Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਭਾਰਤ-ਅਫ਼ਗ਼ਾਨਿਸਤਾਨ ਸਾਂਝਾ ਬਿਆਨ

ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਭਾਰਤ-ਅਫ਼ਗ਼ਾਨਿਸਤਾਨ ਸਾਂਝਾ ਬਿਆਨ


ਇਸਲਾਮਿਕ ਗਣਰਾਜ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਮਾਣਯੋਗ ਡਾ. ਮੁਹੰਮਦ ਅਸ਼ਰਫ਼ ਗ਼ਨੀ ਦਾ 14 ਅਤੇ 15 ਸਤੰਬਰ, 2016 ਨੂੰ ਉਨ੍ਹਾਂ ਦੇ ਕਾਰਜਸ਼ੀਲ ਦੌਰੇ ਮੌਕੇ ਨਿੱਘਾ ਸੁਆਗਤ ਕੀਤਾ ਗਿਆ । ਇਸ ਦੌਰੇ ਦੌਰਾਨ, ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਵਿਚਾਰ-ਵਟਾਂਦਰੇ ਕੀਤੇ ਅਤੇ ਅੱਜ ਬਾਅਦ ‘ਚ ਰਾਸ਼ਟਰਪਤੀ ਜੀ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ।

ਰਾਸ਼ਟਰਪਤੀ ਗ਼ਨੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਸੰਬਰ 2015 ਤੇ ਇਸ ਵਰ੍ਹੇ ਜੂਨ ਮਹੀਨੇ ਦੌਰਾਨ ਕ੍ਰਮਵਾਰ ਕਾਬੁਲ ਤੇ ਹੈਰਾਤ ਦੇ ਆਪਣੇ ਦੌਰਿਆਂ ਨੂੰ ਬਹੁਤ ਪਿਆਰ ਨਾਲ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੋਵੇਂ ਫੇਰੀਆਂ ਦੌਰਾਨ ਉਨ੍ਹਾਂ ਦਾ ਜਿੰਨੇ ਨਿੱਘੇ ਢੰਗ ਨਾਲ ਸੁਆਗਤ ਕੀਤਾ ਗਿਆ ਸੀ ਤੇ ਉਦੋਂ ਹੋਏ ਵਿਚਾਰ-ਵਟਾਂਦਰਿਆਂ ਦੇ ਨਤੀਜੇ ਬਹੁਤ ਵਧੀਆ ਰਹੇ ਸਨ ਅਤੇ ਫਿਰ ਤਹਿਰਾਨ (ਮਈ 2016) ਅਤੇ ਤਾਸ਼ਕੰਦ (ਜੂਨ 2016) ‘ਚ ਰਾਸ਼ਟਰਪਤੀ ਨਾਲ ਉਨ੍ਹਾਂ ਦੀਆਂ ਹੋਰ ਮੀਟਿੰਗਾਂ ਹੋਈਆਂ ਸਨ; ਉਨ੍ਹਾਂ ਨੂੰ ਉਹ ਸਭ ਯਾਦ ਰਹੇਗਾ।

ਦੋਵੇਂ ਆਗੂਆਂ ਨੇ ਭਾਰਤ ਅਤੇ ਅਫ਼ਗ਼ਾਗਿਨਸਤਾਨ ਵਿਚਾਲੇ ਸਾਰੇ ਪੱਧਰਾਂ ‘ਤੇ ਕਾਇਮ ਹੋਈ ਨੇੜਤਾ ਅਤੇ ਅਜਿਹੇ ਨਿਰੰਤਰ ਸਲਾਹ-ਮਸ਼ਵਰਿਆਂ ਉੱਤੇ ਖ਼ੁਸ਼ੀ ਪ੍ਰਗਟਾਈ, ਜਿਨ੍ਹਾਂ ਤੋਂ ਉਨ੍ਹਾਂ ਦੀ ਰਣਨੀਤਕ ਭਾਈਵਾਲੀ ਨੂੰ ਸੇਧ ਮਿਲੀ ਹੈ ਅਤੇ ਸਰਬ-ਪੱਖੀ ਸਹਿਯੋਗ ਹੋਰ ਮਜ਼ਬੂਤ ਹੋਇਆ ਹੈ।

