਇਆ ਹੈ। 2011 ਵਿੱਚ ਭਾਰਤ ਅਤੇ ਮਲੇਸ਼ੀਆ ਨੇ ਦੁਵੱਲੇ ਵਿਸਤ੍ਰਿਤ ਆਰਥਿਕ ਸਹਿਯੋਗ ਸਮਝੌਤਾ ਕੀਤਾ ਸੀ। ਇਹ ਸਮਝੌਤਾ ਆਪਣੇ ਆਪ ਵਿੱਚ ਅਨੋਖਾ ਸੀ ਕਿਉਂਕਿ ਦੋਹਾਂ ਦੇਸ਼ਾਂ ਨੇ ਵਸਤਾਂ ਦੇ ਵਪਾਰ ਵਿੱਚ ਆਸੀਆਨ ਪਲਸ ਦੇਸ਼ਾਂ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ ਅਤੇ ਸੇਵਾਵਾਂ ਦੇ ਵਪਾਰ ਵਿੱਚ ਵੀ ਡਬਲਿਊ ਟੀ ਓ ਅਤੇ ਹੋਰ ਦੇਸ਼ਾਂ ਨਾਲ ਵਟਾਂਦਰੇ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ। ਮਈ 2012 ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸੋਧਿਆ ਹੋਇਆ ਦੋਹਰਾ ਟੈਕਸੇਸ਼ਨ ਬਚਾਅ ਸਮਝੌਤਾ ਹੋਇਆ ਸੀ ਅਤੇ ਕਸਟਮ ਸਹਿਯੋਗ ਬਾਰੇ 2013 ਵਿੱਚ ਇੱਕ ਸਹਿਮਤੀ ਪੱਤਰ ਉੱਤੇ ਦਸਤਖਤ ਹੋਏ ਸਨ। ਇਸ ਨਾਲ ਸਾਡੇ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਹੱਲਾਸ਼ੇਰੀ ਮਿਲੀ ਸੀ।

ਬਰੂਨੇਈ

ਭਾਰਤ ਅਤੇ ਬਰੂਨੇਈ ਦਰਮਿਆਨ ਦੁਵੱਲਾ ਵਪਾਰ ਪਿਛਲੇ ਦਹਾਕੇ ਵਿੱਚ ਦੁੱਗਣੇ ਤੋਂ ਵੀ ਵੱਧ ਗਿਆ ਹੈ। ਭਾਰਤ ਅਤੇ ਬਰੂਨੇਈ ਦੋਵੇਂ ਹੀ ਸੰਯੁਕਤ ਰਾਸ਼ਟਰ, ਨਾਮ, ਰਾਸ਼ਟਰ ਮੰਡਲ, ਏ ਆਰ ਐੱਫ ਵਗੈਰਾ ਦੇ ਵਿਕਾਸਸ਼ੀਲ ਦੇਸ਼ਾਂ ਵਜੋਂ ਮੈਂਬਰ ਹਨ ਅਤੇ ਇਨ੍ਹਾਂ ਦੇ ਆਪਸੀ ਮਜ਼ਬੂਤ ਰਵਾਇਤੀ ਅਤੇ ਸੱਭਿਆਚਾਰਕ ਸਬੰਧ ਹਨ। ਬਰੂਨੇਈ ਅਤੇ ਭਾਰਤ ਦੇ ਪ੍ਰਮੁੱਖ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਸਾਂਝੀ ਧਾਰਨਾ ਅਤੇ ਵਪਾਰ ਹਨ। ਮਈ 2008 ਵਿੱਚ ਬਰੂਨੇਈ ਦੇ ਸੁਲਤਾਨ ਦਾ ਭਾਰਤ ਦਾ ਦੌਰਾ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਇਤਿਹਾਸਕ ਸਿੱਧ ਹੋਇਆ। ਭਾਰਤ ਦੇ ਉੱਪ ਰਾਸ਼ਟਰਪਤੀ ਨੇ ਫਰਵਰੀ 2016ਵਿੱਚ ਬਰੂਨੇਈ ਦਾ ਦੌਰਾ ਕੀਤਾ।

