40 ਵਰ੍ਹਿਆਂ ਦੀ ਉਮਰ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਵਾਲੇ ਸ਼੍ਰੀ ਰਾਜੀਵ ਗਾਂਧੀ ਸਭ ਤੋਂ ਘੱਟ ਉਮਰ ਵਾਲੇ ਪ੍ਰਧਾਨ ਮੰਤਰੀ ਸਨ। ਸ਼ਾਇਦ ਵਿਸ਼ਵ ਵਿੱਚ ਕਿਸੇ ਵੀ ਸਰਕਾਰ ਦੇ ਚੁਣੇ ਹੋਏ ਮੁਖੀਆਂ ਵਿੱਚੋਂ ਉਹ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦੀ ਮਾਤਾ ਸ਼੍ਰੀਮਤੀ ਇੰਦਰਾ ਗਾਂਧੀ 1966 ਵਿੱਚ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੀ ਸੀ ਤਾਂ ਉਹ ਉਸ ਵੇਲੇ ਉਨ੍ਹਾਂ ਦੀ ਉਮਰ ਰਾਜੀਵ ਗਾਂਧੀ ਨਾਲੋਂ 8 ਵਰ੍ਹੇ ਵੱਧ ਸੀ। ਸ਼੍ਰੀ ਰਾਜੀਵ ਗਾਂਧੀ ਦੇ ਨਾਨਾ ਪੰਡਿਤ ਜਵਾਹਰ ਲਾਲ ਨਹਿਰੂ ਨੇ 58 ਵਰ੍ਹਿਆਂ ਦੀ ਉਮਰ ਵਿੱਚ ਦੇਸ਼ ਦੀ ਵਾਗਡੋਰ ਸੰਭਾਲੀ ਸੀ ਅਤੇ ਅਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ 17 ਵਰ੍ਹਿਆਂ ਦੀ ਲੰਮੀ ਪਾਰੀ ਖੇਡੀ।
ਦੇਸ਼ ਵਿੱਚ ਦੋ ਪੀੜ੍ਹੀਆਂ ਦੀ ਸੋਚ ਦੇ ਬਦਲਾਅ ਦੇ ਚਲਦਿਆਂ ਸ਼੍ਰੀ ਗਾਂਧੀ ਨੂੰ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਫਤਵਾ ਹਾਸਲ ਹੋਇਆ। ਉਨ੍ਹਾਂ ਆਪਣੀ ਮਾਤਾ ਦੇ ਕਤਲ ਦਾ ਸੋਗ ਖਤਮ ਹੋਣ ਦੇ ਤੁਰੰਤ ਬਾਅਦ ਲੋਕ ਸਭਾ ਦੀਆਂ ਚੋਣਾਂ ਕਰਾਉਣ ਦੇ ਹੁਕਮ ਦਿੱਤੇ, ਜੋ ਕਿ ਭਾਰਤੀ ਸੰਸਦ ਦੇ ਸਦਨ ਲਈ ਸਿੱਧੀ ਚੋਣ ਸੀ। ਇਸ ਚੋਣ ਵਿੱਚ ਕਾਂਗਰਸ ਨੂੰ ਬਹੁਤ ਵੱਡੇ ਅਨੁਪਾਤ ਨਾਲ ਵੋਟਾਂ ਪਈਆਂ, ਜੋ ਇਸ ਤੋਂ ਪਹਿਲਾਂ ਹੋਈਆਂ ਸੱਤ ਚੋਣਾਂ ਤੋਂ ਬਹੁਤ ਜ਼ਿਆਦਾ ਸਨ। ਕਾਂਗਰਸ ਨੂੰ ਲੋਕ ਸਭਾ ਦੀਆਂ ਕੁਲ 508 ਸੀਟਾਂ ਵਿੱਚੋਂ 