Search

ਪੀਐੱਮਇੰਡੀਆਪੀਐੱਮਇੰਡੀਆ

ਨਮਾਮਿ ਗੰਗੇ


ਉੱਤਰ ਪ੍ਰਦੇਸ਼ ਵਿੱਚ ਗੰਗਾ ਦੇ ਤਟ ‘ਤੇ ਸਥਿਤ ਵਾਰਾਣਸੀ ਤੋਂ ਸੰਸਦ ਲਈ ਮਈ 2014 ਵਿੱਚ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, ‘ਮਾਂ ਗੰਗਾ ਦੀ ਸੇਵਾ ਕਰਨਾ ਮੇਰੇ ਭਾਗ ਵਿੱਚ ਹੈ।’

ਗੰਗਾ ਨਦੀ ਦਾ ਨਾ ਸਿਰਫ਼ ਸੱਭਿਆਚਾਰਕ ਅਤੇ ਅਧਿਆਤਮਕ ਮਹੱਤਵ ਹੈ ਬਲਕਿ ਦੇਸ਼ ਦੀ 40 ਫੀਸਦੀ ਅਬਾਦੀ ਗੰਗਾ ਨਦੀ ‘ਤੇ ਨਿਰਭਰ ਹੈ। 2014 ਵਿੱਚ ਨਿਊਯਾਰਕ ਵਿੱਚ ਮੈਡੀਸਨ ਸਕੁਏਰ ਗਾਰਡਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ, “ਜੇਕਰ ਅਸੀਂ ਇਸਨੂੰ ਸਾਫ਼ ਕਰਨ ਦੇ ਸਮਰੱਥ ਹੋ ਗਏ ਤਾਂ ਇਹ ਦੇਸ਼ ਦੀ 40 ਫ਼ੀਸਦੀ ਅਬਾਦੀ ਲਈ ਇੱਕ ਵੱਡੀ ਉਮੀਦ ਸਾਬਤ ਹੋਏਗੀ। ਇਸ ਲਈ ਗੰਗਾ ਦੀ ਸਫ਼ਾਈ ਇੱਕ ਆਰਥਿਕ ਏਜੰਡਾ ਵੀ ਹੈ।”

ਇਸ ਸੋਚ ਨੂੰ ਲਾਗੂ ਕਰਨ ਲਈ ਸਰਕਾਰ ਨੇ ਗੰਗਾ ਨਦੀ ਵਿੱਚ ਪ੍ਰਦੂਸ਼ਣ ਨੂੰ ਖ਼ਤਮ ਕਰਨ ਅਤੇ ਨਦੀ ਨੂੰ ਮੁੜ ਸੁਰਜੀਤ ਕਰਨ ਲਈ ‘ਨਮਾਮਿ ਗੰਗੇ’ ਨਾਂਅ ਦੇ ਇੱਕ ਸੰਗਠਿਤ ਗੰਗਾ ਸੰਭਾਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਕੇਂਦਰੀ ਮੰਤਰੀ ਮੰਡਲ ਨੇ ਨਦੀ ਦੀ ਸਫ਼ਾਈ ਲਈ ਬਜਟ ਨੂੰ ਚਾਰ ਗੁਣਾ ਕਰਦੇ ਹੋਏ 2019-2020 ਤੱਕ ਨਦੀ ਦੀ ਸਫ਼ਾਈ ‘ਤੇ 20,000 ਕਰੋੜ ਰੁਪਏ ਖ਼ਰਚ ਕਰਨ ਦੀ ਕੇਂਦਰ ਦੀ ਪ੍ਰਸਤਾਵਿਤ ਕਾਰਜ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਸਨੂੰ 100 ਫ਼ੀਸਦੀ ਕੇਂਦਰੀ ਹਿੱਸੇਦਾਰੀ ਨਾਲ ਕੇਂਦਰੀ ਯੋਜਨਾ ਦਾ ਰੂਪ ਦਿੱਤਾ ਹੈ।

