ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਵਿੱਚ ਵਾਰਾਣਸੀ ਤੋਂ ਸੱਤ ਮੀਲ ਦੂਰ ਇੱਕ ਛੋਟੇ ਜਿਹੇ ਰੇਲਵੇ ਕਸਬੇ ਮੁਗਲ ਸਰਾਏ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਸਕੂਲ ਅਧਿਆਪਕ ਸਨ, ਜਿਨ੍ਹਾਂ ਦੀ ਮੌਤ ਉਦੋਂ ਹੋ ਗਈ ਜਦੋਂ ਲਾਲ ਬਹਾਦਰ ਸ਼ਾਸਤਰੀ ਸਿਰਫ਼ ਡੇਢ ਸਾਲ ਦੀ ਉਮਰ ਦੇ ਸਨ। ਉਨ੍ਹਾਂ ਦੀ ਮਾਂ, ਜੋ ਕਿ ਅਜੇ ਉਮਰ ਦੇ 20ਵਿਆਂ ‘ਚ ਸਨ, ਆਪਣੇ ਤਿੰਨਾਂ ਬੱਚਿਆਂ ਨੂੰ ਲੈ ਕੇ ਆਪਣੇ ਪਿਤਾ ਦੇ ਘਰ ਚਲੇ ਗਏ ਅਤੇ ਉੱਥੇ ਹੀ ਰਹਿਣ ਲੱਗੇ।
ਲਾਲ ਬਹਾਦਰ ਸ਼ਾਸਤਰੀ ਨੇ ਛੋਟੇ ਕਸਬੇ ‘ਚ ਕੋਈ ਖ਼ਾਸ ਪੜ੍ਹਾਈ ਨਹੀਂ ਕੀਤੀ, ਪਰ ਗ਼ਰੀਬੀ ਦੇ ਬਾਵਜੂਦ ਉਨ੍ਹਾਂ ਦਾ ਬਚਪਨ ਖੁਸ਼ੀਆਂ ਭਰਿਆ ਰਿਹਾ।
ਉਨ੍ਹਾਂ ਨੂੰ ਵਾਰਾਣਸੀ ਵਿੱਚ ਇੱਕ ਰਿਸ਼ਤੇਦਾਰ ਕੋਲ ਭੇਜ ਦਿੱਤਾ ਗਿਆ ਤਾਂ ਜੋ ਉਹ ਹਾਈ ਸਕੂਲ ਜਾ ਸਕਣ। ਨੰਨ੍ਹੇ, ਜਿਵੇਂ ਕਿ ਉਨ੍ਹਾਂ ਨੂੰ ਘਰ ਵਿੱਚ ਬੁਲਾਇਆ ਜਾਂਦਾ ਸੀ, ਹਰ ਰੋਜ਼ ਬਿਨਾ ਜੁੱਤੀ ਤੋਂ ਸਕੂਲ ਜਾਂਦਾ ਸੀ ਭਾਵੇਂ ਕਿ ਉਸ ਸਮੇਂ ਗਲੀਆਂ ਗਰਮੀ ਨਾਲ ਸੜ ਰਹੀਆਂ ਹੁੰਦੀਆਂ ਸਨ।
ਜਿਉਂ-ਜਿਉਂ ਲਾਲ ਬਹਾਦਰ ਸ਼ਾਸਤਰੀ ਵੱਡੇ ਹੁੰਦੇ ਗਏ, ਉਨ੍ਹਾਂ ਦੀ ਦਿਲਚਸਪੀ ਦੇਸ਼ ਨੂੰ ਅੰਗਰੇਜ਼ਾਂ ਦੇ ਸ਼ਿਕੰਜੇ ‘ਚੋਂ ਅਜ਼ਾਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵੱਲ ਵਧਦੀ ਗਈ। ਉਹ ਮਹਾਤਮਾ ਗਾਂਧੀ ਵਲੋਂ ਭਾਰਤੀ ਰਾਜਕੁਮਾਰਾਂ, ਜਿਨ੍ਹਾਂ ਨੇ ਭਾਰਤ ‘ਚ ਅੰਗਰੇਜ਼ੀ ਰਾਜ ਦੀ ਹਮਾਇਤ ਕੀਤੀ ਸੀ, ਦੀ ਕੀਤੀ ਨਿਖੇਧੀ ਤੋਂ ਬਹੁਤ ਪ੍ਰਭਾਵਿਤ ਹੋਏ। ਲਾਲ ਬਹਾਦਰ ਸ਼ਾਸਤਰੀ ਉਦੋਂ ਸਿਰਫ਼ 11 ਸਾਲ ਦੇ ਸਨ, ਪਰ ਉਹ ਪ੍ਰਕਿਰਿਆ, ਜਿਸ ਨਾਲ ਉਹ ਰਾਸ਼ਟਰੀ ਪੱਧਰ ‘ਤੇ ਅੱਗੇ ਆ ਸਕਦੇ ਸਨ, ਉਨ੍ਹਾਂ ਦੇ ਦਿਮਾਗ਼ ‘ਚ ਜਨਮ ਲੈ ਚੁੱਕੀ ਸੀ।