401 ਸੀਟਾਂ ਹਾਸਲ ਹੋਈਆਂ। ਸ਼੍ਰੀ ਗਾਂਧੀ ਨੇ ਆਪਣੀ ਪਾਰੀ ਦੀ ਸ਼ੁਰੂਆਤ 70 ਕਰੋੜ ਭਾਰਤੀ ਲੋਕਾਂ ਦੇ ਨੇਤਾ ਵਜੋਂ ਇੱਕ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ। ਦੇਸ਼ ਦੀ ਰਾਜਨੀਤੀ ਵਿੱਚ ਆਉਣ ਤੋਂ ਗੁਰੇਜ਼ ਕਰਨ ਵਾਲੇ ਸ਼੍ਰੀ ਗਾਂਧੀ ਲਈ ਇਹ ਚੋਣਾਂ ਵਿਸ਼ੇਸ਼ ਮਹੱਤਵ ਵਾਲੀਆਂ ਸਾਬਤ ਹੋਈਆਂ, ਕਿਉਂਕਿ ਉਹ ਰਾਜਨੀਤੀ ਵਿੱਚ ਪ੍ਰਵੇਸ਼ ਨਹੀਂ ਕਰਨਾ ਚਾਹੁੰਦੇ ਸਨ ਅਤੇ ਇਸ ਗੱਲ ਦੇ ਬਾਵਜੂਦ ਕਿ ਉਨ੍ਹਾਂ ਦਾ ਪਰਿਵਾਰ ਇੱਕ ਸਿਆਸੀ ਪਰਿਵਾਰ ਸੀ, ਜਿਸ ਨੇ ਭਾਰਤ ਦੀ ਚਾਰ ਪੀੜ੍ਹੀਆਂ ਤੱਕ, ਅਜ਼ਾਦੀ ਦੇ ਸੰਘਰਸ਼ ਦੌਰਾਨ ਅਤੇ ਉਸ ਤੋਂ ਬਾਅਦ ਵੀ ਸੇਵਾ ਕੀਤੀ ਸੀ।
ਸ਼੍ਰੀ ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਬੰਬਈ ਵਿੱਚ ਹੋਇਆ। ਜਦੋਂ ਭਾਰਤ ਸੁਤੰਤਰ ਹੋਇਆ ਅਤੇ ਉਨ੍ਹਾਂ ਦੇ ਨਾਨਾ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੀ ਉਮਰ ਸਿਰਫ਼ 3 ਵਰ੍ਹਿਆਂ ਦੀ ਸੀ। ਉਨ੍ਹਾਂ ਦੇ ਮਾਤਾ ਪਿਤਾ ਲਖਨਊ ਤੋਂ ਨਵੀਂ ਦਿੱਲੀ ਆ ਗਏ। ਉਨ੍ਹਾਂ ਦੇ ਪਿਤਾ ਫ਼ਿਰੋਜ਼ ਗਾਂਧੀ ਸਾਂਸਦ ਬਣੇ ਅਤੇ ਇੱਕ ਮਿਹਨਤੀ ਅਤੇ ਨਿਡਰ ਸਾਂਸਦ ਵਜੋਂ ਉਨ੍ਹਾਂ ਸ਼ੋਹਰਤ ਹਾਸਲ ਕੀਤੀ।
ਸ਼੍ਰੀ ਰਾਜੀਵ ਗਾਂਧੀ ਨੇ ਆਪਣਾ ਬਚਪਨ ਤੀਨਮੂਰਤੀ ਹਾਊਸ ਵਿੱਚ ਆਪਣੇ ਨਾਨਾ ਨਾਲ ਬਿਤਾਇਆ ਜਿੱਥੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਇੱਕ ਹੋਸਟੈਸ ਵਜੋਂ ਸੇਵਾ ਕੀਤੀ। ਉਹ ਆਪਣੀ ਪੜ੍ਹਾਈ ਲਈ ਥੋੜ੍ਹੇ ਸਮੇਂ ਵਿੱਚ ਦੇਹਰਾਦੂਨ ਦੇ ਵੈਲਹਾਮਪ੍ਰੈਪ ਵਿਖੇ ਸਥਿਤ ਸਕੂਲ ਵੀ ਗਏ, ਪਰ ਛੇਤੀ ਹੀ ਉਹ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸਥਿਤ ਰਿਹਾਇਸ਼ੀ ਦੂਨ ਸਕੂਲ ਵਿੱਚ ਚਲੇ ਗਏ। ਇਸ ਸਕੂਲ ਵਿੱਚ ਉਨ੍ਹਾਂ ਨੇ ਕਈ ਜੀਵਨ ਭਰ ਦੇ ਸਾਥੀ ਬਣਾਏ ਅਤੇ ਆਪਣੇ ਛੋਟੇ ਭਰਾ ਸੰਜੇ ਗਾਂਧੀ ਨਾਲ ਵੀ ਇਸੇ ਸਕੂਲ ਵਿੱਚ ਮਿਲੇ।
ਸਕੂਲ ਛੱਡਣ ਮਗਰੋਂ ਸ਼੍ਰੀ ਗਾਂਧੀ ਕੈਮਬ੍ਰਿਜ ਦੇ ਟ੍ਰਿਨਿਟੀ ਕਾਲਜ ਵਿੱਚ ਪੜ੍ਹਾਈ ਲਈ ਗਏ, ਪਰ ਛੇਤੀ ਹੀ ਲੰਡਨ ਦੇ ਇਮਪੀਰੀਅਲ ਕਾਲਜ ਵਿੱਚ ਚਲੇ ਗਏ। ਉਨ੍ਹਾਂ ਮਕੈਨੀਕਲ ਇੰਜੀਨੀਅਰਿੰਗ ਦਾ ਕੋਰਸ ਕੀਤਾ। ਉਨ੍ਹਾਂ ਕਦੇ ਵੀ ਰੱਟਾ ਲਗਾ ਕੇ ਇਮਤਿਹਾਨ ਦੇਣ ਵਿੱਚ ਰੁਚੀ ਨਹੀਂ ਵਿਖਾਈ ਜਿਵੇਂ ਕਿ ਉਨ੍ਹਾਂ ਬਾਅਦ ਵਿੱਚ ਇਹ ਗੱਲ ਸਵੀਕਾਰ ਕੀਤੀ।
ਇਹ ਗੱਲ ਸਪਸ਼ਟ ਸੀ ਕਿ ਉਨ੍ਹਾਂ ਦੀ ਰਾਜਨੀਤੀ ਨੂੰ ਆਪਣੀ ਜ਼ਿੰਦਗੀ ਦਾ ਭਵਿੱਖ ਬਣਾਉਣ ਵਿੱਚ ਕੋਈ ਰੁਚੀ ਨਹੀਂ ਸੀ। ਉਨ੍ਹਾਂ ਦੇ ਸਕੂਲ ਦੇ ਸਾਥੀਆਂ ਅਨੁਸਾਰ ਉਨ੍ਹਾਂ ਦੀਆਂ ਕਿਤਾਬਾਂ ਦੀਆਂ ਸ਼ੈਲਫ਼ਾਂ ਵਿਗਿਆਨ ਅਤੇ ਇੰਜੀਨੀਅਰਿੰਗ ਦੀਆਂ ਕਿਤਾਬਾਂ ਨਾਲ ਭਰੀਆਂ ਰਹਿੰਦੀਆਂ ਸਨ ਅਤੇ ਇਨ੍ਹਾਂ ਵਿੱਚ ਫਿਲਾਸਫ਼ੀ ਰਾਜਨੀਤੀ ਜਾਂ ਇਤਿਹਾਸ ਦੀਆਂ ਕੋਈ ਕਿਤਾਬਾਂ ਨਹੀਂ ਹੁੰਦੀਆਂ ਸਨ। ਸੰਗੀਤ ਕੁਝ ਹੱਦ ਤੱਕ ਉਨ੍ਹਾਂ ਦੀਆਂ ਦਿਲਚਸਪੀਆਂ ਵਿੱਚ ਕੁਝ ਥਾਂ ਰੱਖਦਾ ਸੀ। ਉਹ ਪੱਛਮੀ ਸੰਗੀਤ ਅਤੇ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਤੋਂ ਇਲਾਵਾ ਆਧੁਨਿਕ ਸੰਗੀਤ ਨੂੰ ਪਸੰਦ ਕਰਦੇ ਸਨ। ਉਨ੍ਹਾਂ ਦੀਆਂ ਹੋਰ ਰੁਚੀਆਂ ਵਿੱਚ ਫੋਟੋਗ੍ਰਾਫ਼ੀ ਅਤੇ ਗੈਰ ਪੇਸ਼ੇਵਰ ਰੇਡੀਓ ਸ਼ਾਮਲ ਸਨ।