ਦੋਵੇਂ ਆਗੂਆਂ ਨੇ ਚੇਤੇ ਕਰਦਿਆਂ ਕਿਹਾ ਕਿ ਭਾਰਤ-ਅਫ਼ਗ਼ਾਨਿਸਤਾਨ ਦੇ ਦੁਵੱਲੇ ਵਿਕਾਸ ਸਹਿਯੋਗ ਰਾਹੀਂ ਅਫ਼ਗ਼ਾਨਿਸਤਾਨ ਦੀਆਂ ਸਿਆਸੀ, ਸੁਰੱਖਿਆ ਅਤੇ ਆਰਥਿਕ ਮੋਰਚਿਆਂ ਦੀਆਂ ਤਬਦੀਲੀਆਂ ਲਈ ਕੀਤੇ ਜਾ ਰਹੇ ਆਪਣੇ ਜਤਨਾਂ ਵਿੱਚ ਮਦਦ ਮਿਲੀ ਹੈ ਅਤੇ ਉਨ੍ਹਾਂ ਪਿੱਛੇ ਜਿਹੇ ਮੁਕੰਮਲ ਹੋਏ ਸੰਸਦ ਭਵਨ ਤੇ ਅਫ਼ਗ਼ਾਨਿਸਤਾਨ-ਭਾਰਤ ਦੋਸਤੀ ਬੰਨ੍ਹ ਜਿਹੇ ਪ੍ਰਮੁੱਖ ਮੀਲ-ਪੱਥਰਾਂ ‘ਤੇ ਖ਼ੁਸ਼ੀ ਪ੍ਰਗਟਾਈ। ਰਾਸ਼ਟਰਪਤੀ ਨੇ 22 ਅਗਸਤ, 2016 ਨੂੰ ਇੱਕ ਵੀਡੀਓ ਲਿੰਕ ਰਾਹੀਂ ‘ਸਟੋਰੇ ਮਹੱਲ’ ਦੇ ਸਾਂਝੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿਵਾਏ ਉਸ ਭਰੋਸੇ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ

ਭਾਰਤ ਦੇ 1.25 ਅਰਬ ਲੋਕ ਪੂਰੀ ਦ੍ਰਿੜ੍ਹਤਾ ਨਾਲ ਆਪਣੇ ਅਫ਼ਗ਼ਾਨ ਭਰਾਵਾਂ ਅਤੇ ਭੈਣਾਂ ਨਾਲ ਖੜ੍ਹੇ ਹਨ।
ਪ੍ਰਧਾਨ ਮੰਤਰੀ ਨੇ ਏਕੀਕ੍ਰਿਤ, ਪ੍ਰਭੂਸੱਤਾ ਸੰਪੰਨ, ਜਮਹੂਰੀ, ਸ਼ਾਂਤੀਪੂਰਨ, ਸਥਿਰ ਅਤੇ ਖ਼ੁਸ਼ਹਾਲ ਅਫ਼ਗ਼ਾਨਿਸਤਾਨ ਲਈ ਮੁਕੰਮਲ ਸਹਿਯੋਗ ਦੀ ਗੱਲ ਦੁਹਰਾਈ। ਉਨ੍ਹਾਂ ਸਿੱਖਿਆ, ਸਿਹਤ, ਖੇਤੀਬਾੜੀ, ਹੁਨਰ ਵਿਕਾਸ, ਮਹਿਲਾ ਸਸ਼ਕਤੀਕਰਨ, ਊਰਜਾ, ਬੁਨਿਆਦੀ ਢਾਂਚਾ ਤੇ ਜਮਹੂਰੀ ਸੰਸਥਾਨ ਮਜ਼ਬੂਤ ਕਰਨ ਜਿਹੇ ਖੇਤਰਾਂ ਵਿੱਚ ਸਮਰੱਥਾ ਅਤੇ ਯੋਗਤਾ ਨਿਰਮਾਣ ਲਈ ਅਫ਼ਗ਼ਾਨਿਸਤਾਨ ਦੀਆਂ ਅਗਲੇਰੀਆਂ ਜ਼ਰੂਰਤਾਂ ਬਾਰੇ ਵਿਚਾਰ ਕਰਨ ਵਾਸਤੇ ਭਾਰਤ ਦੇ ਤਿਆਰ ਰਹਿਣ ਦੀ ਗੱਲ ਆਖੀ। ਇਸ ਸਬੰਧੀ, ਪ੍ਰਧਾਨ ਮੰਤਰੀ ਨੇ ਪੇਸ਼ਕਸ਼ ਕੀਤੀ ਕਿ ਇੱਕ ਨੇੜਲੇ ਗੁਆਂਢੀ ਅਤੇ ਅਫ਼ਗ਼ਾਨਿਸਤਾਨ ਅਤੇ ਉਸ ਦੀ ਜਨਤਾ ਦਾ ਦੋਸਤ ਹੋਣ ਦੇ ਨਾਤੇ ਭਾਰਤ 1 ਅਰਬ ਅਮਰੀਕੀ ਡਾਲਰ ਦੀ ਰਕਮ ਮੁਹੱਈਆ ਕਰਵਾਏਗਾ। ਪ੍ਰਧਾਨ ਮੰਤਰੀ ਨੇ ਭਾਰਤ ਤੋਂ ਵਿਸ਼ਵ ਪੱਧਰੀ ਅਤੇ ਸਸਤੀਆਂ ਤੇ ਅਸਾਨੀ ਨਾਲ ਉਪਲੱਬਧ ਹੋਣ ਵਾਲੀਆਂ ਦਵਾਈਆਂ ਦੀ ਸਪਲਾਈ ਭੇਜਣ ਦੇ ਨਾਲ-ਨਾਲ ਪਰਸਪਰ ਸਹਿਮਤੀ ਵਾਲੇ ਤਰੀਕਿਆਂ ਰਾਹੀਂ ਸੋਲਰ ਊਰਜਾ ਦੇ ਖੇਤਰ ‘ਚ ਸਹਿਯੋਗ ਦੇਣ ਦਾ ਪ੍ਰਸਤਾਵ ਵੀ ਰੱਖਿਆ।