ਲਾਓ ਪੀ ਡੀ ਆਰ

ਭਾਰਤ ਅਤੇ ਲਾਓ ਪੀ ਡੀ ਆਰ ਦਰਮਿਆਨ ਸਬੰਧ ਕਈ ਖੇਤਰਾਂ ਵਿੱਚ ਵਿਸਥਾਰ ਨਾਲ ਫੈਲੇ ਹੋਏ ਹਨ। ਭਾਰਤ ਬਿਜਲੀ ਟ੍ਰਾਂਸਮਿਸ਼ਨ ਅਤੇ ਖੇਤੀ ਖੇਤਰ ਵਿੱਚ ਲਾਓ ਪੀ ਡੀ ਆਰ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਕਈ ਬਹੁ ਪੱਖੀ ਅਤੇ ਖੇਤੀ ਫੋਰਮਾਂ ਉੱਤੇ ਭਾਰਤ ਅਤੇ ਲਾਓ ਪੀ ਡੀ ਆਰ ਸਹਿਯੋਗ ਕਰ ਰਹੇ ਹਨ।

ਭਾਰਤ ਅਤੇ ਲਾਓ ਪੀ ਡੀ ਆਰ ਦਰਮਿਆਨ ਵਪਾਰ ਅਜੇ ਵੀ ਸਮਰੱਥਾ ਤੋਂ ਘੱਟ ਹੋ ਰਿਹਾ ਹੈ, ਭਾਰਤ ਨੇ ਲਾਓ ਪੀ ਡੀ ਆਰ ਨੂੰ ਡਿਊਟੀ ਫਰੀ ਟੈਰਿਫ ਪ੍ਰੈਫਰੈਂਸ ਸਕੀਮ ਦੀ ਪੇਸ਼ਕਸ਼ ਕੀਤੀ ਹੈ ਅਤੇ ਨਾਲ ਹੀ ਲਾਓ ਪੀ ਡੀ ਆਰ ਤੋਂ ਭਾਰਤ ਨੂੰ ਬਰਾਮਦਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਸੇਵਾਵਾਂ ਦੇ ਖੇਤਰ ਵਿੱਚ ਸਾਡੇ ਕੋਲ ਕਾਫੀ ਵਿਸ਼ਾਲ ਮੌਕੇ ਹਨ ਜਿਸ ਨਾਲ ਕਿ ਲਾਓ ਪੀ ਡੀ ਆਰ ਦੀ ਆਰਥਿਕਤਾ ਮਜ਼ਬੂਤ ਹੋ ਸਕਦੀ ਹੈ। ਆਸੀਆਨ-ਭਾਰਤੀ ਸੇਵਾਵਾਂ ਅਤੇ ਨਿਵੇਸ਼ ਸਮਝੌਤੇ ਨੂੰ ਲਾਗੂ ਕੀਤੇ ਜਾਣ ਨਾਲ ਸਾਡੇ ਸੇਵਾਵਾਂ ਸਬੰਧੀ ਵਪਾਰ ਨੂੰ ਮਦਦ ਮਿਲੇਗੀ।

ਇੰਡੋਨੇਸ਼ੀਆ

ਹਿੰਦ ਮਹਾਂਸਾਗਰ ਤੋਂ ਸਿਰਫ 90 ਨਾਟੀਕਲ ਮੀਲ ਦੂਰ ਹੋਣ ਦੇ ਬਾਵਜੂਦ ਭਾਰਤ ਅਤੇ ਇੰਡੋਨੇਸ਼ੀਆ ਦੇ ਦੋ ਸਦੀਆਂ ਪੁਰਾਣੇ ਸੱਭਿਅਤਾ ਵਾਲੇ ਸਬੰਧ ਹਨ।

