Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫ਼ਰੰਸ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ

ਆਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫ਼ਰੰਸ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ


ਆਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫ਼ਰੰਸ ਦਾ 30 ਮੈਂਬਰੀ ਵਫ਼ਦ ਅੱਜ 7 ਲੋਕ ਕਲਿਆਣ ਮਾਰਗ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲਿਆ।

‘ਆੱਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫ਼ਰੰਸ’, ਜੰਮ-ਕਸ਼ਮੀਰ ਸੂਬੇ ਦੇ ਪੰਚਾਇਤ ਆਗੂਆਂ ਦੀ ਸਰਬਉੱਚ ਇਕਾਈ ਹੈ। ਜੰਮੂ ਅਤੇ ਕਸ਼ਮੀਰ ਦੇ 4000 ਪਿੰਡਾਂ ਦੀਆਂ ਪੰਚਾਇਤਾਂ ਦੀ ਨੁਮਾਇੰਦਗੀ ਕਰਨ ਵਾਲੀ ਇਸ ਜਥੇਬੰਦੀ ਵਿੱਚ 4,000 ਸਰਪੰਚ ਅਤੇ 29,000 ਪੰਚ ਸ਼ਾਮਲ ਹਨ। ਇਸ ਵਫ਼ਦ ਦੀ ਅਗਵਾਈ ਆਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫ਼ਰੰਸ ਦੇ ਚੇਅਰਮੈਨ ਸ੍ਰੀ ਸ਼ਫ਼ੀਕ ਮੀਰ ਕਰ ਰਹੇ ਸਨ।

ਵਫ਼ਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਰਾਜ ਦੇ ਵਿਕਾਸ ਮੁੱਦਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਕੇਂਦਰੀ ਸਹਾਇਤਾ ਦੇ ਲਾਭ ਪਿੰਡਾਂ ਤੱਕ ਪੁੱਜ ਹੀ ਨਹੀਂ ਰਹੇ ਕਿਉਂਕਿ ਪੰਚਾਇਤਾਂ ਕੋਲ ਬਾਕੀ ਦੇਸ਼ ਵਾਂਗ ਕੋਈ ਅਧਿਕਾਰ ਹੀ ਨਹੀਂ ਹਨ। ਉਨ੍ਹਾਂ ਇੱਕ ਯਾਦ-ਪੱਤਰ ਵੀ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਸਥਾਨਕ ਸਰਕਾਰਾਂ ਨਾਲ ਸਬੰਧਤ ਭਾਰਤੀ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਦਾ ਵਿਸਤਾਰ ਜੰਮੂ-ਕਸ਼ਮੀਰ ਰਾਜ ਤੱਕ ਕਰਨ ਬਾਰੇ ਵਿਚਾਰ ਕਰਨ। ਉਨ੍ਹਾਂ ਰਾਜ ਵਿੱਚ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵੀ ਛੇਤੀ ਤੋਂ ਛੇਤੀ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਲ 2011 ਵਿੱਚ ਕਰਵਾਈਆਂ ਚੋਣਾਂ ਦੌਰਾਨ ਵੋਟਰਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਸੀ।

ਉਨ੍ਹਾਂ ਦੱਸਿਆ ਕਿ ਰਾਜ ਨੂੰ ਇਨ੍ਹਾਂ ਸੰਵਿਧਾਨਕ ਵਿਵਸਥਾਵਾਂ ਦੇ ਵਿਸਤਾਰ ਨਾਲ ਦਿਹਾਤੀ ਇਲਾਕਿਆਂ ‘ਚ ਬੁਨਿਆਦੀ ਵਿਕਾਸ ਗਤੀਵਿਧੀਆਂ ਕਰਵਾਉਣ ਦੇ ਅਧਿਦਾਰ ਪੰਚਾਇਤਾਂ ਨੂੰ ਮਿਲ ਜਾਣਗੇ। ਮੈਂਬਰਾਂ ਨੇ ਆਸ ਪ੍ਰਗਟਾਈ ਕਿ ਇਸ ਨਾਲ ਰਾਜ ਦੀ ਵਿਕਾਸ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ ਅਤੇ ਆਮ ਜਨਤਾ ਨੂੰ ਕੇਂਦਰ ਸਰਕਾਰ ਦੀਆਂ ਵੱਖ – ਵੱਖ ਯੋਜਨਾਵਾਂ ਦੇ ਲਾਭ ਮਿਲ ਸਕਣਗੇ।