ਇਹ ਸਮਝਦੇ ਹੋਏ ਕਿ ਗੰਗਾ ਨੂੰ ਮੁੜ ਸੁਰਜੀਤ ਕਰਨ ਦੀ ਚੁਣੌਤੀ ਬਹੁ-ਖੇਤਰੀ ਅਤੇ ਬਹੁ-ਪੱਖੀ ਹੈ ਅਤੇ ਇਸ ਵਿੱਚ ਕਈ ਹਿਤ-ਧਾਰਕਾਂ ਦੀ ਵੀ ਭੂਮਿਕਾ ਹੈ, ਵਿਭਿੰਨ ਮੰਤਰਾਲਿਆਂ ਦੇ ਵਿਚਕਾਰ ਅਤੇ ਕੇਂਦਰ- ਰਾਜਾਂ ਵਿਚਕਾਰ ਸਹਿਯੋਗ ਨੂੰ ਬਿਹਤਰ ਕਰਨ ਅਤੇ ਕਾਰਜ ਯੋਜਨਾ ਦੀ ਤਿਆਰੀ ਵਿੱਚ ਸਾਰਿਆਂ ਦੀ ਸ਼ਮੂਲੀਅਤ ਵਧਾਉਣ ਨਾਲ ਕੇਂਦਰ ਅਤੇ ਰਾਜ ਪੱਧਰ ‘ਤੇ ਨਿਗਰਾਨੀ ਤੰਤਰ ਨੂੰ ਬਿਹਤਰ ਕਰਨ ਲਈ ਉਪਰਾਲੇ ਕੀਤੇ ਗਏ ਹਨ।

ਪ੍ਰੋਗਰਾਮ ਨੂੰ ਲਾਗੂ ਕਰਨ ਦੀਆਂ ਸ਼ੁਰੂਆਤੀ ਪੱਧਰ ਦੀਆਂ ਗਤੀਵਿਧੀਆਂ (ਤੁਰੰਤ ਪ੍ਰਭਾਵ ਦਿਖਾਉਣ ਲਈ), ਦਰਮਿਆਨੀ ਮਿਆਦ ਦੀਆਂ ਗਤੀਵਿਧੀਆਂ (ਸਮਾਂ ਸੀਮਾ ਦੇ 5 ਸਾਲ ਦੇ ਅੰਦਰ ਲਾਗੂ ਕੀਤਾ ਜਾਣਾ ਹੈ), ਅਤੇ ਲੰਬੀ ਮਿਆਦ ਦੀਆਂ ਗਤੀਵਿਧੀਆਂ (10 ਸਾਲ ਦੇ ਅੰਦਰ ਲਾਗੂ ਕੀਤਾ ਜਾਣਾ ਹੈ) ਵਿੱਚ ਵੰਡਿਆ ਗਿਆ ਹੈ।

0.38657500-1451574694-a-clean-ganga [ PM India 0KB ]

ਸ਼ੁਰੂਆਤੀ ਪੱਧਰ ਦੀਆਂ ਗਤੀਵਿਧੀਆਂ ਤਹਿਤ ਨਦੀ ਉੱਪਰਲੀ ਸਤ੍ਹਾ ਦੀ ਸਫ਼ਾਈ ਤੋਂ ਲੈ ਕੇ ਵਹਿ ਰਹੇ ਠੋਸ ਕੂੜੇ ਦੀ ਸਮੱਸਿਆ ਦਾ ਹੱਲ ਕਰਨਾ, ਪੇਂਡੂ ਖੇਤਰਾਂ ਦੀ ਸਫ਼ਾਈ ਤੋਂ ਲੈ ਕੇ ਪੇਂਡੂ ਖੇਤਰਾਂ ਦੀਆਂ ਨਾਲੀਆਂ ਤੋਂ ਆਉਂਦੇ ਹੋਏ ਮੈਲੇ ਪਦਾਰਥ (ਠੋਸ ਅਤੇ ਤਰਲ) ਅਤੇ ਪਖਾਨਿਆਂ ਦੇ ਨਿਰਮਾਣ, ਸ਼ਮਸ਼ਾਨ ਘਾਟਾਂ ਦਾ ਨਿਰਮਾਣ ਅਤੇ ਆਧੁਨਿਕੀਕਰਨ ਤਾਂ ਕਿ ਅੱਧ-ਜਲ਼ੀਆਂ ਜਾਂ ਘੱਟ-ਜਲ਼ੀਆਂ ਲਾਸ਼ਾਂ ਨੂੰ ਨਦੀ ਵਿੱਚ ਵਹਿਣ ਤੋਂ ਰੋਕਿਆ ਜਾ ਸਕੇ, ਲੋਕਾਂ ਅਤੇ ਨਦੀ ਵਿਚਕਾਰ ਸਬੰਧਾਂ ਨੂੰ ਬਿਹਤਰ ਕਰਨ ਲਈ ਘਾਟਾਂ ਦਾ ਨਿਰਮਾਣ, ਮੁਰੰਮਤ ਅਤੇ ਆਧੁਨਿਕੀਕਰਨ ਦਾ ਟੀਚਾ ਨਿਰਧਾਰਤ ਹੈ।