ਭਾਵੇਂ ਇਹ ਓਡੀਸ਼ਾ ਦਾ ਬਲੀਜਾਤਰਾ ਸਮਾਰੋਹ ਹੋਵੇ ਜਾਂ ਰਾਮਾਇਣ ਅਤੇ ਮਹਾਂਭਾਰਤ ਦੇ ਪ੍ਰਮੁੱਖ ਸਮਾਰੋਹ ਹੋਣ, ਉਹ ਇੰਡੋਨੇਸ਼ੀਆ ਵਿੱਚ ਵੀ ਮਨਾਏ ਜਾਂਦੇ ਹਨ। ਇਹ ਦੋਵੇਂ ਸਮਾਰੋਹ ਏਸ਼ੀਆ ਦੇ ਦੋ ਵੱਡੇ ਲੋਕ ਰਾਜਾਂ ਨੂੰ ਸੱਭਿਆਚਾਰਕ ਤੌਰ ਤੇ ਆਪਸ ਵਿੱਚ ਜੋੜਦੇ ਹਨ।

‘ਅਨੇਕਤਾ ਵਿੱਚ ਏਕਤਾ’ ਜਾਂ ਭੀਨੇਕਾ ਤੁੰਗਲ ਏਕਾ ਵੀ ਅਜਿਹੇ ਪ੍ਰੋਗਰਾਮ ਹਨ ਜੋ ਦੋਹਾਂ ਦੇਸ਼ਾਂ ਵਿੱਚ ਹੀ ਮਨਾਏ ਜਾਂਦੇ ਹਨ। ਦੋਹਾਂ ਦੇਸ਼ਾਂ ਦੇ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਦੀਆਂ ਕਦਰਾਂ-ਕੀਮਤਾਂ ਵੀ ਸਾਂਝੀਆਂ ਹਨ। ਅੱਜ ਰਣਨੀਤਕ ਭਾਈਵਾਲ ਹੋਣ ਵਜੋਂ ਸਾਡਾ ਸਹਿਯੋਗ ਸਿਆਸੀ, ਆਰਥਿਕ, ਰੱਖਿਆ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਤੱਕ ਵਿੱਚ ਫੈਲਿਆ ਹੋਇਆ ਹੈ। ਇੰਡੋਨੇਸ਼ੀਆ ਆਸੀਆਨ ਵਿੱਚ ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਭਾਰਤ ਅਤੇ ਇੰਡੋਨੇਸ਼ੀਆ ਦਾ ਵਪਾਰ ਪਿਛਲੇ 10 ਸਾਲਾਂ ਵਿੱਚ ਢਾਈ ਗੁਣਾ ਵਧਿਆ ਹੈ। ਰਾਸ਼ਟਰਪਤੀ ਜੋਕੋ ਵਿਡੋਡੋ ਦੇ 2016 ਵਿੱਚ ਹੋਏ ਭਾਰਤ ਦੌਰੇ ਦਾ ਦੁਵੱਲੇ ਸਬੰਧਾਂ ਉੱਤੇ ਚੰਗਾ ਪ੍ਰਭਾਵ ਪਿਆ।

ਕੰਬੋਡੀਆ

ਭਾਰਤ ਅਤੇ ਕੰਬੋਡੀਆ ਦੇ ਰਵਾਇਤੀ ਅਤੇ ਮਿੱਤਰਤਾ ਭਰੇ ਸਬੰਧਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਅੰਗਕੋਰ ਵਾਟ ਮੰਦਰ ਦਾ ਬੇਮਿਸਾਲ ਢਾਂਚਾ ਸਾਡੇ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰ ਸਬੰਧਾਂ ਦੀ ਇੱਕ ਜਿਊਂਦੀ-ਜਾਗਦੀ ਮਿਸਾਲ ਹੈ। ਭਾਰਤ ਨੇ ਅੰਗਕੋਰ ਵਾਟ ਮੰਦਰ ਦੀ ਸੰਭਾਲ ਅਤੇ ਮੁੜ ਬਹਾਲੀ ਦਾ ਕੰਮ 1986-1993 ਦੇ ਮੁਸ਼ਕਿਲ ਭਰੇ ਸਮੇਂ ਵਿੱਚ ਮੁਕੰਮਲ ਕੀਤਾ। ਭਾਰਤ ਹੁਣ ਟਾ-ਪਰੋਮ ਮੰਦਰ ਦੀ
ਸਾਂਭ-ਸੰਭਾਲ ਅਤੇ ਬਹਾਲੀ ਦਾ ਕੰਮ ਕਰਕੇ ਇਸ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।