ਦੋਵੇਂ ਆਗੂਆਂ ਨੇ ਖੇਤਰੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਇਸ ਖੇਤਰ ਵਿੱਚ ਸਿਆਸੀ ਹਿਤਾਂ ਲਈ ਦਹਿਸ਼ਗਤਗਰਦੀ ਤੇ ਹਿੰਸਾ ਦੀ ਨਿਰੰਤਰ ਹੋ ਰਹੀ ਵਰਤੋਂ ਉੱਤੇ ਡੂੰਘੀ ਚਿੰਤਾ ਪ੍ਰਗਟਾਈ। ਉਹ ਸਹਿਮਤ ਸਨ ਇਹ ਵਰਤਾਰਾ ਇਸ ਖੇਤਰ ਤੇ ਉਸ ਤੋਂ ਅਗਾਂਹ ਦੇ ਖੇਤਰਾਂ ਵਿੱਚ ਵੀ ਸ਼ਾਂਤੀ, ਸਥਿਰਤਾ ਤੇ ਪ੍ਰਗਤੀ ਦੇ ਰਾਹ ਵਿੱਚ ਇੱਕੋ-ਇੱਕ ਸਭ ਤੋਂ ਵੱਡੇ ਖ਼ਤਰੇ ਨੂੰ ਪ੍ਰਗਟਾਉਂਦਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰ ਕਿਸਮ ਦੀ ਦਹਿਸ਼ਤਗਰਦੀ ਦਾ ਖ਼ਾਤਮਾ, ਬਿਨਾ ਕਿਸੇ ਵਿਤਕਰੇ ਦੇ ਜ਼ਰੂਰੀ ਹੈ, ਉਨ੍ਹਾਂ ਅਫ਼ਗ਼ਾਨਿਸਤਾਨ ਤੇ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਅਤੇ ਅਜਿਹੇ ਸਾਰੇ ਸਬੰਧਤਾਂ ਨੂੰ ਸੱਦਾ ਦਿੱਤਾ ਕਿ ਉਹ ਦਹਿਸ਼ਤਗਰਦਾਂ ਨੂੰ ਪ੍ਰਾਯੋਜਿਤ ਕਰਨ, ਮਦਦ ਦੇਣ, ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਉਣੇ ਬੰਦ ਕਰਨ। ਦੋਵੇਂ ਆਗੂਆਂ ਨੇ ਦਹਿਸ਼ਤਗਰਦੀ ਦਾ ਵਿਰੋਧ ਦ੍ਰਿੜ੍ਹਤਾਪੂਰਬਕ ਕਰਦੇ ਰਹਿਣ ਤੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ; ਜਿਵੇਂ ਕਿ ਭਾਰਤ-ਅਫ਼ਗ਼ਾਨਿਸਤਾਨ ਰਣਨੀਤਕ ਭਾਈਵਾਲੀ ਸਮਝੌਤੇ ਵਿੱਚ ਦਰਜ ਹੈ।

ਇਹ ਸਹਿਮਤੀ ਪ੍ਰਗਟਾਈ ਕਿ ਭਾਰਤ ਦੇ ਵਿਦੇਸ਼ ਮੰਤਰੀ ਅਤੇ ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਦੀ ਅਗਵਾਈ ਹੇਠ ‘ਰਣਨੀਤਕ ਭਾਈਵਾਲੀ ਪ੍ਰੀਸ਼ਦ’ (ਸਟਰੈਟਿਜਿਕ ਪਾਰਟਨਰਸ਼ਿਪ ਕੌਂਸਿਲ) ਦੀ ਛੇਤੀ ਹੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਸਹਿਯੋਗ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਚਾਰ ਸਾਂਝੇ ਕਾਰਜ-ਦਲਾਂ ਦੀਆਂ ਸਿਫ਼ਾਰਸ਼ਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ ਅਤੇ ਭਵਿੱਖ ਲਈ ਸੇਧ ਲਈ ਜਾਵੇਗੀ।

ਦੋਵੇਂ ਆਗੂਆਂ ਨੇ ਰਾਸ਼ਟਰਪਤੀ ਦੀ ਫੇਰੀ ਦੌਰਾਨ ਹਵਾਲਗੀ ਸੰਧੀ, ਸ਼ਹਿਰੀ ਤੇ ਵਪਾਰਕ ਮਾਮਲਿਆਂ ‘ਚ ਸਹਿਯੋਗ ਲਈ ਸਮਝੌਤੇ ਅਤੇ ਬਾਹਰੀ ਪੁਲਾੜ ਦੇ ਸ਼ਾਂਤੀਪੂਰਨ ਉਪਯੋਗਾਂ ਵਿੱਚ ਸਹਿਯੋਗ ਬਾਰੇ ਸਹਿਮਤੀ-ਪੱਤਰ ਉੱਤੇ ਤਸੱਲੀ ਪ੍ਰਗਟਾਈ। ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਮਈ 2016 ਦੌਰਾਨ ਅਫ਼ਗ਼ਾਨਿਸਤਾਨ, ਭਾਰਤ ਤੇ ਇਰਾਨ ਵਿਚਾਲੇ ਹੋਇਆ ਤਿਪੱਖੀ ਸਮਝੌਤਾ ਚਾਹਬਹਾਰ ਦੀ ਵਰਤੋਂ ਕਰਦਿਆਂ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸ ਨਾਲ ਇਸ ਖੇਤਰ ਦੇ ਅੰਦਰ ਆਪਸੀ ਕੁਨੈਕਟੀਵਿਟੀ ਵਧੇਗੀ। ਇਸ ਸੰਦਰਭ ਵਿੱਚ, ਦੋਵੇਂ ਰਹਿਨੁਮਾਵਾਂ ਨੇ ਤਿੰਨੇ ਦੇਸ਼ਾਂ ਵੱਲੋਂ ਵਪਾਰਕ ਤੇ ਉਦਯੋਗ ਨਾਲ ਸਬੰਧਤ ਮਹੱਤਵਪੂਰਨ ਸਬੰਧਤ ਧਿਰਾਂ ‘ਤੇ ਅਧਾਰਤ ਇੱਕ ਸਾਂਝੀ ਫ਼ੋਰਮ ਸੱਦਣ ਦੇ ਹਾਲੀਆ ਫ਼ੈਸਲੇ ਦੀ ਸ਼ਲਾਘਾ ਕੀਤੀ।

