ਸਾਡਾ ਮੰਤਰ ਹੋਣਾ ਚਾਹੀਦਾ ਹੈ: ‘ਬੇਟਾ ਬੇਟੀ, ਏਕ ਸਮਾਨ’
”ਆਓ ਆਪਾਂ ਸਾਰੇ ਧੀ ਦੇ ਜਨਮ ਉੱਤੇ ਜਸ਼ਨ ਮਨਾਈਏ। ਸਾਨੂੰ ਆਪਣੀਆਂ ਧੀਆਂ ਉੱਤੇ ਵੀ ਓਨਾ ਹੀ ਮਾਣ ਹੋਣਾ ਚਾਹੀਦਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਦੇ ਆਪਣੀ ਧੀ ਦੇ ਜਨਮ ਦੇ ਜਸ਼ਨ ਮਨਾਉਣੇ ਹੋਣ, ਤਾਂ ਪੰਜ ਪੌਦੇ ਲਾਓ।’ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਗੋਦ ਲਏ ਪਿੰਡ ਜਯਾਪੁਰ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਸਮੇਂ
ਬੇਟੀ ਬਚਾਓ ਬੇਟੀ ਪੜ੍ਹਾਓ (ਬੀ.ਬੀ.ਬੀ.ਪੀ.) ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵੱਲੋਂ 22 ਜਨਵਰੀ, 2015 ਨੂੰ ਪਾਣੀਪਤ, ਹਰਿਆਣਾ ‘ਚ ਕੀਤੀ ਗਈ ਸੀ। ਬੀ.ਬੀ.ਬੀ.ਪੀ. ਘਟਦੇ ਜਾ ਰਹੇ ਬਾਲ ਲਿੰਗ ਅਨੁਪਾਤ (ਸੀ.ਐੱਸ.ਆਰ.) ਅਤੇ ਸਮੁੱਚੇ ਜੀਵਨ-ਚੱਕਰ ਦੌਰਾਨ ਮਹਿਲਾ ਸਸ਼ਕਤੀਕਰਨ ਨਾਲ ਸਬੰਧਤ ਮੁੱਦਿਆਂ ਨਾਲ ਨਿਪਟਦੀ ਹੈ। ਇਹ ਮਹਿਲਾ ਤੇ ਬਾਲ ਵਿਕਾਸ, ਸਿਹਤ ਤੇ ਪਰਿਵਾਰ ਭਲਾਈ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲਿਆਂ ਦੇ ਤਿੰਨ ਮੰਤਰੀਆਂ ਦਾ ਜਤਨ ਹੈ।
ਇਸ ਯੋਜਨਾ ਦੇ ਮੁੱਖ ਤੱਤਾਂ ਵਿੱਚ ਪਹਿਲੇ ਗੇੜ ਦੌਰਾਨ ਚੋਣਵੇਂ 100 ਜ਼ਿਲ੍ਹਿਆਂ (ਜਿਨ੍ਹਾਂ ‘ਚ ਸੀ.ਐੱਸ.ਆਰ. ਘੱਟ ਹੈ) ਵਿੱਚ ਰਾਸ਼ਟਰ ਪੱਧਰੀ ਜਾਗਰੂਕਤਾ ਤੇ ਸਮਰਥਨ-ਮੁਹਿੰਮ ਅਤੇ ਬਹੁ-ਖੇਤਰੀ ਕਾਰਵਾਈ ਸ਼ਾਮਲ ਹਨ। ਇਸ ਰਾਹੀਂ ਬੁਨਿਆਦੀ ਪੱਧਰ ਉੱਤੇ ਸਿਖਲਾਈ, ਸੂਖਮਤਾ ਭਾਵ ਤੇ ਜਾਗਰੂਕਤਾ ਪੈਦਾ ਕਰ ਕੇ ਅਤੇ ਆਮ ਜਨਤਾ ਵਿੱਚ ਗਤੀਸ਼ੀਲਤਾ ਲਿਆ ਕੇ ਮਾਨਸਿਕਤਾ ਬਦਲਣ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ।