ਖਮੇਰ ਰੂਜ ਪ੍ਰਸ਼ਾਸਨ ਦੇ ਖਾਤਮੇ ਤੋਂ ਬਾਅਦ ਭਾਰਤ ਪਹਿਲਾ ਅਜਿਹਾ ਦੇਸ਼ ਸੀ ਜਿਸ ਨੇ ਕਿ ਨਵੀਂ ਸਰਕਾਰ ਨੂੰ 1981 ਵਿੱਚ ਮਾਨਤਾ ਦਿੱਤੀ। ਭਾਰਤ ਪੈਰਿਸ ਸ਼ਾਂਤੀ ਸਮਝੌਤੇ ਅਤੇ 1991 ਵਿੱਚ ਇਸ ਨੂੰ ਅੰਤਿਮ ਰੂਪ ਦਿੱਤੇ ਜਾਣ ਨਾਲ ਜੁੜਿਆ ਹੋਇਆ ਸੀ। ਮਿੱਤਰਤਾ ਦੇ ਇਹ ਸਬੰਧ ਆਪਸੀ ਉੱਚ-ਪੱਧਰੀ ਦੌਰਿਆਂ ਨਾਲ ਹੋਰ ਮਜ਼ਬੂਤ ਹੋਏ। ਅਸੀਂ ਵੱਖ ਵੱਖ ਖੇਤਰਾਂ ਜਿਵੇਂ ਕਿ ਸੰਸਥਾਗਤ ਸਮਰੱਥਾ ਵਿਕਾਸ, ਮਾਨਵ ਸੰਸਾਧਨ ਵਿਕਾਸ, ਵਿਕਾਸਮਈ ਅਤੇ ਸਮਾਜਿਕ ਪ੍ਰੋਜੈਕਟ, ਸੱਭਿਆਚਾਰਕ ਅਦਾਨ-ਪ੍ਰਦਾਨ, ਰੱਖਿਆ ਸਹਿਯੋਗ, ਸੈਰ-ਸਪਾਟਾ ਅਤੇ ਜਨਤਾ ਤੋਂ ਜਨਤਾ ਦੇ ਸੰਪਰਕ ਵਿੱਚ ਆਪਸੀ ਸਹਿਯੋਗ ਵਧਾਇਆ।

ਆਸੀਆਨ ਦੇ ਸੰਦਰਭ ਵਿੱਚ ਅਤੇ ਵੱਖ ਵੱਖ ਵਿਸ਼ਵ ਪਲੇਟਫਾਰਮਾਂ ਉੱਤੇ ਕੰਬੋਡੀਆ ਭਾਰਤ ਲਈ ਇੱਕ ਅਹਿਮ ਸਹਿਯੋਗਕਰਤਾ ਬਣਿਆ ਹੋਇਆ ਹੈ। ਭਾਰਤ ਕੰਬੋਡੀਆ ਦੇ ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਲਈ ਵਚਨਬੱਧ ਹੈ ਅਤੇ ਰਵਾਇਤੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਰਾਹ ਵੇਖ ਰਿਹਾ ਹੈ।