ਦਰਮਿਆਨੀ ਮਿਆਦ ਦੀਆਂ ਗਤੀਵਿਧੀਆਂ ਤਹਿਤ ਨਦੀ ਵਿੱਚ ਨਗਰ ਨਿਗਮ ਅਤੇ ਉਦਯੋਗਾਂ ਤੋਂ ਆਉਣ ਵਾਲੇ ਕਚਰੇ ਦੀ ਸਮੱਸਿਆ ਦਾ ਹੱਲ ਕਰਨ ‘ਤੇ ਧਿਆਨ ਦਿੱਤਾ ਜਾਏਗਾ। ਨਗਰ ਨਿਗਮ ਤੋਂ ਆਉਣ ਵਾਲੇ ਕਚਰੇ ਦੀ ਸਮੱਸਿਆ ਦਾ ਹੱਲ ਕਰਨ ਲਈ ਅਗਲੇ 5 ਸਾਲਾਂ ਵਿੱਚ 2500 ਐੱਮਐੱਲਡੀ ਵਾਧੂ ਸੋਧ ਸਮਰੱਥਾ ਦਾ ਨਿਰਮਾਣ ਕੀਤਾ ਜਾਏਗਾ। ਲੰਬੀ ਮਿਆਦ ਵਿੱਚ ਇਸ ਪ੍ਰੋਗਰਾਮ ਨੂੰ ਬਿਹਤਰ ਅਤੇ ਟਿਕਾਊ ਬਣਾਉਣ ਲਈ ਪ੍ਰਮੁੱਖ ਵਿੱਤੀ ਸੁਧਾਰ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਹਾਲ ਹੀ ਵਿੱਚ ਕੈਬਨਿਟ ਵੱਲੋਂ ਹਾਈਬ੍ਰਿਡ ਸਾਲਾਨਾ ਅਧਾਰਤ ਨਿਜੀ ਜਨਤਕ ਭਾਈਵਾਲੀ ਮਾਡਲ ‘ਤੇ ਵਿਚਾਰ ਕੀਤਾ ਗਿਆ ਹੈ। ਜੇਕਰ ਇਹ ਮਨਜ਼ੂਰ ਹੋ ਜਾਂਦਾ ਹੈ ਤਾਂ ਵਿਸ਼ੇਸ਼ ਉਦੇਸ਼ ਵਾਹਨ (Special Purpose Vehicle) ਇਨ੍ਹਾਂ ਦਾ ਪ੍ਰਬੰਧ ਕਰੇਗਾ, ਵਰਤੇ ਗਏ ਪਾਣੀ ਲਈ ਬਜ਼ਾਰ ਬਣਾਇਆ ਜਾਏਗਾ ਅਤੇ ਸੰਪਤੀਆਂ ਦੀ ਲੰਬੀ ਸਥਿਰਤਾ ਨਿਸ਼ਚਤ ਕੀਤੀ ਜਾਏਗੀ।

ਉਦਯੋਗਿਕ ਪ੍ਰਦੂਸ਼ਣ ਪ੍ਰਬੰਧਨ ਲਈ ਬਿਹਤਰ ਪ੍ਰਵਾਨਗੀ ਜ਼ਰੀਏ ਲਾਗੂ ਕਰਕੇ ਬਿਹਤਰ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਗੰਗਾ ਦੇ ਕਿਨਾਰੇ ਸਥਿਤ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਗੰਦੇ ਪਾਣੀ ਦੀ ਮਾਤਰਾ ਘੱਟ ਕਰਨ ਜਾਂ ਇਸਨੂੰ ਸੰਪੂਰਨ ਢੰਗ ਨਾਲ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਇਨ੍ਹਾਂ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਪਹਿਲਾਂ ਤੋਂ ਹੀ ਤਿਆਰ ਕਰ ਚੁੱਕਿਆ ਹੈ ਅਤੇ ਸਾਰੀਆਂ ਸ਼੍ਰੇਣੀਆਂ ਦੇ ਉਦਯੋਗਾਂ ਨੂੰ ਵਿਸਥਾਰਤ ਵਿਚਾਰ ਚਰਚਾ ਨਾਲ ਸਮਾਂ-ਸੀਮਾ ਦੇ ਦਿੱਤੀ ਗਈ ਹੈ। ਸਾਰੇ ਉਦਯੋਗਾਂ ਨੂੰ ਗੰਦੇ ਪਾਣੀ ਦੇ ਵਹਾਅ ਲਈ ਰੀਅਲ ਟਾਈਮ ਆਨਲਾਈਨ ਨਿਗਰਾਨੀ ਸਟੇਸ਼ਨ (real-time on-line effluent monitoring stations) ਕਾਇਮ ਕਰਨੇ ਹੋਣਗੇ।