ਇਸ ਵਫ਼ਦ ਨੇ ਰਾਜ ਦੀ ਮੌਜੂਦਾ ਸਥਿਤੀ ਤੋਂ ਵੀ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਰਾਸ਼ਟਰ-ਵਿਰੋਧੀ ਤੱਤਾਂ ਵੱਲੋਂ ਸਕੂਲਾਂ ਨੂੰ ਸਾੜੇ ਜਾਣ ਦੀ ਸਖ਼ਤ ਨਿਖੇਧੀ ਕੀਤੀ।

ਜੰਮੂ ਅਤੇ ਕਸ਼ਮੀਰ ਦੇ ਬੁਨਿਆਦੀ ਪੱਧਰ ਤੱਕ ਆਮ ਜਨਤਾ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਨੇ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਵਿੱਚ ਆਪਣਾ ਵਿਸ਼ਵਾਸ ਦੁਹਰਾਇਆ। ਸ੍ਰੀ ਸ਼ਫ਼ੀਕ ਮੀਰ ਨੇ ਕਿਹਾ ਕਿ ਰਾਜ ਦੀ ਜ਼ਿਆਦਾਤਰ ਬਹੁ-ਗਿਣਤੀ ਸ਼ਾਂਤੀ ਅਤੇ ਸਵੈ-ਮਾਣ ਵਾਲਾ ਜੀਵਨ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸੌੜੇ ਹਿਤਾਂ ਵਾਲੇ ਲੋਕਾਂ ਨੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਉਹ ਉਨ੍ਹਾਂ ਦੇ ਭਵਿੱਖ ਨਾਲ ਖੇਡ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਨਿਜੀ ਪਹਿਲਕਦਮੀ ਕਰਨ ਦੀ ਬੇਨਤੀ ਕੀਤੀ।

ਪ੍ਰਧਾਨ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਉੱਤੇ ਵਿਚਾਰ ਕਰੇਗੀ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਜੰਮੂ ਤੇ ਕਸ਼ਮੀਰ ਦੀ ਪ੍ਰਗਤੀ ਅਤੇ ਵਿਕਾਸ ਨੂੰ ਉਨ੍ਹਾਂ ਦੇ ਏਜੰਡੇ ਉੱਤੇ ਪ੍ਰਮੁੱਖ ਸਥਾਨ ਹਾਸਲ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਹਨ, ਇਸ ਲਈ ਉੱਥੋਂ ਦਾ ਵਿਕਾਸ ਰਾਜ ਦੇ ਸਮੁੱਚੇ ਆਰਥਿਕ ਵਿਕਾਸ ਲਈ ਅਹਿਮ ਹੈ। ਉਨ੍ਹਾਂ ਮਨੁੱਖੀ ਪਹੁੰਚ ਦੀ ਲੋੜ ਨੂੰ ਦੁਹਰਾਉਂਦਿਆਂ ਕਿਹਾ ਕਿ ਜੰਮੂ-ਕਸ਼ਮੀਰ ਰਾਜ ਲਈ ‘ਵਿਕਾਸ’ ਅਤੇ ‘ਵਿਸ਼ਵਾਸ’ ਕੇਂਦਰ ਸਰਕਾਰ ਦੀਆਂ ਪਹਿਲਕਦਮੀਆਂ ਦੇ ਅਧਾਰ ਰਹਿਣਗੇ।

***

AKT/NT