ਅਤੇ, ਭਾਰਤ ਅਤੇ ਆਸੀਆਨ ਇਸ ਤੋਂ ਵੀ ਵੱਧ ਕਾਫੀ ਕੁਝ ਕਰ ਰਹੇ ਹਨ। ਆਸੀਆਨ ਦੀ ਅਗਵਾਈ ਵਾਲੀਆਂ ਸੰਸਥਾਵਾਂ ਜਿਵੇਂ ਕਿ ਪੂਰਬ ਏਸ਼ੀਆ ਸਿਖਰ ਸੰਮੇਲਨ, ਏ ਡੀ ਐੱਮ ਐੱਮ + (ਏਸ਼ਿਆਈ ਰੱਖਿਆ ਮੰਤਰੀਆਂ ਦੀ ਮੀਟਿੰਗ) + ਅਤੇ ਏ ਆਰ ਐੱਫ (ਆਸੀਆਨ ਰੀਜਨਲ ਫੋਰਮ) ਨਾਲ ਸਾਡਾ ਸਹਿਯੋਗ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਵਧਾ ਰਿਹਾ ਹੈ। ਭਾਰਤ ਖੇਤਰੀ ਵਿਸਤ੍ਰਿਤ ਆਰਥਿਕ ਭਾਈਵਾਲੀ ਸਮਝੌਤੇ ਦੇ ਯਤਨਾਂ ਵਿੱਚ ਹਿੱਸਾ ਲੈ ਰਿਹਾ ਹੈ ਜਿਸ ਵਿੱਚ ਕਿ ਸਾਰੇ 16 ਮੈਂਬਰ ਦੇਸ਼ਾਂ ਵਿੱਚ ਵਿਸਤ੍ਰਿਤ, ਸੰਤੁਲਿਤ ਅਤੇ ਨਿਰਪੱਖ ਸਮਝੌਤਾ ਹੋਵੇਗਾ।

ਭਾਈਵਾਲੀਆਂ ਦੀ ਮਜ਼ਬੂਤੀ ਅਤੇ ਤਾਕਤ ਸਿਰਫ ਗਿਣਤੀ ਦੇ ਹਿਸਾਬ ਨਾਲ ਹੀ ਨਹੀਂ ਹੁੰਦੀ ਸਗੋਂ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਨਾਲ ਹੁੰਦੀ ਹੈ। ਭਾਰਤ ਅਤੇ ਆਸੀਆਨ ਦੇਸ਼ਾਂ ਦੇ ਸਬੰਧ ਕਿਸੇ ਮੁਕਾਬਲੇ ਅਤੇ ਦਾਅਵੇ ਤੋਂ ਬਿਨਾ ਹਨ। ਸਾਡਾ ਭਵਿੱਖ ਦਾ ਇੱਕ ਸਾਂਝਾ ਸੁਪਨਾ ਹੈ, ਅਸੀਂ ਇੱਕ ਸ਼ਮੂਲੀਅਤ ਅਤੇ ਸੰਗਠਨ ਦਾ ਵਾਅਦਾ ਕੀਤਾ ਹੈ, ਜੋ ਕਿ ਸਭ ਦੇਸ਼ਾਂ ਦੀ ਪ੍ਰਭੁਸੱਤਾ ਵਾਲੀ ਬਰਾਬਰੀ ਉੱਤੇ ਅਧਾਰਤ ਹੋਵੇਗਾ, ਜਿਸ ਵਿੱਚ ਕਿਸੇ ਦੇਸ਼ ਦਾ ਆਕਾਰ ਨਹੀਂ ਦੇਖਿਆ ਜਾਵੇਗਾ।