ਇਸ ਪ੍ਰੋਗਰਾਮ ਤਹਿਤ ਇਨ੍ਹਾਂ ਗਤੀਵਿਧੀਆਂ ਤੋਂ ਇਲਾਵਾ ਜੈਵਿਕ ਵਿਭਿੰਨਤਾ ਸੰਭਾਲ, ਵਣ ਲਗਾਉਣੇ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਲਈ ਵੀ ਕਦਮ ਉਠਾਏ ਜਾ ਰਹੇ ਹਨ। ਮਹੱਤਵਪੂਰਨ ਪ੍ਰਜਾਤੀਆਂ ਜਿਵੇਂ ਗੋਲਡਨ ਮਹਾਸੀਰ, ਡਾਲਫਿਨ, ਘੜਿਆਲ, ਕੱਛੂ, ਊਦਬਿਲਾਵ ਆਦਿ ਦੀ ਸੰਭਾਲ ਲਈ ਪ੍ਰੋਗਰਾਮ ਪਹਿਲਾਂ ਤੋਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਇਸ ਪ੍ਰਕਾਰ ਹੀ ‘ਨਮਾਮਿ ਗੰਗੇ’ ਤਹਿਤ ਜ਼ਮੀਨੀ ਪਾਣੀ ਦਾ ਪੱਧਰ ਵਧਾਉਣਾ, ਭੂਮੀ ਖੋਰ ਘਟਾਉਣ ਅਤੇ ਨਦੀ ਵਾਤਾਵਰਣ ਦੀ ਸਥਿਤੀ ਵਿੱਚ ਸੁਧਾਰ ਕਰਨ ਲਈ 30,000 ਹੈਕਟੇਅਰ ਭੂਮੀ ‘ਤੇ ਜੰਗਲ ਲਗਾਏ ਜਾਣਗੇ। ਵਣੀਕਰਨ ਪ੍ਰੋਗਰਾਮ 2016 ਵਿੱਚ ਸ਼ੁਰੂ ਕੀਤਾ ਜਾਏਗਾ। ਵਿਆਪਕ ਪੱਧਰ ‘ਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਲਈ 113 ਰੀਅਲ-ਟਾਈਮ ਜਲ ਗੁਣਵੱਤਾ ਨਿਗਰਾਨੀ ਸਟੇਸ਼ਨ ਕਾਇਮ ਕੀਤੇ ਜਾਣਗੇ।

ਲੰਬੀ ਮਿਆਦ ਲਈ ਈ-ਫ਼ਲੋ ਦੇ ਨਿਰਧਾਰਨ, ਬਿਹਤਰ ਪਾਣੀ ਉਪਯੋਗ ਸਮਰੱਥਾ ਅਤੇ ਸਤ੍ਹਾ ਸਿੰਚਾਈ ਦੀ ਸਮਰੱਥਾ ਬਿਹਤਰ ਕਰਕੇ ਨਦੀ ਦਾ ਢੁਕਵਾਂ ਪ੍ਰਵਾਹ ਨਿਸ਼ਚਤ ਕੀਤਾ ਜਾਏਗਾ।

ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਗੰਗਾ ਨਦੀ ਦੀ ਸਫ਼ਾਈ ਇਸ ਦੇ ਸਮਾਜਕ-ਆਰਥਿਕ ਅਤੇ ਸੱਭਿਆਚਾਰਕ ਮਹੱਤਵ ਅਤੇ ਵਿਭਿੰਨ ਉਪਯੋਗਾਂ ਲਈ ਇਸ ਦੀ ਵਰਤੋਂ ਕਰਨ ਕਰਕੇ ਜਟਿਲ ਹੈ। ਵਿਸ਼ਵ ਵਿੱਚ ਕਦੇ ਵੀ ਕਿਸੇ ਤਰ੍ਹਾਂ ਦਾ ਜਟਿਲ ਪ੍ਰੋਗਰਾਮ ਲਾਗੂ ਨਹੀਂ ਕੀਤਾ ਗਿਆ ਹੈ ਅਤੇ ਇਸ ਲਈ ਦੇਸ਼ ਦੇ ਸਾਰੇ ਖੇਤਰਾਂ ਅਤੇ ਹਰੇਕ ਨਾਗਰਿਕ ਦੀ ਸ਼ਮੂਲੀਅਤ ਜ਼ਰੂਰੀ ਹੈ। ਵਿਭਿੰਨ ਤਰੀਕੇ ਹਨ ਜਿਸਦੇ ਜ਼ਰੀਏ ਅਸੀਂ ਸਾਰੇ ਗੰਗਾ ਨਦੀ ਦੀ ਸਫ਼ਾਈ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਾਂ।