ਲਾਲ ਬਹਾਦਰ ਸ਼ਾਸਤਰੀ ਉਦੋਂ 16 ਸਾਲ ਦੇ ਸਨ ਜਦੋਂ ਗਾਂਧੀ ਜੀ ਨੇ ਆਪਣੇ ਦੇਸ਼ ਵਾਸੀਆਂ ਨੂੰ ਨਾਮਿਲਵਰਤਨ ਲਹਿਰ ‘ਚ ਸ਼ਾਮਿਲ ਹੋਣ ਲਈ ਕਿਹਾ। ਮਹਾਤਮਾ ਗਾਂਧੀ ਦੇ ਸੱਦੇ ਦੇ ਜਵਾਬ ‘ਚ ਉਨ੍ਹਾਂ ਨੇ ਇੱਕਦਮ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ। ਇਸ ਫੈਸਲੇ ਨਾਲ ਉਨ੍ਹਾਂ ਦੀ ਮਾਂ ਦੀਆਂ ਆਸਾਂ ਟੁੱਟ ਗਈਆਂ। ਪਰਿਵਾਰ ਉਨ੍ਹਾਂ ਨੂੰ ਇਸ ਰਾਹ ‘ਤੇ ਚੱਲਣ ਤੋਂ ਰੋਕਣ ‘ਚ ਕਾਮਯਾਬ ਨਹੀਂ ਹੋ ਸਕਿਆ। ਪਰ ਲਾਲ ਬਹਾਦਰ ਸ਼ਾਸਤਰੀ ਨੇ ਆਪਣਾ ਮਨ ਬਣਾ ਲਿਆ ਸੀ। ਉਨ੍ਹਾਂ ਦੇ ਨੇੜੇ ਦੇ ਲੋਕ ਜਾਣਦੇ ਸਨ ਕਿ ਜਦੋਂ ਉਹ ਆਪਣਾ ਮਨ ਬਣਾ ਲੈਂਦੇ ਸਨ ਤਾਂ ਇਸ ਨੂੰ ਬਦਲਦੇ ਨਹੀਂ ਸੀ ਕਿਉਂਕਿ ਉਹ ਭਾਵੇਂ ਬਾਹਰੋਂ ਨਾਜ਼ੁਕ ਮਿਜ਼ਾਜ਼ ਲਗਦੇ ਸਨ ਪਰ ਅੰਦਰੋਂ ਪੱਥਰ ਵਾਂਗ ਸਖ਼ਤ ਸਨ।
ਲਾਲ ਬਹਾਦੁਰ ਸ਼ਾਸਤਰੀ ਵਾਰਾਣਸੀ ਵਿਚ ਕਾਸ਼ੀ ਵਿੱਦਿਆ-ਪੀਠ, ਜੋ ਕਿ ਬ੍ਰਿਟਿਸ਼ ਰਾਜ ਦੇ ਵਿਰੁੱਧ ਬਣੇ ਕਈ ਰਾਸ਼ਟਰੀ ਸੰਸਥਾ ਨਾਂਅ ‘ਚੋਂ ਇੱਕ ਸੀ, ਵਿਚ ਸ਼ਾਮਿਲ ਹੋ ਗਏ। ਇਥੇ ਉਹ ਦੇਸ਼ ਦੇ ਮਹਾਨ ਬੁੱਧੀਜੀਵੀਆਂ ਅਤੇ ਰਾਸ਼ਟਰੀ ਆਗੂਆਂ ਦੇ ਪ੍ਰਭਾਵ ਹੇਠ ਆ ਗਏ। ਵਿਦਿਆ ਪੀਠ ਵਲੋਂ ਉਨ੍ਹਾਂ ਨੂੰ ‘ਸ਼ਾਸਤਰੀ ਦੀ ਬੈਚਲਰ’ ਡਿਗਰੀ ਦਿੱਤੀ ਗਈ ਸੀ ਜੋ ਕਿ ਲੋਕਾਂ ਦੇ ਮਨਾਂ ‘ਚ ਉਨ੍ਹਾਂ ਦੇ ਨਾਂਅ ਵਜੋਂ ਵਸ ਗਈ।