ਆਸੀਆਨ ਭਾਰਤੀ ਭਾਈਵਾਲੀ ਲਗਾਤਾਰ ਵਧਦੀ ਜਾਵੇਗੀ। ਇਲਾਕੇ, ਗਤੀਵਾਦ ਅਤੇ ਮੰਗ ਦੇ ਤੋਹਫੇ ਅਤੇ ਆਰਥਿਕਤਾਵਾਂ ਦੇ ਤੇਜ਼ੀ ਨਾਲ ਪਰਪੱਕ ਹੋਣ ਨਾਲ ਭਾਰਤ ਅਤੇ ਆਸੀਆਨ ਇੱਕ ਮਜ਼ਬੂਤ ਆਰਥਿਕ ਭਾਈਵਾਲੀ ਤਿਆਰ ਕਰਨਗੇ। ਕੁਨੈਕਟੀਵਿਟੀ ਵਿੱਚ ਵਾਧਾ ਹੋਵੇਗਾ ਅਤੇ ਵਪਾਰ ਫੈਲੇਗਾ। ਭਾਰਤ ਵਿੱਚ ਸਹਿਯੋਗ ਅਤੇ ਮੁਕਾਬਲੇਬਾਜ਼ੀ ਵਾਲੇ ਢਾਂਚੇ ਦੇ ਦੌਰ ਕਾਰਨ ਸਾਡੇ ਰਾਜ ਦੱਖਣ ਪੂਰਬੀ ਏਸ਼ਿਆਈ ਦੇਸ਼ਾਂ ਨਾਲ ਉਤਪਾਦਕ ਸਹਿਯੋਗ ਕਰ ਰਹੇ ਹਨ। ਸਾਡਾ ਉੱਤਰ-ਪੂਰਬੀ ਖੇਤਰ ਮੁੜ ਸੁਰਜੀਤੀ ਵਿਕਾਸ ਦੇ ਰਾਹ ਉੱਤੇ ਹੈ। ਦੱਖਣ-ਏਸ਼ਿਆਈ ਦੇਸ਼ਾਂ ਨਾਲ ਸਾਡੇ ਸਬੰਧਾਂ ਵਿੱਚ ਤੇਜ਼ੀ ਆਵੇਗੀ।

ਪ੍ਰਧਾਨ ਮੰਤਰੀ ਵਜੋਂ, ਮੈਂ ਚਾਰ ਸਲਾਨਾ ਆਸੀਆਨ ਸਿਖਰ ਸੰਮੇਲਨਾਂ ਅਤੇ ਪੂਰਬੀ ਏੇਸ਼ਿਆਈ ਸਿਖਰ ਸੰਮੇਲਨਾਂ ਵਿੱਚ ਹਿੱਸਾ ਲੈ ਚੁੱਕਾ ਹਾਂ। ਇਨ੍ਹਾਂ ਸੰਮੇਲਨਾਂ ਨੇ ਆਸੀਆਨ ਏਕਤਾ, ਕੇਂਦਰਤਾ, ਅਤੇ ਲੀਡਰਸ਼ਿਪ ਪ੍ਰਤੀ ਮੇਰੇ ਭਰੋਸੇ ਨੂੰ ਪੱਕਾ ਕੀਤਾ ਹੈ।

ਇਹ ਮੀਲ ਪੱਥਰ ਗੱਡਣ ਦਾ ਸਾਲ ਹੈ। ਭਾਰਤ ਪਿਛਲੇ ਸਾਲ 70 ਸਾਲ ਦਾ ਹੋ ਗਿਆ ਸੀ। ਆਸੀਆਨ ਨੇ 50 ਸਾਲ ਪੂਰੇ ਕਰ ਲਏ ਹਨ। ਅਸੀਂ ਸਾਰੇ ਆਪਣੇ ਭਵਿੱਖ ਨੂੰ ਅਤੇ ਆਪਣੀ ਭਾਈਵਾਲੀ ਨੂੰ ਪੂਰੇ ਭਰੋਸੇ ਨਾਲ ਅੱਗੇ ਵੱਧਦਾ ਵੇਖ ਸਕਦੇ ਹਾਂ।