• ਰਾਸ਼ੀ ਦਾ ਯੋਗਦਾਨ: ਵਿਸ਼ਾਲ ਜਨਸੰਖਿਆ ਅਤੇ ਇੰਨੀ ਵੱਡੀ ਅਤੇ ਲੰਬੀ ਨਦੀ ਗੰਗਾ ਦੀ ਗੁਣਵੱਤਾ ਨੂੰ ਬਹਾਲ ਕਰਨ ਲਈ ਭਾਰੀ ਨਿਵੇਸ਼ ਦੀ ਜ਼ਰੂਰਤ ਹੈ। ਸਰਕਾਰ ਨੇ ਪਹਿਲਾਂ ਹੀ ਬਜਟ ਨੂੰ ਚਾਰ ਗੁਣਾ ਕਰ ਦਿੱਤਾ ਹੈ ਪਰ ਅਜੇ ਵੀ ਜ਼ਰੂਰਤਾਂ ਦੇ ਹਿਸਾਬ ਨਾਲ ਇਹ ਕਾਫ਼ੀ ਨਹੀਂ ਹੋਏਗਾ। ਸਵੱਛ-ਗੰਗਾ ਫੰਡ ਬਣਾਇਆ ਗਿਆ ਹੈ ਜਿਸ ਵਿੱਚ ਤੁਸੀਂ ਸਾਰੇ ਗੰਗਾ ਨਦੀ ਨੂੰ ਸਾਫ਼ ਕਰਨ ਲਈ ਰਾਸ਼ੀ ਦਾ ਯੋਗਦਾਨ ਪਾ ਸਕਦੇ ਹੋ।

• ਘਟਾਉਣਾ (Reduce), ਮੁੜ ਵਰਤੋਂ (Reuse) ਅਤੇ ਸੁਧਾਰ (Recovery): ਸਾਡੇ ਵਿੱਚੋਂ ਜ਼ਿਆਦਾਤਰ ਨੂੰ ਇਹ ਪਤਾ ਨਹੀਂ ਹੈ ਕਿ ਸਾਡੇ ਵੱਲੋਂ ਵਰਤਿਆ ਗਿਆ ਪਾਣੀ ਅਤੇ ਸਾਡੇ ਘਰਾਂ ਦੀ ਗੰਦਗੀ ਅੰਤ ਵਿੱਚ ਨਦੀਆਂ ਵਿੱਚ ਹੀ ਜਾਂਦੀ ਹੈ, ਜੇਕਰ ਇਸਦਾ ਸਹੀ ਨਿਪਟਾਰਾ ਨਾ ਕੀਤਾ ਗਿਆ ਹੋਵੇ। ਸਰਕਾਰ ਪਹਿਲਾਂ ਤੋਂ ਹੀ ਨਾਲੀਆਂ ਨਾਲ ਸਬੰਧਤ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ ਪਰ ਨਾਗਰਿਕ ਕੂੜੇ ਅਤੇ ਪਾਣੀ ਦੀ ਵਰਤੋਂ ਨੂੰ ਘੱਟ ਕਰ ਸਕਦੇ ਹਨ। ਉਪਯੋਗ ਕੀਤੇ ਗਏ ਪਾਣੀ, ਜੈਵਿਕ ਕਚਰੇ ਤੇ ਪਲਾਸਟਿਕ ਦੀ ਮੁੜ ਵਰਤੋਂ ਨਾਲ ਇਸ ਪ੍ਰੋਗਰਾਮ ਨੂੰ ਕਾਫ਼ੀ ਲਾਭ ਮਿਲ ਸਕਦਾ ਹੈ।

ਆਓ, ਆਪਾਂ ਸਾਰੇ ਆਪਣੀ ਸੱਭਿਅਤਾ, ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀ ਪ੍ਰਤੀਕ ਸਾਡੀ ਰਾਸ਼ਟਰੀ ਨਦੀ ਗੰਗਾ ਨੂੰ ਸੁਰੱਖਿਅਤ ਕਰਨ ਲਈ ਇਕੱਠੇ ਅੱਗੇ ਆਈਏ!

ਲੋਡਿੰਗ... Loading