ਸ਼੍ਰੀ ਰਾਜੀਵ ਗਾਂਧੀ ਦੀ ਸਭ ਤੋਂ ਵੱਡੀ ਚਾਹਤ ਫਲਾਇੰਗ ਸੀ। ਇਸ ਵਿੱਚ ਕੋਈ ਅਚਰਜ ਨਹੀਂ ਹੈ ਕਿ ਇੰਗਲੈਂਡ ਤੋਂ ਭਾਰਤ ਪਰਤਣ ਮਗਰੋਂ ਉਨ੍ਹਾਂ ਦਿੱਲੀ ਫਲਾਇੰਗ ਕਲੱਬ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਅਤੇ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਲੈਣ ਲਈ ਗਏ। ਉਹ ਛੇਤੀ ਹੀ ਇੰਡੀਅਨ ਏਅਰਲਾਈਨ ਵਿੱਚ ਇੱਕ ਪਾਇਲਟ ਬਣ ਗਏ, ਜੋ ਕਿ ਇੱਕ ਘਰੇਲੂ ਹਵਾਈ ਕੰਪਨੀ ਸੀ।
ਕੈਂਬ੍ਰਿਜ ਵਿੱਚ ਆਪਣੀ ਪੜ੍ਹਾਈ ਦੌਰਾਨ ਸ਼੍ਰੀ ਗਾਂਧੀ ਦੀ ਉੱਥੇ ਅੰਗਰੇਜ਼ੀ ਦੀ ਪੜ੍ਹਾਈ ਕਰ ਰਹੀ ਇਤਾਲਵੀ ਲੜਕੀ ਸੋਨੀਆ ਮਾਇਨੋ ਨਾਲ ਮੁਲਾਕਾਤ ਹੋਈ। ਇਨ੍ਹਾਂ ਦੋਹਾਂ ਨੇ 1968 ਵਿੱਚ ਨਵੀਂ ਦਿੱਲੀ ’ਚ ਵਿਆਹ ਕਰਵਾਇਆ। ਉਹ ਸ਼੍ਰੀਮਤੀ ਇੰਦਰਾ ਗਾਂਧੀ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ ਵਿੱਚ ਆਪਣੇ ਦੋ ਬੱਚਿਆਂ ਰਾਹੁਲ ਅਤੇ ਪ੍ਰਿਅੰਕਾ ਨਾਲ ਰਹੇ। ਇਨ੍ਹਾਂ ਦੋਹਾਂ ਦੀ ਜ਼ਿੰਦਗੀ ਆਲੇ-ਦੁਆਲੇ ਦੀਆਂ ਸਰਗਰਮ ਰਾਜਨੀਤਿਕ ਗਤੀਵਿਧੀਆਂ ਦੇ ਝਮੇਲਿਆਂ ਦੇ ਬਾਵਜੂਦ ਬਹੁਤ ਨਿਜੀ ਜ਼ਿੰਦਗੀ ਸੀ।
ਪਰ ਉਨ੍ਹਾਂ ਦੇ ਛੋਟੇ ਭਰਾ ਸੰਜੇ ਗਾਂਧੀ ਦੀ 1980 ਵਿੱਚ ਇੱਕ ਹਵਾਈ ਹਾਦਸੇ ਦੌਰਾਨ ਮੌਤ ਹੋਣ ਮਗਰੋ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ। ਸ਼੍ਰੀ ਰਾਜੀਵ ਗਾਂਧੀ ਤੇ ਰਾਜਨੀਤੀ ਵਿੱਚ ਆਉਣ ਅਤੇ ਆਪਣੀ ਮਾਤਾ ਦੀ ਸਹਾਇਤਾ ਕਰਨ ਲਈ ਦਬਾਅ ਵਧਣ ਲੱਗ ਪਿਆ, ਜੋ ਉਸ ਸਮੇਂ ਕਈ ਤਰ੍ਹਾਂ ਦੀਆਂ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ। ਇਨ੍ਹਾਂ ਦਬਾਵਾਂ ਦਾ ਵਿਰੋਧ ਕੀਤਾ, ਪਰ ਮਗਰੋਂ ਉਨ੍ਹਾਂ ਸਾਹਮਣੇ ਪੇਸ਼ ਕੀਤੇ ਗਏ ਤਰਕਾਂ ਸਾਹਮਣੇ ਉਹ ਝੁੱਕ ਗਏ। ਆਪਣੇ ਛੋਟੇ ਭਰਾ ਦੀ ਮੌਤ ਹੋਣ ਮਗਰੋਂ ਉਨ੍ਹਾਂ ਉੱਤਰ ਪ੍ਰਦੇਸ਼ ਦੇ ਅਮੇਠੀ ਸੰਸਦੀ ਹਲਕੇ ਤੋਂ ਲੋਕ ਸਭਾ ਦੀ ਜ਼ਿਮਣੀ ਚੋਣ ਲੜੀ ਅਤੇ ਜਿੱਤੀ।
ਨਵੰਬਰ 1982 ਵਿੱਚ ਜਦੋਂ ਭਾਰਤ ਨੇ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕੀਤੀ ਤਾਂ ਕਈ ਵਰ੍ਹੇ ਪਹਿਲਾਂ ਕੀਤੀ ਗਈ ਵਚਨਬੱਧਤਾ ਨੂੰ ਨਿਭਾਉਂਦਿਆਂ ਸਟੇਡੀਅਮਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਉਸਾਰੀ ਦਾ ਵਾਅਦਾ ਪੁਰਾ ਕੀਤਾ ਗਿਆ। ਸ਼੍ਰੀ ਗਾਂਧੀ ਨੂੰ ਸਟੇਡੀਅਮਾਂ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਏਸ਼ੀਆਈ ਖੇਡਾਂ ਬਿਨਾ ਕਿਸੇ ਅੜਚਨ ਜਾਂ ਖਾਮੀਆਂ ਦੇ ਨੇਪੜੇ ਚੜ ਸਕਣ। ਇਸ ਚੁਣੌਤੀ ਭਰੇ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੀ ਪੂਰੀ ਯੋਗਤਾ ਅਤੇ ਤਾਲਮੇਲ ਦਾ ਪ੍ਰਦਰਸ਼ਨ ਕੀਤਾ। ਇਸੇ ਹੀ ਸਮੇਂ ਵਿੱਚ ਉਨ੍ਹਾਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਪਾਰਟੀ ਦੇ ਸੰਗਠਨ ਨੂੰ ਪੂਰੀ ਤਨਦੇਹੀ ਅਤੇ ਯੋਗਤਾ ਨਾਲ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਦੀਆਂ ਇਹ ਸਾਰੀਆਂ ਵਿਸ਼ੇਸ਼ਤਾਵਾਂ ਉਨ੍ਹਾਂ ਦੇ ਆਉਣ ਵਾਲੇ ਅਗਲੇ ਸਮੇਂ ਦੌਰਾਨ ਇਮਤਿਹਾਨ ਅਤੇ ਕੋਸ਼ਿਸ਼ਾਂ ਲਈ ਵਧੇਰੇ ਸਹਾਇੱਕ ਸਾਬਤ ਹੋਈਆਂ।