70 ਦੀ ਉਮਰ ਵਿੱਚ ਭਾਰਤ ਨੇ ਆਪਣੀ ਨੌਜਵਾਨ ਅਬਾਦੀ ਦੀ ਊਰਜਾ, ਉੱਦਮਤਾ ਉੱਤੇ ਭਰੋਸਾ ਪ੍ਰਗਟਾਇਆ ਹੈ। ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਪ੍ਰਮੁੱਖ ਆਰਥਿਕਤਾ ਹੋਣ ਕਾਰਨ ਭਾਰਤ ਵਿਸ਼ਵ ਮੌਕਿਆਂ ਲਈ ਇੱਕ ਨਵਾਂ ਮੋਰਚਾ ਅਤੇ ਵਿਸ਼ਵ ਆਰਥਿਕਤਾ ਦੀ ਸਥਿਰਤਾ ਦਾ ਕੇਂਦਰ ਬਣ ਕੇ ਉੱਭਰਿਆ ਹੈ। ਹਰ ਲੰਘ ਰਹੇ ਦਿਨ ਨਾਲ ਭਾਰਤ ਵਿੱਚ ਵਪਾਰ ਕਰਨਾ ਸੁਖਾਲਾ ਅਤੇ ਮੁਸ਼ਕਿਲ ਰਹਿਤ ਹੋ ਰਿਹਾ ਹੈ। ਮੈਨੂੰ ਆਸ ਹੈ ਕਿ ਆਸੀਆਨ ਦੇਸ਼, ਜੋ ਕਿ ਸਾਡੇ ਗੁਆਂਢੀ ਅਤੇ ਮਿੱਤਰ ਵੀ ਹਨ, ਨਵੇਂ ਭਾਰਤ ਦੀ ਕਾਇਆ ਕਲਪ ਦਾ ਅਹਿਮ ਹਿੱਸਾ ਬਣਨਗੇ।

ਅਸੀਂ ਆਸੀਆਨ ਦੀ ਤਰੱਕੀ ਦੀ ਪ੍ਰਸ਼ੰਸਾ ਕਰਦੇ ਹਾਂ। ਇਸ ਦੀ ਪੈਦਾਇਸ਼੍ਰ ਉਸ ਸਮੇਂ ਹੋਈ ਜਦੋਂ ਦੱਖਣ ਪੂਰਬੀ ਏਸ਼ੀਆ ਆਪਸੀ ਜੰਗਾਂ ਦਾ ਅਖਾੜਾ ਬਣਿਆ ਹੋਇਆ ਸੀ। ਆਸੀਆਨ ਨੇ 10 ਦੇਸ਼ਾਂ ਨੂੰ ਇੱਕ ਸਾਂਝੇ ਉਦੇਸ਼ ਅਤੇ ਸਾਂਝੇ ਭਵਿੱਖ ਲਈ ਇਕੱਠਾ ਕੀਤਾ। ਸਾਡੇ ਵਿੱਚ ਉੱਚ ਖਾਹਿਸ਼ਾਂ ਲਈ ਕੰਮ ਕਰਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ। ਅਸੀਂ ਢਾਂਚੇ ਅਤੇ ਸ਼ਹਿਰੀਕਰਣ ਤੋਂ ਲੈ ਕੇ ਖੇਤੀ ਤੱਕ ਇੱਕ ਤੰਦਰੁਸਤ ਦੁਨੀਆ ਖੜ੍ਹੀ ਕਰ ਸਕਦੇ ਹਾਂ। ਅਸੀਂ ਡਿਜੀਟਲ ਟੈਕਨੋਲੋਜੀ, ਖੋਜ ਅਤੇ ਕੁਨੈਕਟੀਵਿਟੀ ਦੀ ਤਾਕਤ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਨੂੰ ਬੇਮਿਸਾਲ ਤੇਜ਼ ਗਤੀ ਅਤੇ ਉਚਾਈ ਤੱਕ ਲਿਜਾ ਸਕਦੇ ਹਾਂ।

