Search

ਪੀਐੱਮਇੰਡੀਆਪੀਐੱਮਇੰਡੀਆ

ਸ੍ਰੀ ਚੰਦਰ ਸ਼ੇਖਰ

November 10, 1990 - June 21, 1991 | Janata Dal (S)

ਸ੍ਰੀ ਚੰਦਰ ਸ਼ੇਖਰ


ਸ਼੍ਰੀ ਚੰਦਰ ਸ਼ੇਖਰ ਪਹਿਲੀ ਜੁਲਾਈ 1927 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਪਿੰਡ ਇਬਰਾਹਿਮ ਪੱਟੀ ਦੇ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ। ਉਹ 1977 ਤੋਂ 1988 ਤੱਕ ਜਨਤਾ ਪਾਰਟੀ ਦੇ ਪ੍ਰਧਾਨ ਰਹੇ। ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਦਾ ਝੁਕਾਅ ਰਾਜਨੀਤੀ ਵੱਲ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਕ੍ਰਾਂਤੀਕਾਰੀ ਰੁਝਾਨ ਵਾਲਾ ਆਦਰਸ਼ ਧਾਕੜ ਨੇਤਾ ਵਜੋਂ ਜਾਣਿਆ ਜਾਂਦਾ ਹੈ। 1950-51 ਵਿੱਚ ਇਲਾਹਾਬਾਦ  ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ  ਐੱਮ ਏ ਕਰਨ ਮਗਰੋਂ ਉਹ ਸੋਸ਼ਲਿਸਟ ਅੰਦਲੋਨ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਅਚਾਰਿਆ ਨਰੇਂਦਰ ਦੇਵ ਨਾਲ ਬਹੁਤ ਨੇੜਿਓਂ ਜੁੜਨ ਤੇ ਕੰਮ ਕਰਨ ਦਾ ਮੌਕਾ ਮਿਲਿਆ। ਉਹ ਬਲੀਆ ਜਿਲ੍ਹਾ ਪ੍ਰਜਾ ਸੋਸ਼ਲਿਸਟ ਪਾਰਟੀ ਦੇ ਸਕੱਤਰ ਚੁਣੇ ਗਏ ਅਤੇ ਇੱਕ ਵਰ੍ਹੇ ਦੇ ਅੰਦਰ ਅੰਦਰ ਹੀ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਸਟੇਟ ਪ੍ਰਜਾ ਸੋਸ਼ਲਿਸਟ ਪਾਰਟੀ ਦਾ ਸੰਯੁਕਤ ਸਕੱਤਰ ਚੁਣ ਲਿਆ ਗਿਆ। 1955-56 ਵਿੱਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਸਟੇਟ ਪ੍ਰਜਾ ਸੋਸ਼ਲਿਸਟ ਪਾਰਟੀ ਦੇ ਜਨਰਲ ਸਕੱਤਰ ਵਜੋਂ ਪਾਰਟੀ ਦੀ ਕਮਾਨ ਸੰਭਾਲੀ।

1962 ਵਿੱਚ ਉਹ ਉੱਤਰ ਪ੍ਰਦੇਸ਼ ਤੋਂ ਰਾਜਸਭਾ ਲਈ ਚੁਣੇ ਗਏ। ਜਨਵਰੀ 1965 ਨੂੰ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ। 1967 ਵਿੱਚ ਉਨ੍ਹਾਂ ਨੂੰ ਕਾਂਗਰਸ ਸੰਸਦੀ ਪਾਰਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ। ਸੰਸਦ ਦਾ ਇੱਕ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦਲਿਤ ਵਰਗ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਵਿੱਚ ਦਿਲਚਸਪੀ ਵਿਖਾਈ ਅਤੇ ਇੱਕ  ਤੇਜ਼ ਰਫ਼ਤਾਰ  ਸਮਾਜਕ ਬਦਲਾਅ ਲਿਆਉਣ ਲਈ ਨੀਤੀਆਂ ਘੜਨ ਦਾ ਮੁੱਦਾ ਉਠਾਇਆ। ਇਸੇ ਹੀ ਸੰਦਰਭ ਵਿੱਚ ਜਦੋਂ ਉਨ੍ਹਾਂ ਇਜਾਰੇਦਾਰੀ ਵਾਲੇ ਘਰਾਣਿਆਂ ਦੇ ਸਰਕਾਰੀ ਬੇਹਿਸਾਬ ਵਾਧੇ ’ਤੇ ਹਮਲੇ ਕਰਨੇ ਸ਼ੁਰੂ ਕੀਤੇ ਤਾਂ ਉਨ੍ਹਾਂ ਦਾ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਨਾਲ ਟਕਰਾਅ ਸ਼ੁਰੂ ਹੋ ਗਿਆ।