ਉਨ੍ਹਾਂ ਦੀ ਮਾਤਾ ਸ਼੍ਰੀਮਤੀ ਇੰਦਰਾ ਗਾਂਧੀ ਦੇ 31 ਅਕਤੂਬਰ 1984 ਨੂੰ ਹੋਏ ਵਹਿਸ਼ਿਆਨਾ ਕਤਲ ਕਾਰਨ ਉਪਜੇ ਹਾਲਾਤ ਕਰਕੇ ਸੱਤਾ ਦੀ ਬੁਲੰਦੀ ਤੇ ਪਹੁੰਚਣਾ, ਉਹ ਵੀ ਪ੍ਰਧਾਨ ਮੰਤਰੀ ਅਤੇ ਕਾਂਗਰਸ ਪ੍ਰਧਾਨ ਦੇ ਦੋਹਾਂ ਅਹੁਦਿਆਂ ਨੂੰ ਸੰਭਾਲਦੇ ਹੋਇਆਂ, ਇੱਕ ਬਹੁਤ ਹੀ ਦੁੱਖਦਾਈ ਅਤੇ ਤਸੀਹੇ ਦੇਣ ਵਾਲੇ ਹਾਲਾਤ ਦੇ ਬਰਾਬਰ ਸੀ। ਪਰ ਉਨ੍ਹਾਂ ਨੇ ਇਸ ਔਖੀ ਘੜੀ ਨੂੰ ਆਪਣੇ ਨਿਜੀ ਦੁੱਖ ਵਜੋਂ ਝੇਲਿਆ ਅਤੇ ਦੇਸ਼ ਦੀ ਜ਼ਿੰਮੇਵਾਰੀ ਨੂੰ ਅਡੋਲ ਅਤੇ ਸ਼ਾਂਤ ਰਹਿ ਕੇ ਸੁਚੱਜੇ ਢੰਗ ਨਾਲ ਨਿਭਾਇਆ।
ਚੋਣ ਮੁਹਿੰਮ ਦੇ ਇੱਕ ਲੰਬੇ ਮਹੀਨੇ ਦੌਰਾਨ ਸ਼੍ਰੀ ਗਾਂਧੀ ਨੇ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਅਣੱਥਕ ਯਾਤਰਾ ਕੀਤੀ। ਜਿਸ ਦੌਰਾਨ ਉਨ੍ਹਾਂ ਧਰਤੀ ਦਾ ਤਕਰੀਬਨ ਡੇਢ ਹਿੱਸੇ ਫ਼ਾਸਲੇ ਦਾ ਸਫ਼ਰ ਕੀਤਾ। ਉਨ੍ਹਾਂ ਕਈ ਥਾਵਾਂ ’ਤੇ ਤਕਰੀਬਨ ਢਾਈ ਸੌ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨਾਲ ਆਹਮੋ-ਸਾਹਮਣੇ ਮੁਲਾਕਾਤ ਕੀਤੀ।
ਇੱਕ ਆਧੁਨਿਕ ਮਾਨਸਿਕਤਾ ਅਤੇ ਫ਼ੈਸਲਾਕੁੰਨ ਵਿਅਕਤੀ ਹੋਣ ਦੇ ਬਾਵਜੂਦ ਸ਼੍ਰੀ ਗਾਂਧੀ ਨੇ ਆਪਣੇ ਆਪ ਨੂੰ ਕਦੀ ਵੀ ਪ੍ਰਦਰਸ਼ਿਤ ਨਹੀਂ ਕੀਤਾ। ਉਹ ਆਪਣੇ ਦੇਸ਼ ਵਿੱਚ ਹੀ ਦੁਨੀਆ ਦੀ ਉੱਚ ਤਕਨਾਲੋਜੀ ਦੇ ਹਾਮੀ ਸਨ। ਜਿਵੇਂ ਕਿ ਉਨ੍ਹਾਂ ਵਾਰ ਵਾਰ ਦੋਹਰਾਇਆ ਹੈ ਕਿ ਉਨ੍ਹਾਂ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਭਾਰਤ ਦੀ ਏਕਤਾ ਨੂੰ ਸੁਰੱਖਿਅਤ ਰੱਖਣ ਤੋਂ ਇਲਾਵਾ ਦੇਸ਼ ਨੂੰ 21ਵੀਂ ਸਦੀ ਵਿੱਚ ਲਿਜਾਣ ਦਾ ਹੈ।