ਐੱਨ.ਡੀ.ਏ. ਸਰਕਾਰ ਸਾਡੇ ਸਮਾਜ ਵਿੱਚ ਬਾਲੜੀ ਵੱਲ ਵੇਖਣ ਦੇ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਲਿਆਉਣ ਦਾ ਜਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਪਣੀ ‘ਮਨ ਕੀ ਬਾਤ’ ਵਿੱਚ ਹਰਿਆਣਾ ਦੇ ਪਿੰਡ ਬੀਬੀਪੁਰ ਦੇ ਉਸ ਸਰਪੰਚ ਦੀ ਸ਼ਲਾਘਾ ਕੀਤੀ ਸੀ, ਜਿਸ ਨੇ ‘ਆਪਣੀ ਧੀ ਨਾਲ ਸੈਲਫੀ’ ਖਿਚਵਾਉਣ ਦੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਧੀਆਂ ਨਾਲ ਆਪਣੀਆਂ ‘ਸੈਲਫੀਜ਼’ ਸਾਂਝੀਆਂ ਕਰਨ ਦਾ ਵੀ ਅਨੁਰੋਧ ਕੀਤਾ ਸੀ ਅਤੇ ਛੇਤੀ ਹੀ ਉਨ੍ਹਾਂ ਦਾ ਇਹ ਸੱਦਾ ਸਮੁੱਚੇ ਵਿਸ਼ਵ ਵਿੱਚ ਬਹੁਤ ‘ਹਿੱਟ’ ਸਾਬਤ ਹੋ ਗਿਆ । ਸਮੁੱਚੇ ਭਾਰਤ ਤੇ ਵਿਸ਼ਵ ਦੇ ਲੋਕਾਂ ਨੇ ਧੀਆਂ ਨਾਲ ਆਪਣੀਆਂ ‘ਸੈਲਫੀਜ਼’ ਸਾਂਝੀਆਂ ਕੀਤੀਆਂ ਸਨ ਅਤੇ ਧੀਆਂ ਵਾਲੇ ਸਾਰੇ ਮਾਪਿਆਂ ਲਈ ਇਹ ਇੱਕ ਮਾਣਮੱਤਾ ਮੌਕਾ ਹੋ ਨਿੱਬੜਿਆ ਸੀ।
‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਸ਼ੁਰੂਆਤ ਤੋਂ ਹੀ, ਬਹੁ-ਖੇਤਰੀ ਜ਼ਿਲ੍ਹਾ ਕਾਰਜ-ਯੋਜਨਾਵਾਂ ਲਗਭਗ ਸਾਰੇ ਸੂਬਿਆਂ ਵਿੱਚ ਚਲ ਰਹੀਆਂ ਹਨ। ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਅਤੇ ਮੂਹਰਲੀ ਕਤਾਰ ਦੇ ਕਾਮਿਆਂ ਦੀਆਂ ਸਮਰੱਥਾਵਾਂ ਮਜ਼ਬੂਤ ਕਰਨ ਲਈ ਟਰੇਨਰਜ਼ ਵਾਸਤੇ ਸਮਰੱਥਾ-ਨਿਰਮਾਣ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਅਪ੍ਰੈਲ-ਅਕਤੂਬਰ 2015 ਦੌਰਾਨ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਸਾਰੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅਜਿਹੀਆਂ ਸਿਖਲਾਈਆਂ ਦੇ ਨੌਂ ਸੈੱਟ ਚਲਾਏ ਜਾ ਰਹੇ ਹਨ।