1927 ‘ਚ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦੇ ਪਤਨੀ ਲਲਿਤਾ ਦੇਵੀ ਉਨ੍ਹਾਂ ਨੇ ਕਸਬੇ ਦੇ ਨੇੜੇ ਮਿਰਜ਼ਾਪੁਰ ਤੋਂ ਸੀ। ਉਨ੍ਹਾਂ ਦਾ ਵਿਆਹ ਇਹ ਗੱਲ ਨੂੰ ਛੱਡ ਕੇ ਰਵਾਇਤੀ ਸੀ। ਉਹ ਗੱਲ ਸੀ ਉਨ੍ਹਾਂ ਨੂੰ ਚਰਖੇ ਅਤੇ ਕੁਝ ਘਰ ਦੇ ਬਣੇ ਕੱਪੜੇ ਦਾ ਦਾਜ ਵਜੋਂ ਮਿਲਣਾ। ਵਿਆਹ ਵਾਲੇ ਮੁੰਡੇ ਨੇ ਹੋਰ ਕੁਝ ਵੀ ਦਾਜ ਵਜੋਂ ਨਹੀਂ ਲਿਆ।
1930 ਵਿਚ ਮਹਾਤਮਾ ਗਾਂਧੀ ਨੇ ਡਾਂਡੀ ਦੇ ਸਮੁੰਦਰੀ ਕਿਨਾਰੇ ਤੱਕ ਮਾਰਚ ਕੀਤਾ ਅਤੇ ਬਸਤੀਵਾਦੀ ਨਕਮ ਕਾਨੂੰਨ ਨੂੰ ਤੋੜਿਆ। ਇਸ ਪ੍ਰਤੀਕਾਤਮਕ ਮੁਹਿੰਮ ਨੇ ਸਾਰੇ ਦੇਸ਼ ‘ਚ ਅੱਗ ਲਗਾ ਦਿੱਤੀ। ਲਾਲ ਬਹਾਦਰ ਸ਼ਾਸਤਰੀ ਨੇ ਆਪਣੇ ਆਪ ਨੂੰ ਪੂਰੀ ਤਾਕਤ ਨਾਲ ਅਜ਼ਾਦੀ ਸੰਘਰਸ਼ ‘ਚ ਝੋਕ ਦਿੱਤਾ। ਉਨ੍ਹਾਂ ਨੇ ਕਈ ਅੱਖੜ ਮੁਹਿੰਮਾਂ ਦੀ ਅਗਵਾਈ ਕੀਤੀ ਹੈ ਅਤੇ ਕੁੱਲ ਸੱਤ ਸਾਲ ਬ੍ਰਿਟਿਸ਼ ਜੇਲ੍ਹਾਂ ‘ਚ ਬਿਤਾਏ। ਇਸ ਸੰਘਰਸ਼ ਦੀ ਅੱਗ ‘ਚ ਉਨ੍ਹਾਂ ਦਾ ਨਿਸ਼ਚਾ ਤਪ ਕੇ ਕੁੰਦਨ ਬਣ ਗਿਆ ਅਤੇ ਉਹ ਸਿਆਣੇ ਬਣ ਗਏ।
ਜਦੋਂ ਅਜ਼ਾਦੀ ਤੋਂ ਬਾਅਦ ਕਾਂਗਰਸ ਨੇ ਰਾਜ ਭਾਗ ਸੰਭਾਲਿਆ, ਉੱਦੋਂ ਤੱਕ ਕਮਜ਼ੋਰ ਅਤੇ ਦਿਖਾਵੇ ਤੋਂ ਦੂਰ ਰਹਿਣ ਵਾਲੇ ਲਾਲ ਬਹਾਦਰ ਸ਼ਾਸਤਰੀ ਦੀ ਕੀਮਤ ਪਤਾ ਲੱਗ ਚੁੱਕੀ ਸੀ। ਜਦੋਂ 1946 ‘ਚ ਕਾਂਗਰਸ ਸਰਕਾਰ ਬਣੀ, ਉਸ ਸਮੇਂ ਇਸ ਊਰਜਾ ਭਰਪੂਰ ਸ਼ਖ਼ਸ ਨੂੰ ਦੇਸ਼ ਦੇ ਪ੍ਰਸ਼ਾਸਨ ‘ਚ ਪ੍ਰਭਾਵੀ ਹਿੱਸਾ ਪਾਉਣ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਨੂੰ ਉਨ੍ਹਾਂ ਦੇ ਸੂਬੇ ਉੱਤਰ ਪ੍ਰਦੇਸ਼ ‘ਚ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਉਹ ਜਲਦੀ ਹੀ ਗ੍ਰਹਿ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ। ਉੱਤਰ ਪ੍ਰਦੇਸ਼ ‘ਚ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਯੋਗਤਾ ਦੀਆਂ ਗੱਲਾਂ ਘਰ ਘਰ ਹੋਣ ਲੱਗੀਆਂ।
