ਮੈਂ ਸੰਯੁਕਤ ਰਾਜ ਅਮਰੀਕਾ ਦੇ ਮਹਾਮਹਿਮ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਦੇ ‘ਤੇ 22 ਤੋਂ 25 ਸਤੰਬਰ 2021 ਤੱਕ ਅਮਰੀਕਾ ਦਾ ਦੌਰਾ ਕਰਾਂਗਾ।
ਆਪਣੇ ਇਸ ਦੌਰੇ ਦੇ ਦੌਰਾਨ ਮੈਂ ਰਾਸ਼ਟਰਪਤੀ ਬਾਇਡਨ ਦੇ ਨਾਲ ਭਾਰਤ-ਅਮਰੀਕੀ ਵਿਆਪਕ- ਆਲਮੀ ਰਣਨੀਤਕ ਸਾਂਝੇਦਾਰੀ ਅਤੇ ਆਪਸੀ ਹਿਤਾਂ ਨਾਲ ਜੁੜੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਗੱਲਬਾਤ ਕਰਾਂਗਾ। ਆਪਣੇ ਇਸ ਦੌਰੇ ਦੇ ਦੌਰਾਨ ਮੈਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਮੁਲਾਕਾਤ ਨੂੰ ਲੈ ਕੇ ਵੀ ਉਤਸੁਕ ਹਾਂ ਅਤੇ ਇਸ ਦੌਰਾਨ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਸ਼ੇਸ਼ ਤੌਰ ‘ਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ ਜਾਵੇਗੀ।
ਮੈਂ ਰਾਸ਼ਟਰਪਤੀ ਬਾਇਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦੇ ਨਾਲ ਵਿਅਕਤੀਗਤ ਤੌਰ ‘ਤੇ ਪਹਿਲੇ ਕਵਾਡ ਲੀਡਰਸ ਸਮਿਟ ਵਿੱਚ ਹਿੱਸਾ ਲਵਾਂਗਾ। ਇਹ ਸਮਿਟ ਇਸ ਸਾਲ ਮਾਰਚ ਵਿੱਚ ਸਾਡੇ ਦਰਮਿਆਨ ਹੋਏ ਵਰਚੁਅਲ ਸਮਿਟ ਦੇ ਨਤੀਜਿਆਂ ਦੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਦੇ ਅਧਾਰ ‘ਤੇ ਭਵਿੱਖ ਦੀਆਂ ਗਤੀਵਿਧੀਆਂ ਦੀਆਂ ਪ੍ਰਾਥਮਿਕਤਾਵਾਂ ਦੀ ਪਹਿਚਾਣ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ।
ਮੈਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰਿਸਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸੁਗਾ ਨਾਲ ਮੁਲਾਕਾਤ ਕਰਾਂਗਾ ਅਤੇ ਸਬੰਧਿਤ ਦੇਸ਼ਾਂ ਦੇ ਨਾਲ ਮਜ਼ਬੂਤ ਦੁਵੱਲੇ ਸਬੰਧਾਂ ਬਾਰੇ ਅਤੇ ਖੇਤਰੀ ਤੇ ਆਲਮੀ ਮੁੱਦਿਆਂ ‘ਤੇ ਉਪਯੋਗੀ ਵਿਸ਼ਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਜਾਵੇਗਾ।
ਮੈਂ ਆਪਣੇ ਦੌਰੇ ਦਾ ਸਮਾਪਨ ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ਆਪਣੇ ਇੱਕ ਭਾਸ਼ਣ ਦੇ ਨਾਲ ਕਰਾਂਗਾ, ਜਿਸ ਵਿੱਚ ਆਲਮੀ ਚੁਣੌਤੀਆਂ ਖਾਸ ਕਰਕੇ ਕੋਵਿਡ-19 ਮਹਾਮਾਰੀ, ਆਤੰਕਵਾਦ ਨਾਲ ਨਿਪਟਣ ਦੀ ਜ਼ਰੂਰਤ, ਜਲਵਾਯੂ ਪਰਿਵਰਤਨ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਮੇਰਾ ਅਮਰੀਕੀ ਦੌਰਾ ਅਮਰੀਕਾ ਦੇ ਨਾਲ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਸਾਡੇ ਰਣਨੀਤਕ ਭਾਗੀਦਾਰਾਂ ਜਪਾਨ ਅਤੇ ਆਸਟ੍ਰੇਲੀਆ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ ਅਤੇ ਮਹੱਤਵਪੂਰਨ ਆਲਮੀ ਮੁੱਦਿਆਂ ‘ਤੇ ਸਾਡੇ ਸਹਿਯੋਗ ਨੂੰ ਅੱਗੇ ਲੈ ਜਾਵੇਗਾ।
******
ਡੀਐੱਸ/ਵੀਜੇ