ਕੁਝ ਸਥਾਨਕ ਪਹਿਲਕਦਮੀਆਂ
‘ਬੇਟੀ ਬਚਾਓ ਬੇਟੀ ਪੜ੍ਹਾਓ’ ਯੋਜਨਾ ਅਧੀਨ, ਪਿਥੌਰਾਗੜ੍ਹ ਜ਼ਿਲ੍ਹੇ ਨੇ ਬਾਲੜੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸਿੱਖਿਆ ਦਿਵਾਉਣ ਲਈ ਵੱਖ-ਵੱਖ ਕਦਮ ਚੁੱਕੇ ਹਨ। ਜ਼ਿਲ੍ਹਾ ਕਾਰਜ-ਬਲ ਅਤੇ ਬਲਾੱਕ ਕਾਰਜ-ਬਲ ਗਠਤ ਕੀਤੇ ਗਏ ਹਨ। ਇਨ੍ਹਾਂ ਫ਼ੋਰਮਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਬਾਲ ਲਿੰਗ ਅਨੁਪਾਤ (ਸੀ.ਐੱਸ.ਆਰ.) ਨਾਲ ਸਬੰਧਤ ਸਪੱਸ਼ਟ ਕਾਰਜ-ਯੋਜਨਾਵਾਂ ਵਿਕਸਤ ਕੀਤੀਆਂ ਗਈਆਂ ਹਨ। ਇਸ ਯੋਜਨਾ ਦੇ ਵਿਆਪਕ ਪਸਾਰ, ਆਮ ਜਨਤਾ ਤੱਕ ਵੱਡੇ ਪੱਧਰ ਉੱਤੇ ਪਹੁੰਚ ਬਣਾਉਣ, ਜਾਗਰੂਕਤਾ ਪੈਦਾ ਕਰਨ ਲਈ ਗਤੀਵਿਧੀਆਂ ਜਾਰੀ ਹਨ। ਵੱਖ-ਵੱਖ ਸਕੂਲਾਂ, ਫ਼ੌਜੀ ਸਕੂਲਾਂ, ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਆਦਿ ਦੀ ਪ੍ਰਮੁੱਖ ਸ਼ਮੂਲੀਅਤ ਨਾਲ ਵੱਖ-ਵੱਖ ਰੈਲੀਆਂ ਦੇ ਆਯੋਜਨ ਕੀਤੇ ਗਏ ਹਨ।
‘ਬੇਟੀ ਬਚਾਓ ਬੇਟੀ ਪੜ੍ਹਾਓ’ ਬਾਰੇ ਜਾਗਰੂਕਤਾ ਵਿੱਚ ਵਾਧਾ ਕਰਨ ਲਈ ਪਿਥੌਰਾਗੜ੍ਹ ‘ਚ ਨੁੱਕੜ-ਨਾਟਕ ਆਯੋਜਤ ਕੀਤੇ ਜਾ ਰਹੇ ਹਨ। ਇਹ ਨੁੱਕੜ-ਨਾਟਕ ਕੇਵਲ ਪਿੰਡਾਂ ਵਿੱਚ ਹੀ ਨਹੀਂ, ਸਗੋਂ ਬਜ਼ਾਰਾਂ ਵਿੱਚ ਵੀ ਕੀਤੇ ਜਾ ਰਹੇ ਹਨ, ਤਾਂ ਜੋ ਵੱਡੀ ਪੱਧਰ ਉੱਤੇ ਦਰਸ਼ਕਾਂ ਵਿੱਚ ਜਾਗਰੂਕਤਾ ਪੈਦਾ ਹੋ ਸਕੇ। ਕਹਾਣੀ ਨੂੰ ਦ੍ਰਿਸ਼ਟਮਾਨ ਕੀਤੇ ਜਾਣ ਕਰਕੇ ਆਮ ਜਨਤਾ ਵਿੱਚ ‘ਚੋਣਵੇਂ ਲਿੰਗ ਦੇ ਗਰਭਪਾਤ’ ਦੀਆਂ ਸਮੱਸਿਆਵਾਂ ਪ੍ਰਤੀ ਸੂਖਮ-ਭਾਵ ਪੈਦਾ ਹੋ ਰਹੇ ਹਨ। ਇਨ੍ਹਾਂ ਨੁੱਕੜ-ਨਾਟਕਾਂ ਰਾਹੀਂ ਬਾਲੜੀਆਂ ਨਾਲ ਸਬੰਧਤ ਮੁੱਦਿਆਂ ਅਤੇ ਔਰਤਾਂ ਵੱਲੋਂ ਆਪਣੇ ਸਾਰੇ ਜੀਵਨ ਦੌਰਾਨ ਝੱਲੀਆਂ ਜਾਣ ਵਾਲੀਆਂ ਔਕੜਾਂ ਨੂੰ ਉਭਾਰਿਆ ਜਾ ਰਿਹਾ ਹੈ। ਹਸਤਾਖਰ ਮੁਹਿੰਮ, ਸੰਕਲਪ ਲੈਣ ਤੇ ਸਹੁੰ ਚੁੱਕਣ ਦੀ ਰਸਮ ਰਾਹੀਂ ਬੀ.ਬੀ.ਬੀ.ਪੀ., ਪੋਸਟ ਗਰੈਜੂਏਟ ਕਾਲਜਾਂ ਦੇ 700 ਵਿਦਿਆਰਥੀਆਂ ਅਤੇ ਅਨੇਕਾਂ ਫ਼ੌਜੀ ਜਵਾਨਾਂ ਤੱਕ ਪਹੁੰਚ ਚੁੱਕੀ ਹੈ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਨੇ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਪ੍ਰੇਰਿਤ ਕਰਨ ਦੀ ਇੱਕ ਪਹਿਲਕਦਮੀ ਅਰੰਭੀ ਹੈ। ਇਸ ਦੀ ‘ਉਡਾਣ – ਸੁਪਨਿਆਂ ਦੀ ਦੁਨੀਆ ਦੇ ਰੂ-ਬ-ਰੂ’ (ਉਡਾਣ – ਲਿਵ ਯੂਅਰ ਡ੍ਰੀਮ ਫ਼ਾਰ ਵਨ ਡੇਅ) ਯੋਜਨਾ ਅਧੀਨ ਮਾਨਸਾ ਪ੍ਰਸ਼ਾਸਨ ਨੇ ਛੇਵੀਂ-ਸੱਤਵੀਂ ਜਮਾਤ ਦੀਆਂ ਲੜਕੀਆਂ ਤੋਂ ਤਜਵੀਜ਼ਾਂ ਮੰਗੀਆਂ ਹਨ। ਇਨ੍ਹਾਂ ਕੁੜੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਕਿਸੇ ਪ੍ਰੋਫ਼ੈਸ਼ਨਲ – ਜਿਵੇਂ ਕਿ ਹੋਰਨਾਂ ਤੋਂ ਇਲਾਵਾ ਡਾਕਟਰ, ਪੁਲਿਸ ਅਧਿਕਾਰੀ, ਇੰਜੀਨੀਅਰ, ਆਈ.ਏ.ਐੱਸ. ਅਤੇ ਪੀ.ਪੀ.ਐੱਸ. ਅਧਿਕਾਰੀਆਂ ਨਾਲ ਇੱਕ ਦਿਨ ਬਿਤਾਉਣ ਦਾ ਮੌਕਾ ਮਿਲਦਾ ਹੈ।
ਇਸ ਪਹਿਲਕਦਮੀ ਨੂੰ ਭਾਰੀ ਹੁੰਗਾਰਾ ਮਿਲਿਆ ਹੈ ਅਤੇ 70 ਤੋਂ ਵੱਧ ਵਿਦਿਆਰਥਣਾਂ ਨੂੰ ਕਿਸੇ ਨਾ ਕਿਸੇ ਪ੍ਰੋਫ਼ੈਸ਼ਨਲ ਨਾਲ ਇੱਕ ਦਿਨ ਬਿਤਾਉਣ ਦਾ ਮੌਕਾ ਪਹਿਲਾਂ ਹੀ ਮਿਲ ਚੁੱਕਾ ਹੈ ਅਤੇ ਉਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਨੂੰ ਪ੍ਰੋਫ਼ੈਸ਼ਨਲ ਮਾਹੌਲ ਵਿੱਚ ਕੰਮ ਕਰਦਿਆਂ ਵੇਖਿਆ ਅਤੇ ਇੰਝ ਉਨ੍ਹਾਂ ਨੂੰ ਆਪਣੇ ਭਵਿੱਖ ‘ਚ ਕਰੀਅਰ ਦੀ ਚੋਣ ਕਰਨ ਸਬੰਧੀ ਬਿਹਤਰ ਫੈਸਲੇ ਲੈਣ ਵਿੱਚ ਮਦਦ ਮਿਲੀ ਹੈ।