ਦੋਵੇਂ ਆਗੂਆਂ ਨੇ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ, ਸਥਿਰਤਾ ਤੇ ਵਿਕਾਸ ਦੀ ਸਥਾਪਨਾ ਲਈ ਭਾਰਤ ਤੇ ਅਫ਼ਗ਼ਾਨਿਸਤਾਨ ਵੱਲੋਂ ਖੇਤਰੀ ਤੇ ਹੋਰ ਦੇਸ਼ਾਂ ਅਤੇ ਅੰਤਰਰਾਸ਼ਟਰੀ ਜਥੇਬੰਦੀਆਂ ਨਾਲ ਗੱਲਬਾਤ ਵਿੱਚ ਆਈ ਤੇਜ਼ੀ ਦਾ ਸੁਆਗਤ ਕੀਤਾ। ਉਨ੍ਹਾਂ ਖ਼ਾਸ ਤੌਰ ‘ਤੇ ਭਾਰਤ-ਇਰਾਨ-ਅਫ਼ਗ਼ਾਨਿਸਤਾਨ ਵਿਚਾਲੇ ਤਿਪੱਖੀ ਮਸ਼ਵਰਿਆਂ ਦੇ ਨਤੀਜਿਆਂ ਦੀ ਸ਼ਲਾਘਾ ਕੀਤੀ ਅਤੇ ਇਸ ਮਹੀਨੇ ਬਾਅਦ ‘ਚ ਨਿਊ ਯਾਰਕ ਵਿਖੇ ਭਾਰਤ-ਅਮਰੀਕਾ-ਅਫ਼ਗ਼ਾਨਿਸਤਾਨ ਵਿਚਾਰ-ਵਟਾਂਦਰੇ ਮੁੜ ਅਰੰਭ ਹੋਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਦੱਸਿਆ ਕਿ ਅਫ਼ਗ਼ਾਨਿਸਤਾਨ ਸਰਕਾਰ ਹਰ ਸੰਭਵ ਤਰੀਕਿਆਂ ਨਾਲ ਮਦਦ ਲਈ ਭਾਰਤ ਅੰਤਰਰਾਸ਼ਟਰੀ ਭਾਈਚਾਰੇ ਨਾਲ ਗੱਲਬਾਤ ਜਾਰੀ ਰੱਖੇਗਾ।