ਉਹ ਆਪਣੀ ਵਚਨਬੱਧਤਾ, ਦਲੇਰੀ ਅਤੇ ਇਮਾਨਦਾਰੀ ਕਾਰਨ ਯੰਗਟਰਕ ਵਜੋਂ ਇੱਕ  ਨੇਤਾ ਦੇ ਰੂਪ ਵਿੱਚ ਸਾਹਮਣੇ ਆਏ, ਜਿਸ ਨੇ ਸਵਾਰਥੀ ਤੱਤਾਂ ਵਿਰੁੱਧ ਲੜਾਈ ਸ਼ੁਰੂ ਕੀਤੀ। 1969 ਵਿੱਚ ਦਿੱਲੀ ਤੋਂ ਪ੍ਰਕਾਸ਼ਤ ਇੱਕ  ਹਫ਼ਤਾਵਾਰੀ ਮੈਗਜ਼ੀਨ ‘ਯੰਗ ਇੰਡੀਅਨ’ ਦੀ ਸਥਾਪਨਾ ਕੀਤੀ ਅਤੇ ਉਸ ਦਾ ਸੰਪਾਦਨ ਕੀਤਾ। ਇਸ ਮੈਗਜ਼ੀਨ ਦੇ ਸੰਪਾਦਕੀ ਉਸ ਵੇਲੇ ਆਮ ਤੌਰ ’ਤੇ ਕਈ ਥਾਵਾਂ ’ਤੇ ਕੋਟ ਕੀਤੇ ਜਾਂਦੇ ਸਨ। ਜੂਨ 1975 ਤੋਂ ਮਾਰਚ 1977 ਦੇ   ਐੱਮਰਜੈਂਸੀ ਸਮੇਂ ਦੌਰਾਨ ਯੰਗ ਇੰਡੀਅਨ ਨੂੰ ਬੰਦ ਕਰਨਾ ਪਿਆ। ਫਰਵਰੀ 1989 ਵਿੱਚ ਇਸ ਦਾ ਮੁੜ ਤੋਂ ਨਿਯਮਤ ਰੂਪ ਵਿੱਚ ਪ੍ਰਕਾਸ਼ਨ ਸ਼ੁਰੂ ਹੋ ਗਿਆ। ਸ਼੍ਰੀ ਚੰਦਰ ਸ਼ੇਖਰ ਇਸ ਦੇ ਸੰਪਾਦਕੀ ਸਲਾਹਕਾਰ ਬੋਰਡ ਦੇ ਚੇਅਰਮੈਨ ਰਹੇ।

ਸ਼੍ਰੀ ਚੰਦਰ ਸ਼ੇਖਰ ਨੇ ਹਮੇਸ਼ਾ ਹੀ ਸ਼ਖ਼ਸੀ ਅਤਿ ਰਾਜਨੀਤੀ ਦਾ ਵਿਰੋਧ ਕੀਤਾ ਅਤੇ ਆਦਰਸ਼ਵਾਦੀ ਤੇ  ਸਮਾਜਕ ਬਦਲਾਅ ਲਿਆਉਣ ਵਾਲੀ ਰਾਜਨੀਤੀ ਦਾ ਪੱਖ ਪੂਰਿਆ। ਉਨ੍ਹਾਂ ਦੇ ਇਸ ਰੁਝਾਨ ਨੇ ਉਨ੍ਹਾਂ ਨੂੰ ਉਸ ਵੇਲੇ ਦੇ ਸਭ ਤੋਂ ਵੱਡੇ ਸਮਾਜਵਾਦੀ ਨੇਤਾ ਸ਼੍ਰੀ ਜੈ ਪ੍ਰਕਾਸ਼ ਨਾਰਾਇਣ ਅਤੇ ਉਨ੍ਹਾਂ ਦੀ ਆਦਰਸ਼ਵਾਦੀ ਵਿਚਾਰਧਾਰਾ ਵੱਲ 1973 ਤੋਂ 1975 ਦੇ ਵਰ੍ਹਿਆਂ ਦੌਰਾਨ ਉਸ ਵੇਲੇ ਮੋੜਿਆ ਜਦੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਉੱਥਲ ਪੁੱਥਲ ਸੀ। ਉਹ ਛੇਤੀ ਹੀ ਕਾਂਗਰਸ ਪਾਰਟੀ ਵਿੱਚ ਹੀ ਇੱਕ  ਵਿਰੋਧੀ ਨੇਤਾ ਵਜੋਂ ਸਾਹਮਣੇ ਆ ਗਏ।

