25 ਜੂਨ 1931 ਨੂੰ ਇਲਾਹਾਬਾਦ ਵਿੱਚ ਪੈਦਾ ਹੋਏ ਸ਼੍ਰੀ ਵੀ ਪੀ ਸਿੰਘ ਰਾਜਾ ਬਹਾਦਰ ਰਾਮ ਗੋਪਾਲ ਸਿੰਘ ਦੇ ਸਪੁੱਤਰ ਹਨ। ਉਨ੍ਹਾਂ ਇਲਾਹਾਬਾਦ ਅਤੇ ਪੂਨਾ ਯੂਨੀਵਰਸਿਟੀਆਂ ਤੋਂ ਸਿੱਖਿਆ ਹਾਸਲ ਕੀਤੀ। ਉਨ੍ਹਾਂ ਨੇ 25 ਜੂਨ 1955 ਨੂੰ ਸ਼੍ਰੀਮਤੀ ਸੀਤਾ ਕੁਮਾਰੀ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਸਪੁੱਤਰ ਹਨ।
ਇੱਕ ਵਿਦਵਾਨ ਅਤੇ ਗਿਆਨਵਾਨ ਵਿਅਕਤੀ ਹੋਣ ਦੇ ਨਾਤੇ ਉਹ ਇਲਾਹਾਬਾਦ ਵਿੱਚ ਗੋਪਾਲ ਵਿਦਿਆਲਾ, ਇੰਟਰਮੀਡੀਏਟ ਕਾਲਜ ਕੋਰਾਓਂ ਦੇ ਬਾਨੀ ਹਨ। ਸ਼੍ਰੀ ਸਿੰਘ 1947-48 ਵਿੱਚ ਬਨਾਰਸ ਵਿਖੇ ਸਥਿਤ ਉਦੇ ਪ੍ਰਤਾਪ ਕਾਲਜ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਅਤੇ ਇਲਾਹਾਬਾਦ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਉਪ ਪ੍ਰਧਾਨ ਰਹੇ। ਉਨ੍ਹਾਂ 1957 ਵਿੱਚ ਭੂ-ਦਾਨ ਅੰਦਲੋਨ ਵਿੱਚ ਸਰਗਰਮ ਹਿੱਸਾ ਲਿਆ ਅਤੇ ਇਲਾਹਾਬਾਦ ਜਿਲ੍ਹੇ ਦੇ ਪਾਸਨਾ ਪਿੰਡ ਵਿੱਚ ਆਪਣਾ ਇੱਕ ਚੰਗੀ ਤਰ੍ਹਾਂ ਨਾਲ ਸਥਾਪਤ ਕੀਤਾ ਗਿਆ ਫਾਰਮ ਦਾਨ ਵਿੱਚ ਦੇ ਦਿੱਤਾ।
ਸ਼੍ਰੀ ਸਿੰਘ ਆੱਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਰਹੇ। 1969-71 ਤੱਕ ਉਹ ਇਲਾਹਾਬਾਦ ਯੂਨੀਵਰਸਿਟੀ ਦੀ ਕਾਰਜਕਾਰਨੀ ਅਤੇ ਇਸੇ ਹੀ ਸਮੇਂ ਦੌਰਾਨ 1969 ਤੋਂ 1971 ਤੱਕ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਰਹੇ।1970-71 ਵਿੱਚ ਉਹ ਕਾਂਗਰਸ ਵਿਧਾਇੱਕ ਪਾਰਟੀ ਦੇ ਵ੍ਹਿਪ ਰਹੇ। 1971 ਤੋਂ 1974 ਤੱਕ ਉਹ ਲੋਕ ਸਭਾ ਦੇ ਮੈਂਬਰ ਰਹੇ ਅਤੇ ਅਕਤੂਬਰ 1974 ਤੋਂ ਨਵੰਬਰ 1976 ਤੱਕ ਸ਼੍ਰੀ ਸਿੰਘ ਕੇਂਦਰ ਵਿੱਚ ਵਣਜ ਮੰਤਰਾਲਾ ਵਿੱਚ ਉਪ ਕੇਂਦਰੀ ਮੰਤਰੀ ਰਹੇ। ਨਵੰਬਰ 1976 ਤੋਂ ਮਾਰਚ 1977 ਤੱਕ ਉਹ ਵਣਜ ਮੰਤਰਾਲਾ ਵਿੱਚ ਰਾਜ ਮੰਤਰੀ ਰਹੇ। 3 ਜਨਵਰੀ ਤੋਂ 26 ਜੁਲਾਈ 1980 ਤੱਕ ਉਹ ਲੋਕ ਸਭਾ ਦੇ ਮੈਂਬਰ ਰਹੇ। 9 ਜੂਨ 1980 ਤੋਂ 28 ਜੂਨ 1982 ਤੱਕ ਸ਼੍ਰੀ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। 21 ਨਵੰਬਰ 1980 ਤੋਂ 14 ਜੂਨ 1981 ਤੱਕ ਉਹ ਉੱਤਰ ਪ੍ਰਦੇਸ਼ ਦੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ। ਸ਼੍ਰੀ ਸਿੰਘ 15 ਜੂਨ 1981 ਤੋਂ 16 ਜੁਲਾਈ 1983 ਤੱਕ ਉੱਤਰ ਪ੍ਰਦੇਸ਼ ਵਿਧਾਨਸਭਾ ਦੇ ਮੈਂਬਰ ਰਹੇ।
29 ਜਨਵਰੀ 1983 ਨੂੰ ਕੇਂਦਰੀ ਵਣਜ ਮੰਤਰੀ ਦੇ ਕਾਰਜਭਾਰ ਦੇ ਨਾਲ ਹੀ ਉਨ੍ਹਾਂ ਨੂੰ 15 ਫਰਵਰੀ 1983 ਨੂੰ ਸਪਲਾਈ ਮਹਿਕਮੇ ਦਾ ਵਾਧੂ ਕਾਰਜਭਾਰ ਦਿੱਤਾ ਗਿਆ। ਉਹ 16 ਜੁਲਾਈ 1983 ਵਿੱਚ ਰਾਜਸਭਾ ਦੇ ਮੈਂਬਰ ਰਹੇ। 1 ਸਤੰਬਰ 1984 ਨੂੰ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ 31 ਦਸੰਬਰ 1984 ਨੂੰ ਉਹ ਕੇਂਦਰ ਵਿੱਚ ਵਿੱਤ ਮੰਤਰੀ ਬਣੇ।