ਇਸ ਸੰਦਰਭ ਵਿੱਚ, ਦੋਵੇਂ ਆਗੂਆਂ ਨੇ ਆਉਂਦੀ 4 ਦਸੰਬਰ ਨੂੰ ‘ਹਾਰਟ ਆਵ੍ ਏਸ਼ੀਆ-ਇਸਤਾਨਬੁਲ ਪ੍ਰੋਸੈੱਸ’ (ਐੱਚ.ਓ.ਏ.) ਦੀ ਅੰਮ੍ਰਿਤਸਰ ਮਿਨਿਸਟੀਰੀਅਲ ਕਾਨਫ਼ਰੰਸ ਅਤੇ 5 ਅਕਤੂਬਰ ਨੂੰ ਹੋਣ ਵਾਲੀ ਬਰੱਸੇਲਜ਼ ਕਾਨਫ਼ਰੰਸ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੋਟ ਕੀਤਾ ਕਿ ਅੰਮ੍ਰਿਤਸਰ ਦੀ ਚੋਣ ਕੀਤੇ ਜਾਣ ਨਾਲ ਕੁਨੈਕਟੀਵਿਟੀ ਬਹਾਲ ਕਰਨ ਦੀ ਕੀਮਤ ਨੂੰ ਉਜਾਗਰ ਕੀਤਾ ਹੈ ਅਤੇ ਇਹ ਗੱਲ ਇਸ ਵਰ੍ਹੇ ਐੱਚ.ਓ.ਏ. ਦੇ ਵਿਸ਼ੇ ‘ਚੁਣੌਤੀਆਂ ਦਾ ਮੁਕਾਬਲਾ ਕਰਨਾ, ਖ਼ੁਸ਼ਹਾਲੀ ਲਿਆਉਣਾ’ ਉੱਤੇ ਵੀ ਪੂਰੀ ਢੁਕਦੀ ਹੈ। ਇਸ ਰਾਹੀਂ ਇਹ ਨੁਕਤਾ ਵੀ ਉੱਘੜਦਾ ਹੈ ਕਿ ਭਾਰਤ ਅਤੇ ਅਫ਼ਗ਼ਾਨਿਸਤਾਨ ਦੋਵੇਂ ਦੱਖਣੀ ਏਸ਼ੀਆ ਅਤੇ ਕੇਂਦਰੀ ਏਸ਼ੀਆ ਵਿਚਾਲੇ ਬੇਰੋਕ ਦੋ-ਮਾਰਗੀ ਕੁਨੈਕਟੀਵਿਟੀ ਪ੍ਰਤੀ ਪ੍ਰਤੀਬੱਧ ਹਨ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਅੰਮ੍ਰਿਤਸਰ ਮਿਨਿਸਟੀਰੀਅਲ ਕਾਨਫ਼ਰੰਸ ਦੇ ਉਦਘਾਟਨ ਮੌਕੇ ਪੁੱਜਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਨੇ ਉਹ ਸੱਦਾ ਪ੍ਰਵਾਨ ਕਰ ਲਿਆ। ਰਾਸ਼ਟਰਪਤੀ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਆਰਥਿਕ ਮੌਕਿਆਂ ਤੇ ਸੰਭਾਵਨਾਵਾਂ ਬਾਰੇ ਭਾਰਤ ਦੇ ਸੀਨੀਅਰ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਜਾਣਕਾਰੀ ਦੇਣਗੇ। ਉਹ ਇੰਸਟੀਟਿਊਟ ਫ਼ਾਰ ਡਿਫ਼ੈਂਸ ਸਟੱਡੀਜ਼ ਐਂਡ ਅਨੈਲੇਸਿਜ਼ (Institute for Defence Studies and Analyses )ਦੇ ਰਣਨੀਤਕ ਮਾਹਰਾਂ ਦੇ ਇੱਕ ਚੋਣਵੇਂ ਇਕੱਠ ਨੂੰ ਵੀ ਸੰਬੋਧਨ ਕਰਨਗੇ ਅਤੇ ਇਸ ਮੌਕੇ ਵਿਸ਼ਾ ਹੋਵੇਗਾ ‘ਸਿਆਸੀ ਹਿੰਸਾ ਤੇ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੀ ਪੰਜਵੀਂ ਲਹਿਰ।( ‘Fifth Wave of Political Violence and Global Terrorism.’)’

****

AKT/AK