1951 ‘ਚ ਉਹ ਦਿੱਲੀ ਆ ਗਏ ਅਤੇ ਉਨ੍ਹਾਂ ਨੇ ਕੇਂਦਰੀ ਕੈਬਨਿਟ ‘ਚ ਕਈ ਅਹੁਦਿਆਂ ‘ਤੇ ਕੰਮ ਕੀਤਾ ਜਿਨ੍ਹਾਂ ‘ਚ ਰੇਲਵੇ ਮੰਤਰੀ, ਟਰਾਂਸਪੋਰਟ ਅਤੇ ਸੰਚਾਰ ਮੰਤਰੀ, ਕਾਮਰਸ ਅਤੇ ਉਦਯੋਗ ਮੰਤਰੀ, ਗ੍ਰਹਿ ਮੰਤਰੀ ਦੇ ਅਹੁਦੇ ਸ਼ਾਮਲ ਹਨ। ਉਹ ਨਹਿਰੂ ਦੇ ਬੀਮਾਰ ਹੋਣ ਸਮੇਂ ਬਿਨਾ ਪੋਰਟਫੋਲੀਓ ਤੋਂ ਮੰਤਰੀ ਰਹੇ। ਉਨ੍ਹਾਂ ਦਾ ਕੱਦ ਲਗਾਤਾਰ ਉੱਚਾ ਹੋ ਰਿਹਾ ਸੀ। ਉਨ੍ਹਾਂ ਨੇ ਰੇਲਵੇ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਇੱਕ ਰੇਲ ਹਾਦਸੇ ‘ਚ ਹੋਈਆਂ ਮੌਤਾਂ ਨੂੰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਸਨ। ਉਹਨਾ ਦੇ ਇਸ ਨਿਵੇਕਲੇ ਕਦਮ ਦੀ ਸੰਸਦ ਅਤੇ ਦੇਸ਼ਵਾਸੀਆਂ ਨੇ ਪ੍ਰਸੰਸ਼ਾ ਕੀਤੀ, ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਇਸ ਹਾਦਸੇ ਬਾਰੇ ਸੰਸਦ ‘ਚ ਬੋਲਦੇ ਹੋਏ ਲਾਲ ਬਹਾਦਰ ਸ਼ਾਸਤਰੀ ਦੀ ਇਮਾਨਦਾਰੀ ਅਤੇ ਉੱਚੇ ਆਦਰਸ਼ਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਅਸਤੀਫਾ ਇਸ ਲਈ ਪ੍ਰਵਾਨ ਕਰ ਰਹੇ ਹਨ ਕਿਉਂਕਿ ਇਸ ਨਾਲ ਸੰਵਿਧਾਨਕ ਜ਼ਿੰਮੇਵਾਰੀਆਂ ਸਬੰਧੀ ਉਦਾਹਰਨ ਪੇਸ਼ ਹੋਵੇਗੀ ਨਾ ਕਿ ਇਸ ਲਈ ਕਿ ਇਸ ਹਾਦਸੇ ਲਈ ਲਾਲ ਬਹਾਦਰ ਸ਼ਾਸਤਰੀ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਹਨ। ਰੇਲ ਹਾਦਸੇ ਬਾਰੇ ਲੰਮੀ ਬਹਿਸ ਦਾ ਜਵਾਬ ਦਿੰਦੇ ਹੋਏ ਸ਼ਾਸਤਰੀ ਜੀ ਨੇ ਕਿਹਾ, ‘ਮੇਰੇ ਛੋਟੇ ਕੱਦ ਅਤੇ ਮਿੱਠੀ ਜ਼ੁਬਾਨ ਕਾਰਨ ਲੋਕ ਸਮਝਦੇ ਹਨ ਕਿ ਮੇਰੇ ਵਿਚ ਸਖਤੀ ਕਰਨ ਦੀ ਯੋਗਤਾ ਨਹੀਂ ਹੈ। ਭਾਵੇਂ ਸਰੀਰਕ ਤੌਰ ‘ਤੇ ਮੈਂ ਜ਼ਿਆਦਾ ਤਕੜਾ ਨਹੀਂ ਹਾਂ ਪਰ ਮੈਂ ਸਮਝਦਾ ਹਾਂ ਕਿ ਅੰਦਰੂਨੀ ਤੌਰ ‘ਤੇ ਮੈਂ ਇੰਨਾ ਕਮਜ਼ੋਰ ਵੀ ਨਹੀਂ ਹਾਂ।’
ਮੰਤਰਾਲਿਆਂ ਦੇ ਆਪਣੇ ਕੰਮ ਦੌਰਾਨ, ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਸੰਗਠਨ ਸਬੰਧੀ ਪ੍ਰਬੰਧਕੀ ਕੰਮਾਂ ‘ਚ ਵੀ ਆਪਣੀ ਯੋਗਤਾ ਦੀ ਵਰਤੋਂ ਕੀਤੀ। ਪਾਰਟੀ ਦੀ 1952, 1957 ਅਤੇ 1962 ਦੀਆਂ ਆਮ ਚੋਣਾਂ ‘ਚ ਵੱਡੀ ਜਿੱਤ ਉਨ੍ਹਾਂ ਦੀ ਮੂਲ ਕਾਰਨ ਪਛਾਨਣ ਅਤੇ ਪ੍ਰਬੰਧਕੀ ਯੋਗਤਾ ਦਾ ਨਤੀਜਾ ਹੀ ਸੀ।
ਲਾਲ ਬਹਾਦਰ ਸ਼ਾਸਤਰੀ ਦੀ ਸਫ਼ਲਤਾ ਪਿੱਛੇ ਉਨ੍ਹਾਂ ਦੀ 30 ਸਾਲ ਦੀ ਸਮਰਪਿਤ ਸੇਵਾ ਕੰਮ ਕਰਦੀ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦਾ ਕਿਰਦਾਰ ਇੱਕ ਇਮਾਨਦਾਰ ਅਤੇ ਯੋਗ ਵਿਅਕਤੀ ਦਾ ਸੀ। ਨਿਮਰ, ਸਹਿਣਸ਼ੀਲ, ਅੰਦਰੂਨੀ ਤੌਰ ‘ਤੇ ਤਕੜੇ ਅਤੇ ਦ੍ਰਿੜ ਵਿਅਕਤੀ ਹੋਣ ਤੋਂ ਇਲਾਵਾ ਉਹ ਅਜਿਹੇ ਵਿਅਕਤੀ ਸਨ ਜੋ ਲੋਕਾਂ ਦੀ ਭਾਸ਼ਾ ਸਮਝਦੇ ਸਨ। ਉਹ ਦੂਰ-ਅੰਦੇਸ਼ ਆਦਮੀ ਸਨ ਜਿਨ੍ਹਾਂ ਨੇ ਦੇਸ਼ ਨੂੰ ਤਰੱਕੀ ਦੇ ਰਾਹ ਤੋਰਿਆ। ਲਾਲ ਬਹਾਦਰ ਸ਼ਾਸਤਰੀ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਸਨ। ਇਸ ਪ੍ਰਭਾਵ ਅਧੀਨ ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, ‘ਸਖਤ ਮਿਹਨਤ ਪ੍ਰਾਰਥਨਾ ਦੇ ਬਰਾਬਰ ਹੈ।’ ਮਹਾਤਮਾ ਗਾਂਧੀ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ, ਉਹ ਭਾਰਤੀ ਸੱਭਿਆਚਾਰ ਦੇ ਸਭ ਤੋਂ ਵਧੀਆ ਨੁਮਾਇੰਦੇ ਸਨ।