25 ਜੂਨ, 1975 ਨੂੰ ਜਦੋਂ ਦੇਸ਼ ਵਿੱਚ   ਐੱਮਰਜੈਂਸੀ ਦਾ ਐਲਾਨ ਕੀਤਾ ਗਿਆ ਤਾਂ ਉਨ੍ਹਾਂ ਨੂੰ ਅੰਦਰੂਨੀ ਸੁਰੱਖਿਆ ਐਕਟ ਦੀ ਬਹਾਲੀ ਅਧੀਨ ਇਸ ਗੱਲ ਦੇ ਬਾਵਜੂਦ ਗ੍ਰਿਫਤਾਰ ਕਰ ਲਿਆ ਗਿਆ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ  ਕੇਂਦਰੀ  ਚੋਣ ਕਮੇਟੀ ਅਤੇ ਵਰਕਿੰਗ ਕਮੇਟੀ ਦੇ ਇੱਕ  ਮੈਂਬਰ ਸਨ।

ਸ਼੍ਰੀ ਚੰਦਰ ਸ਼ੇਖਰ ਉਨ੍ਹਾਂ ਕੁਝ ਵਿਅਕਤੀਆਂ   ਵਿੱਚੋਂ ਨੇ ਜੋ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਵਿੱਚ ਸਨ ਅਤੇ ਜਿਸ ਨੇ ਐੱਮਰਜੈਂਸੀ ਦੌਰਾਨ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ।

ਸ਼੍ਰੀ ਚੰਦਰ ਸ਼ੇਖਰ ਨੇ ਸੱਤਾ ਦੀ ਰਾਜਨੀਤੀ ਨੂੰ ਹਮੇਸ਼ਾ ਹੀ ਨਕਾਰਿਆ ਹੈ ਤੇ ਵਚਨਬੱਧਤਾ ਤੋਂ ਲੋਕਤੰਤਰੀ ਕਦਰਾ ਕੀਮਤਾਂ ਤੇ  ਸਮਾਜਕ ਬਦਲਾਅ ਲਿਆਉਣ ਦੀ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ।

ਐੱਮਰਜੈਂਸੀ ਦੇ ਦਿਨਾਂ ਦੌਰਾਨ ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਉਨ੍ਹਾਂ ਹਿੰਦੀ ਵਿੱਚ ਆਪਣੀ ਇੱਕ  ਡਾਇਰੀ ਲਿਖੀ, ਜਿਸ ਨੂੰ ਬਾਅਦ ਵਿੱਚ ਮੇਰੀ ਜੇਲ੍ਹ ਡਾਇਰੀ ਦੇ ਸਿਰਲੇਖ ਹੇਠ ਛਾਪਿਆ ਗਿਆ। ਇਹ ਡਾਇਰੀ  ਸਮਾਜਕ ਬਦਲਾਅ ਲਿਆਉਣ ਲਈ ਪ੍ਰਭਾਵਸ਼ਾਲੀ ਲਿਖਤਾਂ ਦਾ ਇੱਕ  ਵਧੀਆ ਸੁਮੇਲ ਹੈ।

ਸ਼੍ਰੀ ਚੰਦਰ ਸ਼ੇਖਰ ਨੇ 6 ਜਨਵਰੀ 1983 ਤੋਂ 25 ਜੂਨ 1983 ਤੱਕ ਇੱਕ ਵੱਡੀ ਪਦ ਯਾਤਰਾ ਕੀਤੀ ਜੋ ਦੱਖਣੀ ਭਾਰਤ ਦੇ ਕੰਨਿਆ ਕੁਮਾਰੀ ਤੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਤੱਕ ਚੱਲੀ। ਇਸ ਯਾਤਰਾ ਦੌਰਾਨ ਉਨ੍ਹਾਂ ਤਕਰੀਬਨ 4260 ਕਿਲੋਮੀਟਰ ਫਾਸਲਾ ਤੈਅ ਕੀਤਾ। ਉਨ੍ਹਾਂ ਦਾ ਇਹ ਪਦ ਯਾਤਰਾ ਕਰਨ ਦਾ ਉਦੇਸ਼ ਆਮ ਲੋਕਾਂ ਨਾਲ ਆਪਣੇ ਸੰਬੰਧਾਂ ਨੂੰ ਨਵਿਆਉਣਾ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਸਮਝਣਾ ਸੀ। ਸ਼੍ਰੀ ਚੰਦਰ ਸ਼ੇਖਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਕਰੀਬਨ 15 ਭਾਰਤ ਯਾਤਰਾ ਕੇਂਦਰ ਸਥਾਪਤ ਕੀਤੇ।  ਜਿਨ੍ਹਾਂ ਵਿੱਚ ਕੇਰਲਾ, ਤਾਮਿਲਨਾਡੂ, ਕਰਨਾਟਕਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸ਼ਾਮਲ ਨੇ। ਇਨ੍ਹਾਂ ਕੇਂਦਰਾਂ ਦਾ ਉਦੇਸ਼ ਦੇਸ਼ ਦੇ ਪਿਛੜੇ ਇਲਾਕਿਆਂ ਵਿੱਚ ਹੇਠਲੇ ਪੱਧਰ ਤੇ ਲੋਕਾਂ ਨੂੰ ਸਿਖਿਅਤ ਕਰਨ ਲਈ  ਸਮਾਜਕ ਅਤੇ ਰਾਜਨੀਤਕ ਕਾਰਕੁੰਨਾਂ ਨੂੰ ਟ੍ਰੇਨਿੰਗ ਦੇਣੀ ਸੀ।

ਸ਼੍ਰੀ ਚੰਦਰ ਸ਼ੇਖਰ 1984 ਤੋਂ 1989 ਦੇ ਸਮੇਂ ਨੂੰ ਛੱਡ ਕੇ 1962 ਤੋਂ ਸੰਸਦ ਦੇ ਮੈਂਬਰ ਰਹੇ। 1989 ਵਿੱਚ ਉਨ੍ਹਾਂ ਆਪਣੇ ਗ੍ਰਹਿ ਸੰਸਦੀ ਹਲਕੇ ਬਲੀਆ ਅਤੇ ਇਸ ਦੇ ਨਾਲ ਲਗਦੇ ਬਿਹਾਰ ਸੂਬੇ ਵਿੱਚ ਪੈਂਦੇ ਮਹਾਰਾਜ ਗੰਜ ਸੰਸਦੀ ਹਲਕੇ ਤੋਂ ਕਾਮਯਾਬੀ ਨਾਲ ਚੋਣ ਲੜੀ। ਮਹਾਰਾਜ ਗੰਜ ਦੀ ਸੀਟ ਉਨ੍ਹਾਂ ਬਾਅਦ ਵਿੱਚ ਖਾਲੀ ਕਰ ਦਿੱਤੀ।

ਸ਼੍ਰੀ ਚੰਦਰ ਸ਼ੇਖਰ ਨੇ ਸ਼੍ਰੀਮਤੀ ਦੂਜਾ ਦੇਵੀ ਨਾਲ ਸ਼ਾਦੀ ਕੀਤੀ ਅਤੇ ਉਨ੍ਹਾਂ ਦੇ ਪੰਕਜ ਅਤੇ ਨੀਰਜ ਦੋ ਸਪੁੱਤਰ ਹਨ।