ਭਵਿੱਖ ਦੀ ਉਮੀਦ ਲਈ ਸ਼ਾਂਤੀ ਦਾ ਇੱਕ ਮਜ਼ਬੂਤ ਮਾਹੌਲ ਜ਼ਰੂਰੀ ਹੈ। ਇਹ ਤਬਦੀਲੀ, ਰੁਕਾਵਟਾਂ ਅਤੇ ਬਦਲਾਅ ਦਾ ਸਮਾਂ ਹੈ ਜੋ ਕਿ ਇਤਿਹਾਸ ਵਿੱਚ ਕਦੇ ਕਦਾਈਂ ਆਉਂਦਾ ਹੈ। ਆਸੀਆਨ ਅਤੇ ਭਾਰਤ ਵਿੱਚ ਭਾਰੀ ਮੌਕੇ, ਭਾਵ ਬਹੁਤ ਸਾਰੇ ਮੌਕੇ ਮੌਜੂਦ ਹਨ ਜਿਨ੍ਹਾਂ ਦੀ ਮਦਦ ਨਾਲ ਸਾਡੇ ਖੇਤਰ ਵਿੱਚ ਇੱਕ ਸਥਿਰ ਅਤੇ ਸ਼ਾਂਤੀਪੂਰਨ ਭਵਿੱਖ ਕਾਇਮ ਹੋ ਸਕਦਾ ਹੈ।

ਭਾਰਤ ਨੇ ਹਮੇਸ਼ਾ ਉੱਭਰ ਰਹੇ ਸੂਰਜ ਅਤੇ ਮੌਕਿਆਂ ਦੀ ਰੋਸ਼ਨੀ ਲਈ ਪੂਰਬ ਵੱਲ ਦੇਖਿਆ ਹੈ। ਹੁਣ, ਜਿਵੇਂ ਕਿ ਪਹਿਲਾਂ ਸੀ, ਪੂਰਬ, ਜਾਂ ਭਾਰਤ -ਪ੍ਰਸ਼ਾਂਤ ਖੇਤਰ ਭਾਰਤ ਦੇ ਭਵਿੱਖ ਅਤੇ ਸਾਂਝੀ ਕਿਸਮਤ ਲਈ ਲਾਜ਼ਮੀ ਹੋਵੇਗਾ। ਆਸੀਆਨ-ਭਾਰਤ ਭਾਈਵਾਲੀ ਇਨ੍ਹਾਂ ਦੋਹਾਂ ਵਿੱਚ ਹੀ ਫੈਸਲਾਕੁੱਨ ਭੂਮਿਕਾ ਨਿਭਾਵੇਗੀ। ਅਤੇ, ਦਿੱਲੀ ਵਿੱਚ, ਆਸੀਆਨ ਅਤੇ ਭਾਰਤ ਨੇ ਇਸ ਯਾਤਰਾ ਉੱਤੇ ਅੱਗੇ ਵਧਣ ਦਾ ਪ੍ਰਣ ਕੀਤਾ ਹੈ।

ਪ੍ਰਧਾਨ ਮੰਤਰੀ ਦੇ ਇਸ ਲੇਖ ਦੇ, ਆਸੀਆਨ ਦੇਸ਼ਾਂ ਦੀਆਂ ਅਖ਼ਬਾਰਾਂ ਵਿੱਚ ਛਪੇ ਮੂਲ-ਪਾਠ ਉੱਤੇ ਹੇਠ ਲਿਖੇ ਲਿੰਕ ਰਾਹੀਂ ਪਹੁੰਚਿਆ ਜਾ ਸਕਦਾ ਹੈ—

https://www.bangkokpost.com/opinion/opinion/1402226/asean-india-shared-values-and-a-common-destiny
 
http://vietnamnews.vn/opinion/421836/asean-india-shared-values-common-destiny.html#31stC7owkGF6dvfw.97
 
http://www.businesstimes.com.sg/opinion/asean-india-shared-values-common-destiny
 
http://www.globalnewlightofmyanmar.com/asean-india-shared-values-common-destiny/
 
http://www.thejakartapost.com/news/2018/01/26/69th-republic-day-india-asean-india-shared-values-common-destiny.html
 
http://www.mizzima.com/news-opinion/asean-india-shared-values-common-destiny
 
http://www.straitstimes.com/opinion/shared-values-common-destiny
 
https://news.mb.com.ph/2018/01/26/asean-india-shared-values-common-destiny/

*****

ਏਕੇਟੀ/ ਐੱਚਐੱਸ